ਸੰਘ ਪਰਿਵਾਰ ਦੀ ਕਾਰਜ ਸ਼ੈਲੀ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ - ਹਰਜਿੰਦਰ ਸਿੰਘ ਗੁਲਪੁਰ
Posted on:- 02-11-2015
ਭਾਰਤ ਦੇ ਅਸਲ ਇਤਿਹਾਸਕ ਪਿਛੋਕੜ ਅਨੁਸਾਰ ਭਾਰਤ ਅਤੀਤ ਵਿਚ ਕਦੇ ਵੀ ਅਮੀਰ ਤਹਿਜੀਬ ਵਾਲਾ ਦੇਸ਼ ਨਹੀਂ ਰਿਹਾ । ਬੌਧਿਕ ਕਾਲ ਅਤੇ ਪੂਰਬ ਬੌਧਿਕ ਕਾਲ ਤੋਂ ਲੈ ਕੇ ਇਸ ਦਾ ਪੜਾਅ ਵਾਰ ਅਧਿਐਨ ਕਰਨ ਉਪਰੰਤ ਤਾਂ ਇਹੀ ਸੱਚਾਈ ਸਾਹਮਣੇ ਆਉਂਦੀ ਹੈ।ਹੋਰਨਾਂ ਸਰੋਤਾਂ ਤੋਂ ਇਲਾਵਾ ਭਾਰਤੀ ਵਿਵਸਥਾ ਨੂੰ ਮੋਟੇ ਤੌਰ ’ਤੇ ਸਮਝਣ ਵਾਸਤੇ ਰਾਹੁਲ ਸੰਸਕਰਾਇਨ ਵਲੋਂ ਲਿਖੀ ਸੰਖੇਪ ਪੁਸਤਕ 'ਵੋਲਗਾ ਸੇ ਗੰਗਾ ਤੀਕ' ਨੂੰ ਪੜਨਾ ਚਾਹੀਦਾ ਹੈ,ਜਿਸ ਦਾ ਪੰਜਾਬੀ ਅਨੁਵਾਦ ਮਨਮੋਹਨ ਬਾਵਾ ਵੱਲੋਂ ਕੁਝ ਸਾਲ ਪਹਿਲਾਂ ਕੀਤਾ ਗਿਆ ਸੀ।ਭਾਰਤ ਅੰਦਰ ਜਿੰਨਾ ਚਿਰ ਅਮਨ ਬਰਕਰਾਰ ਰਹਿੰਦਾ ਹੈ ਉਸ ਦਾ ਕਾਰਨ ਭਾਰਤ ਦੀ ਅਮੀਰ ਕਹੀ ਜਾਣ ਵਾਲੀ ਸੰਸਕ੍ਰਿਤੀ ਨਹੀਂ ਸਗੋਂ ਇਸ ਅਮਨ ਦਾ ਦਾਰੋਮਦਾਰ ਵਖ ਵਖ ਧਰਮਾਂ ਅਤੇ ਫਿਰਕਿਆਂ ਦੀ ਕਿਸੇ ਮਜਬੂਰੀ ਉੱਤੇ ਅਧਾਰਿਤ ਹੁੰਦਾ ਹੈ।
ਹਰ ਧਰਮ ਨਾਲ ਸਬੰਧਤ ਕੱਟੜ ਤਨਜੀਮਾਂ ਹਨ ਜਿਹਨਾਂ ਨੂੰ ਪਰਫੁਲਿਤ ਹੋਣ ਲਈ ਖਾਦ ਅਤੇ ਪਾਣੀ ਦਾ ਕੰਮ ਉਸੇ ਧਰਮ ਦੀ ਕਮਜ਼ੋਰ ਹੋ ਚੁੱਕੀ ਪੁਜਾਰੀ ਸ਼੍ਰੇਣੀ ਕਰਦੀ ਹੈ। ਪੁਰਾਣੇ ਸਮਿਆਂ ਵਿਚ ਧਰਮ ਰਾਜਨੀਤੀ ਦੀ ਪੁਸ਼ਤ ਪਨਾਹੀ ਪਰਦੇ ਪਿਛਿਓਂ ਕਰਦਾ ਸੀ ਜਦੋਂ ਕਿ ਕੁਝ ਦਹਾਕਿਆਂ ਤੋਂ ਹਰ ਇੱਕ ਰਾਜਨੀਤਕ ਸੰਗਠਨ ਆਪੋ ਆਪਣੇ ਅਤੇ ਦੂਜੇ ਧਰਮਾਂ ਦੇ ਪੱਤੇ ਖੁੱਲ ਕੇ ਵਰਤਣ ਲੱਗ ਪਿਆ ਹੈ।
ਪੰਜਾਬ ਸਮੇਤ ਹੋਰ ਰਾਜਾਂ ਅੰਦਰ ਤਾਂ ਰਾਜਨੀਤੀ ਵਿਚ ਪ੍ਰਵੇਸ਼ ਕਰਨ ਲਈ ਧਰਮ ਦੇ ਦਰ ਦਰਵਾਜੇ ਨੂੰ ਹੀ ਵਰਤਿਆ ਜਾਂਦਾ ਹੈ।ਹੁਣ ਧਰਮ ਰਾਜਨੀਤੀ ਨੂੰ ਨਹੀਂ ਸਗੋਂ ਰਾਜਨੀਤੀ ਧਰਮ ਨੂੰ ਵਰਤ ਰਹੀ ਹੈ।ਪੰਜਾਬ ਅੰਦਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਇਸ ਕਥਨ ਦੀ ਪੁਸ਼ਟੀ ਕਰਨ ਵਾਸਤੇ ਕਾਫੀ ਹਨ।ਹੁਣ ਤੱਕ ਜਦੋਂ ਵੀ ਕੋਈ ਹਿੰਸਕ ਵਾਰਦਾਤ ਹੁੰਦੀ ਸੀ ਤਾਂ ਭਾਰਤ ਦੇ ਮੇਨ ਸਟਰੀਮ ਮੀਡੀਆ ਦਾ ਵੱਡਾ ਹਿੱਸਾ ਤਫਤੀਸ਼ ਹੋਣ ਤੋਂ ਪਹਿਲਾਂ ਹੀ ਸ਼ੱਕ ਦੀ ਸੂਈ ਹਿੰਸਾ ਵਿਚ ਭਰੋਸਾ ਰਖਣ ਵਾਲਿਆਂ ਕੁਝ ਘੱਟ ਗਿਣਤੀ ਨਾਲ ਸਬੰਧਤ ਜਥੇਬੰਦੀਆ ਵਲ ਸੇਧਤ ਕਰਦਾ ਰਿਹਾ ਹੈ।ਹਾਲਾਂ ਕਿ ਵਖ ਵਖ ਥਾਵਾਂ ਉੱਤੇ ਵਾਪਰੀਆਂ ਹਿੰਸਕ ਵਾਰਦਾਤਾਂ ਵਿਚ ਨਾਮਜਦ ਕੀਤੇ ਕਥਿਤ ਦੋਸ਼ੀਆਂ ਨੂੰ ਸਾਲਾਂ ਬਾਅਦ ਦੋਸ਼ ਮੁਕਤ ਕਰਦਿਆਂ ਭਾਰਤੀ ਵਿਵਸਥਾ ਥੁੱਕ ਕੇ ਵੀ ਚੱਟਦੀ ਰਹੀ ਹੈ।ਹਾਂ ਹਰਿਆਣਾ ਅਤੇ ਮਾਲੇਗਾਉ ਵਿਖੇ ਕੁਝ ਸਾਲ ਪਹਿਲਾਂ ਹੋਏ ਬੰਬ ਧਮਾਕਿਆਂ ਵਿਚ ਕੁਝ ਹਿੰਦੂ ਤਵੀ ਵਿਅਕਤੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਜ਼ਰੂਰ ਹੋਇਆ ਸੀ।ਇਹਨਾਂ ਵਿਚ ਸੰਘ ਪਰਿਵਾਰ ਨਾਲ ਜੁੜੇ ਸਾਧੂਆਂ ਅਤੇ ਸਾਧਵੀ ਪ੍ਰਗਿਆ ਦਾ ਨਾਮ ਵੀ ਸ਼ਾਮਿਲ ਹੈ।ਇਹ ਕੇਸ ਅਜੇ ਤੱਕ ਜੇਰੇ ਸੁਣਵਾਈ ਹਨ। ਜਦੋਂ ਤੋਂ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦਾ ਸਾਸ਼ਨ ਆਇਆ ਹੈ ਉਦੋਂ ਤੋਂ ਲੈ ਕੇ ਅਜਿਹੀਆਂ ਹਿੰਦੂਤਵ ਵਾਦੀ ਜਥੇਬੰਦੀਆਂ ਦੇ ਪਰਦੇ ਫਾਸ਼ ਹੋ ਰਹੇ ਹਨ ਜਿਹਨਾਂ ਦੇ ਨਾਮ ਤੋਂ ਜ਼ਿਆਦਾਤਰ ਦੇਸ਼ ਵਾਸੀ ਅਨਜਾਣ ਸਨ। ਇਸ ਸਮੇਂ ਅੱਤਵਾਦ ਦੀ ਵਾਗ ਡੋਰ ਘੱਟ ਗਿਣਤੀਆਂ ਦੀ ਥਾਂ ਤੇ ਵਧ ਗਿਣਤੀਆਂ ਦੇ ਹੱਥ ਵਿਚ ਹੈ।ਜਦੋਂ ਪੁਲਿਸ ਨੇ ਨਰਿੰਦਰ ਦਭੋਲਕਰ, ਗੋਬਿੰਦ ਪਨਸਾਰੇ ਅਤੇ ਉਪ ਕੁਲ ਪਤੀ ਰਹੇ ਪ੍ਰੋ ਕੁਲਬਰਗੀ ਦੇ ਉਪਰੋਥਲੀ ਹੋਏ ਕਤਲਾਂ ਦੀਆਂ ਕੜੀਆਂ ਨੂੰ ਜੋੜਿਆ ਗਿਆ ਤਾਂ ਇੱਕ ਕੱਟੜ ਵਾਦੀ ਸੰਗਠਨ 'ਸਨਾਤਨ ਸੰਸਥਾ' ਦਾ ਨਾਮ ਸਾਹਮਣੇ ਆਇਆ ਜਿਸ ਦੇ ਕਈ ਕਾਰਜ ਕਰਤਾ ਫੜੇ ਜਾ ਚੁੱਕੇ ਹਨ।ਇਸ ਜਥੇਬੰਦੀ ਉੱਤੇ ਪਬੰਦੀ ਲਾਉਣ ਦੀ ਮੰਗ ਕਿਸੇ ਹੋਰ ਨੇ ਨਹੀਂ ਕੀਤੀ ਸਗੋਂ ਗੋਆ ਵਿਧਾਨ ਸਭਾ ਦੇ ਭਾਜਪਾ ਵਿਧਾਇਕ ਵਿਸ਼ਨੂੰ ਬਾਘ ਨੇ ਕੀਤੀ ਹੈ।ਇਸ ਮੰਗ ਨੇ ਭਾਜਪਾ ਨੂੰ ਦੁਬਿਧਾ ਵਿਚ ਪਾਇਆ ਹੋਇਆ ਹੈ।ਜਾਣਕਾਰੀ ਅਨੁਸਾਰ ਪੁਲਿਸ ਨੂੰ ਉਸ ਦੇ ਹੋਰ ਕਾਰਜਕਰਤਾਵਾਂ ਰੁਦਰ ਪਾਟਿਲ ਅਤੇ ਸਾਰੰਗ ਅਲਕੋਲਕਰ ਦੀ ਵੀ ਤਲਾਸ਼ ਹੈ, ਜਿਹਨਾਂ ਨੂੰ ਅਕਤੂਬਰ ,2009 ਦੇ ਮਡਗਾਂਵ ਵਿਸਫੋਟ ਦੇ ਸਬੰਧ ਵਿਚ ਫਰਾਰ ਘੋਸ਼ਿਤ ਕੀਤਾ ਹੋਇਆ ਹੈ।ਇਸ ਸੰਸਥਾ ਨਾਲ ਜੁੜੇ ਦੋ ਮੈਂਬਰ ਮਾਲਗੋੰਡਾ ਪੀਟਲ ਅਤੇ ਯੋਗੇਸ਼ ਨਾਇਕ ਬੰਬ ਵਿਸਫੋਟ ਦੌਰਾਨ ਉਸ ਸਮੇਂ ਮਾਰੇ ਗਏ ਸਨ ਜਦੋਂ ਉਹ ਦੋਵੇਂ ਪੂਰੇ ਗੋਆ ਵਿਚ ਹਰਮਨ ਪਿਆਰੇ 'ਨਰਕਾਸੁਰ ਦਹਿਣ' ਤਿਉਹਾਰ ਸਬੰਧੀ ਮਨਾਏ ਜਾ ਰਹੇ ਪ੍ਰੋਗਰਾਮ ਦੇ ਨਜਦੀਕ ਵਿਸਫੋਟਕ ਸਮਗਰੀ ਨਾਲ ਭਰੇ ਸਕੂਟਰ ਉੱਤੇ ਜਾ ਰਹੇ ਸਨ।ਇਹ ਦੋਵੇਂ ਮਡਗਾਂਵ ਤੋਂ ਵੀਹ ਕਿਲੋਮੀਟਰ ਦੂਰ ਵਾਸਕੋ ਬੰਦਰ ਗਾਹ ਨੇੜੇ ਇੱਕ ਬਸ ਅੰਦਰ ਬੰਬ ਵਿਸਫੋਟ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਂਦੇ ਹਨ।ਦਰ ਅਸਲ,ਭਾਜਪਾ ਵਿਧਾਇਕ ਵਿਸ਼ਨੂੰ ਨੇ ਆਤੰਕਵਾਦੀ ਸੰਗਠਨਾ ਉੱਤੇ ਪਾਬੰਦੀ ਨੂੰ ਲੈ ਕੇ ਸਰਕਾਰ ਉੱਤੇ ਦੋਹਰੇ ਰਵਈਏ ਨੂੰ ਉਜਾਗਰ ਕੀਤਾ ਹੈ ।ਉਹਨਾਂ ਨੇ ਸਨਾਤਨ ਸੰਸਥਾ ਦੀ ਤੁਲਣਾ 'ਸਿਮੀ' (ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ) ਨਾਲ ਹੀ ਨਹੀਂ ਕੀਤੀ ਸਗੋਂ ਸਵਾਲ ਵੀ ਉਠਾਇਆ ਹੈ ਕਿ ਜੇਕਰ ਸਨਾਤਨ ਉੱਤੇ ਬਾਹਰਲੇ ਕਈ ਦੇਸ਼ਾਂ ਵਿਚ ਪਾਬੰਦੀ ਲੱਗ ਸਕਦੀ ਹੈ ਤਾਂ ਭਾਰਤ ਵਿਚ ਕਿਉਂ ਨਹੀਂ ? ਭਾਜਪਾ ਆਗੂ ਦੇ ਇਸ ਪ੍ਰਸ਼ਨ ਵਿਚ ਵਜਨ ਹੈ ਕਿ ਪਰਮੋਦ ਮੁਤਾਲਿਕ ਦੀ ਅਗਵਾਈ ਵਾਲੀ ਸ੍ਰੀ ਰਾਮ ਸੈਨਾ ਜਿਸ ਨੇ ਖੁਦ ਗੋਆ ਅੰਦਰ ਕੋਈ ਗੜਬੜ ਨਹੀਂ ਕੀਤੀ ਉਸ ਦੀਆਂ ਗਤੀਵਿਧੀਆਂ ਉੱਤੇ ਤਾਂ ਗੋਆ ਵਿਚ ਪਾਬੰਦੀ ਲਗਾਈ ਜਾ ਸਕਦੀ ਹੈ ਤਾਂ ਫਿਰ ਸਨਾਤਨੀ ਸੰਸਥਾ ਜਿਸ ਦੇ ਕਾਰਜਕਰਤਾ ਅਨੇਕਾਂ ਅੱਤਵਾਦੀ ਘਟਨਾਵਾਂ ਵਾਸਤੇ ਜੁੰਮੇਵਾਰ ਹਨ ਉਸ ਪ੍ਰਤੀ ਨਰਮ ਰਵਈਆ ਕਿਓਂ ? ਦੱਸਣ ਯੋਗ ਹੈ ਕਿ ਪ੍ਰ੍ਮੋਦ ਮੁਤਾਲਿਕ ਉਤੇ ਗੋਆ ਅੰਦਰ ਦਾਖਲ ਹੋਣ ਉੱਤੇ ਵੀ ਪਾਬੰਦੀ ਹੈ। ਇਹ ਕਾਰਵਾਈ ਉਦੋਂ ਕੀਤੀ ਗਈ ਸੀ ਜਦੋੰ ਰਖਿਆ ਮੰਤਰੀ ਮਨੋਹਰ ਪਾਰੇਕਰ ਗੋਆ ਦੇ ਮੁਖ ਮੰਤਰੀ ਸਨ।ਇਹਨਾਂ ਸੰਸਥਾਵਾਂ ਦੇ ਇਸ ਤਰਕ ਕਿ ਉਹ ਸਮਾਜਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰ ਰਹੇ ਹਨ, ਦੇਸ਼ ਦੀ ਸਰਬ ਉਚ ਅਦਾਲਤ ਨੇ ਕਿਹਾ ਹੈ ਕਿ,"ਆਖਰ ਤੁਸੀਂ ਨੈਤਿਕ ਪਹਿਰੇਦਾਰੀ ਕਿਓਂ ਕਰ ਰਹੇ ਹੋ ?ਕੀ ਤੁਹਾਡੇ ਕੋਲ ਇਹੀ ਕੰਮ ਹੈ? ਤੁਸੀਂ ਨੈਤਿਕ ਪਹਿਰੇਦਾਰੀ ਦੇ ਨਾਮ ਹੇਠ ਔਰਤਾਂ ਉਤੇ ਹਮਲੇ ਕਰ ਰਹੇ ਹੋ"। ਅਜਿਹੇ ਅਨਸਰਾਂ ਤੇ ਪਾਬੰਦੀ ਲਾਉਣ ਦੀ ਕਰਵਾਈ ਨੂੰ ਸੁਪਰੀਮ ਕੋਰਟ ਨੇ ਸਹੀ ਠਹਿਰਾਇਆ ਹੈ।ਗੋਆ ਸਰਕਾਰ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦਖਣੀ ਭਾਰਤ ਦੇ ਆਗੂ ਰਹੇ ਮੁਤਾਲਿਕ ਨੇ ਹਥਿਆਰਾਂ ਦੀ ਸਿਖਿਆ ਦੇਣ ਅਤੇ ਕਰਨਾਟਕ ਅੰਦਰ ਬੀ ਜੇ ਪੀ ਦੀ ਸਾਂਝਾ ਸਰਕਾਰ ਸਮੇਂ ਇਸਾਈਆਂ ਉੱਤੇ ਹਮਲੇ ਕਰਨ ਦੀ ਜੁੰਮੇਵਾਰੀ ਲਈ ਸੀ।ਜਦੋਂ ਕਰਨਾਟਕ ਵਿਚ ਯੇਦੂਰੱਪਾ ਦੀ ਨਰੋਲ ਭਾਜਪਾ ਸਰਕਾਰ ਬਣੀ ਤਾਂ ਹਿੰਦੂ ਸੰਗਠਨਾਂ ਨਾਲ ਸਬੰਧਤ 150ਕਾਰਕੁਨਾਂ ਖਿਲਾਫ਼ ਦਰਜ 54 ਸੰਗੀਨ ਮਾਮਲੇ ਵਾਪਸ ਲੈ ਲਏ ਗਏ ਸਨ (ਟਾਈਮਜ ਆਫ ਇੰਡੀਆ 29/01/09)।ਸੰਘ ਪਰਿਵਾਰ ਦੇ ਤਾਣੇ ਬਾਣੇ ਦੀਆਂ ਜੜਾਂ ਕੇਵਲ ਗੋਆ ਜਾ ਕਿਸੇ ਇੱਕ ਰਾਜ ਅੰਦਰ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਫੈਲੀਆਂ ਹੋਈਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਥੋਂ ਸੰਪ੍ਰਦਾਇਕ ਵਿਰੋਧੀ ਸ਼ਕਤੀਆਂ ਦੇ ਅਵੇਸਲਾ ਹੋਣ ਦੀ ਵੀ ਪੁਸ਼ਟੀ ਹੁੰਦੀ ਹੈ।ਇੰਡੀਅਨ ਐਕਸਪ੍ਰੈੱਸ ਨੇ 'ਦੀ ਸੈਫਰਨ ਫਰਿੰਜ' ਨਾਮਕ ਇੱਕ ਸਟੋਰੀ (16 ਫਰਵਰੀ,2009) ਵਿਚ ਦਸਿਆ ਸੀ ਕਿ "ਸ੍ਰੀ ਰਾਮ ਸੈਨਾ ਨੇ ਦੇਸ਼ ਦੇ ਕਾਲਜਾਂ ਅਤੇ ਵਿਸ਼ਵ ਵਿਦਾਲਿਆਂ ਅੰਦਰ ਘੁਸਪੈਠ ਕਰ ਲਈ ਹੈ।ਕਾਲਜਾਂ ਵਿਚ ਇਸ ਦਾ ਏਜੰਡਾ ਗਊ ਹਤਿਆ ਬੰਦੀ , ਅੰਤਰ ਧਾਰਮਿਕ ਰਿਸ਼ਤਿਆਂ ਨੂੰ ਰੋਕਣਾ,ਅਤੇ ਫੈਸ਼ਨ ਸਬੰਧੀ ਸਮਾਗਮਾਂ ਦਾ ਵਿਰੋਧ ਕਰਨਾ ਹੈ"। ਦਿਲਚਸਪ ਗੱਲ ਇਸ ਸਟੋਰੀ ਵਿਚ ਇਹ ਦੱਸੀ ਗਈ ਕਿ ਵਖ ਵਖ ਗੇਰੂਆਂ ਸੰਗਠਨਾਂ ਨੇ ਆਪੋ ਆਪਣੇ ਕੰਮਾਂ ਦੀ ਵੰਡ ਕੀਤੀ ਹੋਈ ਹੈ।ਬੇ ਸ਼ੱਕ ਸੰਘ ਪਰਿਵਾਰ ਨਾਲ ਸਬੰਧਤ ਸ੍ਰੀ ਰਾਮ ਸੈਨਾ, ਸਨਾਤਨ ਸੰਸਥਾ,ਅਭਿਨਵ ਭਾਰਤ ਜਾ ਵਿਵਾਦ ਗ੍ਰਸਤ ਭਾਜਪਾ ਸੰਸਦ ਆਦਿਤਿਆ ਨਾਥ ਦੀ ਹਿੰਦੂ ਯੁਵਾ ਵਹਿਣੀ (ਪੂਰਬੀ ਉੱਤਰ ਪ੍ਰਦੇਸ਼) ਹੋਵੇ ਸਭ ਦੇ ਜਹਿਰੀਲੇ ਬੋਲ ਇੱਕੋ ਜਿਹੇ ਹਨ।ਗੋਰਖਪੁਰ ਖੇਤਰ ਵਿਚ ਸਰਗਰਮ ਅਦਿੱਤਿਆ ਨਾਥ ਦੀ ਉਪਰੋਕਤ ਸੰਸਥਾ ਦੇ ਕਾਰਜ ਕਰਤਾਵਾਂ ਵਲੋਂ ਵਿਸਵਾੜਾ ਕਾਂਡ ਸਬੰਧੀ ਦਾਦਰੀ ਵਿਖੇ ਹਥਿਆਰ ਵੰਡਣ ਦਾ ਐਲਾਨ ਕਰਨ, ਜਾ ਕਾਨਪੁਰ ਦੇ ਇੱਕ ਪ੍ਰਾਈਵੇਟ ਹੋਸਟਲ ਵਿਚ ਬੰਬ ਇਕਠੇ ਕਰਨ ਦੌਰਾਨ ਮਾਰੇ ਗਏ ਦੋ ਹਿੰਦੂਤਵਵਾਦੀ ਸੰਗਠਨਾਂ ਦੇ ਕਾਰਜ ਕਰਤਾ ਹੋਣ, ਇਹਨਾਂ ਸਾਰੀਆਂ ਘਟਨਾਵਾਂ ਦੀ ਪਿਠ ਭੂਮੀ ਪਿਛੇ ਫੈਲਿਆ ਨੈੱਟ ਵਰਕ ਦੇਸ਼ ਵਾਸੀਆਂ ਦੇ ਮਨਾਂ ਅੰਦਰ ਭੈ ਦਾ ਮਹੌਲ ਸਿਰਜ ਰਿਹਾ ਹੈ।ਇਹਨਾਂ ਅੱਤਵਾਦੀਆਂ ਵਲੋਂ ਕੀਤੇ ਜਾ ਰਹੇ ਇਹ ਅਜਿਹੇ ਯਤਨ ਹਨ ਜਿਹਨਾਂ ਨੂੰ ਕਿਸੇ ਕੇਂਦਰੀ ਸੰਗਠਨ ਤੋਂ ਪ੍ਰੇਰਨਾ ਮਿਲਦੀ ਹੈ।ਤਕਰੀਬਨ ਸਾਰੇ ਅੱਤਵਾਦੀ ਸੰਗਠਨਾਂ ਨੂੰ ਆਰਥਿਕ ਮਦਦ ਵਿਦੇਸ਼ਾਂ ਤੋਂ ਆਉਂਦੀ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹਨਾਂ ਤਨਜੀਮਾਂ ਚੋਂ ਜ਼ਿਆਦਾਤਰ ਨੇ ਧਾਰਮਿਕ ਨਕਾਬ ਪਾਏ ਹੋਏ ਹਨ ਜਿਸ ਕਾਰਨ ਇਹਨਾਂ ਨੂੰ ਕਰ ਤੋਂ ਛੋਟ ਹੈ।ਇਸ ਤਰਾਂ ਇਹ ਸੰਸਥਾਵਾਂ ਜਿਥੇ ਲਹੂ ਦੀ ਹੋਲੀ ਖੇਡਦੀਆਂ ਹਨ ਉਥੇ ਦੇਸ਼ ਨੂੰ ਆਰਥਿਕ ਚੂਨਾ ਵੀ ਲਗਾਉਂਦੀਆਂ ਹਨ।ਹੈਰਾਨੀ ਦੀ ਗੱਲ ਹੈ ਕਿ ਮੇਵਾਤ ਦੇ ਮਹਾਰਿਸ਼ੀ ਦਇਆ ਨੰਦ ਆਸ਼ਰਮ ਦੁਆਰਾ ਚਲਾਏ ਜਾ ਰਹੇ ਗੁਰੂ ਕੁਲ ਵਿਖੇ ਹੋਏ ਬੰਬ ਵਿਸਫੋਟ ਵਿਚ ਪੀ ਈ ਟੀ ਐਨ ਨਾਮਕ ਵਿਸਫੋਟਕ ਜੋ ਆਰ ਡੀ ਐਕਸ ਅਤੇ ਈ ਐਨ ਟੀ ਤੋਂ ਵਧ ਵਿਨਾਸ਼ਕਾਰੀ ਹੁੰਦਾ ਹੈ, ਪਾਇਆ ਗਿਆ ਸੀ।ਇਸ ਮਾਮਲੇ ਵਿਚ ਉਥੇ ਸਵਾਮੀ ਮਿਤਰਾ ਨੰਦ ਨੂੰ ਪੁਲਿਸ ਨੇ ਫੜਿਆ ਸੀ।ਉਸ ਨੇ ਤਫਤੀਸ਼ ਦੌਰਾਨ ਦੱਸਿਆ ਕਿ ਇਥੇ ਪਹਿਲਾਂ ਤੋਂ ਸਰਗਰਮ ਸਵਾਮੀ ਅਮਰਾ ਨੰਦ ਨੇ ਇਹ ਬੰਬ ਉਸ ਨੂੰ ਦਿੱਤੇ ਸਨ। ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਅੱਜ ਤੱਕ ਦੇਸ਼ ਦੇ ਹਾਕਮਾਂ ਨੇ ਆਮ ਦੇਸ਼ ਵਾਸੀਆਂ ਦੀਆਂ ਅਖਾਂ ਵਿਚ ਘੱਟਾ ਹੀ ਪਾਇਆ ਹੈ।ਬਹੁ ਗਿਣਤੀ ਦੇ ਪੱਤੇ ਨੂੰ ਜਿਥੇ ਕਾਂਗਰਸ ਧਰਮ ਨਿਰਪੱਖਤਾ ਦੀ ਆੜ ਹੇਠ ਵਰਤਦੀ ਰਹੀ ਉਥੇ ਭਾਜਪਾ ਨੇ ਸੰਘ ਦੇ ਇਸ਼ਾਰੇ ਉੱਤੇ ਇਸ ਪੱਤੇ ਨੂੰ ਸ਼ਰੇਆਮ ਵਰਤਣਾ ਸ਼ੁਰੂ ਕਰ ਦਿੱਤਾ ਹੈ।ਅੱਜ ਮਾਮਲਾ ਕਿਸੇ ਇੱਕ ਰਾਜ ਦਾ ਨਹੀਂ ਸਗੋਂ ਸਮੁਚੇ ਦੇਸ਼ ਦਾ ਹੈ। ਮੌਜੂਦਾ ਹਕੂਮਤ ਦੇ ਦੌਰ ਵਿਚ ਘੱਟ ਗਿਣਤੀਆਂ ਨੇ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ । ਫਾਸ਼ੀਵਾਦ ਕਿਸ ਤਰੀਕੇ ਨਾਲ ਆਪਣੇ ਪੈਰ ਦੇਸ਼ ਅੰਦਰ ਪਸਾਰਦਾ ਜਾ ਰਿਹਾ ਹੈ ਇਸ ਤੋਂ ਫਾਸ਼ੀਵਾਦ ਵਿਰੋਧੀ ਤਾਕਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।ਸੰਪਰਕ: 0061 469 976214