ਸਦਭਾਵਨਾ ਰੈਲੀਆਂ ਕਿ ਚੁਣੌਤੀਆਂ ਤੇ ਹਿਟਲਰੀ ਫੁਰਮਾਣ –ਡਾ. ਅਮਰਜੀਤ ਟਾਂਡਾ
Posted on:- 28-11-2015
23 ਨਵੰਬਰ ਤੋਂ ਪੰਜਾਬ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਅਸਲ ਵਿੱਚ ਜ਼ਬਰ ਨੂੰ ਪ੍ਰਦਰਸ਼ਤ ਕਰਨ ਵਾਲੇ ਇਕੱਠ ਹਨ, ਜਿਨ੍ਹਾਂ ਵਿੱਚ ਮਜ਼ਬੂਰ ਕੀਤੇ ਗਏ ਪੰਚ, ਸਰਪੰਚ, ਗ਼ਰੀਬ, ਪੈਨਸ਼ਨਾਂ ਉਡੀਕ ਰਹੇ ਬਜ਼ੁਰਗ ਅਤੇ ਵਿਧਵਾਵਾਂ, ਨੀਲੀਆਂ ਪੱਗਾਂ ਬੰਨੀ ਪੁਲਿਸ ਦੇ 10 ਹਜ਼ਾਰ ਜੁਆਨ ਅਤੇ ਪ੍ਰਸ਼ਾਸ਼ਨ ਵਲੋਂ ਧੱਕੇ ਨਾਲ ਭੇਜੇ ਗਏ ਦਰਜਾ ਤਿੰਨ ਅਤੇ ਚਾਰ ਮੁਲਾਜ਼ਮ ਸ਼ਾਮਿਲ ਹੋਏ ਦੱਸੇ ਗਏ ਹਨ। ਪਰ ਅਸਲ ਵਿਚ ਇਹ ਮੰਦਭਾਵਨਾ ਫੈਲਾਣਗੀਆਂ ਸਦਭਾਵਨਾ ਨਹੀਂ ਜਿਨ੍ਹਾਂ ਦਾ ਉਦੇਸ਼ ਲੋਕਾਂ ਨੂੰ ਜੋੜਨਾ ਨਹੀਂ ਬਲਕਿ ਤੋੜਨਾ ਹੈ। ਏਹੀ ਅਕਾਲੀ ਮੰਤਰੀ ਜੋ ਕੁਝ ਦਿਨ ਪਹਿਲਾਂ ਤੱਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰ ਰਹੇ ਸਨ। ਸਾਰਾ ਪ੍ਰਬੰਧ ਹੁਣ ਪੁਲਸ ਦੀ ਸੁਰੱਖਿਆ ਵਿਚ ਹੋ ਰਿਹਾ ਹੈ। ਸਦਭਾਵਨਾ ਲਈ ਪੁਲਸ ਦੀ ਸੁਰੱਖਿਆ ਦੀ ਕੀ ਲੋੜ ਹੈ।
ਰਾਜ ਦੇ ਅਮਨ ਪਸੰਦ ਲੋਕ ਹੁਣ ਭ੍ਰਿਸ਼ਟ ਅਤੇ ਅਯੋਗ ਸਰਕਾਰ ਨੂੰ ਕਦੇ ਵੋਟ ਨਹੀਂ ਪਾਉਣਗੇ। ਜਿਹੜਾ ਹਾਲ ਭਾਜਪਾ ਦਾ ਹੁਣੇ ਬਿਹਾਰ ਵਿਚ ਹੋਇਆ ਹੈ, ਉਹੀ ਹਾਲ ਸਰਕਾਰ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਵੇਗਾ। ਇਹ ਜਾਣ ਲੈਣਾ ਚਾਹੀਦਾ ਹੈ ਕਿ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਇਸ ਤਰ੍ਹਾਂ ਦੀਆਂ ਰੈਲੀਆਂ ਰਾਹੀਂ ਉਹ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਧੋਖਾ ਦੇ ਸਕਦੇ ਹਨ ਪਰ ਆਪਣੇ ਏਜੰਡੇ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕਦੇ।
ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕੀਤੀ ਗਈ, ਪਹਿਲੀ ਵਾਰ ਗੁਰੂ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ, ਪਰ ਮੌਜੂਦਾ ਸਿੱਖਾਂ ਦੀ ਆਪਣੀ ਕਹਾਉਂਦੀ ਸਰਕਾਰ ਤੋਂ ਦੋਸ਼ੀ ਅਜੇ ਤੱਕ ਨਹੀਂ ਫੜੇ ਗਏ। ਸਰਕਾਰ ਨੇ 2 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ, 2200 ਕਰੋੜ ਰੁਪਇਆ ਬੁੱਢਾਪਾ ਪੈਨਸ਼ਨਾਂ ਅਤੇ ਮੁਲਾਜਮਾਂ ਦੀਆਂ ਤਨਖਾਹਾਂ ਦਾ ਬਕਾਇਆ ਖੜਾ ਹੈ। ਹਰ ਮਹੀਨੇ 500 ਕਰੋੜ ਓਵਰ ਡਰਾਫਟ ਰਾਹੀਂ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰ ਵਲੋਂ ਕਾਂਗਰਸੀਆਂ ਤੇ ਪਰਚੇ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਜਵਾਲਾਮੁੱਖੀ ਵਰਗੇ ਵਿਰੋਧ ਨੂੰ ਠੱਲ੍ਹਣ ਲਈ ਤਿਨਕੇ ਦਾ ਸਹਾਰਾ ਲੱਭ ਰਹੀ ਹੈ। ਸਰਬੱਤ ਖਾਲਸਾ ਦੇ ਇਕੱਠ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬੁਖਲਾਹਟ ਵਿੱਚ ਹਿਟਲਰੀ ਫਰਮਾਨ ਜਾਰੀ ਹੋ ਰਹੇ ਹਨ। ਕਿਸੇ ਅਕਾਲੀ ਵਰਕਰ ਵੱਲ ਚੁੱਕੀ ਅੱਖ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਰੋਹ ਚ 70 ਸਾਲਾਂ ਦੇ ਬਜ਼ੁਰਗ ਨੇ ਇੱਕ ਕੈਬਨਿਟ ਮੰਤਰੀ ਦੀ ਪੱਗ ਲਾਹੀ ਅਤੇ ਚਪੇੜਾਂ ਮਾਰੀਆਂ, ਇਸ ਤੋਂ ਵੱਧ ਵਿਰੋਧ ਹੋਰ ਕੀ ਹੋ ਸਕਦਾ ਹੈ। ਲੋਕ ਕਹਿ ਰਹੇ ਹਨ ਕਿ ਜੇ ਗੁਰੂ ਸਹਿਬਾਨ ਦੀ ਬੇਅਦਬੀ ਰੋਕਣ ਲਈ ਸਾਨੂੰ ਆਪਣੀਆਂ ਜਾਨਾਂ ਵਰਨੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹਟਨਗੇ। ਗੁੰਡਾ-ਬਰਗੇਡ ਵਲੋਂ ਸਾਂਤਮਈ ਰੋਸ ਮਾਰਚ ਕਰਦੀਆਂ ਔਰਤਾਂ ਨੂੰ ਕੁੱਟਣ ਮਾਰਨ ਅਤੇ ਬੇਇੱਜ਼ਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਸਰਕਾਰ ਦਾ ਔਰੰਗਜ਼ੇਬੀ ਰਾਜ ਵਰਗਾ ਜਾਪਦਾ ਹੈ। ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਸਦਭਾਵਨਾ ਰੈਲੀਆਂ ਫਲਾਪ ਸਿੱਧ ਹੋਣਗੀਆਂ। ਪੰਜਾਬ ਦੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਸਮਝ ਆ ਗਈ ਹੈ ਤੇ ਹੁਣ ਉਹ ਅਕਾਲੀ-ਭਾਜਪਾ ਆਗੂਆਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ।
ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟਰਾਂ ਦੀਆਂ ਬੱਸਾਂ ਨੂੰ ਧੱਕੇ ਨਾਲ ਲਏ ਜਾਣ ਦੇ ਯਤਨਾਂ ਦੀ ਨਿੰਦਾ ਹੋ ਰਹੀ ਹੈ। ਆਪਣੀਆਂ ਬੱਸਾਂ ਇਕੱਠ ਕਰਨ ਲਈ ਕਿਉਂ ਨਹੀਂ ਵਰਤੀਆਂ ਗਈਆਂ? ਛੋਟੇ ਟਰਾਂਸਪੋਰਟਰਾਂ ਨੂੰ ਧਮਕਾਇਆ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਮੁਆਫੀ ਮੰਗਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋ ਨੌਜਵਾਨਾਂ ਦੀ ਮੌਤ, ਤੇ ਕਿਸਾਨੀ ਬਰਬਾਦ ਹੋ ਚੁੱਕੀ ਹੈ। ਜੇਕਰ ਇਮਾਨਦਾਰੀ ਨਾਲ ਸਰਕਾਰ ਨੇ ਇਸ ਨੂੰ ਥੋੜ੍ਹਾ ਜਿਹਾ ਵੀ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਪੰਜਾਬ ਦਾ ਮਾਹੌਲ ਨਹੀਂ ਵਿਗੜਨਾ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਆਫੀ ਮੰਗ ਕੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਤੋਂ ਵੱਡੀ ਗੱਲਤੀ ਹੋਈ ਹੈ। ਸਰਕਾਰ ਨੂੰ ਹੁਣ ਇਨ੍ਹਾਂ ਰੈਲੀਆਂ ਵੱਲ ਧਿਆਨ ਦੇਣ ਦੀ ਬਜਾਏ ਪੰਜਾਬ ਦੇ ਵਿਗੜ ਰਹੇ ਮਾਹੌਲ ਨੂੰ ਸ਼ਾਂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਦਭਾਵਨਾ ਰੈਲੀਆਂ ਆਯੋਜਿਤ ਕਰਕੇ ਅਮਨ ਸ਼ਾਂਤੀ ਘੱਟ ਅਤੇ ਤਣਾਅ ਜ਼ਿਆਦਾ ਪੈਦਾ ਹੋ ਰਿਹਾ ਹੈ। ਬਠਿੰਡਾ ਵਿੱਚ ਆਯੋਜਿਤ ਕੀਤੀ ਗਈ, ਪਹਿਲੀ ਰੈਲੀ ਵਿੱਚ ਇਕੱਠ ਤਾਂ ਚੰਗਾ ਸੀ, ਪਰ ਉੱਥੇ ਆਉਣ ਵਾਲੇ ਲੋਕ ਕੌਣ ਸਨ ਅਤੇ ਕਿਵੇਂ ਲਿਆਂਦੇ ਗਏ? ਖਬਰਾਂ ਮੁਤਾਬਕ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਮਨਰੇਗਾ ਦੇ ਲਾਭਪਾਤਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਦੇਖੇ ਗਏ। ਲੋਕਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਕੇ ਉੱਥੇ ਲਿਆਂਦਾ ਗਿਆ। ਲੋਕਾਂ ਨੂੰ ਉੱਥੇ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ ਇਹ ਹੋਰ ਵੀ ਅਫਸੋਸ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ, ਜੋ ਪੰਥਕ ਹੋਣ ਦਾ ਦਾਅਵਾ ਕਰਦੀ ਹੈ, ਕੀ ਉਸ ਨੂੰ ਇਹੋ ਜਿਹੀਆਂ ਕਾਰਵਾਈਆਂ ਸ਼ੋਭਾ ਦਿੰਦੀਆਂ ਹਨ? ਵਿਰੋਧੀ ਧਿਰਾਂ ਨੂੰ ਖੁੱਲੀ ਚੁਣੌਤੀ ਦਿਤੀ ਗਈ। ਇਹ ਅਮਨ ਸ਼ਾਂਤੀ ਵਾਸਤੇ ਸਮਾਗਮ ਸੀ, ਨਾ ਕਿ ਸਿਆਸੀ ਧਿਰਾਂ ਨੂੰ ਨੀਵਾਂ ਦਿਖਾਉਣ ਲਈ ਜਾਂ ਉਨ੍ਹਾਂ ਨੂੰ ਚੁਣੌਤੀ ਦੇਣ ਲਈ। ਪਾਕਿਸਤਾਨ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਉੱਤੇ ਵੀ ਇਲਜ਼ਾਮ ਮੜ ਦਿੱਤੇ ਪਰ ਮੁੱਖ ਮੰਤਰੀ ਦੇ ਭਾਸ਼ਣ ਵਿੱਚ ਕਾਫੀ ਠਹਿਰਾਅ ਸੀ।
ਇਹੋ ਜਿਹੀਆਂ ਰੈਲੀਆਂ ਨਾਲ ਲੋਕਾਂ ਦਾ ਵਕਤ ਅਤੇ ਪੈਸਾ ਹੀ ਬਰਬਾਦ ਹੁੰਦਾ ਹੈ, ਦਫ਼ਤਰੀ ਕੰਮਕਾਜ ਰੁਕਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਨੇ, ਖਾਸ ਕਰਕੇ ਆਵਾਜਾਈ ਵਿੱਚ ਕਾਫੀ ਦਿੱਕਤ ਆਉਂਦੀ ਹੈ ਅਤੇ ਵਿਉਪਾਰ ਤੇ ਵੀ ਮਾੜਾ ਅਸਰ ਪੈਂਦਾ ਹੈ। ਚਾਹੀਦਾ ਇਹ ਹੈ ਕਿ ਸਦਭਾਵਨਾ ਰੈਲੀਆਂ ਚ ਸਦਭਾਵਨਾ ਵੀ ਕਿਤੇ ਦਿਸੇ ਨਾ ਕਿ ਚੁਣੌਤੀਆਂ ਤੇ ਹਿਟਲਰੀ ਫਰਮਾਨ ਹੀ ਜਾਰੀ ਕੀਤੇ ਜਾਣ। ਰੈਲੀਆਂ ਵਿੱਚ ਭਾਸ਼ਣ ਦੀ ਸ਼ੈਲੀ ਵਿੱਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ। ਇਸ ਵੇਲੇ ਅਮਨ ਸ਼ਾਂਤੀ ਲਿਆਉਣਾ ਅਸਲ ਮਕਸਦ ਹੈ। ਸਗੋਂ ਵਿਰੋਧੀ ਧਿਰਾਂ ਨੂੰ ਵੀ ਮੰਚ `ਤੇ ਸੱਦਾ ਦੇਣਾ ਲਾਹੇਵੰਦ ਰਹੇਗਾ। ਸਦਭਾਵਨਾ ਨੂੰ ਦੁਰਭਾਵਨਾ ਚ ਨਾ ਪੇਸ਼ ਕੀਤਾ ਜਾਵੇ ਤਾਂਹੀ ਕੁਝ ਅੱਛਾ ਨਤੀਜਾ ਨਿਕਲ ਸਕਦਾ ਹੈ।