ਰੈਗਿੰਗ ਰੋਕੂ ਕਨੂੰਨ ਦੀ ਸਖਤੀ ਕਿੰਨੀ ਕੁ ਸਾਰਥਿਕ? - ਗੁਰਤੇਜ ਸਿੱਧੂ
Posted on:- 13-02-2016
ਰੈਗਿੰਗ ਦਾ ਨਾਂਅ ਸੁਣਦੇ ਹੀ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਜੀਬ ਜਿਹੀ ਕੰਬਣੀ ਛਿੜ ਜਾਂਦੀ ਹੈ।ਰੈਗਿੰਗ ਅਕਸਰ ਹੀ ਸੀਨੀਅਰ ਵਿਦਿਆਰਥੀਆਂ ਦੁਆਰਾ ਨਵੇਂ ਵਿਦਿਆਰਥੀਆਂ ਦੀ ਕੀਤੀ ਜਾਂਦੀ ਹੈ।ਰੈਗਿੰਗ ਦਾ ਜ਼ਿਕਰ ਕਾਫੀ ਪੁਰਾਣਾ ਮਿਲਦਾ ਹੈ ਅਤੇ ਸਭ ਤੋਂ ਪਹਿਲਾਂ ਇਹ ਬ੍ਰਿਟਿਸ਼ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪਾਈ ਗਈ, ਜਿਸ ਤੋਂ ਬਾਅਦ ਇਹ ਕਿਸੇ ਬੀਮਾਰੀ ਵਾਂਗ ਪੂਰੀ ਦੁਨੀਆਂ ‘ਚ ਫੈਲੀ।ਅਜੋਕੇ ਸਮੇਂ ‘ਚ ਵੀ ਕਈ ਜਗ੍ਹਾ ਰੈਗਿੰਗ ਦੀਆਂ ਖਬਰਾਂ ਆਈਆਂ ਹਨ, ਜੋ ਡਿਜੀਟਲ ਸਮਾਜ ਦਾ ਮੂੰਹ ਚਿੜਾਉਂਦੀਆਂ ਹਨ ਅਤੇ ਨੀਵੀਂ ਮਾਨਸਿਕਤਾ ਨੂੰ ਪ੍ਰਗਟਾਉਂਦੀਆਂ ਹਨ।ਰੈਗਿੰਗ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ‘ਚ ਆਮ ਪਾਈ ਗਈ ਹੈ।ਦੇਸ਼ ਦੀਆਂ ਨਾਮਵਰ ਕਿੱਤਾਮੁਖੀ ਸਿਖਲਾਈ ਸੰਸਥਾਵਾਂ ਜਿੱਥੋਂ ਮਹਾਨ ਉੱਦਮੀ ਨਿਕਲਦੇ ਹਨ, ਉੱਥੇ ਰੈਗਿੰਗ ਦੀਆਂ ਘਟਨਾਵਾਂ ਆਮ ਪਾਈਆਂ ਗਈਆਂ ਹਨ।ਆਮ ਸੰਸਥਾਵਾਂ ਦਾ ਕੀ ਹਾਲ ਹੋਵੇਗਾ ਇਹ ਬਿਆਨਣ ਦੀ ਲੋੜ ਨਹੀਂ ਹੈ।
ਨਵੇਂ ਵਿਦਿਆਰਥੀਆਂ ਨਾਲ ਸੱਭਿਅਕ ਤਰੀਕੇ ਨਾਲ ਸੀਨੀਅਰ ਵਿਦਿਆਰਥੀਆਂ ਦੁਆਰਾ ਜਾਣ ਪਹਿਚਾਣ ਕਰਨੀ ਜੋ ਉਨ੍ਹਾਂ ਨੂੰ ਦੁੱਖਦਾਈ ਨਾ ਲੱਗੇ ਉਸਨੂੰ ਰੈਗਿੰਗ ਨਹੀਂ ਮੰਨਿਆ ਜਾ ਸਕਦਾ।ਜਾਣ ਪਹਿਚਾਣ ਕਰਨੀ ਕੋਈ ਗੁਨਾਹ ਨਹੀਂ ਹੈ, ਪਰ ਜਾਣ ਪਹਿਚਾਣ ਦੀ ਆੜ ‘ਚ ਸਰੀਰਕ ਮਾਨਸਿਕ ਕਸ਼ਟ ਪਹੁੰਚਾਉਣਾ ਰੈਗਿੰਗ ਮੰਨਿਆ ਜਾਂਦਾ ਹੈ।
ਰੈਗਿੰਗ ਦੇ ਕਾਰਨ ਬਹੁਤ ਹਨ, ਜਿਸ ਕਾਰਨ ਜੂਨੀਅਰ ਬੱਚਿਆਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ।ਮਾਨਸਿਕ ਪੱਧਰ ‘ਤੇ ਕਮਜ਼ੋਰ ਲੋਕ ਹੀ ਅਜਿਹੇ ਕਦਮ ਉਠਾਉਂਦੇ ਹਨ।ਜਾਣ ਬੁੱਝ ਕੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰਨਾ ਜੋ ਜੂਨੀਅਰ ਨੂੰ ਨੀਚਾ ਦਿਖਾਉਦੇ ਹੋਣ ਜਾਂ ਫਿਰ ਜਾਤੀਸੂਚਕ ਸ਼ਬਦਾਂ ਦੀ ਵਰਤੋ ਕਰਨੀ।ਮਾਨਸਿਕ ਕਿਰਿਆ ਦੇ ਨਾਲ ਸਰੀਰਕ ਯਾਤਨਾਵਾਂ ਦੇਣੀਆਂ ਵੀ ਰੈਗਿੰਗ ਦੇ ਅੰਤਰਗਤ ਆਉਂਦੀਆਂ ਹਨ।ਪਿਛਲੇ ਸਮੇਂ ਦਾ ਅਧਿਐਨ ਕਰਨ ਤੇ ਪਤਾ ਚਲਦਾ ਹੈ ਕਿ ਕਿਸ ਤਰ੍ਹਾਂ ਸੀਨੀਅਰ ਆਪਣੇ ਜੂਨੀਅਰਾਂ ਨੂੰ ਪੁਲਿਸ ਵਾਂਗ ਥਰਡ ਡਿਗਰੀ ਟਾਰਚਰ ਕਰਦੇ ਸਨ।ਜ਼ਬਰਦਤੀ ਨਸ਼ਿਆਂ ਦਾ ਸੇਵਨ ਕਰਨ ਲਈ ਉਕਸਾਉਣਾ ਅਤੇ ਨਸ਼ੇ ਸੇਵਨ ਕਰਕੇ ਜੂਨੀਅਰ ਨਾਲ ਮਾੜਾ ਵਿਵਹਾਰ ਕਰਨਾ ਅਤੇ ਮਾਰ ਕੁਟਾਈ ਕਰਨਾ।ਰੈਗਿੰਗ ਸਕੂਲ ਕਾਲਜ ਦੀ ਜਗ੍ਹਾ ਹੋਸਟਲਾਂ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ।ਰੈਗਿੰਗ ਦਾ ਕਰੂਪ ਚਿਹਰਾ ਉਸ ਸਮੇਂ ਨਜ਼ਰ ਆਉਂਦਾ ਹੈ ਜਦ ਮਾਰ ਕੁਟਾਈ ਕਰਕੇ ਕਿਸੇ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਜਾਂ ਤੰਗ ਆਕੇ ਕੋਈ ਵਿਦਿਆਰਥੀ ਖੁਦਕੁਸ਼ੀ ਕਰ ਲੈਂਦਾ ਹੈ।ਸਭ ਤੋਂ ਪਹਿਲਾਂ ਰੈਗਿੰਗ ਰੋਕੂ ਕਨੂੰਨ ਸੰਨ 1996 ‘ਚ ਤਾਮਿਲਨਾਡੂ ਵਿੱਚ ਸਾਹਮਣੇ ਆਇਆ ਉਸ ਤੋਂ ਬਾਅਦ ਕੇਰਲਾ,ਮਹਾਰਾਸਟਰ ਅਤੇ ਪੱਛਮੀ ਬੰਗਾਲ ‘ਚ ਇਹ ਕਨੂੰਨ ਹੋਂਦ ਵਿੱਚ ਆਏ।ਇਸ ਕਨੂੰਨ ਅਨੁਸਾਰ ਪੰਜ ਹਜ਼ਾਰ ਰੁਪਏ ਜ਼ੁਰਮਾਨਾ,ਦੋ ਸਾਲ ਕੈਦ ਜਾਂ ਦੋਵੇਂ ਅਤੇ ਕਿਸੇ ਸੰਸਥਾ ਵਿੱਚ ਵੀ ਦੁਬਾਰਾ ਦਾਖਲਾ ਨਾ ਦੇਣਾ।ਪ੍ਰਸ਼ਾਸ਼ਨ ਅਤੇ ਯੂਜੀਸੀ ਸੰਨ 2009 ਵਿੱਚ ਇਸ ਸੰਵੇਦਨਸ਼ੀਲ ਮਸਲੇ ‘ਤੇ ਸੰਜੀਦਾ ਹੋਏ ਕਿਉਂਕਿ ਸੰਨ 2009 ‘ਚ ਹਿਮਾਚਲ ਪ੍ਰਦੇਸ਼ ਦੇ ਇੱਕ ਮੈਡੀਕਲ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਮਨ ਕਾਚਰੂ ਦੀ ਸੀਨੀਅਰ ਵਿਦਿਆਰਥੀਆਂ ਦੁਆਰਾ ਕੀਤੀ ਮਾਰ ਕੁਟਾਈ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।ਉਸ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਇੱਕ ਟੌਲ ਨੰਬਰ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਸੀ ਤਾਂ ਜੋ ਪੀੜਿਤ ਦੀ ਸ਼ਿਕਾਇਤ ਮੌਕੇ ‘ਤੇ ਸੁਣੀ ਜਾ ਸਕੇ।ਉਸ ਤੋਂ ਬਾਅਦ ਯੂਜੀਸੀ ਵੀ ਹਰਕਤ ‘ਚ ਆਈ ਤੇ ਰੈਗਿੰਗ ਸਬੰਧੀ ਯੂਨੀਵਰਸਿਟੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ।ਨਵੇਂ ਵਿਦਿਆਰਥੀਆਂ ਤੋਂ ਐਫੀਡੈਵਿਟ ਉਨ੍ਹਾਂ ਦੇ ਮਾਪਿਆਂ ਤੋਂ ਵੀ ਹਸਤਾਖਰ ਕਰਕੇ ਲਿਆ ਜਾਣ ਲੱਗਾ ਕਿ ਉਹ ਭਵਿੱਖ ‘ਚ ਸਿੱਧੇ ਅਸਿੱਧੇ ਤੌਰ ‘ਤੇ ਕਿਸੇ ਦੀ ਰੈਗਿੰਗ ਨਹੀਂ ਕਰਨਗੇ ਅਗਰ ਉਹ ਦੋਸ਼ੀ ਪਾਏ ਜਾਦੇ ਹਨ ਤਾਂ ਆਈਪੀਸੀ ਅਤੇ ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਤਕਨੀਕੀ ਸਿੱਖਿਆ ਵਿੱਚ ਯੂਜੀਸੀ ਦੇ ਰੈਗੂਲੇਸ਼ਨ 2009 ਦੇ ਅੰਤਰਗਤ ਸੈਕਸ਼ਨ 23 ਤੇ 10 ਦੇ ਏਆਈਸੀਟੀਈ ਐਕਟ 1987 ਅਨਸਾਰ ਬਣਦੀ ਕਾਰਵਾਈ ਹੋਵੇਗੀ।ਇਸੇ ਤਰ੍ਹਾਂ ਮੈਡੀਕਲ ਸਿੱਖਿਆ ਵਿੱਚ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਅਨੁਸਾਰ ਕਾਰਵਾਈ ਹੋਵੇਗੀ।ਇਸ ਸਖਤੀ ਕਾਰਨ ਰੈਗਿੰਗ ਕੇਸਾਂ ਨੂੰ ਕਾਫੀ ਠੱਲ ਪਈ।ਇੱਕ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੀ ਰਿਪੋਰਟ ਅਨੁਸਾਰ ਸੰਨ 2009-10 ਵਿੱਚ ਦੇਸ਼ ਅੰਦਰ ਰੈਗਿੰਗ ਦੇ 164 ਮਾਮਲੇ ਸਾਹਮਣੇ ਆਏ ਜਿਨ੍ਹਾਂ ਚੋਂ 19 ਮੌਤਾਂ ਹੋਈਆਂ।ਯੂਜੀਸੀ ਦੀ ਇੱਕ ਰਿਪੋਰਟ ਅਨੁਸਾਰ ਸੰਨ 2013-14 ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ 1183 ਰੈਗਿੰਗ ਦੇ ਮਾਮਲੇ ਸਾਹਮਣੇ ਆਏ ਅਤੇ ਸਿਰਫ 66 ਕੇਸਾਂ ‘ਚ ਪੁਲਿਸ ਦੁਆਰਾ ਐਫਆਈਆਰ ਲਿਖੀ ਗਈ।ਲੋਕ ਸਭਾ ‘ਚ ਕੇਂਦਰੀ ਸਿੱਖਆ ਮੰਤਰੀ ਸਮ੍ਰਿਤੀ ਈਰਾਨੀ ਨੇ ਦੱਸਿਆ ਕਿ ਸੰਨ 2014-15 ਵਿੱਚ ਦੇਸ਼ ਅੰਦਰ ਰੈਗਿੰਗ ਦੇ 30 ਕੇਸ ਸਾਹਮਣੇ ਆਏ।ਅੰਕੜਿਆਂ ਦਾ ਅਧਿਐਨ ਰੈਗਿੰਗ ਦੇ ਘਟਾਅ ਨੂੰ ਦਰਸਾਉਦਾ ਹੈ ਜੋ ਨਵੇਂ ਵਿਦਿਆਰਥੀਆਂ ਲਈ ਕਾਫੀ ਰਾਹਤ ਭਰਿਆ ਮਹੌਲ ਸਿਰਜਣ ‘ਚ ਲਾਹੇਵੰਦ ਸਾਬਿਤ ਹੋ ਸਕਦਾ।ਕਨੂੰਨ ਦੀ ਸਖਤੀ ਤੇ ਯੂਜੀਸੀ ਦੇ ਦਿਸ਼ਾ ਨਿਰਦੇਸ਼ਾਂ ਨੇ ਵੀ ਰੈਗਿੰਗ ਰੂਪੀ ਅਜਗਰ ਨੂੰ ਮਾਰਨ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਕਨੂੰਨ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਹੁੰਦੇ ਹਨ ਪਰ ਸਾਡੇ ਮੁਲਕ ਵਿੱਚ ਕਨੂੰਨਾਂ ਦੀ ਦੁਰਵਰਤੋ ਬਹੁਤ ਕੀਤੀ ਜਾਂਦੀ ਹੈ ਤਾਂ ਫਿਰ ਰੈਗਿੰਗ ਰੋਕੂ ਕਨੂੰਨ ਇਸ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ।ਵੱਡਿਆਂ ਦਾ ਸਤਿਕਾਰ ਕਰਨਾ ਸਾਡੀ ਸੰਸਕ੍ਰਿਤੀ ਹੈ ਅਤੇ ਸੀਨੀਅਰ ਦੀ ਇੱਜਤ ਕਰਨਾ ਜੂਨੀਅਰ ਦਾ ਫਰਜ਼ ਹੁੰਦਾ ਹੈ।ਅਜੋਕੇ ਸਮੇਂ ਅੰਦਰ ਜ਼ਬਰਦਸਤੀ ਵਾਲਾ ਰੁਝਾਨ ਕਾਫੀ ਹੱਦ ਤੱਕ ਘਟ ਗਿਆ ਤੇ ਚੰਦ ਲੋਕ ਹੀ ਅਜਿਹਾ ਕਰਦੇ ਹਨ।ਬਲਕਿ ਹੁਣ ਤਾਂ ਕਨੂੰਨ ਦੀ ਸਖਤੀ ਕਾਰਨ ਸੀਨੀਅਰ ਡਰਦੇ ਹਨ ਕਿਤੇ ਉਨ੍ਹਾਂ ਦੀ ਸ਼ਿਕਾਇਤ ਨਾ ਹੋ ਜਾਵੇ ਤੇ ਸਾਰੀ ਜ਼ਿੰਦਗੀ ਇਸਦੀ ਭੇਟ ਨਾ ਚੜ ਜਾਵੇ।ਕਈ ਜਗ੍ਹਾ ਜੂਨੀਅਰ ਵਿਦਿਆਰਥੀਆਂ ਨੇ ਝੂਠੀ ਸ਼ਿਕਾਇਤ ਕਰਕੇ ਸੀਨੀਅਰ ਵਿਦਿਆਰਥੀਆਂ ਨੂੰ ਵਖਤ ਖੜਾ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਜੂਨੀਅਰਾਂ ਨੂੰ ਸਿਰਫ ਹੋਸਟਲ ‘ਚ ਰੌਲਾ ਪਾਉਣ ਤੋਂ ਵਰਜਿਆ ਸੀ ਕਿਉਕਿ ਸੀਨੀਅਰ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਸਨ।ਕੀ ਹੋਸਟਲ ਅੰਦਰ ਪੇਪਰਾਂ ਦੇ ਦਿਨਾਂ ‘ਚ ਰੌਲਾ ਨਾ ਪਾਉਣ ਬਾਰੇ ਕਿਸੇ ਨੂੰ ਵਰਜਣਾ ਗੁਨਾਹ ਹੈ ਤੇ ਇਸੇ ਨੂੰ ਅਧਾਰ ਬਣਾ ਕੇ ਸ਼ਿਕਾਇਤ ਕਰਨੀ ਇਸ ਕਨੂੰਨ ਦੀ ਕਿੰਨੀ ਵੱਡੀ ਦੁਰਵਰਤੋਂ ਹੈ।ਸੀਨੀਅਰ ਵੀ ਸਿੱਧਾ ਵਰਜਣ ਦੀ ਬਜਾਇ ਆਪਣੇ ਅਧਿਆਪਕਾਂ ਤੱਕ ਪਹੁੰਚ ਕਰਨ ਤੇ ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਨਵੇ ਬੱਚਿਆਂ ਨੂੰ ਜ਼ਰੂਰ ਸਮਝਾਉਣ ਕਿ ਆਪਣੇ ਸੀਨੀਅਰਾਂ ਨਾਲ ਕਿਸ ਤਰ੍ਹਾਂ ਵਰਤਾਉ ਕਰਨਾ ਹੈ।ਇਹ ਠੀਕ ਹੈ ਸਖਤੀ ਜ਼ਰੂਰੀ ਹੈ ਪਰ ਉਸ ਸਖਤੀ ਦੀ ਆੜ ਹੇਠ ਦੂਜਿਆਂ ਦਾ ਬਿਨਾਂ ਕਿਸੇ ਗੁਨਾਹ ਦੇ ਨੁਕਸਾਨ ਕਰਨਾ ਵੀ ਤਾਂ ਜਾਇਜ ਨਹੀਂ ਹੈ।ਇਸ ਲਈ ਬਹੱਦ ਜ਼ਰੂਰੀ ਹੈ ਕਿ ਸਿਰਫ ਸ਼ਿਕਾਇਤਕਰਤਾ ਦੇ ਪੱਖ ਨੂੰ ਹੀ ਨਾ ਵਿਚਾਰਿਆ ਜਾਵੇ ਸਗੋਂ ਦੋਸ਼ੀ ਦਾ ਵੀ ਪੱਖ ਜਰੂਰ ਸੁਣਿਆ ਜਾਵੇ।ਇਹ ਸਦੀਵੀ ਸੱਚ ਹੈ ਰੈਗਿੰਗ ਦੇ ਕੁਝ ਮਾਲਿਆਂ ਨੂੰ ਛੱਡ ਕੇ ਅੱਜ ਜ਼ਿਆਦਾਤਰ ਕੇਸ ਝੂਠੇ ਨਿੱਕਲਦੇ ਹਨ ਤੇ ਸਿਰਫ ਝੂਠੀ ਸ਼ਾਨ ਲਈ ਅਜਿਹਾ ਕੁਝ ਕੀਤਾ ਜਾਂਦਾ ਹੈ।ਰੈਗਿੰਗ ਰੋਕੂ ਕਨੂੰਨ ‘ਚ ਸਖਤੀ ਦੇ ਦੂਜੇ ਪੱਖ ਨੂੰ ਵੀ ਵਿਚਾਰਨ ਦੀ ਅਹਿਮ ਲੋੜ ਹੈ।ਦੋਸ਼ੀਆਂ ਖਿਲਾਫ ਸਖਤੀ ਦੇ ਨਾਲ ਝੂਠੇ ਕੇਸ ਥੋਪਣ ਵਾਲਿਆਂ ਖਿਲਾਫ ਵੀ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਾਰਵਾਈ ਪਾਰਦਰਸ਼ੀ ਢੰਗ ਨਾਲ ਹੋਣੀ ਲਾਜ਼ਮੀ ਹੈ।ਸੀਨੀਅਰ ਤੇ ਜੂਨੀਅਰਾਂ ਨੂੰ ਵੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ ਅਖੌਤੀ ਘਮੰਡ ਕਰਕੇ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਸਗੋਂ ਹੋਸਟਲਾਂ ਵਿੱਚ ਭਾਈਚਾਰਕ ਮਹੌਲ ਸਿਰਜਿਆ ਜਾਵੇ।ਹੋਸਟਲਾਂ ‘ਚ ਹੁੰਦੀ ਰੈਗਿੰਗ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣ।ਜੂਨੀਅਰਾਂ ਦੀ ਆਮਦ ਸਮੇਂ ਸੀਨੀਅਰ ਵਿਦਿਆਰਥੀਆਂ ਨੂੰ ਕੁਝ ਦਿਨਾਂ ਲਈ ਘਰ ਭੇਜ ਦਿੱਤਾ ਜਾਵੇ ਜਾਂ ਜੂਨੀਅਰਾਂ ਦਾ ਬਲਾਕ ਅਲੱਗ ਕੀਤਾ ਜਾਵੇ।ਤਜਰਬੇਕਾਰ ਵਾਰਡਨ ਦੀ 24 ਘੰਟੇ ਹੋਸਟਲ ‘ਚ ਸ਼ਮੂਲੀਅਤ ਹੋਵੇ ਅਤੇ ਇਹ ਜਿੰਮੇਵਾਰੀ ਕਿਸੇ ਅਧਿਆਪਕ ਨੂੰ ਸੌਂਪੀ ਜਾਣੀ ਚਾਹੀਦੀ ਹੈ ਪਰ ਕਾਲਜਾਂ ਦੇ 90 ਫੀਸਦੀ ਹੋਸਟਲਾਂ ਵਿੱਚ ਕੰਮ ਚਲਾਊ ਅਤੇ ਘੱਟ ਪੜੇ ਲਿਖੇ ਵਾਰਡਨਾਂ ਦੀ ਤਾਇਨਾਤੀ ਹੈ ਜੋ ਇਸ ਮੁਸ਼ਕਿਲ ਨੂੰ ਹੋਰ ਵਧਾਉਦੀ ਹੈ।ਅਗਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਰੈਗਿੰਗ ਹੋਵੇਗੀ ਹੀ ਨਹੀਂ ਤਾਂ ਇਸਦੇ ਕਨੂੰਨ ਦੀ ਦੁਰਵਰਤੋਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਸੰਪਰਕ: +91 94641 72783
** ਲੇਖਕ ਮੈਡੀਕਲ ਵਿਦਿਆਰਥੀ ਹਨ।