ਸੰਘਰਸ਼ ਦੀ ਕਿੱਸਾਗੋਈ ਜਾਂ ਜ਼ਖ਼ਮਾਂ ਅਤੇ ਜੁੜਾਵ ਦੀ ਦਾਸਤਾਂ -ਪ੍ਰੇਮ ਪ੍ਰਕਾਸ਼
Posted on:- 14-02-2016
ਅਨੁਵਾਦਕ: ਕਮਲਦੀਪ ਭੁੱਚੋ
ਯੂਨੀਵਰਸਿਟੀ ਅਨੁਦਾਨ ਕਮਿਸ਼ਨ (ਯੂ.ਜੀ.ਸੀ.) ਨੇ 7 ਅਕਤੂਬਰ 2015 ਦੀ ਆਪਣੀ ਇੱਕ ਬੈਠਕ ਵਿੱਚ ਨਾਨ - ਨੈੱਟ ਫ਼ੈਲੋਸ਼ਿਪ ਨੂੰ ਫੰਡ ਦੀ ਕਮੀ ਨੂੰ ਦਿਖਾਉਂਦੇ ਹੋਏ ਬੰਦ ਕਰਨ ਦਾ ਫੈਸਲਾ ਕੀਤਾ, ਜਿਸਦੀ ਜਾਣਕਾਰੀ ਸੋਸ਼ਲ ਮੀਡਿਆ ਦੁਆਰਾ 20 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ( ਜੇ.ਐਨ.ਯੂ ) ਦੇ ਕੁਝ ਵਿਦਿਆਰਥੀਆਂ ਨੂੰ ਚੱਲੀ ਅਤੇ ਇਸ ਨੂੰ ਲੈ ਕੇ ਉੱਥੇ ਇੱਕ ਬੈਠਕ ਕੀਤੀ ਗਈ ਅਤੇ ਅਗਲੇ ਦਿਨ ਯੂ.ਜੀ.ਸੀ ਦਫ਼ਤਰ ਦਾ ਘਿਰਾਉ ਕਰਨ ਦਾ ਫੈਸਲਾ ਲਿਆ ਗਿਆ। ਜਿੰਨੀ ਚੁੱਪ ਨਾਲ ਇਹ ਫੈਸਲਾ ਯੂ.ਜੀ.ਸੀ. ਦੁਆਰਾ ਲਿਆ ਗਿਆ ਉੰਨੇ ਹੀ ਮੋਨ ਤਰੀਕੇ ਨਾਲ ਇਹ ਵਿਦਿਆਰਥੀਆਂ ਤੱਕ ਪਹੁੰਚੀ। ਕਿਸ ਨੂੰ ਪਤਾ ਸੀ ਕਿ ਇਹ ਚੁੱਪ ਜਿਹੀ ਜਾਣਕਾਰੀ ਇੰਨੀ ਬੜਬੋਲੀ ਹੋਣ ਵਾਲੀ ਹੈ। 21 ਅਕਤੂਬਰ ਨੂੰ ਜੇ.ਐਨ.ਯੂ. ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਯੂ.ਜੀ.ਸੀ. ਦਫ਼ਤਰ ਪੁੱਜੇ ਅਤੇ ਨਾਲ ਹੀ ਇਸ ਖ਼ਬਰ ਦੇ ਫੈਲਦੇ ਹੀ ਦਿੱਲੀ ਦੇ ਜਾਮੀਆ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਵੀ ਵਿਦਿਆਰਥੀ ਇਕੱਠੇ ਹੋਣ ਲੱਗੇ। ਵਿਦਿਆਰਥੀਆਂ ਦੇ ਪ੍ਰਤੀਨਿਧਿਆਂ ਵੱਲੋਂ ਯੂ.ਜੀ.ਸੀ. ਨਾਲ ਦੋ ਵਾਰ ਗੱਲ ਹੋਈ ਪਰ ਗੱਲ ਬੇ-ਨਤੀਜਾ ਰਹੀ। ਵਿਦਿਆਰਥੀਆਂ ਨੇ ਇਹ ਸਾਮੂਹਿਕ ਰੂਪ ’ਚ ਤੈਅ ਕੀਤਾ ਕਿ ਉਹ ਉਦੋਂ ਤੱਕ ਇੱਥੇ ਰਹਿਣਗੇ ਜਦੋਂ ਤੱਕ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲ ਜਾਂਦਾ। ਲਗਭਗ 100 ਵਿਦਿਆਰਥੀ ਰਾਤ ਭਰ ਉੱਥੇ ਹੀ ਰਹੇ ਅਤੇ 22 ਅਕਤੂਬਰ ਦੀ ਸ਼ਾਮ ਤੱਕ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਮੋਦੀ ਦਾ ਪੁਤਲਾ ਸਾੜਿਆ ਗਿਆ।
ਇਹ ਵਿਜੈ ਦਸ਼ਮੀ (ਦਸ਼ਹਿਰੇ) ਦੀ ਸ਼ਾਮ ਸੀ। ਰਾਤ ਵਿੱਚ ਏ.ਬੀ.ਵੀ.ਪੀ. ਦੇ ਲੋਕ ਆਏ ਅਤੇ ਯੂ.ਜੀ.ਸੀ. ਗੇਟ ਦੇ ਬਾਹਰ ਅੰਦੋਲਨਕਾਰੀ ਵਿਦਿਆਰਥੀਆਂ ਦੇ ਨਾਲ ਗਾਲ੍ਹੀ - ਗਲੌਚ ਕਰਦੇ ਰਹੇ ਅਤੇ ਉਨ੍ਹਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਰ ਅੰਦੋਲਨਕਾਰੀ ਵਿਦਿਆਰਥੀਆਂ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ। 22 ਦੀ ਰਾਤ ਯੂ.ਜੀ.ਸੀ. ਬਿਲਡਿੰਗ ਦੇ ਅੰਦਰ ਕੁੱਲ 112 ਵਿਦਿਆਰਥੀ ਸਨ ਜਿਸ ਵਿੱਚ 30 ਵਿਦਿਆਰਥਣਾ ਵੀ ਅਗਲੀ ਸਵੇਰ ਦਾ ਇੰਤਜ਼ਾਰ ਕਰ ਰਹੀਆਂ ਸਨ ਕਿ ਸ਼ਾਇਦ ਕੱਲ ਯੂ.ਜੀ.ਸੀ. ਦਫ਼ਤਰ ਆਪਣੀ ਚੁੱਪੀ ਤੋੜੇ। ਪਰ ਜਦੋਂ ਰਾਤ ਵਿੱਚ ਸਿੱਖਿਆ ਦੇ ਮੈਨੇਜਰ ਆਪਣੀ ਡੂੰਘੀ ਨੀਂਦ ਸੋ ਰਿਹੇ ਸੀ ਅਤੇ ਵਿਦਿਆਰਥੀਆਂ ਦੀਆਂ ਅੱਖਾਂ ’ਚੋਂ ਨੀਂਦ ਗਾਇਬ ਸੀ ਤਾਂ ਰਾਤ ਦੇ ਹਨ੍ਹੇਰੇ ਵਿੱਚ ਸੱਤਾ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਯੋਜਨਾ ਬਣਾ ਰਹੀ ਸੀ।
23 ਅਕਤੂਬਰ ਦੀ ਸਵੇਰੇ 4.30 ਤੋਂ 5.00 ਵਜੇ ਦੇ ਵਿੱਚ ਜਦੋਂ ਦਿੱਲੀ ਹਾਲੇ ਊਂਘਣ ਅਤੇ ਜਾਗਣ ਦੇ ਵਿੱਚ ਹੁੰਦੀ ਹੈ ਲਗਭਗ 300 ਪੁਲਸਕਰਮੀਆਂ ਨੇ ਯੂ.ਜੀ.ਸੀ. ਭਵਨ ਨੂੰ ਘੇਰ ਲਿਆ। ਜਿਵੇਂ ਇੱਥੇ ਆਪਣੀ ਮੰਗਾਂ ਲਈ ਵਿਦਿਆਰਥੀ ਨਹੀਂ ਬੈਠੇ ਹੋਣ ਸਗੋਂ ਇਹ ਦੇਸ਼ਧ੍ਰੋਹੀਆਂ ਅਤੇ ਆਤੰਕੀਆਂ ਦਾ ਕੋਈ ਗਿਰੋਹ ਹੋਵੇ ਜਿਸਦੇ ਨਾਲ ਲੜਨ ਲਈ ਪੁਲਿਸ ਉੱਥੇ ਆਈ ਹੋਵੇ। ਉਂਝ ਵੀ ਜਿਵੇਂ-ਜਿਵੇਂ ਸਮੇਂ ਦਾ ਪਹੀਆ ਘੁੰਮ ਰਿਹਾ ਹੈ ਸੱਤਾ ਵਿੱਚ ਬੈਠੇ ਲੋਕਾਂ ਨੂੰ ਜਨਤਾ ਦੇਸ਼ਧ੍ਰੋਹੀ ਨਜ਼ਰ ਆ ਰਹੀ ਹੈ। ਦਰਅਸਲ ਦੇਸ਼ ਦੀਆਂ ਆਪਣੀਆਂ-ਆਪਣੀਆਂ ਪਰਿਭਾਸ਼ਾਵਾਂ ਹਨ ਅਤੇ ਜਨਤਾ ਦੀ ਪਰਿਭਾਸ਼ਾ ਸੱਤਾ ਦੀ ਪਰਿਭਾਸ਼ਾ ਦੀ ਸੀਮਾ ਦੀ ਉਲੰਘਣਾ ਕਰਦੀ ਹੈ। ਪੁਲਿਸ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਭਰਦੀ ਹੈ, ਉਨ੍ਹਾਂ ਨੂੰ ਬਿਨ੍ਹਾਂ ਕੁਝ ਦੱਸੇ ਦਿੱਲੀ ਦੇ ਉੱਤਰ ਵਾਲੇ ਪਾਸੇ ਲਿਜਾਣ ਲੱਗਦੀ ਹੈ । ਅਤੇ ਅੰਤ ਵਿੱਚ ਉਨ੍ਹਾਂ ਨੂੰ ਭਲਸਵਾ ਥਾਣੇ ਵਿੱਚ ਲਿਜਾਇਆ ਜਾਂਦਾ ਹੈ। ਜਿਵੇਂ ਹੀ ਆਪਣੇ ਸਾਥੀਆਂ ਦੀ ਗਿਰਫ਼ਤਾਰੀ ਦੀ ਗੱਲ ਦਿੱਲੀ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੁਣਦੇ ਹਨ ਉਹ ਆ ਕੇ ਯੂ.ਜੀ.ਸੀ. ਦਫ਼ਤਰ ਨੂੰ ਘੇਰਾ ਪਾ ਲੈਂਦੇ ਹਨ ਜਿੱਥੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਹੁੰਦਾ ਹੈ।
ਏ.ਬੀ.ਵੀ.ਪੀ. ਦੇ ਲੋਕਾਂ ਦੁਆਰਾ ਅੰਦੋਲਨ ਨੂੰ ਬਦਨਾਮ ਕਰਨ ਅਤੇ ਖ਼ਤਮ ਕਰਨ ਲਈ ਬੱਸ ਦੇ ਸ਼ੀਸ਼ੇ ਤੋੜੇ ਜਾਂਦੇ ਹਨ। ਉੱਧਰ ਭਲਸਵਾ ਥਾਣੇ ਵਿੱਚ ਆਪਣੇ ਸਾਥੀਆਂ ਉੱਤੇ ਹੋਏ ਪੁਲਿਸ ਹਮਲੇ ਦੇ ਖਿਲਾਫ਼ ਗਿਰਫਤਾਰ ਵਿਦਿਆਰਥੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖ ਨਾਲ ਲੜਨ ਲਈ ਭੁੱਖੇ ਰਹਿਕੇ ਅੰਦੋਲਨ। ਅਤੇ ਸ਼ਾਮ ਤੱਕ ਵਿਦਿਆਰਥੀਆਂ ਨੂੰ ਇਸ ਸ਼ਰਤ ‘ਤੇ ਛੱਡਿਆ ਜਾਂਦਾ ਹੈ ਕਿ ਉਹ ਯੂ.ਜੀ.ਸੀ. ਦਫ਼ਤਰ ਨਹੀਂ ਜਾਣਗੇ। ਸ਼ਾਮ ਸੱਤ ਵਜੇ ਵਿਦਿਆਰਥੀਆਂ ਨੂੰ ਜੇ.ਐਨ.ਯੂ. ਛੱਡਿਆ ਗਿਆ। ਪੁਲਿਸ ਬੱਸ ’ਚੋਂ ਨਿਕਲ ਕੇ ਵਿਦਿਆਰਥੀਆਂ ਨੇ ਮੈੱਸ ਵਿੱਚ ਪ੍ਰਚਾਰ ਸ਼ੁਰੂ ਕੀਤਾ। 26 ਅਕਤੂਬਰ ਨੂੰ ਦਿਨ ਵਿੱਚ ਵਿਦਿਆਰਥੀ ਇੱਕ ਵਾਰ ਫਿਰ ਯੂ.ਜੀ.ਸੀ. ਉੱਤੇ ਆ ਡਟੇ। ਇਸ ਦਿਨ ਲਗਭਗ 500 ਵਿਦਿਆਰਥੀ ਸਨ ਪਰ ਉਨ੍ਹਾਂ ਨੂੰ ਪੁਲਿਸ ਨੇ ਬੈਰੀਕੇਡ ਉੱਤੇ ਹੀ ਰੋਕ ਦਿੱਤਾ। ਇਸ ਵਿੱਚ ਯੂ.ਜੀ.ਸੀ. ਮੁੱਖੀ ਵੇਦ ਪ੍ਰਕਾਸ਼ ਨੇ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਮਾਮਲੇ ਤੋਂ ਪੱਲਾ ਛੁਡਵਾਉਣ ਦਾ ਕੋਸ਼ਿਸ਼ ਕੀਤੀ, ਇਹ ਕਿਹਾ ਕਿ ਇਸ ਵਿੱਚ ਯੂ.ਜੀ.ਸੀ. ਕੁਝ ਵੀ ਨਹੀਂ ਕਰ ਸਕਦਾ, ਜੋ ਕੁਝ ਕਰੇਗਾ ਉਹ ਮੰਤਰਾਲੇ ਹੀ ਕਰੇਗਾ।
27 ਅਕਤੂਬਰ ਨੂੰ ਵਿਦਿਆਰਥੀਆਂ ਨੇ ਪੁਲਿਸ ਤੋਂ ਬੈਰੀਕੇਡ ਹਟਾਉਣ ਅਤੇ ਯੂ.ਜੀ.ਸੀ. ਦਫ਼ਤਰ ਵਿੱਚ ਜਾਣ ਲਈ ਬੇਨਤੀ ਕੀਤੀ। ਪੁਲਿਸ ਦੇ ਨਾ ਸੁਣਨ ਉੱਤੇ ਜਦੋਂ ਅੱਗੇ ਵਧੇ ਤਾਂ ਪੁਲਿਸ ਨੇ ਸ਼ਾਸਕਾਂ ਦੀ ਸੁਰੱਖਿਆ ਲਈ ਵਿਦਿਆਰਥੀ ਉੱਤੇ ਕਰੂਰਤਾ ਨਾਲ ਲਾਠੀਚਾਰਜ ਕੀਤਾ। ਕਈ ਲੋਕਾਂ ਦੇ ਹੱਥ ਟੁੱਟੇ, ਸਿਰ ਫਟੇ, ਸੱਟਾਂ ਲੱਗੀਆਂ। ਦੇਸ਼ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਵੇਖਿਆ ਕਿ ਆਪਣੇ ਸੰਵਿਧਾਨਿਕ ਹੱਕਾਂ ਲਈ ਲੜਨਾ ਸੱਤਾ ਦੀ ਨਜ਼ਰ ਵਿੱਚ ਜ਼ੁਰਮ ਹੈ।
ਅੰਦੋਲਨ ਨੇ ਸੱਟਾਂ ਨੂੰ ਸੀਨੇ ਵਿੱਚ ਸਮੋ ਕੇ, ਦਰਦ ਤੋਂ ਸ਼ਕਤੀ ਲਈ ਅਤੇ ਉਹ ਫਿਰ ਡਟ ਗਏ। ਦਿੱਲੀ ਭਰ ਤੋਂ ਜਨਵਾਦੀ, ਸਿੱਖਿਅਕ, ਔਰਤਾਂ ਅਤੇ ਮਜ਼ਦੂਰ ਸੰਗਠਨ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਇਸ ਦੇ ਸਮੱਰਥਨ ਵਿੱਚ ਜਲੂਸ ਨਿਕਲੇ, ਪੁਤਲੇ ਸਾੜੇ ਗਏ। ਯੂ.ਜੀ.ਸੀ. ਦੇ ਸਾਹਮਣੇ ਗੀਤ-ਸੰਗੀਤ, ਸਟਰੀਟ ਕਲਾਸਾਂ ਸ਼ੁਰੂ ਹੋ ਗਈਆਂ। ਇਸ ਵਿੱਚ ਐਮ.ਐਚ.ਆਰ.ਡੀ. ਨੇ 28 ਅਕਤੂਬਰ ਨੂੰ ਇੱਕ ਪੜਚੋਲ ਕਮੇਟੀ ਬਣਾਈ। ਹੋਰ ਕਮੇਟੀਆਂ ਦੀ ਤਰ੍ਹਾਂ ਇਸ ਵਿੱਚ ਵੀ ਵਿਰੋਧਾਭਾਸ ਨਾਲ ਭਰੇ ਮੁੱਦੇ ਹਨ। ਚੀਜਾਂ ਨੂੰ ਸਾਫ਼ ਕਰਨ ਦੀ ਬਜਾਏ ਉਲਝਾਉਣ ਦੇ ਯਤਨ। ਵਿਦਿਆਰਥੀਆਂ ਨੂੰ ਸਾਫ਼-ਸਾਫ਼ ਜਵਾਬ ਚਾਹੀਦਾ ਹੈ ਅਤੇ ਕਮੇਟੀ ਉਲਝਾ ਰਹੀ ਹੈ। ‘ਮੈਰਿਟ’ ਅਤੇ ਹੋਰ ਮਾਨਕ ਦੇ ਨਾਮ ਉੱਤੇ ਫਿਰ ਧੋਖੇ ਦੀ ਸਾਜਿਸ਼ ਕਮੇਟੀ ਦੇ ਮੁੱਦੇ ਵਿੱਚ ਸ਼ਾਮਿਲ ਹੈ। ਜਨਤਾ ਸਿੱਧਾ ਸਰਲ ਜਵਾਬ ਚਾਹੁੰਦੀ ਹੈ ਜੀਉਣ ਲਈ ਠੋਸ ਚੀਜਾਂ ਜੋ ਹਥੇਲੀ ਉੱਤੇ ਸਾਫ਼ ਵਿਖਣ ਅਤੇ ਸੱਤਾ ਗੋਲ-ਗੋਲ ਘੁਮਾਉਂਦੀਆਂ ਹਨ, ਸ਼ਬਦਾਂ ਦਾ ਜਾਲ ਬੁਣਦੀਆਂ ਹਨ। ਹੱਤਿਆਰਿਆਂ ਨੂੰ ਬਚਾਉਣ ਦੀ ਕਮੇਟੀ ਵਿਦਿਆਰਥੀਆਂ ਨੂੰ ਠੱਗਣ ਦੇ ਲਈ ਕਮੇਟੀ। ਵਿਦਿਆਰਥੀਆਂ ਨੇ ਇਸ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।
ਵਿਦਿਆਰਥੀਆਂ ਨੇ ਆਪਣੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ 16 ਸੰਗਠਨਾਂ ਅਤੇ ਵੱਖਰੀਆਂ ਯੂਨੀਵਰਸਿਟੀਆਂ ਦੇ 8 ਵਿਦਿਆਰਥੀ ਸ਼ਾਮਿਲ ਹਨ। ਇੱਕ ਸਰਕਾਰੀ ਧੋਖੇਬਾਜ਼ ਕਮੇਟੀ ਦੇ ਖਿਲਾਫ਼ ਸੰਘਰਸ਼ਸ਼ੀਲ ਵਿਦਿਆਰਥੀਆਂ ਦੀ ਕਮੇਟੀ।
5 ਨਵੰਬਰ ਨੂੰ ਵਿਦਿਆਰਥੀਆਂ ਨੇ ਸਿੱਧੇ ਮੰਤਰੀ ਸਮ੍ਰਿਤੀ ਈਰਾਨੀ ਤੋਂ ਹੀ ਸਭ ਕੁਝ ਜਾਨਣ ਦਾ ਫੈਸਲਾ ਕੀਤਾ। ਸਿੱਖਿਆ ਮੰਤਰਾਲੇ ਦੀ ਜਵਾਬਦੇਹੀ ਕੀ ਹੈ ਇਸਨੂੰ ਵੀ ਵੇਖਿਆ ਜਾਵੇ ਇਹ ਤੈਅ ਹੋਇਆ। 1200 ਵਿਦਿਆਰਥੀਆਂ ਦਾ ਜਲੂਸ ਯੂ.ਜੀ.ਸੀ. ਦਫ਼ਤਰ ਤੋਂ ਮਨੁੱਖ ਸੰਸਾਧਨ ਵਿਕਾਸ ਮੰਤਰਾਲੇ ਅੱਪੜਿਆ। ਵਿਦਿਆਰਥੀਆਂ ਦੇ ਪ੍ਰਤੀਨਿਧੀਆਂ ਨੇ ਜਦੋਂ ਮੰਤਰੀ ਜੀ ਨੂੰ ਮਿਲਣ ਲਈ ਮੰਤਰਾਲੇ ਭਵਨ ਵਿੱਚ ਜਾਣ ਦਾ ਫ਼ੈਸਲਾ ਲਿਆ ਤਾਂ ਮੰਤਰੀ ਜੀ ਬਾਹਰ ਆਈ। ਲੋਕਾਂ ਦੇ ਚਿਹਰੇ ਉੱਤੇ ਖੁਸ਼ੀ ਦਿੱਖੀ। ਪਰ ਮੈਰਿਟ ਅਤੇ ਹੋਰ ਮਾਣਕ ਦੇ ਮੁੱਦੇ ’ਤੇ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਿਸ ਕਰਕੇ ਵਿਦਿਆਰਥੀਆਂ ਦਾ ਸਵਾਲ ਖੜਿਆ ਹੀ ਰਿਹਾ। ਮੰਤਰੀ ਸਾਹਿਬ ਪੜਚੋਲ ਕਮੇਟੀ ਉੱਤੇ ਸਾਰੀ ਜਿੰਮੇਵਾਰੀ ਪਾ ਖ਼ਿਸਕ ਗਈ। ਸਵਾਲ ਨੂੰ ਹਾਲੇ ਵੀ ਉੱਤਰ ਨਹੀਂ ਮਿਲਿਆ - ਹਜ਼ਾਰਾਂ ਵਿਦਿਆਰਥੀ ਪ੍ਰਸ਼ਾਸਨ ਤੋਂ ਨਿਰਾਸ਼ ਹੋ ਵਾਪਸ ਮੁੜੇ। ਦੁਬਾਰਾ ਵਿਦਿਆਰਥੀਆਂ ਨੇ ਪੂਰੇ ਦੇਸ਼ ਤੋਂ ਦਸਤਖ਼ਤ ਮੁਹਿੰਮ ਰਾਹੀ ਆਪਣੀਆਂ ਮੰਗਾਂ ਦਾ ਇੱਕ ਮੈਮੋਰੰਡਮ ਐਮ.ਐਚ.ਆਰ.ਡੀ. ਨੂੰ ਸੌਂਪਣ ਦਾ ਫੈਸਲਾ ਕੀਤਾ। 18 ਨਵੰਬਰ ਨੂੰ ਲੱਗਭਗ 500 ਵਿਦਿਆਰਥੀਆਂ ਦਾ ਜੱਥਾ ਆਪਣੀਆਂ ਮੰਗਾਂ ਦਾ ਮੈਮੋਰੰਡਮ ਲੈ ਕੇ ਮੰਤਰਾਲੇ ਅੱਪੜਿਆ। ਵਿਦਿਆਰਥੀਆਂ ਨੂੰ ਮੰਤਰਾਲੇ ਭਵਨ ਤੋਂ ਪਹਿਲਾਂ ਹੀ ਪੁਲਿਸ ਨੇ ਰੋਕ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਜਾਂ ਤਾਂ ਮੰਤਰੀ ਜਾਂ ਮੰਤਰਾਲੇ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਆ ਕੇ ਉਨ੍ਹਾਂ ਦਾ ਮੈਮੋਰੰਡਮ ਲੈ ਜਾਵੇ। ਪਰ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਹਾਲੇ ਅਧਿਕਾਰੀ ਇੱਕ ਬੈਠਕ ਵਿੱਚ ਹਨ ਅਤੇ ਉਹ ਨਹੀਂ ਆ ਸਕਦੇ। ਵਿਦਿਆਰਥੀਆਂ ਨੇ ਇੰਤਜਾਰ ਕੀਤਾ। ਉਨ੍ਹਾਂ ਨੂੰ ਸ਼ਾਮ 6.30 ਵਜੇ ਦੱਸਿਆ ਗਿਆ ਕੋਈ ਨਹੀਂ ਆਉਣਾ, ਉਸ ਸਮੇਂ ਵਿਦਿਆਰਥੀਆਂ ਨੇ ਇਹ ਕਿਹਾ ਕਿ ਉਨ੍ਹਾਂ ਦੇ ਇੱਕ ਵਫ਼ਦ ਨੂੰ ਅੰਦਰ ਭੇਜ ਦਿੱਤਾ ਜਾਵੇ। ਪਰ ਉਨ੍ਹਾਂ ਦੇ ਵਫ਼ਦ ਨੂੰ ਵੀ ਨਹੀਂ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਮਿਲਣ ਲਈ ਕੋਈ ਆਇਆ। ਸ਼ਾਮ 7 ਵਜੇ ਉਨ੍ਹਾਂ ਨੂੰ ਕਿਹਾ ਗਿਆ ਕਿ ਮੰਤਰਾਲੇ ਬੰਦ ਹੋ ਚੁੱਕਿਆ ਹੈ ਅਤੇ ਹੁਣ ਕੋਈ ਵੀ ਨਹੀਂ ਹੈ - ਸਭ ਲੋਕ ਚਲੇ ਗਏ ਹਨ। ਭਾਰਤ ਦੇ ਇਸ ਗਣਰਾਜ ਉੱਤੇ ਹੱਸੀਏ ਕਿ ਰੋਈਏ, ਪਰ ਇਸਦਾ ਜਸ਼ਨ ਤਾਂ ਕਦੇ ਵੀ ਨਹੀਂ ਮਨਾਇਆ ਜਾ ਸਕਦਾ, ਇਸਦਾ ਸੋਗ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੇ ਇਸਦੇ ਬਾਅਦ ਉਥੇ ਹੀ ਸ਼ਾਂਤੀਮਈ ਬੈਠਣ ਦਾ ਫੈਸਲਾ ਕੀਤਾ ਤਾਂ ਪੁਲਿਸ ਉਨ੍ਹਾਂ ਨੂੰ ਘਸੀਟਦੇ ਹੋਏ, ਕੁੱਟਦੇ-ਮਾਰਦੇ ਹੋਏ ਬੱਸਾਂ ਵਿੱਚ ਭਰ ਪਾਰਲੀਮੈਂਟ ਥਾਣੇ ਲੈ ਗਈ ਅਤੇ ਦੇਰ ਰਾਤ ਯੂ.ਜੀ.ਸੀ. ਉੱਤੇ ਛੱਡ ਦਿੱਤਾ।
ਇਸ ਦੋਰਾਨ ਤੀਹ ਨਵੰਬਰ ਦੀ ਰਾਤ ਪੁਲਿਸ ਨੇ ਯੂ.ਜੀ.ਸੀ. ਦਫ਼ਤਰ ਦੇ ਸਾਹਮਣੇ ਲੱਗੇ ਦੋ ਬੈਰੀਕੇਡ ਹਟਾ ਲਏ ਤਾਂ ਵਿਦਿਆਰਥੀ ਅੰਦਰ ਯੂ.ਜੀ.ਸੀ. ਭਵਨ ਦੇ ਗੇਟ ਉੱਤੇ ਜਾ ਜੁੜੇ। ਉੱਥੇ ਤੀਜਾ ਬੈਰੀਕੇਡ ਲੱਗਾ ਸੀ। 2 ਦਸੰਬਰ ਨੂੰ ਜਦੋਂ ਵਿਦਿਆਰਥੀ ਸੋ ਰਹੇ ਸਨ ਕਿ ਇੱਕ ਵਾਰ ਫਿਰ ਪੁਲਿਸ ਨੇ ਕਾਈਰਾਨਾ ਹਮਲਾ ਕੀਤਾ। ਸੁੱਤੇ ਹੋਏ ਵਿਦਿਆਰਥੀਆਂ ਤੋਂ ਕੰਬਲ ਖਿੱਚੇ ਗਏ, ਉਨ੍ਹਾਂ ਨੂੰ ਜਬਰਨ ਚਾਰ-ਚਾਰ ਪੁਲਿਸ ਵਾਲਿਆਂ ਨੇ ਫੜਕੇ ਬੋਰੀ ਦੀ ਤਰ੍ਹਾਂ ਬਾਹਰ ਸੁੱਟ ਦਿੱਤਾ ਅਤੇ ਫਿਰ ਤੋਂ ਤਿੰਨ ਬੈਰੀਕੇਡ ਲਗਾ ਦਿੱਤੇ ਗਏ। ਸੋ ਰਹੀਆਂ ਵਿਦਿਆਰਥਣਾ ਉੱਤੇ ਪੁਰਸ਼ ਪੁਲਸਕਰਮੀਆਂ ਦੁਆਰਾ ਹਮਲਾ, ਕਿਸ ਜਮਹੂਰੀ ਸੰਵਿਧਾਨ ਦੇ ਅਨੁਕੂਲ ਰਿਹਾ ਹੋਵੇਗਾ ਇਹ ਤਾਂ ਮੋਦੀ ਸਰਕਾਰ ਹੀ ਜਾਣੇ ਪਰ ਇਹ ਦੇਸ਼ ਦੀ ਜਨਤਾ ਅਤੇ ਮਾਂ-ਬਾਪ ਦੇ ਸਾਹਮਣੇ ਇੱਕ ਸਵਾਲ ਹੈ ਕਿ ਇਹ ਕਿਹੜਾ ਮੁਲਕ ਹੈ ? ਨਾਲ ਲੱਗਦੇ ਭਾਰਤੀ ਰਾਸ਼ਟਰੀ ਵਿਗਿਆਨ ਸੰਸਥਾਨ ਦੀ ਇਮਾਰਤ ਵਿੱਚ ਰਾਤ ਦੀ ਡਿਊਟੀ ਉੱਤੇ ਤੈਨਾਤ ਪ੍ਰਾਈਵੇਟ ਗਾਰਡ ਦਾ ਕਹਿਣਾ ਹੈ ਕਿ ‘ਬੱਚੇ ਆਪਣੇ ਪੜ੍ਹਨ ਲਈ ਵਜੀਫਾ ਅਤੇ ਸਿੱਖਿਆ ਨੂੰ ਨਿੱਜੀ ਨਾ ਕੀਤਾ ਜਾਵੇ - ਇਹੀ ਤਾਂ ਮੰਗ ਰਹੇ ਹਨ ਤਾਂ ਫਿਰ ਸਰਕਾਰ ਕਿਉਂ ਨਹੀਂ ਮੰਨ ਰਹੀ ਹੈ ?’ ਰਾਤ ਨੂੰ ਰਸਤਾ ਲੰਘਦੇ ਆਟੋ ਡਰਾਇਵਰ, ਬੱਸ ਸਟੈਂਡ ਦਾ ਗਾਰਡ, ਰਾਹਗੀਰ ਅਤੇ ਦਿਨ ਦੇ ਰਿਕਸ਼ਾ ਚਾਲਕਾਂ ਨੂੰ ਜੋ ਗੱਲ ਤੁਰੰਤ ਸਮਝ ਵਿੱਚ ਆ ਜਾਂਦੀ ਹੈ ਉਹ ਸਰਕਾਰ ਅਤੇ ਉਸਦੇ ਸਿਖਰਲੇ ਅਫ਼ਸਰਾਂ ਦੀ ਸਮਝ ਵਿੱਚ ਨਹੀਂ ਆਉਂਦੀ। ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੇ ਰਹਿਣ ਵਾਲੇ ਰਿਕਸ਼ਾ ਚਾਲਕ ਮੁਕੇਸ਼ ਕਹਿੰਦੇ ਹਨ ‘ਸਭ ਕੁਝ ਪ੍ਰਾਈਵੇਟ ਹੋ ਰਿਹਾ ਹੈ। ਰੋਜ਼ਗਾਰ ਪਹਿਲਾਂ ਤੋਂ ਹੀ ਨਹੀਂ ਹੈ, ਢਿੱਡ ਕੱਟ ਕੇ ਬੱਚਿਆਂ ਨੂੰ ਪੜਾਉਣ ਦਾ ਜੋ ਸੁਫ਼ਨਾ ਆਦਮੀ ਵੇਖਦਾ ਹੈ ਸਰਕਾਰ ਉਸ ਉੱਤੇ ਵੀ ਡਾਕਾ ਪਾ ਰਹੀ ਹੈ’। ਐਮ.ਐਚ.ਆਰ.ਡੀ. ਮੰਤਰਾਲੇ ਨੂੰ ਕਈ ਵਾਰ ਜਾਕੇ ਮਿਲਣ ਅਤੇ ਗੱਲਬਾਤ ਕਰਨ ਦਾ ਸਮਾਂ ਸਾਂਝੀ ਕਮੇਟੀ ਦੇ ਪ੍ਰਤਿਨਿਧੀ ਮੰਗ ਚੁੱਕੇ ਹਨ ਪਰ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਜਾ ਰਹੀ ਹੈ। ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਇਸ ਉੱਤੇ ਮੰਤਰੀ ਸਮ੍ਰਿਤੀ ਈਰਾਨੀ ਹੀ ਗੱਲ ਕਰੇਗੀ। ਅਤੇ ਮੰਤਰੀ ਜੀ ਹਨ ਕਿ ਉਨ੍ਹਾਂ ਨੂੰ ਫੁਰਸਤ ਕਿੱਥੇ ?
ਇਸਦੇ ਬਾਅਦ ਸਾਂਝੀ ਕਮੇਟੀ ਨੇ ਅੰਦੋਲਨ ਨੂੰ ਪੂਰੇ ਦੇਸ਼ ਵਿੱਚ ਫੈਲਾਇਆ, ਪ੍ਰਚਾਰ ਕੀਤਾ। ਯੂ.ਜੀ.ਸੀ. ਅਤੇ ਮੰਤਰਾਲੇ ਨਾਲ ਕੋਈ ਗੱਲ ਨਾ ਹੋ ਪਾਉਣ ਉੱਤੇ ਵਿਦਿਆਰਥੀਆਂ ਨੇ ਆਪਣੀ ਮੰਗਾਂ ਨੂੰ ਦੇਸ਼ ਦੀ ਸੰਸਦ ਨੂੰ ਦੱਸਣ ਲਈ ਸੰਸਦ ਮਾਰਚ ਦਾ ਫੈਸਲਾ ਕੀਤਾ। 9 ਦਸੰਬਰ ਨੂੰ ਪੂਰੇ ਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਸ਼ਾਂਤੀਪੂਰਨ ਜਲੂਸ ਯੂ.ਜੀ.ਸੀ. ਗੇਟ ਤੋਂ ਸੰਸਦ ਵੱਲ ਵਧਿਆ। ਮੰਡੀ ਹਾਊਸ ਤੋਂ ਅੱਗੇ ਨਿਕਲਦੇ ਹੀ ਜਲੂਸ ਉੱਤੇ ਸੱਤਾ ਦੀ ਪੁਲਿਸ ਦਾ ਰਵੱਈਆ ਹਮਲਾਵਰ ਹੋ ਗਿਆ ਅਤੇ ਕਨਾਟ ਪਲੇਸ ਸਰਕਲ ਤੱਕ ਪੁੱਜਦੇ-ਪੁੱਜਦੇ ਗੋਲੀ ਚਲਾਉਣ ਨੂੰ ਛੱਡ ਹਰ ਅਸੱਭਿਆ ਤਰੀਕਾ ਵਿਦਿਆਰਥੀਆਂ ਉੱਤੇ ਅਪਣਾਇਆ ਗਿਆ। ਜਨਤਾ ਦੇ ਪ੍ਰਤਿਨਿਧੀ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਬੈਠਕ ਅਤੇ ਤਥਾਕਥਿਤ ਲੋਕਤੰਤਰ ਦੀ ਸ਼ਾਨਦਾਰ ਇਮਾਰਤ ਆਪਣੀ ਜਨਤਾ ਦੀਆਂ ਗੱਲਾਂ ਨੂੰ ਨਾ ਸੁਣਨ ਲਈ ਲਾਠੀ ਚਲਵਾਉਂਦੀ ਹੈ, ਪਾਣੀ ਦੀ ਤੇਜ਼ਧਾਰ ਬੌਛਾਰ, ਅਤੇ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ। ਦਮਨ ਦੀ ਸਭ ਤੋਂ ਵੱਡੀ ਘਟਨਾ ਸਹਾਰ ਲੈਣ ਤੋਂ ਬਾਅਦ ਵੀ ਹਾਲੇ ਤੱਕ ਵਿਦਿਆਰਥੀ ਯੂ.ਜੀ.ਸੀ. ਦੇ ਸਾਹਮਣੇ ਬੈਠੇ ਹਨ। ਇਸ ਵਿੱਚ ਅੰਦੋਲਨਕਾਰੀਆਂ ਨੇ ਆਪਣੇ ਅਜੀਜ ਸਾਥੀ ਕਵੀ ਰਮਾਸ਼ੰਕਰ ‘ਵਿਦਰੋਹੀ’ ਨੂੰ ਖੋ ਦਿੱਤਾ ਜਿਨ੍ਹਾਂ ਦੀ ਮੌਤ ਅੰਦੋਲਨ ਦੇ ਸਮੱਰਥਨ ਵਿੱਚ ਉਸ ਤ੍ਰਿਪਾਲ ਦੇ ਹੇਠਾਂ ਹੋਈ ਜਿਸਦੇ ਹੇਠਾਂ ਵਿਦਿਆਰਥੀ ਹੁਣ ਤੱਕ ਬੈਠੇ ਹਨ। ਵਿਦਿਆਰਥੀਆਂ ਦੀ ਸਰੀਰ ਤੋਂ ਲੈ ਕੇ ਆਤਮਾ ਤੱਕ ਜਖ਼ਮ ਦੇ ਨਿਸ਼ਾਨ ਹਨ ਅਤੇ ਆਪਣੇ ਸਾਥੀ ਦੀ ਮੌਤ ਦਾ ਦੁੱਖ। ਦਮਨ ਅਤੇ ਸੋਗ ਤੋਂ ਸ਼ਕਤੀ ਲੈਂਦੇ ਹੋਏ ਅੱਜ ਵੀ ਵਿਦਿਆਰਥੀ ਲੜਾਈ ਨੂੰ ਜਾਰੀ ਰੱਖ ਰਹੇ ਹਨ। ਕਿਉਂਕਿ ਇਹ ਮਿਹਨਤ ਦੀ ਲੁੱਟ, ਪੁਲਿਸ ਦੀ ਮਾਰ ਤੋਂ ਜ਼ਿਆਦਾ ਖ਼ਤਰਨਾਕ ਹੈ ਇਹ ਸਾਡੇ ਅਤੇ ‘ਪਾਸ਼’ ਦੇ ਸੁਪਨਿਆ ਉੱਤੇ ਹਮਲਾ ਹੈ ਇਹ ਸਾਡੇ ਸੋਚਣ ਉੱਤੇ ਪਹਿਰਾ ਬਿਠਾਉਣਾ ਅਤੇ ਸਾਡੀ ਸੋਚ ਨੂੰ ਮਾਰ ਦੇਣਾ ਹੈ।
ਇਹ ਸਾਡੇ ਆਜ਼ਾਦੀ ਲਈ ਸੰਘਰਸ਼ਸ਼ੀਲ ਸੋਚ ਅਤੇ ਚਿੰਤਨ ਉੱਤੇ ਹਮਲਾ ਹੈ। ਇਹ ਸਾਡੀ ਆਤਮਾ ਵਿੱਚੋ ਮਨੁੱਖ ਹੋਣ ਲਈ ਜ਼ਰੂਰੀ ਬਲਦੀ ਅੱਗ ਨੂੰ ਰਾਖ ਬਣਾਉਣ ਦੀ ਸਾਜ਼ਿਸ਼ ਹੈ। ਇਹ ਲੜਾਈ ਜਿੱਤੀ ਜਾਵੇ ਜਾਂ ਹਾਰੀ ਜਾਵੇ ਇਹ ਇਸ ਦੇਸ਼ ਦੀ ਜਨਤਾ ਦੀ ਚਾਹਤ ਤੋਂ ਤੈਅ ਹੋਵੇਗੀ- ਇਹ ਹਜ਼ਾਰਾਂ ਸਾਲ ਤੋਂ ਪੜ੍ਹਨ ਦੀ ਲੜਾਈ ਦੀ ਇੱਕ ਕੜੀ ਹੈ ਜਿਸ ਵਿੱਚ ਸ਼ੰਬੂਕ ਤੋਂ ਲੈ ਕੇ ਇੱਕਲੱਵਿਆ ਸ਼ਾਮਿਲ ਹਨ ਅਤੇ 1999 ਦੇ ਮੈਕਸੀਕੋ (ਯੂਨਾਮ) ਦੇ ਨੌਜਵਾਨਾਂ ਤੋਂ ਲੈ ਕੇ ਸਾਡੇ ਸਮਿਆਂ ਵਿੱਚ ਲੜਦੇ ਗੁੰਮਨਾਮ ਲੋਕ ਸ਼ਾਮਿਲ ਹਨ। ਇਹ ਸਾਡੇ ਸੁਪਨਿਆਂ, ਭਵਿੱਖ ਅਤੇ ਸਿਰਜਣ ਦੀ ਸੋਚ ਵਾਸਤੇ ਆਜ਼ਾਦੀ ਦੀ ਜੰਗ ਹੈ ਜੋ ਹੱਡੀਆਂ ਕੰਬਾਉਂਦੀ ਸਰਦੀ ਵਿੱਚ ਦਿਲਾਂ ਅੰਦਰ ਅੱਗ ਨਾਲ ਜਾਰੀ ਹੈ।
( ‘ਸਮਕਾਲੀਨ ਤੀਸਰੀ ਦੁਨੀਆ’, ਜਨਵਰੀ 2016 ਅੰਕ ‘ਚੋਂ ਪੰਜਾਬੀ ਅਨੁਵਾਦ)
Harminder Bathinda
Biggest conspiracies are happening in India.