ਬਦਲੇ-ਬਦਲੇ ਸੇ ਕਿਉਂ ਨਜ਼ਰ ਆਏ ਜਨਾਬ? -ਰਣਜੀਤ ਲਹਿਰਾ
Posted on:- 27-01-2016
26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਦੇ ਮੌਕੇ ’ਤੇ ਪਾਰਲੀਮੈਂਟ ਵਿੱਚ ਦੋ ਰੋਜ਼ਾ ਵਿਸ਼ੇਸ਼ ਬਹਿਸ ਦਾ ਜਵਾਬ ਦਿੰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ‘ਬਦਲੇ ਬਦਲੇ’ ਨਜ਼ਰ ਆਏ। ਪ੍ਰਧਾਨ ਮੰਤਰੀ ਦੇ ਇਹਨਾਂ ਬਦਲੇ ਬਦਲੇ ਤੇਵਰਾਂ ਨੂੰ ਦੇਸ਼ ਦੇ ਅਨੇਕਾਂ ਸਿਆਸੀ ਵਿਸ਼ਲੇਸ਼ਕਾਂ ਨੇ ਨੋਟ ਕੀਤਾ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਬਦਲੇ ਤੇਵਰਾਂ ਦੇ ਅਰਥ ਆਪੋ-ਆਪਣੇ ਹਿਸਾਬ ਨਾਲ ਕੱਢੇ। ਵੈਸੇ, ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਮੱਲ ਮਾਰਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਮੋਦੀ ਸਾਹਿਬ ਨੇ ‘ਜਿੱਤ ਦੇ ਘੋੜੇ’ ਤੋਂ ਧਰਤੀ ’ਤੇ ਪੈਰ ਲਾਇਆ। ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਨੇ ਲੋਕ ਸਭਾ ਚੋਣਾਂ ਭਾਵੇਂ ‘ਸਭ ਕਾ ਸਾਥ-ਸਭ ਕਾ ਵਿਕਾਸ’ ਦੇ ਨਾਅਰੇ ’ਤੇ ਜਿੱਤੀਆਂ ਸਨ। ਪਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਨਰਿੰਦਰ ਮੋਦੀ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ ਸੀ ਸਮਝੀ। ਗੱਲੀਂ-ਬਾਤੀਂ ਹੀ ਸਹੀ, 26 ਨਵੰਬਰ ਨੂੰ ਪਹਿਲੀ ਵਾਰ ‘ਸਭ ਕੇ ਸਾਥ’ ਦੀ ਲੋੜ ਮਹਿਸੂਸ ਕੀਤੀ, ਸੰਵਿਧਾਨ ਨੂੰ ਸਭ ਤੋਂ ਪਵਿੱਤਰ ਗ੍ਰੰਥ ਮੰਨਿਆ ਤੇ ਭਾਰਤ ਨੂੰ ਸਭ ਦਾ ਦੇਸ਼ ਹੋਣਾ ਪ੍ਰਵਾਨ ਕੀਤਾ। ਸਿਰਫ਼ ਇੰਨਾ ਹੀ ਨਹੀਂ, ਮੋਦੀ ਸਾਹਿਬ ਨੇ ਪਾਰਲੀਮੈਂਟ ਦੇ ਸਰਦ ਰੱਤ ਸੈਸ਼ਨ ਦੇ ਸ਼ੁਰੂ ’ਚ ‘ਮੈਡਮ ਜੀ’ (ਸੋਨੀਆ ਗਾਂਧੀ) ਤੇ ਮਨਮੋਹਨ ਸਿੰਘ ਨੂੰ ਚਾਹ ’ਤੇ ਵੀ ਬੁਲਾਇਆ।
ਮੋਦੀ ਸਾਹਿਬ ਦੇ ਬਦਲੇ-ਬਦਲੇ ਤੇਵਰਾਂ ਨੂੰ ਨੋਟ ਕਰਨ ਵਾਲੇ ਬਹੁਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਲਾਲੂ-ਨਿਤੀਸ਼ ਵੱਲੋਂ ਦਿੱਤੀ ਭੁਆਟਣੀਂ ਨੇ ਮੋਦੀ ਸਾਹਿਬ ਨੂੰ ਧਰਤੀ ’ਤੇ ਪੱਬ ਲਾਉਣ ਲਈ ਮਜ਼ਬੂਰ ਕੀਤਾ ਹੈ।
ਉਨ੍ਹਾਂ ਦਾ ਕਥਨ ਹੈ ਕਿ ਫਰਵਰੀ, 2015 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਕੋਈ ਸਬਕ ਸਿੱਖਣ ਦੀ ਥਾਂ ਅਕਤੂਬਰ ਨਵੰਬਰ 2015 ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਮੁੜ ਆਪਣੇ ਲਈ ਵਕਾਰ ਦਾ ਸਵਾਲ ਬਣਾ ਲਿਆ। ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿਹੜੀ ਨਮੋਸ਼ੀ ਪ੍ਰਧਾਨ ਮੰਤਰੀ ਦੇ ਪੱਲੇ ਪਾਈ ਹੈ, ਸ਼ਾਇਦ ਉਹੋ ਉਨ੍ਹਾਂ ਦੇ ਬਦਲੇ ਹੋਏ ਤੇਵਰਾਂ ਦਾ ਰਾਜ਼ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਮੋਦੀ ਸਾਹਿਬ ਤੇ ਭਾਜਪਾ ਲਈ ਬਹੁਤ ਅਹਿਮ ਸਨ, ਖ਼ਾਸ ਕਰ ਰਾਜ ਸਭਾ ਵਿੱਚ ਬਹੁਮਤ ਹਾਸਿਲ ਕਰਨ ਦੇ ਪੱਖੋਂ। ਇਸੇ ਲਈ ਮੋਦੀ ਸਾਹਿਬ, ਭਾਜਪਾ ਤੇ ਫਿਰਕੂ-ਫਾਸ਼ੀ ਸੰਗਠਨ ਆਰ. ਐੱਸ. ਐੱਸ. ਨੇ ਬਿਹਾਰ ਜਿੱਤਣ ਲਈ ਸਾਰੀ ਤਾਕਤ ਝੋਕੀ। ਵੈਸੇ ਤਾ ਬੋਲਣ ਲੱਗਿਆਂ ਮੋਦੀ ਸਾਹਿਬ ਹੀ ਕੋਈ ਕਸਰ ਨਹੀਂ ਛੱਡਦੇ, ਰਹੀ ਸਹੀ ਕਸਰ ‘ਅਗਰ ਭਾਜਪਾ ਹਾਰੀ ਤੋ ਪਟਾਖੇ ਪਾਕਿਸਤਾਨ ਮੇਂ ਫੂਟੇਂਗੇ’ ਵਰਗੇ ਬਿਆਨ ਦਾਗ ਕੇ ਅਮਿਤ ਸ਼ਾਹ ਪੂਰੀ ਕਰਦਾ ਰਿਹਾ। ਜਦੋਂ ਭਾਜਪਾ ਦੀ ਫੱਟੀ ਪੋਚ ਦੇਣ ਵਾਲੇ ਨਤੀਜੇ ਆਏ ਤਾਂ ਪਟਾਖੇ ਪਾਕਿਸਤਾਨ ਵਿੱਚ ਫੁੱਟਣ ਦੀ ਥਾਂ ਲਾਲੂ-ਨਿਤਿਸ਼ ਅਤੇ ‘ਮਾਰਗ ਦਰਸ਼ਕ ਮੰਡਲ’ ਬਣਾ ਕੇ ਖੂੰਜੇ ਲਾਏ ਅਡਵਾਨੀ-ਜੋਸ਼ੀ ਹੋਰਾਂ ਦੇ ਵਿਹੜਿਆਂ ’ਚ ਫਟੇ। ਭਲੇ ਹੀ ਬਿਹਾਰ ਮੋਦੀ ਤੇ ਭਾਜਪਾ ਲਈ ਮਹੱਤਵਪੂਰਨ ਸੀ ਪਰ ਫਿਰ ਵੀ ਇਹ ਇੱਕ ਸੂਬੇ ਦੀ ਚੋਣ ਸੀ। ਜੇਕਰ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਦੇਸ਼ ਠੀਕ-ਠਾਕ ਚੱਲ ਰਿਹਾ ਜਾਪਦਾ ਹੋਵੇ, ਮਾਹੌਲ ਠੀਕ-ਠਾਕ ਹੋਵੇ ਤਾਂ ਇੱਕ ਸੂਬੇ ਦੀ ਚੋਣ ਵਿੱਚ ਹਾਰ ਪ੍ਰਧਾਨ ਮੰਤਰੀ ਲਈ ਜਾਂ ਦੇਸ਼ ਲਈ ਵੱਡਾ ਸਵਾਲ ਨਹੀਂ ਬਣ ਸਕਦੀ। ਚੋਣਾਂ ਵਿੱਚ ਜਿੱਤ-ਹਾਰ ਹੁੰਦੀ ਰਹਿੰਦੀ ਹੈ।
ਅਸਲ ਵਿੱਚ ਨਰਿੰਦਰ ਮੋਦੀ ਆਪਣੇ ਹੀ ਚੱਕਰਵਿਊ ’ਚ ਉਲਝ ਕੇ ਰਹਿ ਗਿਆ। ਵੱਡੀਆਂ ਗੱਲਾਂ ਕਰਨ ਦਾ ਸ਼ੋਕੀਨ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਬਹੁਤ ਛੋਟੇ ਕੱਦ ਦਾ ਸਾਬਤ ਹੋਇਆ ਹੈ। ਹੋਰ ਤਾਂ ਹੋਰ ਉਹ ਆਪਣੀ ਪਿੱਠ ’ਤੇ ਖੜ੍ਹੀਆਂ ਤਾਕਤਾਂ ਨੂੰ ਵੀ ਖ਼ੁਸ਼ ਨਹੀਂ ਕਰ ਸਕਿਆ। ਲੋਕਾਂ ਨੂੰ ਖ਼ੁਸ਼ ਕਰ ਸਕਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਤਾਂ ਹਰ ਕੋਈ ਜਾਣਦਾ ਹੈ ਕਿ ਸ਼੍ਰੀ ਨਰਿੰਦਰ ਭਾਈ ਮੋਦੀ ਨੂੰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਪਦ ਲਈ ਉਮੀਦਵਾਰ ਬਣਾਉਣ ਤੋਂ ਲੈ ਕੇ ਵੱਡੇ ਬਹੁਮਤ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਵਿੱਚ ਦੋ ਸ਼ਕਤੀਸ਼ਾਲੀ ਧਿਰਾਂ ਦਾ ਵੱਡਾ ਰੋਲ ਸੀ। ਇੱਕ ਸੀ ਭਾਰਤ ਦਾ ਕਾਰਪੋਰੇਟ ਜਗਤ ਅਤੇ ਦੂਜੀ ਸੀ ਫਿਰਕੂ-ਫਾਸ਼ੀਵਾਦੀ ਤਾਕਤ ਆਰ.ਐੱਸ.ਐੱਸ.। ਗੁਜਰਾਤ ਦਾ ਮੁੱਖ ਮੰਤਰੀ ਰਹਿੰਦਿਆਂ ਨਰਿੰਦਰ ਮੋਦੀ ਨੇ ਇਨ੍ਹਾਂ ਦੋਵਾਂ ਤਾਕਤਾਂ ਦੀ ਭਰੋਸੇਯੋਗਤਾ ਹਾਸਿਲ ਕੀਤੀ ਸੀ। ਗੁਜਰਾਤ ਅੰਦਰ ਫਿਰਕੂ ਧਰੁਵੀਕਰਨ ਕਰਦਿਆਂ ਸੂਬੇ ਨੂੰ ‘ਹਿੰਦੂਤਵ ਦੀ ਪ੍ਰਯੋਗਸ਼ਾਲਾ’ ਬਣਾ ਕੇ ਅਤੇ ਸੰਨ 2002 ਵਿੱਚ ਗੋਧਰਾ ਕਾਂਡ ਦੇ ਬਹਾਨੇ ਮੁਸਲਿਮ ਭਾਈਚਾਰੇ ਦਾ ਕਤਲੇਆਮ ਕਰਵਾ ਕੇ ਨਰਿੰਦਰ ਮੋਦੀ ‘ਹਿੰਦੂ ਹਿਰਦੇ ਸਮਰਾਟ’ ਵਜੋਂ ਸੰਘ ਪਰਿਵਾਰ ਦੀ ਨਜ਼ਰ ’ਚ ਪ੍ਰਵਾਨ ਚੜ੍ਹਿਆ। ਦੂਜੇ ਪਾਸੇ ਟਰੇਡ ਯੂਨੀਅਨਾਂ ਤੇ ਜਨਤਕ ਸੰਗਠਨਾਂ ਦੇ ਜਥੇਬੰਦ ਵਿਰੋਧਾਂ ਨੂੰ ਨਿਰਦਈ ਢੰਗ ਨਾਲ ਕੁਚਲਦਿਆਂ ਉਦਾਰੀਕਰਨ ਦੀਆਂ ਨੀਤੀਆਂ ਲਈ ਜ਼ਮੀਨ ਤਿਆਰ ਕਰਕੇ ਅਤੇ ਕਾਰਪੋਰੇਟ ਘਰਾਣਿਆਂ ਲਈ ਗੁਜਰਾਤ ਨੂੰ ਲੁੱਟ ਦੀ ਮੰਡੀ ਬਣਾ ਕੇ ਨਰਿੰਦਰ ਮੋਦੀ ਅੰਬਾਨੀ, ਅਦਾਨੀ ਤੇ ਟਾਟੇ ਵਰਗੇ ਕਾਰਪੋਰੇਟ ਘਰਾਣਿਆਂ ਦਾ ਚਹੇਤਾ ਬਣ ਕੇ ਉੱਭਰਿਆ। ਸੰਨ 2014 ਦੀਆਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਵੇਲੇ ਨੂੰ ‘ਵਿਕਾਸ ਪੁਰਸ਼’ ਅਤੇ ‘ਗੁਜਰਾਤ ਮਾਡਲ’ ਦੇ ਸਿਰਜਕ ਵਜੋਂ ਮੋਦੀ ਦੀ ਤੂਤੀ ਬੋਲ ਰਹੀ ਸੀ। ਇੰਝ ਇਨ੍ਹਾਂ ਦੋਵੇਂ ਤਾਕਤਾਂ ਨੇ ਆਪੋ-ਆਪਣੇ ਹਿੱਤਾਂ ਲਈ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਵੱਲੋਂ ਤਾਜਪੋਸ਼ੀ ਲਈ ਆਪੋ-ਆਪਣੀ ਤਾਕਤ ਝੋਕ ਦਿੰਦੀ। ਸਮਾਜਸੇਵੀ ਸ਼ੰਗਠਨ ਦਾ ਚੋਲਾ ਪਾਈ ਫਿਰਦੇ ਸੰਘ ਨੇ ਆਪਣੇ ਸਾਰੇ ‘ਸਵੈਮ ਸਵੇਕ’ ਸਿਆਸਤ ’ਚ ਝੋਕ ਦਿੱਤੇ ਅਤੇ ਕਾਰਪੋਰੇਟ ਜਗਤ ਨੇ ਆਪਣਾ ਵਿਕਾਊ ਮੀਡੀਆ ਤੇ ਪੈਸਾ ਝੋਕ ਦਿੱਤਾ। ਇੰਝ ਵਕਤੀ ਤੌਰ ’ਤੇ ਕਾਰਪੋਰੇਟ ਪੂੰਜੀ ਤੇ ਫਿਰਕੂ-ਫਾਸ਼ੀ ਸੰਘ ਦੇ ਹਿੱਤ ਇੱਕ ਮਿੱਕ ਹੋ ਗਏ, ਮੋਦੀ ਦੋਵਾਂ ਦੀ ਲੋੜ ਬਣ ਗਿਆ। ਇਨ੍ਹਾਂ ਦੋਵਾਂ ਤਾਕਤਾਂ ਵੱਲੋਂ ਵਰਤੇ ਹਰ ਹਰਬੇ ਦੇ ਸਿੱਟੇ ਵੱਜੋਂ ਹਊਮੈ ਤੇ ਆਪਾਸ਼ਾਹ ਰੁਚੀਆਂ ਦਾ ਮਾਲਕ ਤੇ ਸੋਚ ਦਾ ਬੌਣਾ ਨਰਿੰਦਰ ਮੋਦੀ ਪਹਿਲੀ ਸੱਟੇ ਹੀ ਉਹ ਮੁਕਾਮ ਹਾਸਿਲ ਕਰ ਗਿਆ ਜਿਸ ਮੁਕਾਮ ’ਤੇ ਪਹੁੰਚਣ ਲਈ ਅਡਵਾਨੀ ਵਰਗਾ ਘਾਗ ਤੇ ਸ਼ਾਤਰ ਲੀਡਰ ਸਾਰੀ ਉਮਰ ‘ਅੱਡੀਆਂ ਕੂਚਦਾ’ ਰਿਹਾ।
ਕਾਰਪੋਰੇਟ ਸਰਮਾਏਦਾਰੀ ਅਤੇ ਫਿਰਕੂ-ਫਾਸ਼ੀ ਸੰਘ ਦੇ ਹਿੱਤ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਭਲੇ ਹੀ ਇੱਕ ਹੋ ਗਏ ਪਰ ਪ੍ਰਧਾਨ ਮੰਤਰੀ ਦੇ ਰੂਪ ’ਚ ਨਰਿੰਦਰ ਮੋਦੀ ਤੋਂ ਉਨ੍ਹਾਂ ਦੇ ਹਿੱਤ ਤੇ ਉਮੀਦਾਂ ਵੱਖੋ-ਵੱਖਰੀਆਂ ਸਨ। ਕਾਰਪੋਰੇਟ ਜਗਤ ਨੇ ਪ੍ਰਧਾਨ ਮੰਤਰੀ ਦੇ ਰੂਪ ’ਚ ਮੋਦੀ ਨੂੰ ‘ਵਿਕਾਸ ਪੁਰਸ਼’ ਵੱਜੋਂ ਚਿਤਵਿਆ ਸੀ ਤੇ ਉਹ ਚਾਹੁੰਦਾ ਸੀ ਕਿ ਆਲਮੀ ਮੰਦੀ ਦੇ ਇਨ੍ਹਾਂ ਦਿਨਾਂ ’ਚ ਨਰਿੰਦਰ ਮੋਦੀ ਕਿਰਤ ਤੇ ਮੰਡੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਉਦਾਰੀਕਰਨ ਤੇ ਵਿਕਾਸ ਦੀ ਗੱਡੀ ਲੀਹ ’ਤੇ ਲਿਆਵੇ। ਜਦੋਂ ਕਿ ਫਿਰਕੂ-ਫਾਸ਼ੀ ਵਿਚਾਰਧਾਰਾ ਨੂੰ ਪ੍ਰਣਾਇਆ ਸੰਘ ਤੇ ਉਸਦਾ ਕੋੜਮਾ ਨਰਿੰਦਰ ਮੋਦੀ ਨੂੰ ‘ਹਿੰਦੂ ਹਿਰਦੇ ਸਮਰਾਟ’ ਵੱਜੋਂ ਦੇਖਦਾ ਸੀ ਤੇ ਪ੍ਰਧਾਨ ਮੰਤਰੀ ਦੇ ਰੂਪ ’ਚ ਨਰਿੰਦਰ ਮੋਦੀ ਤੋਂ ਹਿੰਦੂ ਰਾਸ਼ਟਰ’ ਦੇ ਨਿਰਮਾਣ ਲਈ ਕੰਮ ਕਰਨ ਦੀਆਂ ਆਸਾਂ ਰੱਖਦਾ ਸੀ। ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋ ਕੇ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਇੰਝ ਪ੍ਰੋਜੈਕਟ ਕੀਤਾ ਜਿਵੇਂ ਉਹ ਜਾਦੂ ਦੀ ਛੜੀ ਘੁਮਾ ਕੇ ਸਭ ਨੂੰ ਖ਼ੁਸ਼ ਕਰ ਦੇਵੇਗਾ ਤੇ ਸਮੱਸਿਆਵਾਂ ਚੁਟਕੀ ਮਾਰ ਕੇ ਹੱਲ ਕਰ ਦੇਵੇਗਾ। ਪਰ ਕੁੱਝ ਹੀ ਮਹੀਨਿਆਂ ਦੇ ਅਮਲ ਨੇ ਮੋਦੀ ਸਾਹਿਬ ਨੂੰ ਭੰਡ ਤੇ ਜੁਮਲੇਬਾਜ਼ ਸਾਬਤ ਕੀਤਾ ਤੇ ਉਹ ਆਪਣੇ ਹੀ ਚੱਕਰਵਿਊ ’ਚ ਫਸ ਕੇ ਰਹਿ ਗਿਆ ਹੈ।
ਭਾਰਤ ਸਮੇਤ ਕਈ ਦੇਸ਼ਾਂ ਦੀਆਂ ਵਿੱਤ ਸੰਸਥਾਵਾਂ ਤੇ ਰੇਟਿੰਗ ਏਜੰਸੀਆਂ ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਦੀ ਅਲੋਚਨਾ ਕਰ ਚੁੱਕੀਆਂ ਹਨ। ਭਾਰਤ ਦਾ ਅਰਥਚਾਰਾ ਖੜੋਤ ਦਾ ਸ਼ਿਕਾਰ ਹੈ। ਅੰਕੜਿਆਂ ਦੀ ਜਾਦੂਗਿਰੀ ਦੇ ਬਾਵਜੂਦ ਹਕੀਕਤ ਇਹ ਹੈ ਕਿ ਸਨਅਤ ਤੋਂ ਲੈ ਕੇ ਖੇਤੀਬਾੜੀ ਤੱਕ ਸਾਰਾ ਅਰਥਚਾਰਾ ਸੰਕਟ ਦਾ ਸ਼ਿਕਾਰ ਹੈ। ਬਦੇਸ਼ ਦੌਰਿਆਂ ਦਾ ਸ਼ੋਕੀਨ ਪ੍ਰਧਾਨ ਮੰਤਰੀ ਮੋਦੀ ਜਦੋਂ ਪਿਛਲੇ ਦਿਨੀਂ ਬੈਕਾਂਕ ਵਿੱਚ ਭਾਰਤ ਦੇ ਆਲਮੀ ਤਾਕਤ ਬਣਨ ਦੀਆਂ ਫੜ੍ਹਾਂ ਮਾਰ ਰਿਹਾ ਸੀ ਐਨ ਉਸੇ ਦਿਨ ਭਾਰਤ ਦੇ ਰਿਜ਼ਰਵ ਬੈਂਕ ਦਾ ਗਵਰਨਰ ਰਘੂ ਰਾਮ ਰਾਜਨ ਆਰਥਿਕ ਵਿਕਾਸ ਪਹਿਲਾਂ ਮਿਥੇ ਟੀਚੇ ਨੂੰ ਘੱਟ ਕਰਨ ਦਾ ਐਲਾਨ ਕਰ ਰਿਹਾ ਸੀ। ਦੇਸ਼ ਦੇ ਅਰਥਚਾਰੇ ਦਾ ਸੰਕਟ ਹੱਲ ਹੋਣ ਦੀ ਬਜਾਇ ਇਸਦੇ ਵਧਣ ਦੇ ਆਸਾਰ ਵਧੇਰੇ ਹਨ। ਕੋਈ ਜਾਦੂਗਰੀ ਨਾ ਦਿਖਾ ਸਕਣ ਕਾਰਨ ਕਾਰਪੋਰੇਟ ਜਗਤ ਦਾ ਮੋਦੀ ਤੋਂ ਮੋਹ ਭੰਗ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਅਜਿਹੀ ਹਾਲਤ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਬੇਲਗਾਮ ਹੋਏ ਸੰਘ ਤੇ ਉਸਦੇ ਲਾਣੇ ਦਾ ਫਿਰਕੂ-ਫਾਸ਼ੀਵਾਦੀ ਏਜੰਡਾ, ਸਰਮਾਏਦਾਰੀ ਦੇ ਸ਼ਬਦਾਂ ’ਚ ‘ਦੇਸ਼ ਦੇ ਕਾਰੋਬਾਰੀ ਮਾਹੌਲ ਨੂੰ ਵਿਗਾੜ ਰਿਹਾ ਹੈ’।
ਪਰ ਮੋਦੀ ਸਰਕਾਰ ਬਣਨ ਤੋਂ ਬਾਅਦ ਆਪਣਾ ਫਿਰਕੂ ਫਾਸ਼ੀ ਏਜੰਡਾ ਲਾਗੂ ਕਰਨ ਲਈ ਸੰਘ ਪਰਿਵਾਰ ਏਨਾ ਉਤਾਵਲਾ ਹੈ ਕਿ ਉਸ ਵੱਲੋਂ ਇੱਕ ਤੋਂ ਬਾਅਦ ਦੂਜਾ ਮੁੱਦਾ ਉਠਾਉਂਦੇ ਹੋਏ ਦੇਸ਼ ਭਰ ਵਿੱਚ ਘੱਟ ਗਿਣਤੀ ਭਾਈਚਾਰਿਆਂ ਵਿੱਚ ਨਾ ਸਿਰਫ਼ ਖੌਫ਼ ਤੇ ਅਸਰੁੱਖਿਆ ਦਾ ਮਾਹੌਲ ਸਿਰਜ ਦਿੱਤਾ ਹੈ ਸਗੋਂ ਧਰਮ-ਨਿਰਪੱਖ, ਜਮਹੂਰੀ ਤੇ ਤਰਕਸ਼ੀਲ ਸੋਚਣੀ ਵਾਲੇ ਲੇਖਕਾਂ ਕਾਰਕੁੰਨਾਂ ’ਤੇ ਯੋਜਨਬੱਧ ਹਮਲੇ ਕਰਕੇ ਦੇਸ਼ ਦੇ ਧਰਮ ਨਿਰਪੱਖ ਖ਼ਾਸੇ ਨੂੰ ਖ਼ਤਰਾ ਖੜ੍ਹਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਠੀਕ ਇਹੋ ਮਾਹੌਲ ਹੈ, ਜਿਹੜਾ ਨਾ ਸਿਰਫ਼ ਦੇਸ਼ ਦੇ ਲੋਕਾਂ ਦੀ ਸਾਂਝ ਨੂੰ ਖ਼ਤਰਾ ਖੜ੍ਹਾ ਕਰ ਰਿਹਾ ਹੈ, ਸਗੋਂ ਸਰਮਾਏ ਦੇ ਹਿੱਤਾਂ ਲਈ ਲੋੜੀਂਦੇ ‘ਕਾਰੋਬਾਰੀ ਮਾਹੌਲ’ ਨੂੰ ਵਿਗਾੜ ਕੇ ਪੂੰਜੀ ਨਿਵੇਸ਼ ਨੂੰ ਢਾਹ ਲਾਉਣ ਤੱਕ ਜਾ ਪਹੁੰਚਿਆ ਹੈ। ਅਜਿਹੀ ਹਾਲਤ ਵਿੱਚ ਨਾ ਸਿਰਫ਼ ਸਰਮਾਏਦਾਰੀ ਦੀਆਂ ਸੰਸਥਾਵਾਂ ਸਗੋਂ ਖ਼ੁਦ ਭਾਜਪਾ ਦੇ ਅਰੁਣ ਸ਼ੋਰੀ ਵਰਗੇ ਨੇਤਾ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਬੋਲਣ ਲੱਗੇ ਹਨ। ਅਜਿਹੇ ਹਾਲਾਤ ’ਚ ਕਾਰਪੋਰੇਟ ਤਾਕਤਾਂ ਨੇ ਆਪਣੀ ਨਾਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਦੀ ਲਗਾਮ ਕੱਸਣੀ ਸ਼ੁਰੂ ਕਰ ਦਿੱਤੀ। ਕੁੱਲ ਮਿਲਾ ਕਿ ਇਹ ਸਾਰੇ ਹਾਲਾਤ ਹਨ ਜਿਨ੍ਹਾਂ ਦੇ ਸਦਕਾ ਮੋਦੀ ਸਾਹਿਬ ਬਦਲੇ ਬਦਲੇ ਨਜ਼ਰ ਆਏ।
ਸਿਰਫ ਏਨਾ ਹੀ ਨਹੀਂ 2015 ਦੇ ਇਨ੍ਹਾਂ ਅੰਤਲੇ ਦਿਨਾਂ ਤੱਕ ਪਹੁੰਚਦੇ-ਪਹੁੰਚਦੇ ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਸ਼ਹਿਰੀ ਮੱਧ ਵਰਗ ਸਮੇਤ ਮਿਹਨਤਕਸ਼ ਲੋਕਾਂ ਦੇ ਨੱਕੋਂ ਬੁੱਲ੍ਹੋਂ ਵੀ ਬੁਰੀ ਤਰ੍ਹਾਂ ਲਹਿ ਗਈ ਹੈ। ਮੋਦੀ ਸਰਕਾਰ ਦੇ ਕਾਲਾ ਧਨ ਵਾਪਸ ਲਿਆਉਣ ਦੇ, ਭਿ੍ਰਸ਼ਟਾਚਾਰ ਖ਼ਤਮ ਕਰਨ, ਸਵੱਸ਼ ਭਾਰਤ ਮਿਸ਼ਨ, ਜਨ-ਧਨ ਯੋਜਨਾ ਸਮੇਤ ਸਾਰੇ ਲਾਰਿਆਂ ਨਾਅਰਿਆਂ ਦੀ ਫੂਕ ਨਿਕਲ ਚੁੱਕੀ ਹੈ। ਆਉਣ ਵਾਲੇ ਦਿਨਾਂ ’ਚ ਮੋਦੀ ਸਰਕਾਰ ਨੂੰ ਲੋਕਾਂ ਦੇ ਤਿੱਖੇ ਰੋਹ-ਫੁਟਾਰਿਆਂ ਦਾ ਸਾਹਮਣਾ ਕਰਨਾ ਪਵੇਗਾ।