ਉਨ੍ਹਾਂ ਲੋਕਾਂ ਦੇ ਮੁਲਕ ਅਣਚਾਹੀਆਂ ਜੰਗਾਂ ਅਤੇ ਲੜਾਈਆਂ ਨੇ ਤਬਾਹ ਕਰ ਦਿੱਤੇ ਹਨ। ਉਹ ਉਜੜ ਚੁੱਕੇ ਲੋਕ ਹਨ ਅਤੇ ਇਸ ਧਰਤੀ ਉਪਰ ਕਿਤੇ ਵੀ ਉਨ੍ਹਾਂ ਨੂੰ ਢੋਈ ਨਹੀਂ ਮਿਲ ਰਹੀ। ਇਹ ਪ੍ਰਵਾਸੀ ਜੋ ਖ਼ਤਰਨਾਕ ਸਮੁੰਦਰ ਪਾਰ ਕਰਨ ਲਈ ਰਬੜ ਦੀਆਂ ਕਿਸ਼ਤੀਆਂ ਦੀ ਮਦਦ ਲੈ ਰਹੇ ਹਨ ਅਤੇ ਇੰਞ ਆਪਣੀਆਂ ਜਾਨਾਂ ਜ਼ੋਖ਼ਮ ਵਿਚ ਪਾਕੇ ਮਹਿਫੂਜ਼ ਥਾਵਾਂ 'ਤੇ ਜਾਕੇ ਰਹਿਣ ਲਈ ਯਤਨ ਕਰ ਰਹੇ ਹਨ ਸਾਡੇ ਲਈ ਇਕ ਸੁਨੇਹਾ ਹਨ: ਇਹ ਦੁਨੀਆ ਐਸੀ ਬਣ ਚੁੱਕੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ!ਕੀ ਅਮਰੀਕਾ ਅਤੇ ਇਸ ਦੇ ਯੂਰਪੀ ਜੋਟੀਦਾਰ, ਜਿਵੇਂ ਬਰਤਾਨੀਆ ਅਤੇ ਫਰਾਂਸ, ਇਸ ਪ੍ਰਵਾਸੀ ਸੰਕਟ ਲਈ ਜ਼ਿੰਮੇਵਾਰ ਨਹੀਂ? ਨਿਸ਼ਚੇ ਹੀ ਇਹ ਜ਼ਿੰਮੇਵਾਰ ਹਨ। ਇਹ ਇਨ੍ਹਾਂ ਦੀ ਪੁਸ਼ਤਪਨਾਹੀ ਵਾਲੀ ਜੰਗ ਅਤੇ ਕਤਲੋਗ਼ਾਰਤ ਦਾ ਸਿੱਧਾ ਨਤੀਜਾ ਹੈ ਜਿਸ ਕਾਰਨ ਬੀਤੇ ਤੇਰਾਂ ਸਾਲਾਂ ਤੋਂ ਅਫ਼ਗਾਨਿਸਤਾਨ ਤੋਂ ਦਹਿ-ਲੱਖਾਂ ਲੋਕ ਉਜੜਕੇ ਸੀਰੀਆ ਗਏ ਹਨ।ਅਮਰੀਕਾ ਅਤੇ ਬਰਤਾਨੀਆ ਨੇ ਗਿਣ-ਮਿੱਥਕੇ ਇਰਾਕ ਅਤੇ ਅਫ਼ਗਾਨਿਸਤਾਨ ਨੂੰ ਲੰਮਾ ਸਮਾਂ ਤਬਾਹ ਕੀਤਾ ਹੈ ਅਤੇ ਅਫ਼ਗਾਨ ਅਤੇ ਇਰਾਕੀ ਲੋਕਾਂ ਨੂੰ ਇਨ੍ਹਾਂ ਨੇ ਅੱਜ ਦੁਨੀਆ ਦੇ ਸਭ ਤੋਂ ਵੱਡੇ ਪਨਾਹਗੀਰ ਬਣਾ ਦਿੱਤਾ ਹੈ ਜੋ ਯੂਰਪ ਵਿਚ ਦਾਖ਼ਲ ਹੋਣ ਵਾਲੀ ਦੂਜੀ ਸਭ ਤੋਂ ਵੱਡੀ ਤਾਦਾਦ ਬਣਦੇ ਹਨ। ਸੀਰੀਆ ਦੇ ਅਸਾਦ ਨਿਜ਼ਾਮ ਵਿਰੁੱਧ 2011 ਦੀ ਤਹਿਰੀਕ ਵਿਚ ਸ਼ਾਮਲ ਵੱਖੋ-ਵੱਖਰੇ ਅਸਾਦ ਵਿਰੋਧੀ ਧੜਿਆਂ ਵਿਚ ਘੁਸਪੈਠ ਕਰਕੇ ਅਮਰੀਕਾ ਨੇ ਇਨ੍ਹਾਂ ਨੂੰ ਫੰਡ ਅਤੇ ਹਥਿਆਰ ਦਿੱਤੇ ਜੋ ਖ਼ੁਦ ਨੂੰ 'ਮਾਡਰੇਟ' ਕਹਿੰਦੇ ਸਨ। ਦੂਜੇ ਪਾਸੇ, ਮੂਲ ਰੂਪ 'ਚ ਖ਼ੁਦ ਅਮਰੀਕਾ ਦਾ ਪੈਦਾ ਕੀਤਾ ਆਈ.ਐੱਸ.ਆਈ.ਐੱਸ. ਦੈਂਤ ਸੀਰੀਆ ਅਤੇ ਇਰਾਕ ਦੇ ਲੋਕਾਂ ਦੀ ਨਸਲਕੁਸ਼ੀ ਕਰਨ 'ਚ ਲੱਗਾ ਹੋਇਆ ਹੈ। ਅਸਾਦ ਦੀ ਸਰਕਾਰ ਅਤੇ ਆਈ.ਐੱਸ.ਆਈ.ਐੱਸ. ਵਰਗੇ ਖ਼ਾਨਾਜੰਗੀ 'ਚ ਮਸ਼ਗੂਲ ਧੜਿਆਂ ਦਰਮਿਆਨ ਚੱਲ ਰਹੀ ਜੰਗ ਦੇ ਸਿੱਟੇ ਵਜੋਂ 25000 ਤੋਂ ਵੱਧ ਸੀਰੀਆਈ ਲੋਕ ਮਾਰੇ ਜਾ ਚੁੱਕੇ ਹਨ, 76 ਲੱਖ ਅੰਦਰੂਨੀ ਤੌਰ 'ਤੇ ਘਰੋਂ ਬੇਘਰ ਹੋ ਚੁੱਕੇ ਹਨ ਅਤੇ 40 ਲੱਖ ਜਾਨ ਬਚਾਕੇ ਜਾਰਡਨ, ਲੇਬਨਾਨ ਅਤੇ ਤੁਰਕੀ ਚਲੇ ਗਏ ਹਨ। ਕੰਗਰੋੜਰਹਿਤ ਅਤੇ ਵੇਲਾ ਵਿਹਾ ਚੁੱਕਾ ਸੰਯੁਕਤ ਰਾਸ਼ਟਰ ਇਸ ਹਾਲੀਆ ਬੇਮਿਸਾਲ ਮਨੁੱਖੀ ਸੰਕਟ ਨੂੰ ਮੁਖ਼ਾਤਬ ਹੋਣ 'ਚ ਨਾਕਾਮ ਰਿਹਾ ਹੈ। ਇਹ ਮਹਿਜ਼ ਨਿਤਾਣੇ ਦਰਸ਼ਕ ਵਾਂਗ ਤਮਾਸ਼ਾ ਦੇਖ ਰਿਹਾ ਹੈ।ਜਿਹੜੇ ਮੁਲਕਾਂ ਨੇ ਇਹ ਜੰਗ ਭੜਕਾਈ ਹੈ ਉਹ ਆਪਣੀ ਭੂਮਿਕਾ ਦੀ ਜ਼ਿੰਮੇਵਾਰੀ ਲੈਣ ਜਾਂ ਇੱਥੋਂ ਤਕ ਕਿ ਬਹੁਤ ਥੋੜ੍ਹੀ ਤਾਦਾਦ 'ਚ ਪਨਾਹਗੀਰਾਂ ਨੂੰ ਸਾਂਭਣ ਤੋਂ ਵੀ ਇਨਕਾਰੀ ਹਨ। ਜਰਮਨੀ ਸਾਲ ਵਿਚ ਸਿਰਫ਼ ਪੰਜ ਤੋਂ ਲੈਕੇ ਅੱਠ ਲੱਖ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਾ ਮੰਨਿਆ ਹੈ (ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਇਹ ਗਿਣਤੀ ਉਸ ਗਿਣਤੀ ਦੇ ਬਰਾਬਰ ਹੈ ਜਿੰਨੇ ਕਾਮੇ ਜਰਮਨੀ ਨੂੰ ਆਪਣੀ ਸੁੰਗੜ ਰਹੀ ਕਾਮਾ-ਸ਼ਕਤੀ ਨੂੰ ਪੂਰੀ ਕਰਨ ਲਈ ਚਾਹੀਦੇ ਹਨ।) ਬਰਤਾਨੀਆ ਸਿਰਫ਼ ਦਸ ਹਜ਼ਾਰ ਪਨਾਹਗੀਰਾਂ ਨੂੰ ਆਉਣ ਦੀ ਇਜਾਜ਼ਤ ਦੇਣਾ ਮੰਨਿਆ ਤਾਂ ਹੈ ਪਰ ਇਸ ਨੂੰ ਇਸਨੇ ਸੀਰੀਆ ਉਪਰ ਕੀਤੇ ਡਰੋਨ ਹਮਲਿਆਂ ਲਈ ਬਹਾਨਾ ਬਣਾ ਲਿਆ ਹੈ। ਅਗਲੇ ਹੀ ਦਿਨ ਇਸ ਨੇ ਬਰਤਾਨੀਆ ਦੇ ਜੰਮਪਲ ਦੋ ਆਈ.ਐੱਸ.ਆਈ.ਐੱਸ. ਕਾਰਕੁਨ ਮਾਰ ਦਿੱਤੇ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਰਤਾਨੀਆ ਨੇ ਆਈ.ਐੱਸ.ਆਈ.ਅ੍ਵੈਸ. ਆਗੂਆਂ ਉਪਰ ਡਰੋਨ ਹਮਲੇ ਕਿਉਂ ਨਹੀਂ ਕੀਤੇ ਜੋ ਬਰਤਾਨੀਆ ਦੇ ਜੰਮਪਲ ਨਹੀਂ। ਯਮਨ, ਸੋਮਾਲੀਆ ਅਤੇ ਪਾਕਿਸਤਾਨ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਬੇਕਸੂਰ ਲੋਕ ਅਮਰੀਕਾ ਦੇ ਡਰੋਨ ਹਮਲਿਆਂ ਵਿਚ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਵਜ੍ਹਾ ਇਹ ਹੈ ਕਿ ਡਰੋਨ ਹਥਿਆਰਬੰਦ ਲੜਾਕੂਆਂ ਦੀ ਟੋਲੀ ਅਤੇ ਬਰਾਤ ਜਾਂ ਜਨਾਜ਼ੇ ਵਿਚ ਜੁੜੇ ਇਕੱਠ ਦਰਮਿਆਨ ਨਿਖੇੜਾ ਨਹੀਂ ਕਰ ਸਕਦੇ। ਅਮਰੀਕਾ ਦੀ ਅਗਵਾਈ ਵਾਲੇ ਢੌਂਗੀ ਗੱਠਜੋੜ ਵਲੋਂ ਬੀਤੇ ਕਈ ਮਹੀਨਿਆਂ ਤੋਂ ਸੀਰੀਆ ਅਤੇ ਇਰਾਕ ਉਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ। 'ਆਈ.ਐੱਸ.ਆਈ.ਐੱਸ. ਵਿਰੁੱਧ ਲੜਨ' ਦੇ ਨਾਂ ਹੇਠ ਬਣਾਏ ਇਸ ਗੱਠਜੋੜ ਵਿਚ ਸਾਊਦੀ ਅਰਬ, ਕਤਰ ਅਤੇ ਤੁਰਕੀ ਸ਼ਾਮਲ ਹਨ। ਇਹ ਜ਼ਾਹਿਰ ਹੈ ਕਿ ਅਮਰੀਕਾ ਅਤੇ ਬਰਤਾਨੀਆ ਆਈ.ਐੱਸ.ਆਈ.ਐੱਸ. ਵਿਰੁੱਧ ਲੜਨ ਦਾ ਢੌਂਗ ਰਚ ਰਹੇ ਹਨ, ਜਦਕਿ ਇਨ੍ਹਾਂ ਦਾ ਅਸਲ ਨਿਸ਼ਾਨਾ ਅਸਾਦ ਨੂੰ ਸੱਤਾ ਤੋਂ ਲਾਹੁਣਾ ਅਤੇ ਉਸਦੀ ਥਾਂ ਆਪਣੀ ਕਿਸੇ ਕਠਪੁਤਲੀ ਨੂੰ ਸੱਤਾਧਾਰੀ ਬਣਾਉਣਾ ਹੈ। ਇਸੇ ਤਰ੍ਹਾਂ ਤੁਰਕੀ ਆਈ.ਐੱਸ.ਆਈ.ਐੱਸ. ਵਿਰੁੱਧ ਲੜਨ ਦਾ ਵਿਖਾਵਾ ਕਰ ਰਿਹਾ ਹੈ ਜਦਕਿ ਅਸਲ ਵਿਚ ਇਹ ਕੁਰਦਿਸ਼ ਖੇਤਰਾਂ ਉਪਰ ਬੰਬਾਰੀ ਕਰਨ 'ਚ ਜੁੱਟਿਆ ਹੋਇਆ ਹੈ, ਜੋ ਤੁਰਕੀ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਦੁਨੀਆ ਲਿਬੀਆ ਦੇ ਲੋਕਾਂ ਦੀ ਤਰਸਯੋਗ ਹਾਲਤ ਦੇਖ ਚੁੱਕੀ ਹੈ ਜੋ ਉਥੇ ਬਰਤਾਨੀਆ ਵਲੋਂ ਕੀਤੀਆਂ ਗੁਪਤ ਫ਼ੌਜੀ ਕਾਰਵਾਈਆਂ ਦਾ ਨਤੀਜਾ ਹੈ। ਸੰਭਵ ਹੈ ਕਿ ਸੀਰੀਆ ਵਿਚ ਵੀ ਇਹੀ ਹੋਣ ਵਾਲਾ ਹੈ। ਸਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਸ ਨੂੰ ਰੋਕਣਾ ਚਾਹੀਦਾ ਹੈ।-ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗਰੇਟ ਬ੍ਰਿਟੇਨ
(ਕੇਂਦਰੀ ਜਥੇਬੰਦਕ ਕਮੇਟੀ)