ਬੀਬੀ ਹਰਸਿਮਰਤ ਕੌਰ ਦੇ ਬਹਾਨੇ ਨੂੰਹਾਂ-ਧੀਆਂ ਦੀ ਸੁਰੱਖਿਆ ਦੀ ਗੱਲ -ਰਣਜੀਤ ਲਹਿਰਾ
Posted on:- 13-01-2016
23 ਨਵੰਬਰ, 2015 ਵਾਲੇ ਦਿਨ ਸ਼ੋਮਣੀ ਅਕਾਲੀ ਦਲ (ਬਾਦਲ) ਵੱਲੋਂ ਬਠਿੰਡਾ ਵਿਖੇ ਪਲੇਠੀ ‘ਸਦਭਾਵਨਾ ਰੈਲੀ’ ਕੀਤੀ ਗਈ। ਇਹ ਰੈਲੀ ਕਿੰਨੀ ਕੁ ਸਦਭਾਵਨਾ ਦੇ ਮੰਤਵ ਨਾਲ ਕੀਤੀ ਗਈ ਤੇ ਕਿੰਨੀ ਕੁ ਸਿਆਸਤ ਦੇ ਮੰਤਵ ਨਾਲ ਕੀਤੀ ਗਈ, ਕਿੰਨੀ ਕੁ ਆਪਣੇ ਬਲਬੂਤੇ ਕੀਤੀ ਗਈ ਤੇ ਕਿੰਨੀ ਕੁ ਸਰਕਾਰੀ ਮਸ਼ੀਨਰੀ ਦੇ ਬਲਬੂਤੇ ਕੀਤੀ ਗਈ, ਇਹ ਹੱਥਲੀ ਲਿਖਤ ਦਾ ਵਿਸ਼ਾ ਨਹੀਂ। ਵਿਸ਼ਾ ਇਹ ਵੀ ਨਹੀਂ ਕਿ ਇਸ ਰੈਲੀ ਵਿੱਚ ਕਿੰਨੀ ਸਦਭਾਵਨਾ ਵੰਡੀ ਗਈ ਤੇ ਕਿੰਨੀ ਕੁ ਸ਼ਰਾਬ ਵੰਡੀ ਗਈ ਜਾਂ ਇਉਂ ਕਹਿ ਲਵੋ ਕਿ ਰੈਲੀ ਵਿੱਚ ਸਦਭਾਵਨਾ ਵਧੇਰੇ ਵੰਡੀ ਗਈ ਜਾਂ ਸ਼ਰਾਬ ਵਧੇਰੇ ਵੰਡੀ ਗਈ। ਇਨ੍ਹਾਂ ਗੱਲਾਂ ਸਮੇਤ ਇਸ ਰੈਲੀ ਵਿੱਚ ਹੋਰ ਵੀ ਬੜਾ ਕੁਝ ਹੋਏ-ਵਾਪਰੇ ਤੇ ਕਹੇ ਸੁਣੇ ਦੀ ਚਰਚਾ ਮੀਡੀਏ ਤੇ ਸੋਸ਼ਲ ਮੀਡੀਏ ਵਿੱਚ ਖ਼ੂਬ ਹੋ ਚੁੱਕੀ ਹੈ। ਇੱਥੇ ਅਸੀਂ ਜਿਹੜੀ ਚਰਚਾ ਕਰਨੀ ਚਾਹੁੰਦੇ ਹਾਂ ਉਹ ਰੈਲੀ ਵਿੱਚ ਬੀਬੀ ਹਰਸਿਮਰਤ ਕੌਰ ਵੱਲੋਂ ਕਹੇ-ਸੁਣੇ ਗਏ ਦੀ ਕਰਨਾ ਚਾਹੁੰਦੇ ਹਾਂ।
ਬੀਬੀ ਹਰਸਿਮਰਤ ਕੌਰ ਕੋਈ ਸਧਾਰਨ ਔਰਤ ਨਹੀਂ। ਉਹ ਪੰਜਾਬ ਦੇ ‘ਰਾਜ ਘਰਾਣੇ’ ਦੀ ਨੂੰਹ-ਧੀ ਹੈ। ਸਹੁਰਾ ਸਾਹਿਬ ਉਸਦਾ ਮੁੱਖ ਮੰਤਰੀ ਹੈ, ਪਤੀ ਦੇਵ ਉਸਦਾ ਉਪ ਮੁੱਖ ਮੰਤਰੀ ਹੈ। ਭਰਾ ਉਸਦਾ ਕੈਬਨਿਟ ਮੰਤਰੀ ਹੈ ਤੇ ਨਣਦੋਈਆ ਵੀ ਉਸਦਾ ਕੈਬਨਿਟ ਮੰਤਰੀ ਹੈ ਤੇ ਖ਼ੁਦ ਬੀਬਾ ਜੀ ਆਪ ਵੀ ਕੇਂਦਰੀ ਮੰਤਰੀ ਤੇ ‘ਨੰਨ੍ਹੀ ਛਾਂ’ ਦੀ ਵੀ ਸਰਪ੍ਰਸਤ ਹੈ।
ਏਨੇ ਵੱਡੇ ਰੁਤਬੇ ਵਾਲੀ ਬੀਬੀ ਨੇ ਸਦਭਾਵਨਾ ਰੈਲੀ ਨੂੰ ਸੰਬੋਧਨ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਕੁਝ ਲੋਕ ਸ਼ੋਸ਼ਲ ਮੀਡੀਏ ਵਿੱਚ ਮੇਰੇ ਬਾਰੇ ਘਟੀਆ ਤੇ ਬੇਹੂਦਾ ਟਿੱਪਣੀਆਂ ਕਰਦੇ ਹਨ। ਭਾਵੂਕਤਾ ਦਾ ਪੱਲਾ ਨਾ ਛੱਡਦਿਆਂ ਉਸਨੇ ਅੱਗੇ ਕਿਹਾ ਕਿ ਮੈਂ ਵੀ ਕਿਸੇ ਦੀ ਨੂੰਹ ਧੀ ਹਾਂ ਤੇ ਕਦੇ ਆਪਣੇ ਸਿਰੋਂ ਚੁੰਨੀ ਨਹੀਂ ਲਹਿਣ ਦਿੱਤੀ, ਪਰ ਫਿਰ ਵੀ ਲੋਕ ਮੇਰੇ ਬਾਰੇ ਘਟੀਆ ਗੱਲਾਂ ਕਰਦੇ ਹਨ।
ਬੀਬੀ ਹਰਸਿਮਤ ਕੌਰ ਦੇ ਇਨ੍ਹਾਂ ਸ਼ਬਦਾਂ ਤੋਂ ਉਸਦੇ ਅੰਦਰ ਦੀ ਤਕਲੀਫ਼ ਸਮਝੀ ਜਾ ਸਕਦੀ ਹੈ। ਵੈਸੇ ਵੀ ਵੱਡੇ ਲੋਕਾਂ ਦੀ ਤਕਲੀਫ਼ ਵੀ ਵੱਡੀ ਹੁੰਦੀ ਹੈ। ਅਸੀਂ ਉਨ੍ਹਾਂ ਦੀ ਤਕਲੀਫ਼ ਨੂੰ ਸਮਝ ਸਕਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਸ਼ੋਸ਼ਲ ਮੀਡੀਏ ’ਚ ਕੁਝ ਲੋਕ ਆਪਣੇ ਸਿਆਸੀ ਵਿਰੋਧੀਆਂ, ਵੱਖਰੇ ਵਿਚਾਰਾਂ ਵਾਲਿਆਂ ਤੇ ਖ਼ਾਸ ਕਰ ਔਰਤਾਂ ਬਾਰੇ ਘਟੀਆ, ਅਪਮਾਨਜਨਕ ਤੇ ਅਸ਼ਲੀਲ ਟਿਪੱਣੀਆਂ ਕਰਨ, ਵਿਰੋਧੀਆਂ ਨੂੰ ਬੇਇੱਜ਼ਤ ਕਰਕੇ ਨਿਰਾਸ਼ ਕਰਨ ਤੇ ਡਰਾਉਣ-ਧਮਕਾਉਣ ਦਾ ਵਰਤਾਰਾ ਹੈ। ਵਧੇਰੇ ਠੀਕ ਸ਼ਬਦਾਂ ’ਚ ਕਹਿਣਾ ਹੋਵੇ ਤਾਂ ਇਹ ਵਰਤਾਰਾ ‘ਸ਼ੋਸ਼ਲ ਮੀਡੀਆ’ ਦਾ ਗੁੰਡਾ ਹੈ। ਜ਼ਿੰਦਗੀ ਦੇ ਹੋਰਨਾਂ ਖੇਤਰਾਂ ਵਾਂਗ ਅਸੀਂ ਸੋਸ਼ਲ ਮੀਡੀਆ ਦੇ ਖੇਤਰ ’ਚ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਵਿਰੋਧ ਕਰਦੇ ਹਾਂ ਤੇ ਹੋਰਨਾਂ ਲੋਕਾਂ ਨੂੰ ਵੀ ਇਸ ਗੁੰਡਾਗਰਦੀ ਦਾ ਵਿਰੋਧ ਕਰਨ ਦਾ ਸੱਦਾ ਦਿੰਦੇ ਹਾਂ।
ਸਚਾਈ ਦਾ ਇਹ ਇੱਕ ਪੱਖ ਹੈ। ਸਚਾਈ ਦਾ ਦੂਜਾ ਪੱਖ ਇਹ ਹੈ ਕਿ ਸ਼ੋਸ਼ਲ ਮੀਡੀਆ ਦਾ ਇਹ ਗੁੰਡਾ ਰੁਝਾਨ, ਸਿਆਸੀ ਗੁੰਡਾਗਰਦੀ ਦੇ ਰੁਝਾਨ ਦੀ ਪੈਦਾਇਸ਼ ਹੈ। ਬੀਬੀ ਹਰਸਿਮਰਤ ਕੌਰ ਖ਼ੁਦ ਉਸ ਸਿਆਸੀ ਰੁਝਾਨ ਦੀ ਇੱਕ ਨੁਮਇੰਦਾ ਹੈ। ਸਭ ਕੁਝ ਦੇ ਬਾਵਜੂਦ ਬੀਬੀ ਹਰਸਿਮਰਤ ਏਨੀ ਭੋਲ਼ੀ-ਭਾਲ਼ੀ ਨਹੀਂ ਕਿ ਉਸ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਸ਼ੋਸ਼ਲ ਮੀਡੀਏ ਦੀੇ ਗੁੰਡਗਰਦੀ ਨੂੰ ਪਾਲਣ- ਪੋਸ਼ਣ ਵਿੱਚ ਉਸਦੇ ਪਤੀ ਦੇਵ ਤੇ ਉਸ ਦੀ ਜੁੰਡਲੀ ਨੇ ਸਭ ਤੋਂ ਵੱਧ ਰੋਲ ਅਦਾ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਆਪਣੀ ਵਾਰੀ ਬੀਬੀ ਹਰਸਿਮਰਤ ਕੌਰ ਨੂੰ ਡਾਢੀ ਤਕਲੀਫ਼ ਹੋ ਰਹੀ ਹੈ। ਦਰਅਸਲ ਸ਼ੋਸ਼ਲ ਮੀਡੀਏ ਦਾ ਗੁੰਡਾ ਰੁਝਾਨ, ਉਸ ਹਾਕਮ ਜਮਾਤੀ ਸਿਆਸੀ ਰੁਝਾਨ ਦੀ ਪੈਦਾਵਾਰ ਹੈ, ਜਿਹੜਾ ਆਪਣੇ ਸੌੜੇ ਹਿੱਤਾਂ ਲਈ ਨਾ ਸਿਰਫ਼ ਪੁਲਿਸ-ਪ੍ਰਸ਼ਾਸ਼ਨ ਦੀ ਤਾਕਤ ਰਾਹੀਂ ਆਪਣੇ ਹਰ ਕਿਸਮ ਦੇ ਸਿਆਸੀ ਵਿਰੋਧੀਆਂ ਦੀ ਜ਼ਬਾਨ ਬੰਦ ਕਰਨ ’ਤੇ ਟੇਕ ਰੱਖਦਾ ਹੈ ਸਗੋਂ ਆਪਣੇ ਜ਼ਰਖਰੀਦ ਲੱਠਮਾਰਾਂ ਦੀ ਗੁੰਡਾਗਰਦੀ ਦੀ ਧੋਂਸ ਦੀ ਵਰਤੋਂ ਵੀ ਨਿਸ਼ੰਗ ਹੋ ਕੇ ਕਰਦਾ ਹੈ। ਇਸੇ ਸਿਆਸੀ ਰੁਝਾਨ ਦੇ ਤਹਿਤ ਵੱਖੋ-ਵੱਖ ਹਾਕਮ ਜਮਾਤੀ ਪਾਰਟੀਆ ਨੇ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਹੀ ਨਹੀਂ ਸਗੋਂ ਨਿਰਪੱਖ ਲੇਖਕਾਂ-ਪੱਤਰਕਾਰਾਂ ਤੱਕ ਨੂੰ ਬੇਇੱਜ਼ਤ ਕਰਕੇ ‘ਦੜ ਵੱਟ’ ਕੇ ਬੈਠਣ ਲਈ ਮਜ਼ਬੂਰ ਕਰਨ ਦੇ ਵਾਸਤੇ ਸ਼ੌਸ਼ਲ ਮੀਡੀਆ ’ਤੇ ਵੀ ਆਪਣੇ ਪਾਲਤੂ ਗੁੰਡੇ ਤਾਇਨਾਤ ਕਰ ਰੱਖੇ ਹਨ। ਗੁੰਡਾਗਰਦੀ ਨੂੰ ਸਿਆਸੀ ਸਰਪ੍ਰਸਤੀ ਖਿਲਾਫ਼ ਬੀਬੀ ਹਰਸਿਮਰਤ ਦੀ ਇਸ ਚੁੱਪ ਨੂੰ ਕੀ ਕਿਹਾ ਜਾਵੇ?
ਇਹ ਠੀਕ ਹੈ ਕਿ ਬੀਬੀ ਹਰਸਿਮਰਤ ਕੌਰ ਨੇ ਕਦੇ ‘ਚੁੰਨੀ ਸਿਰ ਤੋਂ ਨਹੀਂ ਲਹਿਣ ਦਿੱਤੀ’। ਪਰ ਇਹ ਵੀ ਇੱਕ ਹਕੀਕਤ ਹੈ ਕਿ ਬੀਬੀ ਹਰਸਿਮਰਤ ਕੌਰ ਦੇ ‘ਰਾਜ ਘਰਾਣੇ’ ਦੇ ਰਾਜ ਵਿੱਚ ਪੰਜਾਬ ਦੀਆ ਨੂੰਹਾਂ-ਧੀਆਂ ਦੀਆਂ ਚੁੰਨੀਆਂ ਨਿੱਤ ਰੋਜ਼ ਪੁਲਿਸ ਤੇ ਗੁੰਡਾ ਅਨਸਰਾਂ ਵੱਲੋਂ ਰੋਲੀਆਂ ਜਾਂਦੀਆਂ ਰਹੀਆਂ ਹਨ ਤੇ ਬੀਬੀ ਨੇ ਕਦੇ ਕਿਸੇ ਦੇ ਹੱਕ ’ਚ ਹਾਅ ਦਾ ਨਾਅਰਾ ਨਹੀਂ ਮਾਰਿਆ। ਜਦੋਂ ‘ਗੁਰੂ ਕੀ ਨਗਰੀ’ ਦੇ ਨਾਲ ਲਗਦੇ ਇਲਾਕੇ ਛੇਹਰਟਾ ਵਿੱਚ ਇੱਕ ਧੀ ਦੀ ਪੱਤ ਬਚਾਉਣ ਆਏ ਥਾਣੇਦਾਰ ਪਿਤਾ ਤੱਕ ਨੂੰ ਇੱਕ ਯੂਥ ਵਿੰਗੀਏ ਗੁੰਡੇ ਨੇ ਗੋਲੀਆਂ ਨਾਲ ਛਣਨੀ ਕਰਕੇ ਉਹਦੀ ਲਾਸ਼ ’ਤੇ ਮਜੀਠੇ ਵਾਲੇ ਸਰਦਾਰ ਤੇ ਤੁਹਾਡੇ ਭਰਾ ਦੀ ਜ਼ਿੰਦਾਬਾਦ ਦੇ ਨਾਅਰੇ ਲਾਏ ਸੀ ਕੀ ਬੀਬੀ ਹਰਸਿਮਰਤ ਜੀ ਉਦੋਂ ਤੁਹਾਨੂੰ ਇਹ ਖ਼ਿਆਲ ਕਿਉਂ ਨਹੀਂ ਸੀ ਆਇਆ ਕਿ ਆਖ਼ਰ ਉਹ ਵੀ ਕਿਸੇ ਦੀ ਧੀ ਸੀ? ਜਦੋਂ ਤੁਹਾਡੇ ਹਲਕੇ ਦੇ ਨਾਲ ਲੱਗਦੇ ਸ਼ਹਿਰ ਫ਼ਰੀਦਕੋਟ ਵਿੱਚ ਦਿਨ-ਦਿਹਾੜੇ ‘ਯੂਥ ਵਿੰਗੀਏ ਨਿਸ਼ਾਨ ਦੇ ਗੁੰਡਾ ਗਰੋਹ ਵੱਲੋਂ ਸ਼ਰੂਤੀ ਨਾਂ ਦੀ ਬੱਚੀ ਨੂੰ ਧੱਕੇ ਨਾਲ ਉਧਾਲ ਕੇ ਲੈ ਜਾਇਆ ਗਿਆ ਸੀ ਤੇ ਸਾਰਾ ਸ਼ਹਿਰ ਤੇ ਇਲਾਕਾ ਇਸ ਨੰਗੀ ਚਿੱਟੀ ਗੁੰਡਾਗਰਦੀ ਖ਼ਿਲਾਫ਼ ਹਫ਼ਤਿਆਂ-ਬੱਧੀ ਸੜਕਾਂ ’ਤੇ ਸੰਘਰਸ਼ ਕਰਦਾ ਰਿਹਾ ਸੀ ਉਦੋਂ ਬੀਬੀ ਹਰਸਿਮਰਤ ਕੌਰ ਜੀ ਤੁਹਾਡੀ ਜ਼ੁਬਾਨ ਤਾਲੂਏ ਨਾਲ ਕਿਉਂ ਲੱਗੀ ਰਹੀ ਸੀ?
ਤੁਸੀਂ ਤਾਂ ਬੀਬਾ ਹਰਸਿਮਰਤ ਜੀ ਉਦੋਂ ਵੀ ਨਾ ਸਿਰਫ਼ ਚੁੱਪ ਰਹੇ ਸੀ ਸਗੋਂ ਕੁਫ਼ਰ ਵੀ ਤੋਲਿਆ ਸੀ ਜਦੋਂ ਮੋਗੇ ਵਿੱਚ ਤੁਹਾਡੀ ਆਪਣੀ ਆਰਬਿਟ ਕੰਪਨੀ ਦੀ ਬੱਸ ਵਿੱਚੋਂ ਤੁਹਾਡੇ ਗੁੰਡਾ ਕਿਸਮ ਦੇ ਸਟਾਫ਼ ਹੱਥੋਂ ਇੱਜ਼ਤ ਬਚਾਉਂਦੀ ਚੋਦਾਂ ਸਾਲਾਂ ਦੀ ਬੱਚੀ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਤੇ ਮਾਰ ਮੁਕਾਇਆ ਸੀ। ਬੀਬੀ ਹਰਸਿਮਰਤ ਜੀ ਤੁਹਾਡੇ ਆਪਣੇ ਪਾਰਲੀਮਾਨੀ ਹਲਕੇ ਬਠਿੰਡਾ ਸਮੇਤ ਤੁਹਾਡੇ ਸਹੁਰਾ ਸਾਹਿਬ ਦੇ ਜ਼ੱਦੀ ਪੁਸ਼ਤੀ ਹਲਕੇ ਲੰਬੀ ਵਿੱਚ ਪੰਜਾਬ ਦਾ ਉਹ ਕਿਹੜਾ ਵਰਗ ਹੈ ਜਿਸਦੀਆਂ ਨੂੰਹਾਂ-ਧੀਆਂ ਦੀਆਂ ਚੁੰਨੀਆਂ ਤੁਹਾਡੇ ਪਤੀਦੇਵ ਦੀ ਕਮਾਂਡ ਹੇਠਲੀ ਪੁਲਿਸ ਨੇ ਨਹੀਂ ਰੋਲੀਆਂ। ਕਦੇ ਆਂਗਣਬਾੜੀ ’ਤੇ ਕਦੇ ਆਸ਼ਾ ਵਰਕਰਾਂ, ਕਦੇ ਮਿੱਡ ਡੇ-ਮੀਲ ਵਰਕਰਾਂ ਤੇ ਕਦੇ ਸਿੱਖਿਆ ਪ੍ਰੋਵਾਈਡਰ, ਕਦੇ ਅਧਿਆਪਕਾਵਾਂ ਤੇ ਕਦੇ ਨਰਸਾਂ, ਕਦੇ ਕਿਸਾਨ ਬੀਬੀਆਂ ਤੇ ਕਦੇ ਪੇਂਡੂ ਮਜ਼ਦੂਰ ਬੀਬੀਆਂ ਸਭ ਨੂੰ ਤੁਹਾਡੇ ਰਾਜ ਦੀ ਨਾ ਸਿਰਫ਼ ਪੁਲਿਸ ਸਗੋਂ ਗੁੰਡਾ ਕਿਸਮ ਦੇ ਜਥੇਦਾਰਾਂ ਵੱਲੋਂ ਜ਼ਲਾਲਤ ਸਹਿਣੀ ਪਈ। ਪਰ ਕਦੇ ਵੀ ਨਾ ਤੁਹਾਡੀ ਜ਼ੁਬਾਨ ਖੁੱਲ੍ਹੀ, ਨਾ ਜ਼ਮੀਰ ਜਾਗੀ ਤੇ ਨਾ ਕੋਈ ਤਕਲੀਫ਼ ਹੋਈ। ਆਖ਼ਰ ਕਿਉਂ? ਕੀ ਇੱਜ਼ਤ ਸਿਰਫ਼ ਵੱਡੇ ਘਰਾਂ ਦੀਆਂ ਨੂੰਹਾ-ਧੀਆਂ ਦਾ ਹੀ ਗਹਿਣਾ ਹੁੰਦੀ ਹੈ? ਜਦੋਂ ਤੁਸੀਂ ਪੰਜ ਦਰਿਆਵਾਂ ਦੀ ਧਰਤੀ ’ਤੇ ਇੰਨਾ ਕੁਝ ਵਾਪਰਨ ’ਤੇ ਨਹੀਂ ਬੋਲ ਸਕੇ ਸਾਡੇ ਮਾਰੇ ‘ਮਿਹਣੇ ’ਤੇ ਕੀ ਬੋਲੋਂਗੇ?