ਮੀਡੀਆ ਬਣਾਏ ਲੋਕਾਂ ਨਾਲ ਨੇੜਤਾ -ਗੁਰਤੇਜ ਸਿੱਧੂ
Posted on:- 06-02-2016
ਅਜੋਕੇ ਦੌਰ ਅੰਦਰ ਤਕਨਾਲੋਜੀ ਦਾ ਬੇਹੱਦ ਵਿਕਾਸ ਹੋਇਆ ਹੈ। ਇਸ ਤਕਨਾਲੋਜੀ ਨੇ ਮੀਡੀਆ ਨੂੰ ਬਹੁਤ ਮਜ਼ਬੂਤ ਕੀਤਾ ਹੈ। ਦੂਰ ਦੁਰਾਡੇ ਦੀਆਂ ਘਟਨਾਵਾਂ ਮਿੰਟਾਂ ਵਿੱਚ ਕਵਰ ਕਰ ਲਈਆਂ ਜਾਂਦੀਆਂ ਹਨ ਅਤੇ ਪ੍ਰਸਾਰਿਤ ਵੀ ਕਰ ਦਿੱਤੀਆਂ ਜਾਂਦੀਆਂ ਹਨ, ਜੋ ਤਕਨਾਲੋਜੀ ਦੀ ਮੀਡੀਆ ਨੂੰ ਜੋ ਦੇਣ ਹੈ, ਉਸ ਦੀ ਕਹਾਣੀ ਬਾਖੂਬੀ ਬਿਆਨਦਾ ਹੈ। ਅਜੋਕਾ ਮੀਡੀਆ ਭਾਵੇਂ ਆਜ਼ਾਦ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਦੇ ਪੱਖਪਾਤੀ ਅਤੇ ਗੁਲਾਮੀ ਵਾਲੇ ਲੱਛਣ ਸਾਹਮਣੇ ਆਉਂਦੇ ਹਨ। ਕਾਫੀ ਨਿਊਜ ਚੈਨਲਾਂ ਅਤੇ ਅਖਬਾਰਾਂ ਉੱਪਰ ਇਹ ਇਲਜ਼ਾਮ ਲੱਗਦੇ ਹਨ ਕਿ ਉਹ ਸਿਰਫ ਕਿਸੇ ਖਾਸ ਨੂੰ ਤਰਜੀਹ ਦਿੰਦੇ ਹਨ ਤੇ ਬਾਕੀਆਂ ਨੂੰ ਅੱਖੋਂ ਓਹਲੇ ਕੀਤਾ ਜਾਂਦਾ ਹੈ। ਚੰਦ ਸਿੱਕਿਆਂ ਦੀ ਖਾਤਰ ਈਮਾਨ ਦੀ ਬਲੀ ਦਿੱਤੀ ਜਾਂਦੀ ਹੈ, ਜਿਸ ਕਾਰਨ ਮੀਡੀਆ ਦੀ ਸਾਰਥਿਕਤਾ ਉੱਪਰ ਕਿੰਤੂ-ਪ੍ਰੰਤੂ ਆਮ ਗੱਲ ਹੋ ਗਈ ਹੈ।
ਇਹ ਗੱਲ ਠੀਕ ਹੈ ਕਿ ਮੀਡੀਆ ਆਮ ਲੋਕਾਂ ਦੀ ਆਵਾਜ਼ ਦਾ ਜ਼ਰੀਆ ਸਮਝਿਆ ਜਾਂਦਾ ਹੈ ਅਤੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਆਈਨਾ ਲੋਕਾਂ ਨੂੰ ਵਿਖਾਉਂਦਾ ਹੈ। ਮੀਡੀਆ ਸਮਾਜਿਕ ਮਸਲਿਆਂ ਨੂੰ ਸਰਕਾਰੇ-ਦਰਬਾਰੇ ਪੇਸ਼ ਕਰਦਾ ਹੈ ਅਤੇ ਇਨ੍ਹਾਂ ਦੇ ਠੋਸ ਹੱਲ ਲਈ ਸਾਰਥਿਕ ਯਤਨ ਵੀ ਕਰਦਾ ਹੈ। ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਵਿੱਚ ਜਗਾਉਣ ਲਈ ਮੀਡੀਆ ਡੰਕੇ ਤੇ ਚੋਟ ਲਗਾਉਂਦਾ ਹੈ ਅਤੇ ਉਨ੍ਹਾਂ ਨੂੰ ਨੀਂਦ ਤੋਂ ਜਾਗਣ ਅਤੇ ਲੋਕਾਈ ਦੇ ਮਸਲਿਆਂ ਉੱਤੇ ਗੌਰ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ।
ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ, ਭਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਮੀਡੀਆ ਹਮੇਸ਼ਾਂ ਆਵਾਜ਼ ਬੁਲੰਦ ਕਰਦਾ ਹੈ। ਕਈ ਵਾਰ ਮੀਡੀਆ ਕਰਮੀ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਖਤਰਨਾਕ ਥਾਵਾਂ ‘ਤੇ ਕਵਰੇਜ ਕਰਦੇ ਹਨ। ਕਿੰਨੇ ਹੀ ਉਲਝੇ ਅਤੇ ਸੰਵੇਦਨਸ਼ੀਲ ਕੇਸਾਂ ਦਾ ਖੁਲਾਸਾ ਮੀਡੀਆ ਨੇ ਲੋਕਾਂ ਦੀ ਕਚਹਿਰੀ ਵਿੱਚ ਕੀਤਾ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਮੀਡੀਆ ਅਤੇ ਆਮ ਲੋਕਾਂ ਵਿਚਕਾਰ ਫਾਸਲਾ ਘੱਟ ਨਹੀਂ ਹੋ ਸਕਿਆ। ਇਸ ਲਈ ਮੀਡੀਆ ਕਦੇ ਲਤੀਫਾ ਅਤੇ ਕਦੇ ਖਲੀਫਾ ਹੋ ਨਿੱਬੜਦਾ ਹੈ।ਇਲੈਕਟ੍ਰਾਨਿਕ ਅਤੇ ਪਿ੍ਰੰਟ ਮੀਡੀਆ ਦੀ ਭਰਮਾਰ ਨੇ ਲੋਕ ਨੂੰ ਦੁਵਿੱਧਾ ਵਿੱਚ ਪਾ ਦਿੱਤਾ ਹੈ ਕਿ ਇਹ ਕਿਸ ਉੱਤੇ ਯਕੀਨ ਕਰਨ। ਸਨਸਨੀਖੇਜ ਖਬਰਾਂ ਅਤੇ ਭੜਕਾਊ ਭਾਸ਼ਾਵਾਂ ਦੀ ਪੇਸ਼ਕਾਰੀ ਨੇ ਸਮਾਜਿਕ ਵਾਤਾਵਰਣ ਨੂੰ ਨਿਘਾਰ ਦੇ ਕਿਨਾਰੇ ਪਹੁੰਚਾਇਆ ਹੈ। ਮੀਡੀਆ ਦੁਆਰਾ ਪਰੋਸੀ ਜਾ ਰਹੀ ਅਸ਼ਲੀਲਤਾ ਨੇ ਲੋਕਾਂ ਦਾ ਦਿਮਾਗ ਚਕਰਾ ਕੇ ਰੱਖ ਦਿੱਤਾ ਹੈ। ਇਸ਼ਤਿਹਾਰਾਂ ਬਲਕਿ ਹਰ ਜਗ੍ਹਾ ਅਸ਼ਲੀਲਤਾ ਦਾ ਬੋਲਬਾਲਾ ਹੈ। ਇਲੈਕਟ੍ਰਾਨਿਕ ਮੀਡੀਆ ਦੇ ਨਾਲ-ਨਾਲ ਪਿ੍ਰੰਟ ਮੀਡੀਆ ਵੀ ਇਸ ਪਾਸੇ ਤੇਜੀ ਨਾਲ ਵੱਧ ਰਿਹਾ ਹੈ।ਪਿ੍ਰੰਟ ਮੀਡੀਆ ਵਿੱਚ ਅਸ਼ਲੀਲ ਤਸਵੀਰਾਂ, ਖਬਰਾਂ ਤੇ ਹੋਰ ਸਮੱਗਰੀ ਲੋਕਾਂ ਲਈ ਪਰੋਸੀ ਜਾਂਦੀ ਹੈ, ਜਿਨ੍ਹਾਂ ਨੂੰ ਦੇਖ ਕੇ ਜਾਪਦਾ ਹੈ ਜਿਵੇਂ ਇਨ੍ਹਾਂ ਅਖੌਤੀ ਅਖਬਾਰਾਂ, ਮੈਗਜ਼ੀਨਾਂ, ਦਾ ਕੰਮ ਸਮਾਜ ਨੂੰ ਚੰਗੀ ਸੇਧ ਦੇਣ ਦੀ ਬਜਾਏ ਅੱਧ ਢਕੇ ਸਰੀਰਾਂ ਦੀ ਨੁਮਾਇਸ਼ ਕਰਦਾ ਹੋਵੇ। ਇਸ ਮਸਾਲੇਦਾਰ ਸਮੱਗਰੀ ਦਾ ਮਾੜਾ ਅਸਰ ਸਮਾਜ ਤੇ ਖਾਸ ਕਰਕੇ ਨੌਜਵਾਨਾਂ ਉੱਤੇ ਪੈ ਰਿਹਾ ਹੈ। ਅਜੋਕਾ ਮੀਡੀਆ ਸੰਜਮ ਤੋਂ ਕੋਹਾਂ ਦੂਰ ਚੱਲਾ ਗਿਆ ਹੈ ਅਤੇ ਮੁਕਾਬਲੇ ਦੀ ਦੌੜ ਵਿੱਚੋਂ ਦੁਨੀਆਂਤੋਂ ਅੱਗੇ ਨਿਕਲਣ ਲਈ ਹਰ ਜਾਇਜ਼-ਨਜਾਇਜ਼ ਕੰਮ ਕਰਨ ਨੂੰ ਤਿਆਰ ਹੈ। ਇਸ ਦਾ ਖਮਿਆਜਾ ਲੋਕਾਂ ਨੂੰ ਚੁਕਾਉਣਾ ਪਵੇਗਾ। ਕਈ ਵਾਰ ਮੀਡੀਆ ਗਲਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ ਅਤੇ ਲੋਕਾਂ ਦੀ ਇੱਜਤ ਨੂੰ ਉਛਾਲਦਾ ਹੈ। ਇਸ ਆਧਾਰ ‘ਤੇ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਅਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਜਾਂਦੀ ਹੈ।ਨਾਮੀ ਮੀਡੀਆ ਸੰਗਠਨਾਂ ਦੇ ਮੀਡੀਆ ਕਰਮੀਆਂ ਦੀ ਆਕੜ ਸੱਤਵੇਂ ਅਸਮਾਨ ਤੇ ਹੁੰਦੀ ਹੈ। ਆਮ ਜਨਤਾ ਉਨ੍ਹਾਂ ਲਈ ਕੀੜੇ-ਮਕੋੜੇ ਤੋਂ ਜ਼ਿਆਦਾ ਨਹੀਂ ਹੁੰਦੀ। ਆਮ ਲੋਕਾਂ ਨਾਲ ਤਾਂ ਇਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ। ਸਰਮਾਏਦਾਰਾਂ ਦੇ ਕੁੱਤੇ ਨੂੰ ਬੁਖਾਰ ਜਾਂ ਗੁੰਮ ਹੋ ਗਿਆ ਹੋਵੇ ਤਾਂ ਖਬਰ ਜ਼ਰੂਰ ਨਸ਼ਰ ਹੁੰਦੀ ਹੈ। ਕਿਸੇ ਫਿਲਮੀ ਹਸਤੀ ਨੂੰ ਜ਼ੁਕਾਮ ਵੀ ਹੋ ਗਿਆ ਹੋਵੇ ਤਾਂ ਖਬਰ ਪ੍ਰਸਾਰਤ ਹੁੰਦੀ ਹੈ, ਪਰ ਆਮ ਲੋਕਾਂ ਦੇ ਮੁੱਦੇ ਦੀ ਖਬਰ ਲਈ ਸੌ ਸਵਾਲ ਕੀਤੇ ਜਾਂਦੇ ਹਨ।ਜੇਕਰ ਉਹ ਖਬਰ ਕਿਸੇ ਉੱਚੀ ਪਹੁੰਚ ਵਾਲੇ ਦੇ ਖਿਲਾਫ ਹੋਵੇ ਤਾਂ ਆਦਮੀ ਇਸ ਖਬਰ ਨੂੰ ਲੱਭਦਾ ਹੀ ਰਹਿ ਜਾਂਦਾ ਹੈ ਤੇ ਉਹ ਖਬਰ ਨਸ਼ਰ ਹੋਏ ਬਿਨਾਂ ਮੀਡੀਆ ਦੀਆਂ ਫਾਈਲਾਂ ਵਿੱਚੋਂ ਗਾਇਬ ਹੋ ਜਾਂਦੀ ਹੈ ਜਿਵੇਂ ਲੋਕਾਂ ਦੇ ਦਿਲ ਦਿਮਾਗ ਵਿੱਚੋਂ ਨੈਤਿਕਤਾ ਗਾਇਬ ਹੋ ਰਹੀ ਹੈ।ਜ਼ਿਆਦਾਤਰ ਅਖਬਾਰਾਂ ਵਿੱਚ ਉੱਭਰਦੇ ਲੇਖਕਾਂ ਨਾਲ ਮਤਰੇਆਂ ਜਿਹਾ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਨੂੰ ਦੇਖਿਆ ਤੱਕ ਨਹੀਂ ਜਾਂਦਾ ਤੇ ਸਿੱਧੇ ਕੂੜੇਦਾਨ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਰੁਤਬੇ ਵਾਲੇ ਅਤੇ ਨਾਮੀ ਲੋਕਾਂ ਦੀਆਂ ਰਚਨਾਵਾਂ ਝੱਟ ਛਾਪ ਦਿੱਤੀਆਂ ਜਾਂਦੀਆਂ ਹਨ, ਜਿਸ ਦਾ ਇੱਕ ਵਾਰ ਨਾਂਅ ਚੱਲ ਗਿਆ। ਬੱਸ ਉਸ ਦੀਆਂ ਰਚਨਾਵਾਂ ਦਾ ਹੜ੍ਹ ਆ ਜਾਂਦਾ ਹੈ। ਭਾਵੇਂ ਉਹ ਸਾਰਥਿਕ ਵੀ ਨਾ ਹੋਣ। ਇਹ ਹੋ ਸਕਦਾ ਹੈ ਇੱਕ ਆਮ ਜਿਹੇ ਬੰਦੇ ਨੇ ਜਿਸ ਵਿਸ਼ੇ ਤੇ ਆਪਣੇ ਵਿਚਾਰ ਦਿੱਤੇ ਹੋਣ ਉਹ ਸਮਾਜਿਕ ਕੁਰੀਤੀਆਂ ਨੂੰ ਕਾਬੂ ਕਰਨ ਜਾਂ ਕਿਸੇ ਗੰਭੀਰ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਲਈ ਲਾਹੇਵੰਦ ਸਿੱਧ ਹੋਣ। ਮੀਡੀਆ ਨੂੰ ਹੈਂਕੜ ਛੱਡ ਕੇ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ। ਇਸ ਗੱਲ ਨੂੰ ਸਮਝਿਆ ਜਾਵੇ ਕਿ ਸਾਡਾ ਵਜੂਦ ਲੋਕਾਂ ਕਰਕੇ ਹੀ ਹੈ। ਜੇਕਰ ਲੋਕ ਅਰਸ਼ ‘ਤੇ ਚੜ੍ਹਾ ਸਕਦੇ ਹਨ ਤਾਂ ਫਰਸ਼ ਤੇ ਲਾਹੁਣਾ ਵੀ ਕੋਈ ਵੱਡੀ ਗੱਲ ਨਹੀਂ ਹੈ।ਅਜੋਕੀ ਲੋੜ ਹੈ ਕਿ ਮੀਡੀਆ ਆਪਣੀ ਸਮਾਜ, ਦੇਸ਼ ਪ੍ਰਤੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਬਾਖੂਬੀ ਨਿਭਾਏ। ਕਲਮ ਦੀ ਤਾਕਤ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ। ਇਸ ਕਲਮ ਦੀ ਤਾਕਤ ਦਾ ਉਪਯੋਗ ਕੇਵਲ ਸਾਰਥਿਕ ਪੱਖ ‘ਤੇ ਹੀ ਕੀਤਾ ਜਾਣਾ ਚਾਹੀਦਾ ਹੈ। ਹਰ ਖਬਰ ਨਸ਼ਰ ਕਰਨ ਤੋਂ ਪਹਿਲਾਂ ਘੋਖ-ਪੜਤਾਲ ਹੋਵੇ ਅਤੇ ਲੋਕਾਂ ਨੂੰ ਸਨਸਨੀ ਦਾ ਸ਼ਿਕਾਰ ਨਾ ਬਣਾਇਆ ਜਾਵੇ। ਆਮ ਲੋਕਾਂ ਨਾਲ ਸਬੰਧਿਤ ਮਸਲਿਆਂ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਤੇ ਵਧੀਆ ਤਰੀਕੇ ਨਾਲ ਹੋਵੇ ਤਾਂ ਜੋ ਆਮ ਲੋਕਾਂ ਅਤੇ ਮੀਡੀਆ ਵਿਚਕਾਰ ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਭਾਵਨਾ ਵੱਧੇ ਜੋ ਬੇਹੱਦ ਜ਼ਰੂਰੀ ਹੈ। ਮੀਡੀਆ ਅਤੇ ਲੋਕਾਂ ਵਿਚਕਾਰ ਤਾਲਮੇਲ ਕਾਇਮ ਹੋਵੇ ਜੋ ਸਮਾਜ ਦੇ ਬੁਨਿਆਦੀ ਢਾਂਚੇ ਨੂੰ ਬਰਕਰਾਰ ਰੱਖਣ ਲਈ ਲਾਜ਼ਮੀ ਹੈ। ਬੇਤੁਕੀਆਂ ਖਬਰਾਂ ਜਾਂ ਹੋਰ ਕਾਰਨਾਂ ਕਰਕੇ ਮੀਡੀਆ ਸਮਾਜ ਵਿੱਚ ਹਾਸੇ ਦਾ ਪਾਤਰ ਨਾ ਬਣੇ, ਬਲਕਿ ਰੱਬ ਰੂਪ ਬਣ ਕੇ ਲੋਕਾਂ ਸਾਹਮਣੇ ਆਵੇ। ਮੀਡੀਆ ਦੀ ਲੋਕਾਂ ਨਾਲ ਨੇੜਤਾ ਕਾਇਮ ਹੋਵੇ। ਦੋਵਾਂ ਧਿਰਾਂ ਨੂੰ ਸਾਰਥਿਕ ਕਦਮ ਚੁੱਕਣ ਦੀ ਅਹਿਮ ਲੋੜ ਹੈ, ਜੋ ਸਮਾਜ ਹਿੱਤਕਾਰੀ ਹੋਵੇਗੀ।ਸੰਪਰਕ: +91 94641 72783