ਉਸਦਾ ਸਿਰਫ਼ ਇੰਨਾ ਹੀ ਕਸੂਰ ਸੀ ਕਿ ਉਹ ਇੱਕ ਮੁਸਲਮਾਨ ਨਿਕਲਿਆ, ਉਹ ਕੌਮ ਜੋ 9/11ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ (ਜਿਸ ਨੂੰ ਇਸਲਾਮਿਕ ਖਾੜਕੂਆਂ ਦੇ ਸਿਰ ਮੜਿਆ ਜਾਂਦਾ ਹੈ) ਤੋਂ ਬਾਅਦ ਅਮਰੀਕਾ ਵਿਚ ਨਿਗਰਾਨੀ ਅਧੀਨ ਹੈ।ਮੁਹੰਮਦ ਦੀ ਕਹਾਣੀ ਨੂੰ ਪੂਰੇ ਮਨੁੱਖੀ ਸਮਾਜ ਵਿੱਚ ਵੱਡੇ ਪੱਧਰ ’ਤੇ ਚੱਲ ਰਹੇ ਜਾਤ, ਨਸਲ, ਧਰਮ, ਲਿੰਗ, ਜਾਂ ਸੈਕਸੁਅਲ ਝੁਕਾਅ ਵਰਗੇ ਵਿਤਕਰੇ ਨਾਲ ਜੋੜ ਕੇ ਇੱਕ ਵਿਆਪਕ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਇਹ ਸੁਝਾਅ ਨਹੀਂ ਦੇਣਾ ਚਾਹੀਦਾ ਕਿ ਇਸ ਸਭ ਲਈ ਇਕੱਲਾ ਅਮਰੀਕਾ ਦੋਸ਼ੀ ਨਹੀਂ ਹੈ। ਆਖ਼ਿਰਕਾਰ ਸੰਯੁਕਤ ਰਾਜ ਅਮਰੀਕਾ ਅਤੇ ਕਨੇਡਾ ਸਵਦੇਸ਼ੀ ਲੋਕਾਂ ਦੀ ਚੋਰੀ ਕੀਤੀ ਜ਼ਮੀਨ 'ਤੇ ਬਣਾਏ ਗਏ ਹਨ। ਇਸ ਕਰਕੇ ਨਸਲਵਾਦ ਦੀਆਂ ਜੜ੍ਹਾਂ ਉੱਤਰੀ ਅਮਰੀਕਾ ਦੇ ਟਰਟਲ ਟਾਪੂ 'ਤੇ ਬਸਤੀਵਾਦ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਪਸਰੀਆਂ ਦੇਖੀਆਂ ਜਾ ਸਕਦੀਆਂ ਹਨ। ਗੋਰੇ ਰੰਗ ਦੀ ਸਰਬਉੱਚਤਾ ਹਮੇਸ਼ਾ ਹੀ ਇਸ ਸਮਾਜ ਵਿੱਚ ਇੱਕ ਪ੍ਰਭਾਵਸ਼ਾਲੀ ਵਰਤਾਰਾ ਰਹੀ ਹੈ। ਅਹਿਮਦ ਦੇ ਮਾਮਲੇ ਨੂੰ ਅਗਿਆਨਤਾ ਦੀ ਇੱਕ ਮਿਸਾਲ ਦੇ ਤੌਰ ’ਤੇ ਖ਼ਾਰਿਜ਼ ਨਹੀਂ ਕੀਤਾ ਜਾ ਸਕਦਾ। ਬਲਕਿ ਇਸ ਨੂੰ ਇੱਕ ਨਸਲੀ ਘੁਮੰਡ ਦੇ ਵਰਤਾਰੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਜੋ ਦੇਸੀ ਜ਼ਮੀਨਾਂ ’ਤੇ ਕੀਤੇ ਗਏ ਕਬਜ਼ੇ ਦੇ ਸਮੇਂ ਤੋਂ ਹੀ ਮਰਨ ਲਈ ਇਨਕਾਰੀ ਹੈ।ਪਰ ਮੁਹੰਮਦ ਦੀ ਕਹਾਣੀ ਨੂੰ ਜੀਓ ਸਿਆਸੀ ਪ੍ਰਸੰਗ ਵਿੱਚ ਫਿੱਟ ਕਰਨ ਦੀ ਲੋੜ ਹੈ, ਜਿੱਥੇ ਮੁਸਲਮਾਨਾਂ ਨੂੰ ਸੰਸਾਰ ਦੇ ਸੰਭਾਵੀ ਅੱਤਵਾਦੀ ਅਤੇ ਉਹ ਅਜਿਹੇ ਲੋਕਾਂ ਦੇ ਤੌਰ ’ਤੇ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਦੇਸ਼ ‘ਦੇਸ਼ਭਗਤੀ’ ਦੀ ਕਮੀ ਹੈ। ਹੋਰ ਤਾਂ ਹੋਰ ਤਸਲੀਮਾ ਨਸਰੀਨ(ਜੋ ਆਪਣੇ ਹੀ ਭਾਈਚਾਰੇ ਦੇ ਅੰਦਰ ਧਾਰਮਿਕ ਸਿਧਾਂਤ ਦੇ ਵਿਰੁੱਧ ਲਿਖਣ ਲਈ ਇਸਲਾਮੀ ਕੱਟੜਵਾਦੀਆਂ ਦੀ ਹਿੱਟ ਲਿਸਟ 'ਤੇ ਹੈ ਅਤੇ ਇੱਕ ਪ੍ਰਮੁੱਖ ਮੁਸਲਿਮ ਲੇਖਿਕਾ ਹੈ) ਨੇ ਵੀ ਇਸ ਸਾਰੀ ਘਟਨਾ ਲਈ ਮੁਸਲਿਮ ਕੱਟੜਵਾਦੀਆਂ ਨੂੰ ਹੀ ਦੋਸ਼ੀ ਠਹਿਰਾਇਆ।ਲਾਜ਼ਮੀ ਤੌਰ ’ਤੇ ਇਸਲਾਮੀ ਕੱਟੜਵਾਦੀ ਲੋਕਾਂ ਨੂੰ ਮਾਰ ਰਹੇ ਹਨ ਅਤੇ ਬੰਬ ਵਰਤ ਰਹੇ ਹਨ, ਪਰ ਸਾਰੀ ਕੌਮ ਨੂੰ ਇੱਕ ਹੀ ਰੰਗ ਵਿੱਚ ਕਿਵੇਂ ਰੰਗਿਆ ਜਾ ਸਕਦਾ ਹੈ?ਕਿੰਨੀ ਕੁ ਵਾਰ ਗੋਰੇ ਨੌਜਵਾਨਾਂ ਦੁਆਰਾ ਸਕੂਲ ਵਿੱਚ ਬੰਦੂਕ ਲਿਜਾ ਕੇ ਲੋਕਾਂ ਨੂੰ ਮਾਰਨ ਦੇ ਵਰਤਾਰੇ ਨੂੰ ਅੱਤਵਾਦ ਦੇ ਤੌਰ ’ਤੇ ਦੇਖਿਆ ਗਿਆ ਹੈ? ਤਸਲੀਮਾ ਨਸਰੀਨ ਵਰਗੀਆਂ ਸ਼ਖ਼ਸੀਅਤਾਂ ਅਮਰੀਕਾ ਅਤੇ ਭਾਰਤ (ਜਿਨ੍ਹਾਂ ਮੁਲਕਾਂ ਵਿੱਚ ਉਸ ਨੇ ਮੌਤ ਦੇ ਡਰੋਂ ਪਨਾਹ ਲਈ ਹੋਈ ਹੈ) ਵਿੱਚ ਬਹੁ-ਗਿਣਤੀ ਭਾਈਚਾਰੇ ਦੇ ਮੈਂਬਰਾਂ ਦੁਆਰਾ ਕੀਤੇ ਗਏ ਇਸੇ ਤਰ੍ਹਾਂ ਦੇ ਵਰਤਾਰਿਆਂ ਨੂੰ ਨਜ਼ਰ-ਅੰਦਾਜ਼ ਕਿਉਂ ਕਰ ਦਿੰਦੇ ਹਨ? ਜਦੋਂ ਅਮਰੀਕਾ ਦੇ ਸਰਬ-ਉੱਚ ਗੋਰੇ ਅਤੇ ਭਾਰਤ ਦੇ ਕੱਟੜਵਾਦੀ ਹਿੰਦੂ ਵੀ ਬੰਬ ਧਮਾਕਿਆਂ 'ਚ ਸ਼ਾਮਿਲ ਹੋਣ ਤੇ ਫੜ੍ਹੇ ਜਾਂਦੇ ਹਨ ਤਦ ਅਜਿਹੇ ਵਿਅਕਤੀ ਕਦੇ ਵੀ ਉਹਨਾਂ ਸਮੁੱਚੀਆਂ ਕੌਮਾਂ ਦੀ ਆਲੋਚਨਾ ਕਰਨ ਲਈ ਉਸੇ ਤਰ੍ਹਾਂ ਦੀ ਤੈਅ ਵਰਤਣ ਦੀ ਜ਼ੁਰੱਅਤ ਕਿਉਂ ਨਹੀਂ ਕਰਦੇ, ਜਿਸ ਤਰ੍ਹਾਂ ਦੀ ਤੈਅ ਉਹ ਆਪਣੀ ਕੌਮ ਬਾਰੇ ਵਰਤਦੇ ਹਨ? ਰਿਕਾਰਡ ਦੇ ਤੌਰ ’ਤੇ ਭਾਰਤ ਸਰਕਾਰ ਨੇ ਨਸਰੀਨ ਨੂੰ ਪਨਾਹ ਦਿੱਤੀ ਹੈ ਜਦ ਕਿ ਭਾਰਤੀ ਸਰਕਾਰ ਨੇ ਆਪਣੇ ਮੁਸਲਿਮ ਭਾਈਚਾਰੇ ਨੂੰ ਨਜ਼ਰ-ਅੰਦਾਜ਼ ਕੀਤਾ ਹੈ ਅਤੇ ਮੁਸਲਿਮ ਚਿੱਤਰਕਾਰ ਐਮ.ਐਫ.ਹੁਸੈਨ ਦੀ ਹਿੰਦੂ ਕੱਟੜਵਾਦੀਆਂ ਤੋਂ ਰੱਖਿਆ ਵਿੱਚ ਅਸਫ਼ਲ ਰਹੀ ਹੈ ਜਿਨ੍ਹਾਂ ਦੀਆਂ ਧਮਕੀਆਂ ਕਰਕੇ ਹੁਸੈਨ ਭਾਰਤ ਛੱਡਣ ਲਈ ਮਜਬੂਰ ਸੀ।ਹੁਸੈਨ ਉੱਪਰ ਹਿੰਦੂ ਦੇਵੀ ਦੇ ਇਤਰਾਜ਼ਯੋਗ ਚਿੱਤਰ ਬਣਾਉਣ ਦਾ ਦੋਸ਼ ਲਾਇਆ ਗਿਆ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ਵਿੱਚ ਮੌਜੂਦਾ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਨੇ ਹਾਲ ਹੀ ਵਿੱਚ ਨਸਰੀਨ ਨੂੰ ਇੱਥੇ ਰਹਿਣ ਲਈ ਉਸ ਦਾ ਵੀਜ਼ਾ ਵਧਾਇਆ ਹੈ।ਜਦੋਂ ਵੀ ਭਾਜਪਾ ਸੱਤਾ ਵਿੱਚ ਆਈ ਹੈ ਤਾਂ ਮੁਸਲਮਾਨ ਹਮੇਸ਼ਾ ਭਾਰੀ ਗਿਣਤੀ ’ਚ ਹਿੰਦੂ ਕੱਟੜਪੰਥੀਆਂ ਦਾ ਸ਼ਿਕਾਰ ਹੋਏ ਹਨ।ਮੁਸਲਿਮ ਧਾਰਮਿਕ ਸਕੂਲ ਜਾਂਚ ਦੇ ਅਧੀਨ ਆ ਗਏ ਹਨ ਅਤੇ ਅਕਸਰ ਮੁਸਲਮਾਨਾਂ(ਜੋ ਸਦੀਆਂ ਤੋਂ ਭਾਰਤੀ ਸੱਭਿਅਤਾ ਦਾ ਹਿੱਸਾ ਰਹੇ ਹਨ) ਦੀ ਦੇਸ਼ਭਗਤੀ ਨੂੰ ਸਵਾਲ ਕੀਤੇ ਜਾਂਦੇ ਹਨ। ਕਈ ਵਾਰ ਉੱਥੇ ਮੁਸਲਿਮ ਵਿਦਿਆਰਥੀਆਂ ਨੂੰ ਧੱਕੇ ਨਾਲ ਹਿੰਦੂ ਧਾਰਮਿਕ ਸਮੱਗਰੀ ਨਾਲ ਕੌਮੀ ਗੀਤ ਗਾਉਣ ਲਈ ਮਜਬੂਰ ਕੀਤਾ ਜਾਂਦਾ ਹੈ।ਭਾਵੇਂ ਹਿੰਦੂ ਕੱਟੜਵਾਦੀ ਵੀ ਬੰਬ ਧਮਾਕਿਆਂ ਵਿੱਚ ਸ਼ਾਮਲ ਹੋਣ ਪਰ ਫ਼ਿਰ ਵੀ ਅੱਤਵਾਦੀ ਘਟਨਾਵਾਂ ਲਈ ਮੁਸਲਮਾਨਾਂ ਦੀ ਪਰੇਸ਼ਾਨੀ ਜਾਰੀ ਹੈ।ਜਦੋਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਹਿੰਦੂ ਸ਼ਰਧਾਲੂਆਂ ਨਾਲ ਸਵਾਰ ਇੱਕ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਮੁਸਲਿਮ ਵਿਰੋਧੀ ਕਤਲੇਆਮ ਹੋਇਆ ਸੀ।ਉਸ ਘਟਨਾ 'ਚ 50 ਤੋਂ ਵੱਧ ਲੋਕ ਮਾਰੇ ਗਏ ਸਨ, ਜਿਸਦਾ ਮੋਦੀ ਸਰਕਾਰ ਵੱਲੋਂ ਇਸਲਾਮਿਕ ਕੱਟੜਪੰਥੀਆਂ ’ਤੇ ਦੋਸ਼ ਲਗਾਇਆ ਸੀ। ਇਸ ਦੇ ਨਤੀਜੇ ਵਜੋਂ ਮੁਸਲਿਮ ਵਿਰੋਧੀ ਕਤਲੇਆਮ ਸ਼ੁਰੂ ਹੋਇਆ।ਮਨੁੱਖੀ ਅਧਿਕਾਰ ਗਰੁੱਪ ਇਸ ਕੀਤੀ ਗਈ ਆਯੋਜਿਤ ਹਿੰਸਾ ਵਿੱਚ ਮੋਦੀ ਦੀ ਮਿਲੀਭੁਗਤ ਦਾ ਦੋਸ਼ ਲਗਾਉਂਦੇ ਸਨ।ਸੰਯੁਕਤ ਰਾਜ ਅਮਰੀਕਾ ਵਾਂਗੂੰ, ਮੁਸਲਿਮ ਭਾਈਚਾਰੇ ਅਤੇ ਹੋਰ ਧਾਰਮਿਕ ਘੱਟ ਗਿਣਤੀ ਸਮੂਹ ਦੇ ਅਤੇ ਦੱਬੀ-ਕੁਚਲੀ ਜਮਾਤ ਵਿੱਚੋਂ ਆਉਣ ਵਾਲੇ ਵਿਦਿਆਰਥੀ, ਸਕੂਲ ਅਤੇ ਬਾਹਰ ਦੋਨੋਂ ਪਾਸੇ ਪੱਖਪਾਤ ਦਾ ਲਗਾਤਾਰ ਸਾਹਮਣਾ ਕਰਦੇ ਹਨ।‘ਹਿਊਮਨ ਰਾਈਟਸ ਵਾਚ’ ਦੀ 2014 ਦੀ ਇੱਕ ਰਿਪੋਰਟ; "ਉਹ ਸਾਨੂੰ ਗੰਦੇ ਕਹਿੰਦੇ ਹਨ: ਭਾਰਤ ਦੇ ਹਾਸ਼ੀਏ ਦੇ ਲੋਕਾਂ ਨੂੰ ਸਿੱਖਿਆ ਤੋਂ ਇਨਕਾਰ" ਪ੍ਰਗਟ ਕਰਦੀ ਹੈ ਕਿ ਸਕੂਲਾਂ ਵਿੱਚ ਮੁਸਲਮਾਨਾਂ ਅਤੇ ਕਹੇ ਜਾਣ ਵਾਲੇ ‘ਅਛੂਤਾਂ’ ਦੇ ਖਿਲਾਫ਼ ਭੇਦਭਾਵ ਦੇ ਪ੍ਰਮਾਣ ਮਿਲਦੇ ਹਨ।ਭਾਜਪਾ ਦੀ ਸਰਕਾਰ ਕਰਕੇ ਭਾਰਤੀ ਖਾਕੇ ਦੇ ਹੋਰ ਵੀ ਜ਼ਿਆਦਾ ਬਦਤਰ ਹੋਣ ਦੀ ਸੰਭਾਵਨਾ ਹੈ ਜਿਸਨੇ ਆਪਣੀ ਸੱਜੇ ਪੱਖੀ ਅਤੇ ਪਿਛਾਖੜੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਅਕਾਦਮਿਕ ਅਦਾਰਿਆਂ ਰਾਹੀਂ ਇਤਿਹਾਸ ਅਤੇ ਸਕੂਲੀ ਸਿਲੇਬਸ ਨੂੰ ਮੁੜ ਲਿਖਣ ਦੀ ਪ੍ਰਕਿਰਿਆ ਹੁਣ ਤੇਜ਼ ਕਰ ਦਿੱਤੀ ਹੈ।ਭਾਜਪਾ ਪੱਖੀ ਲੋਕਾਂ ਦੀ ਇਹਨਾਂ ਅਦਾਰਿਆਂ ਵਿੱਚ ਘੁਸਪੈਠ ਇੱਕ ਤੰਗ ਰਾਸ਼ਟਰਵਾਦੀ ਨਜ਼ਰੀਏ ਦੇ ਏਜੰਡੇ ਨੂੰ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ।ਮੈਂ ਖ਼ੁਦ ਭਾਰਤ ਵਿੱਚ ਇੱਕ ਸਕੂਲੀ ਬੱਚੇ ਦੇ ਤੌਰ ਤੇ ਅਜਿਹੇ ਪੱਖਪਾਤ ਦਾ ਸਾਹਮਣਾ ਕੀਤਾ ਹੈ।ਇੱਕ ਨੌਜਵਾਨ ਸਿੱਖ ਮੁੰਡੇ ਦੇ ਤੌਰ ਤੇ – ਮੈ ਵੀ ਲੰਬੇ ਵਾਲ, ਦਾੜ੍ਹੀ ਰੱਖਦਾ ਅਤੇ ਪੱਗ ਬੰਨਦਾ ਸੀ ਜੋ ਸਿੱਖ ਭਾਈਚਾਰੇ ਵਿੱਚ ਇੱਕ ਆਮ ਅਭਿਆਸ ਹੈ।ਇਹ ਇੱਕ ਵੱਖਰਾ ਮਾਮਲਾ ਹੈ ਕਿ ਬਾਅਦ ਦੇ ਸਾਲਾਂ ਵਿੱਚ ਮੈਂ ਧਾਰਮਿਕ ਵਿਸ਼ਵਾਸ ਨੂੰ ਛੱਡ ਦਿੱਤਾ ਸੀ।ਅਜੇ ਵੀ ਮੈਨੂੰ ਜੋ ਯਾਦ ਹੈ ਉਹ ਦੁੱਖ ਦਿੰਦਾ ਹੈ। ਮੇਰੀ ਜ਼ਿਆਦਾਤਰ ਸਕੂਲੀ ਪੜ੍ਹਾਈ ਪੰਜਾਬ ਤੋਂ ਬਾਹਰ ਹੀ ਹੋਈ ਹੈ ਜਿੱਥੇ ਸਿੱਖ ਘੱਟ ਗਿਣਤੀ ਵਿੱਚ ਹਨ।ਮੇਰੇ ਪਿਤਾ ਇੱਕ ਸਰਕਾਰੀ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਦੀ ਨੌਕਰੀ ਤਬਾਦਲਾਯੋਗ ਸੀ, ਇਸ ਕਰਕੇ ਮੈਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਕੂਲੀ ਪੜ੍ਹਾਈ ਪੂਰੀ ਕੀਤੀ।ਬਹੁਗਿਣਤੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀ ਅਕਸਰ ਮੇਰੀ ਦਿੱਖ ’ਤੇ ਮਸ਼ਕਰੀਆਂ ਕਰਦੇ ਅਤੇ ਮੇਰੇ ਅਕੀਦੇ ਦਾ ਮਜ਼ਾਕ ਉਡਾਉਂਦੇ।ਧੱਕੇਸ਼ਾਹੀ ਆਮ ਸੀ, ਪਰ ਹੋਰ ਵੀ ਜ਼ਿਆਦਾ ਦੁਖਦਾਈ ਗੱਲ ਅਧਿਆਪਕਾਂ ਦਾ ਰਵੱਈਆ ਸੀ,ਜੋ ਕਿਤੇ ਨਾ ਕਿਤੇ ਉਸ ਪੱਖਪਾਤ ਨੂੰ ਨਜ਼ਰੰਦਾਜ਼ ਕਰਦਾ ਸੀ।ਇੱਕ ਵਾਰ ਅਧਿਆਪਕ ਨੇ ਮੇਰੇ ਸ਼ਰਾਰਤੀ ਸੁਭਾਅ ’ਤੇ ਤਾਅਨਾ ਕਸਦਿਆਂ ਸਿੱਖਾਂ ਦੇ 12 ਵਜੇ ਪਾਗਲ ਹੋਣ ਬਾਰੇ ਮਜ਼ਾਕ ਉਡਾਇਆ। ਇਸੇ ਤਰ੍ਹਾਂ ਇੱਕ ਹੋਰ ਮੌਕੇ ’ਤੇ ਇੱਕ ਅਧਿਆਪਕ ਨੇ ਮੈਨੂੰ ਕਿਹਾ ਕਿ ਜੇ ਮੈਂ ਚੰਗੇ ਅੰਕ ਨਹੀਂ ਪ੍ਰਾਪਤ ਕਰ ਸਕਦਾ ਤਾਂ ਮੈਂ ਗੁਰਦੁਆਰੇ ਦੇ ਲੰਗਰ (‘ਤੇ ਹੀ ਪਲ ਸਕਦਾ ਹਾਂ। 1980 ਦੇ ਦੌਰਾਨ ਸਿੱਖ ਅੱਤਵਾਦ ਸ਼ਿਖਰ 'ਤੇ ਸੀ ਅਤੇ ਸਿੱਖ ਵੱਖਵਾਦੀ ਪੰਜਾਬ ਅੰਦਰ ਹਿੰਸਾ ਵਿੱਚ ਰੁੱਝੇ ਸਨ ਤਦ ਬਹੁਤ ਸਾਰੇ ਵਿਦਿਆਰਥੀ ਮੈਨੂੰ, "ਹੇ ਰੂਪੋਸ਼" ਜਾਂ "ਜਿੰਦਾ" (ਇੱਕ ਮਸ਼ਹੂਰ ਸਿੱਖ ਖਾੜਕੂ) ਦੇ ਨਾਮ ਨਾਲ ਬੁਲਾਉਂਦੇ ਸਨ।ਜ਼ਿਕਰਯੋਗ ਹੈ ਕਿ ਭਾਜਪਾ ਇਸ ਦੌਰਾਨ ਸੱਤਾ ਵਿੱਚ ਨਹੀਂ ਸੀ।ਉਸ ਸਮੇਂ ਦਿੱਲੀ ਵਿੱਚ ‘ਧਰਮਨਿਰਪੱਖ’ਕਹੀ ਜਾਣ ਵਾਲੀ ਕਾਂਗਰਸ ਪਾਰਟੀ ਹੀ ਸਰਕਾਰ ਚਲਾ ਰਹੀ ਸੀ।ਜੇਕਰ ਘੱਟ ਗਿਣਤੀਆਂ ਨੂੰ ਕਾਂਗਰਸ ਸਰਕਾਰ ਦੇ ਅਧੀਨ ਪ੍ਰੇਸ਼ਾਨ ਕੀਤਾ ਗਿਆ ਸੀ, ਤਾਂ ਕੋਈ ਵੀ ਕਲਪਨਾ ਕਰ ਸਕਦਾ ਹੈ ਕਿ ਇੱਕ ਹਿੰਦੂ ਰਾਸ਼ਟਰਵਾਦੀ ਸਰਕਾਰ ਦੇ ਅਧੀਨ ਹੋਣ ਨਾਲ ਕੀ ਕੁਝ ਹੋ ਸਕਦਾ ਹੈ।ਹਾਲਾਂਕਿ ਮੈਂ ਇੱਕ ਸਨਮਾਨਜਨਕ ਸਮਾਜ ਵਿੱਚੋਂ ਆਇਆ ਸੀ ਅਤੇ ਮੇਰੇ ਪਰਿਵਾਰ ਦੀ ਮਦਦ ਨਾਲ ਮੈਂ ਆਪਣੇ ਆਪ ਲਈ ਵਾਪਿਸ ਲੜ ਸਕਦਾ ਸੀ, ਪਰ ਉੱਥੇ ਬਹੁਤ ਸਾਰੇ ਮੰਦਭਾਗੀ ਵਿਦਿਆਰਥੀ ਅਜਿਹੇ ਸਨ ਜੋ ਦੱਬੇ-ਕੁਚਲੇ ਸਮਾਜ ਵਿੱਚੋਂ ਸਨ, ਖ਼ਾਸ ਕਰ ਜਿਨ੍ਹਾਂ ਨੂੰ ‘ਅਛੂਤ’ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਸੀ ਅਤੇ ਉਹਨਾਂ ਨੂੰ ਰੋਜ਼ਾਨਾ ਅਪਮਾਨ ਸਹਿਣਾ ਪੈਂਦਾ ਹੈ।ਇਸ ਲਈ ਮੈਂ ਮੁਹੰਮਦ ਅਤੇ ਹਰ ਜਗ੍ਹਾ ਤੇ ਉਸ ਵਰਗੇ ਵਿਦਿਆਰਥੀਆਂ ਦੇ ਦੁੱਖ ਦਰਦ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਹਾਂ।ਹਾਸ਼ੀਏ ਦੇ ਵਿਦਿਆਰਥੀਆਂ ਨਾਲ ਜੋ ਹੁੰਦਾ ਹੈ ਉਸਨੂੰ ਇਕਲੱਵਿਆ ਦੀ ਪ੍ਰਸਿੱਧ ਭਾਰਤੀ ਕਹਾਣੀ(ਜੋ ਕਬਾਇਲੀ ਭਾਈਚਾਰੇ ਦਾ ਇੱਕ ਪ੍ਰਾਚੀਨ ਨਾਇਕ ਸੀ) ਨਾਲ ਸਮਝਿਆ ਜਾ ਸਕਦਾ ਹੈ।ਉਹ ਇੱਕ ਤੀਰਅੰਦਾਜ਼ ਬਣਨਾ ਚਾਹੁੰਦਾ ਸੀ, ਪਰ ਕੱਟੜ ਹਿੰਦੂ ਸਮਾਜ ਨੇ ਉਸਨੂੰ ਤੀਰ-ਅੰਦਾਜ਼ੀ ਸਿੱਖਣ ਨਹੀਂ ਦਿੱਤੀ ਸੀ। ਫ਼ਿਰ ਵੀ ਉਸਨੇ ਹੁਨਰ ਸਿੱਖਿਆ ਅਤੇ ਸ਼ਾਹੀ ਕਬੀਲੇ ਦੇ ਅਧਿਆਪਕ ਦਰੋਣਾਚਾਰੀਆ ਨੂੰ ਆਪਣਾ ਗੁਰੂ ਮੰਨਿਆ। ਜਦੋਂ ਦਰੋਣਾਚਾਰੀਆ ਨੇ ਉਸਨੂੰ ਆਪਣੇ ਚੇਲੇ ਦੇ ਤੌਰ ਤੇ ਭਰਤੀ ਕਰਨ ਲਈ ਇਨਕਾਰ ਕਰ ਦਿੱਤਾ, ਤਾਂ ਉਸ ਨੇ ਦਰੋਣਾਚਾਰੀਆ ਦੇ ਬੁੱਤ ਦੀ ਮੌਜੂਦਗੀ ਵਿੱਚ ਕਮਾਨ ਅਤੇ ਤੀਰ ਨਾਲ ਤੀਰਅੰਦਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ।ਹੌਲੀ-ਹੌਲੀ ਉਹ ਇੱਕ ਸ਼ਾਨਦਾਰ ਤੀਰ-ਅੰਦਾਜ਼ ਬਣ ਗਿਆ ਜੋ ਸ਼ਾਹੀ ਪਰਿਵਾਰ ਦੇ ਚੇਲਿਆਂ ਲਈ ਖ਼ਤਰਾ ਬਣ ਸਕਦਾ ਸੀ।ਇਹ ਕੁਝ ਸਿੱਖਣ ਤੋਂ ਬਾਅਦ ਦਰੋਣਾਚਾਰੀਆ ਨੇ ਬੜੀ ਚਲਾਕੀ ਨਾਲ ਗੁਰੂ ਦੱਖਣਾ(ਇੱਕ ਰਵਾਇਤੀ ਦਾਤ ਜੋ ਵਿਦਿਆਰਥੀ ਆਪਣੇ ਅਧਿਆਪਕ ਨੂੰ ਵਾਪਸ ਦੇਣ)ਦੇ ਤੌਰ ਤੇ ਇਕਲੱਵਿਆ ਦੇ ਸੱਜੇ ਹੱਥ ਦੇ ਅੰਗੂਠੇ ਨੂੰ ਮੰਗ ਲਿਆ।ਭੋਲਾ-ਭਾਲਾ ਇਕਲੱਵਿਆ ਇਸ ’ਤੇ ਸਹਿਮਤ ਹੋ ਗਿਆ ਅਤੇ ਆਪਣਾ ਅੰਗੂਠਾ ਕੱਟ ਦਿੱਤਾ ਜੋ ਤੀਰਅੰਦਾਜ਼ੀ ਲਈ ਜ਼ਰੂਰੀ ਸੀ।ਇਸ ਸੰਸਥਾਗਤ ਵਿਤਕਰੇ ਨੂੰ ਸਮਝਣ ਅਤੇ ਸਮੂਹਿਕ ਚੁਣੌਤੀ ਦੇਣ ਦੀ ਲੋੜ ਹੈ ਜੋ ਸਿੱਖਿਆ ਅਤੇ ਗਿਆਨ ਨੂੰ ਭ੍ਰਿਸ਼ਟ ਅਤੇ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਦਿੰਦਾਹੈ। ਇਕਲੱਵਿਆ ਦੀ ਕਹਾਣੀ ਇੱਕ ਵਧੀਆ ਮਿਸਾਲ ਹੈ ਕਿ ਕਿਵੇਂ ਵਿੱਦਿਅਕ ਢਾਂਚੇ ਸੱਤਾ ਦੇ ਸੰਦ ਦੇ ਤੌਰ ਤੇ ਆਮ ਲੋਕਾਂ ਦੀਆਂ ਰੁਚੀਆਂ ਦੇ ਖਿਲਾਫ ਵਿਸ਼ੇਸ਼ ਅਧਿਕਾਰਤ ਜਮਾਤ ਦੀ ਬਿਹਤਰੀ ਲਈ ਕੰਮ ਕਰਦੇ ਹਨ। ਮੁਹੰਮਦ ਦੇ ਕੇਸ ਨੂੰ ਇਸ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ। ਸੰਯੁਕਤ ਰਾਜ ਅਮਰੀਕਾ ਦੇ ਸਕੂਲਾਂ ਦੀ ਹਾਲਤ ਦਾ ਮੁਆਇਨਾ ਕਰ ਕੇ ਉਸ (ਮੁਹੰਮਦ) ਵਰਗੇ ਹੋਰਾਂ ਨੂੰ ਖੋਜਣ ਦੀ ਲੋੜ ਹੈ ਜੋ ਆਪਣੀ ਚਮੜੀ ਦੇ ਰੰਗ ਜਾਂ ਵਿਸ਼ਵਾਸ ਕਰਕੇ ਕਿਸੇ ਕਲਾਸ ਰੂਮ ਵਿੱਚ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ।(ਲੇਖਕ ਕੈਨੇਡਾ ਦੇ ਨਾਮਵਰ ਰੇਡੀਓ ਹੋਸਟ ਅਤੇ ‘ਰੈਡੀਕਲ ਦੇਸੀ’ ਦੇ ਸੰਪਾਦਕ ਹਨ।)
Amarjit Singh Cheema
Fobia har jagah hai