ਪੱਥਰ ਕਹੇ ਖੁਰੀ ਜਾਨ੍ਹੇ ਆ ਯਾਰ - ਮਿੰਟੂ ਬਰਾੜ
Posted on:- 29-12-2015
ਆਜ਼ਾਦੀ ਕੀ ਹੈ? ਸਮਝਣ ਦੀ ਲੋੜ ਹੈ। ਅਸੀਂ ਪਹਿਲਾ ਵੀ ਆਜ਼ਾਦ ਸੀ, ਅਸੀਂ ਹੁਣ ਵੀ ਆਜ਼ਾਦ ਹਾਂ। ਸਾਡੀ ਮਾਨਸਿਕਤਾ ਪਹਿਲਾਂ ਵੀ ਗ਼ੁਲਾਮ ਸੀ ਤੇ ਹੁਣ ਵੀ ਗ਼ੁਲਾਮ ਹੈ। ਭਵਿੱਖ 'ਚ ਕਿਤੇ ਨੇੜੇ-ਤੇੜੇ ਦਿਖਾਈ ਵੀ ਨਹੀਂ ਦੇ ਰਿਹਾ ਕਿ ਅਸੀਂ ਇਸ ਮਾਨਸਿਕ ਗ਼ੁਲਾਮੀ 'ਚੋਂ ਬਾਹਰ ਵੀ ਨਿਕਲ ਆਵਾਂਗੇ। ਇਤਿਹਾਸ ਗਵਾਹ ਹੈ ਕਿ ਅਸੀਂ ਓਨ੍ਹੇ ਮਾੜੇ ਦਿਨ ਨਹੀਂ ਦੇਖੇ ਜਿੰਨੇ ਹੋਰਨਾਂ ਮੁਲਕਾਂ ਦੇ ਗ਼ੁਲਾਮਾਂ ਨੇ ਦੇਖੇ। ਉਧਾਰਣ ਦੇ ਤੌਰ ਤੇ ਅਫ਼ਰੀਕੀ ਦੇਸ਼ਾਂ ਦਾ ਇਤਿਹਾਸ ਪੜ੍ਹਿਆ ਜਾ ਸਕਦਾ ਹੈ, ਜਿੱਥੇ ਗ਼ੁਲਾਮਾਂ ਤੋਂ ਬੇੜੀਆਂ ਪਾ ਕੇ, ਕੋੜ੍ਹੇ ਮਾਰ-ਮਾਰ ਕੇ ਕੰਮ ਲਿਆ ਜਾਂਦਾ ਸੀ ਤੇ ਅੰਨ ਦੇ ਨਾਂ ਤੇ ਜਾਨਵਰਾਂ ਵਾਂਗ ਧਰਤੀ ਤੇ ਕੁਝ ਰਾਸ਼ਨ ਖਿਲਾਰ ਦਿੱਤਾ ਜਾਂਦਾ ਸੀ। ਦੁਨੀਆ 'ਚ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਮੁਲਕਾਂ 'ਚ ਅਫ਼ਰੀਕਾ ਤੇ ਭਾਰਤ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਪਰ ਜਦੋਂ ਦੋਹਾ ਮੁਲਕਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਭਾਰਤ ਆਜ਼ਾਦ ਹੋਣ ਦੀ ਬਾਜ਼ੀ ਪਹਿਲਾਂ ਮਾਰ ਗਿਆ ਤੇ ਅਫ਼ਰੀਕਾ ਦੇਰੀ ਨਾਲ ਆਜ਼ਾਦ ਹੋਇਆ।
ਦੂਜੇ ਪਾਸੇ ਜੇ ਦੇਖਦੇ ਹਾਂ ਤਾਂ ਅਫ਼ਰੀਕਾ ਦੇਰੀ ਨਾਲ ਆਜ਼ਾਦ ਹੋ ਕੇ ਵੀ ਭਾਰਤ ਤੋਂ ਮੂਹਰੇ ਨਿਕਲ ਗਿਆ। ਕਾਰਨ ਸਪਸ਼ਟ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ 'ਚ ਮਾਨਯੋਗ ਮੰਡੇਲਾ ਸਾਹਿਬ ਨੇ ਕਿਹਾ ਸੀ ਕਿ ''ਮਾੜੇ ਦਿਨਾਂ ਨੂੰ ਭੁੱਲ ਜਾਉ ਤੇ ਤਰੱਕੀ ਦੇ ਰਾਹ ਪੈ ਜਾਓ। ਬੀਤਿਆ ਵੇਲਾ ਵਾਪਸ ਨਹੀਂ ਆਉਣਾ ਤੇ ਜੇ ਤੁਸੀਂ ਬਦਲੇ ਦੀ ਭਾਵਨਾ 'ਚ ਅਟਕੇ ਰਹੇ ਤਾਂ ਤੁਸੀਂ ਦੁਨੀਆ ਤੋਂ ਪਿਛੜ ਜਾਵੋਗੇ, ਦੁਨੀਆ ਹਮੇਸ਼ਾ ਚੜ੍ਹਦੇ ਨੂੰ ਸਲਾਮਾਂ ਕਰਦੀ ਹੈ।''
ਪਰ ਭਾਰਤ ਦੀ ਮਾਨਸਿਕਤਾ ਕੁਝ ਵੱਖਰੀ ਰਹੀ, ਆਜ਼ਾਦ ਹੋਏ, ਪਰ ਮੁਲਕ ਦੇ ਬਟਵਾਰੇ ਨੇ ਆਜ਼ਾਦੀ ਦਾ ਮੁਲਾਂਕਣ ਬਦਲ ਕੇ ਰੱਖ ਦਿੱਤਾ। ਗੋਰਿਆਂ ਦੇ ਰਾਜ 'ਚ ਡਾਂਗਾਂ ਉਨ੍ਹਾਂ ਤੇ ਵਰ੍ਹਦੀਆਂ ਰਹੀਆਂ ਜਿਨ੍ਹਾਂ ਨੇ ਮੋਹਰੋਂ ਆਵਾਜ਼ ਉਠਾਈ। ਆਵਾਜ਼ ਕਿਸ ਨੇ ਉਠਾਈ! ਮੁੱਠੀ ਭਰ ਨੇਤਾਵਾਂ ਨੇ। ਹੁਣ ਸਵਾਲ ਇਹ ਆਉਂਦਾ ਹੈ ਕਿ ਫਿਰ ਡਾਂਗ ਨੇਤਾਵਾਂ ਤੇ ਵਰ੍ਹੀ ਹੋਣੀ ਹੈ? ਨਹੀਂ ਜੀ! ਕਦੇ ਤੁਸੀਂ ਕਿਤੇ ਦੇਖਿਆ ਕਿ ਨਹਿਰੂ ਨੂੰ ਲੰਮਾ ਪਾ ਰੱਖਿਆ ਜਾਂ ਜ਼ਿਨਾਹ ਨੂੰ? ਸੋ ਧਿਆਨ ਨਾਲ ਦੇਖੋਗੇ ਤਾਂ ਹਾਲਾਤ ਉਦੋਂ ਵੀ ਉਹੀ ਸੀ, ਹਾਲਾਤ ਹੁਣ ਵੀ ਉਹੀ ਹਨ। ਉਦੋਂ ਵੀ ਕੁਝ ਕੁ ਬੰਦਿਆਂ ਦੀ ਚੌਧਰ ਕਰਨ ਦੀ ਮਾਨਸਿਕਤਾ ਨੇ ਤਕਰੀਬਨ ਦੱਸ ਲੱਖ ਲੋਕਾਂ ਦੀ 'ਬਲੀ' ਦਿੱਤੀ, ਅੱਜ ਵੀ ਇਹੀ ਹੋ ਰਿਹਾ। ਜਦੋਂ ਰਾਜ-ਕਾਜ ਮਿਲ ਗਿਆ ਫੇਰ ਕੀ ਹੋਇਆ? ਉਹੀ ਜੋ ਆਜ਼ਾਦੀ ਤੋਂ ਪਹਿਲਾਂ ਹੁੰਦਾ ਸੀ। ਫੇਰ ਆਵਾਜ਼ ਉਠਾਉਣ ਵਾਲੇ ਆਮ ਬੰਦੇ ਦੇ ਡਾਂਗਾਂ ਵਰ੍ਹੀਆਂ, ਜੋ ਨਿਰੰਤਰ ਜਾਰੀ ਹਨ। ਹੁਣ ਵੀ ਤੁਹਾਨੂੰ ਕਦੇ ਨਹੀਂ ਦਿਖਾਈ ਦੇਵੇਗਾ ਕਿ ਅੱਜ ਕੈਪਟਨ ਢਾਹ ਰੱਖਿਆ ਜਾਂ ਰਾਹੁਲ ਜਾਂ ਸੁਖਬੀਰ। ਅੱਜ ਵੀ ਕੁੱਟ ਤੇਰੇ ਮੇਰੇ ਵਰਗਿਆਂ ਤੇ ਪੈਂਦੀ ਹੈ। ਚੰਦ ਕੁ ਚੌਧਰੀਆਂ ਕੋਲ ਤਜ਼ਰਬਾ ਹੀ ਏਨਾ ਹੋ ਗਿਆ ਹੈ ਕਿ ਉਹ ਅਵਾਮ ਦੀ ਮਾਨਸਿਕਤਾ ਨੂੰ ਬਦਲਣ ਹੀ ਨਹੀਂ ਦਿੰਦੇ। ਆਓ ਹੁਣ ਇਸ ਦੇ ਦੂਜੇ ਪੱਖ 'ਤੇ ਝਾਤ ਮਾਰਦੇ ਹਾਂ; ਆਜ਼ਾਦੀ ਦਿਵਸ ਦੇ ਮੌਕੇ ਕੋਈ ਆਜ਼ਾਦੀ ਦੀਆਂ ਵਧਾਈਆਂ ਦੇ ਰਿਹਾ ਹੁੰਦਾ ਹੈ ਅਤੇ ਕੋਈ ਤਾਨ੍ਹੇ ਮਾਰ ਰਿਹਾ ਹੁੰਦਾ ਹੈ। ਪਰ ਸਹੀ ਮਾਅਨਿਆਂ 'ਚ ਲੋੜ ਸੋਚਣ ਦੀ ਹੈ ਕਿ ਅਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ। ਕਹਿੰਦੇ ਹਨ ਕਿ ਆਜ਼ਾਦ ਮੁਲਕ 'ਚ ਤੁਹਾਨੂੰ ਬੋਲਣ ਲਿਖਣ ਦੀ ਆਜ਼ਾਦੀ ਹੁੰਦੀ ਹੈ। ਜੇ ਇਹੀ ਆਜ਼ਾਦੀ ਹੁੰਦੀ ਹੈ ਤਾਂ ਫੇਰ ਕੋਣ ਕਹਿੰਦਾ ਕਿ ਅਸੀਂ ਆਜ਼ਾਦ ਨਹੀਂ ਹਾਂ? ਸਾਡੇ ਤਾਂ ਆਜ਼ਾਦੀ ਡੁੱਲ੍ਹ-ਡੁੱਲ੍ਹ ਪੈ ਰਹੀ ਹੈ। ਅੱਜ ਦੇ ਆਧੁਨਿਕ ਦੌਰ 'ਚ ਅਸੀਂ ਬੋਲਣ ਦੀ ਥਾਂ ਜਦੋਂ ਮਰਜ਼ੀ ਕਿਸੇ ਦੀ ਧੀ ਭੈਣ ਇੱਕ ਕਰ ਦਿੰਦੇ ਹਾਂ। ਲਿਖਣ ਵੇਲੇ ਅੱਗਾ ਪਿਛਾ ਨਹੀਂ ਦੇਖਦੇ। ਮੈਨੂੰ ਤਾਂ ਲਗਦਾ ਹੋਰਨਾ ਮੁਲਕਾਂ ਨਾਲੋ ਅਸੀਂ ਆਜ਼ਾਦੀ ਦੀ ਕੁਝ ਜ਼ਿਆਦਾ ਹੀ ਵਰਤੋਂ ਕਰਦੇ ਹਾਂ। ਜਿੱਥੇ ਮਰਜ਼ੀ, ਜਦੋਂ ਮਰਜ਼ੀ ਅਸੀਂ ਕਾਨੂੰਨ ਨੂੰ ਟਿੱਚ ਜਾਣ ਸਕਦੇ ਹਾਂ। ਕਾਨੂੰਨ ਭਾਵੇਂ ਸੜਕਾਂ ਦੇ ਹੋਣ ਭਾਵੇਂ ਦਫ਼ਤਰਾਂ ਦੇ, ਅਸੀਂ ਜਦੋਂ ਮਰਜ਼ੀ ਆਪਣੇ ਮੁਤਾਬਿਕ ਢਾਲ ਸਕਦੇ ਹਾਂ। ਇਹ ਨਾ ਦਿਸਣ ਵਾਲੀ ਆਜ਼ਾਦੀ ਵਿਦੇਸ਼ ਆ ਕੇ ਮਹਿਸੂਸ ਹੋਈ, ਜਦੋਂ ਮੋੜ ਮੋੜ ਤੇ ਆਪਣੇ ਆਪ ਨੂੰ ਰੋਕਣਾ ਪਿਆ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਜਾ ਇਹ ਨਹੀਂ ਕਰ ਸਕਦੇ, ਜ਼ੁਰਮਾਨਾ ਹੋ ਜਾਊ। ਦੋਸਤੋ ਤੁਸੀਂ ਤਾਂ ਐਵੇਂ ਹੁੰਦੇ-ਸੁੰਦੇ ਰੋਈ ਜਾਂਦੇ ਹੋ, ਗ਼ੁਲਾਮੀ ਤਾਂ ਅਸੀਂ ਵਿਦੇਸ਼ੀ ਭੋਗ ਰਹੇ ਹਾਂ। ਕੁਝ ਕੁ ਨਮੂਨੇ ਸੁਣ ਲਵੋ! ਅਸੀਂ ਆਪਣੇ ਘਰ ਵੀਕ ਐਂਡ ਤੋਂ ਬਿਨਾਂ ਉਚੀ ਆਵਾਜ਼ 'ਚ ਰੌਲਾ ਨਹੀਂ ਪਾ ਸਕਦੇ ਜਾਂ ਉੱਚਾ ਸੰਗੀਤ ਨਹੀਂ ਸੁਣ ਸਕਦੇ, ਸੜਕ ਦੇ ਕੰਢੇ ਖਲ੍ਹੋ 'ਹੌਲੇ' ਨਹੀਂ ਹੋ ਸਕਦੇ, ਭਾਵੇਂ ਵਿਚ ਹੀ ਨਿਕਲ ਜਾਵੇ। ਥੁੱਕਣ ਨੂੰ ਜਦੋਂ ਦਿਲ ਕਰਦਾ ਮਨ-ਮਸੋੜ ਕੇ ਰਹਿ ਜਾਈਦਾ। ਕੀ ਮਜਾਲ ਹੈ ਕਿ ਦੋ ਨੀਲ ਦੀਆਂ ਡੱਬੀਆਂ ਲੈ ਕੇ ਆਪਣੇ ਕੰਮ ਦੀ ਮਸ਼ਹੂਰੀ ਕਿਸੇ ਕੰਧ-ਕੌਲੇ ਤੇ ਕਰ ਦੇਈਏ। ਭਾਵੇਂ ਬਥੇਰੇ ਡਾਲਰ ਕਮਾਈ ਦੇ ਆ ਪਰ ਕੀ ਮਜਾਲ ਹੈ ਕਿ ਕੁਝ ''ਲੈ-ਦੇ'' ਕੇ ਕੋਈ ਕੰਮ ਕਰਾ ਲਈਏ, ਪਰ ਨਹੀਂ ਸਾਰੇ ਕੰਮ ਖੁਦ ਲਾਈਨ 'ਚ ਲੱਗ ਕੇ ਹੀ ਕਰਾਉਣੇ ਪੈਂਦੇ ਹਨ। ਹੋਰ ਸੁਣ ਲਵੋ, ਪਿਛਲੇ ਸਾਲ ਖੇਤ 'ਚ ਪਏ ਵਾਧੂ ਜਿਹੇ ਬਾਲਣ ਨੂੰ ਅੱਗ ਲਾਉਣੀ ਸੀ, ਪਰ ਦੇਖ ਲਓ ਸਾਡੀ ਗ਼ੁਲਾਮੀ, ਆਪਣਾ ਖੇਤ, ਆਪਣਾ ਬਾਲਣ ਤੇ ਆਪਣੀ ਸੀਖਾਂ ਵਾਲੀ ਡੱਬੀ, ਪਰ ਸਰਕਾਰ ਕਹੇ! ਨਾ ਜੀ ਨਾ ਇਸ ਰੁੱਤੇ ਤੁਸੀਂ ਅੱਗ ਨਹੀਂ ਲਾ ਸਕਦੇ, ਜਦੋਂ ਠੰਢ ਹੋਈ ਉਦੋਂ ਸਾਡੇ ਕੋਲੋਂ ਮਨਜ਼ੂਰੀ ਲੈ ਕੇ ਲਾਇਓ। ਮੁੱਕਦੀ ਗੱਲ! ਭਾਰਤ ਵਿਚ ਭਾਵੇਂ ਲੱਖ ਕਾਨੂੰਨ ਹਨ, ਪਰ ਨਾ ਹੱਗਣ ਤੋਂ ਨਾ ਮੂਤਣ ਤੋਂ, ਨਾ ਨੱਚਣ ਤੋਂ ਨਾ ਟੱਪਣ ਤੋਂ, ਨਾ ਵੱਡਣ ਤੋਂ ਨਾ ਟੁੱਕਣ ਤੋਂ, ਨਾ ਮਾਰਨ ਤੋਂ ਨਾ ਕੁੱਟਣ ਤੋਂ, ਨਾ ਭੱਜਣ ਤੋਂ ਨਾ ਨੱਸਣ ਤੋਂ, ਨਾ ਬੋਲਣ ਤੋਂ ਨਾ ਚੱਲਣ ਤੋਂ, ਕੋਈ ਨਹੀਂ ਡਰਦਾ, ਆਜ਼ਾਦੀ ਹੀ ਆਜ਼ਾਦੀ। ਇੱਥੋਂ ਤੱਕ ਕਿ ਪੱਗੋ ਪੱਗੀ ਹੋਣ ਤੋਂ ਪਹਿਲਾਂ ਕਦੇ ਵੀ ਤੁਹਾਨੂੰ ਇਕ ਪਲ ਲਈ ਇਸ ਦੇ ਅੰਜਾਮ ਬਾਰੇ ਸੋਚਣਾ ਨਹੀਂ ਪੈਂਦਾ? ਕਿਉਂਕਿ ਤੁਹਾਨੂੰ ਪਤਾ ਤੁਸੀਂ ਆਜ਼ਾਦੀ ਦਾ 'ਨਜਾਇਜ਼ ਫ਼ਾਇਦਾ' ਜਿੱਥੇ ਮਰਜ਼ੀ ਤੇ ਜਦੋਂ ਮਰਜ਼ੀ ਚੁੱਕ ਸਕਦੇ ਹੋ। ਕਈ ਬਾਰ ਤਾਂ ਸਦਾ ਨਫ਼ਰਤ ਦੇ ਪਾਤਰ ਭਾਰਤੀ ਨੇਤਾਵਾਂ ਤੇ ਵੀ ਤਰਸ ਆ ਜਾਂਦਾ ਹੈ ਤੇ ਆਪ ਮੁਹਾਰੇ ਮੁੰਹੋ ਨਿਕਲ ਜਾਂਦਾ ਹੈ, "ਧੰਨ ਹਨ ਇਹ ਨੇਤਾ ਜਿਹੜੇ ਐਨੀ ਆਪ ਮੁਹਾਰੀ ਖ਼ਲਕਤ ਨੂੰ ਸਾਂਭਦੇ ਹਨ!"
ਹੁਣ ਤੁਸੀਂ ਦੱਸੋ ਗ਼ੁਲਾਮ ਕੋਣ ਹੋਇਆ? ਲੂਣ ਚੁਪ ਹੈ ਤੇ ਪੱਥਰ ਖੁਰਨ ਦਾ ਰੌਲਾ ਪਾ ਰਿਹਾ। ਲੋਹੜਿਆਂ ਦੀ ਆਜ਼ਾਦ ਫ਼ਿਜ਼ਾ 'ਚ ਸਾਹ ਲੈ ਰਹੇ ਹੋ ਤੁਸੀਂ, ਐਵੇਂ ਨਾ ਮਰੂ-ਮਰੂ ਕਰੀ ਜਾਓ। ਹਾਂ ਜੇ ਲੋੜ ਹੈ ਤਾਂ ਅੱਜ ਉਨ੍ਹਾਂ ਤੇ ਕਾਬੂ ਪਾਉਣ ਦੀ, ਜੋ ਆਜ਼ਾਦੀ ਨਾਲ ਚਿੱਟੇ ਦਿਨ ਬਲਾਤਕਾਰ ਕਰ ਰਹੇ ਹਨ। ਜਾਂ ਫੇਰ ਗ਼ੁਲਾਮ ਮਾਨਸਿਕਤਾ ਵਿਚ ਜਿਉਂ ਰਹੀ ਅਵਾਮ ਦੀ ਸੋਚ 'ਜਾਇਜ਼' ਤਰੀਕੇ ਨਾਲ ਬਦਲਣ ਦੀ। ਕਿਉਂਕਿ ਜਿੱਥੇ 'ਨਾਜਾਇਜ਼' ਸ਼ਬਦ ਜੁੜ ਗਿਆ ਉਹ ਕੰਮ ਕਦੇ ਵੀ ਸਤਿਕਾਰ ਦਾ ਹੱਕਦਾਰ ਨਹੀਂ ਬਣਦਾ। ਕਹਿੰਦੇ ਆ ਕਿ ਜਿੱਥੇ ਮਾਨਸਿਕ ਤੰਦਰੁਸਤੀ ਹੈ, ਉੱਥੇ ਚੰਗੀ ਸਿਹਤ ਹੈ ਤੇ ਜਿੱਥੇ ਚੰਗੀ ਸਿਹਤ ਹੈ, ਉੱਥੇ ਚੰਗਾ ਸਮਾਜ ਹੈ ਤੇ ਜਿਹੜੇ ਮੁਲਕ ਦਾ ਸਮਾਜ ਚੰਗਾ ਹੈ, ਉਸ ਮੁਲਕ ਨੂੰ ਧਰਤੀ ਦਾ ਸਵਰਗ ਕਿਹਾ ਜਾ ਸਕਦਾ ਹੈ।ਸੰਪਰਕ: +61 434 289 905
bhanwarjeet
ਬਹੁਤ ਵਧੀਆ