ਪੰਜਾਬ ਵਿੱਚ ਸਿਆਸੀ ਬਦਲ ਦੀਆਂ ਕੋਸ਼ਿਸ਼ਾਂ ਦੀ ਜ਼ਮੀਨੀ ਹਕੀਕਤ -ਤਨਵੀਰ ਕੰਗ
Posted on:- 24-01-2016
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਬੇਸ਼ੱਕ ਹਾਲੇ ਇੱਕ ਸਾਲ ਦੇ ਕਰੀਬ ਦਾ ਸਮਾਂ ਬਾਕੀ ਹੈ, ਪਰ ਪੰਜਾਬ ਵਿੱਚ ਹੁਣ ਤੋਂ ਹੀ ਸਿਆਸੀ ਪਾਰਟੀਆਂ ਵੱਲੋਂ 2017 ਵਿਧਾਨ ਸਭਾ ਦੇ ਮੱਦੇਨਜ਼ਰ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕਰੀਬਨ 9 ਕੁ ਸਾਲ ਦੇ ਸਮੇਂ ਤੋਂ “ਸੇਵਾ” ਦਾ ਸੁੱਖ ਮਾਣ ਰਹੀ ਰਾਜਸੀ ਧਿਰ ਨਾਲ ਲੋਕਾਂ ਦੇ ਗਿਲੇ ਸ਼ਿਕਵੇ ਅਤੇ ਨਰਾਜ਼ਗੀ,ਅਕਾਲੀ ਦਲ ਦੀ ਰਵਾਇਤੀ ਵਿਰੋਧੀ ਪਾਰਟੀ ਕਾਂਗਰਸ ਵਿੱਚ ਇਨ੍ਹਾਂ ਸਮਾਂ ਸੱਤਾ ਤੋਂ ਦੂਰੀ ਦੀ ਬੇਚੈਨੀ ਅਤੇ ਪੰਜਾਬ ਦੇ ਸਿਆਸੀ ਮੰਚ ਉਪਰ ਲੋਕ ਸਭਾ ਚੋਣਾਂ ਵਿੱਚ ਉਭਰੀ ਅਤੇ ਦਿੱਲੀ ਵਿੱਚ ਕ੍ਰਿਸ਼ਮਈ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਸ਼ਾਇਦ ਪੰਜਾਬ ਦੇ ਸਿਆਸੀ ਮੰਚ ਉਪਰ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਹਨ।
2017 ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਸੱਤਾ ਤੋਂ ਬਾਹਰ ਰਾਜਨੀਤਿਕ ਪਾਰਟੀਆਂ ਮੁਤਾਬਕ ਮੁੱਦਿਆ ਦੀ ਕੋਈ ਘਾਟ ਨਹੀਂ ਹੈ,ਉਹ ਪੰਜਾਬ ਦੀ ਡਾਵਾਡੋਲ ਆਰਥਿਕ ਸਥਿਤੀ, ਬੇਰੁਜ਼ਗਾਰੀ, ਨਸ਼ਿਆਂ ਦਾ ਮੁੱਦਾ, ਮੁੱਢਲੀਆਂ ਸੇਵਾਵਾਂ ਦਾ ਪੱਧਰ, ਕਿਸਾਨੀ ਦਾ ਮੁੱਦਾ,ਪੰਜਾਬ ਵਿਚਲੀ ਇੰਡਸਟਰੀ ਅਤੇ ਪੰਜਾਬ ਦੀ ਸਿਆਸਤ ਵਿਚਲੇ ਸ਼ਾਹੀ ਵੀ.ਆਈ.ਪੀ ਕਲਚਰ, ਮੁੱਕਦੀ ਗੱਲ ਕਿ ਪੰਜਾਬ ਵਿੱਚ ਸੱਤਾ ਤੋਂ ਬਾਹਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਸਭ ਨੂੰ ਆਧਾਰ ਬਣਾ ਕੇ ਪੰਜਾਬ ਵਿੱਚ ਸਿਆਸੀ ਬਦਲ ਦੀ ਗੱਲ ਕਰ ਰਹੀਆਂ ਹਨ।
ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਸਿਰਫ ਸੱਤਾਂ ਵਿਰੋਧੀ ਲਹਿਰ ਅਤੇ ਰੂਲਿਗ ਪਾਰਟੀ ਦੀਆਂ ਕਮੀਆਂ ਨੂੰ ਹੀ “ਆਪਣੀ ਵਾਰੀ ਪੱਕੀ ਹੈ” ਦਾ ਆਧਾਰ ਮੰਨ ਕੇ ਸੱਤਾ ਤੱਕ ਦਾ ਰਾਹ ਨਾਪਣ ਵਿੱਚ ਮਸਰੂਫ ਹਨ।ਇਸ ਤਰ੍ਹਾਂ ਦੀ ਸਿਆਸੀ ਵਿਉਂਤਬੰਦੀ ਇੱਕ ਪਾਰਟੀ ਲਈ ਤਾਂ ਸ਼ਾਇਦ ਸਫਲਤਾ ਦਾ ਤੁੱਕਾ ਬਣ ਵੀ ਜਾਵੇ,ਪਰ ਆਮ ਲੋਕਾਈ ਦਾ ਕੀ ਭਲਾ ਕਰੇਗਾ ਇਹ ਦੱਸਣ ਦੀ ਲੋੜ ਨਹੀਂ ਹੈ। ਗੱਲ ਬਹੁਤੀ ਦੂਰ ਦੀ ਨਹੀਂ ਹੈ 2012 ਵਿੱਚ ਪੰਜਾਬ ਵਿੱਚ ਸਿਆਸੀ ਬਦਲ ਦੇ ਮੁੱਖ ਝੰਡਾ-ਬਰਦਾਰਾਂ ਨੇ ਇਹ ਗੱਲ ਪੱਕੀ ਤਰ੍ਹਾਂ ਨਾਲ ਰੱਟ ਲਈ ਕਿ ਸਾਡੀ ਵਾਰੀ ਪੱਕੀ ਹੈ,ਇੱਕ ਖੂੰਡਾ ਲੈ ਕੇ ਸੱਤਾਧਾਰੀ ਲੀਡਰਾਂ ਦੇ ਵੱਟ-ਕੱਢਣ ਦੀਆਂ ਬੜਕਾਂ ਮਾਰਦਾ ਰਿਹਾ ਅਤੇ ਦੂਜਾ ਰੈਲੀਆਂ ਅਤੇ ਸ਼ੋਸ਼ਲ ਮੀਡੀਆਂ ਉਪਰ ਬੰਸਤੀ ਪੱਗ ਬੰਨ ਕੇ ਸ਼ਹੀਦਾ ਦੇ ਸੁਪਨਿਆਂ ਦੇ ਸਮਾਜ ਬਾਰੇ ਲੈਕਚਰਬਾਜ਼ੀ ਕਰਦਾ ਰਿਹਾ।ਪੰਜਾਬ ਦੇ ਉਲਝੇ ਹੋਏ ਮੁੱਦਿਆਂ ਬਾਰੇ ਆਪਣਾ ਏਜੰਡਾ ਸਪੱਸ਼ਟ ਕਰਨ ਜਾਂ ਖੁਦ ਨੂੰ ਉਨ੍ਹਾਂ ਦੇ ਹੱਲ ਕਰਨ ਦੇ ਯੋਗ ਸਾਬਤ ਕਰਨ ਦੀ ਕਿਸੇ ਨੇ ਲੋੜ ਨਾ ਸਮਝੀ ਅਤੇ ਸੱਤਾਧਾਰੀ ਪਾਰਟੀ ਨਿਰੀ ਆਟਾ-ਦਾਲ ਸਕੀਮ ਅਤੇ ਹੋਰ ਰਿਆਇਤਾਂ ਨਾਲ ਹੀ ਵਿਰੋਧੀ ਧਿਰਾਂ ਨੂੰ ਮਾਝ ਗਈ।
ਲ਼ੋਕ ਸਭਾ ਚੋਣਾਂ ਸਮੇਂ ਹੀ ਇਹ ਗੱਲ ਸਾਫ ਹੋ ਗਈ ਸੀ “ਆਪ” ਲਈ ਜੇ ਦਿੱਲੀ ਤੋਂ ਬਾਹਰ ਕਿਤੇ ਸਿਆਸੀ ਜ਼ਮੀਨ ਹੈ ਤਾ ਪੰਜਾਬ ਵਿੱਚ ਹੀ ਹੈ।ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਕਾਫੀ ਕੁਝ ਬਦਲ ਗਿਆਂ ਹੈ।ਪਾਰਟੀ ਦੇ ਪੰਜਾਬ ਦੇ ਦੋ ਐਮ.ਪੀ ਅਤੇ ਕੁਝ ਐਮ.ਪੀ ਦੀ ਚੋਣ ਲੜਨ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ।ਦੂਜੀਆਂ ਪਾਰਟੀਆਂ ਵਿੱਚੋ “ਸਾਫ” ਲੀਡਰ ਛਾਂਟ ਕੇ ਪਾਰਟੀ ਵਿੱਚ ਸ਼ਾਮਲ ਕੀਤੇ ਜਾ ਰਿਹੇ ਹਨ।ਪੰਜਾਬ ਵਿੱਚ ਪਾਰਟੀ ਦੇ ਸੰਗਠਨ ਲਈ ਜੋ ਫਾਰਮੂਲਾ ਇਜਾਦ ਕੀਤਾ ਗਿਆਂ ਹੈ,ਪਾਰਟੀ ਅਨੁਸਾਰ ਉਹ ਬੇਹੱਦ ਸਫਲ ਰਿਹਾ ਹੈ।ਪਰ ਇਸ ਦਾ ਅਸਲ ਪਤਾ ਤਾਂ ਐਮ.ਐਲ.ਏ ਦੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਲੱਗੇਗਾ ਕਿ ਇਸ ਸਭ ਨਾਲ ਪਾਰਟੀ ਨੇ ਕੀ ਖੱਟਿਆ ਅਤੇ ਕੀ ਗਵਾਇਆ ਹੈ। ਪਰ ਜਿਸ ਤਰ੍ਹਾਂ ਨਾਲ ਪਾਰਟੀ ਦਾ ਪੰਜਾਬ ਵਿੱਚ ਸੰਗਠਨ ਬਣਾਇਆਂ ਗਿਆ ਹੈ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਨਾਲ ਪਾਰਟੀ ਪੰਜਾਬ ਦੇ ਇੱਕਾ-ਦੁੱਕਾ ਵਿਧਾਨ ਸਭਾ ਹਲਕਿਆ ਵਿੱਚ ਰਵਾਇਤੀ ਪਾਰਟੀਆਂ ਦੇ ਮੋਜੂਦਾ ਲੀਡਰਾਂ ਸਾਹਵੇਂ ਬਰਾਬਰ ਕੱਦ ਦੀ ਲੀਡਰਸ਼ਿਪ ਖੜੀ ਕਰਨ ਵਿੱਚ ਨਾ-ਕਾਮਯਾਬ ਰਹੀ ਹੈ।
ਦੂਸਰੀਆਂ ਪਾਰਟੀਆਂ ਦੇ “ਸਾਫ” ਲੀਡਰਾਂ ਦੀ ਪਾਰਟੀ ਵਿੱਚ ਐਟਰੀ ਇਸ ਗੱਲ ਨੂੰ ਹੋਰ ਵੀ ਪੁਖਤਾ ਕਰਦੀ ਹੈ ਕਿ ਪਾਰਟੀ ਨਵੀ ਲੀਡਰਸ਼ਿੱਪ ਨੂੰ ਉਭਾਰਨ ਦੀ ਬਜਾਏ ਰੈਡੀਮੇਡ ਲੀਡਰਸ਼ਿਪ ਨਾਲ ਡੰਗ ਟੱਪਉਣ ਦੀ ਕੋਸ਼ਿਸ਼ ਵਿੱਚ ਹੈ।ਪਾਰਟੀ ਦੇ ਇਸ ਗੁੰਝਲਦਾਰ ਸੰਗਠਨ ਨੂੰ ਸੰਭਾਲਣ ਲਈ ਇਸ ਦੇ ਸਿਰ ਉਪਰ ਅਜੇ ਵਿਧਾਨ ਸਭਾ ਹਲਕਾ ਪੱਧਰ ਤੇ ਕੋਈ ਵੀ ਕੁੰਡਾ ਨਹੀਂ ਹੈ।ਪਾਰਟੀ ਦੇ ਅੱਲਗ ਅੱਲਗ ਵਿੰਗਾਂ ਦੇ ਇੰਚਰਾਜ ਸਿਰਫ ਸਰਕਲ ਲੈਵਲ ਉਪਰ ਹੀ ਹਨ ਜੋ ਕਿ ਇੱਕ ਵਿਧਾਨ ਸਭਾ ਹਲਕੇ ਨੂੰ ਅੱਗੇ ਕਈ ਹਿੱਸਿਆਂ ਵਿੱਚ ਵੰਡ ਕੇ ਬਣਾਇਆ ਗਿਆ ਹੈ,ਸ਼ਇਦ ਤਿੰਨ-ਤਿੰਨ ਵਿਧਾਨ ਸਭਾ ਹਲਕਿਆ ਨੂੰ ਜੋੜ ਕੇ ਸੈਕਟਰ ਇੰਚਰਾਜ ਲਗਾਏ ਗਏ ਹਨ।ਇਹ ਇੱਕ ਅਜਿਹਾ ਕੈਕਟਸ ਹੈ ਜਿਸ ਦੀ ਚੋਭ ਪਾਰਟੀ ਸ਼ਾਇਦ ਐਮ।ਐਲ।ਏ ਦੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਮਹਿਸੂਸ ਕਰੇ।ਦੂਜਾ ਆਪ ਖੁਦ ਨੂੰ ਸ਼ੰਘਰਸ਼ ਦੀ ਉਪਜ ਦੱਸਦੀ ਰਹੀ ਹੈ,ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਰਟੀ ਕੋਲ ਦਿੱਲੀ ਵਿੱਚ ਅਤੀਤ ਪਿੱਛੇ ਜਨ ਲੋਕਪਾਲ ਸ਼ੰਘਰਸ ਦਾ ਲੋਕ ਸਮਰਥਨ ਸੀ,ਪਰ ਪੰਜਾਬ ਵਿੱਚ ਪਾਰਟੀ ਅਜਿਹੀ ਕੋਈ ਵੀ ਐਜਟੀਸ਼ੇਨ ਖੜੀ ਨਹੀਂ ਕਰ ਸਕੀ।ਉਨ੍ਹਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਇੱਕ ਸ਼ੰਘਰਸ਼ ਉਲੀਕਣ ਦੀ ਵਿਉਤਬੰਦੀ ਜ਼ਰੂਰ ਹੋਈ ਜੋ ਕਿ ਹੋਟਲਾਂ ਵਿੱਚ ਕੀਤੀਆਂ ਮੀਟਿੰਗਾਂ ਅਤੇ ਦੋ ਚਾਰ ਹਲਕਿਆਂ ਵਿੱਚ ਕੀਤੇ ਰੈਲੀਨੁਮਾ ਪੋ੍ਰਗਰਾਮਾਂ ਦੀ ਭੇਟ ਚੜ ਗਈ।ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਆਪ ਦੇ ਯੂਥ ਵਿੰਗ ਵੱਲੋਂ ਬਾਦਲ ਸਰਕਾਰ ਵਿੱਚ ਮੰਤਰੀ ਤੋਂਤਾ ਸਿੰਘ ਦੇ ਖਿਲਾਫ ਚੰਡੀਗੜ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ,ਪਰ ਉਸ ਵਿਰੋਧ ਪ੍ਰਦਰਸ਼ਨ ਮਗਰੋ ਇਹ ਮੁੱਦਾ ਆਇਆਂ ਗਿਆ ਹੋ ਗਿਆ।ਕੁਲ ਮਿਲਾ ਕੇ ਆਪ ਅਜੇ ਤੱਕ ਆਪਣੀ ਲਈ ਸਿਆਸੀ ਜ਼ਮੀਨ ਸੱਤਾ ਵਿਰੋਧੀ ਲਹਿਰ ਅਤੇ ਪੰਜਾਬ ਵਿੱਚ ਤੀਜੇ ਬਦਲ ਦੀ ਸੰਭਵਾਨਾਂ ਵਿੱਚੋ ਹੀ ਤਲਾਸ਼ ਰਹੀ ਹੈ,ਸ਼ਾਇਦ ਆਉਣ ਵਾਲੇ ਦਿਨਾ ਵਿੱਚ ਉਹ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਆਪਣਾ ਕੋਈ ਸਾਫ ਸਪੱਸ਼ਟ ਪ੍ਰੋਗਰਾਮ ਪੇਸ਼ ਕਰੇ,ਜੇ ਉਹ ਅਜਿਹਾ ਨਾ ਕਰਕੇ ਕੁਝ ਕਾਗਜ਼ਾਂ ਨੂੰ ਇੱਕਠਾ ਕਰਕੇ ਚੋਣਾਂ ਦੇ ਦਿਨਾ ਵਿੱਚ ਉਸ ੳਪਰ ਚੋਣ ਮੈਨੀਫੈਸਟੋ ਲ਼ਿਖ ਕੇ ਪੰਜਾਬੀਆਂ ਅੱਗੇ ਰੱਖਦੀ ਹੈ ਅਤੇ ਵੱਡੇ ਵੱਡੇ ਇੱਕਠ ਰੈਲ਼ੀਆ ਕਰਕੇ ਸਿਰਫ ਵਿਰੋਧੀ ਧਿਰ ਉੋਪਰ ਨਿਸ਼ਾਨੇ ਸੇਧਣ ਤੱਕ ਸੀਮਤ ਰਹਿੰਦੀ ਹੈ ਤਾਂ 1989 ਤੋਂ ਬਾਅਦ ਰਵਾਇਤੀ ਪਾਰਟੀਆਂ ਖਿਲਾਫ ਤੀਜੇ ਬਦਲ ਲਈ ਉਭਰਿਆਂ ਇਹ ਲੋਕ ਰੋਹ ਵੀ ਸ਼ਾਇਦ ਆਜਾਈ ਚਲਾ ਜਾਵੇ।
ਦੂਜੇ ਪਾਸੇ ਦੇਖਿਆ ਜਾਵੇ ਤਾਂ ਦੋ ਵਾਰ ਵਿਧਾਨ ਸਭਾ ਵਿੱਚ ਸੱਤਾ ਧਿਰ ਨਾਲ ਆਡਾ ਲੈ ਚੁੱਕੇ ਕੈਪਟਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਬਾਹ ਮੌਰੜ ਕੇ ਸਹੀ ਤੀਜੀ ਵਾਰ ਫਿਰ ਮੈਦਾਨ ਵਿੱਚ ਹਨ।ਜਿੱਥੇ ਉਨ੍ਹਾਂ ਪਿੱਛੇ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਦੀ ਇੱਕ ਵੱਡੀ ਜਿੱਤ ਹੈ,ਉਥੇ ਹੀ ਉਹ ਇਸ ਵਾਰ ਪਹਿਲਾ ਨਾਲੋਂ ਕੁਝ ਬਦਲੇ ਬਦਲੇ ਨਜ਼ਰ ਆ ਰਿਹੇ ਹਨ,ਚਾਹੇ ਪਾਰਟੀ ਵਿਚਲੀ ਗੁੱਟਬਾਜ਼ੀ ਨਾਲ ਨਿੱਜਠਣ ਦਾ ਤਰੀਕਾ ਹੋਵੇ ਜਾਂ ਰਾਜਸੀ ਠਾਠ ਦਾ ਕੁਝ ਨਰਮ ਪੈਣਾ ਹੋਵੇ ਜਾਂ ਵਿਰੋਧੀ ਧਿਰ ਖਿਲਾਫ ਖੂੰਡੇ ਵਾਲੀ ਭਾਸ਼ਾ ਸਭ ਵਿੱਚ ਬਦਲਾਵ ਆਇਆ ਹੈ,ਪਰ ਇਸ ਵਾਰੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਲਈ ਸੱਤਾ ਧਿਰ ਦੇ ਨਾਲ ਨਾਲ ਆਪ ਵੀ ਇੱਕ ਵੱਡੀ ਸਮੱਸਿਆ ਹੈ, ਪਾਰਟੀ ਦੇ ਕੁਝ ਲੀਡਰਾਂ ਦੇ ਆਪ ਵਿੱਚ ਜਾਣਾ ਨਾਲ ਪਾਰਟੀ ਨੂੰ ਹੋ ਸਕਦਾ ਕੁਝ ਧੱਕਾ ਲੱਗਾ ਵੀ ਹੋਵੇ, ਪਰ ਇਸ ਗੱਲ ਨੂੰ ਲੈ ਕੇ ਸ਼ਾਇਦ ਪਾਰਟੀ ਨੂੰ ਤੱਸਲੀ ਵੀ ਹੋਵੇ ਕਿ ਟਿਕਟ ਲਈ ਤਰਲੋ-ਮੱਛੀ ਹੋਣ ਵਾਲਿਆਂ ਦੀ ਆਮ ਆਦਮੀ ਪਾਰਟੀ ਵਿੱਚ ਐਂਟਰੀ ਦੀ ਰਾਹ ਆਸਨ ਨਹੀਂ ਹੋਵੇਗੀ।ਜਿਥੋ ਤੱਕ ਪਾਰਟੀ ਦੇ ਸੰਗਠਨ ਦਾ ਸਵਾਲ ਹੈ ਪਾਰਟੀ ਕੋਲ ਹਰ ਹਲਕੇ ਵਿੱਚ ਆਪਣਾ ਰਵਾਇਤੀ ਕੇਡਰ ਤਾਂ ਮੋਜੂਦ ਹੈ,ਪਰ ਰਾਹੁਲ ਗਾਧੀ ਦੇ ਚੋਣਾਂ ਵਾਲੇ ਫਾਰਮੂਲੇ ਤੋਂ ਬਾਅਦ ਪੰਜਾਬ ਵਿੱਚ ਪਾਰਟੀ ਦੇ ਯੂਥ ਸੰਗਠਨ ਦੀ ਧਾਰ ਜ਼ਰੂਰ ਖੁੰਢੀ ਹੋ ਗਈ ਹੈ।
ਪਾਰਟੀ ਪਿਛਲੇ 9 ਸਾਲ ਤੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਹੈ,ਉਹ ਸਰਕਾਰ ਨੂੰ ਹਰ ਮੁੱਦੇ ੳਪਰ ਘੇਰਦੀ ਰਹੀ ਹੈ, ਉਸ ਦੇ ਸਾਬਕਾ ਪ੍ਰਧਾਨ ਬਾਜਵਾ ਅਤੇ ਵਿਰੋਧੀ ਧਿਰ ਦੇ ਲੀਡਰ ਜਾਖੜ ਪੂਰੀ ਤਰ੍ਹਾਂ ਹਮਲਾਵਰ ਰਹੇ ਹਨ।ਪਰ ਸੱਤਾ ਧਿਰ ਖਿਲਾਫ ਕਿਸਾਨ ਜਥੇਬੰਦੀਆਂ ਦੀ ਵੱਡੀ ਐਜਟੀਸੇਨ ਅਤੇ ਸਰਬਤ ਖਾਲਸਾ ਵਰਗੀਆਂ ਘਟਨਾਵਾਂ ਸ਼ਾਇਦ ਉਸ ਨਾਲੋ ਕਿਤੇ ਜਿਆਦਾ ਅਹਿਮ ਅਤੇ ਅਸਰਦਾਇਕ ਗਿਣੀਆਂ ਜਾ ਸਕਦੀਆਂ ਹਨ। ਉਜਾੜੇ ਮੂੰਹ ਪਈ ਕਿਸਾਨੀ ਇੱਕ ਵੱਡਾ ਮਸਲਾ ਹੈ,ਪਰ ਹਾਲ ਦੀ ਘੜੀ ਕਾਂਗਰਸ ਜਾਂ ਆਪ ਸਿਵਾਏ ਹਮਦਰਦੀ ਦੇ ਇਸ ਦੇ ਹੱਲ ਲਈ ਕੋਈ ਪ੍ਰੋਗਰਾਮ ਦੱਸਣ ਵਿੱਚ ਅਸਫਲ ਹਨ।ਕੁਲ ਮਿਲਾ ਕੇ ਕਾਂਗਰਸ ਦਾ ਸਾਰਾ ਜ਼ੋਰ ਵੀ ਸੱਤਾ ਵਿਰੋਧੀ ਲਹਿਰ ਦੇ ਇਵਜ਼ ਵਿੱਚ ਹੀ ਸਿਆਸੀ ਬਦਲ ਦੇ ਰੂਪ ਵਿੱਚ ਖੁਦ ਨੂੰ ਸਥਾਪਿਤ ਕਰਨ ਦਾ ਹੈ। ਇਸ ਸਭ ਤੋਂ ਇਲਾਵਾ ਦੋਆਬੇ ਵਿੱਚ ਚੰਗਾ ਅਸਰ ਰੱਖਣ ਵਾਲੀ ਬਹੁਜਨ ਸਮਾਜ ਪਾਰਟੀ ਅਤੇ ਕਾਮਰੇਡ ਧਿਰਾ ਕਿਸੇ ਦੀ ਹਮਾਇਤ ਵਿੱਚ ਆਉਂਦੀਆਂ ਹਨ ਜਾ ਨਹੀਂ ਅਜੇ ਇਸ ਨੂੰ ਲੈ ਕੇ ਕੁਝ ਵੀ ਸਾਫ ਨਹੀਂ ਹੈ।ਲੁਧਿਆਣੇ ਖੇਤਰ ਵਿੱਚ ਅਸਰ ਰੱਖਣ ਵਾਲੇ ਬੈਂਸ ਭਰਾਵਾਂ ਦੀ ਇਨਸਾਫ ਪਾਰਟੀ ਵੀ ਅਜੇ ਇੱਕਲੇ ਤੁਰਨ ਵਾਲੀ ਰਾਹ ਉਪਰ ਹੀ ਹੈ।ਪਰ ਪਿਛਲੀ ਵਾਰ ਦੇ ਤੀਜੀ ਧਿਰ ਦੇ ਝੰਡਾਬਰਦਾਰ ਮਨਪ੍ਰੀਤ ਬਾਦਲ ਆਪਣੀ ਪੀ.ਪੀ.ਪੀ ਖਤਮ ਕਰਕੇ ਕੁਝ ਦਿਨ ਪਹਿਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਜੇ ਅਕਾਲੀ ਦਲ ਬੀ.ਜੇ.ਪੀ. ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਦਬਾਅ ਹੇਠ ਚੱਲ ਰਹੀ ਅਕਾਲੀ ਦਲ ਨੇ ਸਦਭਾਵਨਾ ਰੈਲੀਆਂ ਰਾਹੀ ਲੋਕਾਂ ਦਾ ਮੁੜ ਯਕੀਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ,ਹੁਣ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੇ ਸੰਗਠਨ ਨੂੰ ਵੀ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ।ਖਡੂਰ ਸਾਹਿਬ ਚੋਣ ਵਿੱਚ ਜਿੱਤ ਹਾਸਲ ਕਰਨਾ ਵੀ ਅਕਾਲੀ ਦਲ ਲਈ ਵਕਾਰ ਦਾ ਸਵਾਲ ਹੋਵੇਗਾ।ਅਕਾਲੀ ਦਲ ਲਈ ਸ਼ਾਇਦ ਇਹ ਗੱਲ ਬਾਕੀ ਗੱਲਾਂ ਨਾਲੋ ਵੱਧ ਤੱਸਲੀਬਖਸ਼ ਹੋਵੇਗੀ ਕਿ 2012 ਦੀ ਤਰ੍ਹਾਂ ਐਟੀਇਨਕੈਬਕਸੀ ਫੈਕਟਰ ਅਧੀਨ ਜਾਣ ਵਾਲੀ ਵੋਟ ਇਸ ਵਾਰ ਵੀ ਵੰਡੀ ਜਾਵੇਗੀ।
ਬਾਕੀ ਅਜੇ ਵਿਧਾਨ ਸਭਾ ਚੋਣਾਂ ਵਿੱਚ ਕਾਫੀ ਸਮਾਂ ਬਾਕੀ ਹੈ,ਉਸ ਤੋਂ ਪਹਿਲਾ ਖਡੂਰ ਸਾਹਿਬ ਬਾਈ-ਇਲੈਕਸ਼ਨ ਹੋਣ ਜਾ ਰਹੀ ਹੈ,ਇਸ ਲਈ ਕਿਸੇ ਵੀ ਕਿਸਮ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ,ਪਰ ਜੇ ਪੰਜਾਬ ਦੀਆਂ ਇਹ ਪਾਰਟੀਆਂ ਇੰਝ ਹੀ ਸੱਤਾ ਧਿਰ ਵਿਰੋਧੀ ਲਹਿਰ ਨੂੰ ਆਪਣੀ ਜਿੱਤ ਦਾ ਆਧਾਰ ਮੰਨ ਕੇ ਚਲਦੀਆਂ ਰਹੀਆਂ ਤਾਂ ਪੰਜਾਬ ਦੀ ਰਾਜਨੀਤੀ ਬਾਰੇ ਡੂੰਘੀ ਸਮਝ ਰੱਖਣ ਵਾਲੇ ਸਰਦਾਰਾ ਸਿੰਘ ਜੌਹਲ ਜੀ ਦੀ ਭੱਵਿਖਬਾਣੀ ਸੱਚ ਹੋਣ ਦਾ ਖਦਸ਼ਾ ਬਣਿਆ ਰਹੇਗਾ।