Wed, 30 October 2024
Your Visitor Number :-   7238304
SuhisaverSuhisaver Suhisaver

ਨਸ਼ਿਆਂ ਦੀ ਦਲਦਲ ’ਚ ਫਸੀ ਪੰਜਾਬ ਦੀ ਜਵਾਨੀ - ਗੁਰਤੇਜ ਸਿੱਧੂ

Posted on:- 24-01-2016

suhisaver

ਪੰਜਾਬ ਦੇ ਲੋਕ ਜੋ ਸਿਹਤਯਾਬੀ,ਖੁਰਾਕਾਂ ਖਾਣ ਅਤੇ ਹੱਡ ਭੰਨਵੀ ਮਿਹਨਤ ਕਾਰਨ ਪੂਰੀ ਦੁਨੀਆਂ ‘ਚ ਜਾਣੇ ਜਾਦੇ ਹਨ ਅੱਜ ਨਸ਼ਿਆਂ ਦੀ ਵਰਤੋਂ ਜ਼ਿਆਦਾ ਕਰਨ ਕਰਕੇ ਵਿਸ਼ਵ ‘ਚ ਆਪਣੀ ਪਹਿਚਾਣ ਬਣਾ ਚੁੱਕੇ ਹਨ।ਇੱਥੋਂ ਦੀ ਜਵਾਨੀ ਹਵਾਵਾਂ ਦਾ ਰੁਖ ਬਦਲਣ ਅਤੇ ਧਾੜਵੀਆਂ ਦੇ ਛੱਕੇ ਛੁਡਾਉਣ ਲਈ ਮਸ਼ਹੂਰ ਸੀ ਪਰ ਅੱਜ ਇਹ ਜਵਾਨੀ ਨਸ਼ਿਆਂ ਦੀ ਦਲਦਲ ‘ਚ ਇੰਨੀ ਬੁਰੀ ਤਰ੍ਹਾਂ ਧਸ ਚੁੱਕੀ ਹੈ ਜਿੱਥੋਂ ਨਿੱਕਲਣਾ ਬੜੀ ਮੁਸ਼ੱਕਤ ਦਾ ਕੰਮ ਹੈ।ਸੌੜੇ ਸਿਆਸੀ ਹਿਤਾਂ,ਬੇਰੁਜਗਾਰੀ ਅਤੇ ਗਰੀਬੀ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੋਰਿਆ।ਹਰੀ ਕ੍ਰਾਂਤੀ ਨੇ ਲੋਕਾਂ ਦਾ ਢਿੱਡ ਤਾਂ ਜ਼ਰੂਰ ਭਰਿਆ ਪਰ ਅੰਨੇਵਾਹ ਰਸਾਇਣਕ ਖਾਦਾਂ ਤੇ ਸਪਰੇਹਾਂ ਨੇ ਧਰਤੀ ਪਾਣੀ ਨੂੰ ਦੂਸ਼ਿਤ ਕਰਨ ਦੇ ਨਾਲ ਖਤਰਨਾਕ ਬੀਮਾਰੀਆਂ ਨੂੰ ਵੀ ਸੱਦਾ ਦਿੱਤਾ ਹੈ।ਰਹਿੰਦੀ ਕਸਰ ਨਸ਼ਿਆਂ ਨੇ ਕੱਢ ਦਿੱਤੀ ਹੈ ਜਿਸਨੇ ਜਿਸਮਾਂ ਦੇ ਨਾਲ ਦਿਮਾਗ ਵੀ ਖੋਖਲੇ ਕਰ ਦਿੱਤੇ।ਖੁਦਗਰਜ਼ੀ ਅਤੇ ਜਲਦੀ ਅਮੀਰ ਹੋਣ ਦੀ ਹੋੜ ਨੇ ਮਾਨਵਤਾ ਨੂੰ ਚੈਨ ਨਾਲ ਜਿਉਣ ਤੋਂ ਵਾਂਝਾ ਕੀਤਾ ਹੈ।ਪੰਜ ਦਰਿਆਵਾਂ ਵਾਲੇ ਪੰਜਾਬ ‘ਚ ਨਸ਼ਿਆਂ ਦੇ ਛੇਵੇਂ ਦਰਿਆ ਨੇ ਤਬਾਹੀ ਮਚਾਈ ਹੋਈ ਹੈ।ਨੌਜਵਾਨਾਂ ਨੂੰ ਨਸ਼ੇ ਦੇ ਅਜਗਰ ਨੇ ਅਜਿਹਾ ਨਾਗਵਲ ਪਾਇਆ ਹੋਇਆ ਹੈ ਜਿਸ ਤੋਂ ਮੁਕਤੀ ਲਈ ਅਣਥੱਕ ਯਤਨਾਂ ਦੀ ਲੋੜ ਹੈ।

ਸਰਹੱਦੀ ਸੂਬਾ ਹੋਣ ਕਰਕੇ ਇੱਥੇ ਨਸ਼ਿਆਂ ਦੀ ਸਪਲਾਈ ਅਤੇ ਮੁਹੱਈਆ ਸੌਖੇ ਤਰੀਕੇ ਨਾਲ ਹੋ ਰਹੀ ਹੈ।ਸੁਰੱਖਿਆ ਪ੍ਰਬੰਧਾਂ ‘ਚ ਖਾਮੀਆਂ ਹੋਣ ਕਾਰਨ ਸਮੱਗਲਰਾਂ ਦੀ ਪਹੁੰਚ ਅੰਦਰ ਤੱਕ ਹੈ।ਪੰਜਾਬ ਦਾ ਕੋਈ ਅਜਿਹਾ ਪਿੰਡ ਸ਼ਾਇਦ ਹੀ ਹੋਵੇ ਜਿੱਥੇ ਨਸ਼ਿਆਂ ਦੇ ਠੇਕੇ ਨਾ ਹੋਣ, ਸਕੂਲ ਹਸਪਤਾਲ ਆਦਿ ਭਾਵੇਂ ਨਾ ਹੋਵੇ।

ਹਰ ਵਰਗ ਦੇ ਲੋਕ ਨਸ਼ਿਆਂ ਦੇ ਬੁਰੀ ਤਰ੍ਹਾਂ ਆਦੀ ਹੋ ਚੁੱਕੇ ਹਨ।ਸ਼ਰਾਬ, ਅਫੀਮ,ਭੁੱਕੀ ਤੇ ਸਿੰਥੈਟਿਕ ਨਸ਼ਿਆਂ ਦੀ ਸੂਬੇ ‘ਚ ਭਰਮਾਰ ਆਮ ਹੈ।ਅਜੋਕੇ ਦੌਰ ਅੰਦਰ ਬੱਸ ਜਾਂ ਰੇਲ ਵਿੱਚ ਸਫਰ ਕਰਨਾ ਉਦੋਂ ਔਖਾ ਹੋ ਜਾਂਦਾ ਹੈ ਜਦ ਉੱਥੇ ਨਸ਼ੇੜੀਆਂ ਨਾਲ ਵਾਹ ਪੈਦਾ ਹੈ।ਉਹ ਕਦੇ ਥੁੱਕਦੇ ਹਨ ਤੇ ਕਦੇ ਬੀੜੀ ਸਿਗਰੇਟ ਪੀਂਦੇ ਹਨ।ਪੰਜਾਬ ਵਿੱਚ ਤੰਬਾਕੂ ਦੀ ਆਮਦ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਹੋਈ ਹੈ, ਜਿਨ੍ਹਾਂ ਤੋਂ ਇੱਥੋਂ ਦੇ ਵਸਨੀਕਾਂ ਨੇ ਤੰਬਾਕੂ ਵਰਤਣ ਦੀ ਵਿਧੀ ਸਿੱਖੀ।ਪਾਨ ਮਸਾਲਾ,ਗੁਟਕਾ,ਜਰਦਾ ਆਦਿ ਦੀ ਵਰਤੋਂ ਆਮ ਹੋ ਗਈ ਹੈ।ਤੰਬਾਕੂ ਦੀ ਵਰਤੋਂ ਕਾਰਨ ਮੂੰਹ,ਫੇਫੜੇ ਅਤੇ ਮਿਹਦੇ ਦੇ ਕੈਂਸਰ ਦਾ ਪ੍ਰਕੋਪ ਵਧਿਆ ਹੈ।ਭਾਰਤ ‘ਚ 90 ਫੀਸਦੀ ਮੂੰਹ ਦਾ ਕੈਂਸਰ ਤੰਬਾਕੂ ਕਰਕੇ ਹੁੰਦਾ ਹੈ।ਪੰਜਾਬ ਦਾ ਮਾਲਵਾ ਇਲਾਕਾ ਪਹਿਲਾਂ ਹੀ ਕੈਂਸਰ ਅਤੇ ਕਾਲਾ ਪੀਲੀਆ ਦੀ ਮਾਰ ਹੇਠ ਹੈ ਉਸ ਤੋਂ ਜ਼ਿਆਦਾ ਨਸ਼ਿਆਂ ਕਰਕੇ ਏਡਜ ਅਤੇ ਕਾਲੇ ਪੀਲੀਏ ਨੇ ਜੜਾਂ ਪਸਾਰ ਲਈਆਂ ਹਨ।

ਸਿੰਥੈਟਿਕ ਨਸ਼ਿਆਂ ਦਾ ਆਗਾਜ਼ ਕਾਫੀ ਸਮਾ ਪਹਿਲਾਂ ਪੰਜਾਬ ‘ਚ ਹੋ ਗਿਆ ਸੀ ਤੇ ਅੱਜ ਇਹ ਸਿਖਰਾਂ ‘ਤੇ ਹੈ।ਨਸ਼ੀਲੇ ਟੀਕਿਆਂ ਨੂੰ ਲਗਾਉਣ ਲਈ ਇੱਕ ਸੂਈ ਦੀ ਵਰਤੋਂ ਨੇ ਏਡਜ ਅਤੇ ਕਾਲਾ ਪੀਲੀਆ ਜਿਹੀਆਂ ਨਾਮੁਰਾਦ ਬੀਮਾਰੀਆਂ ਨੂੰ ਜਨਮ ਦਿੱਤਾ ਹੈ।ਕਾਲਾ ਪੀਲੀਆ(ਹੈਪੇਟਾਈਟਸ ਬੀ) ਦਾ ਸੰਕ੍ਰਮਣ ਏਡਜ ਨਾਲੋਂ ਵੀ 100 ਗੁਣਾ ਜ਼ਿਆਦਾ ਹੁੰਦਾ ਹੈ।ਕਾਲਾ ਪੀਲੀਆ ਦਾ ਵਿਸ਼ਾਣੂ ਜਿਗਰ ਨੂੰ ਖਰਾਬ ਕਰਦਾ ਹੈ ਜਿਸ ਕਾਰਨ ਪੰਜਾਬ ਦੀ ਜਵਾਨੀ ਜਿਗਰ ਰੋਗਾਂ ਤੋਂ ਪੀੜਿਤ ਹੋ ਰਹੀ ਹੈ।ਸਹੀ ਇਲਾਜ ਨਾ ਹੋਣ ਕਰਕੇ ਮੌਤ ਦੇ ਮੂੰਹ ‘ਚ ਜਾ ਰਹੀ ਹੈ।ਸੰਯੁਕਤ ਰਾਸਟਰ ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਵਿਸ਼ਵ ਅੰਦਰ ਇੱਕ ਲੱਖ ਵੀਹ ਹਜਾਰ ਟਨ ਨਸ਼ੇ ਖਪਦੇ ਹਨ।ਭਾਰਤ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਜਿੱਥੇ ਨਸਿਆਂ ਦੀ ਖਪਤ ਸਭ ਤੋਂ ਜ਼ਿਆਦਾ ਹੁੰਦੀ ਹੈ।ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਪੰਜਾਬ ਵਿੱਚ ਦਸ ਲੋਕਾਂ ਪਿੱਛੇ ਚਾਰ ਨਸ਼ੇ ਦੇ ਆਦੀ ਹਨ।ਨਸ਼ੇ ਦੀ ਸਮੱਗਲਿੰਗ ਸਬੰਧੀ ਪਿਛਲੇ ਸਾਲ 1300 ਕੇਸ ਦਰਜ ਹੋਏ।ਇੱਥੇ 73.5 ਫੀਸਦੀ ਲੋਕ ਨਸ਼ਿਆਂ ਦੇ ਆਦੀ ਹਨ ਜਿਨ੍ਹਾਂ ਦੀ ਉਮਰ 16 ਸਾਲ ਤੋਂ 35 ਸਾਲ ਹੈ।ਸੂਬੇ ਵਿੱਚ ਸ਼ਰਾਬ ਦੀਆਂ 23 ਫੈਕਟਰੀਆਂ ਹਨ ਜਿੱਥੋਂ ਸ਼ਰਾਬ ਦੀ ਸਪਲਾਈ ਲੋਕਾਂ ਤੱਕ ਪੁੱਜਦੀ ਹੈ।ਪੰਜਾਬ ਵਿੱਚ ਦਸ ਬੋਤਲਾਂ(750 ਮਿ.ਲੀ.) ਸਾਲਾਨਾ ਪ੍ਰਤੀ ਵਿਅਕਤੀ ਹਿੱਸੇ ਆਉਂਦਾਆਂ ਹਨ।ਅਗਰ ਇਹੀ ਹਾਲਾਤ ਰਹੇ ਤਾਂ ਸੰਨ 2030 ਤੱਕ ਪੰਜਾਬ ਦੀ ਜਵਾਨੀ ਮੌਤ ਦੇ ਮੂੰਹ ‘ਚ ਚਲੀ ਜਾਵੇਗੀ ਅਤੇ ਇੱਥੋਂ ਨੌਜਵਾਨ ਮਿਲਣੇ ਮੁਸ਼ਕਿਲ ਹੋ ਜਾਣਗੇ।

ਦੇਸ਼ ਦੀ ਸਰਵੋਤਮ ਚਿਕਿਤਸਾ ਸੰਸਥਾ ਏਮਜ ਦੁਆਰਾ ਪੰਜਾਬ ਦੇ ਦਸ ਜ਼ਿਲਿਆਂ ‘ਚ 18-35 ਸਾਲ ਉਮਰ ਦੇ ਲੋਕਾਂ ਉੱਤੇ ਨਸ਼ਿਆਂ ਨੂੰ ਲੈਕੇ ਫਰਵਰੀ-ਅਪ੍ਰੈਲ 2015 ਤੱਕ ਇੱਕ ਸਰਵੇਖਣ ਕੀਤਾ ਗਿਆ ਜਿਸਦੇ ਨਤੀਜੇ ਰੋਂਗਟੇ ਖੜੇ ਕਰਨ ਵਾਲੇ ਹਨ।ਇਸ ਅਨੁਸਾਰ ਸੂਬੇ ‘ਚ ਸਾਲਾਨਾ 7500 ਕਰੋੜ ਰੁਪਏ ਦੇ ਕੁੱਲ ਅਫੀਮ ਉਤਪਾਦ ਖਪਦੇ ਹਨ ਅਤੇ ਜਿਸ ‘ਚੋਂ 6500 ਕਰੋੜ ਦੀ ਹੈਰੋਇਨ ਹੁੰਦੀ ਹੈ ਜੋ ਪਾਕਿਸਤਾਨ ਰਾਹੀ ਇੱਥੇ ਪੁੱਜਦੀ ਹੈ।ਨਸ਼ੇੜੀ 2.77 ਕਰੋੜ ਲੋਕਾਂ ਵਿੱਚੋਂ 1.23 ਲੱਖ ਲੋਕਾਂ ਤੋਂ ਜ਼ਿਆਦਾ ਹੈਰੋਇਨ ਦੇ ਆਦੀ ਪਾਏ ਗਏ ਹਨ।ਅਫੀਮ ਉਤਪਾਦਾਂ ਦੇ ਆਦੀ ਲੋਕ ਰੋਜ਼ਾਨਾ 20 ਕਰੋੜ ਰੁਪਏ ਦਾ ਨਸ਼ਾ ਖਾਂਦੇ ਹਨ ਅਤੇ ਅੋਸਤਨ 1400 ਰੁਪਏ ਦਾ ਪ੍ਰਤੀ ਦਿਨ ਨਸ਼ਾ ਕਰਦੇ ਹਨ।ਹਰ ਵਰਗ ਦੇ ਲੋਕ ਇਨ੍ਹਾਂ ਨਸ਼ਿਆਂ ਦੀ ਪਕੜ ਹੇਠ ਹਨ।ਹਰ 100 ਲੋਕਾਂ ਪਿੱਛੇ 4 ਆਦਮੀ ਇਨ੍ਹਾਂ ਸਿੰਥੈਟਿਕ ਨਸ਼ਿਆਂ ਦੇ ਆਦੀ ਹਨ।ਉਸ ਤੋਂ ਜ਼ਿਆਦਾ 18-35 ਸਾਲ ਉਮਰ ਦੇ ਲੋਕ 76 ਫੀਸਦੀ ਨਸ਼ਿਆਂ ਨਾਲ ਬੁਰੀ ਤਰ੍ਹਾਂ ਗ੍ਰਸਿਤ ਹਨ।ਪਿੰਡਾਂ ਦੇ 56 ਫੀਸਦੀ ਲੋਕ ਜਿਨ੍ਹਾਂ ‘ਚੋਂ 21 ਫੀਸਦੀ ਕਿਸਾਨ ਨਸ਼ਿਆਂ ਦੇ ਆਦੀ ਹਨ।ਮਜ਼ਦੂਰ 27 ਫੀਸਦੀ,ਕਾਰੋਬਾਰੀ 15 ਫੀਸਦੀ ਅਤੇ ਟ੍ਰਾਂਸਪੋਰਟ ਨਾਲ ਸਬੰਧਿਤ 14 ਫੀਸਦੀ ਲੋਕ ਨਸ਼ਿਆਂ ਦੀ ਦਲਦਲ ‘ਚ ਫਸੇ ਹੋਏ ਹਨ।

ਇਸ ਅਧਿਐਨ ਨੇ ਪੰਜਾਬ ਦੀ ਨਸ਼ਿਆਂ ਨਾਲ ਹੋ ਰਹੀ ਤਬਾਹੀ ਨੂੰ ਸਾਡੇ ਸਨਮੁੱਖ ਕੀਤਾ ਹੈ ਪਰ ਮੌਜੂਦਾ ਹਾਕਮ ਸਰਕਾਰ ਇਸ ਸਰਵੇਖਣ ਨੂੰ ਗਲਤ ਕਹਿ ਰਹੀ ਹੈ ਪਤਾ ਨਹੀਂ ਕਿਉਂ ਅਜੇ ਵੀ ਇਸ ਮੁੱਦੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਦੋਂ ਤੱਕ ਕੁਰਸੀਆਂ ਦੇ ਲਾਲਚ ਵਿੱਚ ਲੋਕਾਂ ਦੇ ਉੱਜੜਦੇ ਘਰਾਂ ਦਾ ਤਮਾਸ਼ਾ ਦੇਖਦੇ ਰਹੋਗੇ।ਕੁਦਰਤੀ ਕਰੋਪੀਆਂ ਦੇ ਨਾਲ ਇਹ ਕਹਿਰ ਵੀ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਰਿਹਾ ਹੈ।ਜਦ ਲੋਕ ਹੀ ਖਤਮ ਹੋ ਗਏ ਤਾਂ ਰਾਜ ਕਿਸ ‘ਤੇ ਕਰਨਾ ਹੈ।ਪਿਛਲੀਆਂ ਚੋਣਾਂ ਸਮੇ ਰਾਹੁਲ ਗਾਂਧੀ ਨੇ ਸੂਬੇ ‘ਚ ਨਸ਼ਿਆਂ ਦੁਆਰਾ ਮਚਾਹੀ ਜਾ ਰਹੀ ਤਬਾਹੀ ਦਾ ਰਾਗ ਅਲਾਪਿਆ ਸੀ।ਜਗਦੀਸ਼ ਭੋਲਾ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਰਸੂਖਦਾਰਾਂ ਅਤੇ ਕਈ ਸਿਆਸੀ ਨੇਤਾਵਾਂ ਦੇ ਨਾਮਾਂ ਦਾ ਖੁਲਾਸਾ ਕੀਤਾ ਸੀ।ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ‘ਚ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਪੰਜਾਬ ਪੁਲਿਸ ਦੇ ਗ੍ਰਿਫਤਾਰ ਇੱਕ ਐਸਪੀ ਨੇ ਜਾਂਚ ਏਜੰਸੀ ਸਾਹਮਣੇ ਮੰਨਿਆ ਹੈ ਕਿ ਉਸਨੇ ਅੱਤਵਾਦੀਆਂ ਦੀ ਮਦਦ ਸਮੱਗਲਰ ਸਮਝ ਕੇ ਕੀਤੀ ਸੀ।ਇਸ ਤੋਂ ਸਾਫ ਹੈ ਕਿ ਸਰਹੱਦੋਂ ਪਾਰ ਨਸ਼ੇ ਕਿਸ ਤਰ੍ਹਾਂ ਇੱਧਰ ਪਹੁੰਚਦੇ ਹਨ।ਸੀਮਾ ਸੁਰੱਖਿਆ ਬਲਾਂ ਨੇ ਮੁਸ਼ਤੈਦੀ ਵਧਾਉਣ ਲਈ ਹੋਰ ਆਧੁਨਿਕ ਹਥਿਆਰਾਂ ਤੇ ਸਹੂਲਤਾਂ ਦੀ ਮੰਗ ਕੀਤੀ ਹੈ ਜੋ ਬੇਹੱਦ ਲਾਜ਼ਮੀ ਹਨ ਕਿਉਂਕਿ ਦੀਨਾਨਗਰ ਅਤੇ ਪਠਾਨਕੋਟ ਹਮਲੇ ਸਮੇ ਦਹਿਸ਼ਤਗਰਦ ਇਸੇ ਰਸਤੇ ਹੀ ਸਾਡੇ ਦੇਸ਼ ‘ਚ ਦਾਖਿਲ ਹੋਏ ਸਨ, ਪਰ ਸਰਕਾਰਾਂ ਅਜੇ ਵੀ ਟਾਲ ਮਟੋਲ ਕਰ ਰਹੀਆਂ ਹਨ।

ਸੂਬਾ ਸਰਕਾਰਾਂ ਸਰਹੱਦਾਂ ਦੀ ਚੌਕਸੀ ‘ਚ ਢਿੱਲਮੱਠ ਨੂੰ ਮੁੱਦਾ ਬਣਾਕੇ ਇਸ ਤੋਂ ਪੱਲਾ ਝਾੜਦੀਆਂ ਹਨ ਪਰ ਸੂਬੇ ‘ਚ ਸਪਲਾਈ ਰੋਕਣ ਲਈ ਕਿੰਨੇ ਕੁ ਸਖਤ ਪ੍ਰਬੰਧ ਕੀਤੇ ਹਨ।ਕੀ ਸਾਡਾ ਪੁਲਿਸ ਪ੍ਰਸ਼ਾਸ਼ਨ ਇਸ ਕਾਬਿਲ ਨਹੀਂ ਹੈ ਕਿ ਸੂਬੇ ‘ਚ ਵਿਚਰਦੇ ਨਸ਼ਾ ਤਸਕਰਾਂ ਨੂੰ ਨੱਥ ਨਾ ਪਾ ਸਕੇ।ਇੱਥੇ ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ ਸਾਹਮਣੇ ਆਉਂਦਾ ਹੈ ਜੇ ਉਹ ਚਾਹੇ ਤਾਂ ਪੁਲਿਸ ਇਨ੍ਹਾਂ ਨੂੰ ਕਾਬੂ ਹਰ ਹੀਲੇ ਕਰ ਸਕਦੀ ਹੈ।ਨਸ਼ਾ ਤਸਕਰ ਗ੍ਰਿਫਤਾਰ ਬਾਅਦ ‘ਚ ਹੁੰਦਾ ਹੈ ਉਸਦੀ ਰਿਹਾਈ ਲਈ ਕਿਸੇ ਰਸੂਖਦਾਰ ਦਾ ਫੋਨ ਪਹਿਲਾਂ ਹੀ ਪਹੁੰਚ ਜਾਂਦਾ ਹੈ ਤੇ ਪੁਲਿਸ ਬੇਵੱਸ ਹੋ ਜਾਦੀ ਹੈ।ਰਾਜਨੀਤਕ ਗਲਬੇ ਦੀ ਸ਼ਿਕਾਰ ਪੁਲਿਸ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ।ਇਹ ਵੀ ਬੜਾ ਕੌੜਾ ਸੱਚ ਹੈ ਕਿ ਸੂਬੇ ਦੀ ਆਰਥਿਕਤਾ ਦਾ ਵੱਡਾ ਹਿੱਸਾ ਨਸ਼ਿਆਂ ਤੋਂ ਇਕੱਠਾ ਕੀਤਾ ਜਾਂਦਾ ਹੈ।ਸ਼ਰਾਬ ਆਦਿ ਤੋਂ ਹੁੰਦੀ ਕਮਾਈ ਨੂੰ ਸਿੱਖਿਆ,ਸਿਹਤ ਸਹੂਲਤਾਂ ਉੱਤੇ ਖਰਚਣ ਦਾ ਬੇਤੁਕਾ ਰਾਗ ਸਰਕਾਰ ਨੇ ਕਈ ਵਾਰ ਅਲਾਪਿਆ ਹੈ।ਇੱਕ ਪਾਸੇ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਦੂਜੇ ਪਾਸੇ ਹਰ ਪਿੰਡ ਠੇਕਾ ਖੋਲਣਾ ਕੀ ਇਹ ਸਰਕਾਰਾਂ ਦੀ ਦੋਗਲੀ ਨੀਤੀ ਨਹੀਂ ਹੈ ਅਤੇ ਪੰਜਾਬ ‘ਚ ਸ਼ਰਾਬ ਨੂੰ ਕਰ ਮੁਕਤ ਕਰਨ ਦੀਆਂ ਖਬਰਾਂ ਵੀ ਚਰਚਾ ‘ਚ ਰਹੀਆਂ ਹਨ।

ਦੇਸ਼ ਸਮਾਜ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਰ ਕੱਢਣ ਲਈ ਸਰਕਾਰਾਂ ਸਿਰਫ ਸਿਆਸੀ ਰੋਟੀਆਂ ਨਾ ਸੇਕਣ ਸਗੋਂ ਅਮਲੀ ਰੂਪ ਵਿੱਚ ਠੋਸ ਉਪਰਾਲੇ ਕਰਨ।ਇਸਨੂੰ ਸਿਰਫ ਚੋਣਾਂ ਦਾ ਮੁੱਦਾ ਨਾ ਬਣਾਇਆ ਜਾਵੇ।ਪਹਿਲਾਂ ਅੰਦਰੂਨੀ ਚੋਰਾਂ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਫਿਰ ਬਾਹਰਲਿਆਂ ਨਾਲ ਨਜਿੱਠਿਆ ਜਾਵੇ।ਨਸ਼ਿਆਂ ਦੀ ਸਮਗਲਿੰਗ ‘ਚ ਲੱਗੇ ਖਾਸ ਕਰਕੇ ਅਸਰ ਰਸੂਖ ਵਾਲੇ ਲੋਕਾਂ ਖਿਲਾਫ ਮੁਹਿੰਮ ਵਿੱਢੀ ਜਾਵੇ।ਧਾਰਮਿਕ ਸਮਾਜਿਕ ਸੰਸਥਾਵਾਂ ਬਿਨਾਂ ਕਿਸੇ ਭੇਦਭਾਵ ਦੇ ਇੱਕਜੁੱਟ ਹੋਕੇ ਨਸ਼ਿਆਂ ਦੇ ਦਰਿਆ ਨੂੰ ਕਾਬੂ ਕਰਨ ਲਈ ਹੰਭਲਾ ਮਾਰਨ।ਸਿੱਖਿਆ ਵਿੱਚ ਇਸ ਸਬੰਧੀ ਜਾਣਕਾਰੀ ਸ਼ਾਮਿਲ ਕੀਤੀ ਜਾਵੇ।ਬੱਚਿਆਂ ਨਾਲ ਮਾਪੇ ਅਤੇ ਅਧਿਆਪਕ ਦੋਸਤ ਦੀ ਤਰ੍ਹਾਂ ਪੇਸ਼ ਆਉਣ।ਨਸ਼ਿਆਂ ਦੇ ਸੰਭਾਵੀ ਕਾਰਨਾਂ ਨੂੰ ਪੜਚੋਲ ਕੇ ਇਸਦਾ ਹਾਲ ਲੱਭਿਆ ਜਾਣਾ ਚਾਹੀਦਾ ਹੈ।ਲੋਕਾਂ ਨੂੰ ਇਸ ਪਾਸੇ ਜਾਗਰੂਕ ਹੋਕੇ ਲਾਮਬੰਦ ਹੋਣ ਦੀ ਲੋੜ ਹੈ।ਨਸ਼ੇ ਦੇ ਸੌਦਾਗਰਾਂ ਦਾ ਸਮਾਜਿਕ ਬਾਈਕਾਟ ਤੱਕ ਕੀਤਾ ਜਾਵੇ ਤਾਂ ਜੋ ਉਹ ਸਾਰਥਿਕ ਸੋਚ ਅਪਣਾਉਣ ਲਈ ਮਜਬੂਰ ਹੋ ਜਾਣ।ਨਸ਼ਾ ਛੁਡਾਊ ਕੇਂਦਰਾਂ ਦੀ ਕੰਮਕਾਜੀ ਹਾਲਤ ਵੀ ਤਸੱਲੀਬਖਸ਼ ਨਹੀਂ ਹੈ ਦਵਾਈਆਂ ਦੀ ਕਮੀ ਅਤੇ ਸਹੀ ਵੰਡ ਨਾ ਹੋਣ ਕਰਕੇ ਮਰੀਜਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।

ਸੰਪਰਕ: +91 94641-72783
(ਲੇਖਕ ਮੈਡੀਕਲ ਵਿਦਿਆਰਥੀ ਹਨ।)

Comments

lakhveer singh

nice views on current topic

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ