ਬਾਲ ਦਿਵਸ ਬਨਾਮ ਬੱਚਿਆਂ ਦੀ ਦੁਰਦਸ਼ਾ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 14-11-2015
ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਹ ਦਿਨ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ । ਪਹਿਲੀ ਵਾਰ ਇਹ ਦਿਨ ਪੰਡਿਤ ਜੀ ਦੀ ਮੌਤ ਤੋਂ ਬਾਅਦ 1964 ਵਿੱਚ ਮਨਾਇਆ ਗਿਆ ਸੀ । ਉਹ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਸਨ ਕਿ ਉਹ " ਚਾਚਾ ਨਹਿਰੂ " ਦੇ ਨਾਮ ਨਾਲ ਪ੍ਰਸਿੱਧ ਸਨ । ਇਸ ਲਈ ਇਹ ਦਿਨ ਬੱਚਿਆਂ ਨੂੰ ਸਮਰਪਤਿ ਹੈ । ਵੱਖ-ਵੱਖ ਗਤੀਵਿਧੀਆਂ ਰਾਹੀਂ ਇਸ ਦਿਨ ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਿਆ ਜਾਂਦਾ ਹੈ । ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯਤਨ ਕੀਤੇ ਜਾਂਦੇ ਹਨ । ਸਕੂਲਾਂ-ਕਾਲਜਾਂ ਵਿੱਚ ਭਾਸ਼ਣ, ਕਵਿਤਾ, ਗੀਤ-ਸੰਗੀਤ, ਨਾਟਕ, ਸੈਮੀਨਾਰ ਆਦਿ ਕਰਵਾਏ ਜਾਂਦੇ ਹਨ । ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ । ਇਸ ਲਈ ਪੂਰੇ ਦੇਸ਼ ਲਈ ਬਾਲ ਦਿਵਸ ਬਹੁਤ ਮਹੱਤਤਾ ਰੱਖਦਾ ਹੈ ।
ਮੰਤਰੀਆਂ ਦੇ ਬਿਆਨ, ਸਰਕਾਰੀ ਅੰਕੜੇ ਜਾਂ ਸੈਮੀਨਾਰਾਂ/ਪ੍ਰੋਗਰਾਮਾਂ ਵਿੱਚ ਦਿੱਤੇ ਜਾਂਦੇ ਭਾਸ਼ਣਾਂ ਵਿੱਚ ਭਾਵੇਂ ਜਿੰਨਾ ਮਰਜ਼ੀ ਰੋਲਾ ਪਾਇਆ ਜਾਵੇ ਕਿ ਬਾਲ ਵਿਕਾਸ ਸਿਖਰਾਂ ਤੇ ਹੈ ਪਰ ਸੱਚ ਇਹ ਹੈ ਕਿ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਭਰਪੂਰ ਯਤਨਾਂ ਦੇ ਬਾਦ ਵੀ ਪੂਰੇ ਦੇਸ਼ ਵਿੱਚ ਸਮੁੱਚੇ ਬਾਲ ਵਰਗ ਦੀ ਬਹੁਤ ਹੀ ਤਰਸਯੋਗ ਹਾਲਤ ਹੈ । ਖਾਸ ਕਰਕੇ ਮਿਡਲ ਤੇ ਹੇਠਲੇ ਵਰਗ ਦੇ ਬਾਲਾਂ ਦੀ । ਉਹ ਅੱਜ ਵੀ ਬਹੁਤ ਸਾਰੀਆਂ ਕਠਿਨਾਈਆਂ ਵਿੱਚੋਂ ਗੁਜ਼ਰ ਰਹੇ ਹਨ ।
ਅਸੀਂ ਆਪਣੇ ਬੱਚਿਆਂ ਨੂੰ ਲੋੜੀਂਦਾ ਵਾਤਾਵਰਨ ਦੇਣ ਵਿੱਚ ਨਾਕਾਮ ਰਹੇ ਹਾਂ । ਬਾਲ ਮਜ਼ਦੂਰੀ ਨੂੰ ਵੀ ਅਸੀਂ ਸਖਤ ਕਾਨੂੰਨ ਲਾਗੂ ਕਰਕੇ ਵੀ ਠੱਲ ਨਹੀਂ ਪਾ ਸਕੇ । ਇਸ ਲਈ ਮਨਾਇਆ ਜਾ ਰਿਹਾ ਬਾਲ ਦਿਵਸ ਭਾਵੇਂ 51 ਵਾਂ ਹੈ ਪਰ ਇਹ ਵੀ ਬੱਚਿਆਂ ਦੀ ਹੋ ਰਹੀ ਦੁਰਦਸ਼ਾ ਨੂੰ ਸੁਧਾਰਨ ਵਿੱਚ ਅਸਫਲ ਰਿਹਾ ਹੈ ।( ੳ ) ਬਾਲ ਮਜ਼ਦੂਰੀ
ਹਾਲਾਤ ਇਹ ਹੈ ਕਿ ਲੇਬਰ ਐਕਟ ਲਾਗੂ ਹੋਣ ਦੇ 29 ਸਾਲ ਬਾਦ ਵੀ ਬਹੁ-ਗਿਣਤੀ ਬੱਚੇ-ਬੱਚੀਆਂ ਸਕੂਲੇ ਪੜ੍ਹਨ ਜਾਣ ਦੀ ਬਜਾਏ ਕਿਸੇ ਨਾ ਕਿਸੇ ਤਕੜੇ ਦੇ ਘਰ ਬੋਕਰ ਕਰਦੇ ਹਨ, ਪੋਚੇ ਲਾਉਂਦੇ ਹਨ, ਪੱਠੇ ਪਾਉਂਦੇ ਹਨ, ਭਾਂਡੇ ਮਾਂਜਦੇ ਹਨ, ਕੂੜ੍ਹਾ ਸੁੱਟਦੇ ਹਨ, ਹੋਟਲਾਂ ਵਿੱਚ ਕੰਮ ਕਰਦੇ ਹਨ, ਭੱਠਿਆਂ ਤੇ ਕੰਮ ਕਰਦੇ ਹਨ ਜਾਂ ਖੇਤਾਂ ਵਿੱਚ ਕੰਮ ਕਰਦੇ ਹਨ । 2011 ਦੀ ਜਨਗਣਨਾ ਦੇ ਅਨੁਸਾਰ ਦੇਸ਼ ਦੇ 5-14 ਸਾਲ ਦੇ ਸਵਾ ਕਰੋੜ ਬੱਚੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ । ਕੰਮ ਕਰਨ ਵਾਲਿਆਂ ਦੀ ਅਬਾਦੀ ਦਾ 11% ਹਿੱਸਾ ਯਾਨੀ 10 ਕੰਮ ਕਰਨ ਵਾਲਿਆਂ ਪਿੱਛੇ 1 ਬੱਚਾ ਕੰਮ ਕਰਨ ਵਾਲਾ ਹੈ । ਅਮਰੀਕਾ ਦੀ ਕੌਮਾਂਤਰੀ ਕਿਰਤ ਮਾਮਲਿਆਂ ਬਾਰੇ ਬਿਉਰੋ ਨੇ 2012 ਵਿੱਚ ਭਾਰਤ ਦੇ 5-14 ਸਾਲ ਦੇ 43,71,604 ਬੱਚਿਆਂ ਦੇ ਕੰਮ ਵਿੱਚ ਲੱਗੇ ਹੋਣ ਬਾਰੇ ਦੱਸਿਆ ਗਿਆ ਹੈ । ਰਿਪੋਰਟ ਅਨੁਸਾਰ 69.5% ਬੱਚੇ ਖੇਤੀ ਖੇਤਰ ਵਿੱਚ ਕੰਮ ਕਰਦੇ ਹਨ । 13 % ਬੱਚੇ ਨਿਰਮਾਣ ਕੰਮਾਂ ਵਿੱਚ ਲੱਗੇ ਹਨ । 13 % ਬੱਚੇ ਘਰਾਂ,ਹੋਟਲਾਂ, ਦੁਕਾਨਾਂ, ਟੁਰਿਸਟ ਆਦਿ ਸੇਵਾਵਾਂ ਵਿੱਚ ਲੱਗੇ ਹਨ । ਬਾਕੀ 4.5 % ਬੱਚੇ ਭਾਵ 14 ਲੱਖ ਬੱਚੇ ਤੀਰਥ ਸਥਾਨਾਂ ਜਾਂ ਸੈਕਸ ਟੂਰਿਸਟ ਸਥਾਨਾਂ ਤੇ ਸਰਿਿਰਕ ਸ਼ੋਸਣ ਦਾ ਸ਼ਿਕਾਰ ਹੋ ਰਹੇ ਹਨ । ਮਜ਼ਦੂਰੀ ਬੰਧੂਆਂ ਹੋਵੇ ਜਾਂ ਮਜ਼ਬੂਰੀ ਵੱਸ ਬਾਲਾਂ ਲਈ ਦੋਵੇਂ ਹੀ ਖਤਰਨਾਕ ਹਨ । ਬੇਸ਼ੱਕ 1988 ਤੋਂ ਹੁਣ ਤੱਕ ਲੇਬਰ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ 100 ਤੋਂ ਉੱਪਰ ਰਾਸ਼ਟਰੀ ਬਾਲ ਮਜ਼ਦੂਰੀ ਪਰਿਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਕਾਨੂੰਨ ਮੁਤਾਬਿਕ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ ਘੱਟੋ-ਘੱਟ 3 ਮਹੀਨੇ ਦੀ ਸਜਾ ਜਾਂ 10 ਤੋਂ 20 ਹਜ਼ਾਰ ਰੁਪਏ ਜ਼ੁਰਮਾਨਾ ਵੀ ਰੱਖਿਆ ਗਿਆ ਹੈ ਪਰ ਪਿਛਲੇ ਕਈ ਦਹਾਕਿਆਂ ਤੋਂ ਮੌਜੂਦਾ ਹਾਕਮ ਤੇ ਪ੍ਰਸ਼ਾਸ਼ਨ ਇਸ ਨੂੰ ਠੱਲ ਪਾਉਣ ਵਿੱਚ ਨਾਕਾਮ ਰਹੇ ਹਨ । " ਬੋਕਰ ਕਰਦੇ, ਕੂੜ੍ਹਾ ਢੋਂਦੇ,
ਗੋਹਾ ਸੁੱਟਦੇ, ਪੱਠੇ ਪਾਉਂਦੇ,
ਕੱਢਦੇ ਹਰ ਤਕੜੇ ਦਾ ਹਾੜਾ ।
ਲੰਘ ਗਿਆ ਸਾਡਾ ਬਾਲ ਦਿਹਾੜਾ । " ( ਰੰਗੀਲਪੁਰ )
( ਅ ) ਲੋੜੀਂਦਾ ਵਾਤਾਵਰਨ
ਅਸੀਂ ਇਸ ਗੱਲ ਤੋਂ ਕਦੇ ਇਨਕਾਰੀ ਨਹੀਂ ਹੋ ਸਕਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਲੋੜੀਂਦਾ ਵਾਤਾਵਰਨ ਦੇਣ ਵਿੱਚ ਨਾਕਾਮ ਰਹੇ ਹਾਂ । ਰਹਿਣ ਲਈ ਗੰਦਾ ਮਾਹੌਲ, ਪੀਣ ਲਈ ਸਾਫ ਪਾਣੀ ਦਾ ਨਾ ਹੋਣਾ, ਵੱਧੀ ਹੋਈ ਮਹਿੰਗਾਈ ਕਰਕੇ ਬੱਚਿਆਂ ਨੂੰ ਚੰਗੀ ਖੁਰਾਕ ਨਾ ਦੇ ਸਕਣਾ, ਸਿਹਤ ਸਹੂਲਤਾਂ ਨਾ ਦੇ ਪਾਉਣਾ ਆਦਿ ਇਹ ਸਭ ਸਾਡੀਆਂ ਕਮਜ਼ੋਰੀਆਂ ਰਹੀਆਂ ਹਨ । ਦੇਸ਼ ਵਿੱਚ ਹਰ ਚਾਰ ਬੱਚਿਆਂ ਪਿੱਛੇ ਤਿੰਨ ਬੱਚੇ ਖੂਨ ਦੀ ਕਮੀ ਕਾਰਨ ਅਨੀਮਿਆ ਰੋਗ ਦੇ ਸ਼ਿਕਾਰ ਹਨ । ਯੂਨੀਸੈੱਫ ਇੰਡੀਆ ਦੀ ਰਿਪੋਰਟ ਅਨੁਸਾਰ 20 ਲੱਖ ਬੱਚੇ ਉਹਨਾਂ ਬਿਮਾਰੀਆਂ ਨਾਲ ਮਰ ਜਾਂਦੇ ਹਨ ਜਿਹਨਾਂ ਦਾ ਇਲਾਜ ਹੈ । ਮਾਪੇ ਗਰੀਬ ਹੋਣ ਕਰਕੇ, ਉਹਨਾਂ ਨੂੰ ਮੌਤ ਦਾ ਸ਼ਿਕਾਰ ਹੋਣਾ ਪੈਂਦਾ ਹੈ । 1000 ਬੱਚਿਆਂ ਵਿੱਚੋਂ 63 ਨਵ-ਜਨਮੇ ਬੱਚੇ ਜਨਮ ਵੇਲੇ ਮਰ ਜਾਂਦੇ ਹਨ ਜਾਂ ਜਨਮ ਤੋਂ ਹਫਤੇ ਤੱਕ । ਪੰਜਾਬ ਵਿੱਚ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਇਹ ਬੱਚੇ 46% ਕੁਪੋਸ਼ਿਤ ਹਨ ਅਤੇ 49.7% ਫੀਸਦੀ ਬੱਚੇ ਅਵਿਕਸਿਤ ਹਨ । ਦੱਸੋ ਇਹੋ-ਜਿਹੇ ਹਾਲਾਤ ਵਿੱਚ ਕੀ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੈ ?
ਕੀ ਕੀਤਾ ਜਾਵੇ ?
ਜੇਕਰ ਅਸੀਂ ਸੱਚਮੁੱਚ ਹੀ ਇਸ ਬਾਲ ਦਿਵਸ ਨੂੰ ਸਾਰਥਿਕ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਰਲ ਕੇ ਕੁਝ ਕਦਮ ਚੁੱਕਣੇ ਪੈਣਗੇ । ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰੋਂ ਸ਼ੁਰੂਆਦ ਕਰਨੀ ਪਵੇਗੀ । ਕਿਤੇ ਕੋਈ ਸਾਡਾ ਜਾਂ ਸਾਡੇ ਰਿਸ਼ਤੇਦਾਰ ਦਾ ਬੱਚਾ ਤਾਂ ਨਹੀਂ ਬਾਲ ਮਜ਼ਦੂਰੀ ਦਾ ਸ਼ਿਕਾਰ ? ਜੇ ਹੈ ਤਾਂ ਉਸਨੂੰ ਰੋਕਣਾ ਪਵੇਗਾ । ਉਸ ਨੂੰ ਸਕੂਲੇ ਪੜ੍ਹਨ ਲਈ ਭੇਜਣਾ ਪਵੇਗਾ । ਫਿਰ ਅਸੀਂ ਆਪਣੇ ਆਂਢ-ਗੁਆਂਢ ਨੂੰ ਕਹਿਣ ਜੋਗੇ ਹੋਵਾਂਗੇ । ਫਿਰ ਆਪਣੇ ਤੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣੀ ਪਵੇਗੀ । ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਰਲ ਕੇ ਸੰਘਰਸ਼ ਕਰਨਾ ਪਵੇਗਾ । ਗਰਭਵਤੀ ਹੋਣ ਤੇ ਹੀ ਜੱਚਾ-ਬੱਚਾ ਦੋਹਾਂ ਦੀ ਹੀ ਸਿਹਤ ਦਾ ਖਾਸ ਖਿਆਲ ਰੱਖਣਾ ਪਵੇਗਾ । ਵਿਟਾਮਿਨ-ਪ੍ਰੋਟੀਨ ਯੁਕਤ ਸਤੁੰਲਿਤ ਭੋਜਨ ਦਾ ਪ੍ਰਬੰਧ ਕਰ ਕੇ ਦੇਣਾ ਪਵੇਗਾ । ਬੇਰੁਜ਼ਗਾਰੀ ਨੂੰ ਦੂਰ ਕਰਨਾ ਪਵੇਗਾ । ਕੁਦਰਤੀ ਤੇ ਮਨੁੱਖੀ ਸਾਧਨਾਂ ਦੀ ਲੁੱਟ ਖਤਮ ਕਰਨੀ ਪਵੇਗੀ । ਵੱਧਦੀ ਮਹਿੰਗਾਈ ਨੂੰ ਰੋਕਣਾ ਪਵੇਗਾ । ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਮਹਿੰਗਾਈ, ਬੇਰੁਜ਼ਗਾਰੀ ਬਹੁਤੇ ਮਸਲੇ ਜਨਤਕ ਹਨ । ਇਸ ਲਈ ਮੁੱਕਦੀ ਗੱਲ ਕਿ ਜਨਤਕ ਸਹੂਲਤਾਂ ਲਈ ਸਾਨੂੰ ਸਭ ਨੂੰ ਏਕਾ ਕਰਕੇ ਲਾਮਬੰਦ ਹੋ ਕੇ ਸੰਘਰਸ਼ ਕਰਨਾ ਪਵੇਗਾ ਤਾਂ ਹੀ ਪ੍ਰਸ਼ਾਸ਼ਨ ਤੇ ਹਾਕਮ ਦੀ ਨੀਂਦ ਖੁੱਲ੍ਹੇਗੀ । ਸੰਪਰਕ: +91 98552 07071