Thu, 21 November 2024
Your Visitor Number :-   7254430
SuhisaverSuhisaver Suhisaver

ਚੁਣੌਤੀਆਂ ਦੇ ਚੱਕਰਵਿਊ ਵਿੱਚ ਫਸੀ ਭਾਰਤੀ ਜਨਤਾ ਪਾਰਟੀ - ਹਰਜਿੰਦਰ ਸਿੰਘ ਗੁਲਪੁਰ

Posted on:- 23-01-2016

suhisaver

ਜਿਹਨਾਂ ਆਸਾਂ ਉਮੰਗਾਂ ਨੂੰ ਜਨ ਸਧਾਰਨ ਦੇ ਮਨਾਂ ਅੰਦਰ ਜਗਾ ਕੇ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਦੇਸ਼ ਦੀ ਸੱਤਾ ਹਥਿਆਈ ਸੀ, ਉਹਨਾਂ ਆਸਾਂ ਉਮੀਦਾਂ ਦਾ ਰੰਗ ਇੰਨੀ ਜਲਦੀ ਫਿੱਕਾ ਪੈ ਜਾਵੇਗਾ, ਕਿਸੇ ਨੇ ਸੋਚਿਆ ਵੀ ਨਹੀਂ ਸੀ।ਹੁਣ ਤੱਕ ਜਿੰਨੀਆਂ ਸਰਕਾਰਾਂ ਵੀ ਸਾਡੇ ਦੇਸ਼ ਅੰਦਰ ਬਣਦੀਆਂ ਰਹੀਆਂ ਹਨ, ਉਹਨਾਂ ਦਾ ਤਕਰੀਬਨ ਅੱਧਾ ਪਚੱਧਾ ਸਮਾਂ ਤਾਂ ਕਿੰਤੂ ਪਰੰਤੂ ਰਹਿਤ ਲੰਘ ਹੀ ਜਾਂਦਾ ਸੀ।ਇਸ ਤੋਂ ਉਲਟ ਦੋ ਸਾਲਾਂ ਤੋਂ ਵੀ ਘੱਟ ਸਮਾਂ ਬੀਤਣ ਤੇ ਭਾਜਪਾ ਸਰਕਾਰ ਦੇ ਖਿਲਾਫ ਜਿਸ ਤਰ੍ਹਾਂ ਦਾ ਮਹੌਲ ਬਣਦਾ ਜਾ ਰਿਹਾ ਹੈ ਉਸ ਨੂੰ ਸਮੇਂ ਤੋਂ ਪਹਿਲਾਂ ਦਾ ਵਰਤਾਰਾ ਕਿਹਾ ਜਾ ਸਕਦਾ ਹੈ। ਸਿਰਫ ਆਮ ਲੋਕਾਂ ਦੀ ਹੀ ਗੱਲ ਨਹੀਂ ਚੁਣੌਤੀਆਂ ਹੋਰ ਵੀ ਹਨ।ਇੱਕ ਪਾਸੇ ਤਾਂ ਮੋਦੀ ਜੀ ਵਿਦੇਸ਼ਾਂ ਅੰਦਰ ਡੰਕੇ ਤੇ ਚੋਟ ਲਾ ਕੇ ਜੋ ਮੂੰਹ ਆਉਂਦਾ ਬੋਲਦੇ ਰਹਿੰਦੇ ਹਨ ਪਰ ਇਥੇ ਆ ਕੇ ਕੁਝ ਵੀ ਨਹੀਂ ਬੋਲਦੇ ਕਿਉਂ ਕਿ ਇਥੇ ਡੱਕਾ ਕੰਮ ਨਹੀਂ ਕਰਦਾ।

ਹੁਣ ਜੇ ਕਿਸੇ ਕੇਸਰੀ ਰੰਗ ਵਿੱਚ ਰੰਗੇ ਅਕਾਲੀ ਨੂੰ ਅਵਾਜ਼ ਮਾਰੀਏ ਤਾਂ ਝੱਟ ਕੋਲ ਨੂੰ ਆ ਜਾਂਦਾ ਹੈ ਨਹੀਂ ਤਾਂ ਤਾਕਤ ਦੇ ਨਸ਼ੇ ਵਿੱਚ ਚੂਰ ਅਕਾਲੀ ਦਲ ਨਾਲ ਜਨਮ ਜਾਤ ਦਾ ਸਬੰਧ ਰੱਖਣ ਵਾਲੇ ਟਕਸਾਲੀਆਂ ਨੂੰ ਵੀ ਛੱਡ ਗਏ ਸਨ ਇਹ ਲੋਕ।ਹਾਲਤ ਅਜਿਹੀ ਬਣਦੀ ਜਾ ਰਹੀ ਹੈ ਕਿ ਕਈ ਵਾਰ ਇੰਝ ਲਗਦਾ ਹੈ ਜਿਵੇਂ ਭਾਜਪਾ ਅਤੇ ਉਸ ਦੇ ਭਾਈਵਾਲ ਮਜਬੂਰੀ ਵੱਸ ਇੱਕ ਦੂਜੇ ਦਾ ਬੋਝ ਢੋਅ ਰਹੇ ਹੋਣ।

ਰਾਜਨੀਤਕ ਮੰਚ ਉੱਤੇ ਭਾਜਪਾ ਦੇ ਕੌਤਕੀ ਸੀਨ ਤੋਂ ਪਰਦਾ ਉਠਣਾ ਸ਼ੁਰੂ ਹੋ ਗਿਆ ਹੈ।ਅੱਜ ਭਾਜਪਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਤਿਲਾਂਜਲੀ ਦੇ ਕੇ ਦੇਸ਼ ਭਰ ਅੰਦਰ ਵਿਚਰ ਰਹੀ ਹੈ।ਵਿਕਾਸ ਦੇ ਨਾਮ ਉੱਤੇ ਨਵੇਂ ਤੋਂ ਨਵੇਂ ਸੋਸ਼ੇ ਛੱਡੇ ਜਾ ਰਹੇ ਹਨ।ਪੀ ਐਮ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਮੇਕ ਇੰਨ ਇੰਡੀਆ ਦੇ ਨਾਮ ਥੱਲੇ ਨਿਵੇਸ਼ ਕਰਨ ਲਈ ਦਿੱਤੇ ਹੋਕਿਆਂ ਦਾ ਕਿਸੇ ਪਾਸਿਉਂ ਵੀ ਹੁੰਗਾਰਾ ਨਹੀਂ ਭਰਿਆ ਗਿਆ।ਦੇਸ਼ ਵਿੱਚ ਅਣ ਵਰਤੇ ਪਏ ਸੋਨੇ ਨੂੰ ਬੈਂਕਿੰਗ ਪਰਨਾਲੀ ਤਹਿਤ ਲਿਆਉਣ ਅਤੇ ਵਧ ਰਹੇ ਆਯਾਤ ਉੱਤੇ ਰੋਕ ਲਗਾਉਣ ਦੇ ਮਕਸਦ ਨਾਲ ਪੀ ਐਮ ਦੁਆਰਾ ਸ਼ੁਰੂ ਕੀਤੀਆਂ ਗਈ ਲੁਭਾਉਣੀ ਯੋਜਨਾ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ।

'ਤਹਿਲਕਾ' ਦੀ ਰੀਪੋਰਟ ਅਨੁਸਾਰ 20 ਹਜ਼ਾਰ ਟਨ ਸੋਨਾ ਜਮਾ ਕਰਨੇ ਦਾ ਟੀਚਾ ਮਿਥ ਕੇ ਸ਼ੁਰੂ ਕੀਤੀ ਯੋਜਨਾ ਦੇ ਪਹਿਲੇ ਪੜਾਅ ਦੌਰਾਨ ਮਹਿਜ 400 ਗਰਾਮ ਸੋਨਾ ਜਮਾ ਹੋਣਾ ਸਰਕਾਰ ਦੀ ਇਸ ਯੋਜਨਾ ਸਬੰਧੀ ਕੀਤੀ ਤਿਆਰੀ ਤੇ ਸਵਾਲ ਖੜੇ ਕਰਦਾ ਹੈ।ਇਸ ਸਮੇਂ ਭਾਜਪਾ ਦੇ ਸਾਹਮਣੇ ਚੁਣੌਤੀਆਂ ਬੇ ਸ਼ੁਮਾਰ ਹਨ ਜਿਹਨਾਂ ਦਾ ਮੁਕਾਬਲਾ ਕਰਨਾ ਇਸ ਪਾਰਟੀ ਲਈ ਟੇਢੀ ਖੀਰ ਬਣਦਾ ਜਾ ਰਿਹਾ ਹੈ।ਸਭ ਤੋਂ ਪਹਿਲਾ ਝਟਕਾ ਇਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲੱਗਾ।ਅੱਧੀ ਅਧੂਰੀ ਵਿਧਾਨ ਸਭਾ ਦੀ ਹੋਈ ਚੋਣ ਵਿੱਚ ਮਿਲੀ ਹਾਰ ਨਾਲ ਲੱਗੇ ਜ਼ਖ਼ਮਾਂ ਨੂੰ ਭਾਜਪਾ ਅਜੇ ਚੱਟ ਹੀ ਰਹੀ ਸੀ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੀ ਇਸਦਾ ਸਫਾਇਆ ਹੋ ਗਿਆ।ਇਸ ਤੋਂ ਬਾਅਦ ਵੱਖ ਵੱਖ ਰਾਜਾਂ ਵਿੱਚ ਹੋਈਆਂ ਇੱਕਾ ਦੁੱਕਾ ਉਪ ਚੋਣਾਂ ਵਿੱਚ ਵੀ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਹੋਰ ਤਾਂ ਹੋਰ ਨਰਿੰਦਰ ਮੋਦੀ ਜੀ ਦੇ ਅਜਿੱਤ ਸਮਝੇ ਜਾਣ ਵਾਲੇ ਆਪਣੇ ਰਾਜ ਗੁਜਰਾਤ ਸਮੇਤ ਹੋਰ ਕੁਝ ਰਾਜਾਂ ਵਿੱਚ ਹੋਈਆਂ ਸਥਾਨਕ ਸੰਸਥਾਵਾਂ (local bodies) ਦੀਆਂ ਚੋਣਾਂ ਵਿੱਚ ਵੀ ਭਾਜਪਾ ਬਿਹਤਰ ਕਾਰਗੁਜਾਰੀ ਨਹੀਂ ਦਿਖਾ ਸਕੀ।ਚੋਣਾਂ ਦਰ ਚੋਣਾਂ ਵਿੱਚ ਹੋਈ ਹਾਰ ਨੇ ਭਾਜਪਾ ਦੇ ਕਾਂਗਰਸ ਮੁਕਤ ਨਾਅਰੇ ਦੀ ਇੱਕ ਤਰ੍ਹਾਂ ਨਾਲ ਫੂਕ ਕੱਢ ਕੇ ਰੱਖ ਦਿੱਤੀ ਹੈ।ਇੱਕ ਪਾਸੇ ਭਾਜਪਾ ਹਾਰ ਰਹੀ ਹੈ ਦੂਜੇ ਪਾਸੇ ਕਾਂਗਰਸ ਦੇਸ਼ ਦੇ ਉਹਨਾਂ ਹਿਸਿਆਂ ਵਿੱਚ ਪੁਨਰ ਸੁਰਜੀਤ ਹੋ ਰਹੀ ਹੈ ਜਿੱਥੇ ਭਾਜਪਾ ਦਾ ਦਬ ਦਬਾਅ ਮੰਨਿਆ ਜਾਂਦਾ ਹੈ।

ਦੂਜੀ ਚੁਣੌਤੀ ਭਾਜਪਾ ਨੂੰ ਆਪਣੇ ਅੰਦਰੋੰ ਮਿਲਣੀ ਸ਼ੁਰੂ ਹੋ ਗਈ ਹੈ।ਪੀ ਐਮ ਦੇ ਨਜਦੀਕੀਆਂ ਵੱਲੋਂ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਖਿਲਾਫ ਪਾਰਟੀ ਸਫਾੰ ਅੰਦਰ ਬੇ-ਚੈਨੀ ਵਧਦੀ ਜਾ ਰਹੀ ਹੈ।ਪਾਰਟੀ ਖਿਲਾਫ ਉੱਠ ਰਹੀਆਂ ਅਵਾਜਾੰ ਪਿੱਛੇ ਉਹ ਸੀਨੀਅਰ ਆਗੂ ਹਨ ਜਿਹਨਾਂ ਨੂੰ ਬੜੇ ਬੇ-ਆਬਰੂ ਕਰਕੇ ਹਾਸ਼ੀਏ ਉੱਤੇ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ।

ਤੀਜਾ ਨੁਕਤਾ ਹੈ ਬਿਨਾਂ ਰੁਕਾਵਟ ਵਧ ਰਹੀ ਮਹਿੰਗਾਈ ਦਾ,ਜਿਸ ਨੂੰ ਠੱਲਣ ਦਾ ਦਾਅਵਾ ਕਰਕੇ 'ਮੋਦੀ ਨੁਮਾ ਭਾਜਪਾ' ਸਤਾ ਵਿੱਚ ਆਈ ਸੀ।ਸਭ ਤੋਂ ਮਹੱਤਵ  ਪੂਰਨ ਹੈ ਮੋਦੀ ਜੀ ਉੱਤੇ 'ਸੰਘ' ਦਾ ਦਬਾਅ।ਸੰਘ ਦਾ ਕੇੰਦਰੀ ਮੁੱਦਾ ਰਾਮ ਮੰਦਰ ਰਿਹਾ ਹੈ ਜਿਸ ਉੱਤੇ ਉਸ ਦੀ ਹੋੰਦ ਨਿਰਭਰ ਹੈ।ਸੰਘ ਵੱਲੋਂ ਮੋਦੀ ਜੀ ਨੂੰ ਦੋ ਸਾਲ ਦੇ ਦਿੱਤੇ,ਪਰ ਹੁਣ ਉਹ ਹੋਰ ਸਮਾਂ ਨਹੀਂ ਦੇਣਾ ਚਾਹੁੰਦਾ।ਭਾਜਪਾ ਦਾ ਅਸਲ ਨਾਅਰਾ ਵੀ ਇਹੀ ਰਿਹਾ ਹੈ ਕਿ ਜਦੋਂ ਅਸੀਂ ਪੂਰਨ ਬਹੁ ਸੰਮਤੀ ਵਿੱਚ ਆਵਾਗੇ ਉਦੋੰ ਮੰਦਰ ਜ਼ਰੂਰ ਬਣਾਵਾਂਗੇ।ਅਸਲ ਵਿੱਚ ਇਹੀ ਕਾਰਨ ਹੈ ਪੀ ਐਮ ਦੇ ਅਚਾਨਕ ਪਾਕਿਸਤਾਨੀ ਦੌਰੇ ਦਾ।ਸੰਘ ਪਰਿਵਾਰ ਦੇ ਮਨ ਮੰਦਰ ਅੰਦਰ ਵਸੇ ਮੁੱਦੇ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਇਸ ਖਿਲਾਫ ਬਣਨ ਵਾਲੇ ਸੰਭਾਵੀ ਮਹੌਲ ਨੂੰ ਸੰਤੁਲਤ ਕਰਨ ਲਈ ਹੀ ਇਸ ਦੌਰੇ ਦਾ ਪਰਬੰਧ ਕੀਤਾ ਗਿਆ ਪਰਤੀਤ ਹੁੰਦਾ ਹੈ,ਉਂਝ ਕਾਰਨ ਹੋਰ ਵੀ ਹੋ ਸਕਦੇ ਹਨ ।ਪਰ ਦੋ ਸਾਲਾਂ ਦੇ ਅੰਦਰ ਮੰਦਰ ਬਣਾਉਣ ਦੀ ਮੋਹਲਤ ਮੁੱਕ ਰਹੀ ਹੈ।

ਸਭ ਤੋਂ ਵੱਡੀ ਗਾਜ ਭਾਜਪਾ ਸਿਰ ਡੇਗੀ ਹੈ ਅਰਵਿੰਦ ਕੇਜਰੀਵਾਲ ਨੇ।ਉਸ ਨੇ ਡੀ ਡੀ ਸੀ ਏ ਦੇ ਮੁਖੀ ਅਤੇ ਦੇਸ਼ ਦੇ ਖਜਾਨਾ ਮੰਤਰੀ ਅਰੁਣ ਜੇਤਲੀ ਉੱਤੇ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਾਏ ਹਨ।ਇਹਨਾਂ ਦੋਸ਼ਾਂ ਦੇ ਜਵਾਬ ਵਿੱਚ ਦੇਸ਼ ਦੇ ਵਿੱਤ ਮੰਤਰੀ ਨੂੰ ਕੇਜਰੀਵਾਲ ਦੇ ਖਿਲਾਫ ਮਾਣ ਹਾਨੀ ਦਾ ਮੁਕੱਦਮਾ ਦਰਜ ਕਰਾਉਣਾ ਪਿਆ ਹੈ।ਹੈਰਾਨੀ ਦੀ ਗੱਲ ਹੈ ਕਿ ਐਨੇ ਸਮੇਂ ਤੋਂ ਬਾਕੀ ਦੀਆਂ ਭਾਜਪਾ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਇੰਨੇ ਵੱਡੇ ਪੱਧਰ ਤੇ ਹੋ ਰਹੇ ਕਰਿਕਟ ਘੁਟਾਲੇ ਖਿਲਾਫ ਅਵਾਜ਼ ਕਿਉਂ ਨਹੀਂ ਉਠਾਈ? ਜਿਸ ਤਰ੍ਹਾਂ ਦਿੱਲੀ ਸਰਕਾਰ ਦੇ ਕੰਮ ਕਾਜ ਵਿੱਚ ਜਾਣ ਬੁੱਝ  ਕੇ ਰੋੜੇ ਅਟਕਾਏ ਜਾ ਰਹੇ ਹਨ ੳਸ ਨੂੰ ਦੇਖ ਕੇ ਲਗਦਾ ਹੈ ਕਿ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਅਜੇ ਤੱਕ ਹਜਮ ਨਹੀਂ ਹੋ ਰਹੀ।

ਆਪਣੇ ਦਾਗੀ ਅਤੇ ਬੜਬੋਲੇ ਸਾਥੀਆਂ ਦਾ ਲਗਾਤਾਰ ਬਚਾਅ ਕਰਨ ਅਤੇ 'ਆਪ' ਸਰਕਾਰ ਨਾਲ ਰੋਜ਼ਮਰਾ ਦੀ ਪੰਗੇ ਬਾਜੀ ਸਦਕਾ ਨਰਿੰਦਰ ਮੋਦੀ ਦੀ ਵਿਅਕਤੀਗਤ ਅਤੇ ਬਤੌਰ ਪੀ ਐਮ ਸਾਖ ਨੂੰ ਧੱਕਾ ਲੱਗ ਰਿਹਾ ਹੈ।ਨੇੜ ਭਵਿੱਖ ਵਿੱਚ ਦੇਸ਼ ਦੇ ਕੁਝ ਮਹੱਤਵ ਪੂਰਨ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਹਨਾਂ ਵਿੱਚ ਹੋਣ ਵਾਲੀ ਜਿੱਤ ਹਾਰ ਦੇਸ਼ ਦਾ ਅਗਲਾ ਸਿਆਸੀ ਨਕਸ਼ ਤਹਿ ਕਰੇਗੀ।ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਦੇਸ਼ ਵਾਸੀਆਂ ਨੇ ਭਾਜਪਾ ਦੀ ਦਲਿਤ ਅਤੇ ਘੱਟ ਗਿਣਤੀਆਂ ਵਿਰੋਧੀ ਸੋਚ ਨੂੰ ਪਸੰਦ ਨਹੀਂ ਕੀਤਾ ।ਭਾਜਪਾ ਦੇ ਡਿਗ ਰਹੇ ਗਰਾਫ ਦਾ ਇਹ ਵੀ ਇੱਕ ਮੁੱਖ ਕਾਰਨ ਹੈ।ਉੱਤਰ ਪਰਦੇਸ਼,ਜਿੱਥੋਂ ਸਭ ਤੋਂ ਵੱਧ ਸੰਸਦ ਚੁਣ ਕੇ ਆਉਂਦੇ ਹਨ ਵਿਖੇ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਭਾਜਪਾ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਭਾਜਪਾ ਆਗੂਆਂ ਦਾ ਮਨੋਬਲ ਪਹਿਲਾਂ ਵਰਗਾ ਨਹੀਂ ਦਿਖਾਈ ਦਿੰਦਾ।ਭਾਜਪਾ ਦੇ ਕੱਝ ਆਗੂ ਦਬਵੀਂ ਜਬਾਨ ਵਿੱਚ ਸਵੀਕਾਰ ਕਰਦੇ ਹਨ ਕਿ ਕੇੰਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਤੀਜੇ ਸਾਹਮਣੇ ਨਾ ਆ ਸਕਣ ਕਾਰਨ ਲੋਕਾਂ ਦੇ ਮਨਾਂ ਵਿੱਚ ਭਾਜਪਾ ਪਰਤੀ ਪਹਿਲਾਂ ਵਰਗਾ ਉਤਸ਼ਹ ਨਹੀਂ ਰਿਹਾ।ਆਗਾਮੀ ਚੋਣਾਂ ਦੌਰਾਨ ਭਾਜਪਾ ਕੋਲ ਕਹਿਣ ਲਈ ਬਹੁਤਾ ਕੱਝ ਨਹੀਂ ਹੈ।ਮਹਿੰਗਾਈ ਰੋਕਣ ਦੇ ਮਾਮਲੇ ਵਿੱਚ ਏਹ ਸਰਕਾਰ ਬੁਰੀ ਤਰ੍ਹਾਂ ਫੇਹਲ ਹੋਈ ਹੈ।ਪਿਛਲੀਆਂ ਆਮ  ਲੋਕ ਸਭਾਈ ਚੋਣਾਂ ਸਮੇਂ ਵਰਤੇ ਜੁਮਲੇ ਮਜਾਕ ਬਣ ਕੇ ਰਹਿ ਗਏ ਹਨ ਜਿਹਨਾਂ ਨੂੰ ਚਾਹ ਕੇ ਵੀ ਦੁਹਰਾਇਆ ਨਹੀਂ ਜਾ ਸਕੇਗਾ।ਲੈ ਦੇ ਕੇ ਭਾਜਪਾ ਕੋਲ ਰਾਮ ਮੰਦਰ ਵਾਲਾ ਮੁੱਦਾ ਬਚਦਾ ਹੈ ਜਿਸ ਨੂੰ ਲੈ ਕੇ ਉਤਰ ਪਰਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਇਕ ਵਰ ਫੇਰ ਧਾਰਮਿਕ ਧਰੁਵੀਕਰਨ ਦੀ ਖੇਡ ਖੇਡੀ ਜਾਵੇਗੀ ਜਿਸ ਵਾਸਤੇ ਰੱਸੇ ਪੈੜੇ ਵਟਣੇ ਅਰੰਭ ਕਰ ਦਿੱਤੇ ਗਏ ਹਨ।ਇੱਕ ਪਾਸੇ ਭਾਜਪਾ ਦੀ ਕੇੰਦਰੀ ਲੀਡਰ ਸ਼ਿਪ ਕਹਿ ਰਹੀ ਹੈ ਕਿ ਰਾਮ ਮੰਦਰ ਦੇ ਮਾਮਲੇ ਵਿੱਚ ਅਦਾਲਤੀ ਫੈਸਲੇ ਦਾ ਇੰਤਜ਼ਾਰ ਕੀਤਾ ਜਾਵੇਗਾ ਜਦੋਂ ਕਿ ਦੂਜੇ ਪਾਸੇ ਸੰਘ ਪਰਿਵਾਰ ਨਾਲ ਜੁੜੇ ਸੰਗਠਨ ਰਾਮ ਮੰਦਰ ਦਾ ਰਾਗ ਅਲਾਪਣ ਵਿੱਚ ਮਸਰੂਫ ਹੋ ਗਏ ਹਨ।

ਵਿਸ਼ਵ ਹਿੰਦੂ ਪਰੀਸ਼ਦ ਦੇ ਪਰਧਾਨ ਅਸ਼ੋਕ ਸਿੰਘਲ ਦੀ ਮੌਤ ਤੋਂ ਬਾਅਦ ਉਸ ਦੀ ਥਾਂ ਲੈਣ ਵਾਸਤੇ ਇਸ ਜਮਾਤ ਨਾਲ ਜੁੜੇ ਕਈ ਨੇਤਾ ਸਰਗਰਮ ਹਨ।ਅਸ਼ੋਕ ਸਿੰਘਲ ਦੇ ਹਾਣ ਦਾ ਬਣਨ ਲਈ ਰਾਮ ਮੰਦਰ ਦੇ ਮੁੱਦੇ ਨਾਲੋਂ ਵੱਡਾ ਮੁੱਦਾ ਹੋਰ ਕਿਹੜਾ ਹੋ ਸਕਦਾ ਹੈ? ਸੰਘ ਨੇਤਾ ਮੋਹਨ ਭਾਰਗਵ ਵੱਲੋਂ ਮੰਦਰ ਬਣਾਉਣ ਸਬੰਧੀ ਦਿੱਤੇ ਬਿਆਨ ਤੋਂ ਤੁਰੰਤ ਬਾਅਦ ਅਯੁੱਧਿਆ ਵਿਖੇ ਪੱਥਰ ਪਹੰਚਾਉਣ ਦੀਆਂ ਖਬਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਅਖਲੇਸ਼ ਯਾਦਵ ਵੱਲੋਂ ਉੱਚ ਪੱਧਰੀ ਬੈਠਕ ਬੁਲਾ ਕੇ ਇਸ ਸਬੰਧੀ ਚਰਚਾ ਕੀਤੀ ਗਈ ਹੈ।ਇਸ ਰਾਜ ਅੰਦਰ ਸਾਰੀਆਂ ਪਾਰਟੀਆਂ ਵਾਸਤੇ 2੦16 ਦਾ ਵਰਾ ਬੇਹੱਦ ਮਹੱਤਵ ਪੂਰਨ ਹੋਵੇਗਾ।ਕੁਝ ਰਾਜਨੀਤਕ ਮਾਹਰਾਂ ਦਾ ਦਾਅਵਾ ਹੈ ਕਿ ਭਾਜਪਾ ਇਸ ਮੁੱਦੇ ਤੇ ਚੁੱਪ ਰਹਿ ਕੇ ਸੰਘ ਪਰਿਵਾਰ ਰਾਹੀੰ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਭਾਰੇਗੀ ਕਿਉਂ ਕਿ ਉਸ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਾਹ  ਨਹੀਂ ਹੈ।ਜਿੱਥੋਂ ਤੱਕ ਸੰਘ ਅਤੇ ਨਰਿੰਦਰ ਮੋਦੀ ਦੇ ਆਪਸੀ ਰਿਸ਼ਤਿਆਂ ਦੀ ਗੱਲ ਹੈ ਇਹ ਕਾਫੀ ਉਤਰਾ ਚੜਾ ਵਾਲੇ ਰਹੇ ਹਨ।

ਜੇਕਰ ਬਤੌਰ ਸੰਘ ਕਾਰਜ ਕਰਤਾ ਉਸ ਦੇ ਅਤੀਤ ਨੂੰ ਦੇਖਿਆ ਜਾਵੇ ਤਾਂ ਅਜਿਹਾ ਪਰਤੀਤ ਹੁੰਦਾ ਹੈ ਕਿ ਉਸ ਨੂੰ ਸੰਘ ਨਾਲੋੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।ਇਸ ਤੋਂ ਉਲਟ ਗੁਜਰਾਤ ਦਾ ਮੁੱਖ ਮੰਤਰੀ ਹੋਣ ਸਮੇਂ ਉਸ ਨੇ ਗੁਜਰਾਤ ਦੰਗਿਆਂ ਨੂੰ ਪਿੱਛੇ ਛੱਡ ਕੇ ਆਪਣਾ ਅਕਸ ਵਿਕਾਸ ਪੁਰਸ਼ ਵਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।ਇਸ ਕਵਾਇਦ ਦੌਰਾਨ ਉਸ ਨੇ ਸੰਘ ਦੇ ਦਬਾਅ ਹੇਠ ਆਉਣ ਤੋਂ ਇਨਕਾਰ ਕਰ ਦਿੱਤਾ ਸੀ,ਜਿਸ ਕਾਰਨ ਉਸ ਦੇ ਸੰਘ ਨਾਲ ਰਿਸ਼ਤੇ ਫਿੱਕੇ ਪੈ ਗਏ ਸਨ।ਬਤੌਰ ਪੀ ਐਮ ਉਮੀਦਵਾਰ ਆਪਣਾ ਨਾਮ ਘੋਸ਼ਿਤ ਕਰਵਾਉਣ ਲਈ ਸੰਘ ਦੀ ਰਜ਼ਾਮੰਦੀ ਲਾਜ਼ਮੀ ਸੀ ਇਸ ਲਈ ਉਹ ਸੰਘ ਦੇ ਫੇਰ ਨੇੜੇ ਚਲਾ ਗਿਆ।ਉਸ ਸਮੇਂ ਦੋਹਾੰ ਨੂੰ ਇੱਕ ਦੂਜੇ ਦੀ ਲੋੜ ਸੀ।ਇਸ ਸਮੇਂ ਦੇ ਰਾਜਨੀਤਕ ਅਤੇ ਸਮਾਜਿਕ ਹਾਲਾਤ ਨਰਿੰਦਰ ਮੋਦੀ ਲਈ ਬਹੁਤੇ ਸਾਜਗਾਰ ਨਹੀਂ ਹਨ।ਇਸ ਸਮੇਂ ਉਸ ਨੂੰ ਪੀ ਐਮ ਦੀ ਦੇਸ਼ ਪਰਤੀ ਨੈਤਿਕ ਜ਼ੁੰਮੇਵਾਰੀ ਅਤੇ ਸੰਘ ਦੇ ਦਬਾਅ 'ਚੋੰ ਇੱਕ ਨੂੰ ਚੁਣਨਾ ਪਵੇਗਾ।ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸਨੂੰ ਇੱਕ ਪੱਖ ਪਾਤੀ ਪੀ ਐਮ ਵਜੋਂ ਯਾਦ ਕੀਤਾ ਜਾਵੇਗਾ।

ਸੰਪਰਕ: +91 98722 38981

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ