ਮੇਰੇ ਪਿੰਡ ਦੀ ਸੰਪਰਕ ਸੜਕ ਬਣੀ ਲੋਕਾਂ ਦੇ ਜੀਅ ਦਾ ਜੰਜਾਲ- ਹਰਜਿੰਦਰ ਸਿੰਘ ਗੁਲਪੁਰ
Posted on:- 13-09-2015
ਦੋ ਕੁ ਦਿਨ ਪਹਿਲਾਂ ਮੇਰੇ ਇੱਕ ਫੇਸਬੁੱਕ ਦੋਸਤ ਨੇ ਮੇਰੇ ਇੱਕ ਸਟੇਟਸ ’ਤੇ ਬਹੁਤ ਹੀ ਤਿੱਖੀ ਟਿੱਪਣੀ ਕਰਦਿਆਂ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਝੰਜੋੜ ਕੇ ਰੱਖ ਦਿੱਤਾ। ਅੰਗ੍ਰੇਜ਼ੀ ਵਿੱਚ ਕੀਤੀ ਉਹ ਟਿੱਪਣੀ ਪੂਰੀ ਤਰ੍ਹਾਂ ਸਹੀ ਤਾਂ ਹੈ ਹੀ ਸਗੋਂ ਉਸ ਨੂੰ ਪੜ ਕੇ ਮੇਰੇ ਆਪਣੇ ਪਿੰਡ ਅਤੇ ਆਸ ਪਾਸ ਦੇ ਇਲਾਕੇ ਦਾ ਅਕਸ ਵੀ ਉੱਭਰ ਕੇ ਅੱਖਾਂ ਸਾਹਮਣੇ ਰੂਪਮਾਨ ਹੁੰਦਾ ਹੈ। ਇਸ ਟਿੱਪਣੀ ਅਨੁਸਾਰ ਮੇਰਾ ਇਹ ਮਿੱਤਰ ਸਾਡੇ ਪਿੰਡ ਚੋਂ ਲੰਘ ਕੇ ਵਾਇਆ ਪਿੰਡ ਕਰਾਵਰ ਬਲਾਚੌਰ-ਗੜਸ਼ੰਕਰ ਮੁੱਖ ਸੜਕ ਵਲ ਜਾ ਰਿਹਾ ਸੀ।ਪਤਾ ਨਹੀਂ ਉਹ ਮੇਰੇ ਪਿੰਡ ਚੋਂ ਪਹਿਲਾਂ ਵੀ ਲੰਘਿਆ ਹੋਵੇਗਾ ਜਾਂ ਨਹੀਂ ਪਰ ਲਗਦਾ ਸੀ ਕਿ ਇਸ ਸੰਪਰਕ ਸੜਕ ਤੇ ਸਫਰ ਕਰਕੇ ਉਸ ਨੇ ਇਹ ਫੈਸਲਾ ਮਨੋ ਮਨੀ ਜ਼ਰੂਰ ਕਰ ਲਿਆ ਹੋਵੇਗਾ ਕਿ ਉਹ ਭਵਿੱਖ ਵਿਚ ਵਾਹ ਲਗਦੀ ਇਧਰੋਂ ਨਹੀਂ ਲੰਘੇਗਾ ਭਾਵੇਂ ਉਸ ਨੂੰ ਇਧਰ ਜਾਣ ਲਈ ਜਿੰਨਾਂ ਮਰਜ਼ੀ ਵਲ ਪਾਉਣਾ ਪਵੇ।
ਟਿੱਪਣੀ ਰਾਹੀਂ ਉਸ ਨੇ ਕਿਹਾ ਸੀ ਕਿ ਤੁਹਾਡੇ ਪਿੰਡ ’ਚੋਂ ਲੰਘਦੀ ਸੜਕ ਦਾ ਹਾਲ ਦੇਖ ਕਿ ਲਗਦਾ ਹੈ ਕਿ ਇਹਨਾਂ ਦੋਹਾਂ ਪਿੰਡਾਂ ਵਿਚ ਲੋਕ ਨਹੀਂ ਵਸਦੇ ਬਲਕਿ ਲਾਸ਼ਾਂ ਵਸਦੀਆਂ ਹਨ। ਮੈਂ ਟਿੱਪਣੀ ਪੜ ਕੇ ਸੋਚਿਆ ਕਿ ਸ਼ੁਕਰ ਹੈ ਉਸ ਨੇ ਇੱਕੋ ਸੜਕ ਦੇਖੀ ਹੈ ਜੇਕਰ ਉਹ ਪਿੰਡ ਨਾਲ ਜੁੜਦੀਆਂ ਸਾਰੀਆਂ ਸੜਕਾਂ ਦੇਖਦਾ ਤਾਂ ਸ਼ਾਇਦ ਇਸ ਨਾਲੋਂ ਵੀ ਕੋਈ ਸਖਤ ਟਿੱਪਣੀ ਕਰਦਾ।
ਉਸ ਨੇ ਤਨਜ ਭਰੇ ਲਹਿਜੇ ਚ ਲਿਖਿਆ ਸੀ ਕਿ ਤੁਸੀਂ ਇੱਕ ਪੱਤਰਕਾਰ ਹੋ ਇਸ ਬਾਰੇ ਆਵਾਜ਼ ਕਿਓਂ ਨਹੀਂ ਉਠਾਉਂਦੇ।ਇਸ ਦੇ ਨਾਲ ਹੀ ਉਸ ਨੇ ਬੇਨਤੀ ਨੁਮਾ ਸਲਾਹ ਦਿੱਤੀ ਕਿ ਕਿੰਨਾ ਚੰਗਾ ਹੋਵੇ ਜੇਕਰ ਤੁਸੀਂ ਲਗਾਤਾਰ ਚਾਰ ਵਾਰ ਇਸ ਹਲਕੇ ਤੋਂ ਵਿਧਾਇਕ ਬਣੇ ਚੌਧਰੀ ਨੰਦ ਲਾਲ ਮੁਖ ਸੰਸਦੀ ਸਕੱਤਰ ਦੇ ਲੰਬੇ ਕਾਰਜ ਕਾਲ ਦਾ ਲੇਖਾ ਜੋਖਾ ਕਰਕੇ ਬਤੌਰ ਪੱਤਰਕਾਰ ਲੋਕਾਂ ਪ੍ਰਤੀ ਬਣਦੀ ਜ਼ੁੰਮੇਵਾਰੀ ਨਿਭਾਉਂਦਿਆਂ ਵਿਧਾਇਕ ਦੀ ਚੰਗੀ ਮਾੜੀ ਕਾਰਗੁਜ਼ਾਰੀ ਵਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰੋਂ।ਉਸ ਸੰਵੇਦਨ ਸ਼ੀਲ ਦੋਸਤ ਵਲੋਂ ਕੀਤੀ ਟਿੱਪਣੀ ਦਾ ਜਵਾਬ ਦੇਣ ਲਈ ਫੇਸਬੁੱਕ ਨੂੰ ਢੁਕਵਾਂ ਪਲੇਟਫਾਰਮ ਨਾ ਸਮਝਦਿਆਂ ਹਥਲਾ ਲੇਖ ਲਿਖਣ ਦਾ ਫੈਸਲਾ ਕੀਤਾ ਕਿ ਸ਼ਾਇਦ ਕੋਈ ਲੋਕ ਪੱਖੀ ਅਖਬਾਰ ਆਪਣੇ ਕੀਮਤੀ ਪੰਨਿਆਂ ਉੱਤੇ ਇਸ ਲੇਖ ਨੂੰ ਜਗਾ ਦੇ ਦੇਵੇ ।ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪਿੰਡ ਤੱਕ ਸੰਪਰਕ ਸੜਕਾਂ ਦੇ ਨਿਰਮਾਣ ਵਾਸਤੇ ਕਈ ਦਹਾਕੇ ਪਹਿਲਾਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਮੇਰੇ ਪਿੰਡ ਦੀਆਂ ਸਾਬਕਾ ਪੰਚਾਇਤਾਂ ,ਮੌਜੂਦਾ ਪੰਚਾਇਤ ਅਤੇ ਕੁਝ ਹੋਰ ਨਾਮਵਰ ਪਿੰਡ ਵਾਸੀਆਂ ਨੂੰ ਬਹੁਤ ਜਫਰ ਜਾਲਣੇ ਪਏ ਹਨ।ਪਿੰਡ ਦੀ ਕੋਈ ਇੱਕ ਵੀ ਸੰਪਰਕ ਸੜਕ ਅਜਿਹੀ ਨਹੀਂ ਜਿਸ ਨੂੰ ਨੇਪਰੇ ਚੜਾਉਣ ਵਾਸਤੇ ਪਿੰਡ ਵਾਸੀਆਂ ਨੇ ਅੱਡੀ ਚੋਟੀ ਦਾ ਜ਼ੋਰ ਨਾ ਲਾਇਆ ਹੋਵੇ। ਇਸ ਸਬੰਧੀ ਜਦੋਂ ਮੈ ਆਸਟਰੇਲੀਆ ਵਿਖੇ ਇੱਕ ਅੰਗਰੇਜ਼ ਦੋਸਤ ਨਾਲ ਗੱਲ ਕੀਤੀ ਤਾਂ ਉਹ ਇਹ ਸੁਣਕੇ ਬੜਾ ਹੈਰਾਨ ਹੋਇਆ ਕਿ ਇੰਡੀਆ ਵਿਚ ਸੜਕਾਂ ਦੇ ਨਿਰਮਾਣ ਕਾਰਜਾਂ ਲਈ ਲੋਕਾਂ ਨੂੰ ਭੱਜ ਦੌੜ ਕਰਨੀ ਪੈਂਦੀ ਹੈ।ਉਸ ਦੇ ਹੈਰਾਨ ਹੋਣ ਦੀ ਵਜਾਹ ਇਹ ਸੀ ਕਿ ਇਥੇ ਕਿਸੇ ਦੇ ਕਹਿਣ ਉੱਤੇ ਸੜਕਾਂ ਨਹੀਂ ਬਣਦੀਆਂ।ਹਰ ਤਰ੍ਹਾਂ ਏ ਨਿਰਮਾਣ ਕਾਰਜ ਬਕਾਇਦਾ ਸਰਕਾਰੀ ਯੋਜਨਾ ਬੰਦੀ ਦਾ ਹਿੱਸਾ ਹੁੰਦੇ ਹਨ।ਜਦੋਂ ਸਾਰੇ ਪਾਸਿਆਂ ਨੂੰ ਲਿੰਕ ਸੜਕਾਂ ਬਣ ਗਈਆਂ ਤਾਂ ਇੱਕ ਹੋਰ ਹੀ ਵੰਝ ਖੜਾ ਹੋ ਗਿਆ ਜਿਸ ਨੇ ਸਾਫ਼ ਸੁਥਰੇ ਪਿੰਡ ਨੂੰ ਨਰਕ ਵਿਚ ਬਦਲ ਕੇ ਰਖ ਦਿੱਤਾ। ਸਾਡਾ ਪਿੰਡ ਗੁਲਪੁਰ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਹਦੂਦ ਵਿਚ ਪੈਂਦਾ ਸੀ ਪਰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਹੋਂਦ ਵਿਚ ਆਉਣ ਨਾਲ ਸਮੁਚੀ ਬਲਾਚੌਰ ਸਬ ਡਿਵੀਜਨ ਇਸ ਨਵੇਂ ਬਣੇ ਜ਼ਿਲ੍ਹੇ ਵਿਚ ਸ਼ਾਮਲ ਕਰ ਦਿੱਤੀ ਗਈ।ਇਹ ਪਿੰਡ ਬਲਾਚੌਰ-ਗੜਸ਼ੰਕਰ ਮੁੱਖ ਸੜਕ ਤੇ ਬਲਾਚੌਰ ਤੋਂ 9 ਕਿ ਮੀ ਦੂਰ ਗੜਸ਼ੰਕਰ ਵਾਲੇ ਪਾਸੇ ਸਥਿਤ ਮਜਾਰੀ ਟੂਲ ਪਲਾਜ਼ਾ ਤੋਂ ਚੜਦੇ ਪਾਸੇ ਇੱਕ ਕ.ਮ ਦੀ ਵਿੱਥ ਉੱਤੇ ਵਾਕਿਆ ਹੈ। ਤਕਰੀਬਨ ਇੱਕ ਦਹਾਕੇ ਨਾਲੋਂ ਵੱਧ ਸਮਾਂ ਪਹਿਲਾਂ ਜਿਸ ਥਾਂ ਉੱਤੇ ਟੋਲ ਪਲਾਜ਼ਾ ਸਥਾਪਤ ਕੀਤਾ ਗਿਆ ਉਸ ਦੇ ਦੋਹੀਂ ਪਾਸੀਂ ਪੰਜ ਪੰਜ ਸੌ ਮੀਟਰ ਦੀ ਵਿਥ ਤੇ ਦੋ ਸੰਪਰਕ ਸੜਕਾਂ ਸਾਡੇ ਪਿੰਡ ਨੂੰ ਮੁੱਖ ਸੜਕ ਨਾਲ ਜੋੜਦੀਆਂ ਹਨ।ਟੋਲ ਫੀਸ ਦੇ ਬਹੁਤ ਜ਼ਿਆਦਾ ਹੋਣ ਕਾਰਨ ਲੋਕਾਂ ਨੇ ਟੋਲ ਪਲਾਜ਼ਾ ਨੂੰ ਬਾਈ ਪਾਸ ਕਰ ਕੇ ਕਰਾਵਰ ਅਤੇ ਗੁਲਪੁਰ ਪਿੰਡਾਂ ਵਿਚੋਂ ਲੰਘਣਾ ਸ਼ੁਰੂ ਕਰ ਦਿੱਤਾ।ਭਾਰੀ ਭਰਕਮ ਵਾਹਨਾ ਨੇ ਇਹਨਾਂ ਸੜਕਾਂ ਦਾ ਮਲੀਦਾ ਬਣਾ ਕੇ ਰੱਖ ਦਿੱਤਾ।ਪੇਂਡੂ ਲੋਕਾਂ ਦੀ ਸਹੂਲਤ ਲਈ ਬਣੀਆਂ ਮਾੜੀਆਂ ਮੋਟੀਆਂ ਸੜਕਾਂ ਨੂੰ ਵੱਡੇ ਵੱਡੇ ਵਾਹਨ ਮਾਲਕਾਂ ਵਲੋਂ ਇੱਕ ਤਰ੍ਹਾਂ ਨਾਲ ਹਥਿਆ ਲਿਆ ਗਿਆ। ਲਗ ਭਗ ਪੌਣੀ ਦਰਜਨ ਮੰਡੀਆਂ ਤੋਂ ਕਣਕ ਝੋਨੇ ਦੇ ਹਜ਼ਾਰਾਂ ਟਰੱਕ ਹਰ ਸੀਜਨ ਵਿਚ ਇਹਨਾ ਸੜਕਾਂ ਉਪਰੋਂ ਗੁਜ਼ਰਨ ਤੋਂ ਇਲਾਵਾ ਰੇਟ ਬਜਰੀ ਸੀਮਿੰਟ,ਲੋਹਾ ਅਤੇ ਲਕੜ ਆਦਿ ਦੇ ਵਾਹਨਾਂ ਦਾ ਦਿਨ ਰਾਤ ਤੰਤਾ ਲਗਿਆ ਰਹਿੰਦਾ ਹੈ। ਦੂਰ ਦੁਰਾਡੇ ਇਲਾਕਿਆਂ ਤੋਂ ਅਕਸਰ ਦੋਸਤ ਅਤੇ ਸਕੇ ਸਬੰਧੀ ਆਉਂਦੇ ਹੀ ਰਹਿੰਦੇ ਹਨ ।ਉਹਨਾਂ ਦਾ ਇਹ ਵਾਕ ਸਾਡਾ ਸਿਰ ਨੀਵਾਂ ਕਰ ਦਿੰਦਾ ਹੈ ਕਿ ਇੰਨੀ ਗੰਦੀ ਸੜਕ ਪੂਰੇ ਪੰਜਾਬ ਵਿਚ ਨਹੀਂ ਹੋਣੀ ।ਟੋਲ ਪਲਾਜ਼ਾ ਸਾਡੇ ਦੋਹਾਂ ਪਿੰਡਾਂ ਲਈ ਸਰਾਪ ਬਣ ਗਿਆ ਹੈ ।ਇੱਕ ਅੰਦਾਜ਼ੇ ਅਨੁਸਾਰ ਟੋਲਪਲਾਜ਼ੇ ਰਾਹੀਂ ਜਿੰਨੇ ਵਾਹਨ ਲੰਘਦੇ ਹਨ ਉਸ ਨਾਲੋ ਦੁਗਣੇ ਵਾਹਨ ਉਪਰੋਕਤ ਪਿੰਡਾਂ ਵਿਚੋ ਬਾਈ ਪਾਸ ਹੁੰਦੇ ਹਨ।ਟੋਲ ਕੰਪਨੀ ਵਲੋਂ ਦੋਹਾਂ ਸੰਪਰਕ ਸੜਕਾਂ ਉੱਤੇ ਨਾਕੇ ਲਾ ਕੇ ਪਰਚੀਆਂ ਕਟਣੀਆਂ ਸ਼ੁਰੂ ਕੀਤੀਆਂ ਸਨ ਪਰ ਬਾਹਰਲੇ ਲੋਕਾਂ ਦੇ ਦਬਾਅ ਹੇਠ ਉਹਨਾਂ ਨੂੰ ਨਾਕੇ ਚੁੱਕਣੇ ਪਏ ਸਨ ਕਿਓਂ ਕਿ ਉਹ ਕਨੂੰਨਨ ਇਹ ਨਾਕੇ ਲਾ ਵੀ ਨਹੀਂ ਸਕਦੇ ਸਨ ।ਇਹਨਾਂ ਵਾਹਨਾਂ ਦੀ ਬਦੌਲਤ ਕਈ ਵਾਰ ਸੜਕਾਂ ਤੋਂ ਆਰ ਪਾਰ ਲੰਘਦੇ ਬਿਜਲੀ,ਟੈਲੀਫੂਨ ਅਤੇ ਟੀਵੀ ਦੇ ਕੇਬਲ ਟੁੱਟ ਜਾਂਦੇ ਹਨ ਜਿਸ ਦਾ ਖਮਿਆਜ਼ਾ ਦੋਹਾਂ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ।ਕੋਈ ਨਾ ਕੋਈ ਦੁਰਘਟਨਾ ਅਤੇ ਝਗੜਾ ਤਾਂ ਅਕਸਰ ਹੋਏ ਹੀ ਰਹਿੰਦੇ ਹਨ।ਗਰਮੀਆਂ ਦੇ ਦਿਨਾਂ ਵਿਚ ਇੰਨੀ ਧੂੜ ਉਡਦੀ ਹੈ ਕਿ ਰਾਹਗੀਰਾਂ ਦਾ ਹਾਲ ਤਾਂ ਇੱਕ ਪਾਸੇ ਸੜਕਾਂ ਦੇ ਨੇੜੇ ਲਗਦੇ ਘਰ ਧੂੜ ਮਿੱਟੀ ਨਾਲ ਅੱਟੇ ਰਹਿੰਦੇ ਹਨ। ਮਾਵਾਂ ਵੱਲੋਂ ਸੁਭਾ ਸਵੇਰੇ ਨੁਹਾ ਧੁਆ ਕੇ ਸਕੂਲਾਂ ਨੂੰ ਤੋਰੇ ਬਾਲਾਂ ਦੇ ਸਿਰ ਸਕੂਲਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਿੱਟੀ ਘੱਟੇ ਨਾਲ ਭਰ ਜਾਂਦੇ ਹਨ ।ਇਸ ਮਾੜੀ ਹਾਲਤ ਦਾ ਮਤਲਬ ਇਹ ਨਹੀਂ ਕਿ ਪਿੰਡ ਵਾਸੀਆਂ ਵਲੋਂ ਕੋਈ ਚਾਰਾ ਜੋਈ ਨਹੀਂ ਕੀਤੀ ਗਈ।ਚਾਰਾ ਜੋਈ ਕਰਨ ਦੇ ਬਾਵਯੂਦ ਕਿਸੇ ਰਾਜਸੀ ਆਗੂ ਜਾ ਸਮਰਥ ਅਧਿਕਾਰੀ ਨੇ ਇਸ ਸਮੱਸਿਆ ਦਾ ਹੱਲ ਕਢਣ ਵਿਚ ਦਿਲਚਸਪੀ ਨਹੀਂ ਲਈ।ਮੈਂ ਜਦੋਂ 'ਰੋਜ਼ਾਨਾ ਅਜੀਤ'ਲਈ ਪੱਤਰਕਾਰੀ ਕਰਦਾ ਸੀ ਇਸ ਸਮੱਸਿਆ ਵਾਰੇ ਅਨੇਕਾਂ ਵਾਰ ਖਬਰਾਂ ਦੇ ਰੂਪ ਵਿਚ ਆਵਾਜ਼ ਉਠਾਉਂਦਾ ਰਿਹਾ ।ਸਬੰਧਤ ਪੱਤਰਕਾਰਾਂ ਵਲੋਂ ਹੁਣ ਵੀ ਗਾਹੇ ਬਗਾਹੇ ਇਸ ਸਮੱਸਿਆ ਨੂੰ ਪ੍ਰਸਾਸ਼ਨ ਦੇ ਨੋਟਿਸ ਵਿਚ ਲਿਆਂਦਾ ਜਾਂਦਾ ਹੈ ਪਰ ਕਿਸੇ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ ।ਇੱਕ ਮਾਨਯੋਗ ਡੀ ਸੀ ਨੇ ਤਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਸੀ ਕਿ ਅਸੀਂ ਕਿਸੇ ਨੂੰ ਸੜਕਾਂ ਤੇ ਚਲਣ ਤੋਂ ਕਿਸ ਤਰ੍ਹਾਂ ਰੋਕ ਸਕਦੇ ਹਾਂ?ਜਦੋਂ ਕਿਹਾ ਗਿਆ ਕਿ ਸੰਪਰਕ ਸੜਕਾਂ ਵੱਡੇ ਵਾਹਨਾਂ ਦਾ ਭਾਰ ਬਰਦਾਸ਼ਤ ਨਹੀਂ ਕਰ ਸਕਦੀਆਂ ਉਹਨਾਂ ਨੂੰ ਤਾਂ ਰੋਕਿਆ ਹੀ ਜਾ ਸਕਦਾ ਹੈ ।ਇਸ ਦਾ ਵੀ ਕੋਈ ਤਸੱਲੀਬਖਸ਼ ਜਵਾਬ ਪਿੰਡ ਵਾਸੀਆਂ ਨੂੰ ਨਹੀਂ ਮਿਲਿਆ ਸੀ ।ਫੇਰ ਪਿੰਡ ਵਾਸੀਆਂ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਮਾਰਕਿਟ ਕਮੇਟੀ ਨੂੰ ਬੇਨਤੀ ਕੀਤੀ ਕਿ ਜੇ ਵਾਹਨ ਨਹੀਂ ਰੋਕਣੇ ਤਾਂ ਇਹਨਾਂ ਸੜਕਾਂ ਨੂੰ ਮੁੱਖ ਸੜਕਾਂ ਦੇ ਮਿਆਰ ਅਨੁਸਾਰ ਬਣਾ ਦੇਵੋ ਪਰ ਇਸ ਸਬੰਧੀ ਵੀ ਕਿਸੇ ਪਾਸਿਓੰ ਹੁੰਗਾਰਾ ਨਹੀਂ ਮਿਲਿਆ।ਕੁਝ ਸਾਲ ਪਹਿਲਾਂ ਵਾਹਨਾਂ ਨੇ ਸੜਕ ਥੱਲੇ ਗੰਦੇ ਪਾਣੀ ਦੇ ਨਿਕਾਸ ਲਈ ਦੱਬੀ ਪਾਈਪ ਤੋੜ ਦਿੱਤੀ ਅਤੇ ਪਾਣੀ ਗਰੀਬ ਲੋਕਾਂ ਦੇ ਘਰਾਂ ਚ ਵੜਨ ਲੱਗ ਪਿਆ।ਪਿੰਡ ਦੇ ਕੁਝ ਜੁੰਮੇਵਾਰ ਨੌਜਵਾਨਾਂ ਵਲੋਂ ਵਾਹਨ ਚਾਲਕਾਂ ਦੀ ਰਜਾਮੰਦੀ ਨਾਲ ਦਸ ਦਸ ਵੀਹ ਵੀਹ ਰੁਪਏ ਕਰਕੇ ਹਜਾਰ ਕੁ ਰੁਪਏ ਨਵੀਂ ਪੁਲੀ ਦਬਾਉਣ ਲਈ ਇਕਠੇ ਕਰ ਲਏ।ਭਾਵੇ ਇਹ ਗਲਤ ਸੀ ਪਰ ਉਹਨਾਂ ਦਾ ਇਰਾਦਾ ਸਹੀ ਸੀ ।ਕਿਸੇ ਚਾਲਕ ਨੇ ਦੋ ਚਾਰ ਵਧ ਘੱਟ ਲਾ ਕੇ ਬਲਾਚੌਰ ਥਾਣੇ ਇਤਲਾਹ ਦੇ ਦਿੱਤੀ ਕਿ ਗੁਲਪੁਰ ਪਿੰਡ ਵਿਚ ਕੁਝ ਲੜਕੇ ਜਬਰਦਸਤੀ ਟੈਕਸ ਵਸੂਲ ਰਹੇ ਹਨ ।ਪੁਲਿਸ ਪਿੰਡ ਆ ਗਈ ।ਜਦੋਂ ਉਹਨਾਂ ਨੇ ਮੌਕਾ ਦੇਖਿਆ ਅਤੇ ਸਾਰੀ ਗੱਲ ਸੁਣੀ ਤਾਂ ਅੱਗੇ ਵਾਸਤੇ ਅਜਿਹਾ ਨਾ ਕਰਨ ਦੀ ਨਸੀਹਤ ਦੇ ਕੇ ਉਹ ਵਾਪਸ ਚਲੇ ਗਏ ।ਇਹ ਕਹਾਣੀ ਇਥੇ ਲਿਖਣ ਦਾ ਮਤਲਬ ਇਹ ਹੈ ਕਿ ਲੋਕ ਇਹਨਾਂ ਬੇ ਲੋੜੇ ਵਾਹਨਾਂ ਤੋਂ ਬੇਹੱਦ ਅਵਾਜਾਰ ਹਨ ।ਦੋਵੇਂ ਪਿੰਡਾਂ ਦੇ ਲੋਕ ਪੜੇ ਲਿਖੇ ,ਕਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਅਮਨ ਪਸੰਦ ਹਨ। ਹਾਂ ਇੰਨਾ ਜ਼ਰੂਰ ਹੈ ਕਿ ਦੋਹਾਂ ਪਿੰਡਾਂ ਵਿਚ ਕੋਈ ਵੱਡਾ ਆਗੂ ਨਹੀਂ ਹੈ,ਜਿਸ ਕਾਰਨ ਜਿਹਨਾਂ ਲੋਕਾਂ ਵਾਸਤੇ ਇਹਨਾਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਸੀ ਉਹ ਲੋਕ ਇਹਨਾਂ ਸੜਕਾਂ ਤੋਂ ਬੇਦਖਲ ਹਨ ।ਸੰਪਰਕ: 0061 469 976214
Pritpal Malhi
ਮੇਰਾ ਘਰ ਪਿੰਡ ਤੋਂ ਡੇਢ ਕਿਲੋਮੀਟਰ ਦੂਰ ਕਿਸ਼ਨਪੁਰੇ ਵਾਲੇ ਕੱਚੇ ਰਾਹ ਤੇ ਆ, 2009 ਤੋਂ ਪਹਿਲਾਂ ਪਿੰਡ ਦੇ ਉੱਦਮੀ ਹਰ ਤੀਜੇ ਸਾਲ ਰਾਹ ਤੇ ਮਿੱਟੀ ਪਾ ਕੇ ਰਾਹ ਨੂੰ ਬਹੁਤ ਵਧੀਆ ਬਣਾ ਲੈਂਦੇ ਸੀ। ਪਰ ਹੁਣ ਨਜਾਇਜ਼ ਰੇਤਾ ਵਾਲ਼ੀਆਂ ਭਾਰੀਆਂ ਟਰਾਲੀਆਂ ਲੰਘਣ ਨਾਲ ਰਾਹ ਜਲਦੀ ਖ਼ਰਾਬ ਹੋ ਜਾਂਦੈ ਤੇ ਹੁਣ ਹਰ ਸਾਲ ਮਿੱਟੀ ਪਾ ਕੇ ਪੱਧਰਾ ਕਰਨਾਂ ਪੈਂਦੈ। ਬਾਹਰੋਂ ਜਦੋਂ ਵਾਪਸ ਆਈ ਦਾ ਸੀ, ਤਾਂ ਲਿੰਕ ਸੜਕਾਂ ਤੇ ਟੋਇਆਂ ਤੋਂ ਬਚਦੇ ਬਚਾਉਂਦੇ ਕੱਚੇ ਰਾਹ ਤੇ ਚੜ੍ਹਦੇ ਸਾਰ ਮੱਲੋ ਮੱਲੀ ਐਕਸੈਲਰੇਟਰ ਤੇ ਹੋਰ ਭਾਰ ਪੈ ਜਾਂਦਾ ਸੀ ਤੇ ਸਪੀਡ ਵਧ ਜਾਂਦੀ ਸੀ। ਸਕੂਟਰਾਂ ਕਾਰਾਂ ਤੇ ਟਰੈਕਟਰ ਟਰਾਲੀਆਂ ਨੂੰ ਬਹੁਤ ਤੇਜ਼ ਜਾਂਦੇ ਵੇਖ ਕਿਸੇ ਮੁੱਖ ਸੜਕ ਦਾ ਭੁਲੇਖਾ ਪੈਂਦੈ। ਬਹੁਤ ਸਾਰੀਆਂ ਕਾਰਾਂ ਕਈ ਵਾਰ ਸੱਠ ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੱਕ ਜਾਂਦੀਆਂ ਇਸ ਕੱਚੇ ਰਾਹ ਤੇ ਦਿਸਦੀਆਂ ਸੀ। ਕਿਸ਼ਨਪੁਰੇ ਵੱਲ ਦੋ ਪੱਕੀਆਂ ਸੜਕਾਂ ਵੀ ਜਾਂਦੀਐਂ, ਪਰ ਕਿਸ਼ਨਪੁਰੇ ਜਾਣ ਵਾਲੇ ਇਸ ਰਾਹ ਨੂੰ ਹੀ ਤਰਜੀਹ ਦਿੰਦੇ ਆ। ਪ੍ਰਾਈਵੇਟ ਸਕੂਲ ਬੱਸਾਂ, ਬੱਚਿਆਂ ਨੂੰ ਪਿੰਡਾਂ ਚ ਛੱਡ ਕੇ ਪੱਕੀਆਂ ਸੜਕਾਂ ਤੋਂ ਬਚਦੀਆਂ ਬਚਾਉਂਦੀਆਂ ਇਸੇ ਰਾਹ ਤੋਂ ਹੀ ਲੰਘਦੀਐਂ। ਜਦੋਂ ਵੀ ਕੋਈ ਅਸੈਂਬਲੀ ਜਾਂ ਪਾਰਲੀਮਾਨੀ ਇਲੈਕਸ਼ਨ ਨੇੜੇ ਆਉਂਦੈ ਤਾਂ ਇਸ ਰਾਹ ਤੇ ਜਾਣ ਵਾਲਿਆਂ ਨੂੰ ਥੋੜੀ ਘਬਰਾਹਟ ਜਿਹੀ ਹੋਣ ਲੱਗ ਜਾਂਦੀ ਆ। ਹੁਣ ਫਿਰ 2017 ਚ ਅਸੈਂਬਲੀ ਇਲੈਕਸ਼ਨ ਨੇੜੇ ਆ ਰਿਹੈ, ਉਦਘਾਟਨਾਂ ਤੇ ਨੀਂਹ ਪੱਥਰਾਂ ਦੀ ਰੁੱਤ ਆ ਗਈ ਆ, ਤੇ ਕਹਿੰਦੇ ਆ ਕਿ ਹਰ ਅਸੈਂਬਲੀ ਹਲਕੇ ਨੂੰ “ਹੋਰ ਵਿਕਾਸ” ਕਰਨ ਲਈ ਪੱਚੀ ਪੱਚੀ ਕਰੋੜ ਹੋਰ ਪੰਜਾਬ ਸਰਕਾਰ ਕਰਜ਼ਾ ਲੈ ਕੇ ਦੇ ਰਹੀ ਆ। ਇਸ ਵਾਰ ਪੂਰਾ, ਡਰ ਐ ਕਿਤੇ ਕੋਈ ਸਿਆਸੀ ਲੀਡਰ “ਹੋਰ ਵਿਕਾਸ” ਦੇ ਨਾਂ ਤੇ ਇਸ ਕੱਚੇ ਰਾਹ ਨੂੰ ਸੜਕ ਪੱਕੀ ਕਰਨ ਦਾ ਨੀਂਹ ਪੱਥਰ ਹੀ ਨਾਂ ਰੱਖ ਜਾਵੇ।