ਪੰਜਾਬ ਤਾਂ ਪਹਿਲਾਂ ਹੀ ਹੋਰ ਸੰਤਾਪ ਨਾਲ ਬਲ ਰਿਹਾ ਸੀ… -ਡਾ. ਅਮਰਜੀਤ ਟਾਂਡਾ
Posted on:- 16-11-2015
ਪੰਜਾਬ ਤਾਂ ਪਹਿਲਾਂ ਹੀ ਹੋਰ ਸੰਤਾਪ ਨਾਲ ਬਲ ਰਿਹਾ ਸੀ, ਪਰ `ਚ ਝੋਨੇ ਦਾ ਸੀਜ਼ਨ ਆਉਂਦਿਆਂ ਹੀ ਹਰ ਸ਼ਾਮ ਹੋਰ ਸੜ ਰਹੀ ਹੈ। ਚਾਰ ਵਜੇ ਹੀ ਰਾਤ ਪੈ ਜਾਂਦੀ ਹੈ। ਸੈਰ ਬਿਮਾਰੀਆਂ ਸਹੇੜ ਰਹੀ ਹੈ, ਜਿੱਥੇ ਉਸ ਨੇ ਤੰਦਰੁਸਤੀ ਬਖਸ਼ਣੀ ਸੀ। ਸਾਹ ਔਖੇ ਆਉਣੇ ਸ਼ੁਰੂ ਹੋ ਜਾਂਦੇ ਹਨ, ਸੁੰਦਰ ਕੁਦਰਤੀ ਨਜ਼ਾਰਿਆਂ ਨੂੰ ਮਾਨਣਾ ਤਾਂ ਦੂਰ ਰਿਹਾ ਲੰਬੀ ਸੈਰ ਵਿੱਚੇ ਛੱਡ ਸੋਚਿਆ ਜਾਂਦਾ ਹੈ ਕਿ ਕਿਹੜੇ ਪਲ ਘਰ ਪਹੁੰਚੀਏ। ਘਰ ਘਰ ਗਲਾ ਖ਼ਰਾਬ, ਖੰਘ, ਜ਼ੁਕਾਮ, ਬੁਖਾਰ ਅਤੇ ਹੋਰ ਬਹੁਤ ਬਿਮਾਰੀਆਂ ਸੁਰੂ ਹੋ ਜਾਂਦੀਆਂ ਹਨ। ਕਦੇ ਤੇਜ਼ ਹਵਾ ਕਾਰਨ ਪਰਾਲੀ ਦੀ ਅੱਗ ਆਟੋ ਉੱਤੇ ਡਿੱਗਣ ਨਾਲ ਬੱਚਿਆਂ ਦੇ ਜ਼ਿੰਦਾ ਸੜ੍ਹਨ ਦੀ ਗੱਲ ਅਖ਼ਬਾਰਾਂ ਦੀਆਂ ਸੁਰਖ਼ੀਆਂ ਦੱਸਦੀਆਂ ਹਨ ਤਾਂ ਕਦੇ ਮੋਟਰਸਾਈਕਲ ਸਵਾਰ ਦੀ ਖੇਤ ਦੀ ਅੱਗ ਦੇ ਧੂੰਏਂ ਨਾਲ ਸਾਹਮਣੇ ਆ ਰਹੀ ਬੱਸ ਦੇ ਨਜ਼ਰ ਨਾ ਆਉਣ ਨਾਲ ਟਕਰਾਅ ਕੇ ਮਰਨ ਬਾਰੇ ਲਿਖਦੀਆਂ ਹਨ।
ਬੰਦ ਸ਼ੀਸ਼ਿਆਂ ਵਾਲੀ ਕਾਰ `ਚ ਬੈਠੇ ਅੱਖਾਂ ਲਾਲ, ਜਲਣ, ਖਾਂਸੀ ਅਤੇ ਸਾਹ ਲੈਣ `ਚ ਤਕਲੀਫ ਸ਼ੁਰੂ ਹੋ ਜਾਂਦੀ ਹੈ ਜਦੋਂ ਸੜਦੀ ਪਰਾਲੀ ਕੋਲੋਂ ਦੀ ਲੰਘਣਾਂ ਪੈਂਦਾ ਹੈ। ਗੱਲ ਹਾਦਸਿਆਂ ਤਕ ਹੀ ਨਹੀਂ ਖਤਮ ਹੁੰਦੀ, ਸਗੋਂ ਕਈ ਜੀਵਨ ਭਰ ਲਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।
ਕਿਸੇ ਵੀ ਹਾਲਤ `ਚ ਝੋਨੇ ਦੀ ਪਰਾਲੀ, ਕਣਕ ਦੇ ਨਾੜ ਜਾਂ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਨਹੀਂ ਸਾੜਨਾ ਚਾਹੀਦਾ। ਅਜਿਹਾ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਏਨੀ ਊਰਜਾ ਧਰਤੀ ਨੂੰ ਸੰਵਾਰਨ `ਚ ਲਗਾਉ। ਰੁੱਖਾਂ ਨਾਲ ਧਰਤ ਹਰੀ ਤੇ ਹਵਾ ਸਾਫ਼ ਹੋ ਸਕਦੀ ਹੈ। ਪਰਾਲੀ ਨੂੰ ਦੀ ਅੱਗ ਸਬੰਧੀ ਸਰਕਾਰ ਨੇ ਕਾਨੂੰਨ ਬਣਾ ਕੇ ਸਜ਼ਾਵਾਂ ਦਾ ਵੀ ਪ੍ਰਬੰਧ ਕੀਤਾ ਹੈ ਪਰ ਨਾ ਅਜਿਹੇ ਕਾਨੂੰਨਾਂ ਦੀ, ਨਾ ਸਜ਼ਾਵਾਂ ਦੀ ਕੋਈ ਪਰਵਾਹ ਨਹੀਂ ਕਰਦਾ। ਜਿਹੜੀਆਂ ਸਰਕਾਰਾਂ ਅਨਾਜ ਨਹੀਂ ਸੰਭਾਲ ਸਕਦੀਆਂ, ਕਾਨੂੰਨ ਲਾਗੂ ਨਹੀਂ ਕਰਵਾ ਸਕਦੀਆਂ, ਤਰੱਕੀ ਦੀਆਂ ਟਾਹਰਾਂ ਕਿਉਂ ਮਾਰਨ। ਪੰਜਾਬ ਦੇ ਜ਼ਿਆਦਾਤਰ ਖੇਤੀ ਅਧੀਨ ਰਕਬੇ `ਚ ਝੋਨੇ ਦੀ ਫਸਲ ਤੋਂ ਬਾਅਦ ਕਣਕ ਦੀ ਕਾਸ਼ਤ ਜਾਂ ਸਰ੍ਹੋਂ, ਜੌਂ, ਆਲੂ ਅਤੇ ਹੋਰ ਫਸਲਾਂ ਜਾਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜ਼ਮੀਨ ਤਿਆਰ ਕਰਨ ਵਾਸਤੇ ਜ਼ਿਆਦਾਤਰ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਪਰਾਲੀ ਨੂੰ ਸਾੜ ਦਿੰਦੇ ਹਨ। ਪੰਜਾਬ ਵਿਚ 70 ਲੱਖ ਏਕੜ ਤੋਂ ਵਧੇਰੇ ਰਕਬੇ ਵਿਚ ਝੋਨੇ ਦੀ ਫਸਲ ਬੀਜੀ ਗਈ ਤੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਵਾਤਾਵਰਣ ਇੰਨਾ ਜ਼ਿਆਦਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਪੂਰੀ ਤਰ੍ਹਾਂ ਸਾਫ ਹੋਣ ਵਿਚ ਕਈ ਮਹੀਨੇ ਲੱਗਣਗੇ। ਭਾਵੇਂ ਪੰਜਾਬ ਵਿਚ ਪਰਾਲੀ ਅਤੇ ਫਸਲਾਂ ਦੀ ਹੋਰ ਰਹਿੰਦ-ਖੂੰਹਦ ਨੂੰ ਸਾੜਨ `ਤੇ ਪਾਬੰਦੀ ਲਾਈ ਗਈ ਹੈ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਬਹੁਤੇ ਲੋਕਾਂ ਨੂੰ ਇਹ ਨਹੀਂ ਗਿਆਨ ਕਿ ਇੱਕ ਟਨ ਪਰਾਲੀ ਸਾੜਨ ਨਾਲ 70% ਕਾਰਬਨ ਡਾਈਆਕਸਾਈਡ, 7% ਕਾਰਬਨ ਮੋਨੋਆਕਸਾਈਡ, 2.09% ਨਾਈਟ੍ਰੋਜਨ ਆਕਸਾਈਡ ਅਤੇ 0.66% ਮੀਥੇਨ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਜਨ-ਜੀਵਨ ਅਤੇ ਆਵਾਜਾਈ ਪ੍ਰਭਾਵਤ ਹੁੰਦੇ ਹਨ। ਝੋਨੇ ਦੀ ਟਨ ਪਰਾਲੀ ਵਿੱਚ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ 50-70% ਸੂਖਮ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਕਿ ਸਾੜਨ ਤੋਂ ਬਾਅਦ ਲੋਪ ਹੋ ਜਾਂਦੇ ਹਨ। ਪਰਾਲੀ ਦੀ ਅੱਗ ਨਾਲ 38 ਲੱਖ ਟਨ ਜੈਵਿਕ ਅਤੇ ਅਜੈਵਿਕ ਕਾਰਬਨਿਕ ਤੱਕ ਵੀ ਖਤਮ ਹੋ ਜਾਂਦੇ ਹਨ।ਗੈਸਾਂ ਦੇ ਸਰੀਰ ਅੰਦਰ ਜਾਣ ਕਾਰਨ ਲਾਲ ਲਹੂ ਕਣਾਂ ਦੀ ਗਿਣਤੀ ਘੱਟ ਜਾਂਦੀ ਹੈ ਜਿਸ ਨਾਲ ਮਨੁੱਖੀ ਸਰੀਰ ਦੀ ਆਕਸੀਜਨ ਢੋਣ ਦੀ ਸਮਰੱਥਾ ਘੱਟ ਜਾਂਦੀ ਹੈ, ਸਾਹ ਕਿਰਿਆ `ਤੇ ਸਿੱਧਾ ਅਸਰ ਕਰਕੇ ਸਾਹ ਨਾਲੀਆਂ `ਚ ਸੋਜ਼ ਅਤੇ ਦਮੇ ਦੇ ਮਰੀਜ਼ਾਂ `ਚ ਹੋਰ ਵਾਧਾ ਹੋ ਜਾਂਦਾ ਹੈ। ਗਰਭਵਤੀ ਮਹਿਲਾਵਾਂ ਅਤੇ ਗਰਭ ਵਿਚ ਪਲ ਰਹੇ ਭਰੂਣਾਂ `ਤੇ ਇਹ ਮਾਰੂ ਅਸਰ ਕਰਦੀਆਂ ਹਨ। ਟੀ.ਬੀ. ਅਤੇ ਫੇਫੜੇ ਦਾ ਕੈਂਸਰ ਪਰਾਲੀ ਦੀ ਅੱਗ ਦੀ ਸਭ ਤੋਂ ਖ਼ਤਰਨਾਕ ਦੇਣ ਹੈ। ਪਰਾਲੀ ਦੀ ਸੁਚੱਜੀ ਸੰਭਾਲ ਲਈ ਚੌਪਰ ਨਾਲ ਪਰਾਲੀ ਨੂੰ ਸਿੱਧਾ ਜ਼ਮੀਨ `ਚ ਮਿਲਾਉਣਾ,ਗਾਲ੍ਹਣਾ, ਫਾਸਫੋ ਕੰਪੋਸਟ ਤਿਆਰ ਕਰਨਾ,ਪਸ਼ੂਆਂ ਦੇ ਚਾਰੇ ਦੇ ਤੌਰ ਲਈ ਵਰਤਣਾ, ਖੁੰਭਾਂ ਦੇ ਉਤਪਾਦਨ ਲਈ ਵਰਤੋਂ ਕਰਨੀ,ਬਿਜਲੀ ਪੈਦਾ ਕਰਨਾ ਅਤੇ ਗੱਟੂ ਤਿਆਰ ਕਰਨਾ ਲਾਹੇਵੰਦ ਸਿੱਧ ਹੁੰਦਾ ਹੈ। ਪਰਾਲੀ ਨੂੰ ਖੇਤਾਂ `ਚ ਸਾੜਨ ਨਾਲ ਧਰਤੀ ਦੇ ਜੀਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਅੱਗ ਦੇ ਭਾਂਬੜ ਇਨ੍ਹਾਂ ਜੀਵਾਂ ਦਾ ਬਹੁਤ ਭਾਰੀ ਨੁਕਸਾਨ ਕਰਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਿਸੇ ਖੇਤ ਵਿਚ ਅੱਗ ਲਗਾਏ ਜਾਣ ਤੋਂ ਬਾਅਦ, ਜਿਹੜੀ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ, ਉਸ ਦੇ ਝਾੜ `ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਖੇਤਾਂ ਵਿਚ ਜੀਵ ਧਰਤੀ `ਚ ਖੁੱਡਾਂ ਬਣਾ ਕੇ ਜਾਂ ਫਸਲਾਂ ਵਿਚ ਆਲ੍ਹਣੇ ਬਣਾ ਕੇ ਰਹਿੰਦੇ ਹਨ ਅਤੇ ਬਹੁਤ ਜ਼ਿਆਦਾ ਸੂਖਮ ਜੀਵ ਮਿੱਟੀ ਵਿਚ ਹੀ ਰਲੇ-ਮਿਲੇ ਹੁੰਦੇ ਹਨ। ਇਹ ਗੱਲ ਹਰ ਹਾਲਤ ਕਿਸਾਨਾਂ ਨੂੰ ਸਮਝਣੀ ਪਵੇਗੀ ਕਿ ਧਰਤੀ ਦੇ ਜੀਵਾਂ, ਕੀੜਿਆਂ ਆਦਿ ਨੂੰ ਬਚਾਉਣ ਲਈ ਕਿਸੇ ਵੀ ਹਾਲਤ `ਚ ਫਸਲ ਦੀ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ।ਪੱਕੇ ਤੌਰ `ਤੇ ਇਸ ਗੱਲ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਕਿ ਇਕ ਏਕੜ ਜ਼ਮੀਨ ਵਿਚ ਕਿੰਨੇ ਅਰਬ ਜੀਵ ਅਤੇ ਸੂਖਮ ਜੀਵ ਰਹਿੰਦੇ ਹਨ। ਜਿਹੜੇ ਜੀਵ ਧਰਤੀ `ਚ ਖੁੱਡਾਂ ਬਣਾ ਕੇ ਜਾਂ ਆਲ੍ਹਣਿਆਂ `ਚ ਰਹਿੰਦੇ ਹਨ, ਉਨ੍ਹਾਂ ਦੀ ਗਿਣਤੀ ਸੂਖਮ ਜੀਵਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਚਿੜੀਆਂ, ਕਬੂਤਰ, ਘੁੱਗੀਆਂ, ਗਟਾਰਾਂ, ਗਾਲ੍ਹੜ, ਕਿਰਲੀਆਂ, ਡੱਡੂ, ਸਿੱਪੀਆਂ, ਘੋਗੇ, ਗੰਡੋਏ, ਸੱਪ, ਬਿੱਛੂ, ਨਿਉਲੇ, ਤਿੱਤਰ, ਬਟੇਰੇ ਅਤੇ ਹੋਰ ਕਈ ਤਰ੍ਹਾਂ ਦੇ ਪੰਛੀ ਅਤੇ ਜੀਵ ਇਨ੍ਹਾਂ ਵਿਚ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕੁਝ ਸੂਖਮ ਜੀਵ ਅਜਿਹੇ ਵੀ ਹੁੰਦੇ ਹਨ ਜਿਹੜੇ ਮਿੱਟੀ ਵਿਚ ਇਕਮਿਕ ਹੁੰਦੇ ਹਨ। ਅਜਿਹੇ ਜੀਵਾਂ ਨੂੰ ਖੁਰਦਬੀਨ ਦੀ ਮਦਦ ਬਗੈਰ ਦੇਖ ਸਕਣਾ ਅਸੰਭਵ ਹੁੰਦਾ ਹੈ। ਇਹ ਸੂਖਮ ਜੀਵ ਫਸਲ ਨੂੰ ਖੁਰਾਕ ਸਪਲਾਈ ਕਰਨ ਵਿਚ ਸਹਾਈ ਹੁੰਦੇ ਹਨ।ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਵੱਡੀ ਪੱਧਰ `ਤੇ ਧੂੰਆਂ ਫੈਲਦਾ ਹੈ ਅਤੇ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ। ਇਨਸਾਨਾਂ ਨੂੰ ਪ੍ਰਦੂਸ਼ਣ ਕਾਰਨ ਸਾਹ ਅਤੇ ਚਮੜੀ ਦੇ ਕਈ ਕਿਸਮ ਦੇ ਰੋਗ ਲੱਗ ਜਾਂਦੇ ਹਨ-ਰੋਗ ਜਾਨਲੇਵਾ ਵੀ ਹੋ ਸਕਦੇ ਹਨ। ਧੂੰਏਂ ਕਾਰਨ ਕਈ ਕਿਸਮ ਦੇ ਹਾਦਸੇ ਵੀ ਵਾਪਰਦੇ ਹਨ, ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਲਾਈ ਅੱਗ ਦੂਜੇ ਖੇਤ `ਚ ਖੜ੍ਹੀ ਫਸਲ ਦਾ ਨੁਕਸਾਨ ਵੀ ਕਰ ਸਕਦੀ ਹੈ। ਚਾਹੀਦਾ ਦਾ ਤਾਂ ਇਹ ਹੈ ਕਿ ਰਹਿੰਦ-ਖੂੰਹਦ ਨੂੰ ਖੇਤ `ਚ ਹੀ ਵਾਹ ਕੇ ਇਸ ਤੋਂ ਖਾਦ ਦਾ ਕੰਮ ਲਿਆ ਜਾਵੇ। ਜ਼ਮੀਨ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਵਿਕਾਸ ਲਈ ਇਹ ਪਰਾਲੀ ਨਿਹਾਇਤ ਹੀ ਲਾਭਕਾਰੀ ਹੈ। ਮੋਬਾਈਲਾਂ, ਵਟਸਐਪ , ਟੈਲੀਵਿਜ਼ਨ `ਤੇ ਇਹ ਸਭ ਦੱਸਣਾ ਬਹੁਤ ਲਾਹੇਵੰਦ ਰਹੇਗਾ ।