Wed, 30 October 2024
Your Visitor Number :-   7238304
SuhisaverSuhisaver Suhisaver

ਸੰਘ ਦੀਆਂ ਨਜ਼ਰਾਂ ਵਿੱਚ ਜੇ.ਐੱਨ.ਯੂ 'ਰਾਸ਼ਟਰ ਵਿਰੋਧੀ ਤੱਤਾਂ' ਦਾ ਗੜ੍ਹ - ਹਰਜਿੰਦਰ ਸਿੰਘ ਗੁਲਪੁਰ

Posted on:- 29-11-2015

suhisaver

ਭਾਵੇਂ ਇਹ ਪਹਿਲਾਂ ਤੋਂ ਹੀ ਸੀ, ਪ੍ਰੰਤੂ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਨੇ ਹਲਫ਼ ਲਿਆ ਹੈ ਉਦੋਂ ਤੋਂ ਸੰਘ ਪਰਿਵਾਰ ਨਾਲ ਸਬੰਧਿਤ ਧਿਰਾਂ ਨੇ ਆਪਣੇ ਅਤੇ ਸਰਕਾਰ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਹਨਾਂ ਧਿਰਾਂ ਪ੍ਰਤੀ ਭਾਜਪਾ ਦੀ ਕੇਂਦਰ ਸਰਕਾਰ ਸਮੇਤ ਵੱਖ ਵੱਖ ਭਾਜਪਾ ਰਾਜ ਸਰਕਾਰਾਂ ਵੱਲੋਂ ਅਪਣਾਏ ਨਰਮ ਗੋਸ਼ੇ ਕਾਰਨ ਉਹਨਾਂ ਵੱਲੋਂ ਵਿਰੋਧੀ ਸੁਰ ਰੱਖਣ ਵਾਲਿਆਂ ਖਿਲਾਫ਼ ਬੇ-ਹੱਦ ਹਲਕੇ ਪੱਧਰ ਦੀਆਂ ਟਿੱਪਣੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।ਇੱਥੋਂ ਤੱਕ ਕਿ ਸਰਕਾਰ ਤੋਂ ਵੱਖਰੀ ਸੁਰ ਰਖਣ ਵਾਲੇ ਕਲਾਕਾਰਾਂ ਅਤੇ ਚਿੰਤਕਾਂ ਨੂੰ ਰਾਸ਼ਟਰ ਵਿਰੋਧੀ ਹੋਣ ਦੇ ਫਤਵੇ ਦਿੱਤੇ ਜਾ ਰਹੇ ਹਨ।ਫਲਸਰੂਪ ਅਨੇਕਾਂ ਬੁਧੀਜੀਵੀਆਂ ਉੱਤੇ ਭੱਦੇ ਸ਼ਬਦ ਬਾਣ ਛੱਡਣ ਸਮੇਤ  ਜਿਸਮਾਨੀ ਹਮਲੇ ਕੀਤੇ ਜਾ ਰਹੇ ਹਨ।ਇਹਨਾਂ ਹਮਲਿਆਂ ਵਿੱਚ ਕੁਝ ਲੇਖਕਾਂ ਅਤੇ ਚਿੰਤਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ।

ਭਾਜਪਾ ਸਰਕਾਰ ਦੇ ਹੋਂਦ ਵਿੱਚ ਆਉਂਦੇ ਸਾਰ ਹੀ ਸਿਰੇ ਦੇ ਫਿਰਕੂ ਤੱਤਾਂ ਵੱਲੋਂ ਦੇਸ਼ ਅੰਦਰ ਆਸਹਿਣਸ਼ੀਲਤਾ ਵਾਲਾ ਮਹੌਲ ਬਣਾਇਆ ਰਿਹਾ ਹੈ।ਇਸ ਤਰ੍ਹਾਂ ਦੇ ਵਾਤਾਵਰਨ ਕਾਰਨ ਦਰਜਨਾਂ ਵਿਦਵਾਨਾਂ ਵੱਲੋਂ ਉਹਨਾਂ ਨੂੰ ਮਿਲੇ ਪੁਰਸਕਾਰ ਰੋਸ ਵਜੋਂ ਵਾਪਸ ਕੀਤੇ ਜਾ ਚੁੱਕੇ ਹਨ। ਇਹ ਸਿਲਸਿਲਾ ਅਜੇ ਵੀ ਬਾ-ਦਸਤੂਰ ਜਾਰੀ ਹੈ।ਭਾਜਪਾ ਨਾਲ ਜੁੜਿਆ ਹਰ ਛੋਟਾ ਬੜਾ ਕਾਰਜਕਰਤਾ ਭਾਜਪਾ ਦੀ ਕਾਰਜ ਸ਼ੈਲੀ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਦੇਸ਼ ਛੱਡ ਕੇ ਪਾਕਿਸਤਾਨ ਚਲੇ ਜਾਣ ਲਈ  ਕਹਿ ਦਿੰਦਾ ਹੈ।

ਸੰਘ ਪਰਿਵਾਰ ਦੇ ਅਜਿਹੇ ਵਤੀਰੇ ਕਾਰਨ ਘੱਟ ਗਿਣਤੀਆਂ ਦੇ ਮਨਾਂ ਅੰਦਰ ਇੱਕ ਵਿਸ਼ੇਸ਼ ਪ੍ਰਕਾਰ ਦਾ ਖੌਫ਼ ਪੈਦਾ ਹੋ ਰਿਹਾ ਹੈ  ਜਿਹੜਾ ਕਿਸੇ ਤਰ੍ਹਾਂ ਵੀ ਦੇਸ਼ ਦੇ ਵਡੇਰੇ ਹਿਤਾਂ ਵਿੱਚ ਨਹੀਂ ਹੈ। ਇਹਨੀਂ ਦਿਨੀਂ ਪ੍ਰਸਿੱਧ ਅਭਿਨੇਤਾ ਅਤੇ ਸਮਾਜਿਕ ਕਾਰਜਕਰਤਾ ਆਮਿਰ ਖਾਨ ਖਿਲਾਫ ਸੰਘ ਪਰਿਵਾਰ ਵਲੋਂ ਰੱਜ ਕੇ ਭੜਾਸ ਕਢੀ ਜਾ ਰਹੀ ਹੈ ਕਿਓਂ ਕਿ ਉਸ ਨੇ ਆਪਣੀ ਪਤਨੀ ਦੇ ਹਵਾਲੇ ਨਾਲ ਕਿਹਾ ਸੀ ਕਿ ਉਹ ਮੌਜੂਦਾ ਹਾਲਤ ਦੇ ਚਲਦਿਆਂ ਭਾਰਤ ਵਿੱਚ ਅਸਹਿਜ ਮਹਿਸੂਸ ਕਰ ਰਹੀ ਹੈ। ਬੱਸ ਅਮਿਰ ਖਾਨ ਦੀ ਇਸੇ ਟਿਪਣੀ ਨੂੰ ਲੈ ਕੇ ਹਿੰਦੂ ਤਵ ਵਾਦੀ ਲੋਕ ਉਸ ਖਿਲਾਫ ਰੋਸ ਪ੍ਰਗਟਾਵੇ ਕਰ ਰਹੇ ਹਨ। ਅਫਸੋਸ ਦੀ ਗੱਲ ਹੈ ਕਿ ਮੋਦੀ ਭਗਤੀ ਵਿੱਚ ਲੀਨ ਉਸ ਦੇ ਹਮ ਪੇਸ਼ਾ ਕਲਾਕਾਰ ਪਰੇਸ਼ ਰਾਵਲ ਅਤੇ ਅਨੂਪਮ ਖੈਰ ਵੀ ਕਿਸੇ ਤੋਂ ਪਿਛੇ ਨਹੀਂ ਰਹੇ। ਹੱਦ ਤਾਂ ਉਦੋਂ ਹੋ ਗਈ ਜਦੋਂ ਸੰਘ ਪਤਰਿਕਾ 'ਪੰਚ ਜਨਿਆ' ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐਨ ਯੂ ) ਤੇ ਵਿਚਾਰਧਾਰਕ ਹਮਲਾ ਬੋਲਦਿਆਂ ਆਪਣੇ "ਦਰਾੜ ਦਾ ਕੇਂਦਰ" ਨਾਮਕ ਸਿਰਲੇਖ ਹੇਠ ਲਿਖੇ ਸੰਪਾਦਕੀ ਵਿੱਚ ਇਹ ਲਿਖਿਆ ਕਿ ਜੇ ਐਨ ਯੂ ਨਕਸਲੀਆਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਦਾ ਕੇਂਦਰ ਹੈ।

ਹਾਲਾਂ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਉਹ ਇਸ ਤੋਂ ਪਹਿਲਾਂ ਵੀ ਆਪਣੇ ਪੱਤਰ 'ਆਰਗੇਨਾਈਜਰ' ਰਾਹੀਂ ਜੇ ਐਨ ਯੂ ਨੂੰ ਨਿਸ਼ਾਨੇ ਤੇ ਲੈਂਦਾ ਆਇਆ ਹੈ।ਜੇ ਐਨ ਯੂ ਦੀ ਪਰੰਪਰਾ ਰਹੀ ਹੈਂ ਕਿ ਇਥੋਂ ਰਾਜਨੀਤਕ ਅਤੇ ਲੋਕ ਤੰਤਰਿਕ ਪ੍ਰਤਿਰੋਧ ਦੀ ਇੱਕ ਸਿਹਤਮੰਦ ਧਾਰਾ ਨਿਕਲਦੀ ਰਹੀ ਹੈ ।ਦੇਸ਼ ਅਤੇ ਦੁਨੀਆਂ ਭਰ ਵਿਚੋਂ ਵਿਦਿਆਰਥੀ ਇਥੇ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ ।ਘੱਟੋ ਘੱਟ ਏਸ਼ੀਆ ਅੰਦਰ ਇਸ ਅਦਾਰੇ ਦਾ ਆਪਣਾ ਮਹੱਤਵ ਹੈ।'ਪੰਚ ਜਨਿਆ' ਵੱਲੋਂ ਲਗਾਏ ਦੋਸ਼ ਗੰਭੀਰ ਹਨ, ਜਿਹਨਾਂ ਵਲ ਜਾਗਰੂਕ ਲੋਕਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ।ਸਵਾਲ ਪੈਦਾ ਹੁੰਦਾ ਹੈ ਕਿ ਕੀ ਇਥੇ ਕੇਵਲ ਨਕਸਲੀ ਅਤੇ ਦੇਸ਼ ਤੋੜਨ ਵਾਲੇ ਲੋਕ ਹੀ ਹਨ ?ਇਸ ਕੈਂਪਸ ਵਿੱਚ ਵਾਮਪੰਥੀ ,ਦਖਣ ਪੰਥੀ ,ਸਮਾਜਵਾਦ ,ਗਾਂਧੀਵਾਦ ਅਤੇ ਅੰਬੇਦਕਰਵਾਦ ਆਦਿ ਸਭ ਧਾਰਾਵਾਂ ਨੂੰ ਮੰਨਣ ਵਾਲੇ ਲੋਕ ਸ਼ਾਮਲ ਹਨ।ਕੀ ਸੰਘ ਇਹਨਾਂ ਸਭ ਨੂੰ ਨਕਸਲੀ ਅਤੇ ਦੇਸ਼ ਧਰੋਹੀ ਮੰਨਦਾ ਹੈ ? ਜੇ ਅਜਿਹਾ ਹੈ ਤਾਂ ਇਸ ਨੂੰ ਬੰਦ ਕਿਓਂ ਨਾ ਕਰ ਦਿੱਤਾ ਜਾਵੇ ?ਪੰਚ ਜਨਿਆ ਅਨੁਸਾਰ," ਜੇ ਐਨ ਯੂ ਦੀ ਨੀਤੀ ਨਿਰਮਾਣ ਇਕਾਈ ਵਿੱਚ ਨਵ ਵਾਮ ਪੰਥੀਆਂ ਨੇ ਗਹਿਰੀ ਘੁਸ ਪੈਂਠ ਕਰ ਲਈ ਹੈ , ਜਿਸ ਦੇ ਸਿੱਟੇ ਵਜੋਂ ਇਥੋਂ ਦੀ ਪਾਠ ਸਮਗਰੀ ਨਿਰਧਾਰਿਤ ਕਰਨ ਵਿੱਚ ਉਹਨਾਂ ਦਾ ਦਖਲ ਵਧ ਗਿਆ ਹੈ।

ਇੰਨਾ ਹੀ ਨਹੀਂ ਇਥੇ ਮਾਨਵ ਅਧਿਕਾਰ , ਮਹਿਲਾ ਅਧਿਕਾਰ , ਸੁਤੰਤਰਤਾ  , ਲਿੰਗਕ ਨਿਆਂ , ਧਰਮ ਨਿਰਪਖਤਾ , ਭੇਦ ਭਾਵ ਨਾਲ ਓਤ ਪੋਤ ਪਾਠ ਕਰਮ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇੱਕ ਸਾਜ਼ਿਸ਼ ਅਧੀਨ ਇਥੇ ਭੇਦ ਭਾਵ ਅਧਿਐਨ ਕੇਂਦਰ ,ਪੂਰਬਾਂਤਰ ਅਧਿਐਨ ਕੇਂਦਰ , ਘੱਟ ਗਿਣਤੀਆਂ ਅਤੇ ਮਾਨਵ ਜਾਤੀਆਂ ਅਧਿਐਨ ਕੇਂਦਰ ਅਤੇ ਸੀਮਾਂਤ ਖੇਤਰ ਅਧਿਐਨ ਕੇਂਦਰ ਸਥਾਪਤ ਕੀਤੇ ਗਏ ਹਨ, ਜਿਹਨਾਂ ਨੂੰ ਨਵ ਵਾਮ ਪੰਥੀ ਅਤੇ ਇਸਾਈ ਮਿਸ਼ਨਰੀ ਅਧਿਆਪਕਾਂ ਨਾਲ ਭਰ ਦਿੱਤਾ ਗਿਆ ਹੈ। ਅਜਿਹਾ ਹੋਣ ਨਾਲ ਨਵੀਆਂ ਪੀੜੀਆਂ ਭਰਿਸ਼ਟ ਹੋ ਰਹੀਆਂ ਹਨ।ਇਸ ਪਤਰਿਕਾ ਅਨੁਸਾਰ ਵਿਸ਼ਵ ਵਿਦਿਆਲਾ ਦੇ ਵਿਦਿਆਰਥੀ ਅਤੇ ਅਧਿਆਪਕ ਦੇਸ਼ ਨੂੰ ਤੋੜ ਰਹੇ ਹਨ"।

ਸਵਾਲ ਪੈਦਾ ਹੁੰਦਾ ਹੈ ਕਿ ਕੀ ਮਾਨਵ ਅਧਿਕਾਰਾਂ ਦਾ ਉਲੰਘਣ, ਮਹਿਲਾ ਉਤਪੀੜਨ , ਭੇਦ ਭਾਵ ,ਲਿੰਗਕ ਅਨਿਆਏ ਅਤੇ ਸੰਪਰਦਾਇਕਤਾ ਨਾਲ ਦੇਸ਼ ਮਜਬੂਤ ਹੁੰਦਾ ਹੈ?ਇਹਨਾਂ ਕਦਰਾਂ ਕੀਮਤਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਰਾਸ਼ਟਰ ਵਿਰੋਧੀ ਹੈ ਜਾ ਇਹਨਾਂ ਦਾ ਵਿਰੋਧ ਕਰਨਾ ਰਾਸ਼ਟਰ ਵਿਰੋਧੀ ਹੈ ? ਇਹਨਾਂ ਸਮਾਜਿਕ ਕਦਰਾਂ ਕੀਮਤਾਂ ਦਾ ਵਿਰੋਧ ਕਰਨਾ ਦੇਸ਼ ਨੂੰ ਮਧ ਯੁੱਗ ਵਲ ਧੱਕਣ ਦੇ ਬਰਾਬਰ ਹੈ।ਅਸਲ ਵਿੱਚ ਸੰਘ ਪਰਿਵਾਰ ਜਿਸ ਤਰ੍ਹਾਂ ਦੇ ਸਮਾਜ ਦੀ ਕਲਪਨਾ ਕਰਦਾ ਹੈ ਉਹ ਜੇ ਐਨ ਯੂ ਵਰਗੇ ਕੈਂਪਸ ਵਿੱਚ ਦਮ ਤੋੜ ਦਿੰਦੀ ਹੈ। ਸੰਘ ਪਰਿਵਾਰ ਆਪਣੇ ਵਿਰੋਧੀਆਂ ਨੂੰ ਹੀ ਰਾਸ਼ਟਰ ਵਿਰੋਧੀ ਆਖਣ ਦੀ ਭੁੱਲ ਕਰ ਰਿਹਾ। ਜਿਹੜਾ ਕੋਈ  ਉਸ ਦੇ ਵਿਚਾਰਧਾਰਕ ਢਾਂਚੇ ਵਿੱਚ ਫਿੱਟ ਨਹੀਂ ਬੈਠਦਾ ਉਹ ਉਸ ਲਈ ਰਾਸ਼ਟਰ ਵਿਰੋਧੀ ਹੈ।

ਜੇ ਐਨ ਯੂ ਦੇ ਪ੍ਰੋ ਮਣੀਦਰ ਠਾਕੁਰ 'ਪੰਚ ਜਨਿਆ' ਵਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ," ਇਹ ਮੂਰਖਤਾ ਭਰੇ ਦੋਸ਼ ਹਨ ।ਕਿਸੇ  ਜਮਾਨੇ ਵਿੱਚ ਜੇ ਐਨ ਯੂ ਦਾ ਮਹੌਲ ਕਾਫੀ ਰੈਡੀਕਲ ਹੋਇਆ ਕਰਦਾ ਸੀ ਜੋ ਅੱਜ ਨਹੀਂ ਰਿਹਾ।ਹਾਂ ਇਹ ਜ਼ਰੂਰ ਹੈ ਕਿ 60-70 ਪ੍ਰਤੀਸ਼ਤ ਵਿਦਿਆਰਥੀ ਪਛੜੇ ਤਬਕੇ ਚੋਂ ਆਉਂਦੇ ਹਨ।ਉਹ ਦੇਖਦੇ ਹਨ ਕਿ ਦੇਸ਼ ਦੀ ਵਿਵਸਥਾ ਅਮੀਰ ਪਖੀ ਹੈ ।ਪੂਰੇ ਦੇਸ਼ ਦੇ ਦਰਵਾਜੇ ਕਰਪੋਰੇਟਾਂ ਲਈ ਖੋਹਲ ਦਿੱਤੇ ਗਏ ਹਨ।ਉਹ ਖੱਬੇ ਪਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੇ ਹਨ, ਕਿਉਂ ਕਿ ਇਹ ਵਿਚਾਰਧਾਰਾ ਸਭ ਦੀ ਹਿੱਸੇਦਾਰੀ ਅਤੇ ਸਮਾਜਿਕ ਨਿਆਂ ਦੀ ਗੱਲ ਕਰਦੀ ਹੈ।ਤੁਸੀਂ ਮਾਉਵਾਦੀਆਂ ਦੀ ਲੜਾਈ ਦੇ ਢੰਗ ਤਰੀਕਿਆਂ ਨਾਲ ਮੱਤਭੇਦ ਰਖ ਸਕਦੇ ਹੋ ਲੇਕਿਨ ਜਿਸ ਗਰੀਬ ਜਨਤਾ ਵਾਸਤੇ ਨਿਆਂ ਦੀ ਗੱਲ ਹਰ ਰਾਜਨੀਤਕ ਜਮਾਤ ਕਰਦੀ ਹੈ ਉਸ ਨਾਲ ਸਹਿਮਤ ਹੋਣ ਵਿੱਚ ਕੀ ਹਰਜ ਹੈ? ਇਹ ਸਹੀ ਹੈ ਕਿ ਕੁਝ ਲੋਕਾਂ ਨੂੰ ਨਕਸਲੀ ਅੰਦੋਲਨ ਨਾਲ ਹਮਦਰਦੀ ਹੈ ਪਰ ਉਹਨਾਂ ਨੂੰ ਨਕਸਲੀ ਕਹਿਣਾ ਜਿਆਦਤੀ ਹੈ।ਕਾਰਪੋਰੇਟ ਵਿਵਸਥਾ ਤੇ ਸਵਾਲ ਉਠਾਉਣਾ ਦੇਸ਼ ਧਰੋਹ ਕਿਸ ਤਰ੍ਹਾਂ ਹੋ ਗਿਆ ?ਕਾਰਪੋਰੇਟ ਸਾਡੇ ਲਈ ਰਾਸ਼ਟਰ ਕਿਵੇਂ ਹੋ ਸਕਦਾ ਹੈ ?ਇਹ ਭਾਜਪਾ ,ਸੰਘ ਅਤੇ ਸੁਬਰਾ ਮਨੀਅਮ ਸੁਆਮੀ ਜਿਹੇ ਲੋਕਾਂ ਦੀ ਨਿੱਜੀ ਦਿੱਕਤ ਹੈ"।

ਇਸੇ ਤਰ੍ਹਾਂ ਵਿਸ਼ਵ ਵਿਦਿਆਲਾ ਦੀ ਪ੍ਰੋ ਅਰਚਨਾ ਪ੍ਰਸ਼ਾਦ 'ਪੰਚ ਜਨਿਆ' ਦੇ ਇਸ ਹਮਲੇ ਨੂੰ ਰਾਜਨੀਤਕ ਹਮਲੇ ਦੇ ਰੂਪ ਵਿੱਚ ਦੇਖਦੀ ਹੈ ।ਉਸ ਦਾ ਕਹਿਣਾ ਹੈ ਕਿ ,"ਜੇ ਐਨ ਯੂ ਵਿਦਿਆਰਥੀ ਸੰਘ ਨਾਨ ਨੈੱਟ ਫੈਲੋਸ਼ਿਪ ਖਤਮ ਕਰਨ ਅਤੇ ਸਿਖਿਆ ਦੇ ਨਿੱਜੀ ਕਰਨ ਦੇ ਵਿਰੋਧ ਵਿੱਚ ਪਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ।ਜੇ ਐਨ ਯੂ ਵਿੱਚ ਦਖਣ ਪੰਥ ਤੋਂ ਪ੍ਰਭਾਵਿਤ ਕੋਰਸ ਲਾਗੂ ਕਰਨ ਦਾ ਵਿਰੋਧ ਕੀਤਾ ਗਿਆ।ਇਥੋਂ ਦੇ ਵਿਦਿਅਰਥੀਆਂ ਅਤੇ ਅਧਿਆਪਕਾਂ ਨੇ ਲੇਖਕਾਂ,ਵਿਗਿਆਨਕਾਂ ਅਤੇ ਕਲਾਕਾਰਾਂ ਦੇ ਉਸ ਅੰਦੋਲਨ ਦਾ ਸਮਰਥਨ ਕੀਤਾ ਜੋ ਸੰਪਰਦਾਇਕਤਾ ਦੇ ਖਿਲਾਫ਼ ਅਤੇ ਲਿਖਣ ਤੇ ਬੋਲਣ ਦੀ ਅਜ਼ਾਦੀ ਦੇ ਪੱਖ ਵਿੱਚ ਚਲਾਇਆ ਜਾ ਰਿਹਾ ਹੈ। ਸੰਘ ਦੀ ਮੁਖ ਪਤਰਿਕਾ ਦਾ ਇਹ ਹਮਲਾ ਇਸੇ ਰਾਜਨੀਤਕ ਸੰਧਰਭ ਵਿੱਚ ਦੇਖਣਾ ਚਾਹੀਦਾ ਹੈ"।ਜੇ ਐਨ ਯੂ ਹਮੇਸ਼ਾ ਹੀ ਪ੍ਰਚਲਿਤ ਸਥਾਪਨਾਵਾਂ ਦੇ ਖਿਲਾਫ਼ ਪ੍ਰਗਤੀਸ਼ੀਲਤਾ ਦੇ ਸਮਰਥਨ ਵਿੱਚ ਰਿਹਾ ਹੈ।ਇਥੋਂ  ਦੇ ਵਿਦਿਆਰਥੀ ਅਤੇ ਅਧਿਆਪਕ ਸਦਾ ਰਾਜਨੀਤਕ ਸਟੈਂਡ  ਲੈਂਦੇ ਹਨ ਅਤੇ ਸਤਾਧਾਰੀ ਵਰਗ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹਨ।

ਜੇ ਐਨ ਯੂ ਕੈਂਪਸ ਵਲੋਂ 1975 ਦੌਰਾਨ ਲਗਾਈ ਗਈ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਗਿਆ  ਸੀ। ਨਵੰਬਰ 1984 ਨੂੰ ਦਿੱਲੀ ਵਿਖੇ ਹੋਏ ਸਿਖ ਕਤਲੇਆਮ ਦਾ ਇਸ ਕੈਂਪਸ ਵੱਲੋਂ ਆਪਣੀ ਸਮਰਥਾ ਮੁਤਾਬਕ ਵਿਰੋਧ ਕੀਤਾ ਗਿਆ ।ਇਸੇ ਤਰ੍ਹਾਂ ਬਾਬਰੀ ਮਸਜਿਦ ਗਿਰਾਉਣ ਸਮੇਤ ਗੁਜਰਾਤ ਅਤੇ ਮੁਜੱਫਰ ਨਗਰ ਵਿਖੇ ਹੋਏ ਮੁਸਲਿਮ ਵਿਰੋਧੀ ਦੰਗਿਆਂ ਖਿਲਾਫ਼ ਇਥੋਂ ਦੇ ਵਿਦਿਅਰਥੀਆਂ ਅਤੇ ਅਧਿਆਪਕਾਂ ਨੇ ਜੋਰਦਾਰ ਆਵਾਜ਼ ਬਲੰਦ ਕੀਤੀ ਸੀ।ਹਾਲ ਹੀ ਵਿੱਚ ਮੁਜਫਰਨਗਰ ਦੰਗਿਆਂ ਤੇ ਅਧਾਰਤ ਬਣੀ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਰੋਕਣ ਦੀ ਕੋਸ਼ਿਸ਼ ਜਦੋਂ ਪੁਲਿਸ ਨੇ ਕੀਤੀ ਸੀ ਤਾਂ ਇਥੋਂ ਦੇ ਵਿਦਿਆਰਥੀ ਹੀ ਸਨ ਜਿਹਨਾਂ ਨੇ ਇਹ ਸਕਰੀਨਿੰਗ ਕਰਵਾ ਕੇ ਦਮ ਲਿਆ ਸੀ। ਇਹ ਕੈਂਪਸ ਜ਼ਿੰਦਾ ਦਿਲ ਲੋਕਾਂ ਨਾਲ ਭਰਿਆ ਰਹਿੰਦਾ ਹੈ, ਜੋ ਹਮੇਸ਼ਾ ਇਨਸਾਫ਼ ਪਸੰਦ ਤਾਕਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਆਏ ਹਨ। ਤਹਿਲਕਾ ਅਨੁਸਾਰ ਇਸ ਵਿਸ਼ਵ ਵਿਦਿਆਲੇ ਦੇ ਉਪ ਕੁਲਪਤੀ ਸੁਧੀਰ ਕੁਮਾਰ ਸੋਪੋਰੀ ਤੋਂ ਜਦੋਂ ਇੱਕ ਇੰਟਰਵਿਊ ਦੌਰਾਨ ਪੁਛਿਆ ਗਿਆ ਕਿ ਜੇ ਐਨ ਯੂ ਦੀ ਖਾਸੀਅਤ ਕੀ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ,"ਇਥੋਂ ਦਾ ਵਾਤਾਵਰਣ ਅਤੇ ਖੁੱਲੀ ਸੋਚ ਇਸ ਅਦਾਰੇ ਦੀ ਤਾਕਤ ਹੈ।ਇਥੇ ਕਹਿਣ ਅਤੇ ਸੁਣਨ ਦੀ ਯੋਗਤਾ ਪ੍ਰਾਪਤ ਹੁੰਦੀ ਹੈ।ਇਥੋਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਇੱਕ ਖਾਸ ਤਰ੍ਹਾਂ ਦਾ ਸਬੰਧ ਹੈ ।

ਕਈ ਛੋਟੀਆਂ  ਥਾਵਾਂ ਅਤੇ ਪਛੜੇ ਤਬਕੇ ਦੇ ਵਿਦਿਆਰਥੀਆਂ ਨਾਲ ਮਿਲਣ ਬਹੁਤ ਭਾਵਕਤਾ ਭਰਿਆ ਹੁੰਦਾ ਹੈ।ਕਈ ਵਿਦਿਆਰਥੀ ਮੰਨਦੇ ਹਨ ਕਿ ਜੇਕਰ ਜੇ ਐਨ ਯੂ ਨਾ ਹੁੰਦਾ ਤਾਂ ਉਹ ਪੜ ਨਹੀਂ ਸਕਦੇ ਸਨ।ਅਗਰ ਸ਼ਾਂਤੀ ਭੰਗ ਨਾ ਹੋਵੇ ਤੁਸੀਂ ਜੋ ਵਿਚਾਰ ਚਰਚਾ ਕਰਨੀ ਹੈ ਕਰੋ ,ਸਾਨੂੰ ਕੋਈ ਸਮੱਸਿਆ ਨਹੀਂ ।ਉਹਨਾਂ ਇਸ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ ਸਾਨੂੰ ਵਖ ਵਖ ਤਰ੍ਹਾਂ ਦੇ ਬੇ ਲੋੜੇ ਅਨੁਸਾਸ਼ਨਾਂ ਦੀਆਂ ਦੀਵਾਰਾਂ ਤੋੜਨੀਆਂ ਪੈਣਗੀਆਂ ਤਾਂ ਹੀ ਨਵੀਆਂ ਧਾਰਨਾਵਾਂ ਸਾਹਮਣੇ ਆਉਣਗੀਆਂ ਅਤੇ ਨਵੀਂ ਅਕਾਦਮਿਕ ਲਹਿਰ ਬਣੇਗੀ"।ਸੰਘ ਪਰਿਵਾਰ ਨੂੰ ਦੇਸ਼ ਦਾ ਗੌਰਵ ਬਣੇ ਇਸ ਅਦਾਰੇ ਉੱਤੇ ਆਪਣੀ ਸੌੜੀ ਵਿਚਾਰਧਾਰਾ ਠੋਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਹਨਾਂ ਨੂੰ ਸਹਿਨਸ਼ੀਲਤਾ ਦੇ ਮਾਮਲੇ ਵਿੱਚ ਜੇ ਐਨ ਯੂ ਦੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਹ ਵੀ ਯਾਦ ਰਖਣ ਯੋਗ ਹੈ ਕਿ ਜਦੋਂ ਸਮੇਂ ਸਮੇਂ ਇਥੇ ਰਾਹੁਲ ਗਾਂਧੀ ,ਮਨਮੋਹਣ ਸਿੰਘ ,ਪ੍ਰਣਬ ਮੁਖਰਜੀ ਸਮੇਤ ਹੋਰ ਨਾਮਵਰ ਸਖਸ਼ੀਅਤਾਂ ਆਈਆਂ ਤਾਂ ਉਹਨਾਂ ਨੂੰ ਹਮੇਸ਼ਾ ਵਿਦਿਆਰਥੀਆਂ ਦੇ ਤਿੱਖ਼ੇ ਸਵਾਲਾਂ ਦਾ ਟਾਕਰਾ ਕਰਨਾ ਪੈਂਦਾ ਰਿਹਾ ਹੈ । ਸੰਘ ਪਰਿਵਾਰ ਦੇ ਕਰਤਿਆਂ ਧਰਤਿਆਂ ਨੂੰ ਇਸ ਅਦਾਰੇ ਪ੍ਰਤੀ ਮੰਦ ਭਾਵਨਾ ਰਖਣ ਦੀ ਥਾਂ ਇਸ ਅਦਾਰੇ ਦੇ ਹੋਣਹਾਰ ਪਾੜਿਆਂ ਨਾਲ ਉਸਾਰੂ ਸੰਵਾਦ ਰਚਾਉਣ ਦੇ ਰਾਹ ਪੈਣਾ  ਚਾਹੀਦਾ ਹੈ।

ਸੰਪਰਕ: +91 98722 38981

Comments

owedehons

http://onlinecasinouse.com/# slots online best online casinos <a href="http://onlinecasinouse.com/# ">vegas casino slots </a> play slots online

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ