'ਨਵਾਂ ਜ਼ਮਾਨਾ' ਅਖ਼ਬਾਰ ਦੇ ਸੰਪਾਦਕ ਦੇ ਨਾਮ ਖੁੱਲ੍ਹਾ ਖ਼ਤ
Posted on:- 31-10-2015
ਸ੍ਰੀਮਾਨ ਜੀ,
“ਪੇਰੂਮਲ ਮੁਰੂਗਨ ਨਾਮ ਦਾ ਲੇਖਕ ਮਰ ਗਿਆ ਹੈ, ਉਹ ਕੋਈ ਪਰਮਾਤਮਾ ਨਹੀਂ ਹੈ, ਉਹ ਆਪਣੇ ਆਪ ਨੂੰ ਪੁਨਰ ਜੀਵਤ ਨਹੀਂ ਕਰੇਗਾ ਨਾ ਹੀ ਉਸਦਾ ਪੁਨਰ-ਜਨਮ ਵਿੱਚ ਕੋਈ ਵਿਸ਼ਵਾਸ ਹੈ। ਪੇਰੂਮਲ ਮੁਰੂਗਨ ਇੱਕ ਸਾਧਾਰਨ ਅਧਿਆਪਕ ਦੀ ਤਰ੍ਹਾਂ ਹੀ ਰਹੇਗਾ। ਉਸਨੂੰ ਉਸਦੇ ਹਾਲ ’ਤੇ ਛੱਡ ਦਿਓ।” ਮੈਂ ਇਹ ਲਾਇਨਾਂ ਜਨਵਰੀ ਵਿੱਚ ਪੜੀਆਂ ਸਨ, ਜੋ ਅੰਗਰੇਜ਼ੀ ਵਿੱਚ ਸਨ ਤੇ ਕਿਸੇ ਮਿੱਤਰ ਨੇ ਮੇਰੇ ਫੇਸਬੁੱਕ ਅਕਾਉਂਟ ’ਤੇ ਇਹ ਪੋਸਟ ਟੈਗ (ਨੱਥੀ) ਕੀਤੀ ਹੋਈ ਸੀ। ਮੈਂ ਥੋੜੀ ਘੋਖ ਕੀਤੀ ਤਾਂ ਪਤਾ ਲੱਗਿਆ ਇਹ ਇੱਕ ਤਾਮਿਲ ਦਾ ਮਸ਼ਹੂਰ ਲੇਖਕ ਹੈ। ਜਿਸਦੇ ਨਾਵਲ ਮਧੋਰੁਬਾਗਾਨ (ਤਾਮਿਲ ਨਾਮ) ਉਤੇ ਆਰ. ਐਸ. ਐਸ. ਅਤੇ ਹੋਰ ਹਿੰਦੂ ਸੰਗਠਨਾਂ ਨੇ ਇਤਰਾਜ ਪ੍ਰਗਟ ਕੀਤਾ ਹੈ। ਇਹਨਾਂ ਸੰਗਠਨਾਂ ਨੇ ਜਨਤਕ ਤੌਰ ’ਤੇ ਨਾਵਲ ਦੀਆਂ ਕਾਪੀਆਂ ਵੀ ਫੁਕੀਆਂ। ਜਿਸ ਤੋਂ ਬਾਅਦ ਪੀ. ਮੁਰੂਗਨ ਨੇ ਐਲਾਨ ਕਰ ਦਿੱਤਾ ਕਿ ਹੁਣ ਉਹ ਲਿਖਣਾ ਬੰਦ ਕਰ ਰਿਹਾ ਹੈ।
ਅਗਲੇ ਹੀ ਦਿਨ ਕਈ ਅਖਬਾਰਾਂ ਵਿੱਚ ਜੈਪੁਰ ਪੁਸਤਕ ਮੇਲੇ ਦੀ ਰਿਪੋਰਟ ਛਪੀ ਜਿਥੇ ਇਸ ਨਾਵਲ ਦੇ ਅੰਗਰੇਜ਼ੀ ਅਨੁਵਾਦ `ਵਨ ਪਾਰਟ ਵੂਮੈਨ` ਬਾਰੇ ਚਰਚਾ ਹੋਈ ਅਤੇ ਸਮੂਹ ਲੇਖਕਾਂ, ਬੁਧੀਜੀਵੀਆਂ ਅਤੇ ਸੁਹਿਰਦ ਲੋਕਾਂ ਨੇ ਆਰ.ਐਸ. ਐਸ. ਅਤੇ ਹਿੰਦੂ ਫਾਸ਼ੀਵਾਦੀ ਸੰਗਠਨਾਂ ਦੀ ਬੇਕਿਰਕ ਅਲੋਚਨਾ ਕੀਤੀ।
ਪਿਛਲੇ ਹਫਤੇ ਜਦੋਂ ਮੈਂ ਰਾਤ ਨੂੰ ਫੇਸਬੁੱਕ ਖੋਲੀ ਤਾਂ ਪੰਜਾਬੀ ਦੇ ਜਾਣੇ-ਪਛਾਣੇ ਕਾਲਮ-ਨਵੀਸ ਦਲਜੀਤ ਅਮੀ ਦੀਆਂ ਇਹ ਸਤਰ੍ਹਾਂ,’ਨਵਾਂ ਜ਼ਮਾਨਾ ਨੇ ਕਿਸੇ ਮਜਬੂਰੀ ਤਹਿਤ ਮੇਰੇ ਹਫਤਾਵਾਰੀ ਕਾਲਮ, ਸੁਆਲ-ਸੰਵਾਦ ਦਾ ਇਹ ਲੇਖ ਛਾਪਣ ਤੋਂ ਇਨਕਾਰ ਕੀਤਾ ਹੈ। ਨਵਾਂ ਜ਼ਮਾਨਾ ਵੱਖ-ਵੱਖ ਵਿਚਾਰਾਂ ਅਤੇ ਸੰਵਾਦ-ਬਹਿਸ ਦਾ ਮੰਚ ਬਣਦਾ ਰਿਹਾ ਹੈ ਪਰ ਇਸ ਲੇਖ ਨੂੰ ਰੋਕਣ ਦਾ ਕਾਰਨ ਮੇਰੀ ਸਮਝ ਤੋਂ ਬਾਹਰ ਹੈ। ਮੌਜੂਦਾ ਦੌਰ ਵਿੱਚ ਇਸ ਪਾਬੰਦੀ ਦੇ ਕਈ ਮਾਇਨੇ ਬਣਦੇ ਹਨ। ਜੇ ਉਹ ਲੇਖ ਨਾਲ ਸਹਿਮਤ ਨਹੀਂ ਤਾਂ ਇਸ ਦੇ ਖ਼ਿਲਾਫ਼ ਲੇਖ ਛਾਪ ਸਕਦੇ ਸਨ। ਮੈਨੂੰ ਕਿਸੇ ਦੀ ਆਪਣੀ ਦਾਅਵੇਦਾਰੀ ਤੋਂ ਛੋਟੀ ਮਜਬੂਰੀ ਕਦੇ ਸਮਝ ਨਹੀਂ ਆਈ। ਮੈਂ ਇਸਦੇ ਨਾਲ ਹੀ ਆਪਣਾ ਹਫਤਾਵਾਰੀ ਕਾਲਮ ਸਵਾਲ-ਸੰਵਾਦ ਬੰਦ ਕਰਦਾ ਹਾਂ’, ਪੜਨ ਨੂੰ ਮਿਲੀਆਂ। ਇਹਨਾਂ ਦਿਨਾਂ ਵਿੱਚ ਅਸ਼ਹਿਣਸੀਲਤਾ ਅਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੀ ਬਹਾਲੀ ਲਈ ਚੱਲ ਰਹੇ ਸੰਘਰਸ਼ਾਂ ਦੀ ਤੰਦ ਦਾ ਝਾਉਲਾ ਪੈਣ ਲਗਾ। ਮੈਨੂੰ ਬੀ. ਜੇ. ਪੀ. ,ਆਰ.ਐਸ. ਐਸ. ਅਤੇ ਹੋਰ ਫਾਸ਼ੀਵਾਦੀ ਸੰਗਠਨਾਂ ਦੁਆਰਾ ਲੇਖਕਾਂ, ਕਲਾਕਾਰਾਂ ਅਤੇ ਲੋਕ ਆਗੂਆਂ ਦਾ ਵਿਰੋਧ ਅਤੇ ਪਾਬੰਦੀ ਤਾਂ ਸਮਝ ਆਉਂਦਾ ਹੈ, ਪਰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਨਵਾਂ ਜ਼ਮਾਨਾ ਵਰਗੇ ਸਿਦਕੀ ਅਤੇ ਸਿਰੜੀ ਵਿਚਾਰਾਂ ਨੂੰ ਥਾਂ ਦੇਣ ਦਾ ਦਾਅਵਾ ਕਰਨ ਵਾਲੇ ਅਖਬਾਰ ਦਾ ਉਪਰੋਕਤ ਵਤੀਰਾ ਕਈ ਸਵਾਲ ਖੜ੍ਹੇ ਕਰਦਾ ਹੈ। ਪਰ ਆਪਣੀ ਤੱਸਲੀ ਲਈ ਮੈਂ ਤੁਰੰਤ ਦਲਜੀਤ ਅਮੀ ਦਾ ਉਹ ਲੇਖ ਪੜ੍ਹਿਆ ਜੋ ਉਹਨਾਂ ਨੇ ਆਪਣੇ ਬਲਾਗ ਤੇ ਪਾਇਆ ਹੋਇਆ ਸੀ। ਮੈਨੂੰ ਉਸ ਵਿੱਚ ਕੁਝ ਵੀ ਇਤਰਾਜ਼ਯੋਗ ਜਾਂ ਅਸਿਹਣਯੋਗ ਨਹੀਂ ਲਗਿਆ ਜੋ ਘੱਟੋ-ਘੱਟ ਨਵਾਂ ਜ਼ਮਾਨਾਂ ਅਖਬਾਰ ਦੀਆਂ ਮਿਆਰੀ ਪੱਧਤੀਆਂ ਪੂਰਾ ਨਾ ਕਰਦਾ ਹੋਵੇ। ਮੈਂ ਕੁਝ ਹੋਰ ਦੋਸਤਾਂ ਨੂੰ ਵੀ ਇਹ ਲੇਖ ਪੜ੍ਹਨ ਲਈ ਦਿੱਤਾ ਤਾਂ ਜੋ ਮੈਂ ਸਮਝ ਸਕਾਂ ਕਿ ਸੰਪਾਦਕ ਜਾਂ ਸੰਪਾਦਕੀ ਬੋਰਡ ਨੇ ਮਜਬੂਰੀਆਂ ਦੇ ਓਹਲੇ ਹੇਠ ਸੈਂਸਰਸ਼ੀਪ ਕਰਨ ਦਾ ਫੈਸਲਾ ਕਿਉਂ ਲਿਆ। ਪਰ ਫੇਰ ਵੀ ਮੈਂ ਅਜ਼ਾਦਾਨਾ ਤੌਰ ਤੇ ਇਹ ਸਮਝਦਾ ਹਾਂ ਕਿ ਜੇਕਰ ਕੋਈ ਵੀ ਇਤਰਾਜ਼ਯੋਗ (ਕਿਸੇ ਇਕ ਧਿਰ ਲਈ ਉਹ ਇਤਰਾਜ਼ਯੋਗ ਹੋ ਸਕਦਾ ਹੈ ਤੇ ਦੂਜੀ ਲਈ ਸਹੀ) ਲਿਖਦਾ ਜਾਂ ਬੋਲਦਾ ਹੈ ਭਾਵੇਂ ਉਹ ਕਿਸੇ ਵੀ ਧਿਰ, ਜਾਤੀ ਅਤੇ ਜਮਾਤੀ ਹਿੱਤਾਂ ਨੂੰ ਪੂਰਦਾ ਹੋਵੇ, ਉਸਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਬਹਾਲ ਰਹਿਣੀ ਚਾਹੀਦੀ ਹੈ। ਦੂਜਾ ਪੱਤਰਕਾਰੀ ਖੇਤਰ ਦੀ ਇਹ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਇਸ ਸਭਿਅਕ ਮਨੁੱਖੀ ਹੱਕ ਦੀ ਪਹਿਰੇਦਾਰੀ ਕਰੇ। ਨਵਾਂ ਜ਼ਮਾਨਾ ਮੁੱਖ ਧਰਾਈ ਪੱਤਰਕਾਰੀ ਤੋਂ ਇਸ ਗੱਲ ਲਈ ਖੁਦ ਦਾ ਨਿਖੇੜਾ ਵੀ ਕਰਦਾ ਹੈ ਅਤੇ ਮਨੁੱਖੀ ਹਕੂਕ ਦੀ ਰੱਖਵਾਲੀ ਲਈ ਪਹਿਰੇਦਾਰੀ ਦਾ ਝੰਡਾਬਰਦਾਰ ਵੀ ਐਲਾਨਦਾ ਹੈ।ਅੱਜ ਸਮੁੱਚੇ ਦੇਸ਼ ਦੇ ਅਜ਼ਾਦਾਨਾ ਸੋਚ ਦੇ ਲੇਖਕ, ਕਲਾਕਾਰ ਅਤੇ ਲੋਕ ਵਿਚਾਰ ਪ੍ਰਗਟਾਵੇ ਦੇ ਮਨੁੱਖੀ ਹੱਕ ਦੀ ਬਹਾਲੀ ਲਈ ਹਾਕਮ ਜਮਾਤਾਂ ਨਾਲ ਜੂਝ ਰਹੇ ਹਨ। ਪੰਜਾਬ ਅੰਦਰ ਖਾਲਿਸਤਾਨੀ ਮੂਲਵਾਦੀ ਫਿਰਕਾਪ੍ਰਸਤੀ ਦੇ ਦੋਰ ਵਿੱਚ ਜਦੋਂ ਹਿੱਟ ਲਿਸਟਾਂ ਜਾਰੀ ਹੁੰਦੀਆਂ ਸਨ ਉਦੋਂ ਵੀ ਪੰਜਾਬੀ ਲੇਖਕਾਂ ਦੇ ਇੱਕ ਹਿੱਸੇ ਨੇ ਜਾਨ ਤਲੀ ’ਤੇ ਧਰ ਕੇ ਪੰਜਾਬ ਦੀ ਨਾਬਰੀ ਰਵਾਇਤ ਦੀ ਪ੍ਰੰਪਰਾ ਜਾਰੀ ਰੱਖੀ। ਉਸ ਤੋਂ ਬਾਅਦ ਭਾਵੇਂ ਪੰਜਾਬ ਵਿੱਚ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਮਈ 2014 ਤੋਂ ਬਾਅਦ ਜਦੋਂ ਤੋਂ ਕੇਂਦਰ ਵਿੱਚ ਗੁਜਰਾਤ ਦੰਗਿਆਂ ਦੇ ਸੂਤਰਧਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਸਰਕਾਰ ਬਣੀ ਤਾਂ ਸਭ ਕੁਝ ਸੁਖਾਵਾਂ ਨਹੀਂ ਰਿਹਾ। ਮੁਜੱਫ਼ਰਨਗਰ ਦੇ ਸਮੂਹਿਕ ਦੰਗਿਆਂ ਤੋਂ ਲੈ ਕੇ ਲਵ ਜ਼ਿਹਾਦ, ਘਰ ਵਾਪਸੀ, ਨਰਿੰਦਰ ਦਾਭੋਲਕਰ, ਗੋਵਿੰਦ ਪਨਸਾਰੇ, ਐਮ.ਐਮ. ਕੁਲਬੂਰਗੀ ਦਾ ਕਤਲ, ਬੀਫ ਤੇ ਪਾਬੰਧੀ,ਗੁਹਾਨਾ, ਬਰਗਾੜੀ (ਕੋਟਕਪੁਰਾ) ਅਤੇ ਪਤਾ ਨੀ ਹੋਰ ਅਣਗਿਣਤ ਘਟਨਾਵਾਂ ਨਾਲ ਮੱਥਾ ਲਗ ਰਿਹਾ ਹੈ। ਭਾਰਤ ਦੇ ਲੇਖਕਾਂ ਕਲਾਕਾਰਾਂ ਨੇ ਇਸ ਦੇ ਖਿਲਾਫ਼ ਮੋਰਚਾ ਖੋਲਿਆ ਹੈ। ਪੰਜਾਬੀ ਲੇਖਕ ਵੀ ਬਾਅਦ ਵਿੱਚ ਲੜਾਈ ਦਾ ਹਿੱਸਾ ਬਣ ਗਏ ਹਨ। ਇਹ ਦਰੁੱਸਤ ਵੀ ਹੈ ਕਿਉਂ ਕਿ ਕਲਾ ਅਤੇ ਸਾਹਿਤ ਸਰਗਰਮੀ ਡੂੰਘੀ ਤਰ੍ਹਾਂ ਸਮਾਜਿਕ ਸਰਗਰਮੀ ਨਾਲ ਜੁੜੀ ਹੋਣੀ ਚਾਹੀਦੀ ਹੈ। ਅਜਿਹੇ ਘੁਟਨ ਭਰੇ ਮਹੋਲ ਵਿੱਚ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਘੁਰਨਿਆਂ ਵਿੱਚ ਵੜੇ ਰਹਿਣਾ ਇਤਿਹਾਸਿਕ ਕੁਤਾਹੀ ਵੀ ਹੋਣੀ ਸੀ।ਪਰ ਹੈਰਾਨੀ ਦਾ ਸਬੱਬ ਇਸ ਗੱਲ ਦਾ ਹੈ ਕਿ ਪੰਜਾਬੀ ਰਹਿਤਲ ਤੇ ਵਿਚਾਰਾਂ ਉੱਤੇ ਸੈਂਸਰਸ਼ਿੱਪ ਦਾ ਕਾਰਾ ਤੁਹਾਡੇ ਅਖਬਾਰ ਵੱਲੋਂ ਕਰ ਮਾਰਿਆ। ਮੈਂ ਇਕ ਪਾਠਕ ਹੋਣ ਦੇ ਨਾਤੇ ਤੁਹਾਡੀ ਇਸ ਕਾਰਵਾਈ ਦੀ ਘੋਰ ਨਿੰਦਾ ਕਰਦਾ ਹਾਂ। ਮੇਰੇ ਸਮੇਤ ਮੇਰੇ ਘੇਰੇ ਦੇ ਅਣਗਿਣਤ ਸੁਹਿਰਦ ਪਾਠਕ, ਵਿਦਿਆਰਥੀ, ਅਧਿਆਪਕ, ਕਾਰਕੁੰਨ ਵੀ ਤੁਹਾਡੀ ਇਸ ਸੈਂਸਰਸ਼ਿਪ ਤੋਂ ਖ਼ਫਾ ਹਨ। ਉਹਨਾਂ ਦੇ ਹਿਰਦਿਆਂ ਉੱਤੇ ਵੀ ਨਵਾਂ ਜ਼ਮਾਨਾ ਦੇ ਅਕਸ ਦੀ ਛਾਪ ਧੁੰਦਲੀ ਹੋਈ ਹੈ। ਕੀ ਦਲਜੀਤ ਅਮੀ ਦੀਆਂ ਲੇਖਕਾਂ ਦੇ ਐਵਾਰਡ ਵਾਪਸੀ ਅਤੇ ਪ੍ਰਾਪਤੀ ਲਈ ਕੁਝ ਪ੍ਰਸ਼ਨ ਮਾਤਰ ਸਤਰ੍ਹਾਂ ਨੂੰ ਤੁਸੀਂ ਗੁਨਾਹ ਦੀ ਵੰਨਗੀ ਦੇ ਦਿੱਤੀ ਤਾਂ ਇਹ ਬੇਹਦ ਅਫਸੋਸਨਾਕ ਹੈ। ਕਿਤੇ ਤੁਸੀਂ ਲਿਹਾਜਦਾਰੀਆਂ ਜਾਂ ਮੁਲਾਹਜੇਦਾਰੀਆਂ ਦੇ ਮੋਹ ਦੀ ਵਫ਼ਾ ਨਿਭਾਉਣ ਦੇ ਚੱਕਰ ਵਿੱਚ ਪੱਤਰਕਾਰੀ ਨੈਤਿਕਤਾ ਨਾਲ ਬੇਵਫ਼ਾਈ ਤਾਂ ਨਹੀਂ ਕਰ ਗਏ। ਵਿਚਾਰਾਂ,ਬੰਦਿਆਂ ਅਤੇ ਸੰਸਥਾਵਾਂ ਪ੍ਰਤੀ ਇਹ ਸਿਲੈਕਟਿਵ ਪਹੁੰਚ ਪੱਤਰਕਾਰੀ ਮੁਲਾਂ ਦਾ ਘਾਣ ਹੈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਇਸ ਤੋਂ ਪਹਿਲਾਂ ਕੋਈ ਲੇਖ ਛਾਪਣ ਤੋਂ ਇਨਕਾਰੀ ਨਹੀਂ ਹੋਏ ਹੋਵੋਗੇ ਕਿਉਂਕਿ ਅਖਬਾਰ ਅਤੇ ਲੇਖ ਦਾ ਮਿਆਰ ਦੇ ਮਾਇਨੇ ਹੋਣੇ ਵੀ ਜ਼ਰੂਰੀ ਹਨ ਪ੍ਰੰਤੂ ਹਫਤਾਵਾਰੀ ਕਾਲਮ ਦੇ ਲੇਖ ਨੂੰ ਸਿਰਫ ਇਹ ਕਹਿ ਕੇ ਨਾ ਛਾਪਣਾ ਕਿ,’ਸਾਡੀ ਮਜਬੂਰੀ ਹੈ’ ਅਤਿ ਬੌਧਿਕ ਅਪਰਾਧ ਹੈ।ਮੇਰੀ ਜਾਂਚੇ ਨਵਾਂ ਜ਼ਮਾਨਾ ਦੀ ਸਮਾਜਿਕ ਜਵਾਬਦੇਹੀ ਵੀ ਹੈ। ਇਸ ਲਈ ਇੱਕ ਪਾਠਕ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਸਲਾਹ ਵੀ ਦੇਣਾ ਚਾਹਾਂਗਾ ਕਿ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕੀਤੀ ਜਾਵੇ। ਕਿਤੇ ਵਿਚਾਰ ਪ੍ਰਗਟਾਵੇ ਦਾ ਝੰਡਾ ਬਰਦਾਰ ਨਵਾਂ ਜ਼ਮਾਨਾ ਪੰਜਾਬੀ ਲੇਖਕਾਂ ਵਿੱਚ ਪੀ. ਮੁਰੂਗਨ ਤੋਂ ਆਮ ਪੀ. ਮੁਰੂਹਨ ਬਨਾਉਣ ਵਾਲਾ ਝੰਡਾਬਰਦਾਰ ਨਾ ਬਣ ਜਾਵੇ। ਅਸੀਂ ਸਾਰੇ ਸੰਵਾਦ ਦੇ ਬੰਦ ਹੋਣ ਤੇ ਫਿਕਰਮੰਦ ਹਾਂ ਇਥੇ ਬਕੌਲ ਪਾਸ਼ ਕਹਿਣਾ ਵੱਧ ਢੁੱਕਵਾਂ ਹੋਵੇਗਾ ਕਿ
ਤੇਰੇ ਤੇ ਮੇਰੇ ਵਿਚਾਲੇ
ਸੈਂਸਰ ਹੋਣ ਵਾਲਾ ਕੁਝ ਵੀ ਨਹੀਂ ਭਾਵੇਂ
ਪਰ ਤੇਰਾ ਖ਼ਤ ਹਦੋਂ ਤੜਫੇਗਾ ਜਹਾਲਤ ਦੀ ਤੱਲੀ ਉੱਤੇ
ਬਣੇ ਹੋਣਗੇ ਅਰਥਾਂ ਦੇ ਅਨਰਥ
-ਬੇਅੰਤ ਸਿੰਘ
ਰਿਸਰਚ ਸਕਾਲਰ, ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ : +91 94635 05435