ਹਰ ਘਟਨਾ ਦਾ ਰਾਜਨੀਤੀਕਰਨ ਮੰਦਭਾਗਾ - ਗੁਰਤੇਜ ਸਿੱਧੂ
Posted on:- 20-10-2015
ਸੋਸ਼ਲ ਮੀਡੀਆ ਉੱਤੇ ਨੈਪੋਲੀਅਨ ਦਾ ਇਹ ਵਿਚਾਰ “ਜਦੋਂ ਲੋਕ ਆਪਣੇ ਹੱਕਾਂ ਲਈ ਅਵਾਜ਼ ਚੁੱਕਣ ਤਾਂ ਉਨ੍ਹਾਂ ਨੂੰ ਧਾਰਮਿਕ ਮਾਮਲੇ ਵਿੱਚ ਉਲਝਾ ਦਿਉ,ਉਹ ਮੁੱਦੇ ਤੋਂ ਭਟਕ ਜਾਣਗੇ ਅਤੇ ਭਾਵਨਾਵਾਂ ਵਿੱਚ ਗਵਾਚ ਕੇ ਆਵਦੀ ਕੌਮ ਅੰਦਰ ਮਾਰ ਘਾਤ ਕਰਨਗੇ” ਦੇਸ਼ ਅੰਦਰ ਹੋਈਆਂ ਸੰਪ੍ਰਦਾਇਕ ਘਟਨਾਵਾਂ ਦੇ ਸੰਦਰਭ ਵਿੱਚ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ।ਬੁੱਧਵਾਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਪਿੰਡ ਵਿੱਚ ਮਾਨਵਤਾ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈਕੇ ਸਿੱਖਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਪੁਲਿਸ ਜਵਾਨਾਂ ਸਮੇਤ ਪੰਜਾਹ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਦਰਅਸਲ ਜੂਨ ਮਹੀਨੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਸ਼ਰਾਰਤੀ ਅਨਸਰਾਂ ਨੇ ਚੋਰੀ ਕਰ ਲਈ ਸੀ।ਉਸ ਸਮੇਂ ਸਿੱਖ ਸੰਗਤ ਨੇ ਇਸ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈਕੇ ਲੋਕਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਅਤੇ ਰੋਸ ਮੁਜ਼ਾਹਰੇ ਵੀ ਕੀਤੇ ਪਰ ਉਨ੍ਹਾਂ ਦੇ ਕੰਨ ‘ਤੇ ਜੂੰ ਨਹੀਂ ਸਰਕੀ।
ਸ਼ਰਾਰਤੀ ਅਨਸਰਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਧਮਕੀ ਭਰਿਆ ਪੋਸਟਰ ਚਿਪਕਾ ਦਿੱਤਾ ਕਿ ਜੋ ਆਗੂ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ, ਉਨ੍ਹਾਂ ਨੂੰ ਅੰਜਾਮ ਭੁਗਤਣਾ ਪੈ ਸਕਦਾ ਹੈ।ਬਾਅਦ ‘ਚ ਬਰਗਾੜੀ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦੇ 125 ਅੰਗ ਖਿੱਲਰੇ ਮਿਲੇ ਜਿਸਨੇ ਸਿੱਖ ਸੰਗਤ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਅਤੇ ਲੋਕਾਂ ਦੇ ਰੋਹ ਨੂੰ ਭੜਕਾ ਦਿੱਤਾ।ਲੋਕਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਉੱਤੇ ਪੁਲਿਸ ਦੁਆਰਾ ਕੀਤੀ ਫਾਇਰੰਗ ਨੇ ਪ੍ਰਸ਼ਾਸ਼ਨ ਅਤੇ ਪੁਲਿਸ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕੀਤਾ ਹੈ।
ਸੋਚਣ ਦੀ ਗੱਲ ਇਹ ਹੈ ਕਿ ਪੁਲਿਸ ਹੁਣ ਵੀ ਤਾਂ ਹਰਕਤ ‘ਚ ਆਈ ਹੈ ਅਗਰ ਤਿੰਨ ਮਹੀਨੇ ਪਹਿਲਾਂ ਪੁਲਿਸ ਨੇ ਚੁਸਤੀ ਦਿਖਾਈ ਹੁੰਦੀ ਤਾਂ ਅੱਜ ਦੇ ਹਾਲਾਤਾਂ ਨੂੰ ਟਾਲਿਆ ਜਾ ਸਕਦਾ ਸੀ।ਸੂਬੇ ਦੇ ਉੱਪ ਮੰਤਰੀ ਦਾ ਦੇਰ ਪਰ ਦਰੁਸਤ ਕਦਮ ਇਸ ਘਟਨਾ ਦੇ ਨਿਆਂਇਕ ਹੁਕਮ ਦਿੱਤੇ ਅਤੇ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰਨ ਲਈ ਵੱਡੀ ਰਕਮ ਇਨਾਮ ਵਜੋਂ ਦੇਣ ਦੀ ਪੇਸ਼ਕਸ਼ ਕੀਤੀ।ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਦੇਸ ਅਤੇ ਸੂਬਾ ਸਰਕਾਰਾਂ ਨੇ ਹਰ ਮੁੱਦੇ ‘ਤੇ ਦਰੁਸਤ ਫੈਸਲਾ ਲੈਣ ਵਿੱਚ ਕੁਤਾਹੀ ਕੀਤੀ ਹੈ ਤੇ ਇਸਦੇ ਗੰਭੀਰ ਨਤੀਜਿਆਂ ਦਾ ਸੰਤਾਪ ਲੋਕਾਂ ਨੇ ਭੁਗਤਿਆ ਹੈ।ਪੰਜਾਬ ਜੋ ਇੰਨੇ ਸੰਤਾਪ ਹੰਢਾ ਚੁੱਕਾ ਹੈ ਉਸ ਧਰਤੀ ‘ਤੇ ਵਾਰ ਵਾਰ ਉਹੀ ਘਟਨਾਵਾਂ ਦਾ ਵਾਪਰਨਾ ਕਮਜ਼ੋਰ ਪ੍ਰਸ਼ਾਸ਼ਨਿਕ ਇੱਛਾ ਸਕਤੀ ਨੂੰ ਦਰਸਾਉਦਾ ਹੈ।ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰਾਂ ਤੇ ਪ੍ਰਸ਼ਾਸ਼ਨਿਕ ਲੋਕ ਇਨ੍ਹਾਂ ਤੋਂ ਸਬਕ ਲੈਂਦੇ ਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਰਹਿੰਦੇ ਪਰ ਅਜਿਹਾ ਹੋਇਆ ਨਹੀਂ।ਦੇਸ਼ ਅੰਦਰ ਹੁੰਦੀਆਂ ਸੰਪ੍ਰਦਾਇਕ ਤੇ ਹੋਰ ਘਟਨਾਵਾਂ ਨੂੰ ਹਮੇਸ਼ਾਂ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾਦਾ ਹੈ ਜੋ ਕਾਫੀ ਹੱਦ ਤੱਕ ਸਹੀ ਵੀ ਹੈ।ਹਰ ਘਟਨਾ ‘ਤੇ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ।ਧਰਮ ਜਾਤ ਦੀ ਰਾਜਨੀਤੀ ਇੱਥੇ ਭਾਰੂ ਹੈ ਤੇ ਇਸ ਦੀ ਵਰਤੋਂ ਬਾਖੂਬੀ ਕੀਤੀ ਵੀ ਜਾਦੀ ਹੈ।ਦਾਦਰੀ ਕਾਂਡ ਜਿਸ ਵਿੱਚ ਇੱਕ ਮੁਸਲਮਾਨ ਨੌਜਵਾਨ ਗਊ ਹੱਤਿਆ ਦੇ ਦੋਸ਼ ਤਹਿਤ ਮਾਰਿਆ ਗਿਆ, ਜੋ ਬਹੁਤ ਮੰਦਭਾਗੀ ਘਟਨਾ ਹੈ।ਇਸ ਪੂਰੇ ਘਟਨਾਕ੍ਰਮ ਵਿੱਚ ਸੋਸ਼ਲ ਮੀਡੀਆ ਦੀ ਕਾਰਵਾਈ ਬੜੀ ਨਾਕਾਰਾਤਕ ਸੀ ਕਿਉਂਕਿ ਸੋਸ਼ਲ ਮੀਡੀਆ ਦੀ ਅਫਵਾਹ ਨੇ ਇਸ ਝੂਠ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇੱਕ ਹੱਸਦੇ ਵਸਦੇ ਪਰਿਵਾਰ ਦਾ ਬੇਕਸੂਰ ਨੌਜਵਾਨ ਕੱਟੜਪੰਥੀਆਂ ਦੀ ਨਫਰਤ ਦਾ ਸ਼ਿਕਾਰ ਹੋ ਗਿਆ ਤੇ ਬੇਮੌਤ ਮਾਰਿਆ ਗਿਆ।ਸੋਸ਼ਲ ਮੀਡੀਆ ਤੇ ਅਜਿਹੇ ਮਾਮਲੇ ਬੜੀ ਜਲਦੀ ਫੈਲਦੇ ਹਨ।ਇੱਕ ਤਾਜ਼ਾ ਰਿਪੋਰਟ ਜਿਸ ਵਿੱਚ ਦੇਸ ਦੇ ਸੌਸ਼ਲ ਮੀਡੀਆ ਬਾਰੇ ਇਹ ਕਿਹਾ ਗਿਆ ਹੈ ਕਿ ਇਸ ਉੱਪਰ ਭੜਕਾਊ ਸਮੱਗਰੀ ਬਹੁਤ ਜਲਦੀ ਵਾਇਰਲ ਹੋ ਜਾਦੀ ਹੈ ਤੇ ਕਿਸੇ ਦਿਨ ਸ਼ਰਾਰਤੀ ਅਨਸਰ ਜਾਂ ਦੇਸ਼ ਵਿਰੋਧੀ ਤਾਕਤਾਂ ਇਸ ਦਾ ਇਸਤੇਮਾਲ ਕਰਕੇ ਦੇਸ਼ ਨੂੰ ਸੰਪ੍ਰਦਾਇਕਤਾ ਦੀ ਅੱਗ ਵਿੱਚ ਝੋਂਕ ਦੇਣਗੀਆਂ ਤੇ ਲੋਕ ਉਨ੍ਹਾਂ ਦੀ ਇਸ ਕਾਰਵਾਈ ਤੋਂ ਅਣਜਾਣ ਰਹਿ ਕੇ ਤੁਰੰਤ ਦੰਗਾ ਫਸਾਦ ਸ਼ੁਰੂ ਕਰ ਦੇਣਗੇ।ਇਸ ਰਿਪੋਰਟ ਵਿਚਲੀ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਸੂਬੇ ਅੰਦਰ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਕਈ ਦਿਨਾਂ ਤੋਂ ਚੱਲ ਰਿਹਾ ਸੀ।ਰੇਲਾਂ ਰੋਕਣ ਤੇਂ ਸੜਕੀ ਆਵਾਜਾਈ ਠੱਪ ਕਰਨ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਸਨ ਅਤੇ ਰੇਲ ਵਿਭਾਗ ਨੂੰ 800 ਕਰੋੜ ਰੁਪਏ ਦੇ ਨੁਕਸਾਨ ਦੀ ਖਬਰ ਹੈ ਇਸ ਕਰਕੇ ਰੇਲ ਮਹਿਕਮਾ ਕਿਸਾਨਾਂ ਅਤੇ ਸੂਬਾ ਸਰਕਾਰ ਉੱਤੇ ਕੇਸ ਕਰਨ ਦੀ ਤਿਆਰੀ ਵਿੱਚ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਸੁਬਾ ਸਰਕਾਰ ਨੂੰ ਹਰਜਾਨਾ ਭਰਨਾ ਪੈ ਸਕਦਾ ਹੈ।ਇੱਥੇ ਵੀ ਸਮੇ ਸਿਰ ਦਰੁਸਤ ਫੈਸਲਾ ਲੈਣ ‘ਚ ਦੇਰੀ ਨੇ ਕਿਸਾਨਾਂ ਅਤੇ ਖੁਦ ਸਰਕਾਰ ਨੂੰ ਵਖਤ ਵਿੱਚ ਪਾਇਆ ਹੈ।ਵਿਰੋਧੀ ਸਿਆਸੀ ਧਿਰਾਂ ਨੇ ਮਾਮਲੇ ਦੀ ਨਜ਼ਾਕਤ ਨੂੰ ਸਮਝਣ ਦੀ ਜਗ੍ਹਾ ਆਪਣੇ ਹਿਤ ਪੂਰਨ ਦੀ ਸਿਆਸਤ ਕੀਤੀ ਜਿਸਦਾ ਪਹਿਲਾਂ ਦੀ ਤਰਾਂ ਕਿਸਾਨਾਂ ਜਾਂ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ।ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਸਲੇ ਕੋਈ ਨਵੇਂ ਨਹੀਂ ਹਨ ਤੇ ਹਰ ਸਰਕਾਰ ਦੇ ਕਾਰਜਕਾਲ ਸਮੇਂ ਇਹ ਵਾਪਰਦੇ ਹਨ ਪਰ ਵਿਰੋਧੀ ਧਿਰ ਹੋਕੇ ਇਨ੍ਹਾਂ ਉੱਪਰ ਸੌੜੀ ਰਾਜਨੀਤੀ ਕੀਤੀ ਜਾਦੀ ਹੈ ਅਤੇ ਛੋਟੇ ਤੋਂ ਛੋਟੇ ਮਸਲੇ ਨੂੰ ਫਿਰਕੂ ਰੰਗਤ ਦੇ ਕੇ ਦੇਸ਼ ਸਮਾਜ ਦੇ ਭਾਈਚਾਰਕ ਮਾਹੌਲ ਨੂੰ ਢਾਹ ਲਗਾਈ ਜਾਦੀ ਹੈ।ਸੱਤਾ ਧਿਰ ਨੂੰ ਇਸ ਬਾਬਤ ਸਵਾਲ ਕਰਨ ਸਮੇ ਵਿਰੋਧੀ ਧਿਰ ਆਪਣੇ ਆਪ ਨੂੰ ਸਵਾਲ ਕਿਉਂ ਨਹੀਂ ਕਰਦੀ ਕਿ ਅਸੀ ਇਨ੍ਹਾਂ ਮੁੱਦਿਆਂ ਨੂੰ ਕਿੰਨਾ ਕੁ ਸੰਜੀਦਗੀ ਨਾਲ ਲਿਆ ਸੀ।ਦਰਅਸਲ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਇਹ ਰਾਜਨੇਤਾ ਮਖੌਟੇ ਬਦਲ ਬਦਲ ਕੇ ਕੁਰਸੀਆਂ ‘ਤੇ ਕਾਬਜ ਹੁੰਦੇ ਰਹਿੰਦੇ ਹਨ ਤੇ ਅੰਦਰਖਾਤੇ ਸਭ ਇੱਕੋ ਜਿਹੇ ਹਨ।ਇਹ ਰਾਜਨੇਤਾ ਵਿਰੋਧੀ ਧਿਰ ਹੋਣ ਦੇ ਬਾਵਜੂਦ ਆਪਸ ਵਿੱਚ ਰੋਟੀ ਬੇਟੀ ਦੀ ਸਾਂਝ ਕਰਦੇ ਹਨ ਅਤੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ ਪਰ ਲੋਕ ਮੁੱਦਿਆਂ ‘ਤੇ ਕੱਟੜ ਵਿਰੋਧੀ ਬਣ ਜਾਦੇ ਹਨ।ਹਰ ਘਟਨਾ ਦਾ ਰਾਜਨੀਤੀਕਰਨ ਕੀਤੇ ਬਿਨਾਂ ਇਨ੍ਹਾਂ ਦਾ ਪ੍ਰਕਰਣ ਪੂਰਾ ਨਹੀਂ ਹੁੰਦਾ।ਮੁੱਕਦੀ ਗੱਲ ਇੱਥੇ ਹੈ ਕਿ ਸਭ ਤੋਂ ਪਹਿਲਾਂ ਦੇਸ ਅੰਦਰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਕਦੇ ਵੀ ਸੰਪ੍ਰਦਾਇਕ ਘਟਨਾਵਾਂ ਨਾ ਵਾਪਰਨ।ਮੀਡੀਆ ਇਨ੍ਹਾਂ ਨਾਜ਼ੁਕ ਮੁੱਦਿਆਂ ‘ਤੇ ਸੰਜੀਦਗੀ ਨਾਲ ਕਲਮ ਵਾਹੇ ਤੇ ਬੋਲੇ।ਪੁਖਤਾ ਖਬਰਾਂ ਹੀ ਪ੍ਰਸਾਰਿਤ ਕਰੇ ਤੇ ਅਫਵਾਹਾਂ ਦਾ ਖੰਡਨ ਕਰੇ।ਰਾਜਨੀਤਕ ਲੋਕ ਹਰ ਮੁੱਦੇ ‘ਤੇ ਸਿਆਸੀ ਰੋਟੀਆਂ ਨਾਂ ਸੇਕਣ ਸਿਰਫ ਫੋਕੀ ਵਾਹ ਵਾਹ ਲਈ ਭੜਕਾਊੂ ਭਾਸ਼ਨਾਂ ਤੋਂ ਪ੍ਰਹੇਜ ਕਰਨ।ਆਪਣੀ ਚੌਧਰ ਲਈ ਇਨਸਾਨੀ ਜਾਨਾਂ ਦਾਅ ‘ਤੇ ਨਾ ਲਗਾਈਆਂ ਜਾਣ।ਸੋਸ਼ਲ ਮੀਡੀਆ ‘ਤੇ ਨਜ਼ਰਸਾਨੀ ਜ਼ਰੂਰੀ ਹੈ ਤੇ ਭੜਕਾਊ ਸਮੱਗਰੀ ਫੈਲਾਉਣ ਵਾਲਿਆਂ ਵਿਰੁੱਧ ਸਖਤੀ ਕੀਤੀ ਜਾਵੇ।ਧਰਮ ਤੇ ਹੋਰ ਸਮਾਜਿਕ ਸੰਵੇਦਨਸ਼ੀਲ ਮਸਲਿਆਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ।ਸ਼ਰਾਰਤੀ ਅਨਸਰਾਂ ਨੂੰ ਸ਼ੈਅ ਦੇਣ ਵਾਲੇ ਰਾਜਨੀਤਕ, ਧਾਰਮਿਕ ਆਗੂਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।ਪੁਲਿਸ ਆਪਣਾ ਰਵੱਈਆ ਜਰੂਰ ਸਾਕਾਰਾਤਮਕ ਕਰੇ।ਅਗਰ ਦੋਵਾਂ ‘ਚੋਂ ਇੱਕ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਸਮਝੇ ਨੁਕਸਾਨ ਤਾਂ ਆਮ ਲੋਕਾਂ ਦਾ ਹੀ ਹੋਇਆ ਹੈ।ਲੋਕ ਵੀ ਅਜਿਹੀਆਂ ਘਟਨਾਵਾਂ ਸਮੇਂ ਸੰਜਮ ਰੱਖਣ ਜਲਦਬਾਜ਼ੀ ਦੀ ਜਗ੍ਹਾ ਸੋਚ ਵਿਚਾਰ ਕੇ ਕਦਮ ਪੁੱਟਣ ਕਿਉਂਕਿ ਸ਼ਰਾਰਤੀ ਅਨਸਰ ਅਤੇ ਸਾਰੇ ਆਗੂ ਲਾਂਭੇ ਹੋ ਜਾਦੇ ਹਨ ਤੇ ਆਮ ਲੋਕ ਆਪਸ ਵਿੱਚ ਲੜ ਲੜ ਮਰ ਜਾਦੇ ਹਨ ਸੋ ਇਨ੍ਹਾਂ ਵਰਤਾਰਿਆਂ ਲਈ ਜਾਗਰੂਕ ਹੋਣ ਦੀ ਲੋੜ ਹੈ।ਸੰਪਰਕ +91 94641 72783