ਗਜਿੰਦਰ ਚੌਹਾਨ ਦੀ ਨਿਯੁਕਤੀ ਅਤੇ ਪੂਨਾ ਫਿਲਮ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਸੰਘਰਸ਼ ਦੇ ਮਾਇਨੇ -ਬੇਅੰਤ ਮੀਤ
Posted on:- 20-09-2015
ਪੂਨਾ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ 100 ਤੋਂ ਵੱਧ ਦਿਨ ਹੋ ਗਏ ਹਨ। ਇਥੇ ਅਸੀਂ ਇਹ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ (ਸੰਪਾ.)
ਇਹ ਆਮ ਧਾਰਨਾ ਹੈ ਕਿ ਜਦੋਂ ਸੱਤਾ ਲਈ ਰਾਜ ਭਾਗ ਚਲਾਉਣ ਦੇ ਪ੍ਰੰਪਰਾਗਤ ਢੰਗ-ਤਰੀਕੇ ਥਿਕੜਣ ਲਗਦੇ ਹਨ ਤਾਂ ਸੱਤਾਧਾਰੀ ਆਪਣਾ ਫਾਸ਼ੀਵਾਦੀ ਚਿਹਰਾ ਨੰਗਾ ਕਰਨ 'ਤੇ ਉਤਾਰੂ ਹੋ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਸੰਕਟ ਦੇ ਦੌਰਾਂ ਵਿੱਚ ਜਦੋਂ ਸਾਧਨਾਂ ਦੀ ਕਮੀ ਹੁੰਦੀ ਹੈ, ਉਦੋਂ ਹੀ ਧਾਰਮਿਕ, ਨਸਲੀ ਅਤੇ ਜਾਤੀ ਵਿਰੋਧਤਾਈਆਂ ਅਤੇ ਟਕਰਾਅ ਪੈਦਾ ਹੋਣ ਅਤੇ ਵਧਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਜੇਕਰ ਲੋਕਾਂ ਸਾਹਮਣੇ ਜਮਾਤੀ ਵਿਰੋਧਤਾਈਆਂ ਸਾਫ਼ ਨਹੀਂ ਹੁੰਦੀਆਂ ਅਤੇ ਉਨ੍ਹਾਂ ਵਿੱਚ ਜਮਾਤੀ ਚੇਤਨਾ ਦੀ ਘਾਟ ਹੁੰਦੀ ਹੈ ਤਾਂ ਉਨ੍ਹਾਂ ਅੰਦਰ ਕਿਸੇ ਖਾਸ ਧਰਮ, ਨਸਲ ਜਾਂ ਜਾਤੀ ਦੇ ਲੋਕਾਂ ਲਈ ਪਿਛਾਖੜੀ ਗੁੱਸਾ ਭਰਿਆ ਜਾ ਸਕਦਾ ਹੈ। ਇਸੇ ਸਥਿਤੀ 'ਚ ਭਾਰਤੀ ਜਨਤਾ ਪਾਰਟੀ ਅਤੇ ਸਮੁੱਚਾ ਸੰਘੀ ਲਾਣਾ ਇਤਿਹਾਸ, ਸੱਭਿਆਚਾਰ, ਸਾਹਿਤ ਅਤੇ ਕਲ੍ਹਾ ਦੇ ਖੇਤਰ ਨੂੰ ਆਪਣੇ ਦਕੀਆ-ਨਕੂਸ ਅਤੇ ਸੜਾਂਦ ਮਾਰਦੀ ਬ੍ਰਾਹਮਣਵਾਦੀ ਹਿੰਦੂ ਵਿਚਾਰਧਾਰਾ ਦੀ ਪੁੱਠ ਚਾੜਨ ਦੇ ਨਾਪਾਕ ਮਨਸੂਬੇ ਘੜ ਰਿਹਾ ਹੈ। ਇਹ ਉਵੇਂ ਹੀ ਹੈ ਜਿਵੇਂ ਕੋਈ ਧਰਤੀ ਦੁਆਲੇ ਸੂਰਜ ਘੁਮਾਉਣ ਦੀ ਨਾਕਾਮ ਕੋਸ਼ਿਸ਼ ਕਰੇ।
ਪਿਛਲੇ ਕਾਫੀ ਦਿਨਾਂ ਤੋਂ ਪੂਨਾ ਵਿਖੇ ਸਥਿਤ ਕੌਮੀ ਅਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਆਫ ਇੰਡੀਆ (FTII) ਵਿਖੇ ਗਜਿੰਦਰ ਚੌਹਾਨ ਦੀ ਚੇਅਰਮੈਨ ਵਜੋਂ ਕੀਤੀ ਗਈ ਨਿਯੁਕਤੀ ਦਾ ਉੱਥੋਂ ਦੇ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ 12 ਜੂਨ ਤੋਂ ਹੜਤਾਲ ਕਰਕੇ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਅੱਜ ਤੱਕ ਵਿਦਿਆਰਥੀ ਕਲਾਸਾਂ ਦਾ ਬਾਈਕਾਟ ਕਰਕੇ ਵੱਖੋ-ਵੱਖਰੇ ਸੰਘਰਸ਼ ਦੇ ਰੂਪਾਂ ਰਾਹੀਂ ਅੰਦੋਲਨ ਚਲਾ ਰਹੇ ਹਨ। ਵਿਦਿਆਰਥੀ ਕੁਝ ਸਥਾਨਿਕ ਮੰਗਾਂ ਅਤੇ ਚੇਅਰਮੈਨ ਗਜਿੰਦਰ ਚੌਹਾਨ ਦੀ ਨਿਯੁਕਤੀ ਰੱਦ ਕਰਾਉਣ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਇਸ ਅੰਦੋਲਨ ਨੇ ਸਮੁੱਚੇ ਦੇਸ਼ ਵਿੱਚ ਇਨਸਾਫ ਪਸੰਦ ਅਤੇ ਅਗਾਂਹਵਧੂ ਲੋਕਾਂ ਦਾ ਧਿਆਨ ਖਿੱਚਿਆ ਹੈ। ਗਜਿੰਦਰ ਚੌਹਾਨ ਦੀ ਨਿਯੁਕਤੀ ਅਤੇ ਵਿਦਿਆਰਥੀਆਂ ਦੇ ਵਿਰੋਧ ਦੇ ਗੰਭੀਰ ਮਾਇਨੇ ਹਨ।
ਵਿਦਿਆਰਥੀਆਂ ਨੂੰ ਇਹ ਨਿਯੁਕਤੀ ਰੜਕ ਰਹੀ ਹੈ ਕਿਉਂਕਿ ਇਹ ਨਿਯੁਕਤੀ ਰਾਜਨੀਤੀ ਤੋਂ ਪ੍ਰੇਰਿਤ ਹੈ। ਉਸ ਕੋਲ ਇਸ ਵੱਕਾਰੀ ਸੰਸਥਾ ਨੂੰ ਚਲਾਉਣ ਲਈ ਕੋਈ ਅਕਾਦਮਿਕ ਸਮਝ ਨਹੀਂ ਹੈ ਅਤੇ ਨਾ ਹੀ ਉਸਦੀ ਕਲ੍ਹਾ ਦੇ ਖੇਤਰ ਵਿੱਚ ਕੋਈ ਵਿਸ਼ੇਸ਼ ਸਿਰਜਣਾਤਮਕ ਉਪਲਬਧੀ ਹੈ। ਯਾਦ ਕਰੋ ਡੀ.ਡੀ. ਨੈਸ਼ਨਲ 'ਤੇ ਆਉਂਦਾ ਸੀਰੀਅਲ 'ਮਹਾਂਭਾਰਤ' ਵਾਲਾ ਯੁਧਿਸ਼ਟਰ। ਹਾਂ ਏਹੀ ਹੈ ਗਜਿੰਦਰ ਚੌਹਾਨ। ਅਸਲ ਵਿੱਚ ਗਜਿੰਦਰ ਚੌਹਾਨ ਦੀ ਯੋਗਤਾ ਇਹ ਹੈ ਕਿ ਉਸਨੇ ਭਾਜਪਾ ਅਤੇ ਸੰਘ ਪਰਿਵਾਰ ਦੀ ਫਾਸ਼ੀਵਾਦੀ ਹਿੰਦੂਤਵੀ ਵਿਚਾਰਧਾਰਾ ਦੀ ਜ਼ਹਿਰ ਨੂੰ ਫੈਲਾਉਣ ਵਿੱਚ ਮੱਦਦ ਕਰਨ ਲਈ ਭਾਜਪਾ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਹੈ। ਉਹ ਮਥੁਰਾ ਤੋਂ ਹੇਮਾ ਮਾਲਿਨੀ ਲਈ ਵੋਟਾਂ ਮੰਗਦਾ ਰਿਹਾ ਹੈ। ਹਾਂ ਉਸਦੀ ਯੋਗਤਾ ਦੇ ਹੋਰ ਸੋਹਲੇ ਸੁਣਨੇ ਹਨ ਤਾਂ ਦੱਸਣਾ ਜ਼ਰੂਰੀ ਬਣਦਾ ਹੈ ਕਿ ਉਹ ਅਸ਼ਲੀਲ (SOFT PORN) ਫਿਲਮਾਂ ਵਿੱਚ ਕੰਮ ਕਰਦਾ ਸੀ। ਬਲਾਤਕਾਰੀ, ਕਾਤਿਲ ਅਤੇ ਠਰਕੀ ਬੁੱਢੇ, ਬਾਪੂ ਆਸਾਰਾਮ ਦੇ ਡਾਂਸ ਗਰੁੱਪ ਨਾਲ ਨੱਚਦਾ ਰਿਹਾ ਹੈ ਅਤੇ ਉਹਨਾਂ ਨੂੰ ਅਜਿਹੇ ਭੱਦੇ ਡਾਂਸ ਦੀ ਟਰੇਨਿੰਗ ਵੀ ਦਿੰਦਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਸ਼੍ਰੀਮਾਨ ਗਜਿੰਦਰ ਚੌਹਾਨ ਅੰਧਵਿਸ਼ਵਾਸ਼ ਫੈਲਾਉਣ ਵਾਲੇ ਹੀਰਿਆਂ ਦੀ ਟੈਲੀਮਾਰਕਟਿੰਗ ਵੀ ਕਰਦਾ ਰਿਹਾ ਹੈ। ਉਸਦੀਆਂ ਇਹ ਸਾਰੀਆਂ ਕਰਤੂਤਾਂ ਦਾ ਰਿਕਾਰਡ ਯੂ-ਟਿਊਬ 'ਤੇ ਵੀ ਉਪਲਭਧ ਹੈ।
ਪੂਨਾ ਫਿਲਮ ਇੰਸਟੀਚਿਊਟ ਨੇ ਨਾਮਵਾਰ ਫਿਲਮੀ ਹਸਤੀਆਂ ਨੂੰ ਜਨਮ ਦਿੱਤਾ ਹੈ। ਇਹ ਸੰਸਥਾ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਸ਼ਿਆਮ ਬੈਨੇਗਲ, ਮਰੀਨਲ ਸੇਨ, ਅਡੂਰ ਗੋਪਾਲਕ੍ਰਿਸ਼ਨ, ਮਹੇਸ਼ ਭੱਟ, ਗੀਰੀਸ਼ ਕਰਨਾਡ, ਵਿਨੋਦ ਖੰਨਾ ਅਤੇ ਯੂ.ਆਰ. ਅਨੰਥਾਮੂਰਤੀ ਵਰਗੀਆਂ ਕਲਾ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਇਸਦੀਆਂ ਗਵਰਨਿੰਗ ਕਾਉਂਸਿਲ ਦੇ ਮੁੱਖੀ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ । ਸੱਯਦ ਮਿਰਜਾ ਇਸਦੇ ਮੋਜੂਦਾ ਮੁੱਖੀ ਹਨ। ਸੰਘ ਨੇ ਗਵਰਨਿੰਗ ਕਾਉਂਸਿਲ ਵਿੱਚ ਵੀ ਘੁਸਪੈਠ ਕੀਤੀ ਹੈ। ਇਸ ਕਾਉਂਸਿਲ ਦੀ ਚੋਣ ਪ੍ਰਕਿਰਿਆ ਖਿਲਾਫ਼ ਵੀ ਵਿਦਿਆਰਥੀਆਂ ਦਾ ਰੋਹ ਹੈ। ਕਾਉਂਸਿਲ ਦਾ ਪੈਨਲ ਹੀ ਸੰਸਥਾ ਦੇ ਚੇਅਰਮੈਨ ਦੀ ਅਹੁਦੇਦਾਰੀ ਉਸ ਵਿਅਕਤੀ ਦੀਆਂ ਥੀਏਟਰ ਅਤੇ ਕਲ੍ਹਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਦੇਖ ਕੇ ਕਰਦਾ ਹੈ। ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਇਸ ਕਾਉਂਸਿਲ ਦਾ ਕੱਚਾ ਚਿੱਠਾ ਵੀ ਨੰਗਾ ਕੀਤਾ ਹੈ। ਜਿਨ੍ਹਾਂ ਨੇ ਗਜਿੰਦਰ ਚੌਹਾਨ ਦੀ ਨਿਯੁਕਤੀ ਕੀਤੀ ਹੈ। ਇਸਦੇ ਅੱਠ ਮੈਂਬਰਾਂ ਵਿੱਚੋਂ ਚਾਰ ਦਾ ਪਿਛੋਕੜ ਸੰਘੀ ਗਿਰੋਹ ਨਾਲ ਰਿਹਾ ਹੈ। ਜਿੰਨ੍ਹਾਂ ਵਿੱਚੋਂ ਅਨਾਘਾ ਘਸੀਆਸ ਦੀ ਯਾਰੀ ਆਰ.ਐਸ.ਐਸ. ਨਾਲ ਰਹੀ ਹੈ ਅਤੇ ਉਸਨੇ ਨਰਿੰਦਰ ਮੋਦੀ ਬਾਰੇ ਦਸਤਾਵੇਜੀ ਫਿਲਮ ਵੀ ਬਣਾਈ ਹੈ। ਨਰਿੰਦਰ ਪਾਠਕ ਮਹਾਂਰਾਸ਼ਟਰ ਦੀ ਏ.ਬੀ.ਵੀ.ਪੀ. ਦੀ ਇਕਾਈ ਦਾ ਚਾਰ ਸਾਲ ਪ੍ਰਧਾਨ ਰਿਹਾ ਹੈ ਜੋ ਹੁਣ ਵੀ 'ਵਿਦਿਆਰਥੀਉਂ ਕੋ ਸਬਕ ਸਿਖਾਨਾ ਹੋਗਾ' ਦੇ ਧਮਕੀ ਭਰੇ ਬਿਆਨ ਦਾਗ ਰਿਹਾ ਹੈ। ਪਰੰਜਲ ਸੈਕਿਆ ਬੇ.ਜੇ.ਪੀ. ਦੇ ਇੱਕ ਹੋਰ ਵਿੰਗ ਸੰਸਕਾਰ ਭਾਰਤੀ ਦਾ ਮੈਂਬਰ ਹੈ। ਇਸੇ ਤਰ੍ਹਾਂ ਰਾਹੁਲ ਸ਼ੋਲਾਪੁਰਕਰ ਦਾ ਪਿਛੋਕੜ ਹੈ। ਇਸੇ ਟੀਮ ਨੇ ਮਿਲ ਕੇ ਪ੍ਰਸਿੱਧ ਗੀਤਕਾਰ ਗੁਲਜ਼ਾਰ, ਫਿਲਮ ਨਿਰਦੇਸ਼ਕ ਸ਼ਿਆਮ ਬੈਨੇਗਲ ਅਤੇ ਅਡੂਰ ਗੋਪਾਲਕ੍ਰਿਸ਼ਨ ਦੇ ਨਾਵਾਂ ਨੂੰ ਦਰਕਿਨਾਰ ਕਰਕੇ ਗਜਿੰਦਰ ਚੌਹਾਨ ਦੀ ਨਿਯੁਕਤੀ ਲਈ ਰਾਹ ਪੱਧਰਾ ਕੀਤਾ ਹੈ। ਮੋਦੀ ਦੇ ਕਾਰਜਕਾਲ ਦੌਰਾਨ ਸੰਘ ਅਤੇ ਬੀ.ਜੇ.ਪੀ. ਦੇ ਰਿਸ਼ਤੇ ਨੇ ਗੂੜ੍ਹਾ ਰੰਗ ਅਖਤਿਆਰ ਕੀਤਾ ਹੈ। ਮੋਦੀ ਨੇ ਸੰਘ ਅਤੇ ਸੰਘ ਦੇ ਚਹੇਤਿਆਂ ਜਾਂ ਕਹਿ ਲਵੋ ਬੀ.ਜੇ.ਪੀ. ਦੀ ਸੇਵਾ ਵਿੱਚ ਲੱਗੇ ਲੋਕਾਂ ਨੂੰ ਵੱਡੀਆਂ ਅਹੁਦੇਦਾਰੀਆਂ ਨਾਲ ਨਿਵਾਜਿਆ ਹੈ, ਇਸ ਸਿਲਸਿਲੇ ਨੇ ਇੱਕ ਸਾਲ ਦੌਰਾਨ ਰਫ਼ਤਾਰ ਫੜੀ ਹੈ। ਇਸ ਤਰ੍ਹਾਂ ਕਰਕੇ ਸਮੁੱਚੇ ਦੇਸ਼ ਵਿੱਚ ਇੱਕ ਵੱਖਰੀ ਕਿਸਮ ਦਾ ਸੱਭਿਆਚਾਰ ਸਿਰਜਣ ਅਤੇ ਫਾਸ਼ੀਵਾਦੀ ਪ੍ਰਵਿਰਤੀਆਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਵ ਜਿਹਾਦ, ਘਰ ਵਾਪਸੀ ਅਤੇ ਸਾਇੰਸ ਕਾਨਫਰੰਸ ਵਿੱਚ ਸੰਘ ਦੇ ਟੁੱਕੜਬੋਚ ਬੁੱਧੀਜੀਵੀਆਂ ਵੱਲੋਂ ਪੜ੍ਹੇ ਗਏ ਬੇਤੁਕੇ ਪੇਪਰ,ਨਰਿੰਦਰ ਮੋਦੀ ਦਾ ਦੁਆਰਾ ਗਣੇਸ਼ ਦੇ ਧੜ ਤੇ ਹਾਥੀ ਦੇ ਮੂੰਹ ਨੂੰ ਸਰਜਰੀ ਦੀ ਉਤਮ ਮਿਸਾਲ ਵਰਗੇ ਬੇਵਕੁਫੀ ਭਰੇ ਬਿਆਨ ਇਸੇ ਕੜੀ ਦਾ ਹੀ ਹਿੱਸਾ ਸਨ। ਪਿਛਲੇ ਸਮੇਂ ਦੌਰਾਨ ਇਤਿਹਾਸ, ਅਕਾਦਮਿਕ ਅਤੇ ਕਲ੍ਹਾ ਦੇ ਖੇਤਰ ਵਿੱਚ ਕੀਤੀਆਂ ਨਿਯੁਕਤੀਆਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ।
ਮੋਦੀ ਨੇ ਪਿਛਲੇ ਸਾਲ ਸੰਘ ਦੇ ਸਰਗਰਮ ਆਗੂ ਮਨੋਹਰ ਲਾਲ ਖੱਟਰ ਨੂੰ ਹਰਿਆਣੇ ਦਾ ਮੁੱਖ ਮੰਤਰੀ ਲਾਇਆ। ਆਈ.ਆਈ.ਟੀ. ਅਤੇ ਆਈ.ਆਈ.ਐਮ. ਵਿੱਚ ਹੋਈਆਂ ਨਿਯੁਕਤੀਆਂ ਵੀ ਸੰਘ ਦੀਆਂ ਕਾਰਵਾਈਆਂ ਤੋਂ ਅਸਰਅੰਦਾਜ ਹੋਈਆਂ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੇ ਮੁਖੀ ਪਹਿਲਾਜ ਨਿਹਲਾਨੀ ਦੀ ਨਿਯੁਕਤੀ ਪ੍ਰਮੁੱਖ ਹਸਤੀ ਲੀਲਾ ਸੈਮਸਨ ਨੂੰ ਹਟਾਅ ਕੇ ਕੀਤੀ ਗਈ। ਸੌਦਾ ਸਾਧ ਜੋ ਸੰਤ ਤੋਂ ਐਕਸ਼ਨ ਹੀਰੋ ਵੀ ਬਣ ਗਿਆ ਹੈ ਉਸਦੀ ਫਿਲਮ (MSG )'ਮੈਸੈਂਜਰ ਆਫ ਗਾਡ' ਦੇ ਚੱਲੇ ਵਿਵਾਦ ਦੌਰਾਨ ਬੋਰਡ ਦੇ 13 ਵਿੱਚੋਂ 8 ਮੈਂਬਰ ਅਸਤੀਫਾ ਦੇ ਗਏ ਸਨ ਕਿਉਂਕਿ ਉਹਨਾਂ ਉੱਤੇ ਮੋਦੀ ਐਂਡ ਕੰਪਨੀ ਨੇ ਫਿਲਮ ਨੂੰ ਪਾਸ ਕਰਨ ਲਈ ਦਬਾਅ ਪਾਇਆ। ਸੌਦਾ ਸਾਧ ਨੇ ਹਰਿਆਣੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਬੀ.ਜੇ.ਪੀ. ਦਾ ਖੁੱਲ ਕੇ ਸਾਥ ਦਿੱਤਾ ਸੀ।
ਪਹਿਲਾਜ ਨਿਹਲਾਨੀ ਨੇ ਆਉਂਦੇ ਸਾਰ ਹੀ 20 ਸ਼ਬਦਾਂ ਦੀ ਵਰਤੋਂ ਉੱਪਰ ਮੀਡੀਆ ਵਿੱਚ ਪਾਬੰਦੀ ਲਗਾਅ ਦਿੱਤੀ ਜਿਨ੍ਹਾਂ ਵਿੱਚੋਂ 'ਬੰਬੇ' ਵੀ ਇੱਕ ਸ਼ਬਦ ਹੈ। ਨਿਹਲਾਨੀ ਦੀ ਯੋਗਤਾ ਵੀ ਏਹੀ ਹੈ ਕਿ ਉਸਨੇ ਬੀ.ਜੇ.ਪੀ. ਅਤੇ ਮੋਦੀ ਲਈ ਚੋਣ ਪ੍ਰਚਾਰ ਕੀਤਾ ਹੈ। ਨਿਆਣਿਆਂ ਦੇ ਸੁਪਰ ਹੀਰੋ ਰਹੇ 'ਸ਼ਕਤੀਮਾਨ' ਜਿਸਦੀ ਰੀਸ ਕਰਨ ਦੇ ਚੱਕਰ ਵਿੱਚ ਕਈ ਬੱਚਿਆਂ ਨੇ ਲੱਤਾਂ ਤੁੜਵਾਈਆਂ ਅਤੇ ਮਹਾਂਭਾਰਤ ਦੇ ਭੀਸ਼ਮ ਪਿਤਾਮਾ ਦਾ ਕਿਰਦਾਰ ਕਰਨ ਵਾਲੇ ਮੁਕੇਸ਼ ਖੰਨਾ ਨੂੰ 'ਚਿਲਡਰਨ ਫਿਲਮ ਸੋਸਾਇਟੀ' (CFS) ਦਾ ਚੇਅਰਮੈਨ ਬਣਾਇਆ ਗਿਆ ਹੈ। ਮੁਕੇਸ਼ ਖੰਨਾ ਵੀ ਬੀ.ਜੇ.ਪੀ. ਦੇ ਉਮੀਦਵਾਰ ਉਮੇਸ਼ ਕੁਮਾਰ ਲਈ ਚੋਣ ਪ੍ਰਚਾਰ ਕਰਦਾ ਰਿਹਾ ਹੈ। ਮੁਕੇਸ਼ ਖੰਨਾ ਅੰਧ ਵਿਸ਼ਵਾਸ ਫੈਲਾਉਂਦੇ ਰੁਦਰਾਕਸ਼ ਛੱਲੇ ਮੁੰਦੀਆਂ ਦੀ ਟੈਲੀਮਾਰਕੀਟਿੰਗ ਵੀ ਕਰਦਾ ਹੈ। ਜਨਸੰਘ ਦੇ ਮਾਨਤਾ ਪ੍ਰਾਪਤ ਇਤਿਹਾਸਕਾਰ ਦੀਨਾ ਨਾਥ ਬੱਤਰਾ ਨੂੰ ਨੈਸ਼ਨਲ ਕਾਉਂਸਿਲ ਆਫ਼ ਐਜੂਕੇਸ਼ਨਲ ਰੀਸਰਚ ਐਂਡ ਟਰੇਨਿੰਗ (NCERT) ਦਾ ਮੁਖੀ ਲਾਇਆ ਗਿਆ। ਜਿਸਨੇ ਸੰਘ ਦੇ ਭਗਵਾਂਕਰਨ ਦੇ ਅਜੰਡੇ ਨੂੰ ਤੱਦੀ ਨਾਲ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਸਨੇ ਇਤਿਹਾਸ ਅਤੇ ਹੋਰ ਕਿਤਾਬਾਂ ਦੀ ਸੁਧਾਈ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਸੇ ਦੀ ਹਦਾਇਤ 'ਤੇ ਖੱਟਰ ਨੇ ਹਰਿਆਣੇ ਦੇ ਸਕੂਲਾਂ ਵਿੱਚ ਗੀਤਾ ਪਾਠ ਨੂੰ ਸਿਲੇਬਸ ਦਾ ਲਾਜ਼ਮੀ ਹਿੱਸਾ ਬਣਾ ਦਿੱਤਾ ਹੈ। ਬੱਤਰੇ ਦੀਆਂ ਵਾਹੀਯਾਤ ਕਿਤਾਬਾਂ ਭਗਵੇਂਕਰਨ ਦੀ ਸਫ਼ਲ ਪ੍ਰਯੋਗਸ਼ਾਲਾ 'ਗੁਜਰਾਤ' ਵਿੱਚ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ । ਭਾਰਤੀ ਇਤਿਹਾਸ ਖੋਜ ਸੰਸਥਾ ਦਾ ਮੁੱਖੀ ਸੁਦਰਸ਼ਨ ਰਾਓ ਨੂੰ ਲਾਇਆ ਗਿਆ ਜਿਸਦਾ ਇਤਿਹਾਸ ਦੀ ਖੋਜ ਨਾਲ ਕੋਈ ਸਬੰਧ ਨਹੀਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਵਿੱਚ ਹਿੰਦੂ ਧਰਮ ਦੇ ਮਿੱਥਕ ਪਾਤਰ ਪਰਸ਼ੂਰਾਮ 'ਤੇ ਚੇਅਰ ਸਥਾਪਿਤ ਕੀਤੀ ਗਈ ਹੈ ਤਾਂ ਜੋ ਮਿਥਿਹਾਸ ਨੂੰ ਇਤਿਹਾਸਕਤਾ ਦਾ ਦਰਜਾ ਦੇ ਕੇ ਸਮਾਜ ਦੇ ਸਾਧਾਰਨ ਗਿਆਨ (ਕਾਮਨ ਸੈਂਸ) ਵਜੋਂ ਕਾਇਮ ਕੀਤਾ ਜਾ ਸਕੇ।
ਪੂਨਾ ਇੰਸਟੀਚਿਊਟ ਦੇ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਸਖਤ ਕਾਰਵਾਈ ਹੋਣ ਦੇ ਨੋਟਿਸ ਕੱਢੇ ਜਾ ਰਹੇ ਹਨ ਪਰ ਵਿਦਿਆਰਥੀ ਡਟੇ ਹੋਏ ਹਨ। ਉਨ੍ਹਾਂ ਆਪਣੇ ਪੱਧਰ 'ਤੇ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਅਤੇ ਧਰਨੇ 'ਤੇ Yearn to Learn ਪ੍ਰੋਗਰਾਮ ਉਲੀਕਿਆ ਗਿਆ ਹੈ।
2012 ਵਿੱਚ ਵੀ ਸੰਘ ਦੇ ਵਿਦਿਆਰਥੀ ਵਿੰਗ ABVP ਦੇ ਗੁੰਡਿਆਂ ਨੇ ਇੰਸਟੀਚਿਊਟ ਦੇ ਵਿਦਿਆਰਥੀਆਂ ਉੱਪਰ ਹਮਲਾ ਕਰ ਦਿੱਤਾ ਸੀ ਕਿ ਇੱਥੋਂ ਦਾ ਇੱਕ ਵਿਦਿਆਰਥੀ ਮਾਓਵਾਦੀਆਂ ਲਈ ਥਿਏਟਰ ਕਰਦਾ ਹੈ।
ਵਿਦਿਆਰਥੀ ਸੰਘਰਸ਼ ਨੂੰ ਮੁਲਕ ਭਰ ਵਿੱਚੋਂ ਬੁੱਧੀਜੀਵੀਆਂ, ਕਲਾਕਾਰਾਂ ਅਤੇ ਖਾਸ ਕਰ ਫਿਲਮ ਨਿਰਦੇਸ਼ਕਾਂ ਦੀ ਹਮਾਇਤ ਮਿਲ ਰਹੀ ਹੈ। ਫਿਲਮ ਜਗਤ ਨਾਲ ਜੁੜੇ ਪ੍ਰਸਿੱਧ ਨਾਮ ਕਾਲਕੀ ਕੋਚੀਨ, ਪਿਯੂਸ਼ ਮਿਸ਼ਰਾ (ਦਾ ਲੀਜੈਂਡ ਆਫ ਸ਼ਹੀਦ ਭਗਤ ਸਿੰਘ ਫਿਲਮ ਦੇ ਸਕਰਿਪਨ ਨਿਰਮਾਤਾ), ਰਿਸ਼ੀ ਕਪੂਰ, ਅਨੁਪਮ ਖੇਰ, ਦੀਬਾਕਰ ਬੈਨਰਜੀ, ਸ਼ਿਆਮ ਬੈਨੇਗਲ, ਨਸੀਰੂਦੀਨ ਸ਼ਾਹ, ਜੈ ਦੀਪ ਸਾਹਨੀ ਅਤੇ ਅਨੇਕਾਂ ਹੋਰਾਂ ਨੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ। ਮਸ਼ਹੂਰ ਦਸਤਾਵੇਜੀ ਫਿਲਮ ਨਿਰਦੇਸ਼ਕ ਆਨੰਦ ਪਟਵਰਧਨ ਨੇ ਕਿਹਾ ਹੈ ਕਿ ਪ੍ਰਮੁੱਖ ਅਕਾਦਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਖੁਦਮੁਖਤਿਆਰੀ ਕਾਇਮ ਰੱਖਣੀ ਚਾਹੀਦੀ ਹੈ। ਭਾਰਤ ਦੇ ਬੁੱਧੀਜੀਵੀਆਂ ਵੱਲੋਂ ਮੋਦੀ ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕੀਤੀ ਜਾਣ ਲੱਗੀ ਹੈ। ਸੱਤਾ 'ਤੇ ਕਾਬਜ ਹੋਣ ਤੋਂ ਬਾਅਦ ਹਿਟਲਰ ਨੇ ਵੀ ਸਾਹਿਤ ਅਤੇ ਸੱਭਿਆਚਾਰ ਵਿੱਚ ਸੋਧਾਂ ਕੀਤੀਆਂ ਸਨ।
ਹਿਟਲਰ ਨੇ ਪ੍ਰਚਾਰ ਮਹਿਕਮੇ ਰਾਹੀਂ ਪੂਰੀ ਤਰ੍ਹਾਂ ਨਾਜ਼ੀ ਸੱਤਾ ਦਾ ਕੰਟਰੋਲ ਕਰਨ ਲਈ ਇੱਕ ਚੈਂਬਰ ਸਥਾਪਿਤ ਕੀਤਾ ਜਿਸਨੂੰ 'ਰਾਇਕ ਚੈਂਬਰ ਆਫ ਕਲਚਰ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸੰਸਥਾ ਵਿੱਚ ਨਾਜੀ ਸੱਤਾ ਦੇ ਚਹੇਤਿਆਂ ਨੂੰ ਅਹੁਦੇ ਦਿੱਤੇ ਗਏ। ਯਹੂਦੀਆਂ ਨੂੰ ਇਹਨਾਂ ਅਦਾਰਿਆਂ ਵਿੱਚ ਕੰਮ ਕਰਨ ਦੀ ਮਨਾਹੀ ਸੀ। ਹਿਟਲਰ ਦੇ ਪ੍ਰਚਾਰ ਉਰਫ਼ ਝੂਠ ਮੰਤਰੀ ਜੋਸਫ ਗੋਬਲਜ਼ ਨੇ ਉਨ੍ਹਾਂ ਕਿਤਾਬਾਂ ਦੀ ਸਿਫਾਰਿਸ਼ ਕੀਤੀ ਜੋ ਸਿਰਫ ਜਰਮਨ ਇਤਿਹਾਸ-ਮਿਥਿਹਾਸ ਅਤੇ ਸ਼ੁੱਧਤਾ ਦੇ ਸਿਧਾਂਤ ਤੇ ਸਹੀ ਪਾਉਂਦੀਆਂ ਸੀ।
ਮਈ 1933 ਵਿੱਚ ਗੋਬਲਜ਼ ਦੀ ਅਗਵਾਈ ਹੇਠ ਅਗਾਂਹਵਧੂ ਤੇ ਤਰਕ ਅਧਾਰਿਤ ਕਿਤਾਬਾਂ ਨੂੰ ਫੂਕਣ ਦੀ ਮੁਹਿੰਮ ਚਲਾਈ ਗਈ। ਗੋਬਲਜ਼ ਨੇ ਆਪਣੀ ਅਗਵਾਈ ਹੇਠ ਰੇਡੀਓ, ਅਖ਼ਬਾਰਾਂ, ਸਿਨੇਮਾ ਆਦਿ ਨੂੰ ਨਾਜ਼ੀ ਵਿਚਾਰਧਾਰਾ ਦੇ ਕੰਟਰੋਲ ਹੇਠ ਕਰ ਲਿਆ।
ਮੋਦੀ ਅਤੇ ਸੰਘ ਪਰਿਵਾਰ ਦਾ ਗਠਜੋੜ ਹਿਟਲਰ ਦੇ ਪਦ ਚਿਨ੍ਹਾਂ 'ਤੇ ਚੱਲ ਰਿਹਾ ਹੈ। ਹਿਟਲਰ ਅਤੇ ਮੋਦੀ ਦਾ ਚਿਹਰਾ, ਸਮਾਂ ਵੱਖ-ਵੱਖ ਹੋ ਸਕਦਾ ਹੈ ਪਰ ਇਹਨਾਂ ਦਾ ਕੁਨਬਾ ਇੱਕ ਹੈ। ਸੱਤ੍ਹਾ ਦੀ ਤਾਕਤ ਦੇ ਫਤੂਰ ਵਿੱਚ ਫਾਸ਼ੀਵਾਦੀ ਮੋਦੀ ਦੀਆਂ ਮੁਹਿੰਮਾਂ ਦੀ ਖਿਲਾਫਤ ਕਰਨੀ ਕਮਿਊਨਿਸਟਾਂ, ਬੁੱਧੀਜੀਵੀਆਂ, ਕਲਾਕਾਰਾਂ, ਲੇਖਕਾਂ, ਵਿਦਿਆਰਥੀਆਂ ਅਤੇ ਅਗਾਂਹਵਧੂ ਲੋਕਾਂ ਦਾ ਫਰਜ ਵੀ ਹੈ ਅਤੇ ਅਣਸਰਦੀ ਲੋੜ ਵੀ ਹੈ। ਪੂਨੇ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਦੀ ਡੱਟਵੀਂ ਹਮਾਇਤ ਕਰਨੀ ਚਾਹੀਦੀ ਹੈ। ਏਹੀ ਸਾਂਝ ਫਾਸ਼ੀਵਾਦ ਖਿਲਾਫ ਸਾਂਝੇ ਮੋਰਚੇ ਦਾ ਆਧਾਰ ਵੀ ਬਣੇਗੀ।
(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰਿਸਰਚ ਸਕਾਲਰ ਹਨ, ਡੇਢ ਦਹਾਕਾ ਵਿਦਿਆਰਥੀ ਲਹਿਰ ਵਿੱਚ ਸਰਗਰਮ ਰਹੇ ਹਨ ਅਤੇ ਹੁਣ ਫਰੀਲਾਂਸ ਕਾਰਕੁੰਨ ਹਨ।)
ਸੰਪਰਕ: +91 94635 05435
ਇਕਬਾਲ ਸੋਮੀਆਂ
ਬਹੁਤ ਉਮਦਾ ਲੇਖ ਹੈ...ਬੇਅੰਤ ਸਿੰਘ ਮੀਤ ਦਾ...ਗੁਡ