ਜਾਗੇ ਹੋਏ ਸੂਝਵਾਨੋ ਹੁਣ ਸਾਂਝੀ ਸਰਗਰਮੀ ਵੀ ਹੋਵੇ ! -ਕੇਹਰ ਸ਼ਰੀਫ਼
Posted on:- 15-10-2015
ਇਸ ਸਮੇਂ ਭਾਰਤ ਅੰਦਰ ਕਈ ਭਾਸ਼ਾਵਾਂ ਦੇ ਵੱਡੇ ਲੋਕਪੱਖੀ ਲੇਖਕਾਂ ਵਲੋਂ ਸਰਕਾਰੀ ਸਰਪ੍ਰਸਤੀ ਵਾਲੇ ਇਨਾਮ-ਸਨਮਾਨ ਵਾਪਸ ਕਰਕੇ ਦੇਸ਼ ਦੇ ਲੋਕਾਂ ਪ੍ਰਤੀ ਆਪਣੀ ਵਫਾਦਾਰੀ ਅਤੇ ਮੁਲਕ ਅੰਦਰ ਪੈਦਾ ਕੀਤੇ ਜਾ ਰਹੇ ਅਸਹਿਣਸ਼ੀਲਤਾ ਭਰੇ ਦਮ-ਘੋਟੂ ਮਾਹੌਲ ਵਾਲੀਆਂ ਹਾਲਤਾਂ ਪੈਦਾ ਕੀਤੇ ਜਾਣ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੇਸ ਦੀ ਹਕੂਮਤੀ ਧਿਰ ਵਲੋਂ ਚੁੱਪ ਭਰੀ ਸਹਿਮਤੀ ਕਾਲੀਆਂ/ਹਨੇਰੀਆਂ ਤਾਕਤਾਂ ਨੂੰ ਮਾਹੌਲ ਵਿਗਾੜਨ ਲਈ ਉਤਸ਼ਾਹਿਤ ਕਰ ਰਹੀ ਹੈ। ਜਿਹੜੇ ਕਲਮਕਾਰ/ਕਲਾਕਾਰ ਆਪਣੇ ਸਮਾਜ ਦੀ ਭਾਈਚਾਰਕ ਸਾਂਝ ਨੂੰ ਤਕੜੀ ਕਰਕੇ ਆਪਣੇ ਦੇਸ਼ ਦੇ ਲੋਕਾਂ ਨੂੰ ਇਕੀਵੀ ਸਦੀ ਦੇ ਹਾਣ ਵਾਲੇ ਕਰਨ ਵਾਸਤੇ ਆਪਣੇ ਵਲੋਂ ਜੋਰ ਲਾ ਰਹੇ ਹਨ, ਉਨ੍ਹਾਂ ਲੋਕਪੱਖੀ ਲੇਖਕਾਂ/ਕਲਾਕਾਰਾਂ, ਸੁੱਚੀ ਤੇ ਖਰੀ ਤਰਕਸ਼ੀਲ ਸੋਚ ਲੈ ਕੇ ਵਹਿਮਾਂ ਭਰਮਾਂ ਦੇ ਖਿਲਾਫ ਲੜਨ ਵਾਲੇ ਸੂਝਵਾਨ ਤਬਕਿਆਂ ਨੂੰ ਡਰਾਇਆ, ਧਮਕਾਇਆ ਹੀ ਨਹੀਂ ਜਾ ਰਿਹਾ ਸਗੋਂ ਉਨ੍ਹਾਂ ਤੋਂ ਉਨ੍ਹਾਂ ਦੇ ਜੀਊਣ ਦਾ ਹੱਕ ਖੋਹ ਕੇ ਜਾਨੋਂ ਮਾਰਿਆ ਜਾ ਰਿਹਾ ਹੈ।
ਇਸ ਤੋਂ ਅਗਲਾ ਸਿਤਮ ਕਿ ਉਨ੍ਹਾਂ ਦੇ ਕਾਤਲਾਂ ਨੂੰ ਫੜਿਆ ਵੀ ਨਹੀਂ ਜਾ ਰਿਹਾ। ਨਾਲ ਹੀ ਫਿਰਕਾਪ੍ਰਸਤਾਂ ਅਤੇ ਫਾਸ਼ੀਵਾਦੀ ਤਾਕਤਾਂ ਵਲੋਂ ਦੇਸ਼ ਦੀ ਵਿਗਾੜੀ ਜਾ ਰਹੀ ਹਾਲਾਤ ਬਾਰੇ ਸਾਹਿਤ ਅਕਾਦਮੀ ਵਲੋਂ ਅਜਿਹੀ ਵਿਸਫੋਟਕ ਸਥਿਤੀ ਦੇ ਹੁੰਦਿਆਂ ਵੀ ਅਣਦਿਸਦੀ ਸਰਕਾਰੀ ਸ਼ਹਿ ਪ੍ਰਾਪਤ ਬਾਹੂਬਲੀਆਂ ਬਾਰੇ ਸਾਜਸ਼ੀ ਚੁੱਪ ਧਾਰ ਲੈਣ ਵਾਲੀ ਕੁਲੈਹਣੀ ਨੀਤੀ ਅਪਨਾਉਣ ਵੱਲ ਦੇਖਦਿਆਂ ਹਾਲਾਤ ਤੋਂ ਤੰਗ ਆ ਕੇ ਚਾਨਣੇ ਮੱਥੇ ਵਾਲੇ ਲੋਕ ਲੇਖਕਾਂ ਵਲੋਂ ਆਪਣੇ ਇਨਾਮ / ਸਨਮਾਨ ਸਾਹਿਤ ਅਕਾਦਮੀ ਨੂੰ ਵਾਪਸ ਮੋੜੇ ਜਾ ਰਹੇ ਹਨ।ਉਨ੍ਹਾਂ ਵਲੋਂ ਸਾਹਿਤ ਅਕਾਦਮੀ ਦੇ ਨਾਂ ਲਿਖੇ ਜਾ ਰਹੇ ਸੁਨੇਹੇ ਪੱਤਰ ਵੀ ਪੜ੍ਹਨਯੋਗ ਹਨ, ਉਹ ਇਸ ਦੇ ਦਰਦ ਭਰੇ ਕਾਰਨ ਬਿਆਨ ਕਰਦੇ ਹਨ।
ਲੇਖਕਾਂ /ਕਲਾਕਾਰਾਂ ਦੀ ਜਾਗ ਸਮਾਜ ਨੂੰ ਹਲੂਣਾ ਦੇ ਸਕਦੀ ਹੈ। ਹੁਣ ਲੇਖਕ ਸਭਾਵਾਂ / ਸਾਹਿਤ ਸਭਾਵਾਂ (ਖਾਸ ਕਰਕੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ:/ ਗੈਰ ਰਜਿ: ਆਦਿ) ਸਭ ਦੀ ਜ਼ੁੰਮੇਵਾਰੀ ਬਣ ਜਾਂਦੀ ਹੈ ਕਿ ਸੂਝਵਾਨਾਂ ਦੇ ਇਕੱਠ/ਸੈਮੀਨਾਰ ਕਰਕੇ ਸਾਹਿਤ, ਕਲਾ ਤੇ ਸੱਭਿਆਚਾਰਕ ਖੇਤਰ ਵਿਚ ਫੈਲਾਈ ਜਾ ਰਹੀ ਦਹਿਸ਼ਤ ਬਾਰੇ ਅਤੇ ਜਬਰ ਭਰੇ ਧੱਕੇ ਅਤੇ ਧੌਂਸ ਨਾਲ ਪੈਦਾ ਕੀਤੀ ਜਾ ਰਹੀ ਪਾਗਲ ਅਤੇ ਦਹਿਸ਼ਤੀ ਹਵਾ/ਸਥਿਤੀ ਜੋ ਕਿ ਭਾਈਚਾਰਕ ਸਾਂਝ ਨੂੰ ਤੋੜਦੀ ਹੈ, ਮੁਲਕ ਦੀ ਏਕਤਾ / ਸਾਲਮੀਅਤ ਨੂੰ ਕਮਜ਼ੋਰ ਕਰਦੀ ਹੈ, ਜਿਸ ਦੇ ਸਿੱਟੇ ਕਦੇ ਵੀ ਚੰਗੇ ਨਿਕਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਾਹਿਤਕ/ਸੱਭਿਆਚਾਰਕ ਹਲਕਿਆਂ ਵਿਚ ਕੰਮ ਕਰ ਰਹੇ ਕਾਮਿਆਂ ਵਲੋਂ ਲੋਕਾਂ ਨੂੰ ਇਸ ਲਹਿਰ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਬਿਆਨ ਦੇਣੇ ਹੀ ਕਾਫੀ ਨਹੀਂ ਸਗੋਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਅਜਿਹੀ ਸਥਿਤੀ ਦੇ ਖਿਲਾਫ ਸਰਗਰਮ ਹੋਣਾ ਪਵੇਗਾ। ਜੇ ਅੱਜ ਵੇਲਾ ਖੁੰਝ ਗਿਆ ਤੇ ਨਾ ਸਾਂਭਿਆ ਗਿਆ ਤਾਂ ਪਛਤਾਵਾ ਹੀ ਪੱਲੇ ਰਹਿ ਜਾਵੇਗਾ ਜਾਂ ਫੇਰ ਗੁੱਸੇ ਨਾਲ ਘੂਰਦਾ ਭਵਿੱਖ।
ਇਤਿਹਾਸ ਦੇ ਜਾਣਕਾਰ ਜਾਣਦੇ ਹਨ ਜਦੋਂ ਵੀ ਮਨੁੱਖਤਾ ਦੇ ਦੋਖੀਆਂ ਨੇ ਕਿਸੇ ਵੀ ਸਮੇਂ ਆਪਣੀ ਹੀ ਧਰਤੀ ਦੇ ਜਾਇਆਂ ਨੂੰ ਕਿਸੇ ਤਰ੍ਹਾਂ ਵੀ ਹੀਣਾ ਕਰਨ ਜਾਂ ਧੱਕੇ ਨਾਲ ਦਬਾਉਣ ਦਾ ਜਤਨ ਕੀਤਾ ਤਾਂ ਹਿਰਦੇ ਵਿਚ ਇਨਸਾਨੀ ਦਰਦ ਰੱਖਣ ਵਾਲੇ ਅੱਗੇ ਆਏ । ਅੱਜ ਦੀ ਸਥਿਤੀ ਨੂੰ ਦੇਖਦਿਆਂ ਸਾਨੂੰ ਆਪਣੇ ਵਿਰਸੇ ਵਿਚੋਂ ਭਗਤੀ ਲਹਿਰ ਦੀ ਸ਼ੁਰੂਆਤ ਵਲ ਨਿਗਾਹ ਮਾਰ ਲੈਣੀ ਚਾਹੀਦੀ ਹੈ- ਉਹ ਸਾਡੇ ਰਹਿਬਰ ਇਨਸਾਨ ਦੋਸਤੀ ਅਤੇ ਆਪਣੇ ਲੋਕਾਂ ਦਾ ਦਰਦ ਲੈ ਕੇ ਸਮਾਜ ਨੂੰ ਸੇਧ ਦੇਣ ਵਾਸਤੇ ਅੱਗੇ ਆਏ ਸਨ। ਉਹ ਸਾਡਾ ਵਿਰਸਾ ਹਨ ਅਸੀਂ ਉਨ੍ਹਾਂ ਦੇ ਵਾਰਿਸ ਹਾਂ, ਉਨ੍ਹਾਂ ਦੇ ਦਿੱਤੇ ਹੋਕੇ ਨੂੰ ਉੱਚਾ ਕਰਨ ਵਾਸਤੇ ਸਭ ਨੂੰ ਅੱਗੇ ਆਉਣਾ ਪਵੇਗਾ ਇਹ ਕੋਈ ਕਿਸੇ `ਤੇ ਅਹਿਸਾਨ ਕਰਨਾ ਨਹੀਂ, ਸਗੋਂ ਦੇਸ਼ ਦੀ ਆਜਾ਼ਦੀ ਵੇਲੇ ਦੇਸ਼ ਭਗਤਾਂ ਵਲੋਂ ਦਰਸਾਇਆ ਸਾਂਝਾ ਰਾਹ ਹੀ ਹੈ ਕਿ ਅਸੀਂ ਜੇ ਆਪਣੇ ਆਪ ਨੂੰ ਉਨ੍ਹਾਂ ਮਹਾਨ ਸੂਰਮਿਆਂ ਦੇ ਪੈਰੋਕਾਰ ਮੰਨਦੇ ਹਾਂ ਤਾਂ ਉਨ੍ਹਾਂ ਦੇ ਰਾਹ ਨੂੰ ਅਪਣਾਈਏ ਅਤੇ ਉਸ ਆਜ਼ਾਦੀ ਦੀ ਰਾਖੀ ਕਰੀਏ ਜਿਹੜੀ ਉਨ੍ਹਾਂ ਦੇਸ਼ ਭਗਤਾਂ / ਬਾਬਿਆਂ ਨੇ ਆਪਣੇ ਸਿਰ ਦੇ ਕੇ ਜੇਲਾਂ ਦੀਆਂ ਕਾਲਕੋਠੜੀਆਂ ਦੇ ਗੈਰਮਨੁੱਖੀ ਤਸੀਹੇ ਝੱਲ ਕੇ ਜਿਹੜੀ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਹੈ। ਇਸਦੀ ਰਾਖੀ ਕਰਨੀ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ।
ਹਕੂਮਤੀ ਕੁਰਸੀਆਂ ਨੂੰ ਲੋਕਾਂ ਦੀ ਫੁੱਟ ਹਮੇਸ਼ਾ ਹੀ ਰਾਸ ਆਉਂਦੀ ਹੈ। ਇਸ ਫੁੱਟ ਤੋਂ ਬਚਣਾ ਅਤੇ ਲੋਕਾਂ ਨੂੰ ਬਚਾਉਣ ਵਾਸਤੇ ਖਬਰਦਾਰ ਕਰਨਾ ਭਵਿੱਖ ਨੂੰ ਰੌਸ਼ਨ ਦੇਖਣ ਵਾਲਿਆਂ ਦੀ ਫਿਕਰਮੰਦੀ ਹੋਣੀ ਚਾਹੀਦੀ ਹੈ। ਸੱਚੇ ਸੁੱਚੇ ਨਿਸ਼ਾਨੇ ਲੈ ਕੇ ਤੁਰੇ ਲੋਕ ਕਾਫਲਿਆਂ ਅੱਗੇ ਵੱਡੀਆਂ ਤੋਂ ਵੱਡੀਆਂ ਹਕੂਮਤਾਂ ਹਾਰੀਆਂ ਹਨ, ਇਤਿਹਾਸ ਇਸਦਾ ਗਵਾਹ ਹੈ। ਅੱਜ ਵੀ ਹਾਰਨਗੀਆਂ ਇਹ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ- ਇਸ ਵਾਸਤੇ ਸਾਂਝੀ ਸਰਗਰਮੀ ਜ਼ਰੂਰੀ ਹੈ।
ਇਹ ਲਹਿਰ ਸਿਰਫ ਸਾਹਿਤ / ਕਲਾ ਦੇ ਖੇਤਰ ਵਿਚੋਂ ਇਨਾਮ ਜੇਤੂ ਲੇਖਕਾਂ ਤੱਕ ਹੀ ਸੀਮਤ ਨਹੀਂ ਰਹਿਣੀ ਚਹੀਦੀ। ਜਿਨ੍ਹਾਂ ਨੂੰ ਇਨਾਮ ਮਿਲੇ ਹੋਏ ਹਨ ਜੇ ਉਹ ਇਨਾਮ ਨਹੀਂ ਵੀ ਮੋੜਨੇ ਚਾਹੁੰਦੇ ਫੇਰ ਵੀ ਉਹ ਇਸ ਲਹਿਰ ਦਾ ਹਿੱਸਾ ਤਾਂ ਬਣਨ - ਹਰ ਧੱਕੇਸ਼ਾਹੀ ਤੇ ਲੋਕ ਵਿਰੋਧੀ ਕਦਮਾਂ ਦਾ ਵਿਰੋਧ ਤਾਂ ਕਰਨ, ਲੋਕਾਂ ਦਾ ਸਾਥ ਦੇਣਾ ਉਨ੍ਹਾਂ ਦਾ ਫ਼ਰਜ਼ ਹੈ। ਜਿਨ੍ਹਾਂ ਨੂੰ ਇਨਾਮ ਨਹੀਂ ਮਿਲੇ ਹੋਏ ਉਹ ਵੀ ਆਪਣਾ ਇਨਸਾਨੀ ਫ਼ਰਜ਼ ਸਮਝਦੇ ਹੋਏ ਇਸ ਲਹਿਰ ਦਾ ਹਿੱਸਾ ਬਣਨ। ਇਹ ਲਹਿਰ ਹਰ ਧੱਕੇ-ਧੌਂਸ ਦੀ ਮੁਖਾਲਫਤ ਕਰਦਿਆਂ ਮਿਲੇ ਹੋਏ ਸੰਵਿਧਾਨਕ ਬੁਨਿਆਦੀ ਹੱਕ ਮਾਣਦੇ ਹੋਏ ਪੂਰੀ ਆਜ਼ਾਦੀ ਨਾਲ ਜ਼ਿੰਦਗੀ ਜੀਊਣ ਦਾ ਪੱਖ ਪੂਰਦੀ ਹੈ। ਦੇਸ਼ ਅੰਦਰ ਫਾਸ਼ੀਵਾਦੀਆਂ ਵਲੋਂ ਆਪਣੀਆਂ ਕੂੜੀਆਂ ਸੋਚਾਂ ਨਾਲ ਭਾਰਤੀਆਂ ਅੰਦਰਲੀ ਭਾਈਚਾਰਕ ਅਤੇ ਸੱਭਿਆਚਾਰਕ ਸਾਂਝ ਨੂੰ ਤੋੜਨ ਵਾਲੀ ਇਨ੍ਹਾਂ ਵਲੋਂ ਕਿਸੇ ਵੀ ਨਾਮ `ਤੇ ਅੱਗੇ ਵਧਾਈ ਜਾ ਰਹੀ ਯਲਗਾਰ ਨੂੰ ਰੋਕਣਾ- ਸਾਡਾ ਸਭ ਦਾ ਫ਼ਰਜ਼ ਹੈ। ਸਮਾਂ ਇਸ ਦੀ ਮੰਗ ਕਰਦਾ ਹੈ ਕਿ ਸਾਰੇ ਰਲਕੇ ਉਨ੍ਹਾਂ ਲੋਕ ਪੱਖੀ ਲੇਖਕਾਂ ਦੇ ਨਾਲ ਖੜ੍ਹੇ ਹੋਈਏ ਤੇ ਜ਼ਿੰਦਗੀ ਦਾ ਪੱਖ ਪੂਰੀਏ। ਕਾਫਲਿਆਂ ਨੂੰ ਹਰਾਉਣ ਵਾਲਾ ਅੱਜ ਤੱਕ ਕੋਈ ਜੰਮਿਆ ਨਹੀਂ।
ਦੇਸ਼ ਅੰਦਰ ਹਰ ਕਿਸੇ ਨੂੰ ਆਪਣੇ ਧਾਰਮਕ ਅਕੀਦਿਆਂ ਦੀ ਪਾਲਣਾ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਪਰ ਉਨ੍ਹਾਂ ਨੂੰ ਕਿਸੇ ਦੂਜੇ ਉੱਤੇ ਮੱਲੋਜ਼ਰੀ ਆਪਣੀ ਸੌੜੀ ਸੋਚ ਠੋਸਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਇਹ ਫੇਰ ਸਿਰਫ ਧੱਕਾ ਅਤੇ ਧੌਂਸ ਹੀ ਨਹੀਂ ਰਹਿੰਦੀ ਸਗੋਂ ਦੂਜਿਆਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਬਣ ਜਾਂਦੀ ਹੈ। ਭਾਰਤ ਦੀਆਂ ਵੱਖੋ ਵੱਖ ਜ਼ੁਬਾਨਾਂ ਦੇ ਲੇਖਕਾਂ ਵਲੋਂ ਚਲਾਈ ਮੁਹਿੰਮ ਦਾ ਸਾਥ ਦਿੰਦਿਆਂ ਸਰਵ ਸਾਂਝੀ ਲਹਿਰ ਬਨਾਉਣ ਵਾਸਤੇ ਪੰਜਾਬੀ ਲੇਖਕਾਂ ਨੇ ਵੀ ਇਸਦੇ ਖਿਲਾਫ ਜਹਾਦ ਛੇੜ ਦਿਤਾ ਹੈ ਜਿਸ ਦਾ ਹੋਕਾ ਹੈ ਕਿ ਆਪਣੀ ਢਿੱਲ-ਮੱਠ ਛੱਡਕੇ ਕਲਮ ਨਾਲ ਵਫਾ ਜਰੂਰ ਪਾਲਿਉ-ਕਲਮਾਂ ਵਾਲਿਉ। ਦੇਸ਼ ਅੰਦਰ ਫੈਲਾਈ ਜਾ ਰਹੀ ਧਾਰਮਕ ਕੱਟੜਤਾ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਨੀਤੀ ਨੂੰ ਅੱਗੇ ਵਧਣੋ ਰੋਕਿਆ ਜਾਵੇ। ਹਰ ਇਨਸਾਨ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਇਸ ਹੱਕ, ਸੱਚ, ਇਨਸਾਫ ਅਤੇ ਮਨੁੱਖੀ ਦੋਸਤੀ ਦੀ ਲਹਿਰ ਦਾ ਹਿੱਸਾ ਬਣੇ- ਇਹੋ ਇਨਸਾਨੀਅਤ ਦੀ ਸੱਚੀ ਸੇਵਾ ਹੋ ਸਕਦੀ ਹੈ।