ਤਰਕਪਸੰਦਾਂ ਅਤੇ ਘੱਟ ਗਿਣਤੀਆਂ ਨੂੰ ਸੰਤਾਪ ਆਰ ਵੀ ਹੈ, ਪਾਰ ਵੀ ਹੈ - ਵਰਗਿਸ ਸਲਾਮਤ
Posted on:- 25-10-2015
ਧਾਰਮਿਕ ਕੱਟੜਤਾ ਭਾਵੇਂ ਕਿਸੇ ਵੀ ਰੂਪ ’ਚ ਹੋਵੇ ਅਤੇ ਅਜਿਹੇ ਜਨੂੰਨ ‘ਚ ਅਸਹਿਮਤੀ ਦੀ ਰਾਏ ਨੂੰ ਦਬਾਉਣਾ ਜਾਂ ਕੁੱਚਲਣਾ, ਮਨੁੱਖ, ਸਮਾਜ, ਕਿਸੇ ਵਿਸ਼ੇਸ ਵਰਗ ਅਤੇ ਇੱਕ ਅਗਾਂਹਵਧੂ ਦੇਸ਼ ਲਈ ਕਿਸੇ ਅੱਤਵਾਦ , ਦਹਿਸ਼ਤਵਾਦ , ਰੂੜੀਵਾਦ , ਬੁਨਿਆਦਪ੍ਰਸਤੀ , ਅਲੱਗਵਾਦ, ਫਿਰਕਾਪ੍ਰਸਤੀ ਹੈ ਅਤੇ ਜਾਂ ਫਿਰ ਕਿਸੇ ਤਾਲੀਬਾਨੀਗੀਰੀ ਨਾਲੋਂ ਘੱਟ ਨਹੀਂ। ਭਾਰਤ ਦੇਸ਼ ਸਵਿਧਾਨਿਕ ਤੌਰ ’ਤੇ ਧਰਮਨਿਰਪੱਖ , ਧਾਰਮਿਕ ਬਰਾਬਰੀ, ਹਰ ਤਰ੍ਹਾਂ ਦੀ ਅਜ਼ਾਦੀ ਅਤੇ ਅਨੇਕਤਾ ‘ਚ ਏਕਤਾ ਦਾ ਆਈਕੌਨ ਹੈ, ਸਾਡੀ ਕਾਨੂੰਨੀ ਵਿਵਸਥਾ ਵੀ ਇਹਨਾਂ ਦੀ ਸੁਰੱਖਿਆ ਲਈ ਲੈਸ ਬਰ ਲੈਸ ਹੈ।
ਦੇਸ਼ ਦਾ ਹਰ ਨਾਗਰਿਕ , ਹਰ ਜ਼ਿੰਮੇਵਾਰ ਸਰਕਾਰ, ਪ੍ਰਸ਼ਾਸਨ ਅਤੇ ਹਰ ਮੁਲਾਜ਼ਮ ਇਸ ਪਾਲਣਾ ਦੀ ਹਲਫ ਹੋਸ਼ੋ ਹਵਾਸ਼ ‘ਚ ਲੈਂਦਾ ਹੈ। ਫਿਰ ਵੀ ਇਕ ਵਿਸ਼ੇਸ਼ ਤਰ੍ਹਾਂ ਦੀ ਦਹਿਸ਼ਤਗਰਦੀ ਵਿਖਾ ਕੇ ਭਾਰਤ ਵਿਚ ਕੁਝ ਹਿੰਦੂ ਕੱਟੜ ਅਤੇ ਪਾਕਿਸਤਾਨ ‘ਚ ਮੁਸਲਿਮ ਕੱਟੜ ਵੱਲੋਂ ਘੱਟਗਿਣਤੀਆਂ ਨੂੰ ਡਰਾਇਆ, ਧਮਕਾਇਆ , ਸਤਾਇਆ ਅਤੇ ਬੇਦਰਦੀ ਨਾਲ ਮਾਰਿਆ ਜਾ ਰਿਹਾ ਹੈ। ਇਹ ਸਰਾਸਰ ਦੇਸ਼ ਧ੍ਰੋਹ ਹੈ।
ਦੇਸ਼ ਦੇ ਸਿਸਟਮ ਨੂੰ ਤੋੜ ਕੇ ਜ਼ਬਰਦਸਤੀ ਆਪਣੀ ਗੱਲ ਮਨਵਾਉਣਾ, ਉਸ ਲਈ ਲੋਕਾਂ ਦੀ ਜਾਨ ਲੈਣੀ ਅਤੇ ਕਿਸੇ ਨੂੰ ਸ਼ਰੇਆਮ ਬੇਇੱਜ਼ਤ ਕਰਨਾ ਸਰਾਸਰ ਗੈਰਕਾਨੂੰਨੀ ਅਤੇ ਗੈਰਸਵਿਧਾਨਿਕ ਹੈ। ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਦੇਸ਼ਧ੍ਰੋਹੀ , ਦਹਿਸ਼ਤਗਰਦ ਅਤੇ ਫਿਰਕਾਪ੍ਰਸਤ ਹੀ ਕਹਿਣਾ ਚਾਹੀਦਾ ਹੈ।
ਆਰ ਹੋਵੇ ਜਾਂ ਪਾਰ ਧਾਰਮਿਕ ਕੱਟੜਤਾ ਦੇ ਜਨੂੰਨ ‘ਚ ਅੰਨੀਆਂ ਭੀੜਾਂ ਨੇ ਆਪਣੇ ਨਾਕਾਰਾਤਮਕ ਰਾਜਨੀਤਕ ਅਤੇ ਫਾਸੀਵਾਦੀ ਦੇ ਲੁੱਕਵੇਂ ਅਜੰਡੇ ਦੀ ਪੂਰਤੀ ਲਈ ਹੁਣ ਤੱਕ ਕਈ ਬੇਗੁਨਾਹਾਂ , ਮਾਸੂਮਾਂ ਅਤੇ ਮਜ਼ਲੂਮਾਂ ਨੂੰ ਤੜਫਾ-ਤੜਫਾ ਅਤੇ ਤਰਸਾ-ਤਰਸਾ ਕੇ ਜਾਨੋਂ ਮਾਰਿਆ ਹੈ।ਹੁਣੇ ਹੁਣੇ ਦਾਦਰੀ ਦਾ ਅੱਖਲਾਕ ਜਨੂੰਨੀ ਭੀੜ ਦੀ ਭੇਟ ਚੜਿਆ, ਉਸਦੇ ਪੁੱਤਰ ਨੂੰ ਇਨਾਂ ਮਾਰਿਆ ਕਿ ਉਹ ਨਾ ਜੀਊਂਦਿਆਂ ‘ਚ ਤੇ ਨਾ ਮੋਇਆਂ ‘ਚ। ਇਸ ਘਿਨੌਣੀ ਘਟਨਾ ਨੇ ਉਹ ਸਾਰੇ ਜ਼ਖਮ ਤਾਜ਼ੇ ਕਰ ਦਿੱਤੇ ਜੋ ਅਜਿਹੇ ਹੀ ਲੋਕਾਂ ਨੇ ਪਹਿਲਾਂ ਵੀ ਦਿੱਤੇ ਸੀ।ਬਾਬਰੀ ਮਸਜਿਦ ਦੀ ਧੱਕੇਸ਼ਾਹੀ ਯਾਦ ਕਰਵਾ ਦਿੱਤੀ , 84 ‘ਚ ਦਿੱਲੀ ਜਦੋਂ ਸਿੱਖ ਘੱਟ ਗਿਣਤੀ ਨੂੰ ਦਰੜਨ ਦਾ ਘਿਨਾਉਣਾ ਚੇਹਰਾ ਅੱਖਾਂ ਅੱਗੇ ਲਿਆ ਦਿੱਤਾ , ਗੁਜਰਾਤ ਕਿਵੇਂ ਮੌਤ ਦੀ ਪ੍ਰਯੋਗਸ਼ਾਲਾ ਬਣਾਈ ਗਈ ,ਇਸਾਈ ਮਿਸ਼ਨਰੀ ਸਟੇਨ ਗਰਾਮ ਅਤ ਹਰਿਆਣੇ ‘ਚ ਇਕ ਪਰਿਵਾਰ ਨੂੰ ਅਜਿਹੇ ਲੋਕਾਂ ਜਿਉਂਦੇ ਸਾੜ ਦਿੱਤਾ , ਉੜੀਸਾ ‘ਚ ਕਿਸ ਤਰ੍ਹਾਂ ਇਸਾਈ ਨੰਨਜ ਅਤੇ ਲੋਕਾਂ ਦੇ ਘਰਾਂ ‘ਤੇ ਹਮਲੇ ਕੀਤੇ ਗਿਰਜੇ ਘਰ ਢਾਹ ਦਿੱਤੇ ਅਤੇ ਪੰਜਾਬ ‘ਚ ਇਸ ਜਨੂੰਨ ਨੇ 20 ਸਾਲ ਲੋਕਾਂ ਨੂੰ ਦਹਿਸ਼ਤ ‘ਚ ਤੜਫਾਇਆ , ਇਥੋਂ ਤੱਕ ਕਿ ਘੱਟ ਗਿਣਤੀ ਲੋਕ ਪੰਜਾਬ ਛੱਡ ਗਏ।
ਅਜਿਹਾ ਹੀ ਨਜ਼ਾਰਾ ਇਸੇ ਜਨੂੰਨ ‘ਚ ਸਾਡੇ ਤੋਂ ਵੱਖ ਹੋੲ ਪਾਕਿਸਤਾਨ ਦਾ ਹੈ। ਜੇ ਇਥੇ ਹਿੰਦੂ ਰਾਜ ਬਣਾਉਣ ਦੇ ਲੁਕਵੇਂ ਅਜੰਡੇ ਥੱਲੇ ਅਜਿਹੀ ਦਹਿਸ਼ਤਗਰਦੀ ਫੈਲਾਈ ਜਾਂਦੀ ਹੈ ਤਾਂ ਓਥੇ ਇਸਲਾਮਿਕ ਸਟੇਟ ਨੂੰ ਬਰਕਾਰ ਰੱਖਣ ਲਈ ਅਜਿਹੇ ਘਿਨਾਉਂਣੇ ਅਤੇ ਨਿੰਦਨੀਯ ਕਾਰਿਆਂ ਨੂੰ ਈਸ਼ਨਿੰਦਾ ਕਾਨੂੰਨ ਦੇ ਬੈਨਰ ਹੇਠ ਅੰਜਾਮ ਦਿੱਤਾ ਜਾਂਦਾ ਹੈ।ਕੁਝ ਮਹੀਨੇ ਪਹਿਲਾਂ ਲਹੌਰ ਤੋਂ ਮਹਿਜ਼ 40 ਕੁ ਕਿਲੋਮੀਟਰ ਦੂਰ ਪਿੰਡ ਕੋਟ ਰਾਧਾ ਕ੍ਰਿਸ਼ਨ ਦੀਆਂ ਸੜਕਾਂ ‘ਤੇ ਧਾਰਮਿਕ ਕੱਟੜਵਾਦ ਦਾ ਵਹਿਸ਼ੀਪਨ ਦਿਨ ਦਿਹਾੜੇ ਨੰਗਾ ਨਾਚ ਹੋਇਆ…ਯੁਸਫ ਮੁਹਮੰਦ ਨਾਂ ਦੇ ਇਕ ਭੱਠਾ ਮਾਲਿਕ ਨੇ ਇਕ ਬੰਧੂਆ ਮਜ਼ਦੂਰ ਇਸਾਈ ਜੋੜੋ ਸ਼ਹਿਬਾਜ਼ ਮਸੀਹ ਅਤੇ ਉਸਦੀ ਪਤਨੀ ਸ਼ਮਾ ਜੋ ਗਰਭਵਤੀ ਸੀ ਨੂੰ ਆਪਣੀ ਮਜ਼ਦੂਰੀ ਮੰਗਣ ‘ਤੇ ਉਹਨਾਂ ‘ਤੇ ਈਸ਼ਨਿੰਦਾ ਦਾ ਇਲਜ਼ਾਮ ਲਾ ਕੇ ਭੀੜ ਇਕੱਠੀ ਕੀਤੀ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਜਿਊਂਦੇ ਹੀ ਭੱਠੇ ਦੇ ਝੂੰਬੇ ਦੀ ਅੱਗ ‘ਚ ਸੁੱਟ ਦਿੱਤਾ। ਘੱਟਦੀ ਦੇ ਇਸ ਪੈਹਰੇ ‘ਚ ਹਜ਼ਾਰਾਂ ਦੀ ਭੀੜ ‘ਚੋਂ ਇਕ ਵੀ ਬੰਦਾ ਇਸ ਬੇਇੰਸਾਫੀ ਦੇ ਹਕ ‘ਚ ਨਾ ਖੜੋਤਾ…ਉਹ ਸੱਚ ਦੱਸਣ ਲਈ ਵਿਲਕਦੇ ਰਹੇ ਪਰ ਜਨੂੰਨੀ ਭੀੜ ਨੇ ਇਕ ਨਾ ਮੰਨੀ।
ਇਸ ‘ਚ ਵੀ ਕੋਈ ਦੋ ਰਾਏ ਨਹੀਂ ਕਿ ਪਾਕਿਸਤਾਨੀ ਪ੍ਰਸਾਸ਼ਨ ਭਾਰਤੀ ਪ੍ਰਸਾਸ਼ਨ ਤੋਂ ਵੀ ਜਿਆਦਾ ਅਵੇਸਲਾ ਅਤੇ ਮਾੜਾ ਹੈ। ਜਦੋਂ ਨੂੰ ਪੁਲਿਸ ਹਰਕਤ ‘ਚ ਆਈ , ਉਦੋਂ ਤੱਕ ਦੁਨੀਆਂ ਦੀ ਇਹ ਸਭ ਤੋਂ ਨਿੰਦਣਯੋਗ ਘਟਨਾ ਇੰਨਸਾਨੀਯਤ ਦੇ ਮੂੰਹ ‘ਤੇ ਕਾਲਖ ਪੋਥ ਕੇ ਭੱਠੇ ਦੀ ਸਵਾਹ ਬਣ ਚੁੱਕੀ ਸੀ। ਘੱਟ ਗਿਣਤੀਆਂ ਨੂੰ ਬਦਨਾਮ ਕਰਨ ਲਈ ਇਕ ਮੁੱਲਾਂ ਜੀ ਨੇ ਆਪ ਹੀ ਕੁਰਾਨ ਪਾੜ ਕੇ ਇਕ ਛੋਟੀ ਬੱਚੀ ਰਿਸ਼ਮਾਂ ਦੇ ਬਸਤੇ ਵਿਚ ਪਾਕੇ ਈਸ਼ਨਿੰਦਾ ‘ਚ ਫਸਾਉਣ ਦੀ ਕੋਸਿਸ਼ ਕੀਤੀ, ਉਥੋਂ ਦੇ ਹੀ ਬੱਚਿਆਂ ਨੇ ਮੁੱਲਾਂ ਦੇ ਇਸ ਕੁਕਾਰਨਾਮੇ ਨੂੰ ਜਗਜ਼ਾਹਿਰ ਕੀਤਾ ਅਤੇ ਬੱਚੀ ਦੀ ਜਾਨ ਬਚੀ।ਖੇਤਾਂ ਵਿਚ ਕੰਮ ਕਰਦੇ ਪਤੀ ਲਈ ਰੋਟੀ ਲੈ ਕੇ ਗਈ, ਖਾਂਦੇ ਵੇਲੇ ਹਿਚਕੀ ਲਗਣ ਤੇ ਜਲਦੀ ਨਾਲ ਮੁਸਲਮਾਨਾਂ ਦੇ ਘੜੇ ਚੋਂ ਪੀਣ ਕਾਰਨ ਅਛੂਤ ਕਿਹ ਉਹਨਾਂ ਨੂੰ ਮਾਰਿਆ-ਕੁਟਿਆ ‘ਤੇ ਈਸ਼ਨਿੰਦਾ ਲਾ ਕੇ ਬੀਬੀ ਆਸ਼ੀਆ ਨੂੰ ਜੇਲ ਭੇਜ ਦਿੱਤਾ।
ਕੁਝ ਸਮਾਂ ਪਹਿਲਾਂ ਇਕ ਘੱਟ ਗਿਣਤੀ ਵਰਗ ਦੀ ਇਸਤਰੀਆਂ ਨੂੰ ਈਸ਼ ਨਿੰਦਾ ਦੇ ਝੂਠੇ ਇਲਜ਼ਾਮ ਲਾ ਕੇ ਗਲੀਆਂ ‘ਚ ਨੰਗੇ ਕਰਕੇ ਜਲੀਜ ਕੀਤਾ। ਈਸ਼ ਨਿੰਦਾ ਦਾ ਇਹ ਨਿਰੰਕੁਸ਼ ਸਿਲਸਿਲਾ ਲਗਾਤਾਰ ਹਿੰਦੂ, ਸਿੱਖ, ਇਸਾਈ ਅਤੇ ਅਹਮਦੀਆ ਘਟਗਿਣਤੀਆਂ ਨੂੰ ਅਜ਼ਗਰ ਵਾਂਗ ਨਿਗਲ ਰਿਹਾ ਹੈ। ਘਟਗਿਣਤੀਆਂ ਨੂੰ ਇਥੋਂ ਤੱਕ ਸਤਾਇਆ ਜਾਂਦਾ ਹੈ ਕਿ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਜਬਰਦਸਤੀ ਵਿਆਹ ਕਰਵਾਉਣ ਤਕ ਜਾਂਦੇ। ਜਬਰਦਸਤੀ ਜਮੀਨਾ ‘ਤੇ ਕਬਜੇ ਕਰ ਲਏ ਜਾਂਦੇ ਹਨ। ਅਤੱਵਾਦ ਅੱਗੇ ਨਾ ਦਲੀਲ ਹੈ ਨਾ ਅਪੀਲ ਹੈ। ਕੱਟੜਤਾ ਅਤੇ ਅਤੱਵਾਦ ਦੇ ਡਰ ਦੀ ਹਦ ਇਥੋਂ ਤਕ ਹੈ ਕਿ ਉਹਨਾਂ ਦੇ ਵਕੀਲ ਕੇਸ ਲੜਨ ਤੋਂ ਸਾਫ ਇਨਕਾਰ ਕਰ ਦਿੰਦੇ ਹਨ। 2002 ‘ਚ ਮੁਖਤਾਰਾ ਬੀਬੀ ਦੇ ਕੇਸ ‘ਚ ਅਤੇ ਉਸਤੋਂ ਪਹਿਲਾਂ ਇਕ ਇਸਾਈ ਚਾਚੇ ਭਤੀਜ ਦੇ ਕੇਸ ਵਕੀਲਾਂ ਕੇਸ ਲੜਨ ਤੋਂ ਨਾ ਕਰ ਦਿੱਤੀ ਸੀ। ਇਹੀ ਕਾਰਨ ਹੈ ਕਿ ਜਿਹੜੇ ਵੀ ਪਾਕੋਂ ਇੱਧਰ ਆ ਜਾਂਦੇ ਹਨ ਉਹ ਵਾਪਸ ਹੀ ਜਾਣਾ ਨਹੀਂ ਚਾਹੁੰਦੇ। ਇਹ ਤਾਂ ਲਿੱਖੀਆਂ ਗੱਲਾਂ ਹਨ ਜੋ ਸਾਹਮਣੇ ਆ ਜਾਂਦੀਆਂ ਹਨ। ਸੈਂਕੜੇ ਅਜਿਹੇ ਜੁਲਮ ਹੋ ਰਹੇ ਹਨ, ਜੋ ਸਾਹਮਣੇ ਨਹੀਂ ਆਉਂਦੇ। ਕੁਲ ਮਿਲਾ ਕੇ ਈਸ਼ਨਿੰਦਾ ਦਾ ਇਹ ਕਾਨੂੰਨ ਘਟਗਿਣਤੀਆਂ ਨੂੰ ਦੋਧਾਰੀ ਤਲਵਾਰ ਵਾਂਗ ਚੀਰਦਾ ਜਾ ਰਿਹਾ ਹੈ।
ਸਮੇਂ ਸਮੇਂ ਦੋਹਾਂ ਦੇਸ਼ਾਂ ‘ਚ ਧਰਮਨਿਰਪੱਖ ,ਬਰਾਬਤਾ ਅਤੇ ਤਰਕਪਸੰਦ ਵਿਦਵਾਨਾਂ , ਲੇਖਕਾਂ , ਸਾਹਿਤਕਾਰਾਂ , ਬੁੱਧੀਜੀਵੀਆਂ ਅਤੇ ਖੱਬੇਖਿਆਲੀ ਲੋਕਾਂ ਨੇ ਇਸਦਾ ਸਖਤ ਵਿਰੋਧ ਕੀਤਾ ਅਤੇ ਆਪਣੀਆਂ ਕਲਮਾਂ ਦੇ ਮੂੰਹ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਖੋਲੇ।ਸਿੱਟੇ ਵੱਜੋਂ ਬੰਗਲਾ ਦੇਸ਼ ਦੀ ਤਸਲੀਮਾਂ ਨਸਰੀਨ ਜਿਹੀਆਂ ਲੇਖਿਕਾਵਾਂ ਨੂੰ ਅਜਿਹੀਆਂ ਫਿਰਕਾਪ੍ਰਸਤ ਤਾਕਤਾਂ ਕਰਕੇ ਆਪਣਾ ਦੇਸ਼ ਛੱਡਣਾ ਪਿਆ।ਸਲਮਾਨ ਰਸ਼ਦੀ ਨੂੰ ਫੜਨ ਦਾ ਇਨਾਮ ਰੱਖਿਆ ਹੋਇਆ ਹੈ । ਫੈਜ਼ ਅਹਿਮਦ ਫੈਜ਼ ਨੇ ਜੇਲ ਕੱਟੀ ਅਤੇ ਅਹਿਮਦ ਸਲੀਮ ਨੂੰ ਕੋਰੜਿਆਂ ਦੀ ਸਜ਼ਾ ਸੁਣਾਈ ।ਭਾਰਤ ਵਿਚ ਵੀ ਖਾਸ ਕਰ ਜਦੋਂ ਹੁਣ ਨਵੀਂ ਅੱਛੇ ਦਿਨ ਲਿਆਉਣ ਵਾਲੀ ਸਰਕਾਰ ਬਣੀ ਹੈ ਉਦੋਂ ਤੋ ਹੀ ਰੂੜੀਵਾਦੀ, ਬੁਨਿਆਦਪ੍ਰਸਤੀ, ਫਾਸੀਵਾਦੀ ਅਤੇ ਫਿਰਕਾਪ੍ਰਸਤੀ ਦੀ ਤਾਲੀਬਾਨੀਗੀਰੀ ਨੇ ਭਾਰਤ ਦੇ ਧਰਮਨਿਰਪੱਖ ,ਬਰਾਬਤਾ ਅਤੇ ਤਰਕਪਸੰਦ ਵਿਦਵਾਨਾਂ , ਲੇਖਕਾਂ , ਸਾਹਿਤਕਾਰਾਂ , ਬੁੱਧੀਜੀਵੀਆਂ ਅਤੇ ਖੱਬੇ ਖਿਆਲੀ ਲੋਕਾਂ ਨੂੰ ਸਤਾਉਣਾ , ਡਰਾਉਣਾ ਅਤੇ ਧੱਮਕਾਉਣਾ ਸ਼ੁਰੂ ਕਰ ਦਿੱਤਾ ਸੀ ।
ਹੱਦ ਹੀ ਹੋ ਗਈ ਜਦੋਂ ਅਜਿਹੇ ਖੁੱਲ੍ਹ ਕੇ ਲਿਖਣ ਵਾਲੇ ਤਰਕਸ਼ੀਲ ਆਗੂ ਸ਼੍ਰੀ ਨਰਿੰਦਰ ਦਬੋਲਕਰ , ਕਿਰਤੀ ਲਹਿਰ ਦੇ ਬਜ਼ੁਰਗ ਆਗੂ ਅਤੇ ਲੇਖਕ ਸ਼੍ਰੀ ਗੋਵਿੰਦ ਪਨਸਾਰੇ ਅਤੇ ਉੁੱਘੇ ਤਰਕਸ਼ੀਲ ਲੇਖਕ ਅਤੇ ਕਰਨਾਟਕਾ ‘ਚ ਉੁਪ-ਕੁੱਲਪਤੀ ਰਹਿ ਚੁੱਕੇ ਪ੍ਰੋ. ਐਮ.ਐਮ ਕਲਬੁਰਮੀ ਦੀ ਹੱਤਿਆ ਇਸੇ ਲੜੀ ਦੀਆਂ ਪਿਛਾਂਖਿਚੂ ਤਾਕਤਾਂ ਨੇ ਕੀਤੀ। ਜਿਸ ਨਾਲ ਦੇਸ਼ ਦਾ ਸਾਂਝ ਦਸੇਰਾ ਧਰਮਨਿਰਪੱਖ ,ਬਰਾਬਤਾ ਅਤੇ ਤਰਕਪਸੰਦ ਵਿਦਵਾਨਾਂ, ਲੇਖਕਾਂ ਸਾਹਿਤਕਾਰਾਂ , ਬੁੱਧੀਜੀਵੀਆਂ ਅਤੇ ਖੱਬੇਖਿਆਲੀ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਅਤੇ ਰੋਸ ਵਜੋਂ ਪੂਰੇ ਦੇਸ਼ ‘ਚ ਸਾਹਿਤਕਾਰਾਂ ਅਤੇ ਲੋਕਪੱਖੀ ਆਗੂਆਂ ਨੇ ਆਪਣੇ ਰਾਸ਼ਟਰੀ ਅਤੇ ਸਟੇਟ ਸਨਮਾਨ ਰਾਸ਼ੀ ਸਹਿਤ ਵਾਪਸ ਕਰ ਦਿੱਤੇ ਹਨ।
ਜਿਥੇ ਦੇਸ਼ ਦੀ ਅਜ਼ਾਦੀ ‘ਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ ਉੱਥੇ ਅੱਜ ਵੀ ਪੰਜਾਬ ਦੇ ਅਗਾਂਵਧੂ , ਤਰਕਪਸੰਦ ਅਤੇ ਲੋਕਪੱਖੀ ਵਿਦਵਾਨਾਂ , ਲੇਖਕਾਂ , ਸਾਹਿਤਕਾਰਾਂ ਬੁੱਧੀਜੀਵੀਆਂ ਅਤੇ ਖੱਬੇਖਿਆਲੀ ਲੋਕਾਂ ਸ਼ਹਿਰ ਸ਼ਹਿਰ ਰੋਸ਼ ਪ੍ਰਦਰਸ਼ਨ ਕਰਕੇ ਇਹਨਾਂ ਪਿਛਾਂ ਖਿੱਚੁ ਤਾਕਤਾਂ ਦਾ ਇੱਕਲਾ ਵਿਰੋਧ ਹੀ ਨਹੀਂ ਕੀਤਾ।ਸਗੋਂ ਦੇਸ਼ ਭਰ ‘ਚੋਂ ਲਗਭਗ 30-35 ਵੱਡੇ ਲੇਖਕਾਂ ਰੋਸ ਵੱਜੋਂ ਦੇਸ਼ ਦੇ ਵੱਡੇ ਸਨਮਾਨ ਰਾਸ਼ੀ ਸਮੇਤ ਵਾਪਿਸ ਕੀਤੇ ।ਪੰਜਾਬ ‘ਚ ਸਾਹਿਤ ਦੇ ਵੱਡੇ ਹਸਤਾਖਰ ਦਲੀਪ ਕੌਰ ਟੀਵਾਣਾ, ਸੁਰਜੀਤ ਪਾਤਰ ਅਤੇ ਅਜਮੇਰ ਔਲਖ ਸਮੇਤ ਸ਼ਾਇਦ ਸਭ ਤੋਂ ਵੱਧ ਅੱਠ ਸਾਹਿਤਕਾਰਾਂ ਆਪਣੇ ਸਨਮਾਨ ਰਾਸ਼ੀਆਂ ਸਹਿਤ ਵਾਪਸ ਕਰਕੇ ਉੱਕਤ ਕਲਮਾਂ ਦੇ ਹੱਕ ‘ਚ ਸ਼ਲਾਘਾਯੋਗ ਕੰਮ ਕੀਤਾ।
ਇਤਿਹਾਸ ਗਵਾਹ ਹੈ ਕਿ ਪੂਰੇ ਸੰਸਾਰ ‘ਚ ਵਿਕਸਿਤ ਅਵਿਕਸਿਤ ਸਾਰੇ ਦੇਸ਼ਾ ‘ਚ ਘੱਟ ਗਿਣਤੀਆਂ ਨੂੰ ਸਤਾਇਆ , ਡਰਾਇਆ, ਧਮਕਾਇਆ ਅਤੇ ਮਾਰਿਆ ਜਾ ਰਿਹਾ ਹੈ ਪਰ ਹੁਣ ਅਜਿਹੀਆਂ ਤਾਕਤਾਂ ਦਾ ਆਂਤਕ ਘੱਟ-ਗਿਣਤੀਆਂ ਨੂੰ ਹਾਸ਼ੀਏ ‘ਤੇ ਧਕੇਲ ਰਿਹਾ ਹੈ। ਅਜਿਹੇ ਨਾਗਵਾਰ ਮਹੌਲ ‘ਚ ਦੇਸ਼ ਦੀ ਸਭ ਤੋਂ ਵੱਡੀ ਜ਼ਿੰਮੇਵਾਰ ਕੁਰਸੀ ‘ਤੇ ਵਿਰਾਜ਼ਮਾਨ ਮਾਨਯੋਗ ਪ੍ਰਧਾਨਮੰਤਰੀ ਜਿਨ੍ਹਾਂ ਨੂੰ ਸਭ ਤੋਂ ਵੱਧ , ਵੱਧੀਆ ਅਤੇ ਵਿੱਦਵਤਾਭਰਭੂਰ ਭਾਸ਼ਣਾਂ ਦਾ ਮਾਨ ਹਾਸਿਲ ਹੈ ਦੀ ਲੰਮੀ ਚੁੱਪ ਦੇਸ਼ ਦੇ ਹਰ ਨਾਗਰਿਕ ਨੂੰ ਚੰਗਾ ਨਹੀਂ ਲੱਗੀ । ਅਤੇ ਚੁੱਪ ਤੋੜਨ ‘ਤੇ ਸਰਕਾਰ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾਂ ਅਮਨਪਸੰਦ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ।ਇੱਕ ਸੁਰ ਇਹ ਵੀ ਹੈ ਕਿ ਉਹ ਅਜਿਹੀਆਂ ਤਾਕਤਾਂ ਦਾ ਹਿੱਸਾ ਰਹੇ ਹਨ ਅਤੇ ਘੱਟੋ ਘੱਟ ਹੁਣ ਉਹਨਾਂ ਨੂੰ ਮਾਨਯੋਗ ਵਾਜਪਈ ਸਾਹਿਬ ਜੀ ਦੀ ਰਾਜ ਧਰਮ ਨਿਭਾਉਣ ਦੀ ਟਿੱਪਣੀ ਆਪਣੇ ਪੱਲੇ ਬਨ ਲੈਣੀ ਚਾਹੀਦੀ ਹੈ।
ਕੌਣ ਨਹੀਂ ਜਾਣਦਾ ਕਿ ਭਾਰਤ ‘ਚ ਹਿੰਦੂ ਬਹੁਗਿਣਤੀ ਹੈ, ਪਾਕਿਸਤਾਨ ‘ਚ ਮੁਸਲਿਮ। ਜੇ ਦੋਵੇਂ ਕੌਮਾਂ ਇਕ ਦੂਜੇ ਦਾ ਸਤਿਕਾਰ ਕਰਨ ਤਾਂ ਦੋਹਾਂ ਦੇਸ਼ਾਂ ਦੀਆਂ 90 ਫੀਸਦ ਸਮੱਸਿਆਵਾਂ ਹੱਲ ਹੋ ਜਾਣ। ਇਕ ਦੂਜੇ ‘ਤੇ ਭਾਜੀ ਚਾੜਨ ਦੀ ਪਹਿਲ ‘ਚ ਹੀ ਅਸੀ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਗਵਾਅ ਚੁੱਕੇ ਹਾਂ। ਸਾਡੇ ਜਾਤੀ ਪਾੜਿਆਂ ਕਾਰਨ ਦੇਸ਼’ਚ ਨਵੇਂ ਧਰਮ ਆਏ ਅਤੇ ਬਣੇ। ਬਾਹਰੋਂ ਆ ਕੇ ਸਾਡੇ ਦੇਸ਼ ‘ਚ ਮੁਗਲ , ਫਰਾਂਸੀਸੀ, ਪੁਰਤਗਾਲੀ ਅਤੇ ਅੰਗਰੇਜ਼ਾਂ ਨੇ ਸਾਡੇ ਆਪਣੇ ਅਤੇ ਆਪਸੀ ਪਾੜਿਆਂ ਕਾਰਨ ਰਾਜ ਕੀਤਾ। ਅੱਜ ਵੀ ਸਾਡੇ ਜਾਤੀ ਮਜ੍ਹਬਾਂ ਤੋਂ ਹੀ ਸਾਡੀ ਅਸੁਰੱਖਿਆ ਹੈ।ਗਲੋਬਲਾਈਜੇਸ਼ਨ ਦੇ ਦੌਰ ‘ਚ ਸਾਨੂੰ ਜਾਤਾਂ , ਮਜ੍ਹਬਾਂ ਅਤੇ ਫਿਰਕਿਆਂ ਤੋਂ ਉੱਪਰ ੳੱਠ ਕੇ ਘੱਟਗਿਣਤੀਆਂ ‘ਚ ਵਿਸ਼ਵਾਸ ਬਣਾਉਣਾ ਹੀ ਸਮੇਂ ਦੀ ਲੋੜ ਹੈ।