ਰਾਜਸੀ ਬੇਚੈਨੀ ਦੇ ਆਲਮ ‘ਚੋਂ ਗੁਜ਼ਰ ਰਿਹਾ ਪੰਜਾਬ -ਹਰਜਿੰਦਰ ਸਿੰਘ ਗੁਲਪੁਰ
Posted on:- 04-02-2016
ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਅਤੇ ਕਾਂਗਰਸ ਦੀਆਂ ਸਥਿਰ ਸਰਕਾਰਾਂ ਰਹੀਆਂ ਹਨ।ਇਸ ਦੇ ਬਾਵਯੂਦ ਪੰਜਾਬ ਦੇ ਹਰ ਖੇਤਰ ਵਿੱਚ ਨਿਘਾਰ ਆਉਂਦਾ ਰਿਹਾ ਹੈ।ਪੰਜਾਬ ਨੂੰ ਤਰੱਕੀ ਯਾਫਤਾ ਸੂਬਾ ਬਣਾਉਣ ਲਈ ਨਾ ਕਿਸੇ ਦੀ ਨੀਅਤ ਸਾਫ ਸੀ ਅਤੇ ਨਾ ਕਿਸੇ ਕੋਲ ਕੋਈ ਠੋਸ ਯੋਜਨਾਬੰਦੀ।ਆਪਣੇ ਦਮ ਤੇ ਸਰਕਾਰਾਂ ਬਣਾਉਣ ਦੇ ਬਾਵਯੂਦ ਸਤਾਧਾਰੀ ਪਾਰਟੀਆਂ ਰਾਜਨੀਤਕ ਇੱਛਾ ਸ਼ਕਤੀ ਜੁਟਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ।ਪੰਜਾਬ ਨੂੰ ਲੀਹ ਤੇ ਲਿਆਉਣ ਦੀ ਥਾਂ ਇਹ ਪਾਰਟੀਆਂ ਆਪੋ ਆਪਣਾ ਵੋਟ ਬੈਂਕ ਸਾਂਭਣ ਦੀ ਗਰਜ ਨਾਲ ਹੁਣ ਤੱਕ ਬਜ਼ਾਰੂ ਕਿਸਮ ਦੀ ਰਾਜਨੀਤੀ ਕਰਦੀਆਂ ਰਹੀਆਂ ਹਨ।ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਉਪਰੋਕਤ ਪਾਰਟੀਆਂ ਆਪੋ ਆਪਣੇ ਧਾਰਮਿਕ ਪੱਤੇ ਖੇਡਣ ਨੂੰ ਤਰਜੀਹ ਦਿੰਦੀਆਂ ਰਹੀਆਂ ਹਨ।ਆਮ ਲੋਕਾਂ ਦੇ ਬੁਨਿਆਦੀ ਮਸਲੇ ਉਥੇ ਹੀ ਖੜੇ ਹਨ ਜਿਥੇ ਤਿੰਨ ਦਹਾਕੇ ਪਹਿਲਾਂ ਖੜੇ ਸਨ।ਪੰਜਾਬ ਸਿਰ ਸਵਾ ਲੱਖ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਤੋਂ ਇਲਾਵਾ ਇੱਥੋਂ ਦੇ ਕਿਸਾਨਾਂ ਮਜ਼ਦੂਰਾਂ ਦਾ ਵਾਲ ਵਾਲ ਕਰਜ਼ੇ ਨਾਲ ਵਿੰਨਿਆ ਹੋਇਆ ਹੈ, ਜਿਸ ਦੇ ਫਲਸਰੂਪ ਉਹਨਾਂ ਦੀਆਂ ਖੁਦਕਸ਼ੀਆਂ ਦੀ ਦਰ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ।
ਕਾਂਗਰਸ ਅਕਾਲੀ ਰਾਜਸੀ ਅਤੇ ਧਾਰਮਿਕ ਖੇਤਰ ਵਿੱਚ ਬਹੁ ਗਿਣਤੀ ਲੋਕ ਸੇਵਾ ਦੇ ਨਾਮ ਹੇਠ ਲੁੱਟ ਖਸੁੱਟ ਕਰਨ ਆਉਂਦੇ ਹਨ।ਆਰਥਿਕ ਅਤੇ ਸਿਹਤ ਪੱਖੋਂ ਪੰਜਾਬ ਦਾ ਇੱਕ ਤਰ੍ਹਾਂ ਨਾਲ ਲੱਕ ਤੋੜ ਦਿੱਤਾ ਗਿਆ ਹੈ। ਸੂਬੇ ਦਾ ਮੁਢਲਾ ਢਾਂਚਾ ਬੁਰੀ ਤਰ੍ਹਾਂ ਚਰ ਮਰਾ ਕੇ ਰਹਿ ਗਿਆ ਹੈ।ਜੀਵਨ ਦੀਆਂ ਮੁੱਢਲੀਆਂ ਲੋੜਾਂ ਸਿਹਤ ਅਤੇ ਸਿੱਖਿਆ ਦਾ ਬੁਰਾ ਹਾਲ ਹੈ।
ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ ਅਤੇ ਸਰਕਾਰੀ ਹਸਪਤਾਲ ਡਾਕਟਰਾਂ ਤੋਂ ਵਿਤੋਂ ਬਾਹਰੀਆਂ ਫੀਸਾਂ ਕਾਰਨ ਨਿੱਜੀ ਅਦਾਰਿਆਂ ਵਿੱਚ ਇਲਾਜ ਕਰਾਉਣਾ ਅਤੇ ਆਪਣੇ ਬੱਚਿਆਂ ਨੂੰ ਪੜਾਉਣਾ ਆਮ ਆਦਮੀ ਦੇ ਵੱਸ ਵਿੱਚ ਨਹੀਂ ਰਿਹਾ।ਕਿਸਾਨੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਨ ਕਿਸਾਨ ਖੇਤੀ ਸੈਕਟਰ ਵਿੱਚੋਂ ਨਿਕਲ ਕੇ ਮਜ਼ਦੂਰੀ ਕਰਨ ਚੱਲੇ ਸੀ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਮਜ਼ਦੂਰਾਂ ਦਾ ਅਧਾਰ ਉਦਯੋਗ ਵੀ ਪੰਜਾਬ ਵਿੱਚੋਂ ਬਹਰਲੇ ਰਾਜਾਂ ਵਲ ਤਬਦੀਲ ਹੋ ਰਿਹਾ ਹੈ।ਛੋਟੀ ਕਿਸਾਨੀ ਖਤਮ ਹੋਣ ਦੀ ਕਗਾਰ ਤੇ ਖੜੀ ਹੈ।ਲਿੰਕ ਸੜਕਾਂ ਦਾ ਬੁਰਾ ਹਾਲ ਹੈ।ਇਹਦੇ ਵਾਰੇ ਸੰਨ 1947 ਵਾਲੀ ਨੀਤੀ ਅਜੇ ਤੱਕ ਬਰਕਰਾਰ ਹੈ।ਲੱਗਦਾ ਹੈ ਕਿ ਅੰਗਰੇਜ਼ ਦੀ ਬਣਾਈ ਨੀਤੀ ਅਨੁਸਾਰ ਹੀ ਸਭ ਕੁਝ ਚੱਲ ਰਿਹਾ ਹੈ।ਜਿਹੜੇ ਲੋਕ ਉਸ ਸਮੇਂ ਦੇਸ਼ ਦੇ 'ਮੁਜ਼ਰਿਮ' ਸਨ ਅੱਜ ਉਹੀ ਲੋਕ ਸਰਕਾਰਾਂ ਚਲਾ ਰਹੇ ਹਨ।ਸ਼ਿਵਾਲਿਕ ਦੀਆਂ ਪਹਾੜੀਆਂ ਸਮੇਤ ਉਹਨਾਂ ਦੇ ਨਾਲ ਲੱਗਦਾ ਇਲਾਕਾ ਮਾਲ ਵਿਭਾਗ ਦੀਆਂ ਦਫਾਵਾਂ 4 ਅਤੇ 5 ਦੇ ਅਧੀਨ ਆਉਂਦਾ ਹੈ ਜਿਹਨਾਂ ਅਨੁਸਾਰ ਧਰਤੀ ਦੀ ਕੁਦਰਤੀ ਬਨਾਵਟ ਨਾਲ ਕੋਈ ਛੇੜ ਛਾੜ ਨਹੀਂ ਕਰ ਸਕਦਾ।ਇਹਨਾਂ ਦਫਾਵਾਂ ਦੇ ਬਾਵਯੂਦ ਧਾਰਮਿਕ,ਰਾਜਨੀਤਕ, ਉੱਚ ਅਧਿਕਾਰੀਆਂ ਅਤੇ ਹੋਰ ਰਸੂਖਦਾਰ ਲੋਕਾਂ ਨੇ ਸਾਰੀਆਂ ਪਹਾੜੀਆਂ ਰੋਲ ਕੇ ਰੱਖ ਦਿੱਤੀਆਂ ਹਨ।ਪਹਾੜੀਆਂ ਦੇ ਸਿਰ ਕਲਮ ਕਰਕੇ ਉਹਨਾਂ ਨੂੰ ਮੈਦਾਨਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।ਉਪਰੋਕਤ ਧਾਰਾਵਾਂ ਹੁਣ ਵੀ ਲਾਗੂ ਹੁੰਦੀਆਂ ਹਨ ਪਰ ਉਹਨਾਂ ਤੇ ਜੋ ਚੁੱਲਾ ਬਾਲਣ ਲਈ ਬਾਲਣ ਲੈਣ ਜਾਂਦੇ ਹਨ। ਅੱਜ ਜੋ ਪੰਜਾਬ ਦੀ ਹਾਲਤ ਹੈ ਇਸ ਲਈ ਪੂਰੀ ਵਿਵਸਥਾ ਦੇ ਨਾਲ ਨਾਲ ਸਾਡੀ ਰਾਜਨੀਤਕ ਸਥਿਤੀ ਸਭ ਤੋਂ ਵੱਧ ਜ਼ੁੰਮੇਵਾਰ ਹੈ।ਲੋਕ ਆਗੂਆਂ ਨੂੰ ਧਾਰਮਿਕ ਅਤੇ ਰਾਜਨੀਤਕ ਰੌਲ ਘਚੌਲੇ ਵਿੱਚ ਉਲਝਾ ਦਿੱਤਾ ਗਿਆ ਹੈ।ਕਨੂੰਨ ਲਾਗੂ ਕਰਨ ਵਾਲੀ ਸਰਕਾਰੀ ਮਸ਼ੀਨਰੀ ਦਾ ਹੇਠ ਤੋਂ ਲੈਕੇ ਉਪਰ ਤੱਕ ਸਿਆਸੀਕਰਨ ਕਰ ਦਿੱਤਾ ਗਿਆ ਹੈ।ਗੋਰੇ ਰਾਜ ਨੂੰ ਮੁੜ ਕੇ ਬਹਾਲ ਕਰਨ ਦੇ ਯਤਨ ਜਾਰੀ ਹਨ।ਅਫਸਰ ਸ਼ਾਹੀ ਰਾਜ ਕਰ ਰਹੀ ਹੈ ਅਤੇ ਲੋਕਾਂ ਦੇ ਚੁਣੇ ਹੋਏ ਪਰਤੀ ਨਿਧੀਆਂ ਨੂੰ ਪੰਗੂ ਬਣਾ ਦਿੱਤਾ ਗਿਆ ਹੈ।ਇਹੋ ਜਿਹੀ ਵਿਵਸਥਾ ਅਖੌਤੀ ਅਜਾਦ ਦੇਸ਼ ਅੰਦਰ ਬਣਾ ਦਿੱਤੀ ਗਈ ਹੈ ਜਿੱਥੇ ਤਕੜੇ ਦਾ ਸੱਤੀਂ ਵੀਹੀਂ ਸੌ ਹੋਵੇ।ਰਾਜ ਦੇ ਹਰ ਖੇਤਰ ਵਿੱਚ ਮਾਫੀਆ ਆਪਣੇ ਪੈਰ ਪਸਾਰ ਚੁੱਕਾ ਹੈ।ਖੱਡਾਂ ਖੂੰਜੇ ਖੰਘਾਲੇ ਜਾ ਰਹੇ ਹਨ।ਜਿਹੜੀ ਰੇਤ ਅਤੇ ਮਿੱਟੀ ਨੂੰ ਗਰੀਬ ਲੋਕ ਮੁਫਤ ਵਿੱਚ ਚੁੱਕ ਲਿਆਉਂਦੇ ਸਨ ਅੱਜ ਉਹੀ ਰੇਤ ਮਿੱਟੀ ਸੋਨੇ ਦੇ ਭਾਅ ਮਿਲ ਰਹੀ ਹੈ।ਪੰਜਾਬ ਵਿੱਚ ਕੁਝ ਕੁ ਸਾਲਾਂ ਤੋਂ ਮਾਈਨਿੰਗ ਮਹਿਕਮਾ ਅਚਾਨਕ ਹਰਕਤ ਵਿੱਚ ਆ ਕੇ ਰਸੂਖਦਾਰ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ ਹੈ।ਅੱਜ ਦੀ ਤਰੀਖ ਵਿੱਚ ਰੇਤ ਮਿੱਟੀ ਅਤੇ ਬਜਰੀ ਦੇ ਧੰਦੇ ਨੂੰ ਨੂੰ ਸਭ ਤੋਂ ਵੱਧ ਲਾਹੇਵੰਦ ਧੰਦਾ ਬਣਾ ਦਿੱਤਾ ਗਿਆ ਹੈ।ਕੁਰਸੀ ਨੂੰ ਸਲਾਮਤ ਰੱਖਣ ਵਾਸਤੇ ਮੁੱਦਾ ਹੀਣ ਸਿਆਸਤ ਕੀਤੀ ਜਾ ਰਹੀ ਹੈ।ਹੁਣ ਤੱਕ ਰਾਜ ਭਾਗ ਦੀਆਂ ਮਾਲਕ ਰਹੀਆਂ ਧਿਰਾਂ ਦਰਮਿਆਨ ਇੱਕ ਮੂਕ ਸਮਝੌਤਾ ਹੋੰਦ ਵਿੱਚ ਆ ਚੁੱਕਾ ਹੈ ਜਿਸ ਅਨੁਸਾਰ ਰਾਜ ਕਿਸੇ ਦਾ ਵੀ ਆਵੇ ਇੱਕ ਦੂਜੇ ਦੇ ਜਾਇਜ਼ ਨਾਜਾਇਜ਼ ਵਪਾਰਕ ਹਿਤਾਂ ਦਾ ਖਿਆਲ ਰੱਖਿਆ ਜਾਂਦਾ ਹੈ।ਭਾਵੇਂ ਵੱਖ ਵੱਖ ਪੱਧਰ ਤੇ ਚੋਣਾਂ ਕਰਵਾਉਣੀਆਂ ਕਿਸੇ ਵੀ ਸਰਕਾਰ ਦੀ ਸੰਵਿਧਾਨਕ ਮਜਬੂਰੀ ਹੁੰਦੀ ਹੈ, ਪਰ ਮੌਜੂਦਾ ਹਾਕਮ ਧਿਰ ਨੇ ਜਿਸ ਤਰ੍ਹਾਂ ਪੰਜਾਂ ਸਾਲਾਂ ਦੇ ਅਰਸੇ ਦੌਰਾਨ ਪੰਜ ਜਿਮਨੀ ਚੋਣਾਂ ਪੰਜਾਬੀਆਂ ਸਿਰ ਠੋਸੀਆਂ ਉਸ ਨੇ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੱਤਾ ਹੈ।ਸੋਸਲ ਮੀਡੀਆ ਦੀ ਬਦੌਲਤ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਅੰਦਰਖਾਤੇ ਸਾਂਝ ਦਾ ਹੀਜ ਪਿਆਜ ਆਮ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ ਜਿਹੜੀ ਕਸਰ ਰਹਿੰਦੀ ਹੈ ਉਹ ਆਗਾਮੀ ਵਿਧਾਨ ਸਭਾ ਚੋਣਾਂ ਆਉਂਦੇ ਆਉਂਦੇ ਪੂਰੀ ਹੋ ਜਾਣੀ ਹੈ।ਆਮ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜਦੋਂ ਹਰ ਕੋਈ ਜਾਣਦਾ ਹੈ ਕਿ ਜਿਮਨੀ ਚੋਣ ਵਿੱਚ ਹਾਕਮ ਧਿਰ ਨੂੰ ਹਰਾਉਣਾ ਬੇ ਹੱਦ ਮੁਸ਼ਕਿਲ ਹੁੰਦਾ ਹੈ ਤਾਂ ਫੇਰ ਕਾਂਗਰਸ ਪਾਰਟੀ ਨੇ ਕਿਉ ਆਪਣੇ ਵਿਧਾਇਕਾਂ ਤੋਂ ਵਾਰਵਾਰ ਅਸਤੀਫੇ ਦਿਵਾ ਕੇ ਜਿਮਨੀ ਚੋਣਾਂ ਲਈ ਮੈਦਾਨ ਤਿਆਰ ਕੀਤਾ?ਪੰਜਾਬ ਦੇ ਜਾਗਰੂਕ ਲੋਕ ਇਸ ਵਰਤਾਰੇ ਪਿੱਛੇ ਦੋਹਾਂ ਪਾਰਟੀਆਂ ਦਾ ਕੋਈ ਲੁਕਿਆ ਏਜੰਡਾ ਮਹਿਸੂਸ ਕਰਦੇ ਹਨ।ਦਿੱਲੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕ ਖਾਸ ਕਰਕੇ ਨੌਜਵਾਨ ਉਪਰੋਕਤ ਪਾਰਟੀਆਂ ਦੇ ਕਿਰਦਾਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗੇ ਹਨ ।ਲੋਕਾਂ ਦੀ ਮਾਨਸਿਕਤਾ ਵਿੱਚ ਆਇਆ ਇਹ ਮੋੜ 2017 ਦੀਆਂ ਚੋਣਾਂ ਦੌਰਾਨ ਨਿਰਣਾਇਕ ਭੂਮਿਕਾ ਨਿਭਾਉਣ ਦੇ ਕਾਬਲ ਬਣ ਸਕਦਾ ਹੈ।ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਦੇ ਅੰਦਰ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਪਰਖਿਆ ਹੈ।ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਹਲ ਸਾਬਤ ਹੋਈ ਹੈ।ਉਹ ਇਸੇ ਆਸ ਤੇ ਕੱਛਾੰ ਵਜਾਉਦੀ ਰਹੀ ਕਿ ਅਕਾਲੀ ਭਾਜਪਾ ਸਰਕਾਰ ਤੋਂ ਬੁਰੀ ਤਰ੍ਹਾਂ ਅੱਕੇ ਥੱਕੇ ਲੋਕ ਆਪਣੇ ਆਪ ਉਸ ਦੀ ਝੋਲੀ ਆ ਡਿਗਣਗੇ।ਕੁੱਝ ਸਮਾ ਪਹਿਲਾਂ ਕਾਂਗਰਸ ਦੇ ਖਾਬ ਖਿਆਲ ਵਿੱਚ ਵੀ ਨਹੀਂ ਸੀ ਉਹਨਾਂ ਦੀ 'ਉੱਤਰ ਕਾਟੋ ਮੈਂ ਚੜਾਂ' ਵਾਲੀ ਖੇਡ ਨੂੰ ਆਮ ਆਦਮੀ ਪਾਰਟੀ ਵਿਗਾੜ ਕੇ ਰੱਖ ਦੇਵੇਗੀ।ਜਿਥੇ ਕਾਂਗਰਸ ਪਾਰਟੀ ਦੇ ਸਾਰੇ ਸਮੀਕਰਨ ਧਰੇ ਧਰਾਏ ਰਹਿ ਗਏ, ਉੱਥੇ ਅਕਾਲੀ ਭਾਜਪਾ ਗੱਠਜੋੜ ਵੀ 'ਆਪ' ਤੋਂ ਘੱਟ ਪਰੇਸ਼ਾਨ ਨਹੀਂ ਹੈ।ਦਿੱਲੀ ਵਿਧਾਨ ਸਭਾਈ ਚੋਣਾਂ ਵਿੱਚ ਇਹ ਪਾਰਟੀਆਂ 'ਆਪ' ਦਾ ਜਲਵਾ ਚੰਗੀ ਤਰ੍ਹਾਂ ਦੇਖ ਚੁੱਕੀਆਂ ਹਨ।ਕੋਈ ਇਸ ਗੱਲ ਨਾਲ ਸਹਿਮਤ ਹੋਵੇ ਜਾ ਨਾ ਹੋਵੇ ਪਰ ਇਹ ਸੱਚ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਅੰਦਰ 'ਆਪ' ਦੀਆਂ ਜੜਾਂ ਲਾਉਣ ਵਿੱਚ ਅਰਵਿੰਦ ਕੇਜਰੀਵਾਲ ਦੀ ਸ਼ਖਸੀਅਤ ਦਾ ਵੱਡਾ ਰੋਲ ਹੈ।ਦਿੱਲੀ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਭਾਜਪਾ ਦੀ ਕੇਂਦਰ ਸਰਕਾਰ 'ਆਪ' ਸਰਕਾਰ ਨਾਲ ਕਰ ਰਹੀ ਹੈ ਅਤੇ ਕਾਂਗਰਸ ਪਾਰਟੀ ਅਸਿੱਧੇ ਢੰਗ ਨਾਲ ਉਸ ਦਾ ਸਾਥ ਦੇ ਰਹੀ ਹੈ ਉਸ ਦੇ ਫਲਸਰੂਪ ਪੰਜਾਬ ਦੇ ਲੋਕਾਂ ਦੀ ਹਮਦਰਦੀ ਕੇਜਰੀਵਾਲ ਨਾਲ ਵਧ ਰਹੀ ਹੈ ਅਤੇ ਪੰਜਾਬ ਅੰਦਰ 'ਆਪ' ਦਾ ਗਰਾਫ ਉਪਰ ਉਠ ਰਿਹਾ ਹੈ। ਪੰਜਾਬ ਦੇ ਲੋਕਾਂ ਦਾ ਦਿੱਲੀ ਨਾਲ ਡੂੰਘਾ ਸਬੰਧ ਹੋਣ ਕਰਕੇ ਉਹ ਉੱਥੇ ਹੁੰਦੀ ਹਰ ਚੰਗੀ ਮੰਦੀ ਘਟਨਾ ਤੋਂ ਪਰਭਾਵਿਤ ਹੁੰਦੇ ਆਏ ਹਨ।ਵਿਦੇਸ਼ ਵਸਦੇ ਪੰਜਾਬੀਆਂ ਦੀ ਵੱਡੀ ਗਿਣਤੀ ਆਪਣੇ ਸਕੇ ਸਬੰਧੀਆਂ ਅਤੇ ਮਿੱਤਰ ਮੇਲੀਆਂ ਨੂੰ 'ਆਪ' ਦੇ ਹੱਕ ਵਿੱਚ ਖੜਨ ਲਈ ਲਗਾਤਾਰ ਪਰੇਰ ਰਹੀ ਹੈ।ਕੇਜਰੀਵਾਲ ਨੇ ਰਾਜਨੀਤੀ ਨੂੰ ਦਿਲਚਸਪ ਮੋੜ ਤੇ ਲਿਆ ਖੜਾ ਕੀਤਾ ਹੈ।ਪੰਜਾਬ ਦੀ ਰਾਜਨੀਤੀ ਤੇ ਜੰਮਿਆ ਜਮੂਦ ਤਿੜਕ ਰਿਹਾ ਹੈ।ਤਿੰਨਾਂ ਪਾਰਟੀਆਂ ਲਈ ਇਸ ਵਕਤ 'ਆਪ' ਇੱਕ ਹਊਆ ਬਣੀ ਹੋਈ ਹੈ, ਜਿਸ ਨੂੰ ਆਪਣੇ ਰਾਹ ਵਿੱਚੋਂ ਪਾਸੇ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਵਾਸਤੇ ਤਿਆਰ ਹਨ।ਸੰਪਰਕ: +91 98722 38981