Wed, 30 October 2024
Your Visitor Number :-   7238304
SuhisaverSuhisaver Suhisaver

ਇੱਕੀਵੀਂ ਸਦੀ ਦੇ ਵੱਡੇ ਮਨੁੱਖੀ ਦੁਖਾਂਤ ’ਚੋਂ ਗੁਜ਼ਰ ਰਿਹਾ ਸੀਰੀਆ - ਹਰਜਿੰਦਰ ਸਿੰਘ ਗੁਲਪੁਰ

Posted on:- 15-09-2015

suhisaver

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਦੋ ਤਸਵੀਰਾਂ ਆਮ ਲੋਕਾਂ ਦੇ ਧਿਆਨ ਦਾ ਕੇਂਦਰ ਬਣੀਆਂ ਹੋਈਆਂ ਹਨ।ਇਹ ਤਸਵੀਰਾਂ ਦੋ ਔਰਤ ਪੱਤਰਕਾਰਾਂ ਵੱਲੋਂ ਖਿੱਚੀਆਂ ਗਈਆਂ  ਹਨ।ਇੱਕ ਔਰਤ  ਦੀ ਲੋਕ ਸਰਾਹਣਾ ਕਰ ਰਹੇ ਹਨ ਜਦੋਂ ਕਿ ਇੱਕ ਹੰਗੇਰੀਅਨ ਟੀ ਵੀ ਚੈਨਲ ਦੀ ਪੱਤਰਕਾਰ ਪੈਟਰਾ ਲੈਜਲੋ ਨੂੰ ਲਾਹਨਤਾਂ ਪਾ ਰਹੇ ਹਨ ਕਿਉਂਕਿ ਉਸ ਨੇ ਇੱਕ ਸੀਰੀਆਈ ਵਿਅਕਤੀ ਜੋ ਆਪਣੇ ਬਚੇ ਨੂੰ ਲੈ ਕੇ ਜਾਨ ਬਚਾਉਣ ਲਈ ਭੱਜ ਰਿਹਾ ਸੀ ਨੂੰ ਲੱਤ ਫਸਾ ਕੇ ਪਹਿਲਾਂ ਡੇਗਿਆ ਅਤੇ ਅਤੇ ਫੇਰ ਉਹਦੀਆਂ ਤਸਵੀਰਾਂ ਖਿੱਚੀਆਂ ਤਾਂ ਕਿ ਕੁਝ ਵਿਲੱਖਣ ਤਸਵੀਰਾਂ ਦੇ ਆਸਰੇ ਆਪਣੇ ਚੈਨਲ ਤੋਂ ਵਾਹਵਾ ਬਟੋਰੀ ਜਾ ਸਕੇ। ਹਾਲਾਂ ਕਿ ਇਸ ਦੇ ਬਦਲੇ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਹਨ ।ਇਹ ਦੋਵੇਂ ਤਸਵੀਰਾਂ  ਪੱਤਰਕਾਰੀ ਦੇ ਦੋ ਪਰਸਪਰ ਵਿਰੋਧੀ ਮਾਨਸਿਕ ਦ੍ਰਿਸ਼ਟੀਕੋਣਾਂ ਦੀ ਨਿਸ਼ਾਨਦੇਹੀ ਕਰਨ ਲਈ ਕਾਫੀ ਹਨ।

ਜਿਸ ਤਸਵੀਰ ਨੇ ਸੀਰੀਆਈ ਸਮੱਸਿਆ ਨੂੰ ਵਿਸ਼ਵ ਪੱਧਰ ਤੇ ਚਰਚਾ ਦਾ ਕੇਂਦਰ ਬਣਾਉਣ ਵਿਚ ਬਣਦੀ ਭੂਮਿਕਾ ਨਿਭਾਈ ਹੈ ਉਹ ਤਸਵੀਰ ਤੁਰਕੀ ਦੇ ਸਮੁੰਦਰ ਕੰਢੇ ਮੂਧੇ ਮੂੰਹ ਪਈ ਏਲਨ ਕੁਰਦੀ ਨਾਮਕ ਤਿੰਨ ਸਾਲਾ ਸੀਰੀਆਈ ਬੱਚੇ ਦੀ ਲਾਸ਼ ਦੀ ਹੈ, ਜੋ ਕਿਸੇ ਤਰ੍ਹਾਂ ਸਮੁੰਦਰੀ ਲਹਿਰਾਂ ਨਾਲ ਕੰਢੇ ਤੇ ਆ ਲੱਗੀ।

ਜਾਣਕਾਰੀ ਅਨੁਸਾਰ ਇਸ ਬਚੇ ਦੇ ਮਾਤਾ ਪਿਤਾ ਅਤੇ ਬਾਕੀ ਭੈਣ ਭਰਾ ਵੀ ਸਮੁੰਦਰ ਵਿਚ ਕਿਸ਼ਤੀ ਡੁੱਬਣ ਕਾਰਨ ਮਾਰੇ ਗਏ ਹਨ ਜੋ ਬਾਕੀ ਲੋਕਾਂ ਵਾਂਗ ਆਪਣੇ ਵਤਨ ਵਿਚੋਂ ਜਾਨ ਬਚਾ ਕੇ ਕਿਸੇ ਸੁਰੱਖਿਅਤ ਸਥਾਨ ਦੀ ਤਲਾਸ਼ ਵਲ ਜਾ ਰਹੇ ਸਨ।ਇਸ ਬਚੇ ਦੀ ਤਸਵੀਰ ਤੁਰਕੀ ਦੀ ਡੋਗਨ ਖਬਰ ਏਜੰਸੀ ਨਾਲ ਸਬੰਧਿਤ ਪੱਤਰਕਾਰ ਨੀਲੋਫਰ ਡੇਮਿਰ ਨੇ ਖਿਚੀ ਸੀ।ਉਸ ਨੇ ਇਸ ਤਸਵੀਰ ਨੂੰ ਇਸ ਵਾਸਤੇ ਸੋਸ਼ਲ ਮੀਡੀਆ ਤੇ ਪਾਇਆ ਤਾਂ ਕਿ ਦੁਨੀਆਂ ਦੇ ਲੋਕ ਜਾਣ ਸਕਣ ਕਿ ਸੀਰੀਆਈ ਲੋਕ ਕਿਹਨਾਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ।ਇਹ ਪੱਤਰਕਾਰ ਬੀਬੀ ਪਿਛਲੇ ਤਿੰਨ ਸਾਲ ਤੋਂ ਸੀਰੀਆਈ ਸ਼ਰਨਾਰਥੀਆਂ ਨਾਲ ਸਬੰਧਤ ਖਬਰਾਂ ਦੇ ਰਹੀ ਹੈ।

ਸ਼ਰਨਾਰਥੀਆਂ ਦੀ ਸਮੱਸਿਆ ਬਹੁਤ ਵਿਕਰਾਲ ਹੈ।ਸੰਨ 1971 ਦੌਰਾਨ ਬੰਗਲਾ ਦੇਸ਼ ਦੇ ਹੋਂਦ ਵਿਚ ਆਉਣ ਸਮੇਂ ਭਾਰਤ ਇਸ ਦਾ ਸਾਹਮਣਾ ਕਰ ਚੁੱਕਾ ਹੈ।ਸੀਰੀਆ ਦੇ ਸ਼ਰਨਾਰਥੀ ਤੁਰਕੀ ਦੇ ਇਸੇ ਸਮੁੰਦਰੀ ਰਸਤੇ ਤੋਂ ਕਿਸੇ ਯੂਰਪੀ ਦੇਸ਼ ਵਿਚ ਪਨਾਹ ਲੈਣ ਵਾਸਤੇ ਅਕਸਰ ਰਵਾਨਾ ਹੁੰਦੇ ਹਨ।ਸੀਰੀਆਈ ਸਮੱਸਿਆ ਵੱਲ ਵਿਸ਼ਵ ਦੇ ਲੋਕਾਂ ਦਾ ਜਿੰਨਾ ਧਿਆਨ ਉਪਰੋਕਤ ਬੱਚੇ ਦੀ ਮਾਰਮਰਿਕ ਤਸਵੀਰ ਦੇ ਜ਼ਰੀਏ ਖਿੱਚਿਆ ਗਿਆ ਹੈ ਓਨਾ ਸ਼ਾਇਦ ਕੋਈ ਵੱਡੀ ਤੋਂ ਵੱਡੀ ਖਬਰ ਨਹੀਂ ਖਿੱਚ ਸਕੀ ।ਅੱਜ ਹਰ ਕੋਈ    ਸੀਰੀਆਈ ਸਮਸਿਆ ਬਾਰੇ ਜਾਨਣ ਲਈ ਉਤਾਵਲਾ ਹੈ।

ਸੀਰੀਆ ਸੰਨ 2011 ਤੋਂ ਰਾਜਨੀਤਕ ਅਸਥਿਰਤਾ ਦਾ ਸ਼ਿਕਾਰ  ਹੋਣ ਕਰਕੇ ਇੱਕੀਵੀਂ ਸਦੀ ਦੀ ਸਭ ਤੋਂ ਵੱਡੀ ਮਨੁੱਖੀ ਤਬਾਹੀ ਝੱਲ ਰਿਹਾ ਹੈ।ਹੁਣ ਤੱਕ ਉਥੇ 3 ਲੱਖ ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ ਅਤੇ 1 ਕਰੋੜ ਤੋਂ ਵਧ ਲੋਕ ਦੂਜੇ ਦੇਸ਼ਾਂ ਵਿਚ ਪਨਾਹ ਲੈ ਕੇ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਵਾਸਤੇ ਯਤਨ ਕਰ ਰਹੇ ਹਨ।ਦੂਜੀ ਆਲਮੀ ਜੰਗ ਤੋਂ ਬਾਅਦ ਯੂ ਐਨ ਓ ਦੀ ਦੇਖ ਰੇਖ ਹੇਠ 1948 ਤੋਂ 1967 ਦਰਮਿਆਨ ਮਾਨਵੀ  ਅਧਿਕਾਰਾਂ ਨੂੰ ਲੈ ਕੇ ਕਈ ਤਜਵੀਜਾਂ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ।ਸੰਨ 1951 ਦੇ ਜਨੇਵਾ ਸਮਝੌਤੇ ਮੁਤਾਬਕ  ਨਸਲੀ ,ਧਾਰਮਿਕ ,ਰਾਸ਼ਟਰੀਅਤਾ ,ਰਾਜਨੀਤਕ ਮੱਤਭੇਦ ਦੇ ਕਾਰਨ ਜੇਕਰ ਕੋਈ ਵਿਅਕਤੀ ਆਪਣੇ ਦੇਸ਼ ਵਾਪਸ ਜਾਣ ਵਾਸਤੇ ਅਸਮਰਥ ਹੋਵੇ ਤਾਂ ਉਸ ਨੂੰ ਉਸ ਦੇਸ਼ ਵਿਚ ਸ਼ਰਨਾਰਥੀ ਦਾ ਦਰਜਾ ਮਿਲ ਸਕਦਾ ਹੈ ਜਿਸ ਦੇਸ਼ ਵਿਚ ਉਹ ਰਹਿੰਦਾ ਹੋਵੇ।

ਸੀਰੀਆ ਦੀ ਵਰਤਮਾਨ ਰਾਜਸੀ ਅਸਥਿਰਤਾ ਸੰਨ 2011 ਦੌਰਾਨ ਉਦੋਂ ਸ਼ੁਰੂ ਹੋਈ ਜਦੋਂ ਸੁੰਨੀ ਫਿਰਕੇ ਨਾਲ ਸਬੰਧਿਤ ਕੁਝ ਨੌਜਵਾਨਾਂ ਨੇ ਸੀਰੀਆਈ ਸਰਕਾਰ ਖਿਲਾਫ਼ ਅਨੇਕਾਂ ਨਾਅਰੇ ਦੀਵਾਰਾਂ ਉੱਤੇ ਲਿਖਣੇ ਆਰੰਭ ਕਰ ਦਿੱਤੇ ।ਪਿਛਲੇ 40 ਸਾਲਾਂ ਤੋਂ ਅਸਦ ਪਰਿਵਾਰ ਸੀਰੀਆ ਉੱਤੇ ਸਾਸ਼ਨ ਕਰ ਰਿਹਾ ਹੈ।ਇਸ ਪਰਿਵਾਰ ਦੇ ਬਸ਼ਰ-ਉਲ-ਅਸਦ ਮੌਜੂਦਾ ਰਾਸ਼ਟਰਪਤੀ ਹਨ।ਸੀਰੀਆ ਵਿਚ ਸੁੰਨੀਆਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਰਾਸ਼ਟਰਪਤੀ ਸ਼ੀਆ ਹੈ ।ਇਹ ਸਮੱਸਿਆ ਕਈ ਹੋਰ ਮੁਸਲਿਮ ਦੇਸ਼ਾਂ ਦੀ ਵੀ ਹੈ ਜਿਥੇ ਸ਼ੀਆ ਸੁੰਨੀ ਵਿਵਾਦ ਹੋਰ ਧਾਰਮਿਕ ਵਿਵਾਦਾਂ ਨਾਲੋਂ ਵੱਡਾ ਹੈ।ਇਰਾਕ ਦੀ ਸਮੱਸਿਆ ਵੀ ਇਹਨਾਂ ਦੋਹਾਂ ਫਿਰਕਿਆਂ ਦੀ ਕਸ਼ੀਦਗੀ  ਉੱਤੇ ਅਧਾਰਿਤ ਸੀ । ਉਥੋਂ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੂੰ ਕੁਰਦਾਂ ਅਤੇ ਸ਼ੀਆ ਸਮੂਹਾਂ ਤੋਂ ਪਰੇਸ਼ਾਨੀ ਰਹਿੰਦੀ ਸੀ ਜਿਸ ਦਾ ਫਾਇਦਾ ਉਠਾ ਕੇ ਅਮਰੀਕਾ ਨੇ ਸਦਾਮ ਹੁਸੈਨ ਦਾ ਤਖਤਾ ਪਲਟ ਦਿੱਤਾ ਸੀ ਹਾਲਾਂ ਕਿ ਅਮਰੀਕਾ ਦੇ ਇਸ ਬਹਾਨੇ ਪਿਛੇ ਮਨਸੂਬੇ ਹੋਰ ਸਨ ।ਇਹ ਵੀ ਇੱਕ ਤਲਖ ਹਕੀਕਤ ਹੈ ਕਿ ਦੁਨੀਆਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਜ਼ਿਆਦਾ ਸਮਾਂ ਜੰਗ ਬਾਜਾਂ ਦੇ ਰਹਿਮੋ ਕਰਮ ਤੇ ਰਹੀ ਹੈ।

ਅਲ ਅਸਦ ਸਰਕਾਰ ਦੀ ਇਸ ਗੱਲੋਂ ਅਲੋਚਨਾ ਹੁੰਦੀ ਰਹੀ ਹੈ ਕਿ ਉਸ ਨੇ ਸਾਰੇ ਸਰਕਾਰੀ ਸਾਧਨਾਂ ਦਾ ਲਾਭ ਸ਼ੀਆ ਫਿਰਕੇ ਤੱਕ ਪਹੁੰਚਾਇਆ ਹੈ । ਇਸ ਵਰਤਾਰੇ ਕਾਰਨ ਸੁੰਨੀ ,ਕੁਰਦ ਅਤੇ ਯਜੀਦੀਏ ਮੁਸਲਮਾਨ ਬੇ-ਹੱਦ ਖਫਾ ਹੋ ਕੇ ਬਗਾਵਤ ਉੱਤੇ ਉਤਰ ਆਏ।ਲੰਬੇ ਅਰਸੇ ਤੋਂ ਸੀਰੀਆ ਅੰਦਰ ਸੋਕੇ ਦੇ ਚਲਦਿਆਂ ਆਮ ਲੋਕਾਂ ਖਾਸ ਕਰਕੇ ਦਿਹਾਤੀਆਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਜਿਸ ਕਰਕੇ ਉਹ ਸ਼ਹਿਰਾਂ ਵਲ ਨੂੰ ਪਲਾਇਨ ਕਰਦੇ ਆ ਰਹੇ ਹਨ।


ਦੀਵਾਰਾਂ ਉੱਤੇ ਨਾਹਰੇ ਲਿਖਣ ਦੀ ਸ਼ੁਰੂਆਤ ਸਰਹੱਦੀ ਸ਼ਹਿਰ 'ਦਾਰ' ਤੋਂ ਹੋਈ।ਅਗਲੇ ਦਿਨ ਸਥਾਨਕ ਪੁਲਿਸ ਨੇ 15 ਸੁੰਨੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲਿਜਾ ਕੇ ਤੀਜੇ ਦਰਜੇ ਦਾ ਤਸ਼ਦਦ ਕੀਤਾ ਗਿਆ ,ਇਥੋਂ ਤੱਕ ਕਿ ਉਹਨਾਂ ਦੇ  ਨਹੁੰ ਤੱਕ ਉਖਾੜ ਦਿੱਤੇ ਗਏ।ਇਹ ਘਟਨਾ 11 ਮਾਰਚ ਸੰਨ 1911 ਦੀ ਹੈ ਇਸ ਤੋਂ ਅਗਲੇ ਦਿਨ ਸ਼ਹਿਰ ਅੰਦਰ ਸੁੰਨੀ ਫਿਰਕੇ ਵਲੋਂ ਜ਼ਬਰਦਸਤ ਰੋਸ ਪ੍ਰਗਟਾਵਾ ਕੀਤਾ ਗਿਆ। ਸਰਕਾਰ ਵਲੋਂ ਸਖਤੀ ਨਾਲ ਪੇਸ਼ ਆਉਣ ਤੇ ਰੋਸ ਦੀ ਇਸ ਲਹਿਰ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਿਆ।ਫੌਜ ਅਤੇ ਪੁਲਿਸ ਵਲੋਂ ਤਾਕਤ ਦੀ ਵਰਤੋਂ ਕਰਨ ਦੇ ਫਲਸਰੂਪ ਸੁੰਨੀ ,ਕੁਰਦ ,ਅਤੇ ਸਵੀਆਈ ਫਿਰਕੇ ਦੇ ਮੁਸਲਮਾਨਾਂ ਨੇ ਅਸਦ ਸਰਕਾਰ ਖਿਲਾਫ਼ ਬਗਾਵਤ ਕਰ ਦਿੱਤੀ।ਦੋਹਾਂ ਫਿਰਕਿਆਂ ਦਰਮਿਆਨ ਨਫਰਤ ਅਤੇ ਬੇ ਵਸਾਹੀ ਦੀ ਪੱਕੀ ਲੀਕ ਖਿਚੀ  ਗਈ।

ਕੁਝ ਵਿਸਲੇਸ਼ਕਾਂ ਦਾ ਕਹਿਣਾ ਹੈ ਕਿ ਅਸਦ ਨੇ ਇਰਾਨ ਦਾ ਸਮਰਥਨ ਹਾਸਲ ਕਰਨ ਲਈ ਇਹ ਸਭ ਕੁਝ ਇੱਕ ਗਿਣੀ ਮਿਥੀ ਯੋਜਨਾ ਤਹਿਤ ਕੀਤਾ ਹੈ।ਇਸ ਵਕਤ ਇਰਾਨ ਵਲੋਂ ਅਸਦ ਸਰਕਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਜਦੋਂ ਕਿ ਸਉਦੀ ਅਰਬ ਅਤੇ ਕਤਰ ਬਾਗੀਆਂ ਦੀ ਮਦਦ ਕਰ ਰਹੇ ਹਨ।ਵਰਣਨਯੋਗ ਹੈ ਕਿ ਇਹਨਾਂ ਤਿੰਨਾਂ ਦੇਸ਼ਾਂ ਸਮੇਤ ਹੋਰ ਕਈ ਦੇਸ਼ਾਂ ਦੇ ਨੌਜਵਾਨ ਧਾਰਮਿਕ ਜਨੂੰਨ ਦੇ ਮਾਰੇ ਇਸ ਜਾਹਿਲ ਤੇ ਮੂਰਖਾਨਾ ਜੰਗ ਵਿਚ ਕੁੱਦ ਰਹੇ ਹਨ।ਹਾਲ ਹੀ ਵਿਚ ਪਤਾ ਲੱਗਾ ਹੈ ਕਿ ਵਿਦਰੋਹੀਆਂ ਵਲੋਂ ਵਰਤੇ ਜਾ ਰਹੇ ਧਮਾਕਾ ਖੇਜ ਪਦਾਰਥ ਅਤੇ ਹੋਰ ਹਥਿਆਰ ਅਮਰੀਕੀ ਮਾਰਕਾ ਹਨ।

ਸਵਾਲ ਇਹ ਹੈ ਕਿ ਕੀ ਅਮਰੀਕਾ ਸੀਰੀਆ ਨੂੰ ਹਥਿਆਰਾਂ ਦੀ ਮੰਡੀ ਵਜੋਂ ਵਰਤ ਰਿਹਾ ਹੈ ਜਿਹਾ ਕਿ ਉਸ ਦਾ ਅਕਸ ਹੈ?ਅਮਰੀਕਾ ਅਫਗਾਨਿਸਤਾਨ ਅਤੇ ਇਰਾਕ ਵਿਚੋਂ ਤਕਰੀਬਨ ਨਿਕਲ ਚੁੱਕਾ ਹੈ,ਜਦੋਂ ਕਿ ਅਲ ਕਾਇਦਾ ਦੋਹਾਂ ਸਥਾਨਾਂ ਤੇ ਮੌਜੂਦ ਹੈ।ਅਮਰੀਕਾ ਦੀ ਹਾਲਤ ਇਸ ਸਮੇਂ ਖਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਬਣੀ ਹੋਈ ਹੈ ।ਅਲ ਕਾਇਦਾ ਦੇ ਨਵੇਂ ਰੂਪ ਆਈ ਐਸ ਆਈ ਐਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਨੇ ਇਰਾਕ ਦੇ ਇੱਕ ਤਿਹਾਈ ਹਿੱਸੇ ਉੱਤੇ ਕਬਜਾ ਜਮਾਇਆ ਹੋਇਆ ਹੈ।ਇਸ ਸੰਗਠਨ ਦੀਆਂ ਸਰਗਰਮੀਆਂ ਦਾ ਕੇਂਦਰ ਇਰਾਕ ਅਤੇ ਸੀਰੀਆ ਦਾ ਉਹ ਪਹਾੜੀ ਖੇਤਰ ਹੈ ਜਿਥੇ ਯਜੀਦੀ ਭਾਈਚਾਰੇ ਦੇ ਲੋਕ ਰਹਿੰਦੇ ਹਨ।ਇਹਨਾਂ ਨੂੰ ਯੂ ਐਨ ਓ ਵਲੋਂ ਬਤੌਰ ਆਦਿਵਾਸੀ ਸਮਾਜ ਮਾਨਤਾ ਮਿਲੀ ਹੋਈ ਹੈ।ਅਸਲ ਵਿਚ ਇਹ ਲੋਕ ਕੁਰਦਾਂ ਦੇ ਪੁਰਖੇ ਹਨ।ਜਿਹਨਾਂ ਯਜੀਦੀਆਂ ਨੇ ਇਸਲਾਮ ਧਾਰਨ ਕਰ ਲਿਆ ਉਹਨਾਂ ਨੂੰ ਕੁਰਦਿਸ਼ ਆਖਿਆ ਜਾਂਦਾ ਹੈ।ਮੁਸਲਮਾਨ ਧਰਮ ਅਪਣਾਉਣ ਦੇ ਬਾਵਯੂਦ ਸੁੰਨੀ ਉਹਨਾਂ ਨੂੰ ਆਪਣਾ ਨਹੀਂ ਮੰਨ ਰਹੇ।

ਯਜੀਦੀ ਫਿਰਕੇ ਦੇ ਲੋਕਾਂ ਦੀ ਟਾਵੀਂ ਟਾਵੀਂ ਵਸੋਂ ਜਰਮਨ,ਅਰਮੀਨੀਆ,ਤੁਰਕੀ ,ਸੀਰੀਆ ,ਈਰਾਨ ,ਜਾਰਜੀਆ ,ਸਵੀਡਨ ਅਤੇ ਨੀਦਰਲੈੰਡ ਵਿਚ ਵੀ ਹੈ।ਕੁਲ ਮਿਲਾ ਕੇ ਦੁਨੀਆਂ ਭਰ ਵਿਚ ਇਸ ਫਿਰਕੇ ਦੀ ਗਿਣਤੀ ਮਸਾਂ 14-15 ਲੱਖ ਤੋਂ ਵੱਧ ਨਹੀਂ ਹੈ।ਇਸੇ ਕਰਕੇ ਯੂ ਐਨ  ਓ ਵਲੋਂ ਇਹਨਾਂ ਨੂੰ ਦੁਰਲਭ ਮਾਨਵੀ ਸਮੂਹ ਦਾ ਦਰਜਾ ਦਿੱਤਾ ਗਿਆ ਹੈ।ਸੁੰਨੀਆਂ ਦਾ ਮੰਨਣਾ ਹੈ ਕਿ ਕੁਰਾਨ ਅੰਦਰ ਜਿਸ ਸ਼ੈਤਾਨ ਦਾ ਜਿਕਰ ਕੀਤਾ ਗਿਆ ਹੈ ਉਹ ਇਹੀ ਯਜੀਦੀ ਸਮੂਹ ਹੈ।

ਆਈ ਐਸ ਆਈ ਐਸ ਵਲੋਂ ਇਰਾਕ ਅਤੇ ਸੀਰੀਆ ਵਿਚ ਗੈਰ ਮੁਸਲਮਾਨਾਂ ਦਾ ਸਫਾਇਆ ਕਰਨ ਦੇ ਅਭਿਆਨ ਦੌਰਾਨ ਜਿਆਦਾਤਰ ਯਜੀਦੀਆਂ ਦਾ ਕਤਲੇਆਮ ਹੋ ਰਿਹਾ ਹੈ।ਪਿਛਲੇ ਦਿਨੀਂ ਇਰਾਕ ਦੀ ਸੰਸਦ ਵਿਚ ਯਜੀਦੀ ਮਹਿਲਾ ਸੰਸਦ ਇਹ ਕਹਿੰਦਿਆਂ ਜਾਰੋ ਜਾਰ ਰੋਣ ਲੱਗ ਪਈ ਕਿ ਇਸ ਦਹਿਸ਼ਤਗਰਦ ਤਨਜੀਮ ਤੋਂ ਯਜੀਦੀ ਮਹਿਲਾਵਾਂ ਅਤੇ ਬੱਚਿਆਂ ਨੂੰ ਬਚਾਇਆ ਜਾਵੇ।ਯਜੀਦੀ ਸਮਾਜ ਦੇ ਅਧਿਆਤਮਿਕ ਨੇਤਾ ਬਾਬਾ ਸ਼ੇਖ ਨੇ ਨਿਊ ਯਾਰਕ ਟਾਈਮਜ ਨੂੰ ਦਿੱਤੇ ਇੱਕ  ਇੰਟਰਵਿਊ ਦੌਰਾਨ ਕਿਹਾ ਕਿ 70 ਹਜਾਰ ਯਜੀਦੀ ਖੌਫ਼ ਦੇ ਮਾਰੇ ਯੂਰਪੀਨ ਦੇਸ਼ਾਂ ਵਲ ਹਿਜਰਤ ਕਰ ਗਏ ਹਨ।ਉਹਨਾਂ ਯਜੀਦੀਆਂ ਦਾ ਲਾਲੇਸ਼ ਮੰਦਰ ਵਿਖੇ ਹੋਣ ਵਾਲਾ ਸਾਲਾਨਾ ਧਾਰਮਿਕ ਸਮਾਗਮ ਵੀ ਰੱਦ ਕਰ ਦਿੱਤਾ ਹੈ।ਯਜੀਦੀ ਬਹੁ ਸੰਮਤੀ ਵਾਲੇ ਸ਼ਹਿਰ ਸਿੰਜਰ ਉੱਤੇ ਇਸਲਾਮਿਕ ਸੰਗਠਨ ਕਾਬਜ਼ ਹੋ ਗਿਆ ਹੈ।

ਯਜੀਦੀਆਂ ਦਾ ਇੱਕ ਵਫਦ ਛੇ ਕੁ ਮਹੀਨੇ ਪਹਿਲਾਂ ਭਾਰਤ ਆਕੇ ਸਰਕਾਰ ਕੋਲ ਮਦਦ ਦੀ ਗੁਹਾਰ ਲਾ ਚੁੱਕਾ ਹੈ।ਜਿਥੇ ਯਜੀਦੀ ਅਤੇ ਕੁਰਦਿਸ਼ ਜਾਨ ਬਚਾ ਕੇ ਭੱਜ ਰਹੇ ਹਨ ਉਥੇ ਸ਼ੀਆ ਸੁੰਨੀ ਜੰਗ ਲੰਬੀ ਹੋਣ ਕਰਕੇ ਸੁੰਨੀ ਵੀ ਖਫਾ ਹੋ ਕੇ ਯੂਰਪੀਨ ਦੇਸ਼ਾਂ ਅੰਦਰ ਪਨਾਹ ਲੈਣ ਦਾ ਯਤਨ ਕਰ ਰਹੇ ਹਨ।ਜਰਮਨ ਅਤੇ  ਆਸਟਰੀਆ ਵਲੋਂ ਸ਼ਰਨਾਰਥੀਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਿਥੇ ਪਹਿਲਾਂ ਹੀ ਯਜੀਦੀ ਵਸਦੇ ਹਨ।ਲਿਬਨਾਨ ਅਤੇ ਜਾਰਡਨ ਵੀ ਆਪੋ ਆਪਣੀ ਹੈਸੀਅਤ ਅਨੁਸਾਰ ਸ਼ਰਨਾਰਥੀਆਂ ਨੂੰ ਬਰਦਾਸ਼ਤ ਕਰ ਰਹੇ ਹਨ।ਹੁਣ ਤੱਕ 40 ਲਖ ਸ਼ਰਨਾਰਥੀਆਂ ਦੇ ਆਪਣੇ ਆਪ ਨੂੰ ਯੂ ਐਨ ਓ ਕੋਲ ਰਜਿਸਟਰ ਕਰਵਾਉਣ ਦੀਆਂ ਖਬਰਾਂ ਹਨ ਪਰ ਇਹ ਗਿਣਤੀ ਇੱਕ ਕਰੋੜ ਤੋਂ ਵਧ ਹੈ।

ਸੀਰੀਆ ਵਿਚ ਹੋ ਰਿਹਾ ਨਰਸੰਘਾਰ ਦੋ ਦਹਾਕੇ ਪਹਿਲਾਂ ਰਵਾਂਡਾ ਵਿਚ ਹੋਏ ਨਰਸੰਘਾਰ ਤੋਂ ਬਾਅਦ  ਹੋਇਆ ਦੂਸਰਾ ਨਰਸੰਘਾਰ ਹੈ।ਉਸ ਸਮੇਂ ਰਵਾਂਡਾ ਵਿਚ ਟੂਰਸੀ ਸਮੂਹ ਦੇ 14 ਲਖ ਲੋਕਾਂ ਵਿਚੋਂ 8 ਲੱਖ ਲੋਕ ਮਾਰੇ ਗਏ ਸਨ। ਆਈ ਐਸ ਆਈ ਐਸ ਜਿਸ ਕਦਰ ਆਪਣੇ ਪੈਰ ਪਸਾਰ ਰਹੀ ਹੈ ਇਹ ਪੂਰੀ ਮਾਨਵਤਾ ਵਾਸਤੇ ਘਾਤਕ ਹੈ।ਅੱਗ ਨੂੰ ਅੱਗ ਨਾਲ ਬੁਝਾਉਣ ਦੀਆਂ ਕੋਸਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਸੀਰੀਆ ਅੰਦਰ ਉਠ ਰਹੀਆਂ ਲੋਕ ਤੰਤਰੀ ਅਵਾਜ਼ਾਂ ਨੂੰ ਦਬਾਉਣਾ ਸੰਸਾਰ ਅਮਨ ਦੇ ਕਦਾਚਿਤ ਵੀ ਹੱਕ ਵਿਚ ਨਹੀਂ ਹੈ।

ਸੰਪਰਕ: 0061 469 976214

Comments

jagraj sekhon

Dil nu hilaa den wali ghatana so sad

Gurcharn kahlon sydney

ਗੁੱਲਪੁਰ ਜੀ , ਤੁਸੀਂ ਸੀਰੀਆ ਅਤੇ ਇਸ ਦੇ ਸ਼ਰਨਾਰਥੀਆਂ ਬਾਰੇ ਖੋਜ ਭਰਪੂਰ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ।ਸੀਰੀਆ ਚ ਜੁਲਮ ਦੇ ਸਤਾਏ ਲੋਕਾਂ ਦਾ ਜੀਵਨ ਪਰਭਾਵਤ ਹੋਇਆ ਹੈ।

Manij kumar Bhatton

ਲੀਡਰਾ ਦੀ ਗਲਤੀ ਦੀ ਸਜ਼ਾ ਭਵਿਖ ਚ ਜਨਤਾ ਨੂੰ ਹੀ ਭੁਗਤਣੀ ਪੇਂਦੀ ਆ

Tarlochan Singh Dupalpur

ਕਰਦਾ ਕੋਈ ਹੈ, ਭਰਨੀਆਂ ਕਿਸੇ ਹੋਰ ਨੂੰ ਪੈ ਜਾਂਦੀਆਂ

Gur Deep

ਜਿਆਦਤਰ ਲੋਕਾਂ ਨੂੂੰ ਇਸ ਮਸਲੇ ਬਾਰੇ ਜਾਣਕਾਰੀ ਨਹੀਂ ਹੈ, ਧੰਨਵਾਦ ਜੀ ਤੁਹਾਡਾ ਇਸ ਮਸਲੇ ਬਾਰੇ ਜਾਣਕਾਰੀ ਦੇਣ ਲੲੀ

Gurmukh Singh

ਇੱਕ ਬੰਦੇ ਨੇ ਬੰਦੇ ਨੂੰ ਹੀ ਖਤਮ ਕਰ ਦੇਣਾ ਹੈ।

Harwinder Dhillon

Miss u Aylan Kurdi

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ