Thu, 21 November 2024
Your Visitor Number :-   7256677
SuhisaverSuhisaver Suhisaver

ਆਯੂਰਵੈਦਿਕ ਸਿੱਖਿਆ ਪ੍ਰਤੀ ਠੋਸ ਰਣਨੀਤੀ ਦੀ ਲੋੜ - ਗੁਰਤੇਜ ਸਿੱਧੂ

Posted on:- 26-10-2015

suhisaver

ਆਯੂਰਵੈਦ ਦਾ ਪ੍ਰਮੁੱਖ ਪ੍ਰਯੋਜਨ ਸਿਹਤਮੰਦ ਵਿਅਕਤੀ ਦੀ ਸਿਹਤ ਦੀ ਰੱਖਿਆ ਕਰਨਾ ਹੈ ਅਤੇ ਰੋਗੀ ਦਾ ਰੋਗ ਦੂਰ ਕਰਨਾ ਹੈ। ਆਯੂਰਵੈਦ ਸਿਰਫ ਸਰੀਰ ਦੀ ਚਕਿਤਸਾ ਹੀ ਨਹੀਂ ਕਰਦਾ ਸਗੋਂ ਮਾਨਸਿਕ, ਆਤਮਿਕ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ। ਆਯੂਰਵੈਦਿਕ ਇਲਾਜ ਪ੍ਰਣਾਲੀ ਬਹੁਤ ਪੁਰਾਣੀ ਇਲਾਜ ਪ੍ਰਣਾਲੀ ਹੈ। ਇਸਦਾ ਮੁੱਢ ਦੇਵਤਿਆਂ ਵੱਲੋਂ ਬੰਨਿਆ ਗਿਆ ਹੈ। ਇਹ ਮਾਨਤਾ ਹੈ ਕਿ ਸਤਯੁਗ ਵਿੱਚ ਕੋਈ ਬੀਮਾਰੀ ਨਹੀਂ ਸੀ ਤੇ ਉਸ ਤੋਂ ਬਾਅਦ ਚ ਬੀਮਾਰੀਆਂ ਦੀ ਆਮਦ ਸ਼ੁਰੂ ਹੋ ਗਈ, ਜਿਸ ਕਾਰਨ ਇਲਾਜ ਪ੍ਰਣਾਲੀ ਦੀ ਲੋੜ ਮਹਿਸੂਸ ਹੋਈ ਤੇ ਆਯੂਰਵੈਦ ਦਾ ਅਵਤਾਰ ਸਿੱਧਾ ਹੀ ਧਰਤੀ ‘ਤੇ ਹੋਇਆ ਹੈ। ਗੁਰੂ ਚੇਲੇ ਦੀ ਪਰੰਪਰਾ ਨੂੰ ਨਿਭਾਉਂਦੇ ਹੋਏ ਇਹ ਪ੍ਰਣਾਲੀ ਵਿਕਸਿਤ ਹੁੰਦੀ ਗਈ ਅਤੇ ਆਯੂਰਵੈਦ ਸੰਹਿਤਾਵਾਂ ਵਿੱਚ ਲਿਖਿਆ ਗਿਆ।

ਸੰਨ 1970 ਵਿੱਚ ਇੰਡੀਅਨ ਮੈਡੀਸਨ ਸੈਂਟਰਲ ਕੌਂਸਲ ਐਕਟ ਪਾਸ ਹੋਇਆ ਅਤੇ ਸੈਂਟਰਲ ਕੌਂਸਲ ਆਫ ਇੰਡੀਅਨ ਮੈਡੀਸਨ ਸੰਸਥਾ (ਸੀਸੀਆਈਐਮ) ਨੇ ਸੰਨ 1971 ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਆਯੂਰਵੈਦ ਸਿੱਖਿਆ ਜੋ ਪੀੜੀ ਦਰ ਪੀੜੀ ਵੈਦਾਂ ਕੋਲ ਸੀ ਉਸਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ‘ਆਯੁਰਵੇਦਾਚਾਰੀਆ’ ਕੋਰਸ ਦੀ ਸ਼ੁਰੂਆਤ ਕੀਤੀ ਅਤੇ ਪਾਠਕ੍ਰਮ ਦੀ ਵਿਵਸਥਾ ਕੀਤੀ।ਅੱਜ ਆਯੁਰਵੇਦਾਚਾਰੀਆ ਨੂੰ ਬੀਏਐਮਐਸ ( ਬੈਚਲਰ ਆਫ ਆਯੂਰਵੈਦਿਕ ਮੈਡੀਸਨ ਐਂਡ ਸਰਜਰੀ) ਦੇ ਤੌਰ ’ਤੇ ਜਾਣਿਆਂ ਜਾਂਦਾ ਹੈ।ਬੀਏਐਮਐਸ ਪਾਠਕ੍ਰਮ ਵਿੱਚ ਆਯੂਰਵੈਦ ਦੇ ਨਾਲ ਨਾਲ ਆਧੁਨਿਕ ਇਲਾਜ ਪ੍ਰਣਾਲੀ ਬਾਰੇ ਵੀ ਪੜਾਇਆ ਜਾਂਦਾ ਹੈ।ਇਹ ਡਿਗਰੀ ਇਲਾਜ ਪ੍ਰਣਾਲੀ ਦੀ ਗ੍ਰੈਜੂਏਸ਼ਨ ਹੈ ਅਤੇ ਐਮਬੀਬੀਐਸ ਦੇ ਬਰਾਬਰ ਮਾਨਤਾ ਰੱਖਦੀ ਹੈ। ਆਯੂਸ਼ ਵਿਭਾਗ ਤੇ ਸੀਸੀਆਈਐਮ ਸੰਸਥਾ ਇਸ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।ਮੌਜੂਦਾ ਕੇਂਦਰ ਸਰਕਾਰ ਅਤੇ ਪਤੰਜਲੀ ਸੰਸਥਾ ਇਸਨੂੰ ਪ੍ਰਫੁੱਲਤ ਕਰਨ ਲਈ ਪੱਬਾਂ ਭਾਰ ਹੈ। ਬਾਬਾ ਰਾਮਦੇਵ ਨੇ ਯੋਗ ਅਤੇ ਆਯੂਰਵੈਦ ਨੂੰ ਦੁਨੀਆਂ ਦੇ ਮਾਨਚਿੱਤਰ ਉੱਤੇ ਲਿਆਂਦਾ ਹੈ। ਫੌਜ ਵਿੱਚ ਵੀ ਐਲੋਪੈਥੀ ਦੇ ਨਾਲ ਆਯੂਰਵੈਦ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ।ਸਿਹਤ ਵਿਭਾਗ ਵਿੱਚ ਆਯੂਰਵੈਦ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਇੰਨਾ ਕੁਝ ਹੋਣ ਦੇ ਬਾਵਜੂਦ ਸੂਬੇ ਦੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਵਿਵਾਦਾਂ ਚ ਘਿਰੀ ਹੋਈ ਹੈ। ਦਰਅਸਲ ਇਹ ਸੰਨ 2011 ਤੋਂ ਸਥਾਪਨਾ ਸਮੇਂ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ।ਸੈਂਟਰਲ ਕੌਂਸਲ ਆਫ ਇੰਡੀਅਨ ਮੈਡੀਸਨ (ਸੀਸੀਆਈਐਮ) ਨਵੀਂ ਦਿੱਲੀ ਇਸ ਯੂਨੀਵਰਸਿਟੀ ਨੂੰ ਬੀਏਐਮਐਸ ਕੋਰਸ ਦੀ ਮਾਨਤਾ ਦੇਣ ਤੋਂ ਪਿਛਲੇ ਲੰਮੇ ਸਮੇਂ ਤੋਂ ਇਨਕਾਰੀ ਹੈ।ਯੂਨੀਵਰਸਿਟੀ ਸੀਸੀਆਈਐਮ ਦੇ ਮਾਪਦੰਡਾਂ ਉੱਤੇ ਖਰੀ ਨਹੀਂ ਉੱਤਰ ਰਹੀ।ਯੂਨੀਵਰਸਿਟੀ ਕੋਲ ਅਜੇ ਵੀ ਆਪਣਾ ਕੈਂਪਸ ਨਹੀਂ ਹੈ ਅਤੇ ਹੁਸ਼ਿਆਰਪੁਰ ਦੀ ਪੰਚਾਇਤੀ ਸੰਸਥਾ ਵਿੱਚ ਹੀ ਯੂਨੀਵਰਸਿਟੀ ਦਾ ਕਾਰਜ ਸਥਾਪਨਾ ਸਮੇਂ ਤੋਂ ਹੀ ਚੱਲ ਰਿਹਾ ਹੈ। ਯੂਨੀਵਰਸਿਟੀ ਅਧਿਕਾਰੀਆਂ ਦੀ ਢਿੱਲ ਮੱਠ ਅਜੇ ਵੀ ਜਾਰੀ ਹੈ ਉਹਨਾਂ ਨੇ ਮਾਨਤਾ ਲੈਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਸਗੋਂ ਹਰ ਵਾਰ ਮਿੱਠੀ ਗੋਲੀ ਲੋਕਾਂ ਨੂੰ ਦਿੱਤੀ ਹੈ।ਸੀਸੀਆਈਐਮ ਅਧਿਕਾਰੀਆਂ ਦਾ ਦੋਸ਼ ਹੈ ਕਿ ਸਮੇਂ ਸਮੇਂ ‘ਤੇ ਯੂਨੀਵਰਸਿਟੀ ਨੂੰ ਪੱਤਰ ਭੇਜ ਕੇ ਸੂਚਿਤ ਕੀਤਾ ਜਾਂਦਾ ਰਿਹਾ ਹੈ ਪਰ ਯੂਨੀਵਰਸਿਟੀ ਵੱਲੋਂ ਇਸਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਕਰਕੇ ਇਹ ਨੌਬਤ ਆ ਗਈ।ਹੁਣ ਇਸ ਯੂਨੀਵਰਸਿਟੀ ਦੇ ਅਧੀਨ ਸੂਬੇ ਦੇ 13 ਆਯੂਰਵੈਦਿਕ ਮੈਡੀਕਲ ਕਾਲਜ ਹਨ ਸੰਨ 2011 ਤੋਂ ਪਹਿਲਾਂ ਇਹ ਸਾਰੇ ਕਾਲਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ, ਫਰੀਦਕੋਟ ਦੇ ਅਧੀਨ ਸਨ।ਬਾਅਦ ਵਿੱਚ ਸਿਆਸੀ ਸੌੜੇ ਹਿਤਾਂ ਕਾਰਨ ਗੁਰੁ ਰਵਿਦਾਸ ਆਯੂਰਵੈਦਿਕ ਯੂਨੀਵਰੀਸਟੀ ਦੀ ਸਥਾਪਨਾ ਹੋਈ ਅਤੇ ਸੂਬੇ ਦੇ ਆਯੂਰਵੈਦਿਕ ਤੇ ਹੋਮਿਉਪੈਥੀ ਕਾਲਜ ਇਸ ਯੂਨੀਵਰਸਿਟੀ ਅਧੀਨ ਆ ਗਏ।

ਇਹ ਵਿਦਿਆਰਥੀਆਂ ਲਈ ਸਰਾਪ ਹੋ ਨਿੱਬੜੀ ਅਤੇ ਪ੍ਰੋਵੀਜਨਲ ਡਿਗਰੀਆਂ ਦੇਣ ਦਾ ਦੌਰ ਸ਼ੁਰੂ ਹੋ ਗਿਆ।ਵਿਦਿਆਰਥੀ ਜਦ ਰਜਿਸਟ੍ਰੇਸ਼ਨ ਲਈ ਰਜਿਸਟਰਾਰ ਕੋਲ ਗਏ ਤਾਂ ਉਨ੍ਹਾਂ ਰਜਿਸਟ੍ਰੇਸ਼ਨ ਤੋਂ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਤੁਹਾਡੀ ਡਿਗਰੀ ਸੀਸੀਆਈਐਮ ਤੋਂ ਮਾਨਤਾ ਪ੍ਰਾਪਤ ਨਹੀਂ ਹੈ। ਜਦ ਇਹ ਮਸਲਾ ਯੂਨੀਵਰਸਿਟੀ ਅਤੇ ਮੈਡੀਕਲ ਸਿੱਖਿਆ ਵਿਭਾਗ ਕੋਲ ਪੁੱਜਾ ਤਾਂ ਸਾਰੇ ਇਸ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਦਿਸੇ।ਵਿਦਿਆਰਥੀ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹਨ।ਇਸ ਵਿਵਾਦ ਨੇ ਉਨ੍ਹਾਂ ਦੀ ਨੀਦ ਉਡਾ ਦਿੱਤੀ ਹੈ ਕਿ ਉਹਨਾਂ ਦੇ ਹੱਥ ਪੱਲੇ ਤਾਂ ਕੁਝ ਵੀ ਨਹੀਂ, ਨਾਂ ਉਹ ਨੌਕਰੀ ਕਰ ਸਕਦੇ ਹਨ ਤੇ ਨਾਂ ਹੀ ਪੋਸਟਗੈ੍ਰਜੂਏਸ਼ਨ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ।ਇਹ ਸਾਰਾ ਕੁਝ ਸਰਕਾਰ ਦੀ ਨੱਕ ਹੇਠਾਂ ਹੋ ਰਿਹਾ ਹੈ ਤੇ ਸਰਕਾਰ ਕੁੰਭਕਰਨੀ ਨੀਦ ਸੁੱਤੀ ਹੋਣ ਦਾ ਦਿਖਾਵਾ ਕਰ ਰਹੀ ਹੈ।ਹਰ ਸਾਲ ਯੂਨੀਵਰਸਿਟੀ ਪ੍ਰਵੇਸ਼ ਪ੍ਰੀਖਿਆ ਟੈਸਟ ਲੈਕੇ ਕਾਊਂਸਿੰਗਲਿੰਗ ਦੇ ਜਰੀਏ ਬੀਏਐਮਐਸ ਕੋਰਸ ਦੀਆਂ ਸੀਟਾਂ ਭਰਦੀ ਹੈ।ਜਦ ਸੀਸੀਆਈਐਮ ਵੱਲੋਂ ਯੂਨੀਵਰਸਿਟੀ ਨੂੰ ਮਾਨਤਾ ਹੀ ਨਹੀਂ ਹੈ ਤਾਂ ਫਿਰ ਕਿਉਂ ਵਿਦਿਆਰਥੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸੂਬੇ ਦੇ 13 ਆਯੂਰਵੈਦਿਕ ਕਾਲਜਾਂ ਵਿੱਚ ਪੰਜਾਬ ਦੇ ਨਾਲ ਦੂਜੇ ਸੂਬਿਆਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਪੜਾਈ ਕਰ ਰਹੇ ਹਨ ਅਤੇ ਜ਼ਿਆਦਾਤਰ ਐਨਆਰਆਈ ਜਾਂ ਮਨੇਜਮੈਂਟ ਕੋਟੇ ਤਹਿਤ ਇਨ੍ਹਾਂ ਕਾਲਜਾਂ ‘ਚ ਦਾਖਲ ਹੋਏ ਹਨ।ਮਹਿੰਗੀਆਂ ਫੀਸਾਂ ਦੇ ਬਾਵਜੂਦ ਉਹਨਾਂ ਨੂੰ ਉਨ੍ਹਾਂ ਦੇ ਹੱਕ ਤੋਂ ਵੰਚਿਤ ਕੀਤਾ ਜਾ ਰਿਹਾ ਹੈ।ਹੁਣ ਇਹ ਵਿਦਿਆਰਥੀ ਡੂੰਘੀ ਨਿਰਾਸ਼ਾ ਵਿੱਚ ਹਨ।ਇਸ ਸਾਰੇ ਵਰਤਾਰੇ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਜ਼ਿੰਮੇਵਾਰ ਹੈ।

ਪਿਛਲੇ ਮਹੀਨੇ ਬੀਏਐਮਐਸ ਪਹਿਲੇ ਸਾਲ ਦਾ ਨਤੀਜਾ ਜੋ ਯੂਨੀਵਰਸਿਟੀ ਨੇ ਐਲਾਨਿਆ ਸੀ ਉਹ ਵੀ ਹੈਰਾਨਕੁੰਨ ਸੀ, ਸੰਸਕ੍ਰਿਤ ਵਿਸ਼ੇ ਵਿੱਚ 90 ਫੀਸਦੀ ਵਿਦਿਆਰਥੀ ਫੇਲ ਕੀਤੇ ਗਏ। ਹੋਰਾਂ ਵਿਸ਼ਿਆਂ ਵਿੱਚ ਵੀ ਜ਼ਿਆਦਾਤਰ ਵਿਦਿਆਰਥੀ ਫੇਲ ਸਨ।ਪੇਪਰ ਰੀਚੈੱਕਿੰਗ ਫੀਸ ਜੋ ਪਹਿਲਾਂ ਪੰਜ ਸੌ ਰੁਪਏ ਸੀ ਉਹ ਵਧਾ ਕੇ ਪੰਜ ਹਜ਼ਾਰ ਰੁਪਏ ਕਰ ਦਿੱਤੀ ਗਈ ਜਿਸ ਕਾਰਨ ਗਰੀਬ ਵਿਦਿਆਰਥੀ ਜੋ ਦੋ ਚਾਰ ਨੰਬਰਾਂ ‘ਤੇ ਫੇਲ ਹੋਏ ਹਨ ਉਹ ਰੀਚੈੱਕਿੰਗ ਫਾਰਮ ਭਰਨ ਤੋਂ ਅਸਮਰੱਥ ਰਹੇ।ਸਰਕਾਰ ਦੀ ਵਜੀਫਾ ਸਕੀਮ ਤਹਿਤ ਕੋਰਸ ਦੀ ਸਾਲ ਦੀ ਫੀਸ ਜੋ ਸਰਕਾਰ ਨੇ ਦੇਣੀ ਸੀ ਫੇਲ ਹੋਣ ਕਾਰਨ ਉਸਨੂੰ ਲੈਣ ਦੇ ਅਯੋਗ ਹੋ ਗਏ।ਫੀਸ ਦੀ ਅਦਾਇਗੀ ਗਲੇ ਦਾ ਫੰਦਾ ਹੋ ਨਿੱਬੜੀ।

ਸੰਪੂਰਨ ਸਿੱਖਿਆ ਪ੍ਰਣਾਲੀ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੈ।ਫੀਸਾਂ ‘ਚ ਵਾਧਾ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਇਹ ਲੱਖਾਂ ਰੁਪਏ ਵਿੱਚ ਪਹੁੰਚ ਚੁੱਕੀ ਹੈ।ਇਸੇ ਕਰਕੇ ਹਰ ਸਾਲ ਆਰਥਿਕ ਕਮਜ਼ੋਰ ਪਰ ਯੋਗ ਵਿਦਿਆਰਥੀ ਇਨ੍ਹਾਂ ਕੋਰਸਾਂ ਚ ਦਾਖਲਾ ਨਹੀਂ ਲੈ ਪਾਉਂਦੇ। ਅਨੁਸੂਚਿਤ ਵਰਗ ਦੇ ਵਿਦਿਆਰਥੀਆਂ ਲਈ ਭਾਵੇਂ ਸਰਕਾਰ ਕੋਰਸ ਫੀਸ ਦੇਣ ਲਈ ਵਚਨਬੱਧ ਹੈ, ਪਰ ਸ਼ਰਤ ਇਹ ਹੈ ਕਿ ਨਿੱਜੀ ਕਾਲਜਾਂ ਚ ਦਾਖਲਾ ਲੈਣ ਸਮੇਂ ਇੱਕ ਵਾਰ ਫੀਸ ਦੇਣੀ ਪਵੇਗੀ ਅਤੇ ਬਾਅਦ ਵਿੱਚ ਵਿਦਿਆਰਥੀ ਦੇ ਬੈਂਕ ਖਾਤੇ ਵਿੱਚ ਅਦਾਇਗੀ ਕੀਤੀ ਜਾਵੇਗੀ।ਇੱਕ ਦਿਹਾੜੀਦਾਰ ਮਜ਼ਦੂਰ ਲਈ ਇੰਨੀ ਵੱਡੀ ਰਕਮ ਦਾ ਜੁਗਾੜ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੁੰਦਾ ਹੈ।ਫੀਸ ਦਾ ਪ੍ਰਬੰਧ ਨਾਂ ਹੋਣ ਕਰਕੇ ਯੋਗ ਹੋਕੇ ਵੀ ਦਾਖਿਲੇ ਤੋਂ ਵੰਚਿਤ ਰਹਿ ਜਾਦੇ ਹਨ।ਚੰਗਾ ਤਾਂ ਇਹ ਹੈ ਕਿ ਇਨ੍ਹਾਂ ਵਿਦਿਆਰਥੀਆਂ ਤੋਂ ਫੀਸ ਨਾ ਵਸੂਲੀ ਜਾਵੇ ਅਤੇ ਫੀਸ ਦੀ ਅਦਾਇਗੀ ਸਿੱਧੀ ਕਾਲਜ ਨੂੰ ਕੀਤੀ ਜਾਵੇ।

ਦੇਸ਼ ਅੰਦਰ ਆਯੂਰਵੈਦਿਕ ਕਾਲਜਾਂ ਦੀ ਕੁੱਲ ਸੰਖਿਆ 301 ਹੈ ਅਤੇ 227 ਕਾਲਜ ਨਿੱਜੀ ਹਨ। ਹਰ ਕਾਲਜ ਵਿੱਚ ਬੀਏਐਮਐਸ ਕੋਰਸ ਦੀਆਂ ਔਸਤਨ 50 ਸੀਟਾਂ ਹਨ।ਪੋਸਟਗ੍ਰੈਜੂਏਸ਼ਨ ਕੋਰਸ ਦੀਆਂ 985 ਸੀਟਾਂ ਹਨ।ਪੰਜਾਬ ਵਿੱਚ 13 ਆਯੂਰਵੈਦਿਕ ਕਾਲਜ ਹਨ ਜਿਨ੍ਹਾਂ ‘ਚੋਂ ਇੱਕ ਸਰਕਾਰੀ ਕਾਲਜ ਹੈ ਜਿੱਥੇ 40 ਸੀਟਾਂ ਹਨ। ਸੂਬੇ ਅੰਦਰ ਬੀਏਐਮਐਸ ਕੋਰਸ ਦੀਆਂ 630 ਸੀਟਾਂ ਹਨ ਅਤੇ ਆਯੂਰਵੈਦਿਕ ਪੋਸਟਗ੍ਰੈਜੂਏਸ਼ਨ ਦੀਆਂ 19 ਸੀਟਾਂ ਹਨ।ਆਯੂਰਵੈਦਿਕ ਸਿੱਖਿਆ ਅਤੇ ਇਲਾਜ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ।ਇਸ ਸਿੱਖਿਆ ਨੂੰ ਲੈ ਕੇ ਲੋਕਾਂ ਦਾ ਰਵੱਈਆ ਨਾਂਹ ਪੱਖੀ ਹੈ।ਬੱਚੇ ਸੰਸਕ੍ਰਿਤ ਦੇ ਨਾਮ ਤੋਂ ਡਰਦੇ ਹਨ ਕਿਉਂਕਿ ਆਯੂਰਵੈਦਿਕ ਸੰਹਿਤਾਵਾਂ ਸੰਸਕ੍ਰਿਤ ਵਿੱਚ ਹਨ।ਥੋੜੇ ਸੂਬਿਆਂ ਵਿੱਚ ਸੰਸਕ੍ਰਿਤ ਸਕੂਲੀ ਪਾਠਕ੍ਰਮ ਵਿੱਚ ਸ਼ਾਮਿਲ ਹੈ ਜਦਕਿ ਬਹੁਤੇ ਸੂਬਿਆਂ ਚ ਸੰਸਕ੍ਰਿਤ ਨਹੀਂ ਪੜਾਈ ਜਾਦੀ, ਜਿਸ ਕਾਰਨ ਬੱਚੇ ਆਯੂਰਵੈਦ ਤੋਂ ਦੂਰ ਭੱਜਦੇ ਹਨ।ਸੰਸਕ੍ਰਿਤ ਦੇ ਮੁੱਢਲੇ ਗਿਆਨ ਨੂੰ ਸਾਰੇ ਦੇਸ਼ ਦੇ ਸਕੂਲੀ ਪਾਠਕ੍ਰਮ ਵਿੱਚ ਲਾਜ਼ਮੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।ਬੀਏਐਮਐਸ ਦਾ ਪਾਠਕ੍ਰਮ ਐਮਬੀਬੀਐਸ ਤੋਂ ਜ਼ਿਆਦਾ ਹੈ ਕਿਉਂਕਿ ਉੱਧਰ ਸਿਰਫ ਆਧੁਨਿਕ ਪੜਾਇਆ ਜਾਂਦਾ ਹੈ ਅਤੇ ਬੀਏਐਮਐਸ ‘ਚ ਦੋਵੇਂ ਪੜਾਏ ਜਾਦੇ ਹਨ।ਫਿਰ ਵੀ ਲੋਕ ਉਸਨੂੰ ਪਹਿਲ ਦਿੰਦੇ ਹਨ।

ਜੜੀ ਬੂਟੀਆਂ ਤੋਂ ਸਿੱਧੀ ਦਵਾਈ ਤਿਆਰ ਕਰਕੇ ਰੋਗੀ ਨੂੰ ਦੇਣ ਕਾਰਨ ਆਧੁਨਿਕ (ਐਲੋਪੈਥੀ) ਡਾਕਟਰ ਆਯੂਰਵੈਦਿਕ ਡਾਕਟਰਾਂ ਦਾ ਚੂਰਨ ਚਟਣੀ ਵਾਲੇ ਡਾਕਟਰ ਆਖ ਕੇ ਮਜ਼ਾਕ ਉਡਾਉਂਦੇ ਹਨ। ਦੂਜਾ ਆਯੂਰਵੈਦਿਕ ਡਾਕਟਰ ਖੁਦ ਆਪਣੀ ਇਲਾਜ ਪ੍ਰਣਾਲੀ ਛੱਡ ਕੇ ਐਲੋਪੈਥੀ ਦਾ ਇਸਤੇਮਾਲ ਕਰਦੇ ਹਨ, ਜਿਸ ਕਰਕੇ ਲੋਕਾਂ ਦਾ ਇਸ ਪੈਥੀ ਉੱਤੇ ਵਿਸ਼ਵਾਸ ਨਹੀਂ ਬਣ ਰਿਹਾ।ਸ਼ੁੱਧ ਆਯੂਰਵੈਦਿਕ ਪ੍ਰੈਕਟਿਸ ਕਰਨ ਵਾਲੇ ਡਾਕਟਰ ਨਾਂਮਾਤਰ ਹਨ ਕਿਉਂਕਿ ਆਯੂਰਵੈਦਿਕ ਪੈ੍ਰਕਟਿਸ ਕਰਨ ਦਵਾਈਆਂ ਖੁਦ ਬਣਾਉਣੀਆਂ ਪੈਂਦੀਆਂ ਹਨ ਅਤੇ ਇੰਨੀ ਮਿਹਨਤ ਕਰਨ ਨੂੰ ਕੋਈ ਤਿਆਰ ਨਹੀਂ ਹੈ।ਆਯੂਰਵੈਦਿਕ ਦਵਾਈਆਂ ਦੀਆਂ ਨਿਰਮਾਤਾ ਕੰਪਨੀਆਂ ਘੱਟ ਹਨ ਤੇ ਉਹਨਾਂ ਦੀ ਸ਼ੁੱਧਤਾ ਉੱਪਰ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ।ਇਸ ਲਈ ਜੋ ਡਾਕਟਰ ਦਵਾਈਆਂ ਦਾ ਨਿਰਮਾਣ ਖੁਦ ਕਰਦਾ ਹੈ ਉਸਦੀ ਪੈ੍ਰਕਟਿਸ ਜ਼ਰੂਰ ਤੇ ਚੰਗੀ ਚਲਦੀ ਹੈ।

ਆਯੂਰਵੈਦਿਕ ਸਿੱਖਿਆ ਦੀ ਮਾੜੀ ਦਸ਼ਾ ਸੁਧਾਰਨ ਲਈ ਠੋਸ ਰਣਨੀਤੀ ਬਣਾ ਕੇ ਪ੍ਰਭਾਵਸ਼ਾਲੀ ਢੰਗ ਨਾਲ ਲ਼ਾਗੂ ਕਰਨ ਦੀ ਅਹਿਮ ਲੋੜ ਹੈ।ਸਿੱਖਿਆ ਨੂੰ ਸਸਤੀ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਬਹੁਤ ਜ਼ਰੂਰੀ ਹੈ।ਕਾਲਜਾਂ ਯੂਨੀਵਰਸਿਟੀਆਂ ਉੱਤੇ ਨਿਗਰਾਨੀ ਦੀ ਬਹੁਤ ਲੋੜ ਹੈ ਤਾਂ ਜੋ ਇਹ ਆਪਣੀ ਮਨਮਾਨੀ ਨਾਂ ਕਰ ਸਕਣ।ਇੱਕ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਦੀਆਂ ਦੋ ਤਿਹਾਈ ਯੂਨੀਵਰਸਿਟੀਆਂ ਅਤੇ 90 ਫੀਸਦ ਕਾਲਜਾਂ ਦਾ ਸਿੱਖਿਆ ਗੁਣਵੱਤਾ ਮਿਆਰ ਵਿਸ਼ਵ ਪੱਧਰ ਦੇ ਸਿੱਖਿਆ ਮਿਆਰ ਤੋਂ ਬਹੁਤ ਨੀਵਾਂ ਹੈ।ਜ਼ਿਆਦਾਤਰ ਯੂਨੀਵਰਸਿਟੀਆਂ ਬਗੈਰ ਮਾਨਤਾ ਪ੍ਰਾਪਤ ਕੋਰਸ ਕਰਵਾ ਰਹੀਆਂ ਹਨ।ਸਰਕਾਰਾਂ ਨੂੰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਕਿ ਕੋਈ ਵੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰ ਸਕੇ।

ਸੰਪਰਕ +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ