ਨਵੀਂ ਪੀੜ੍ਹੀ ਨੂੰ ਬਣਾਉਣਾ ਪਵੇਗਾ ਪੁਰਾਣੀ ਪੀੜ੍ਹੀ ਨਾਲ ਤਾਲਮੇਲ -ਗੁਰਤੇਜ ਸਿੱਧੂ
Posted on:- 17-10-2015
ਹਿੰਦੂ ਸਾਸ਼ਤਰ ਜੀਵਨ ਦੇ ਚਾਰ ਪੜਾਵਾਂ ਬਾਰੇ ਦੱਸਦੇ ਹਨ। ਉਨ੍ਹਾਂ ਵਿੱਚੋਂ ਇੱਕ ਗ੍ਰਹਿਸਥੀ ਵੀ ਸ਼ਾਮਿਲ ਹੈ। ਹੋਰ ਧਰਮ ਵੀ ਇਸ ਦੀ ਹਾਮੀ ਭਰਦੇ ਹਨ। ਮਨੁੱਖ ਦੀ ਉਤਪਤੀ ਹਜ਼ਾਰਾਂ ਸਾਲ ਪਹਿਲਾਂ ਹੋਈ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਮਰਦ ਅਤੇ ਔਰਤ ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ। ਸਾਡਾ ਸਮਾਜ ਵਿਆਹ ਨੂੰ ਇੱਕ ਅਹਿਮ ਰੋਲ ਸਮਝਦਾ ਹੈ, ਜੋ ਬਾਲਿਗ ਨਿਭਾਉਂਦੇ ਹਨ।
ਸਿੱਖਿਆ ਅਤੇ ਤਕਨਾਲੋਜੀ ਨੇ ਵਿਸ਼ਵ ਨੂੰ ਇੱਕ ਪਿੰਡ ਬਣਾ ਦਿੱਤਾ ਹੈ, ਜਿਸ ਨੇ ਲੋਕਾਂ ਨੂੰ ਕਰੀਬ ਲਿਆਂਦਾ ਹੈ। ਚੰਗੇ ਜੀਵਨ ਸਾਥੀ ਦੀ ਭਾਲ ਅਤੇ ਸਾਥ ਹਰ ਬਾਲਿਗ ਨੂੰ ਹੁੰਦੀ ਹੈ, ਕਿਉਂਕਿ ਚੰਗਾ ਹਮਸਫਰ ਜ਼ਿੰਦਗੀ ਦੇ ਸਫਰ ਨੂੰ ਸੁਹਾਣਾ ਬਣਾ ਦਿੰਦਾ ਹੈ। ਅਕਸਰ ਹੀ ਨੌਜਵਾਨ ਇਸ ਉਮਰ ਵਿੱਚ ਹੋਸ਼ ਨਾਲੋਂ ਜੋਸ਼ ਨੂੰ ਤਰਜੀਹ ਦਿੰਦੇ ਹਨ। ਹੋਸ਼ ਤੇ ਜੋਸ਼ ਦੇ ਸੰਤੁਲਨ ਦਾ ਵਿਗਾੜ ਇਸ ਉਮਰ ਵਿੱਚ ਆਮ ਵੇਖਣ ਨੂੰ ਮਿਲਦਾ ਹੈ। ਅਗਰ ਨੌਜਵਾਨਾਂ ਨੂੰ ਸਹੀ ਸੇਧ ਮਿਲੇ ਤਾਂ ਜੋਸ਼ ਦੇ ਨਾਲ-ਨਾਲ ਹੋਸ਼ ਦੀ ਵਰਤੋਂ ਵੀ ਬਾਖੂਬੀ ਕਰਨਗੇ। ਅਜੋਕੇ ਦੌਰ ਵਿੱਚ ਪੀੜ੍ਹੀ ਦਾ ਫਰਕ (ਜੈਨਰੇਸ਼ਨ ਗੈਪ) ਬਹੁਤ ਵੱਧ ਚੁੱਕੀ ਹੈ, ਜੋ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੇ ਸ਼ਾਇਦ ਹਮੇਸ਼ਾਂ ਹੀ ਰਹੇਗੀ, ਪਰ ਦੋਵਾਂ ਪੀੜ੍ਹੀਆਂ ਦੀ ਆਪਸੀ ਸੂਝ-ਬੂਝ ਇਸ ਦੂਰੀ ਨੂੰ ਘੱਟ ਕਰ ਸਕਦੀ ਹੈ। ਅਜੋਕੇ ਨੌਜਵਾਨਾਂ ਵਿੱਚ ਸੰਜਮ ਦੀ ਘਾਟ ਮਹਿਸੂਸ ਹੁੰਦੀ ਹੈ ਤੇ ਹਰ ਫੈਸਲਾ ਆਪਣੇ-ਆਪ ਕਰਨਾ ਲੋਚਦੇ ਹਨ।
ਪ੍ਰੇਮ ਵਿਆਹ ਦੀ ਰੀਤ ਲੰਬੇ ਸਮੇਂ ਤੋਂ ਪ੍ਰਚੱਲਤ ਹੈ, ਹਾਲਾਂਕਿ ਅਜਿਹਾ ਕਰਨਾ ਗੁਨਾਹ ਨਹੀਂ। ਅਜੋਕੇ ਦੌਰ ਵਿੱਚ ਇਹ ਕਾਫੀ ਪ੍ਰਚੱਲਤ ਹੋ ਰਿਹਾ ਹੈ ਕਿ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਵਿੱਚ ਤਾਲਮੇਲ ਨਾ ਹੋਣ ਕਰਕੇ ਪ੍ਰੇਮ ਵਿਆਹ ਦੇ ਮੁੱਦੇ ‘ਤੇ ਸ਼ੋਰ-ਸ਼ਰਾਬਾ ਹੁੰਦਾ ਹੈ, ਜੋ ਅਖਬਾਰ ਦੀਆਂ ਸੁਰਖੀਆਂ ਬਣਦਾ ਹੈ।ਇਹ ਵੇਖਿਆ ਗਿਆ ਹੈ ਕਿ ਨੌਜਵਾਨ ਅੱਜ ਦੀ ਚਮਕ-ਦਮਕ ਵਿੱਚ ਆ ਕੇ ਆਪਣਾ ਕੀਮਤੀ ਸਮਾਂ, ਪੜ੍ਹਾਈ, ਪੈਸਾ ਅਤੇ ਮਾਪਿਆਂ ਦੀ ਇੱਜ਼ਤ ਨੂੰ ਨਸ਼ਟ ਕਰਦੇ ਹਨ। ਜਿਸਮਾਂ ਦੀ ਖਿੱਚ ਨੂੰ ਪਿਆਰ ਦਾ ਨਾਮ ਦਿੰਦੇ ਹਨ ਅਤੇ ਪਿਆਰ ਦੇ ਨਾਂਅ ਉੱਪਰ ਮਰਿਯਾਦਾਵਾਂ ਤਾਰ-ਤਾਰ ਕੀਤੀਆਂ ਜਾਂਦੀਆਂ ਹਨ, ਜੋ ਸ਼ਰਮ ਅਤੇ ਦੁੱਖ ਦੀ ਗੱਲ ਹੈ। ਸਵਾਰਥੀ ਲੋਕ ਪਿਆਰ ਦੀ ਆੜ੍ਹ ਵਿੱਚ ਆਪਣੇ ਸਵਾਰਥਾਂ ਦੀ ਪੂਰਤੀ ਕਰਦੇ ਹਨ। ਜ਼ਿਆਦਾਤਰ ਨੌਜਵਾਨ ਅਜੇ ਆਪਣੇ ਪੈਰਾਂ ‘ਤੇ ਖੜ੍ਹੇ ਵੀ ਨਹੀਂ ਹੋਏ ਹੁੰਦੇ ਤੇ ਪ੍ਰੇਮ ਵਿਆਹ ਕਰਵਾ ਲੈਂਦੇ ਹਨ। ਇਸ ਮਾਮਲੇ ਵਿੱਚ ਉਹ ਘਰ ਸਮਾਜ ਨਾਲ ਬਗਾਵਤ ਕਰਦੇ ਹਨ, ਜਿਸ ਨਾਲ ਇਨ੍ਹਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਬਹੁਤ ਵਾਰ ਝੂਠੀ ਅਣਖ ਲਈ ਲੜਕਾ ਜਾਂ ਲੜਕੀ ਜਾਂ ਫਿਰ ਦੋਵੇਂ ਹੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਂਦੇ ਹਨ। ਡਾਵਾਂਡੋਲ ਭਵਿੱਖ ਅਤੇ ਮਾਪਿਆਂ ਦੀ ਅਣਹੋਂਦ ਕਾਰਨ ਸਮਾਜਿਕ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਲੜਾਈ ਕਲੇਸ਼ ਤੇ ਆਖਿਰ ਤਲਾਕ। ਅੱਜ ਤਲਾਕ ਦੇ ਜ਼ਿਆਦਾਤਰ ਕੇਸ ਪ੍ਰੇਮ ਵਿਆਹ ਨਾਲ ਹੀ ਸਬੰਧਿਤ ਹੁੰਦੇ ਹਨ। ਪ੍ਰੇਮ ਵਿਆਹ ਸਫਲ ਘੱਟ ਹੋਣ ਦੇ ਕਈ ਕਾਰਨ ਹਨ ਜਿਵੇਂ ਸਮਾਜਿਕ ਦਬਾਅ, ਅਸੁਰੱਖਿਅਤ ਭਵਿੱਖ ਅਤੇ ਰਿਸ਼ਤੇ ਵਿੱਚੋਂ ਆਪਸੀ ਸਮਝ ਦਾ ਖਤਮ ਹੋਣਾ ਆਦਿ। ਆਖਰ ਬੱਚੇ ਇਸ ਤਰ੍ਹਾਂ ਦੇ ਕਦਮ ਪੁੱਟਦੇ ਹੀ ਕਿਉਂ ਹਨ? ਇਸ ਦੇ ਬਹੁਤ ਕਾਰਨ ਹਨ ਮਾਪਿਆਂ ਦਾ ਬੱਚਿਆਂ ਨਾਲ ਘੱਟ ਤਾਲ-ਮੇਲ, ਨੈਤਿਕ ਸਿੱਖਿਆ ਦੀ ਕਮੀ, ਚਕਾਚੌਂਧ, ਤਣਾਅ ਮਾਨਸਿਕ ਅਤੇ ਸਮਾਜਿਕ ਆਦਿ।ਜੇਕਰ ਅਸੀਂ ਕਿਸੇ ਨੂੰ ਪਸੰਦ ਕਰ ਲਿਆ ਹੈ ਤਾਂ ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਉਸ ਦੀ ਸਿੱਖਿਆ, ਰਹਿਣੀ-ਬਹਿਣੀ ਅਤੇ ਉਸ ਦੀ ਹੈਸੀਅਤ ਇੰਨੀ ਕੁ ਹੋਵੇ ਕਿ ਉਹ ਭਵਿੱਖ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰ ਸਕੇ। ਜਾਤ-ਪਾਤ ਇੱਥੇ ਕੋਈ ਮਾਇਨੇ ਨਹੀਂ ਰੱਖਦੀ। ਇਸ ਦਾ ਸਾਰਥਿਕ ਪੱਖ ਇਹ ਹੋ ਸਕਦਾ ਹੈ ਕਿ ਜਦ ਅੰਤਰ-ਜਾਤੀ ਵਿਆਹ ਹੋਣਗੇ ਤਾਂ ਸਮਾਜ ਵਿੱਚੋਂ ਜਾਤ-ਪਾਤ ਖਤਮ ਹੋਵੇਗੀ। ਜਾਤ-ਪਾਤ ਖਤਮ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਅੰਤਰਜਾਤੀ ਵਿਆਹ। ਜਦ ਇਨ੍ਹਾਂ ਵਿੱਚ ਰਿਸ਼ਤੇਦਾਰੀਆਂ ਪੈਣਗੀਆਂ ਤਾਂ ਲਾਜਮੀ ਹੀ ਜਾਤ-ਪਾਤ ਖਤਮ ਹੋਵੇਗੀ। ਫਿਰ ਮਾਪਿਆਂ ਤੱਕ ਪਹੁੰਚ ਕੀਤੀ ਜਾਵੇ। ਸਾਰੇ ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲੋਚਦੇ ਹਨ। ਅਗਰ ਉਹ ਇਸ ਲਈ ਰਾਜ਼ੀ ਨਹੀਂ ਹੁੰਦੇ ਤਾਂ ਗਲਤ ਕਦਮ ਚੁੱਕਣ ਦੀ ਥਾਂ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਅਸੀਂ ਇਸ ਲਈ ਯੋਗ ਹਾਂ, ਤੁਸੀਂ ਸਾਨੂੰ ਆਪਣੀ ਕਸਵੱਟੀ ‘ਤੇ ਪਰਖੋ। ਅਗਰ ਤੁਸੀਂ ਉਨ੍ਹਾਂ ਦੀ ਕਸਵੱਟੀ ‘ਤੇ ਖਰੇ ਉਤਰਦੇ ਹੋ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਉਹ ਇਸ ਫੈਸਲੇ ‘ਤੇ ਆਪਣੀ ਰਜ਼ਾਮੰਦੀ ਦੀ ਮੋਹਰ ਨਾ ਲਗਾਉਣ। ਅਜੋਕੇ ਮਾਪੇ ਜ਼ਿਆਦਾਤਰ ਪੜ੍ਹੇ-ਲਿਖੇ ਹਨ ਅਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ।ਹਾਂ ਜੇ ਫਿਰ ਵੀ ਰਜ਼ਾਮੰਦ ਨਹੀਂ ਹੁੰਦੇ ਤਾਂ ਬਗਾਵਤ ਨਹੀਂ ਕਰਨੀ ਚਾਹੀਦੀ, ਸਗੋਂ ਹੋਰ ਕੋਈ ਰਾਹ ਲੱਭਣਾ ਚਾਹੀਦਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਕਾਫੀ ਹੱਦ ਤੱਕ ਨੌਜਵਾਨ ਇਸ ਗੱਲ ਨੂੰ ਸਮਝਣ ਵੀ ਲੱਗ ਪਏ ਹਨ ਕਿ ਇਹ ਫੈਸਲਾ ਅਸੀਂ ਇਕੱਲਿਆਂ ਨਹੀਂ ਲੈਣਾ, ਮਾਪਿਆਂ ਦੀ ਸ਼ਮੂਲੀਅਤ ਲਾਜ਼ਮੀ ਹੈ, ਉਹ ਲਵ-ਕਮ-ਅਰੇਂਜ ਮੈਰਿਜ ਨੂੰ ਤਰਜੀਹ ਦੇ ਰਹੇ ਹਨ, ਜੋ ਇੱਕ ਸਾਰਥਿਕ ਕਦਮ ਹੈ। ਮਾਪਿਆਂ ਅਤੇ ਸਮਾਜ ਦੇ ਭਰੋਸੇ ਨੂੰ ਜਦੋਂ ਤੋੜਿਆ ਜਾਂਦਾ ਹੈ ਤਾਂ ਸਮਾਜਿਕ ਉਥਲ-ਪੁਥਲ ਵਾਪਰਦੀ ਹੈ। ਬਹੁਤੇ ਨੌਜਵਾਨਾਂ ਦਾ ਤਰਕ ਹੁੰਦਾ ਹੈ ਕਿ ਅਸੀਂ ਸਮੇਂ ਨਾਲ ਖੁਦ ਨੂੰ ਬਦਲ ਰਹੇ ਹਾਂ, ਪਰ ਕੋਈ ਉਨ੍ਹਾਂ ਨੂੰ ਪੁੱਛੇ ਕਿ ਹੋਰ ਕਿੰਨੀਆਂ ਬੁਰਾਈਆਂ ਹਨ, ਉਨ੍ਹਾਂ ਨੂੰ ਖਤਮ ਕਰਨ ਲਈ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਬਦਲਿਆ ਹੈ? ਇਹ ਵੀ ਆਮ ਵੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਆਪਣੇ ਦੋਸਤਾਂ ਨੂੰ ਇਹ ਕਹਿ ਕੇ ਤੰਗ ਕਰਦੇ ਹਨ ਕਿ ਤੇਰੀ ਗਰਲ ਫਰੈਂਡ ਜਾਂ ਬੁਆਏ ਫਰੈਂਡ ਨਹੀਂ, ਦੱਸ ਤੇਰਾ ਕੋਈ ਜਿਊੁਣ ਦਾ ਹੱਜ ਹੈ? ਜ਼ਿਆਦਾਤਰ ਬੱਚੇ ਇਸ ਨੂੰ ਹੀਣ-ਭਾਵਨਾ ਸਮਝ ਕੇ ਗਲਤ ਰਾਹ ਅਤੇ ਗਲਤ ਲੋਕਾਂ ਦੇ ਧੱਕੇ ਚੜ੍ਹ ਜਾਂਦੇ ਹਨ, ਜਿੱਥੋਂ ਵਾਪਸ ਮੁੜਨਾ ਬੜਾ ਹੀ ਮੁਸ਼ਕਲ ਹੁੰਦਾ ਹੈ। ਸਮਲਿੰਗੀ ਵਿਆਹਾਂ ਨੂੰ ਮਾਨਤਾ ਕਈ ਦੇਸ਼ਾਂ ਨੇ ਦਿੱਤੀ ਹੈ, ਜੋ ਸਰਾਸਰ ਗਲਤ ਹੈ। ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਨੇ ਵੀ ਇਸ ਦੇ ਖਿਲਾਫ ਫੈਸਲਾ ਸੁਣਾਉਂਦੇ ਹੋਏ ਇਸ ਨੂੰ ਜ਼ੁਰਮ ਦੱਸਿਆ ਅਤੇ ਇਸ ਉੱਪਰ ਪਾਬੰਦੀ ਲਗਾਈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਰਾਜਨੀਤਕ ਪਾਰਟੀਆਂ ਇਸ ਦੀ ਹਮਾਇਤ ਕਰ ਰਹੀਆਂ ਸਨ। ਬਹੁਤੇ ਮਨੋਵਿਗਿਆਨਕ ਇਸ ਨੂੰ ਮਨੋ-ਰੋਗ ਮੰਨਦੇ ਹਨ ਅਤੇ ਇਸ ਦੇ ਇਲਾਜ ਲਈ ਮਾਰਗ ਦਰਸ਼ਨ ਕਰਦੇ ਹਨ, ਜੋ ਲੋਕ ਇਸ ਨੂੰ ਮਾਨਤਾ ਦਿੰਦੇ ਹਨ, ਉਹ ਜਰਾ ਇਹ ਸੋਚਣ ਦੀ ਖੇਚਲ ਕਰਨ ਕਿ ਅਸੀਂ ਦੋ ਵੱਖ-ਵੱਖ ਲਿੰਗੀ (ਪੁਰਸ਼ ਅਤੇ ਔਰਤ) ਦੇ ਸੁਮੇਲ ਦੀ ਪ੍ਰਤੱਖ ਉਦਾਹਰਣ ਹਾਂ ਨਾ ਕਿ ਇੱਕ ਲਿੰਗੀ ਜੀਵਾਂ ਦੀ ਪੈਦਾਇਸ਼ ਹਾਂ। ਬਹੁਤ ਸਾਰੇ ਬੈਕਟੀਰੀਆ ਜਾਂ ਹੋਰ ਜੀਵ ਸਮਲਿੰਗੀ ਜ਼ਰੂਰ ਹਨ, ਪਰ ਇਨਸਾਨ ਸਮਲਿੰਗੀ ਨਹੀਂ ਹੈ। ਸਾਡੇ ਧਰਮ ਵੀ ਇਸ ਦੀ ਇਜ਼ਾਜਤ ਨਹੀਂ ਦਿੰਦੇ। ਦਹੇਜ ਦੀ ਮਾੜੀ ਲਾਹਣਤ ਵੀ ਨੌਜਵਾਨਾਂ ਦੀ ਸੋਚ ਦੇ ਬਦਲਣ ਦਾ ਇੰਤਜ਼ਾਰ ਕਰ ਰਹੀ ਹੈ। ਅਗਰ ਨੌਜਵਾਨ ਇੱਕ ਪਾਸੇ ਪਹਿਲ-ਕਦਮੀ ਕਰਨ ਤਾਂ ਦਹੇਜ ਕਾਰਨ ਬਰਬਾਦ ਹੁੰਦੇ ਘਰ ਅਤੇ ਧੀਆਂ ਉੱਪਰ ਹੁੰਦੇ ਤਸ਼ੱਦਦ ਕਾਫੀ ਹੱਦ ਤੱਕ ਘੱਟ ਸਕਦੇ ਹਨ। ਅਸੀਂ ਕਦੇ ਸੋਚਦੇ ਵੀ ਹਾਂ ਜਦ ਦਹੇਜ ਕਾਰਨ ਕਿਸੇ ਦੀ ਬਰਾਤ ਬੇਰੰਗ ਵਾਪਸ ਪਰਤਦੀ ਹੈ ਤਾਂ ਉਹ ਲੜਕੀ ਸਾਰੀ ਉਮਰ ਸਮਾਜ ਦੀ ਨਫਰਤ ਦਾ ਸ਼ਿਕਾਰ ਹੁੰਦੀ ਹੈ। ਲੋਕ ਰਿਸ਼ਤਾ ਕਰਨ ਸਮੇਂ ਉਸ ਲੜਕੀ ਉੱਤੇ ਸੌ ਸਵਾਲ ਉਠਾਉਂਦੇ ਹਨ ਮਾਦਾ ਭਰੂਣ ਹੱਤਿਆ ਦਾ ਮੁੱਖ ਵੱਡਾ ਕਾਰਨ ਦਹੇਜ ਹੀ ਤਾਂ ਹੈ। ਔਰਤਾਂ ਦੀ ਸੁਰੱਖਿਆ ਦਾ ਸਵਾਲ ਵੀ ਇਸੇ ਦੇ ਨਾਲ ਜੁੜਿਆ ਹੋਇਆ ਹੈ। ਇੱਥੇ ਨੌਜਵਾਨਾਂ ਦੀ ਸੰਜੀਦਗੀ ਸਭ ਤੋਂ ਅਹਿਮ ਹੈ, ਜਦ ਤੱਕ ਲੋਕ ਖਾਸ ਕਰਕੇ ਨੌਜਵਾਨ ਆਪਣਾ ਰਵੱਈਆ ਨਹੀਂ ਬਦਲਦੇ ਤਾਂ ਇਹ ਅੱਤਿਆਚਾਰ ਰੁਕਣ ਵਾਲੇ ਨਹੀਂ ਸਨ। ਅੱਜ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਲੋਕ ਦੁਸ਼ਮਣੀਆਂ ਕੱਢਣ ਲਈ ਝੂਠੇ ਜਬਰ-ਜਿਨਾਹ ਦੇ ਦੋਸ਼ ਇੱਕ ਦੂਜੇ ‘ਤੇ ਮੜ੍ਹਦੇ ਹਨ ਜੋ ਸਰਾਸਰ ਗਲਤ ਹੈ। ਕਾਨੂੰਨ ਵਿੱਚ ਸਖਤੀ ਹੋਣ ਕਾਰਨ ਕਈ ਜਗ੍ਹਾ ਨਿਰਦੋਸ਼ਾਂ ਦੀ ਸਜ਼ਾ ਭੁਗਤਦੇ ਹਨ। ਹੁਣ ਨੌਜਵਾਨਾਂ ਨੂੰ ਇਨ੍ਹਾਂ ਮੁੱਦਿਆਂ ਪ੍ਰਤੀ ਆਪਣੀ ਸੋਚ ਬਦਲਣੀ ਹੋਵੇਗੀ। ਉਨ੍ਹਾਂ ਦੀ ਪਹਿਲ-ਕਦਮੀ ਹੀ ਸਮਾਜ ਵਿੱਚ ਇਨਕਲਾਬ ਲਿਆ ਸਕਦੀ ਹੈ। ਸਮਾਜ ਹਿੱਤ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਲਾਮਬੰਦ ਹੋਣਾ ਹੀ ਹੋਵੇਗਾ। ਨੌਜਵਾਨਾਂ ਦੀ ਪਹਿਲ ਚੰਗੀ ਸਿੱਖਿਆ, ਕੈਰੀਅਰ ਅਤੇ ਮਾਪਿਆਂ ਦੀਆਂ ਆਸਾਂ ‘ਤੇ ਖਰਾ ਉਤਰਨ ਦੀ ਹੋਣੀ ਚਾਹੀਦੀ ਹੈ, ਫਿਰ ਵਿਆਹ ਆਦਿ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਚੰਦ ਪਲਾਂ ਦੀ ਝੂਠੀ ਖੁਸ਼ੀ ਲਈ ਆਪਣਾ ਭਵਿੱਖ ਦਾਅ ‘ਤੇ ਨਹੀਂ ਲਗਾਉਣਾ ਚਾਹੀਦਾ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤ ਤੇ ਹਮਦਰਦ ਦੀ ਤਰ੍ਹਾਂ ਪੇਸ਼ ਆਉਣ। ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਹ ਕੋਈ ਗਲਤ ਕਦਮ ਨਾ ਚੁੱਕਣ। ਦੋਵਾਂ ਪੀੜ੍ਹੀਆਂ ਨੂੰ ਸਵਾਰਥ ਤੋਂ ਉੱਠ ਕੇ ਇੱਕ ਦੂਜੇ ਨਾਲ ਤਾਲ-ਮੇਲ ਕਾਇਮ ਕਰਨਾ ਚਾਹੀਦਾ ਹੈ। ਮਾਪੇ ਅਤੇ ਨੌਜਵਾਨ ਸੰਜੀਦਗੀ ਵਿਖਾਉਣ। ਦਹੇਜ ਦੀ ਜਗ੍ਹਾ ਲੜਕੀ ਦੇ ਗੁਣਾਂ ਅਤੇ ਸਿੱਖਿਆ ਨੂੰ ਤਰਜੀਹ ਦਿੱਤੀ ਜਾਵੇ। ਨੌਜਵਾਨ ਵੀ ਇਸ ਗੱਲ ਨੂੰ ਸਮਝਣ ਕਿ ਅਸੀਂ ਪੁਰਾਣੀ ਪੀੜ੍ਹੀ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਜੇਕਰ ਦੋਵੇਂ ਆਪਸੀ ਸਮਝ ਬਣਾ ਕੇ ਚੱਲਣਗੇ ਤਾਂ ਫਿਰ ਇਹ ਮੁੱਦੇ ਅਸਾਨੀ ਨਾਲ ਹੱਲ ਹੋ ਜਾਣਗੇ। ਸੰਪਰਕ: +91 94641 72783