ਪਿੰਜਰਾ ਤੋੜ -ਨਿਕਿਤਾ ਆਜ਼ਾਦ
Posted on:- 13-11-2015
ਦਿੱਲੀ ਦੀ ਹਵਾ ਵਿੱਚ ਪਿੰਜਰਾ-ਤੋੜ ਨਾਮ ਦੀ ਇੱਕ ਤਾਜ਼ੀ ਸੁਗੰਧ ਸੰਗ ਚਲੱ ਰਹੀ ਹੈ, ਜਿਹੜੀ ਕਿ ਦਿੱਲੀ ਦੇ ਕਾਲਜਾਂ ਵਿੱਚ ਪੜ੍ਹਦੀਆਂ ਵਿਦਿਆਰਥੀਆਂ ਵੱਲੋਂ ਛਿੜਕੀ ਗਈ ਹੈ । ਕੁਝ ਸਮਾਂ ਪਹਿਲਾਂ ਜਾਮਿਆ ਮਾਲਿਆ ਇਸਲਾਮਿਆ ਯੂਨੀਵਰਸਿਟੀ ਦੀਆਂ ਲੜਕੀਆਂ ਨੇ ਕਾਲਜ ਦੇ ਹੋਸਟਲ ਦੇ ਪੱਖਪਾਤੀ ਵਕਤ ਦੀਆਂ ਪਾਬੰਦੀਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਿਸ ਦੇ ਸਿੱਟੇ ਵਜੋਂ ਦਿੱਲੀ ਕਮਿਸ਼ਨ ਫਾਰ ਵੂਮੈਨ ਨੇ ਯੂਨੀ ਨੂੰ ਇਸ ਗਲਤ ਰਵੱਈਏ ਸੰਬੰਧੀ ਨੋਟਿਸ ਜਾਰੀ ਕੀਤਾ । ਉਸ ਪ੍ਰਗਤੀਵਾਦੀ ਕਦਮ ਦੀ ਖੁਸ਼ਬੂ ਦਿੱਲੀ ਦੇ ਹਰ ਕਾਲਜ ਵਿੱਚ ਪਹੁੰਚ ਗਈ ਅਤੇ ਦਿੱਲੀ ਯੂਨੀਵਰਸਿਟੀ ਦੀਆਂ ਵੱਖ-ਵੱਖ ਜੱਥੇਬੰਦੀਆਂ ਨੇ ਵੀ ਲੜਕੀਆਂ ਨਾਲ ਮਿਲ ਕੇ ਮਰਦ ਪ੍ਰਧਾਨ ਸਮਾਜ ਦੇ ਖ਼ਿਲਾਫ਼ ਹੱਲਾ ਬੋਲ ਦਿੱਤਾ । ਇਹ ਮੁਹਿੰਮ, ਜਿਵੇਂ ਕਿ ਨਾਮ ਹੀ ਦੱਸਦਾ ਹੈ, ਔਰਤਾਂ ਨਾਲ ਕੀਤੇ ਜਾਂਦੇ ਪੱਖਪਾਤੀ ਅਭਿਮਾਨਾਂ ਦੇ ਖ਼ਿਲਾਫ਼ ਚਲਾਈ ਗਈ, ਜੋ ਦਿੱਲੀ ਦੇ ਕਾਲਜਾਂ, ਪੀਜੀ/ ਹੋਸਟਲਾਂ ਵਿੱਚ ਵਰਤੇ ਜਾਂਦੇ ਹਨ ।
ਦਿੱਲੀ ਦੇ ਹੋਸਟਲਾਂ ਦੀ ਹਾਲਤ ਬਿਆਨ ਕਰਦੀ SRCC Hostel ਦੀ ਇੱਕ ਵਿਦਿਆਰਥਣ ਲਿਖਦੀ ਹੈ ਕਿ, “ ਸਾਡੇ ਕੁੜੀਆਂ ਦੇ ਹੋਸਟਲਾਂ ਵਿੱਚ ਨਿਯਮ ਕੁੱਝ ਅੱਡ ਹੀ ਹਨ, ਸਾਨੂੰ ਰਾਤ ਬਾਹਰ ਰਹਿਣ ਲਈ ਘਰਦਿਆਂ ਤੋਂ ਲਿਖਵਾ ਕੇ. ਫਾਰਮ ਭਰਵਾ ਕੇ , ਹਸਤਾਖ਼ਰ ਕਰਵਾ ਕੇ ਆਉਣਾ ਪੈਂਦਾ ਹੈ । ਸਾਡੇ ਹੋਸਟਲ ਬੰਦ ਹੋਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ. ਸਾਨੂੰ 8 ਵਜੇ ਬੰਦ ਕਰ ਦਿੱਤਾ ਜਾਂਦਾ ਹੈ.. ਹੋਲੀ ਵਾਲੇ ਦਿਨ ਸਾਰਾ ਦਿਨ ਅਸੀਂ ਬਾਹਰ ਨਹੀਂ ਜਾ ਸਕਦੇ... ਪਰ ਗੇਟ ਕਿਉਂ ਬੰਦ ਕੀਤੇ ਜਾਂਦੇ ਹਨ ?”
ਇਹ ਭਾਵੁਕ ਅਤੇ ਸੱਚਾ ਬਿਆਨ ਭਾਰਤ ਦੇ ਸਭ ਤੋਂ ਵੱਧ ਆਧੁਨਿਕ ਮੰਨੇ ਜਾਣ ਵਾਲੇ ਸ਼ਹਿਰ ਦੇ ਪਿਤਾ ਪ੍ਰਧਾਨ ਮਾਹੌਲ ਨੂੰ ਉਜਾਗਰ ਕਰਦਾ ਹੈ । ਇਹ ਸੰਘਰਸ਼ ਇਹ ਭਰਮ ਵੀ ਤੋੜਦਾ ਹੈ ਜੋ ਕਿ ਪੰਜਾਬ ਦੇ ਲੋਕਾਂ ਵਿੱਚ ਆਮ ਵੇਖਣ ਨੂੰ ਮਿਲਦਾ ਹੈ ਕਿ ਦਿੱਲੀ ਵਾਲੋ ਲੋਕ ਜਾਂ ਵਿਵਸਥਾ ਖਾਸ ਹੈ, ਪਰੰਤੂ ਔਰਤਾਂ ਨੂੰ ਆਜ਼ਾਦੀ ਦੇਣ ਦੇ ਸੰਦਰਭ ਵਿੱਚ ਕੇਵਲ 19 -21 ਦਾ ਹੀ ਫ਼ਰਕ ਨਜ਼ਰ ਆਉਂਦਾ ਹੈ ।ਪਿੰਜਰਾ ਤੋੜ ਸਾਰੀਆਂ ਵਿਦਿਆਰਥਣਾਂ ਨੂੰ ਉਹਨਾਂ ਸਾਰੇ ਪਿੰਜਰਿਆਂ ਨੂੰ ਤੋੜਣ ਦਾ ਸੁਨੇਹਾ ਦਿੰਦਾ ਹੈ ਜੋ ਉਨ੍ਹਾਂ ਦੀ ਉਡਣ ਦੀ ਇੱਛਾ ਨੂੰ ਨੱਥ ਪਾਉਣਾ ਚਾਹੁੰਦੇ ਹਨ । ਚਾਹੇ ਉਹ ਹੋਸਟਲ ਦਾ ਸਮਾਂ ਹੋਵੇ ਜਾਂ ਕੋਈ ਡਰੈਸ ਕੋਡ । ਇਹ ਸਮਾਜ ਦੇ ਦੋਗਲੇਪਣ ਨੂੰ ਨੰਗਾ ਕਰਨ ਦਾ ਇੱਕ ਪ੍ਰਗਤੀਸ਼ੀਲ ਕਦਮ ਹੈ ਜੋ ਸਾਰੀਆਂ ਵਿਦਿਅਕ ਸੰਸਥਾਵਾਂ ਦਾ ਚਰਿੱਤਰ ਦਿਖਾਉਂਦਾ ਹੈ । ਇਹ ਸਮਾਜ ਦੀਆਂ ਸਾਰੀਆਂ ਥਾਵਾਂ ਭਰਨ ਦੀ ਮੁਹਿੰਮ ਹੈ ਜੋ ਸਦੀਆਂ ਤੋਂ ਉਹਨਾਂ ਤੋਂ ਵਾਂਝੀ ਰੱਖੇ ਗਈ ਸੀ ਤਾਂ ਜੋ ਸਾਰੇ ਰੰਗਾਂ ਦੀਆਂ ਔਰਤਾਂ ਉਹਨਾਂ ਨੂੰ ਭਰ ਸਕਣ । ਔਰਤਾਂ ਨੂੰ ਦੂਜਾ ਸੈਕਸ ਵੇਖਣ ਵਾਲੀਆਂ ਅਤੇ ਔਰਤ-ਦਵੇਸ਼ੀ ਵਿਚਾਰਧਾਰਾਵਾਂ ਜੋ ਔਰਤਾਂ ਨੂੰ ਘਰਾਂ ਵਿੱਚ, ਹੋਸਟਲਾਂ ਵਿੱਚ ਕੈਦ ਕਰਕੇ ਰੱਖਦੀਆਂ ਹਨ, ਆਮ ਤੌਰ ਤੇ ਉਹਨਾਂ ਮਨੁੱਖਾਂ ਤੇ ਹਾਵੀ ਹੁੰਦੀਆਂ ਹਨ ਜੋ ਲੋਕ ਪ੍ਰਸ਼ਾਸ਼ਨ ਦਾ ਹਿੱਸਾ ਹੋਣ । ਦਿੱਲੀ ਵਿੱਚ ਹਾਲਾਂਕਿ ਕੁੱਝ ਹੱਦ ਤੱਕ ਖੁਲ੍ਹੀ ਸਪੇਸ ਹੈ, ਜਿੱਥੇ ਘੱਟੋ – ਘੱਟ ਔਰਤਾਂ ਕੋਲ ਕੁੱਝ ਆਪਣੀ ਗੱਲ ਕਹਿਣ ਦਾ ਹੱਕ ਹੈ, ਜਦੋਂ ਕਿ ਦੇਸ਼ ਦੇ ਬਾਕੀ ਹਿੱਸਿਆਂ `ਚ, ਪਿੰਡਾਂ `ਚ, ਝੁੱਗੀਆਂ `ਚ ਔਰਤਾਂ ਆਪਣੇ ਨਾਲ ਹੁੰਦੇ ਅਤਿਆਚਾਰ ਅਕਸਰ ਹੀ ਸਾਰੀ ਉਮਰ ਛਪਾਈ ਰੱਖਦੀਆਂ ਹਨ । ਕਦੇ ਇਹ ਚੁੱਲ੍ਹੇ ਦੀ ਅੱਗ ਦਾ ਸ਼ਿਕਾਰ ਹੁੰਦੀਆਂ ਹਨ, ਕਦੇ ਤੇਜ਼ਾਬ ਦੇ ਦਾਗਾਂ ਦੇ, ਕਦੇ ਜਗੀਰਦਾਰਾਂ ਦੀ ਹਵਸ ਦਾ ਅਤੇ ਕਦੇ ਹਮੇਸਾ ਲਈ ਬੰਦ ਘਰਾਂ-ਕਾਲਜਾਂ ਦੇ ਤਾਲਿਆਂ ਦਾ । ਹਾਲ ਹੀ ਦੀ ਘੜੀ, ਚੇਨੱਈ ਦੇ ਇੱਕ ਕਾਲਜ, ਸਰੀ ਸਾਈ ਰਾਮ ਇੰਜੀਅਰਿੰਗ ਕਾਲਜ, ਨੇ ਉੱਥੋਂ ਦੀਆਂ ਵਿਦਿਆਰਥਣਾਂ ਨੂੰ ਕੁੱਝ ਹਦਾਇਤਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਮੁੰਡਿਆਂ ਨਾਲ ਗੱਲ ਨਾ ਕਰਨ, ਫੇਸਬੁੱਕ-ਵਟਸਐਪ ਇਸਤੇਮਾਲ ਨਾ ਕਰਨ, ਮੋਬਾਇਲ ਫ਼ੋਨ ਇਸਤੇਮਾਲ ਨਾ ਕਰਨ, ਵਾਲ ਖੁੱਲ੍ਹੇ ਨਾ ਛੱਡਣ ਤੇ ਜੀਨ ਨਾ ਪਾਉਣ ਆਦਿ ਨਿੰਦਣਯੋਗ ਹਦਾਇਤਾਂ ਸ਼ਾਮਲ ਹਨ । ਇਹ ਫਤਵਾ ਬੇਹੱਦ ਘਿਰਨਾਤਮਕ ਅਤੇ ਔਰਤ-ਵਿਰੋਧੀ ਸੁਰਾਂ ਵਿੱਚ ਕੱਢਿਆ ਗਿਆ ਹੈ ਜੋ ਸਾਨੂੰ ਕਿਸੇ ਬਲੈਕ ਐਡ ਨਾਈਟ ਫਿਲਮ ਦੀ ਯਾਦ ਕਰਵਾਉਂਦਾ ਹੈ, ਪਰ ਕਹਾਣੀ ਇੱਥੇ ਸਿਰਫ਼ ਸ਼ੁਰੂ ਹੁੰਦੀ ਹੈ । ਪਿੰਜਰਾ-ਤੋੜ ਦੀ ਮੁਹਿੰਮ ਨੇ ਦੇਸ਼ ਭਰ ਵਿੱਚ ਵਿਦਿਆਰਥਣਾਂ ਨਾਲ ਹੁੰਦੇ ਵਿਦਿਅਕ ਸੰਸਥਾਵਾਂ ਅੰਦਰ ਭੇਦ-ਭਾਵਾਂ ਅਤੇ ਔਰਤ-ਦਵੇਸ਼ੀ ਅਭਿਆਸਾਂ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ ਹੈ ਅਤੇ ਇਸ ਨੂੰ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਸਾਥ ਵੀ ਮਿਲ ਰਿਹਾ ਹੈ । ਇੱਕ ਤਰਫ਼ ਹਿੰਸਕ ਘਟਨਾਵਾਂ ਦੇ ਡਰ ਤੋਂ ਔਰਤਾਂ ਨੂੰ ਘਰਾਂ ਵਿੱਚ ਬਿਠਾਉਣ ਦੀ ਦਲੀਲ ਅਸਿੱਧੇ ਰੂਪ ਵਿੱਚ ਰਾਜਸੱਤਾ ਵੱਲੋਂ ਰੱਖੀ ਜਾ ਰਹੀ ਹੈ ਅਤੇ ਦੂਜੇ ਪਾਸੇ ਔਰਤਾਂ ਆਪ ਉਹਨਾਂ ਥਾਂਵਾਂ ਨੂੰ ਭਰਨ, ਜੋ ਸਦੀਆਂ ਤੋਂ ਉਹਨਾਂ ਦ ਇੰਤਜ਼ਾਰ ਕਰ ਰਹੀਆਂ ਸਨ, ਦੀ ਦਲੀਲ ਵੀ ਦੇਸ਼ ਭਰ ਵਿੱਚ ਪਹੁੰਚੀ ਹੈ । ਕੁਝ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿਸ਼ਵ ਵਿਦਿਆਲਿਆਂ ਅਤੇ ਕਾਲਜਾਂ ਵਿੱਚ ਵੀ ਵੇਖਣ ਨੂੰ ਮਿਲਦੇ ਹਨ । ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਖੋਜ ਵਿੱਚ 9 ਨੰਬਰ `ਤੇ ਹੈ ਪਰੰਤੂ ਮਰਦ ਪ੍ਰਧਾਨ ਮਾਹੌਲ ਬਣਾਉਣ `ਚ ਉਸਦਾ ਯੋਗਦਾਨ ਵੀ ਪਹਿਲੇ ਨੰਬਰ `ਤੇ ਲੱਗਦਾ ਹੈ । ਵਿਦਿਆਰਥਣਾਂ ਲਈ ਹੋਸਟਲ ਟਾਈਮਿੰਗ 9:30 ਵਜੇ ਹੈ, ਜਿਸ ਤੋਂ ਬਾਅਦ ਉਹ ਬਾਹਰ ਨਹੀਂ ਜਾ ਸਕਦੀਆਂ । ਪੰਜਾਬੀ ਯੂਨੀਵਰਸਿਟੀ, ਪਟਿਆਲਾ, ਜੋ ਪਿਛਲੇ 8 ਸਾਲਾਂ ਤੋਂ ਲਗਾਤਾਰ ਸਪੋਰਟਸ ਵਿੱਚ ਅੱਵਲ ਨੰਬਰ `ਤੇ ਹੈ ਅਤੇ ਹਰ ਸਾਲ MACCA ਟਰਾਫ਼ੀ ਜਿੱਤਦੀ ਹੈ, ਆਪਣੀਆਂ ਵਿਦਿਆਰਥਣਾਂ ਦੀ ਦੁਨੀਆਂ ਨੂੰ 6 ਵਜੇ ਹੀ ਬੰਦ ਕਰ ਦਿੰਦੀ ਹੈ । ਅਜਿਹੀ ਸਥਿਤੀ ਇਸ ਸਮਝ ਵਿੱਚੋਂ ਪੁੰਗਰਦੀ ਹੈ ਕਿ ਔਰਤਾਂ ਲਈ ਰਾਤ ਨੂੰ ਕਰਨ ਵਾਲਾ ਕੋਈ ਕੰਮ ਨਹੀਂ ਹੁੰਦਾ ਅਤੇ ਸਮਾਜ ਨੂੰ ਅੱਗੇ ਵਧਾਉਣ `ਚ ਉਨ੍ਹਾਂ ਦਾ ਕੋਈ ਖਾਸ ਯੋਗਦਾਨ ਨਹੀਂ ਹੁੰਦਾ । ਸਮਾਜਕ ਵਿਕਾਸ ਵਿੱਚ ਔਰਤਾਂ ਦੇ ਰੋਲ ਨੂੰ ਜਾਣ ਬੁੱਝ ਕੇ ਘਟਾ ਕੇ ਵਿਖਾਇਆ ਜਾਂਦਾ ਰਿਹਾ ਹੈ ਅਤੇ ਅੱਜ ਵੀ ਇਤਿਹਾਸ ਨੂੰ ਮੁੜ ਘੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਔਰਤਾਂ ਨੂੰ ਗੂੰਗੇ ਦਰਸ਼ਕਾਂ ਦੀ ਸ਼੍ਰੇਣੀ ਵਿੱਚ ਦਰਜ ਕੀਤਾ ਜਾ ਸਕੇ । ਇਹ ਦੇਸ਼ ਦੇ ਵਿਸ਼ਵ- ਵਿਦਿਆਲਿਆਂ ਦਾ ਹਾਲ ਹੈ ਜੋ ਸਮਾਜ ਨੂੰ ਸੇਧ ਦੇਣ ਅਤੇ ਔਰਤਾਂ ਨੂੰ ਸਸ਼ਕਤੀਕਰਨ ਕਰਨ ਦਾ ਵਾਅਦਾ ਕਰਦੇ ਹਨ । ਜੇਕਰ ਕਾਲਜਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਤਾਂ ਇਸ ਤੋਂ ਮੰਦਾ ਹਾਲ ਹੈ । ਪੰਜਾਬ ਦੇ ਦੋ ਗਰਲਜ਼ ਕਾਲਜ (ਲੁਧਿਆਣਾ ਅਤੇ ਪਟਿਆਲਾ) ਆਪਣੀਆਂ ਵਿਦਿਆਰਥਣਾਂ ਨੂੰ 12 ਵਜੇ ਤੋਂ ਪਹਿਲਾਂ ਕਾਲਜ ਤੋਂ ਬਾਹਰ ਨਹੀਂ ਆਉਣ ਦਿੰਦੇ ਜੇਕਰ ਉਹ ਇੱਕ ਵਾਰ ਅੰਦਰ ਚਲੇ ਜਾਣ ਅਤੇ ਹੋਸਟਲਰਾਂ ਨੂੰ ਕਦੇ ਵੀ ਬਾਹਰ ਨਹੀਂ ਜਾਣ ਦਿੰਦੇ ( ਸਿਰਫ਼ ਉਦੋਂ ਜਦੋਂ ਮਾਪੇ ਲੈਣ ਆਉਣ) ! ਇਸ ਤੋਂ ਵੀ ਬਦਤਰ ਇਹ ਕਿ ਲੜਕੀਆਂ ਮੋਬਾਈਲ ਵੀ ਨਹੀਂ ਰੱਖ ਸਕਦੀਆਂ। ਇਹੋ ਜਿਹਾ ਮਾਹੌਲ ਹੈ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਦਾ, ਜਿੱਥੇ ਲੋਕ ਆਪਣੀ ਫੇਸਬੁੱਕ ਪ੍ਰੋਫਾਈਲ ਫੋਟੋ ਬਦਲਣ `ਚ ਵਿਆਸਤ ਨੇ ਤਾਂ ਜੋ ਡਿਜ਼ੀਟਲ ਇੰਡੀਆ ਨੂੰ ਸਪੋਰਟ ਕੀਤਾ ਜਾ ਸਕੇ । ਪਰ ਡਿਜ਼ੀਟਲ ਇੰਡੀਆ ਵਿੱਚ ਔਰਤਾਂ ਲਈ ਕੀ ਹੈ, ਜੋ ਆਪਣੇ ਮੋਬਾਈਲ ਫੋਨ ਵੀ ਇਸਤੇਮਾਲ ਨਹੀਂ ਕਰ ਸਕਦੀਆਂ ?ਆਪਣੇ ਆਪ ਨੂੰ ਕੁਰਬਾਨੀਆਂ-ਸ਼ਹੀਦੀਆਂ ਦਾ ਸੂਬਾ ਕਹਿਲਾਉਣ ਵਾਲਾ ਪੰਜਾਬ ਉਹਨਾਂ ਕਦਰਾਂ-ਕੀਮਤਾਂ ਦੀ ‘ਸ਼ਹੀਦੀ’ ਅੱਜ ਵੀ ਦੇਣ ਨੂੰ ਤਿਆਰ ਨਹੀਂ ਜੋ ਔਰਤਾਂ ਨੂੰ ਕੈਦੀ ਜੀਵਨ ਜੀਣ ਲਈ ਮਜ਼ਬੂਰ ਕਰਦੀਆਂ ਹਨ । ਅੱਜ ਵੀ ਪੰਜਾਬ ਦੀਆਂ ਵਿਦਿਆਰਥਣਾਂ ਹੋਸਟਲਾਂ ਅਤੇ ਘਰਾਂ ਵਿੱਚ ਕੈਦ ਹਨ ਜੋ ਬਿਨਾਂ ਮਾਪਿਆਂ ਅਤੇ ਵਾਰਡਨਾਂ ਦੀ ਆਗਿਆ ਦੇ ਪੈਰ ਨਹੀਂ ਪੁੱਟ ਸਕਦੀਆਂ । ਇੱਥੋਂ ਤੱਕ ਹੋਲੀ ਵਾਲੇ ਦਿਨ ਤਾਂ ਉਨ੍ਹਾਂ ਨੂੰ ਦਿਨ ਵਿੱਚ ਵੀ ਕੈਦ ਕੀਤਾ ਜਾਂਦਾ ਹੈ ! ਸੁਰੱਖਿਆ ਦੇ ਨਾਂ `ਤੇ ਉਹਨਾਂ ਤੋਂ ਜਮਹੂਰੀਅਤ ਦੇ ਮਨਪਸੰਦ ਸਿਧਾਂਤ, ਬਰਾਬਰੀ ਅਤੇ ਆਜ਼ਾਦੀ ਖੋਏ ਜਾਂਦੇ ਹਨ ਅਤੇ ਜਦੋਂ ਉਹ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸੜਕਾਂ ਤੇ ਆਉਂਦੀਆਂ ਹਨ ਤਾਂ ਵਿਦਿਅਕ ਸੰਸਥਾਨ ਮਾਪਿਆਂ ਦਾ ਡਰ ਬਿਠਾ ਕੇ ਉਹਨਾਂ ਨੂੰ ਤਾੜਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਇਹ ਅਕਸਰ ਕਿਹਾ ਜਾਂਦਾ ਹੈ ਕਿ ਕਾਲਜ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਹੀ ਜ਼ੁੰਮੇਵਾਰ ਹੈ ਲੜਕੀਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਮਾਪਿਆਂ ਦੀ ਜਵਾਬਦੇਹੀ ਪ੍ਰਤੀ । ਪਰ 18 ਸਾਲ ਤੋਂ ਉਪਰ ਦੀਆਂ ਵਿਦਿਆਰਥਣਾਂ ਜੋ ਦੇਸ਼ ਦਾ ਭਵਿੱਖ ਤੈਅ ਕਰ ਸਕਦੀਆਂ ਹਨ ਕਿ ਉਹ ਆਪਣਾ ਚੰਗਾ-ਬੁਰਾ ਨਹੀਂ ਤੈਅ ਕਰ ਸਕਦੀਆਂ ? ਯੂਨੀਵਰਸਿਟੀ/ ਕਾਲਜ ਪ੍ਰਸ਼ਾਸ਼ਨ ਮਾਪਿਆਂ ਨੂੰ ਜਵਾਬਦੇਹ ਹੈ ਪਰ ਸੰਵਿਧਾਨ ਨੂੰ ਨਹੀਂ ?ਖੈਰ ਇਹ ਤਾਂ ਪਦਾਰਥਕ ਕੈਦ ਹੈ ਜੋ ਵਿਦਿਆਰਥਣਾਂ ਨੂੰ ਹੋਸਟਲਾਂ ਅੰਦਰ, ਗੇਟਾਂ ਅੰਦਰ ਕੈਦੀ ਬਣਾਉਂਦੀ ਹੈ ਪਰ ਪਿਤਾ-ਪੁਰਖੀ ਵਿਚਾਰਧਰਾਵਾਂ ਉਹਨਾਂ ਦੇ ਦਿਮਾਗਾਂ ਨੂਂ, ਸੋਚ ਨੂੰ ਵੀ ਜੜਕਦੀਆਂ ਹਨ ਜੋ ਕਿ ਹੋਰ ਵੀ ਵੱਧ ਖ਼ਤਰਨਾਕ ਹੈ । ਸਿਰਫ਼ ਪਦਾਰਥਕ ਵਸਤਾਂ ਨਹੀਂ, ਸਗੋਂ ਸਭਿਆਚਾਰਕ ਕਦਰਾਂ-ਕੀਮਤਾਂ, ਅਕਾਦਮਿਕ ਮਾਹੌਲ ਵੀ ਔਰਤਾਂ ਨੂੰ ਪਿੰਜਰਿਆਂ `ਚ ਬੰਦ ਕਰਨ ਦਾ ਕੰਮ ਕਰਦਾ ਹੈ ਜੋ ਰੰਗਾਂ ਦੇ ਚੁਨਾਵ ਤੋਂ ਲੈ ਕੇ ਖਿਡਾਉਣਿਆਂ ਦੀ ਚੋਣ, ਨਰਸਰੀ ਦੀਆਂ ਕਵਿਤਾਵਾਂ ਦੀ ਚੋਣ ਅਤੇ ਪੀ-ਐਚ. ਡੀ ਦੇ ਖੋਜ ਦੇ ਵਿਸ਼ੇ ਦੀ ਚੋਣ ਤੱਕ ਦੀ ਪ੍ਰਕਿਰਿਆ ਹੈ । ਇਹ ਪ੍ਰਕਿਰਿਆ ਔਰਤਾਂ ਨੂੰ ਇਹ ਸਿੱਧ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀ ਹੈ ਕਿ ਉਹ ਨਿਰਭਰ ਅਤੇ ਬੇਸਹਾਰਾ ਹਨ । ਇਸੇ ਜਗ੍ਹਾ ਨੂੰ, ਜੋ ਔਰਤਾਂ ਦੀ ਸੋਚ ਨੂੰ ਜਕੜਦੀ ਹੈ, ਪਿੰਜਰਾ ਕਿਹਾ ਗਿਆ ਹੈ, ਜਿੱਥੇ ਸਥਾਨਕ ਅਤੇ ਦਿਮਾਗੀ ਦੋਵੇ ਸੋਚਾਂ `ਤੇ ਪਾਬੰਦੀ ਹੈ । ਪਿੰਜਰਾ-ਤੋੜ ਸੈਰ ਕਰਨ ਦੀ ਲੜਾਈ ਹੈ, ਆਪਣੇ ਦਿਮਾਗ `ਚ, ਸ਼ਹਿਰ `ਚ, ਸੁਪਨਿਆਂ `ਚ ਅਤੇ ਹਕੀਕਤਾਂ `ਚ । ਅੱਜ ਦੇ ਪਿਤਾ-ਪ੍ਰਧਾਨ ਮਾਹੌਲ ਵਿੱਚ, ਜਿੱਥੇ ਹਰ 20 ਮਿੰਟ ਵਿੱਚ ਇੱਕ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ, ਇਹੋ ਜਿਹੀਆਂ ਔਰਤ-ਦਵੇਸ਼ੀ ਵਿਚਾਰਧਰਾਵਾਂ ਨੂੰ ਕੇਵਲ ਔਰਤਾਂ ਹੀ ਮਾਤ ਦੇ ਸਕਦੀਆਂ ਹਨ । ਇਸ ਕਰਕੇ ਇਹ ਬੇਹੱਦ ਜ਼ਰੂਰੀ ਹੈ ਕਿ ਸਮਾਜ ਦੇ ਸਾਰੇ ਤਬਕੇ ਦੀਆਂ ਔਰਤਾਂ ਇੱਕਠੀਆਂ ਹੋ ਕੇ ਆਪਣੀ ਆਜ਼ਾਦੀ ਦੀ ਜੰਗ ਲੜਣ ਅਤੇ ਪਿੱਤਰੀ-ਸੱਤਾ ਨੂੰ ਖ਼ਤਮ ਕਰਨ । ਦਿੱਲੀ ਵਿੱਚ ਸ਼ੁਰੂ ਹੋਏ ਇਸ ਸੰਘਰਸ਼ ਨੂੰ ਪੰਜਾਬ ਦੀਆਂ ਔਰਤਾਂ ਦੀ ਕਹਾਣੀ ਸੁਣਾਉਣ ਲਈ ਪੰਜਾਬ ਦੀਆਂ ਔਰਤਾਂ ਨੂੰ ਖੁਦ ਪਾਤਰ ਬਣਨਾ ਪਵੇਗਾ । ਸੰਪਰਕ: +91 99880 42308
JIMMY
BAHUT VADIA