ਬੁਰਕੀਨਾ ਫਾਸੋ ਅਤਿਵਾਦੀ ਹਮਲੇ ਦੀ ਘਟਨਾ ਦੇ ਅਸਲ ਅਰਥ ਲੱਭਣ ਦੀ ਜ਼ਰੂਰਤ -ਰਿਸ਼ੀ ਨਾਗਰ
Posted on:- 18-01-2016
ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੀ ਰਾਜਧਾਨੀ ਉਆਗਾਡੁਗੂ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ 6 ਕੈਨੇਡੀਅਨ ਨਾਗਰਿਕਾਂ ਸਮੇਤ 28 ਲੋਕਾਂ ਦੇ ਮਾਰੇ ਜਾਣ, ਦਰਜਨਾਂ ਹੋਰਨਾਂ ਲੋਕਾਂ ਦੇ ਜ਼ਖ਼ਮੀ ਹੋਣ ਪਿੱਛੋਂ ਦੁਨੀਆ ਭਰ ਵਿੱਚ ਕਈ ਉਹੀ ਸਵਾਲ ਮੁੜ ਸਿਰ ਚੁੱਕ ਰਹੇ ਨੇ ਜਿਹੜੇ ਹਰ ਵਾਰ ਦਹਿਸ਼ਤਗ਼ਰਦੀ ਦੀ ਵਾਰਦਾਤ ਤੋਂ ਬਾਦ ਪੈਦਾ ਹੁੰਦੇ ਹਨ। ਵਾਰ ਵਾਰ ਉਹੀ ਸਵਾਲ, ਉਹੀ ਜਵਾਬ। ਕੋਈ ਨਵੀਂ ਗੱਲ ਨਹੀਂ। ਬੁਰਕੀਨਾ ਫਾਸੋ ਮੁਕਾਬਲਤਨ ਗ਼ਰੀਬ ਮੁਲਕ ਹੈ, 60% ਮੁਸਲਿਮ ਆਬਾਦੀ ਹੈ, 69 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਸੋਨਾ ਅਤੇ ਕਪਾਹ ਨਿਰਯਾਤ ਹੁੰਦੇ ਹਨ, ਸਾਖਰਤਾ ਦਰ 25% ਹੈ, ਇੰਗਲੈਂਡ, ਫ੍ਰਾਂਸ ਅਤੇ ਜਰਮਨੀ ਦਾ ਇੱਥੇ ਕਬਜ਼ਾ ਰਿਹਾ ਹੈ, ਰਾਜਨੀਤਕ ਉੱਥਲ-ਪੁੱਥਲ ਹੁੰਦੀ ਰਹਿੰਦੀ ਹੈ, ਭੋਜਨ ਦੀ ਕਮੀ ਨਾਲ ਜੂਝਦਾ ਦੇਸ਼ ਹੈ।
ਸ਼ੁੱਕਰਵਾਰ ਦੀ ਸ਼ਾਮ, 15 ਜਨਵਰੀ ਨੂੰ ਇਥੇ ਰਾਜਧਾਨੀ ਉਆਗਾਡੁਗੂ ਵਿੱਚ ਅਤਿਵਾਦੀ ਹਮਲਾ ਹੋਇਆ। ਬੰਧਕ ਬਣਾਏ ਗਏ ਕਈ ਲੋਕਾਂ ਨੂੰ ਕਈ ਘੰਟਿਆਂ ਬਾਦ ਮੁਕਤ ਕਰਵਾਇਆ ਜਾ ਸਕਿਆ। ਅਲ-ਕਾਇਦਾ ਨਾਲ ਜੁੜੇ ਅਤਿਵਾਦੀਆਂ ਦੇ ਇਸ ਕਾਰੇ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ। ਕੈਨੇਡਾ ਦੇ ਕਿਉਬੈਕ ਦੇ ਇਕੋ ਪਰਿਵਾਰ ਦੇ ਚਾਰ ਜੀਆਂ ਸਮੇਤ 6 ਲੋਕ ਮਾਰੇ ਗਏ ਹਨ। ਇਹ ਲੋਕ ਉੱਥੇ ਚੱਲ ਰਹੇ ਲੋਕ-ਭਲਾਈ ਕੰਮਾਂ ਵਿੱਚ ਸਹਿਯੋਗ ਕਰਨ ਲਈ ਗਏ ਹੋਏ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟ ਕਰ ਦਿੱਤਾ ਹੈ, ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੀ ਆਗੂ ਨੇ ਸਰਕਾਰ ‘ਤੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ। ਲੋਕਾਂ ਨੇ ਖ਼ਬਰ ਪੜ੍ਹ ਕੇ ਸੁਣੀ-ਅਣਸੁਣੀ ਕਰ ਦਿੱਤੀ ਹੈ। ਅੱਜ ਮਰੇ, ਕੱਲ੍ਹ ਦੂਜਾ ਦਿਨ। ਖ਼ੱਲੀ-ਬੱਲੀ। ਫ੍ਰਾਂਸ ਅਤੇ ਅਮੈਰਿਕਨ ਸੁਰੱਖਿਆ ਦਸਤਿਆਂ ਨੇ ਸਹਾਇਤਾ ਕੀਤੀ ਤਾਂ 4 ਅਤਿਵਾਦੀਆਂ ਨੂੰ ਮਾਰਿਆ ਜਾ ਸਕਿਆ। ਕੈਨੇਡਾ ਨੇ ਵੀ ਆਪਣੀ ਮਦਦ ਦੇਣ ਦਾ ਐਲਾਨ ਕੀਤਾ ਹੈ ਅਤੇ ਅਤਿਵਾਦ ਵਿੱਰੁਧ ਲੜਾਈ ਦਾ ਅਹਿਦ ਲਿਆ ਹੈ। ਵੋਟਾਂ ਦੀ ਰਾਜਨੀਤੀ ਨੇ ਕਿੰਨਾ ਬੇੜਾ ਗ਼ਰਕ ਦਿੱਤਾ ਹੈ, ਸਮਝ ਲੈਣਾ ਹੋਵੇਗਾ। ਲੋਕਤੰਤਰ ਦੀ ਕੀਮਤ ਇੰਨੀ ਜ਼ਿਆਦਾ ਹੋਵੇਗੀ, ਇਹ ਤਾਂ ਕਿਆਸ ਲੋਕਤੰਤਰ ਦੀ ਧਾਰਣਾ ਘੜਣ ਵਾਲੇ ਨੇ ਵੀ ਨਹੀਂ ਕੀਤਾ ਹੋਵੇਗਾ। ਕੀ ਅਸੀਂ ਉਸ ਸਮੇਂ ਹੀ ਜਾਗਾਂਗੇ ਜਦੋਂ ਸਾਡੇ ਘਰੇ ਅੱਗ ਲੱਗੂ?
ਇਸ ਸਮੱਸਿਆ ਦਾ ਹੱਲ ਕੀ ਹੈ? ਕੀ ਅਤਿਵਾਦ ਕਦੀ ਨਾ ਖ਼ਤਮ ਹੋਣ ਵਾਲੀ ਸਮੱਸਿਆ ਹੈ? ਸੀਰੀਆ ਤੇ ਇਰਾਕ ਵਿੱਚੋਂ ਕੈਨੇਡੀਅਨ ਫੌਜੀ ਟੁਕੜੀ ਨੂੰ ਕੱਢ ਲੈਣ ਨਾਲ ਅਤੇ ਆਈ ਐਸ ਅਤਿਵਾਦੀਆਂ ਨੂੰ ਤਸੱਲੀ ਦੇ ਕੇ ਕਿ ਕੈਨੇਡਾ ਇਸ ਵਿੱਚ ਸ਼ਾਮਲ ਨਹੀਂ ਹੈ, ਕੈਨੇਡੀਅਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ? ਤਾਬੜਤੋੜ ਬੰਬਾਰੀ ਕਰਕੇ ਅਤਿਵਾਦੀ ਮਾਰੇ ਜਾ ਸਕਦੇ ਹਨ? ਸਾਉਦੀ ਅਰਬ ਵਰਗੇ ਮੁਲਕ ਜੋ ਮਰਜ਼ੀ ਕਰੀ ਜਾਣ, ਉਸ ਉੱਤੇ ਚੁੱਪਚਾਪ ਅੱਖਾਂ ਮੀਟੀ ਰੱਖਣ ਨਾਲ, ਆਪਣੀ ਗ਼ਰਜ਼ ਲਈ ਕਿਸੇ ਦੇ ਵਿਰੁੱਧ ਖੜ੍ਹਣਾ, ਆਪਣੀ ਗ਼ਰਜ਼ ਲਈ ਕਿਸੇ ਦੇ ਹੱਕ ਵਿੱਚ ਉੱਤਰਨਾ, ਆਪਣੀ ਗ਼ਰਜ਼ ਲਈ ਕਿਸੇ ਦੀ ਮਦੱਦ ਕਰਨਾ, ਆਪਣੀ ਗ਼ਰਜ਼ ਲਈ ਕਿਸੇ ‘ਤੇ ਹਮਲਾ ਕਰਨਾ... ਹੋ ਕੀ ਰਿਹੈ ਇਹ?