ਪੰਜਾਬ ਦੀ ਲੋੜ: ਜੈਵਿਕ ਖੇਤੀ -ਡਾ.ਅਮਰਜੀਤ ਟਾਂਡਾ
Posted on:- 11-02-2016
ਕੁਦਰਤੀ ਖੇਤੀ ਪੰਜਾਬ ਵਿੱਚ ਨਵੀਆਂ ਬੀਮਾਰੀਆਂ ਨੂੰ ਰੋਕਣ ਲਈ ਨਵਾਂ ਰਾਹ ਹੈ। ਚੰਗੀ ਸਿਹਤ ਲਈ ਜੈਵਿਕ ਅਤੇ ਕੁਦਰਤੀ ਖੇਤੀ ਦੀ ਲੋੜ ਮੁੱਢ ਕਦੀਮ ਤੋਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਆਈ ਹੈ। ਵੱਡੀ ਮਾਤਰਾ ਵਿੱਚ ਜ਼ਹਿਰ ਅਤੇ ਰਸਾਇਣ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵੱਜੋਂ ਏਨੇ ਵਰਤੇ ਜਾਂਦੇ ਰਹੇ ਹਨ ਕਿ ਧਰਤੀ, ਪਾਣੀ ਅਤੇ ਹਵਾ ਨੂੰ ਵੀ ਅਸੀਂ ਪੂਰੀ ਤਰ੍ਹਾਂ ਨਾਲ ਜ਼ਹਿਰੀਲੀ ਕਰ ਲਿਆ ਹੈ। ਹਰ ਪਾਸੇ ਜ਼ਹਿਰ ਹੀ ਜ਼ਹਿਰ ਹੋ ਗਈ ਹੈ। ਅੱਜ ਇਹ ਮੁੱਖ ਲੋੜ ਹੈ ਕਿ ਅਸੀਂ ਹੁਣ ਇਹਨਾ ਜ਼ਹਿਰਾਂ ਅਤੇ ਰਸਾਇਣਾ ਤੋਂ ਆਪਣੀ ਖੇਤੀ ਨੂੰ ਦੂਰ ਕਰੀਏ ਅਤੇ ਮਨੁੱਖੀ ਸਿਹਤ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਈਏ। ਖਾਦਾਂ ਅਤੇ ਜ਼ਹਿਰਾਂ ਦੀ ਖੇਤੀ ਬਿਨਾਂ ਜੈਵਿਕ ਖੇਤੀ ਹੈ। ਭਾਵੇਂ ਘੱਟ ਉਪਜ ਲਈ ਜਾਵੇ ਪਰ ਸਾਡੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਜ਼ਮੀਨ ਦੀ ਸਿਹਤ ਲਈ ਪਸ਼ੂਆਂ ਦੇ ਗੋਹੇ ਅਤੇ ਪਿਸ਼ਾਬ ਤੋਂ ਤਿਆਰ ਕੀਤੀ ਖਾਦ ਵਰਤੀ ਜਾਵੇ। ਗੰਡੋਇਆਂ ਤੋਂ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।
ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਨ੍ਹਾਂ ਹਜ਼ਾਰਾਂ ਹੀ ਮਿਹਨਤਕਸ਼ ਲੋਕਾਂ ਨੂੰ ਸਰਕਾਰ ਨੇ ਵੱਧ ਅਨਾਜ ਪੈਦਾ ਕਰਨ ਬਦਲੇ ਉਹ ਨਹੀਂ ਦਿਤਾ ਜੋ ਦੇਣਾ ਚਾਹੀਦਾ ਸੀ। ਕਈ ਕਿਸਾਨ ਹੈ ਬਿਨਾਂ ਕਿਸੇ ਖਾਦ ਅਤੇ ਦਵਾਈ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਵੱਡੇ ਪੱਧਰ `ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ, ਫਲ ਅਤੇ ਅਨਾਜ ਕੁਦਰਤੀ ਢੰਗ ਨਾਲ ਹੀ ਪੈਦਾ ਹੋਣ ਲੱਗੀਆਂ ਹਨ।
ਇਸ ਤਰ੍ਹਾਂ ਖੇਤੀ ਕਰਨ ਨਾਲ ਪੈਦਾਵਾਰ ਜ਼ਰੂਰ ਆਮ ਨਾਲੋਂ ਘੱਟ ਹੁੰਦੀ ਹੈ ਪਰ ਵੱਧ ਭਾਅ ਮਿਲਣ ਕਾਰਨ ਕਮਾਈ ਆਮ ਫਸਲ ਦੇ ਬਰਾਬਰ ਹੀ ਹੋ ਜਾਂਦੀ ਹੈ। ਰਸਾਇਣਕ ਖਾਦਾਂ ਅਤੇ ਦਵਾਈਆਂ ਨਾਲ ਤਿਆਰ ਕੀਤੀ ਗਈ ਫਸਲ `ਤੇ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਖਰਚ ਆਉਂਦਾ ਹੈ ਪਰ ਕੁਦਰਤੀ ਪੈਦਾਵਾਰ ਕਰਨ ਨਾਲ ਇਹ ਖਰਚਾ ਸਿਰਫ ਦੋ ਸੌ ਰੁਪਏ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਕੀੜੇਮਾਰ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਨੂੰ ਲੋਕ ਅਲਵਿਦਾ ਕਹਿ ਰਹੇ ਹਨ। ਹਰ ਤਰ੍ਹਾਂ ਦੀਆਂ ਸਬਜ਼ੀਆਂ, ਦਾਲਾਂ ਅਤੇ ਕਣਕ ਦੇ ਨਾਲ ਹੀ ਕਮਾਦ ਵੀ ਬੀਜਿਆ ਜਾਂਦਾ ਹੈ। ਮੌਸਮ ਦੇ ਹਿਸਾਬ ਨਾਲ ਹਰ ਸਬਜ਼ੀ ਅਤੇ ਦਾਲਾਂ ਆਮ ਨਾਲੋਂ ਕਈ ਗੁਣਾ ਵੱਧ ਭਾਅ `ਤੇ ਵਿਕਦੀਆਂ ਹਨ। ਜੈਵਿਕ ਕਣਕ ਦਾ ਭਾਅ ਵੀ ਤਿੰਨ ਕੁ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਸਬਜ਼ੀਆਂ,ਦਾਲਾਂ ਅਤੇ ਮੱਕੀ ਆਦਿ ਸਮੇਤ ਹੋਰ ਜੈਵਿਕ ਖਾਧ ਪਦਾਰਥਾਂ ਦੇ ਪੱਕੇ ਗਾਹਕ ਹਨ। ਸਰਦੀ ਦੇ ਮੌਸਮ ਵਿੱਚ ਜੈਵਿਕ ਛੋਲੇ ਬਹੁਤ ਵਧੀਆ ਕੀਮਤ `ਤੇ ਵਿਕਦੇ ਹਨ। ਜ਼ਮੀਨ ਵਿੱਚ ਗੰਡੋਏ ਅਤੇ ਹੋਰ ਕੁਦਰਤੀ ਜੀਵ ਆਉਣੇ ਸ਼ੁਰੂ ਹੋ ਗਏ ਹਨ, ਜਿਹੜੇ ਜ਼ਮੀਨ ਨੂੰ ਕੁਦਰਤੀ ਤੌਰ `ਤੇ ਉਪਜਾਊ ਬਣਾ ਰਹੇ ਹਨ। ਦਿਨੋ-ਦਿਨ ਵਧ ਰਹੀਆਂ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ਜੈਵਿਕ ਖੇਤੀ ਦਾ ਅਪਣਾਉਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ।
ਸਮੁੱਚੀ ਕਾਇਨਾਤ ਤੇ ਮਨੁੱਖਤਾ ਦਾ ਭਲਾ ਜੈਵਿਕ ਖੇਤੀ ਕਰਨ ਨਾਲ ਹੋ ਸਕਦਾ ਹੈ। ਬਹੁਗਿਣਤੀ ਮਿੱਤਰ ਕੀੜੇ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੇ ਅਲੋਪ ਹੋ ਚੁੱਕੇ ਹਨ, ਜਿਹੜੇ ਫਸਲ ਦੀ ਰਾਖੀ ਕਰਦੇ ਸਨ। ਪੀ ਏ ਯੂ ਦੇ ਕੀਟ ਵਿਗਿਆਨਿਕਾਂ ਨੇ ਜ਼ਹਿਰਾਂ ਤੋਂ ਮੁਕਤ ਖੇਤੀ ਕਰਵਾਉਣ ਲਈ ਮਿੱਤਰ ਕੀੜਿਆਂ ਦੀ ਫੌਜ ਤਿਆਰ ਕੀਤੀ ਹੈ, ਜਿਹੜੀ ਖੇਤਾਂ ਵਿੱਚ ਜਾ ਕੇ ਦੁਸ਼ਮਣ ਕੀੜਿਆਂ ਨੂੰ ਮਾਰਨ ਦੇ ਨਾਲ ਹੀ ਫਸਲ ਦੇ ਝਾੜ ਵਿੱਚ ਵੀ ਵਾਧਾ ਕਰਦੀ ਹੈ। ਮਿੱਤਰ ਕੀੜਿਆਂ ਦੀ ਮਦਦ ਨਾਲ ਸਬਜ਼ੀਆਂ, ਦਾਲਾਂ, ਤੇਲ ਬੀਜ ਫਸਲਾਂ ਆਦਿ `ਤੇ ਛੱਡ ਕੇ ਕਈ ਸਫਲ ਨਤੀਜੇ ਮਿਲ ਚੁੱਕੇ ਹਨ। 252 ਕਿਸਮਾਂ ਨੂੰ ਮਿੱਤਰ ਕੀੜਿਆਂ ਦੇ ਰੂਪ ਵਿੱਚ ਵੇਖਿਆ ਗਿਆ ਹੈ। 63 ਜਾਤੀਆਂ ਦੀ ਪਹਿਚਾਣ ਫਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜਿਆਂ ਵਜੋਂ ਹੋਈ ਹੈ। ਸਭ ਤੋਂ ਪ੍ਰਮੁੱਖ 16 ਕੀੜਿਆਂ ਦੀਆਂ ਕਿਸਮਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਖੇਤੀ ਮਾਹਿਰ ਮਹਿਸੂਸ ਕਰਨ ਲੱਗ ਪਏ ਹਨ ਕਿ ਖੇਤੀ ਦੀ ਪੈਦਾਵਾਰ ਲਈ ਬੀਜ ਅਤੇ ਖਾਦਾਂ ਦੇ ਨਾਲ ਹੀ ਮਿੱਤਰ ਕੀੜਿਆਂ ਦੀ ਵੀ ਜ਼ਰੂਰਤ ਹੈ। ਫਸਲਾਂ ਦਾ ਨੁਕਸਾਨ ਕਰਨ ਵਾਲੇ ਕੀੜਿਆਂ ਦੇ ਖਾਤਮੇ ਲਈ ਖੇਤਾਂ ਵਿੱਚ ਮਿੱਤਰ ਕੀੜਿਆਂ ਲਈ ਆਲ੍ਹਣੇ ਤਿਆਰ ਕਰਕੇ ਉਨ੍ਹਾਂ ਵਿੱਚ ਛੱਡਿਆ ਜਾਂਦਾ ਹੈ। ਇਸ ਵਿਧੀ ਨੂੰ ਅਸੀਂ ਬਾਇਓ ਕੰਟਰੋਲ ਵੀ ਕਹਿੰਦੇ ਹਾਂ। ਮੈਂ ਆਪ ਇਸ ਵਿਸ਼ੇ ਤੇ ਤਜਰਬੇ ਕੀਤੇ ਸਨ। ਮਿੱਤਰ ਕੀੜੇ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਮਾਰਦੇ ਹੀ ਨਹੀਂ ਸਗੋਂ ਫੁੱਲਾਂ `ਤੇ ਇਹੋ ਜਿਹਾ ਰਸ ਛੱਡ ਜਾਂਦੇ ਹਨ, ਜਿਸ ਨਾਲ ਫਸਲ ਦਾ ਝਾੜ ਵੀ ਵਧਦਾ ਹੈ। ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਗੰਨੇ ਦੀ ਫਸਲ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਮਿੱਤਰ ਕੀੜੇ ਛੱਡੇ ਗਏ ਸਨ, ਜਿਥੇ ਬਿਨਾਂ ਦਵਾਈਆਂ ਤੋਂ ਫਸਲ ਪੈਦਾ ਕੀਤੀ ਗਈ। ਕੁਦਰਤੀ ਖੇਤੀ ਨਾਲ ਸੰਬੰਧਤ ਖਾਧ ਪਦਾਰਥਾਂ ਦਾ ਕਾਰੋਬਾਰ ਚਾਰ ਹਜ਼ਾਰ ਕਰੋੜ ਰੁਪਏ ਤਕ ਪਹੁੰਚ ਜਾਵੇਗਾ। ਹੁਣ ਕੁਦਰਤੀ ਢੰਗ ਨਾਲ ਪੈਦਾ ਕੀਤੇ ਜਾ ਰਹੇ ਉਤਪਾਦ ਸਿਰਫ ਬਰਾਮਦ ਤਕ ਹੀ ਸੀਮਤ ਨਹੀਂ ਰਹੇ। ਇਨ੍ਹਾਂ ਦਾ ਘਰੇਲੂ ਬਾਜ਼ਾਰ ਵੀ ਵਧ ਰਿਹਾ ਹੈ।
ਗੇਂਦਾ, ਨਿੰਮ, ਤਿੱਲ ਲੱਸਣ ਅੱਕ, ਧਤੂਰਾ, ਜ਼ਹਿਰੀਲੇ ਪੌਦਿਆਂ ਆਦਿ ਦੀ ਵਰਤੋਂ ਨਾਲ ਵੀ ਫ਼ਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਤੋਂ ਫ਼ਸਲਾਂ ਨੂੰ ਰਾਹਤ ਮਿਲ ਸਕਦੀ ਹੈ। ਅਜੇਹਾ ਤਜਰਬਾ ਮੈਂ ਤਿੱਲ ਨੂੰ ਭਿੰਡੀ ਚ ਬੀਜ ਕੇ ਜੜ੍ਹ ਰੋਗ ਲਈ ਕੀਤਾ ਸੀ। ਖੇਤੀਬਾੜੀ ਮਾਹਿਰਾਂ ਦੀ ਸਲਾਹ ਜੈਵਿਕ ਢੰਗਾਂ ਬਾਰੇ ਲਈ ਜਾ ਸਕਦੀ ਹੈ। ਜੈਵਿਕ ਢੰਗ ਨਾਲ ਪੈਦਾ ਕੀਤੀਆਂ ਵਸਤੂਆਂ ਸਿਹਤ ਲਈ ਤਾਂ ਸੁਰੱਖਿਅਤ ਹਨ ਹੀ ਇਸ ਦੇ ਨਾਲ ਨਾਲ ਇਹਨਾ ਵਿੱਚ ਪੌਸ਼ਟਿਕ ਤੱਤ ਬਰਕਰਾਰ ਰਹਿੰਦੇ ਹਨ ਅਤੇ ਇਹ ਵਧੇਰੇ ਸੁਆਦਲੀਆਂ ਵੀ ਹੁੰਦੀਆਂ ਹਨ। ਮੈਂ ਅਜਿਹਾ ਅੱਜਕਲ ਵੀ ਆਪਣੀ ਬਾਗਵਾਨੀ ਚ ਸਬਜ਼ੀਆਂ ਉਗਾ ਕੇ ਕਰਦਾ ਹਾਂ। ਕੰਪੋਸਟ ਆਪ ਤਿਆਰ ਕਰੀਦੀ ਹੈ। ਮੀਂਹ ਦਾ ਪਾਣੀ ਵਰਤਦੇ ਹਾਂ। ਦਵਾਈਆਂ ਕੋਲ ਹੋਣ ਕਰਕੇ ਵੀ ਨਹੀਂ ਵਰਤੀਦੀਆਂ। ਸਗੋਂ ਡੀਟਰਜਿੰਟਸ ਤੇ ਤੇਲ ਮਿਲਾ ਤੇਲਾ ਤੇ ਹੋਰ ਕੀੜੇ ਕੰਟਰੋਲ ਕਰਦਾ ਹਾਂ। ਇੰਜ਼ ਸ਼ਾਇਦ ਦੀਆਂ ਮੱਖੀਆਂ ਤੇ ਹੋਰ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਨਹੀਂ ਹੁੰਦਾ।
ਖੇਤੀਬਾੜੀ ਦੇ ਨਾਲ ਨਾਲ ਵਧੀਆ ਦੇਸੀ ਨਸਲ ਦੀਆਂ ਗਾਵਾਂ ਪਾਲੋ। ਇਹਨਾਂ ਦਾ ਗੋਬਰ ਅਤੇ ਮੂਤਰ ਨੂੰ ਇਹ ਆਪਣੀਆਂ ਫ਼ਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਵਜੋਂ ਵਰਤੋ। ਖੇਤੀ ਉਤਪਾਦ ਨੂੰ ਸਿਧੇ ਹੀ ਗਾਹਕ ਤਕ ਲੈਜਾ ਕੇ ਵੇਚੋ। ਹੋਟਲਾਂ, ਪੈਲਸਾਂ ਅਤੇ ਵਿਆਹ ਸ਼ਾਦੀਆਂ ਵਿੱਚ ਆਪਣੀਆਂ ਜਿਣਸਾਂ ਨੂੰ ਵੇਚੋ। ਕਣਕ, ਝੋਨਾ, ਬਾਸਮਤੀ, ਤਿੱਲ, ਬੈਂਗਣ, ਫੁੱਲ ਗੋਭੀ, ਗੰਢ ਗੋਭੀ, ਸ਼ਲਗ਼ਮ, ਪਾਲਕ, ਸਾਗ, ਚੁਕੰਦਰ, ਧਨੀਆਂ, ਮੇਥੀ, ਪਿਆਜ਼, ਟਮਾਟਰ, ਗਾਜਰ, ਆਲੂ, ਦੇਸੀ ਸਰੋਂ, ਅਲਸੀ, ਛੋਲੇ, ਕੱਦੂ, ਖੀਰਾ, ਲੱਸਣ ਆਦਿ ਦੀ ਖੇਤੀ ਕਰੋ। ਜ਼ਮੀਨ ਦੇ ਆਲੇ ਦੁਆਲੇ ਨਿੰਮ, ਫ਼ਾਲਸਾ, ਬੇੱਲ, ਅਰਜੁਨ, ਕੜ੍ਹੀ ਪੱਤਾ, ਅੱਕ, ਸਫੈਦਾ, ਜਾਮਣ, ਅੰਬ ਵੀ ਬੀਜੋ।
ਖੇਤ ਵਿੱਚ ਅਰਿੰਡ ਦਾ ਇੱਕ ਪੌਦਾ ਕਾਫੀ ਹੈ। ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਖਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਅਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫਸਲ ਉੱਤੇ ਅੰਡੇ ਦੇਣ ਦੀ ਬਜਾਏ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੇ ਹਨ। ਖੇਤ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ। ਜਿਸ ਪੱਤੇ `ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਅੰਡੇ ਨਜ਼ਰ ਆਉਣ ਉਸ ਪੱਤੇ ਦਾ ਉੰਨਾ ਭਾਗ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ। ਸੋ ਜੇ ਅੰਡੇ ਹੀ ਨਾ ਰਹਿਣਗੇ ਤਾਂ ਸੁੰਡੀ ਕਿੱਥੋਂ ਆਵੇਗੀ।ਇਸੇ ਤਰਾ ਖੇਤ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਅਟੈਕ ਨੂੰ 20 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।ਕੱਚਾ ਦੁੱਧ ਹਫ਼ਤੇ ਵਿੱਚ ਤਿੰਨ ਵਾਰ ਛਿੜਕਣ ਨਾਲ ਠੂਠੀ ਰੋਗ ਖਤਮ ਹੋ ਜਾਂਦਾ ਹੈ। ਚਿੱਟੀ ਫਟਕੜੀ ਬਹੁਤ ਵਧੀਆ ਜੰਤੂ ਅਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਨੂੰ ਖਤਮ ਕਰਦੀ ਹੈ। ਕੋਈ ਵੀ ਫਸਲ ਜਾਂ ਪੌਦਾ ਪੈਰ ਗਲਣੇ ਸ਼ੁਰੂ ਹੋਣ ਕਰਕੇ ਸੁਕਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਲਾਉਂਦੇ ਸਮੇਂ ਥੋੜ੍ਹੀ ਜਿਹੀ ਚਿੱਟੀ ਖੇਤ ਦੇ ਨੱਕੇ `ਤੇ ਰੱਖ ਦਿਓ ਫਾਇਦਾ ਹੋਵੇਗਾ। ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ `ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ। ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਬਗੀਚੀ ਵਿੱਚ 2-3 ਕਿਲੋ ਪਾਥੀਆਂ ਅਤੇ ਲੱਕੜੀ ਦੀ ਰਾਖ ਪਾਓ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ। ਗੋਹੇ ਨੂੰ ਪਤਲਾ ਘੋਲ ਕੇ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਦੀਆਂ ਜੜ੍ਹਾਂ ਕੋਲ ਪਾਓ। ਪੱਤਿਆਂ `ਤੇ ਪੈਣ ਵਾਲੇ ਧੱਬਿਆਂ ਤੋਂ ਛੁਟਕਾਰਾ ਮਿਲ ਜਾਏਗਾ।