ਗ਼ਦਰ ਲਹਿਰ ਦੀ ਮਹਾਨ ਵਿਰਾਸਤ ਜੋ ਕਿਰਤੀ ਲੋਕਾਂ ਨੂੰ ਅੱਜ ਵੀ ਵੰਗਾਰਦੀ- ਮਨਦੀਪ
Posted on:- 08-09-2015
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਅਰਥ
ਚਾਲੂ ਵਰ੍ਹਾ (2015) ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਛੇ ਗ਼ਦਰੀ ਸਾਥੀਆਂ (ਵਿਸ਼ਣੂ ਗਣੇਸ਼ ਪਿੰਗਲੇ, ਭਾਈ ਬਖਸ਼ੀਸ਼ ਸਿੰਘ, ਸੁਰੈਣ ਸਿੰਘ ਪੁੱਤਰ ਬੂੜ ਸਿੰਘ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ, ਹਰਨਾਮ ਸਿੰਘ ਤੇ ਜਗਤ ਸਿੰਘ) ਦੀ ਸ਼ਹੀਦੀ ਦਾ 100ਵਾਂ ਵਰ੍ਹਾ ਹੈ। 100 ਵਰ੍ਹੇ ਪਹਿਲਾਂ ਨੌਜਵਾਨ ਸਰਾਭਾ ਤੇ ਉਸਦੀ ਗ਼ਦਰ ਪਾਰਟੀ ਨੇ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਜਾਬਰ ਤੇ ਲੁਟੇਰੀ ਬਰਤਾਨਵੀਂ ਬਸਤੀਵਾਦੀ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਦੇਸ਼-ਦੁਨੀਆਂ ’ਚ ਵਿਦਰੋਹ ਦੀ ਜਾਨਦਾਰ ਲਹਿਰ ਖੜੀ ਕੀਤੀ ਸੀ। ਸਰਾਭਾ ਸਮੇਤ ਸਭ ਗ਼ਦਰੀ ਇਨਕਲਾਬੀ ਲੋਕ ਮੁਕਤੀ ਦੇ ਅਗਾਂਹਵਧੂ ਇਨਕਲਾਬੀ ਤੇ ਹਕੀਕੀ ਰਾਹ ’ਤੇ ਤੁਰੇ ਸਨ। ਉਨ੍ਹਾਂ ਆਪਣੇ ਸਮੇਂ ਵਿਚ, ਮਿਹਨਤੀ ਲੋਕਾਂ ਨੂੰ ਗੁਲਾਮ ਰੱਖਣ, ਉਨ੍ਹਾਂ ਦੀ ਲੁੱਟ ਕਰਨ ਤੇ ਉਨ੍ਹਾਂ ਦੀ ਏਕਤਾ ’ਚ ਫੁੱਟ ਪਾਉਣ ਵਾਲੀਆਂ ਤਾਕਤਾਂ ਦਾ ਜੋਰਦਾਰ ਢੰਗ-ਤਰੀਕਿਆਂ, ਦਿ੍ਰੜ ਜ਼ਜਬਿਆਂ ਤੇ ਅਦੁੱਤੀ ਕੁਰਬਾਨੀਆਂ ਨਾਲ ਟਾਕਰਾ ਕੀਤਾ। ਉਨ੍ਹਾਂ ਨੇ ਡਰ, ਸਹਿਮ, ਦਾਬਾ ਤੇ ਦਹਿਸ਼ਤ ਤੋਂ ਨਾਬਰ ਹੁੰਦਿਆਂ ਵੱਡੀਆਂ ਦਿਓ ਕੱਦ ਦੁਸ਼ਮਣ ਤਾਕਤਾਂ ਅੱਗੇ ਆਤਮ-ਸਮਰਪਣ ਨਹੀਂ ਸੀ ਕੀਤਾ। ਅੱਜ ਸੌ ਸਾਲ ਬਾਅਦ ਨੌਜਵਾਨ ਸਰਾਭਾ, ਉਸਦੇ ਸਾਥੀ ਗ਼ਦਰੀ ਇਨਕਲਾਬੀਆਂ ਅਤੇ ਉਨ੍ਹਾਂ ਦੀ ਗ਼ਦਰ ਪਾਰਟੀ ਦੀ ਵਿਚਾਰਧਾਰਾ, ਉਦੇਸ਼ ਤੇ ਕੁਰਬਾਨੀਆਂ ਸਾਨੂੰ ਸਾਡੇ ਸਮੇਂ ਦੇ ਫ਼ਰਜ ਪਹਿਚਾਨਣ ਲਈ ਹਲੂਣ ਰਹੀਆਂ ਹਨ।ਨੌਜਵਾਨ ਇਨਕਲਾਬੀ ਤੇ ਦੇਸ਼ ਭਗਤ ਪਾਰਟੀਆਂ ਤੇ ਲਹਿਰਾਂ ਦੀ ਜ਼ਿੰਦ-ਜਾਨ ਹੁੰਦੇ ਹਨ। ਗ਼ਦਰ ਪਾਰਟੀ ਤੇ ਉਸਦੀ ਮਾਣਮੱਤੀ ਲਹਿਰ ਬਾਰੇ ਵੀ ਇਹੋ ਸੱਚ ਹੈ। ਗ਼ਦਰ ਪਾਰਟੀ ਭਾਵੇਂ ਮੁੱਖ ਰੂਪ ’ਚ ਵਿਦੇਸ਼ਾਂ ਵਿਚਲੇ ਪ੍ਰਵਾਸੀ ਕਿਰਤੀ-ਕਾਮਿਆਂ ਵੱਲੋਂ ਜੱਥੇਬੰਦ ਕੀਤੀ ਪਾਰਟੀ ਸੀ, ਪਰ ਫਿਰ ਵੀ ਇਸ ਅੰਦਰਲੇ ਪੜ੍ਹੇ-ਲਿਖੇ ਨੌਜਵਾਨਾਂ ਨੇ ਇਸਨੂੰ ਜਿਹੜਾ ਹੁਲਾਰਾ ਦਿੱਤਾ ਉਹ ਅਦੁੱਤਾ ਕਿਹਾ ਜਾ ਸਕਦਾ ਹੈ। ਜ਼ਿੰਦਗੀ ਦੇ ਉਨੀਂਵੇਂ ਵਰ੍ਹੇ ’ਚ ਹੱਸ-ਹੱਸ ਕੇ ਫਾਂਸੀ ਚੜ੍ਹਨ ਵਾਲਾ ਨੌਜਵਾਨ ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੀ ਜ਼ਿੰਦ-ਜਾਨ ਸੀ। ‘ਯੁਗਾਂਤਰ ਆਸ਼ਰਮ’ ਵਾਲੇ ਸੱਭੇ ਸਾਥੀ ਉਸ ਮਲੂਕੜੇ ਜਿਹੇ ਨੌਜਵਾਨ ਦੇ ਉਪਾਸ਼ਕ ਸਨ।
ਜਦੋਂ ਉਹ ਹਿੰਦ ਨੂੰ ਆਇਆ ਤਾਂ ਉਹ ਗ਼ਦਰ ਕਰਨ ਲਈ ਫੌਜ਼ੀ ਛਾਉਣੀਆਂ ’ਚ ਊਰੀ ਵਾਂਗ ਘੁਕਿਆ। ਗ਼ਦਰ ਪਾਰਟੀ ਦੇ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਸੰਪਰਕ ਸਾਧਣ ’ਚ ਸਰਾਭੇ ਤੇ ਇਕ ਹੋਰ ਮੁੱਛ ਫੁਟੇਂਦੇਂ ਨੌਜਵਾਨ ਵਿਸ਼ਣੂੰ ਗਣੇਸ਼ ਪਿੰਗਲੇ ਨੇ ਹੀ ਮੁੱਖ ਰੋਲ ਨਿਭਾਇਆ। ਬੰਗਾਲੀ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਆਪਣੇ ਪੰਜਾਬ ਦੇ ਕਿਆਮ ਦੌਰਾਨ ਸਰਾਭੇ ਦੀਆਂ ਸਰਗਰਮੀਆਂ ਤੇ ਨਿਡਰਤਾ ਵੇਖਕੇ ਅਸ਼-ਅਸ਼ ਕਰ ਉੱਠਿਆ ਸੀ। ਸਰਾਭਾ ਤੇ ਪਿੰਗਲੇ ਦੋਵੇਂ ਚੜ੍ਹਦੀ ਉਮਰੇ ਹੱਸ-ਹੱਸ ਫਾਂਸੀ ਚੜ੍ਹ ਕੇ ਅੰਬਰ ਦੇ ਤਾਰਿਆਂ ਵਾਂਗ ਚਮਕ ਉੱਠੇ।
ਲਾਲਾ ਹਰਿਦਿਆਲ ਤੋਂ ਬਾਅਦ ਗ਼ਦਰ ਪਾਰਟੀ ਦਾ ਜਨਰਲ ਸਕੱਤਰ ਬਣਨ ਵਾਲਾ ਭਾਈ ਸੰਤੋਖ ਸਿੰਘ ਧਰਦਿਓ ਇਕ ਆਦੁੱਤੀ ਨੌਜਵਾਨ ਸਖਸ਼ੀਅਤ ਸੀ। ਉਹਨੇ ਜਿੱਥੇ ‘ਹਿੰਦ ਨੂੰ ਚੱਲੋ’ ਦੇ ਨਾਅਰੇ ’ਤੇ ਦੇਸ਼-ਵਿਦੇਸ਼ ’ਚ ਅਨੇਕਾਂ ਥਾਵਾਂ ਤੇ ਕੰਮ ਕੀਤਾ ਉੱਥੇ ਫਰਵਰੀ, 1915 ਦੀ ਗ਼ਦਰੀ ਬਗ਼ਾਵਤ ਫੇਲ੍ਹ ਹੋਣ ਤੋਂ ਬਾਅਦ ਮੁੜ ਅਮਰੀਕਾ ਪਹੁੰਚਕੇ ਗ਼ਦਰ ਪਾਰਟੀ ਨੂੰ ਨਾ ਸਿਰਫ ਮੁੜ-ਜੱਥੇਬੰਦ ਕੀਤਾ ਸਗੋਂ ਗ਼ਦਰ ਪਾਰਟੀ ਨੂੰ ਮਾਰਕਸੀ ਵਿਚਾਰਧਾਰਾ ਨਾਲ ਲੈਸ ਕਰਨ ਤੇ ਨਵੀਂ ਦਿਸ਼ਾ ਪ੍ਰਦਾਨ ਕਰਨ ’ਚ ਮੋਹਰੀ ਭੂਮਿਕਾ ਵੀ ਨਿਭਾਈ। ਉਹ ਸਿਰਫ 35 ਸਾਲ ਦੀ ਉਮਰ ’ਚ ਤਪਦਿਕ ਨਾਲ ਮੌਤ ਦੇ ਮੂੰਹ ਜਾ ਪਿਆ।
ਭਾਈ ਰਤਨ ਸਿੰਘ ਰਾਏਪੁਰ ਡੱਬਾ, ਪ੍ਰੇਮ ਸਿੰਘ ਗਿੱਲ, ਸੁਚੇਂਦਰ ਨਾਥਕਰ ਆਦਿ ਸਮੇਤ ਅਨੇਕਾਂ ਹੋਰ ਵਿਦਿਆਰਥੀ-ਨੌਜਵਾਨ ਸਨ ਜਿਨ੍ਹਾਂ ਨੇ ਗ਼ਦਰ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਤੇ ਸਾਬਤ ਕੀਤਾ ਕਿ ਨੌਜਵਾਨ ਵਾਕਿਆ ਹੀ ਚੜ੍ਹਦੇ ਸੂਰਜ ਦੀ ਲਾਲੀ ਵਰਗੇ ਹੁੰਦੇ ਹਨ।
ਅੱਜ ਸਮਾਜ ਦੀ ਸਭ ਤੋਂ ਵੱਧ ਮਜਬੂਤ ਤਾਕਤ, ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਨੌਜਵਾਨ ਹਾਲੋਂ ਬੇਹਾਲ ਹਨ। ਦੇਸ਼ ਦੀ ਨੌਜਵਾਨ ਸ਼ਕਤੀ ਜ਼ਿੰਦਗੀ ਦੀਆਂ ਢੇਰਾਂ ਦੁਸ਼ਵਾਰੀਆਂ ਕਾਰਨ ਉਮਰੋਂ ਪਹਿਲਾਂ ਕੁੱਬੀ ਹੋ ਰਹੀ ਹੈ। ਜਿਸ ਧਰਤੀ ’ਤੇ ਲੱਖਾਂ ਗਭਰੇਟ ਚੜ੍ਹਦੀ ਜਵਾਨੀ ਦੀਆਂ ਮੌਜਾਂ ਮਾਨਣ ਅਤੇ ਦਲੇਰੀ ਭਰੇ ਮਿਸਾਲੀ ਕਾਰਨਾਮੇ ਕਰ ਦੁਨੀਆਂ ’ਚ ਚੰਦ ਵਾਗੂੰ ਚਮਕਣ ਦੀ ਉਮਰੇ ਕੁਪੋਸ਼ਣ ਤੇ ਬਿਮਾਰੀਆਂ ਦਾ ਸ਼ਿਕਾਰ, ਭੀਖ ਮੰਗਣ, ਰੇਹੜੀ-ਫੜ੍ਹੀ ਲਾਉਣ, ਫੈਕਟਰੀਆਂ ਦਾ ਧੂੰਆਂ ਫੱਕਣ, ਖੇਤਾਂ ਬੰਨਿਆਂ ’ਤੇ ਮਿੱਟੀ ਨਾਲ ਮਿੱਟੀ ਹੋਣ, ਬੱਸਾਂ, ਟਰੱਕਾਂ, ਦੁਕਾਨਾਂ ਤੇ ਹੋਰ ਨਿੱਕੇ-ਨਿੱਕੇ ਧੰਦਿਆਂ ’ਚ ਪੈ ਕੇ ਪੈਸਾ-ਪੈਸਾ ਇਕੱਠਾ ਕਰਨ ਦੀ ਜਿਲ੍ਹਣ ’ਚ ਫਸੇ, ਕਰਜਿਆਂ ਮਾਰੇ ਅਨਪੜ੍ਹ, ਅੱਧਪੜ੍ਹ ਤੇ ਪੜ੍ਹੇ-ਲਿਖੇ ਬੇਰੁਜਗਾਰ ਗੱਭਰੂ ਮੁਟਿਆਰਾਂ ਹੱਕੀ ਰੁਜਗਾਰ ਲਈ ਪੁਲਸੀ ਧਾੜਾਂ ਦੀਆਂ ਡਾਗਾਂ ਖਾਣ ਅਤੇ ਇਸ ਤੋਂ ਹੋਰ ਕਿਤੇ ਜਿਆਦਾ ਭੈੜੀ ਤੇ ਬੇਇੱਜਤੀ ਭਰੀ ਜ਼ਿੰਦਗੀ ਜਿੳੂਣ ਲਈ ਮਜਬੂਰ ਹਨ। ਉਹ ਮਜਬੂਰ ਹਨ ਕਿਡਨੀਆਂ ਵੇਚਣ, ਅਗਵਾ ਹੋਣ, ਕਤਲ ਹੋਣ, ਲੁੱਟਾਂ-ਖੋਹਾਂ ਤੇ ਨਸ਼ੇ ਕਰਨ ਲਈ। ਵਿਦਿਆਰਥੀ ਜੋ ਦੇਸ਼ ਦਾ ਭਵਿੱਖ ਹਨ ਬੋਝਲ ਤੇ ਗ਼ੈਰ-ਵਿਗਿਆਨਕ ਸਿਲੇਬਸਾਂ ਤੇ ਮਹਿੰਗੀ ਵਿੱਦਿਆ ਦੇ ਬੋਝ ਹੇਠ ਆਏ ਹੋਏ ਹਨ। ਵਿਦਿਆਰਥੀ ਵਰਗ ਦਾ ਵੱਡਾ ਹਿੱਸਾ ਬੇਚੈਨ ਤੇ ਮਨੋਰੋਗੀ ਹੋ ਰਿਹਾ ਹੈ। ਸੈਂਕੜੇ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹਨ। ਉਹਨਾਂ ਦੇ ਜ਼ਿੰਦਗੀ ਦੇ ਸੁਪਨੇ ਕਤਲ ਹੋ ਰਹੇ ਹਨ। ਮੰਡੀ ਦੇ ਸ਼ੋਰਗੁਲ ’ਚ ਘਿਰੇ ਨੌਜਵਾਨ ਸਮਾਜਿਕ ਦਸ਼ਾ ਤੋਂ ਨਾਖੁਸ਼ ਹਨ। ਉਹ ਪੂੰਜੀਵਾਦੀ ਖਪਤਵਾਦੀ ਸੱਭਿਆਚਾਰ ਦੇ ਲੁੱਟੇ-ਪੁੱਟੇ ਹਨੇਰੇ ’ਚ ਟੱਕਰਾਂ ਮਾਰ ਰਹੇ ਹਨ। ਦਿਲ ਦਾ ਚੈਨ, ਮਨ ਦੀ ਸ਼ਾਂਤੀ ਫ਼ੁਰਰ ਕਰਕੇ ਉੱਡ ਰਹੀ ਹੈ। ਦੇਸ਼ ਦੇ ਮਿਹਨਤਕਸ਼ ਤਬਕਿਆਂ ਦੀ ਹਾਲਤ ਇਸ ਤੋਂ ਵੀ ਬਦਤਰ ਹੈ। ਖਾਸ ਕਰ ਪੰਜਾਬ ਹੀ ਨਹੀਂ ਪੂਰੇ ਮੁਲਕ ਭਰ ’ਚ ਕਿਸਾਨੀ ਸਿਰ ਚੜ੍ਹਿਆ ਕਰਜ਼ਾ ਅਤੇ ਖ਼ੁਦਕਸ਼ੀਆਂ ਵਰਗਾ ਨਾਂ ਬਰਦਾਸ਼ਤ ਵਰਤਾਰਾ ਤੇਜ਼ੀ ਨਾਲ ਵਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਪੰਜਾਬ, ਮਹਾਂਰਾਸ਼ਟਰ, ਹਰਿਆਣਾ ਆਦਿ ਸੂਬਿਆਂ ’ਚ ਕਿਸਾਨੀ ਘਰਾਂ ’ਚ ਵਿਛ ਰਹੇ ਸੱਥਰ ਹਾਲਾਤ ਦੀ ਗੰਭੀਰਤਾ ਦਾ ਨੰਗਾ ਚਿੱਟਾ ਇਜਹਾਰ ਹਨ। ਨਵੀਆਂ ਨੀਤੀਆਂ ਦੇ ਕਾਰਪੋਰੇਟ ਘਰਾਣਿਆਂ ਪੱਖੀ ਮਾਡਲ ਲਾਗੂ ਹੋਣ ਨਾਲ ਮਜ਼ਦੂਰਾਂ ਦੀਆਂ ਉੱਚ ਤਕਨੀਕ ਦੇ ਕਾਰਨ ਖੁੱਸ ਰਿਹਾ ਰੁਜ਼ਗਾਰ ਵੀ ਗੰਭੀਰ ਖਤਰੇ ਦਾ ਸੰਕੇਤ ਹੈ। ਜੋ ਲੋਕ ਇਸ ਗਲੇ-ਸੜ੍ਹੇ ਸਮਾਜ ਨੂੰ ਬਦਲ ਦੇਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਇਸਦੇ ਪਾਲਤੂ ਬਣਨਾ ਮਨਜ਼ੂਰ ਨਹੀਂ ਹੈ, ਗ਼ਦਰ ਲਹਿਰ ਦਾ ਜੁਝਾਰੂ ਵਿਰਸਾ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਹੈ। ਆਓ, ਗ਼ਦਰ ਪਾਰਟੀ, ਉਸਦੇ ਉਦੇਸ਼ ਤੇ ਸੰਘਰਸ਼ ਤੇ ਸੰਖੇਪ ਝਾਤ ਪਾਈਏ...
ਗ਼ਦਰ ਪਾਰਟੀ ਦਾ ਇਤਿਹਾਸ
ਭਾਰਤ 18ਵੀਂ ਸਦੀ ਵਿਚ ਅੰਗਰੇਜ਼ ਸਾਮਰਾਜ ਦੀ ਇੱਕ ਗ਼ੁਲਾਮ ਬਸਤੀ ਸੀ। ਬਰਤਾਨਵੀ ਧਾੜਵੀਆਂ ਨੇ ਬੰਦੂਕ ਦੀ ਨੋਕ ’ਤੇ ਅਗਲੇ ਦੋ ਸੌ ਸਾਲ ਤੱਕ ਭਾਰਤ ਦੀ ਦੇਸੀ ਸਨਅਤ, ਦਸਤਕਾਰੀ ਤੇ ਖੇਤੀ ਨੂੰ ਦੋਵੇਂ ਹੱਥੀਂ ਲੁੱਟਿਆ। ਅੰਗਰੇਜ਼ ਸਾਮਰਾਜੀਆਂ ਨੇ ਸਨਅਤੀ ਖੇਤਰਾਂ ਦੇ ਲੱਖਾਂ ਮਜ਼ਦੂਰਾਂ ਦੇ ਹੱਥ ਵੱਢੇ, ਢਾਕੇ ਦੀ ਮਲਮਲ ਦੀ ਸਨਅਤ ਨੂੰ ਤਬਾਹ ਕੀਤਾ ਗਿਆ। ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਖੇਤੀ ਖੇਤਰ ਵਿੱਚੋਂ ਲੱਖਾਂ ਪੌਂਡ ਅਨਾਜ ਤੇ ਕਪਾਹ ਬਰਤਾਨੀਆਂ ਲਿਜਾਇਆ ਗਿਆ। ਨੀਲ ਦੀ ਖੇਤੀ ਦਾ ਉਜਾੜਾ ਕੀਤਾ। ਦੇਸ਼ ਦੇ ਕਿਸਾਨਾਂ ਨੂੰ ਸ਼ਾਹੂਕਾਰਾ ਪ੍ਰਬੰਧ ਦੇ ਵੱਸ ਪਾ ਕੇ ਜ਼ਬਰੀ ਮਾਲੀਆਂ ਉਗਰਾਹਿਆ ਜਾਣ ਲੱਗਾ। ਵਿਪਤਾਵਾਂ ਮਾਰੇ ਕਿਸਾਨ ਜ਼ਮੀਨਾਂ ਵੇਚਣ ਤੇ ਗਹਿਣੇ ਕਰਨ ਲੱਗੇ। ਤਿੱਖੀ ਆਰਥਿਕ ਲੁੱਟ ਦੇ ਨਾਲ-ਨਾਲ ਦੇਸ਼ ਦੀ ਜਨਤਾ ਅੰਦਰ ਜਾਤੀ-ਪਾਤੀ ਮਜ਼ਹਬੀ ਤੇ ਫਿਰਕੂ ਤੁਅਸਬਾਂ ਨੂੰ ਹਵਾ ਦੇ ਕੇ ਸਾਂਝੀਵਾਲਤਾ ਦੀਆਂ ਭਾਵਨਾ ’ਚ ਜਿਓਂ ਰਹੀ ਲੁਕਾਈ ਦੇ ਮਨਾਂ ’ਚ ਲੜਾਈ ਤੇ ਨਫ਼ਰਤ ਫੈਲਾਈ ਗਈ। ਸਮਾਜਿਕ ਸੱਭਿਆਚਾਰਕ ਪ੍ਰਬੰਧ ਨੂੰ ਆਪਣੀਆਂ ਨੀਤੀਆਂ ਦੇ ਅਨੁਸਾਰੀ ਢਾਲਿਆ ਗਿਆ। ਈਸਾਈ ਧਾਰਮਿਕ ਤੁਅਸਬਾਂ ਤੇ ਅੰਗਰੇਜ਼ ਭਗਤ ਮਾਨਸਿਕ ਢਲਾਈ ਕਰਨ ਵਾਲਾ ਸਿੱਖਿਆ ਤੰਤਰ ਸਮਾਜ ਦੇ ਸਭਨਾਂ ਵਰਗਾਂ ਉੱਪਰ ਥੋਪਿਆ ਗਿਆ। ਜਿਸਨੇ ਭਵਿੱਖ ਵਿਚ ਅੰਗਰੇਜ਼ ਭਗਤ ਦਲਾਲਾਂ ਦੇ ਪੂਰਾਂ ਦੇ ਪੂਰ ਪੈਦਾ ਕੀਤੇ। ਅੰਗਰੇਜ਼ੀ ਰਾਜ ਸਮੇਂ ਦੇਸ਼ ’ਚ 1850 ਤੋਂ 1900 ਤੱਕ 25 ਵਾਰ ਕਾਲ ਪੈਣ ’ਤੇ 2 ਕਰੋੜ ਲੋਕ ਭੁੱਖਮਰੀ ਕਾਰਨ ਮੌਤ ਦੇ ਮੂੰਹ ਜਾ ਪਏ। ਗ਼ਰੀਬੀ, ਭੁੱਖਮਰੀ ਤੇ ਸਰਕਾਰੀ ਲੁੱਟ-ਜਬਰ ਦੇ ਸ਼ਿਕਾਰ ਭਾਰਤੀਆਂ ਨੂੰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਦਬਾਕੇ ਰੱਖਿਆ ਗਿਆ। ਇਹਨਾਂ ਹਾਲਤਾਂ ’ਚ ਭਾਰਤੀਆਂ ਦਾ ਵੱਡਾ ਹਿੱਸਾ ਅੰਗਰੇਜ਼ੀ ਲੁੱਟ-ਜਬਰ ਹੇਠ ਕਰਾਹੁੰਦੇ ਰਹਿਣ ਨੂੰ ਗ਼ੁਲਾਮੀ ਨੂੰ ਆਪਣੀ ਹੋਣੀ ਮੰਨਦਿਆਂ ਅੰਦਰੇ-ਅੰਦਰ ਜ਼ਹਿਰ ਘੋਲਦਾ ਰਿਹਾ ਤੇ ਕੁਝ ਹਿੰਦੋਸਤਾਨੀ ਜ਼ਿੰਦਗੀ ਦੀ ਬੇਹਤਰੀ ਲਈ ਵਿਦੇਸ਼ਾਂ ਵੱਲ ਨੂੰ ਚੱਲ ਪਏ।
ਇਸ ਤਰ੍ਹਾਂ ਮੰਦਹਾਲੀ ਦੇ ਮਾਰੇ ਲਗਭਗ 15000 ਹਜ਼ਾਰ ਭਾਰਤੀ ਆਪਣਾ ਵਤਨ ਛੱਡ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵੱਲ ਪ੍ਰਵਾਸ ਕਰਨ ਲੱਗੇ। ਇਹਨਾਂ ਪ੍ਰਦੇਸੀਆਂ ਵਿਚੋਂ ਬਹੁ ਗਿਣਤੀ ਪੰਜਾਬੀ ਸਨ। ਵਿਸ਼ਵ ਆਰਥਿਕ ਮੰਦੀ ਦੇ ਦੌਰ ’ਚ ਸਰਮਾਏਦਾਰਾਂ ਲਈ ਇਹ ਭਾਰਤੀ ਵਿਦਿਆਰਥੀ ਤੇ ਕਾਮੇ ਵਿਦੇਸ਼ੀ ਕੰਪਨੀਆਂ ਲਈ ਸਸਤੇ ਉਜਰਤੀ ਮਜ਼ਦੂਰ ਹੀ ਸਨ। ਭਾਰਤ ਵਿਚ ਸਿੱਧੀ ਤੇ ਤਿੱਖੀ ਗ਼ੁਲਾਮੀ ਦੇ ਝੰਬੇ ਇਹਨਾਂ ਭਾਰਤੀਆਂ ਨਾਲ ਵਿਦੇਸ਼ਾਂ ਵਿਚ ਵੀ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਮਾੜਾ ਵਿਵਹਾਰ ਕੀਤਾ ਜਾਂਦਾ। ਵਿਦੇਸ਼ਾਂ ਅੰਦਰ ਉਹਨਾਂ ਨੂੰ ਫਿਟਕਾਰਾਂ ਤੇ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਜਾਂਦਾ। ਭਾਰਤੀਆਂ ਨੂੰ ‘ਗ਼ੁਲਾਮ ਭੇਡਾਂ’ ‘ਨਖਿੱਧ ਹਿੰਦੂ’ ਤੇ ‘ਕਾਲੇ ਭਾਰਤੀ’ ਆਦਿ ਵਿਸ਼ੇਸ਼ਣਾਂ ਨਾਲ ਪੁਕਾਰਿਆ ਜਾਂਦਾ। ਇਹਨਾਂ ਮੁਲਕਾਂ ਅੰਦਰ ਨਾਗਰਿਕਾਂ ਨੂੰ ਪ੍ਰਾਪਤ ਮੁਕਾਬਲਤਨ ਜਮਹੂਰੀ ਅਧਿਕਾਰਾਂ ਤੋਂ ਜਾਗਰੂਕ ਹੋ ਕੇ ਤੇ ਦੂਸਰੇ ਪਾਸੇ ਗ਼ੁਲਾਮੀ ਦੇ ਤਾਹਨਿਆਂ-ਮਿਹਣਿਆਂ ਨੇ ਹਿੰਦੋਸਤਾਨੀਆਂ ਦੇ ਮਨ ਅੰਦਰ ਆਜ਼ਾਦੀ ਦੀਆਂ ਭਾਵਨਾਵਾਂ ਨੂੰ ਜਗਾਇਆ। ਉਹਨਾਂ ਰਾਜਸੀ ਚੇਤੰਨਤਾ ਗ੍ਰਹਿਣ ਕਰਦਿਆਂ ਆਪਣੇ-ਆਪਣੇ ਪੱਧਰ ’ਤੇ ਸਿਆਸੀ ਪ੍ਰਚਾਰ-ਪ੍ਰਸਾਰ ਲਈ ਅਖ਼ਬਾਰ ਕੱਢਣੇ ਸ਼ੁਰੂ ਕੀਤੇ ਜਿਨ੍ਹਾਂ ਵਿਚੋਂ ਸ਼ਿਆਮ ਕਿਸ਼ਨ ਵਰਮਾ ਦਾ ‘ਇੰਡੀਅਨ ਸ਼ੋਸ਼ਲਿਸਟ’ ਤਾਰਕਨਾਥ ਦਾਸ ਦਾ ‘ਫਰੀ ਹਿੰਦੋਸਤਾਨ’ ਤੇ ਮੈਡਮ ਕਾਮਾ ਦਾ ਅਖ਼ਬਾਰ ‘ਵੰਦੇ ਮਾਤਰਮ’ ਪ੍ਰਮੁੱਖ ਸਨ।
ਵਤਨ ਦੇ ਚੇਤੰਨ-ਜੁਝਾਰੂ ਪੁੱਤਰਾਂ ਨੇ ਆਪਣੇ ਪਿਆਰੇ ਵਤਨ ਵਾਸੀਆਂ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ੀ ਧਰਤੀ ਆਸਟਰੀਆ ਵਿੱਚ 21 ਅਪ੍ਰੈਲ, 1913 ਨੂੰ ਇਕੱਠੇ ਹੋਏ ਡੈਲੀਗੇਟਾਂ ਦੇ ਵਿਚੋਂ ‘ਹਿੰਦੀ ਐਸੋਸੀਏਸ਼ਨ ਆੱਫ਼ ਦੀ ਪੈਸੇਫਿਕ ਕੋਸਟ ਆੱਫ਼ ਅਮਰੀਕਾ ਦੀ ਸਥਾਪਨਾ ਕੀਤੀ ਜੋ ਬਾਅਦ ਵਿਚ ਗ਼ਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ। ਸਾਨਫਰਾਂਸਿਸਕੋ ਵਿੱਚ ਇਕ ਕਿਰਾਏ ਦੇ ਮਕਾਨ ਵਿਚ ਗ਼ਦਰ ਪਾਰਟੀ ਦਾ ਕੇਂਦਰੀ ਦਫ਼ਤਰ ਬਣਾਇਆ ਗਿਆ ਜਿਸਦਾ ਨਾਮ ਯੁਗਾਂਤਰ ਆਸ਼ਰਮ ਰੱਖਿਆ ਗਿਆ। ਗ਼ਦਰ ਪਾਰਟੀ ਵੱਲੋਂ ਭਾਰਤ ਦੀ ਪਹਿਲੀ ਜੰਗੇ ਆਜ਼ਾਦੀ ਕਹੇ ਜਾਣ ਵਾਲੇ 1857 ਦੇ ਮਹਾਨ ਗ਼ਦਰ ਦੀ ਯਾਦ ਵਿੱਚ ‘ਗ਼ਦਰ’ ਅਖ਼ਬਾਰ ਕੱਢਣ ਦੀ ਯੋਜਨਾ ਬਣਾਈ ਗਈ। ਪਾਰਟੀ ਨੇ ਬਰਤਾਨਵੀਂ ਹਕੂਮਤ ਦੇ ਕਿਸੇ ਵੱਡੀ ਲੜਾਈ ਵਿੱਚ ਫਸੇ ਹੋਣ ਦੀ ਸੂਰਤ ਵਿੱਚ ਤੇ ਅੰਗਰੇਜ਼ ਹਕੂਮਤ ਵਿਰੋਧੀ ਅੰਤਰਰਾਸ਼ਟਰੀ ਤਾਕਤਾਂ ਤੋਂ ਸਹਿਯੋਗ ਹਾਸਲ ਕਰਦਿਆਂ ਭਾਰਤ ਵਿਚ ਫ਼ੌਜੀ ਤੇ ਲੋਕ ਬਗਾਵਤ ਰਾਹੀਂ ਹਥਿਆਰਬੰਦ ਗ਼ਦਰ ਕਰਨ ਦੀ ਵਿਊਂਤ ਬਣਾਈ।
‘‘1857 ਦੇ ਗ਼ਦਰ ਨੂੰ 56 ਸਾਲ ਬੀਤ ਗਏ ਹਨ’’, ‘‘ਬਹੁਤ ਜਲਦ ਹੁਣ ਦੂਸਰੇ ਗ਼ਦਰ ਦੀ ਲੋੜ ਹੈ।’’ ਹਰ ਵਿਅਕਤੀ ਨੂੰ ਝੰਜੋੜ ਦੇਣ ਵਾਲੀ ਗ਼ਦਰ ਅਖ਼ਬਾਰ ਦੀ ਇਹ ਰੋਹਲੀ ਵੰਗਾਰ ਹਰ ਅੰਕ ’ਚ ਦਰਜ ਹੰੁਦੀ ਸੀ। ‘ਗ਼ਦਰ’ ਦਾ ਪਹਿਲਾ ਅੰਕ 1 ਨਵੰਬਰ 1913 ਨੂੰ ਪ੍ਰਕਾਸ਼ਿਤ ਕੀਤਾ ਗਿਆ। ਵਤਨ ਪਰਤ ਕੇ ਹਥਿਆਰਬੰਦ ਬਗਾਵਤ ਕਰਨ ਦਾ ਹੋਕਾ ਦਿੰਦਾ ਇਹ ਹਫ਼ਤਾਵਰੀ ਅਖ਼ਬਾਰ ਉਰਦੂ, ਪੰਜਾਬੀ, ਮਰਾਠੀ ਤੇ ਹੋਰ ਕਈ ਭਾਸ਼ਾਵਾਂ ਵਿੱਚ ਕੱਢਿਆ ਜਾਂਦਾ ਸੀ। ਪੰਜਾਬੀ ਮਜ਼ਮੂਨ ਦਾ ਸੰਪਾਦਕ ਕਰਤਾਰ ਸਿੰਘ ਸਰਾਭਾ ਇਸਨੂੰ ਗੁਰਮੁਖੀ ਵਿੱਚ ਪਹਿਲਾਂ ਸਾਇਕਲੋ-ਸਟਾਇਲ ਮਸ਼ੀਨ ਤੇ ਛਾਪਦਾ ਰਿਹਾ ਤੇ ਫਿਰ ਵੱਡੀ ਲਿਥੋ ਮਸ਼ੀਨ ’ਤੇ। ਇਸਦੀ ਚਰਚਾ ਐਨੀ ਜ਼ਿਆਦਾ ਸੀ ਕਿ ਇਹ ਅਮਰੀਕਾ ਤੋਂ ਛਪਵਾ ਕੇ ਭਾਰਤ, ਹਾਂਗਕਾਂਗ, ਅਰਜਨਟੀਨਾ, ਸਿੰਘਾਪੁਰ, ਮਲਾਇਆ, ਬਰਮਾ, ਪਨਾਮਾ, ਫਿਲਪੀਨ, ਸ਼ਿੰਘਾਈ ਤੇ ਹੋਰ ਅਨੇਕਾਂ ਦੇਸ਼ਾਂ ’ਚ ਭੇਜਿਆ ਜਾਂਦਾ। ‘ਗ਼ਦਰ’ ਅਖ਼ਬਾਰ ਨੇ ਕਈ ਦੇਸ਼ਾਂ ਵਿਚ ਗ਼ਦਰ ਪਾਰਟੀ ਦੀਆਂ ਕਮੇਟੀਆਂ ਜੱਥੇਬੰਦ ਕਰਨ ਵਿਚ ਵੀ ਮਹੱਤਵਪੂਰਨ ਰੋਲ ਅਦਾ ਕੀਤਾ। ‘ਗ਼ਦਰ’ ਦੇ ਹਰ ਅੰਕ ਵਿਚ ‘ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ’, ‘ਅੰਕਾਂ ਦੀ ਗਵਾਹੀ’ ਤੇ ‘ਆਜ਼ਾਦੀ ਲਈ ਹਿੰਦ ਦੀ ਲੜਾਈ’ ਨਾਂ ਦੇ ਸਥਾਈ ਕਾਲਮ ਦਿੱਤੇ ਜਾਂਦੇ ਸਨ। ‘ਗ਼ਦਰ ਦੀ ਗੂੰਜ’ ਕਲਮ ਵਿਚ ਗ਼ਦਰੀਆਂ ਦੀਆਂ ਰੋਹਲੀਆਂ ਕਵਿਤਾਵਾਂ ਦਰਜ ਕੀਤੀਆਂ ਜਾਂਦੀਆਂ। ਫ਼ਰਾਂਸ, ਆਇਰਸ਼ ਤੇ ਰੂਸੀ ਇਨਕਲਾਬ ਦੀਆਂ ਕਹਾਣੀਆਂ ਇਸ ਵਿਚ ਸਮਾਜਿਕ-ਸਿਆਸੀ ਚੇਤੰਨਤਾ ਦਾ ਖ਼ਾਸ ਸੋਮਾ ਹੁੰਦੀਆਂ ਸਨ। ‘ਗ਼ਦਰ’ ਅਖ਼ਬਾਰ, ਗ਼ਦਰ ਪਾਰਟੀ ਦੇ ਉਦੇਸ਼ਾਂ ਦੇ ਪ੍ਰਚਾਰ-ਪ੍ਰਸਾਰ ਕਰਨ ਦਾ ਇੱਕ ਤਕੜਾ ਹਥਿਆਰ ਸੀ।
ਗ਼ਦਰ ਪਾਰਟੀ ਦੀ ਸਥਾਪਨਾ ਸਮੇਂ ਗ਼ਦਰੀ ਇਨਕਲਾਬੀਆਂ ਦਾ ਅੰਦਾਜ਼ਾ ਸੀ ਕਿ ਦੇਸ਼ ਵਿਚ 1920 ਦੇ ਲਗਭਗ ਯੁੱਧ ਛਿੜ ਜਾਵੇਗਾ। ਪ੍ਰੰਤੂ ਬਰਤਾਨੀਆਂ ਦੇ 1914 ਵਿਚ ਪਹਿਲੀ ਸੰਸਾਰ ਜੰਗ ਵਿਚ ਸ਼ਾਮਲ ਹੋਣ ਕਾਰਨ ਗ਼ਦਰੀਆਂ ਨੂੰ 5 ਅਗਸਤ 1914 ਦੇ ਗ਼ਦਰ ਅਖ਼ਬਾਰ ਵਿਚ ਵਤਨ ਪਰਤ ਕੇ ਹਥਿਆਰਬੰਦ ਗ਼ਦਰ ਕਰਨ ਦਾ ‘ਕਰੋ ਜਾਂ ਮਰੋ’ ਦਾ ਐਲਾਨ ਛਾਪਣਾ ਪਿਆ। ਇਹ ਐਲਾਨ ਜੰਗਲ ਦੀ ਅੱਗ ਵਾਂਗ ਸਭਨਾ ਦੇਸ਼ਾਂ ’ਚ ਬੈਠੇ ਗ਼ਦਰੀਆਂ ਤੱਕ ਪਹੁੰਚ ਗਿਆ ਤੇ ਨਾਲ ਦੀ ਨਾਲ ਹੀ ਅੰਗਰੇਜ਼ ਹਕੂਮਤ ਦੇ ਕੰਨੀ ਵੀ ਜਾ ਪਿਆ। ਇਸ ਐਲਾਨ ਤੇ ਅਮਲਦਾਰੀ ਲਈ ਜਗ੍ਹਾ-ਜਗ੍ਹਾ ਕਾਨਫਰੰਸਾਂ ਕੀਤੀਆਂ ਗਈਆਂ। ਨਵੰਬਰ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਵਤਨ ਜਾਣ ਦਾ ਪੱਕਾ ਨਿਸ਼ਚਾ ਕੀਤਾ ਗਿਆ। ਇਸ ਸੱਦੇ ਤੇ 8000 ਤੋਂ ਉੱਪਰ ਗ਼ਦਰੀ ਯੋਧੇ ਹਿੰਦੋਸਤਾਨ ਦੀ ਧਰਤੀ ’ਤੇ ਗ਼ਦਰ ਮਚਾਉਣ ਲਈ ਪੁੱਜ ਚੁੱਕੇ ਸਨ। ਕੁਰਬਾਨੀ ਦੇ ਪੁੰਜ ਉਹ ਮਹਾਨ ਗ਼ਦਰੀ ਅਥਾਹ ਸਵੈ-ਭਰੋਸੇ ਤੇ ਉਤਸ਼ਾਹ ਨਾਲ ਗੋਰਾਸ਼ਾਹੀ ਦਾ ਭਾਰਤ ’ਚੋਂ ਫਸਤਾ ਵੱਢਣ ਦਾ ਜ਼ਜ਼ਬਾ ਧਾਰ ਕੇ ਮੈਦਾਨੇ ਜੰਗ ਵਿਚ ਨਿਤਰੇ। ਪਰ ਇਸ ਸਭ ਦੇ ਬਾਵਜੂਦ ਪਾਰਟੀ ਅੱਗੇ ਅਨੇਕਾਂ ਮੁਸ਼ਕਿਲਾਂ ਤੇ ਸੀਮਤਾਈਆਂ ਸਨ। ਜੰਗੀ ਹਥਿਆਰ, ਹਥਿਆਰ ਲਈ ਫੈਸਲਾਕੁੰਨ ਲੋਕ ਤੇ ਗ਼ਦਰ ਪਾਰਟੀ ਦੇ ਉਦੇਸ਼ ਪ੍ਰਤੀ ਲੋਕ ਚੇਤੰਨਤਾ ਦੀ ਵੱਡੀ ਘਾਟ ਕਾਰਨ ਗ਼ਦਰੀਆਂ ਨੂੰ ਦੇਸ਼ ਦੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਨਹੀਂ ਮਿਲਿਆ ਪਰ ਫਿਰ ਵੀ ਉਹਨਾਂ ਯੋਧਿਆਂ ਨੇ ਸਿਦਕ ਨਹੀਂ ਹਾਰਿਆ।
ਭਾਰਤ ਦੀ ਧਰਤੀ ’ਤੇ ਗ਼ਦਰ ਕਰਨ ਦੇ ਖੁੱਲ੍ਹਮ-ਖੁੱਲ੍ਹੇ ਐਲਾਨ ਕਾਰਨ ਬਰਤਾਨਵੀ ਹਕੂਮਤ ਚੌਕੰਨੀ ਹੋ ਗਈ ਤੇ ਉਸਨੇ ਵਤਨ ਪਰਤ ਰਹੇ ਭਾਰਤੀਆਂ ਨੂੰ (ਖਾਸਕਰ ਮੁੱਖ ਲੀਡਰਸ਼ਿਪ ਨੂੰ) ਮੁਲਕ ’ਚ ਦਾਖਲ ਹੁੰਦਿਆਂ ਹੀ ਗਿ੍ਰਫ਼ਤਾਰ ਕਰ ਲਿਆ। ਨਵੀਂ ਬਣੀ ਲੀਡਰਸ਼ਿਪ ਨੇ ਗ਼ਦਰ ਪਾਰਟੀ ਦੇ ਉਦੇਸ਼ ਨੂੰ ਅੱਗੇ ਵਧਾਉਦਿਆਂ ਪਿੰਡਾਂ ਦੇ ਲੋਕਾਂ ਵਿਚ ਗ਼ਦਰੀ ਸਾਹਿਤ ਵੰਡਣ, ਗ਼ਦਰ ਅਖ਼ਬਾਰ ਮੁੜ ਛਾਪਣ ਤੇ ਫ਼ੌਜੀ ਛਾਉਣੀਆਂ ਵਿਚ ਫ਼ੌਜੀਆਂ ਨੂੰ ਬਗਾਵਤਾਂ ਲਈ ਤਿਆਰ ਕਰਨਾ ਆਰੰਭ ਕਰ ਦਿੱਤਾ। ਪੰਜਾਬ ਦੇ ਅਨੇਕਾਂ ਪਿੰਡਾਂ ਤੇ ਲੁਧਿਆਣੇ ਦੇ ਵਿਦਿਆਰਥੀਆਂ ਨੇ ਗ਼ਦਰ ਪਾਰਟੀ ਦੀ ਮਜ਼ਬੂਤੀ ਲਈ ਵਿਸ਼ੇਸ਼ ਯੋਗਦਾਨ ਪਾਇਆ। ਵੱਧ ਤੋਂ ਵੱਧ ਕਾਰਕੁੰਨਾਂ ਨੂੰ ਗ਼ਦਰ ਪਾਰਟੀ ’ਚ ਭਰਤੀ ਕੀਤਾ ਜਾਂਦਾ। ਅਨੇਕਾਂ ਫ਼ੌਜੀ ਪਲਟਣਾਂ ਨੂੰ ਬਗ਼ਾਵਤ ਲਈ ਰਜਾਮੰਦ ਕੀਤਾ ਗਿਆ। ਹਥਿਆਰਾਂ ਦੀ ਘਾਟ ਪੂਰੀ ਕਰਨ ਲਈ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਤੇ ਪਿੰਡਾਂ ’ਚ ਡਾਕੇ ਮਾਰਨੇ ਪੈਂਦੇ। ਹੋਰਨਾਂ ਪ੍ਰਾਂਤਾਂ ਦੇ ਇਨਕਲਾਬੀਆਂ ਨਾਲ ਸਰਗਰਮ ਤਾਲਮੇਲ ਰੱਖਿਆ ਜਾਂਦਾ।
ਵੱਖ-ਵੱਖ ਥਾਵਾਂ ਤੋਂ ਗ਼ਦਰੀ ਇਨਕਲਾਬੀਆਂ ਵੱਲੋਂ ਗ਼ਦਰ ਦੀਆਂ ਤਿਆਰੀਆਂ ਦੀ ਰਿਪੋਰਟ ਆਉਣ ਤੇ 21 ਫਰਵਰੀ 1915 ਨੂੰ ਬਗਾਵਤ ਕਰਨ ਦੀ ਤਰੀਕ ਮਿਥਕੇ ਸਭਨਾਂ ਗ਼ਦਰੀਆਂ ਦੀਆਂ ਮਹੱਤਵਪੂਰਨ ਬਗ਼ਾਵਤੀ ਕੇਂਦਰਾਂ ’ਤੇ ਡਿਊਟੀਆਂ ਲਾਈਆਂ ਗਈਆਂ। ਪ੍ਰੰਤੂ ਸਰਕਾਰ ਨੇ ਛਲ-ਕਪਟ ਦੀ ਨੀਤੀ ਤੇ ਚੱਲਦਿਆਂ ਕਿਰਪਾਲ ਸਿੰਘ ਨਾਂ ਦੇ ਮੁਖ਼ਬਰ ਨੂੰ ਗ਼ਦਰ ਪਾਰਟੀ ਵਿਚ ਦਾਖ਼ਲ ਕਰ ਦਿੱਤਾ ਜਿਸਨੇ ਗ਼ਦਰ ਦੀ ਤਰੀਕ ਦੀ ਸੂਹ ਅੰਗਰੇਜ਼ ਹਕੂਮਤ ਨੂੰ ਦੇ ਦਿੱਤੀ। ਕਿਰਪਾਲ ਸਿੰਘ ਦੀ ਗ਼ੱਦਾਰੀ ਦਾ ਪਤਾ ਲੱਗਣ ’ਤੇ ਬਗ਼ਾਵਤ ਦੀ ਤਰੀਕ 19 ਫਰਵਰੀ ਕਰ ਦਿੱਤੀ ਗਈ ਜਿਸਦੀ ਕੰਨਸੋਅ ਵੀ ਅੰਗਰੇਜ਼ ਹਕੂਮਤ ਨੂੰ ਮਿਲਣ ਕਾਰਨ ਗ਼ਦਰੀਆਂ ਉੱਪਰ ਚੌਕਸੀ ਵਧਾਉਦਿਆਂ ਉਹਨਾਂ ਦੀਆਂ ਗਿ੍ਰਫ਼ਤਾਰੀਆਂ ਦਾ ਦੌਰ ਤੇਜ਼ ਕੀਤਾ ਗਿਆ। ਛਾਉਣੀਆਂ ਉੱਪਰ ਸਖ਼ਤ ਚੌਕਸੀ ਰੱਖਦਿਆਂ ਜ਼ਬਰੀ ਫੌਜੀ ਬਗ਼ਾਵਤਾਂ ਨੂੰ ਕੁਚਲਿਆ ਗਿਆ। ਫ਼ੌਜ ਨੂੰ ਬੇਹਥਿਆਰ ਕਰਦਿਆਂ ਪਲਟਣਾਂ ਦੇ ਲੀਡਰਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ। ਕਈਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਗ਼ਦਰੀਆਂ ਨੂੰ ਸਖ਼ਤ ਸਜ਼ਾਵਾਂ, ਜਾਇਦਾਦ ਜ਼ਬਤੀ, ਫਾਂਸੀ, ਤਸੀਹਿਆਂ ਤੇ ਨਜ਼ਰਬੰਦ ਕੀਤਾ ਗਿਆ। ਇਸ ਦੌਰਾਨ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆ ਜੋ ਗਿ੍ਰਫ਼ਤਾਰੀ ਤੋਂ ਬਚ ਗਏ ਸਨ ਨੇ ਅਫਗਨਿਸਤਾਨ ਦੇ ਸਰਹੱਦੀ ਇਲਾਕੇ ਵੱਲ ਜਾਣ ਦਾ ਫੈਸਲਾ ਕੀਤਾ। ਅਟਕ ਦਰਿਆ ਤੋਂ ਸਰਾਭੇ ਦੇ ਫੈਸਲੇ ਮੁਤਾਬਿਕ ਪੰਜਾਬ ਵਾਪਸ ਪਰਤਣ ਦਾ ਫੈਸਲਾ ਕੀਤਾ ਗਿਆ। ਉਹ ਸਰਗੋਧੇ ਕਾ. ਰਾਜਿੰਦਰ ਸਿੰਘ ਦੇ ਘਰ ਪਹੁੰਚੇ ਜਿੱਥੇ ਉਸਨੇ ‘ਗ਼ਦਰ ਦੀ ਗੂੰਜ’ ’ਚੋਂ ਕਵਿਤਾਵਾਂ ਪੜ੍ਹਕੇ ਸੁਣਾ ਰਹੇ ਸਰਾਭੇ ਤੇ ਉਸਦੇ ਸਾਥੀਆਂ ਨੂੰ ਗਿ੍ਰਫ਼ਤਾਰ ਕਰਵਾ ਦਿੱਤਾ।
26 ਅਪ੍ਰੈਲ 1915 ਨੂੰ ਪਹਿਲਾ ਲਾਹੌਰ ਸਾਜ਼ਿਸ਼ ਕੇਸ ਚੱਲਿਆ ਜਿਸਦਾ ਫੈਸਲਾ 13 ਸਤੰਬਰ ਨੂੰ ਸੁਣਾਇਆ ਗਿਆ। ਇਸ ਫ਼ੈਸਲੇ ਮੁਤਾਬਿਕ 24 ਗ਼ਦਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ ਬਾਕੀ 27 ਨੂੰ ਉਮਰ ਕੈਦ, ਕਾਲੇਪਾਣੀ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਤੇ ਸੁਰੈਣ ਸਿੰਘ ਛੋਟਾ 7 ਗ਼ਦਰੀ ਸੂਰਵੀਰਾਂ ਨੂੰ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਸ਼ਹੀਦ ਕਰ ਦਿੱਤਾ ਗਿਆ। ਫਾਂਸੀ ਦੀਆਂ ਸਜਾਵਾਂ ਤੋਂ ਇਲਾਵਾ 26 ਗ਼ਦਰੀਆਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। 306 ਗ਼ਦਰੀਆਂ ਨੂੰ ਉਮਰ ਕੈਦ ਤੇ 77 ਜਣਿਆਂ ਨੂੰ ਘੱਟ ਸਜ਼ਾਵਾਂ ਹੋਈਆਂ।
ਇਸ ਤਰ੍ਹਾਂ ਗ਼ਦਰ ਬਗਾਵਤ ਦੇ ਅਸਫ਼ਲ ਰਹਿਣ ਦੇ ਬਾਵਜੂਦ ਕੁਰਬਾਨੀ, ਆਤਮ ਤਿਆਗ ਤੇ ਬਰਤਾਨਵੀ ਹਾਕਮਾਂ ਖਿਲਾਫ਼ ਵਿਦਰੋਹ ਦੀ ਜੋ ਲਹਿਰ ਉਹਨਾਂ ਗ਼ਦਰੀ ਇਨਕਲਾਬੀਆਂ ਯੋਧਿਆਂ ਨੇ ਖੜ੍ਹੀ ਕੀਤੀ ਉਸਨੇ ਗੋਰੇ ਅੰਗਰੇਜ਼ਾਂ ਤੋਂ ਲੈ ਕੇ ਅੱਜ ਦੇ ਕਾਲੇ ਅੰਗਰੇਜ਼ਾਂ ਤੱਕ ਨੂੰ ਕਦੇ ਚੈਨ ਨਹੀਂ ਲੈਣ ਦਿੱਤਾ। ਅੱਜ ਤੋਂ 100 ਸਾਲ ਪਹਿਲਾਂ ਆਜ਼ਾਦੀ, ਬਰਾਬਰੀ ਤੇ ਸਾਂਝੀਵਾਲਤਾ ਦੇ ਜਿਸ ਅਕੀਦੇ ਨੂੰ ਗ਼ਦਰੀ ਸੂਰਬੀਰਾਂ ਨੇ ਮਨੀਂ ਵਸਾਇਆ ਸੀ ਅੱਜ ਵੀ ਉਹਨਾਂ ਦੇ ਸੱਚੇ ਵਾਰਸ ਗ਼ਦਰ ਲਹਿਰ ਦੇ ਮਹਾਨ ਵਿਰਸੇ ਨੂੰ ਨਵੀਆਂ ਹਾਲਤਾਂ ’ਚ ਹੋਰ ਵੱਧ ਵਿਕਸਿਤ ਕਰਨ ਤੇ ਅੱਗੇ ਲਿਜਾਣ ਲਈ ਲਗਾਤਾਰ ਜੱਦੋਜਹਿਦ ਕਰ ਰਹੇ ਹਨ। ਅੱਜ ਵੀ ਦੇਸ਼ ਦੇ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ, ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਨੂੰ ਅਜਾਈਂ ਗੁਆਉਣ ਦੀ ਬਜਾਏ ਦੇਸ਼ ਨੂੰ ਦੇਸੀ ਤੇ ਵਿਦੇਸ਼ੀ ਲੁਟੇਰਿਆਂ ਤੋਂ ਮੁਕਤ ਕਰਵਾਉਣ ਲਈ ਆਪਣੇ ਫ਼ਰਜ਼ ਪਛਾਣਦਿਆਂ ਗ਼ਦਰ ਲਹਿਰ ਦੇ ਸੱਚੇ ਵਾਰਸ ਬਣਨ ਦਾ ਨਿਰਣਾ ਕਰਨਾ ਚਾਹੀਦਾ ਹੈ। ਅੱਜ ਵੀ ਘੋਰ ਗ਼ਰੀਬੀ, ਮੰਦਹਾਲੀ, ਬੇਰੁਜ਼ਗਾਰੀ, ਲੁੱਟ-ਜ਼ਬਰ ਤੇ ਅਨਿਆਂ ਤੇ ਟਿਕੇ ਮੌਜੂਦਾ ਪੰੂਜੀਵਾਦੀ ਪ੍ਰਬੰਧ ਨੂੰ ਬਦਲ ਦੇਣ ਦਾ ਮਹਾਨ ਕਾਰਜ ਸਾਨੂੰ ਉਡੀਕ ਰਿਹਾ ਹੈ। ਗ਼ਦਰ ਲਹਿਰ ਦਾ ਅਲੋਚਨਾਤਮਕ ਤੌਰ ’ਤੇ ਮੁਤਾਲਿਆਂ ਕਰਦਿਆਂ ਨਵੀਆਂ ਬਦਲੀਆਂ ਹਾਲਤਾਂ ਅੰਦਰ ਇਸ ਨੂੰ ਹੋਰ ਵੱਧ ਵਿਕਸਿਤ ਤੇ ਮਜ਼ਬੂਤ ਕਰਦਿਆਂ 21ਵੀਂ ਸਦੀ ਦੇ ਨਵੇਂ ਗ਼ਦਰਾਂ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਨਾ ਹੋਵੇਗਾ।
ਮੌਜੂਦਾ ਹਾਲ ਤੇ ਚੁਣੌਤੀਆਂ
ਸਾਡੇ ਮੁਲਕ ਸਮੇਤ ਕੁੱਲ ਦੁਨੀਆਂ ਵਿੱਚ ਜਿਹੜਾ ਆਰਥਿਕ-ਸਿਆਸੀ ਨਿਜ਼ਾਮ ਸਥਾਪਤ ਹੈ ਤੇ ਉਹ ਜਿਸ ਸੰਕਟਮਈ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਉਹ ਮਜ਼ਦੂਰ ਜਮਾਤ ਸਮੇਤ ਮਿਹਨਤਕਸ਼ ਲੋਕਾਂ ਤੇ ਦੱਬੇ-ਕੁਚਲੇ ਦੇਸ਼ਾਂ ਤੇ ਕੌਮਾਂ ਦੇ ਅਤੇ ਉਨ੍ਹਾਂ ਦੀਆਂ ਅਗਵਾਨੂੰ ਇਨਕਲਾਬੀ ਜਥੇਬੰਦੀਆਂ ਤੇ ਪਾਰਟੀਆਂ ਦੇ ਸਨਮੁੱਖ ਵਡੇਰੀਆਂ ਚੁਣੌਤੀਆਂ ਪੇਸ਼ ਕਰ ਰਿਹਾ ਹੈ। ਜਿਹੜੇ ਲਹੂ ਪੀਣੇ ਸਾਮਰਾਜਵਾਦੀ ਨਿਜ਼ਾਮ ਨਾਲੋਂ ਨਾਤਾ ਤੋੜ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਜ਼ਾਦ ਤੇ ਖ਼ੁਦਮੁਖਤਿਆਰ ਹਿੰਦ ਦਾ ਨਵਾਂ ਰੂਪ ਰਚਣ ਲਈ ਸਾਡੇ ਗ਼ਦਰੀ ਬਾਬੇ ਤੇ ਭਗਤ-ਸਰਾਭੇ ਲੜੇ ਸਨ ਸਾਡੇ ਦੇਸ਼ ਦੇ ਮੌਜੂਦਾ ਹਾਕਮਾਂ ਨੇ ਉਸੇ ਸਾਮਰਾਜਵਾਦੀ ਪ੍ਰਬੰਧ ਨਾਲ ਆਪਣੇ ਜਮਾਤੀ ਹਿੱਤਾਂ ਨੂੰ ਪੂਰੀ ਤਰ੍ਹਾਂ ਇੱਕ ਸੁਰ ਕਰਦਿਆਂ ਸਾਡੇ ਦੇਸ਼ ਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਪੂਰਨ ਰੂਪ ਵਿੱਚ ਤਿਲਾਂਜਲੀ ਦੇ ਦਿੱਤੀ ਹੈ, ਇੱਥੋਂ ਤੱਕ ਕਿ ਲੋਕ-ਲੱਜੋਂ ਵੀ ਉਨ੍ਹਾਂ ਦੀ ਗੱਲ ਕਰਨੀ ਛੱਡ ਦਿੱਤੀ ਹੈ। 1947 ਤੋਂ ਬਾਅਦ ਰਲੀ-ਮਿਲੀ ਆਰਥਿਕਤਾ ਤੇ ਆਤਮ-ਨਿਰਭਰ ਵਿਕਾਸ ਦੀ ਗੱਲ ਕਰਨ ਵਾਲੇ ਸਾਡੇ ਦੇਸ਼ ਦੇ ਹਾਕਮਾਂ ਨੇ 80ਵਿਆਂ ਦੇ ਦਹਾਕੇ ਤੇ ਖ਼ਾਸਕਰ 1991 ਤੋਂ ਬਾਅਦ ਉਦਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੀਆਂ ਸਾਮਰਾਜਵਾਦ-ਪ੍ਰਸਤ ਨੀਤੀਆਂ ਲਾਗੂ ਕਰਕੇ ਦੇਸ਼ੀ-ਬਦੇਸ਼ੀ ਲੁਟੇਰਿਆਂ ਨੂੰ ਦੇਸ਼ ਦੀ ਕਿਰਤ ਸ਼ਕਤੀ ਅਤੇ ਕੁਦਰਤੀ ਸਾਧਨਾਂ-ਸਰੋਤਾਂ ਦੀ ਖੁੱਲ੍ਹੀ ਲੁੱਟ ਮਚਾਉਣ ਦੇ ਲਾਇਸੈਂਸ ਜਾਰੀ ਕਰ ਦਿੱਤੇ ਹਨ। ਕੇਂਦਰੀ ਭਾਰਤ ਸਮੇਤ ਕੁਦਰਤੀ ਸਰੋਤਾਂ ਨਾਲ ਭਰਪੂਰ ਹੋਰਨਾਂ ਖੇਤਰਾਂ ਨੂੰ ਦੇਸ਼ੀ-ਬਦੇਸ਼ੀ ਕਾਰਪੋਰੇਟ ਕੰਪਨੀਆਂ ਦੀਆਂ ਖੁੱਲ੍ਹੀਆਂ ਚਰਾਗਾਹਾਂ ਬਨਾਉਣ ਲਈ ਉਨ੍ਹਾਂ ਖੇਤਰਾਂ ਦੇ ਮੂਲ ਨਿਵਾਸੀਆਂ ਦਾ ਲਾਠੀ-ਗੋਲੀ ਦੇ ਜ਼ੋਰ ਉਜਾੜਾ ਕਰਨ ਲਈ ਸਰਕਾਰੀ ਨੀਤੀ ਬਣ ਚੁੱਕੀ ਹੈ। ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਖੂਨ-ਪਸੀਨੇ ਨਾਲ ਉਸਾਰੇ ਜਨਤਕ ਖੇਤਰ ਦੇ ਅਦਾਰਿਆਂ ਸਮੇਤ ਜਨਤਕ ਜਾਇਦਾਦਾਂ ਤੇ ਸਾਂਝੀਆਂ ਜ਼ਮੀਨਾਂ ਨੂੰ ਵੀ ਕਾਰਪੋਰੇਟ ਘਰਾਣਿਆਂ/ ਕੰਪਨੀਆਂ ਦੇ ਖਾਤੇ ਪਾਇਆ ਜਾ ਰਿਹਾ ਹੈ। ਜਨਤਕ ਹਿੱਤਾਂ ਦੇ ਸਿਹਤ, ਸਿੱਖਿਆ, ਟ੍ਰਾਂਸਪੋਰਟ, ਬਿਜਲੀ, ਪਾਣੀ ਤੇ ਸੰਚਾਰ ਸਾਧਨਾਂ ਦਾ ‘ਜਨਤਕ-ਨਿੱਜੀ-ਭਾਈਵਾਲੀ’ ਦੇ ਨਾਂ ’ਤੇ ਨਿੱਜੀਕਰਨ ਕਰਕੇ ਲੋਕਾਂ ਨੂੰ ਬਘਿਆੜਾਂ ਦੇ ਵੱਸ ਪਾਕੇ ਸਰਕਾਰੀ ਜ਼ੁੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ।
ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਅੰਗਰੇਜ਼ੀ ਰਾਜ ਨੇ ਦੌਲਤ ਦੇ ਅੰਬਾਰ ਇੰਗਲੈਂਡ ਵਿੱਚ ਲਾਏ ਅਤੇ ਗਰੀਬੀ ਤੇ ਕੰਗਾਲੀ ਦਾ ਸਾਮਰਾਜ ਭਾਰਤ ਅੰਦਰ ਸਿਰਜਿਆ। ਭਾਰਤ ਅੰਦਰ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਫਰੋਲਦਿਆਂ ‘ਗ਼ਦਰ’ ਅਖ਼ਬਾਰ ਨੇ ਆਪਣੇ ਪਹਿਲੇ ਹੀ ਅੰਕ ਵਿੱਚ ਲਿਖਿਆ ਕਿ ਅੰਗਰੇਜ਼ ਹਰ ਸਾਲ ਭਾਰਤ ਵਿੱਚੋ 50 ਕਰੋੜ ਰੁਪਏ ਲੁੱਟ ਕੇ ਇੰਗਲੈਂਡ ਲੈ ਜਾਂਦੇ ਹਨ। ਭਾਰਤ ਅੰਦਰ ਲੁੱਟ ਦੇ ਆਪਣੇ ਨਿਜ਼ਾਮ ਨੂੰ ਅੰਗਰੇਜ਼ਾਂ ਨੇ ਬੇਰਹਿਮ ਕਾਨੂੰਨਾਂ ਅਤੇ ਪੁਲਸ-ਫ਼ੌਜ ਦੀ ਤਾਕਤ ਨਾਲ ਕਾਇਮ ਕੀਤਾ ਤੇ ਰੱਖਿਆ। ਲੋਕਾਂ ਦੇ ਨਿੱਕੇ ਤੋਂ ਨਿੱਕੇ ਵਿਰੋਧ ਨੂੰ ਕੁਚਲਣ ਲਈ ਗੁਜਰਾਤ ਦੇ ਭੀਲਾਂ ਦੇ ਕਤਲੇਆਮ ਤੋਂ ਲੈ ਕੇ ਅੰਮਿ੍ਰਤਸਰ ਦੇ ਜਲ੍ਹਿਆਂਵਾਲਾ ਬਾਗ ਵਰਗੇ ਕਤਲੇਆਮ ਰਚੇ ਗਏ। ਅੰਗਰੇਜ਼ੀ ਰਾਜ ਦੌਰਾਨ ਹੋਈਆਂ ਢਾਈ ਸੌ ਦੇ ਕਰੀਬ ਛੋਟੀਆਂ-ਵੱਡੀਆਂ ਬਗਾਵਤਾਂ ’ਚ ਕਿੰਨੇ ਕੁ ਬਾਗ਼ੀਆਂ ਤੇ ਸਾਧਾਰਨ ਲੋਕਾਂ ਨੂੰ ਫਾਹੇ ਲਾਇਆ, ਗੋਲੀਆਂ ਨਾਲ ਉਡਾਇਆ ਗਿਆ ਅੱਜ ਤੱਕ ਵੀ ਕੋਈ ਨਹੀਂ ਜਾਣਦਾ।
ਭਾਰਤ ਦਾ ਰਾਜ ਪ੍ਰਬੰਧ ਇੱਕ ਅਜਿਹੇ ਜਾਬਰ ਤੇ ਕੇਂਦਰੀਕਿ੍ਰਤ ਰਾਜ ਪ੍ਰਬੰਧ ਦੇ ਰੂਪ ’ਚ ਸਾਹਮਣੇ ਆਇਆ ਜਿਸਨੇ ਆਪਣੇ ਹੀ ਮੁਲਕ ਦੀਆਂ ਨਾਗਾ, ਮਿਜ਼ੋ, ਮਨੀਪੁਰੀ ਤੇ ਕਸ਼ਮੀਰੀ ਆਦਿ ਕੌਮੀਅਤਾਂ ਦੀਆਂ ਕੌਮੀ ਰੀਝਾਂ ਨੂੰ ਨਾ ਸਿਰਫ਼ ਫੌਜੀ ਬੂਟਾਂ ਹੇਠ ਕੁਚਲਿਆ ਸਗੋਂ ‘ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਦੀ ਮੱਦਦ ਨਾਲ ਬਦੇਸ਼ੀ ਰਾਜ ਵਰਗਾ ਵਰਤਾਓ ਕੀਤਾ ਹੈ। ਏਸ ਰਾਜ ਪ੍ਰਬੰਧ ਨੇ ਦੇਸ਼ ਦੇ ਦਲਿਤਾਂ, ਘੱਟ ਗਿਣਤੀ ਭਾਈਚਾਰਿਆਂ (ਖ਼ਾਸਕਰ ਮੁਸਲਿਮਾਂ) ਆਦਿਵਾਸੀਆਂ ਤੇ ਔਰਤਾਂ ਨੂੰ ਨਰਕੀ ਜੀਵਨ ਹਾਲਤਾਂ ਜਿਉਣ ਲਈ ਮਜਬੂਰ ਕੀਤਾ ਹੈ।
ਇਹ ਭਾਰਤ ਦੇ ਕਾਲੇ ਹਾਕਮਾਂ ਦੇ 66 ਸਾਲਾ ਰਾਜ ਪ੍ਰਬੰਧ ਦਾ ਹੀ ਸਿੱਟਾ ਕਿ ਦੇਸ਼ ਦਾ ਭਵਿੱਖ ਕਿਹਾ ਜਾਂਦਾ ਬਚਪਨ ਕੁਪੋਸ਼ਣ ਤੇ ਬਿਮਾਰੀਆਂ ਨਾਲ ਸਰਾਪਿਆ, ਹੋਟਲਾਂ ਦੇ ਭਾਂਡੇ ਮਾਂਜਣ ਤੇ ਜੂਠੀਆਂ ਪੱਤਲਾਂ ਖਾਣ ਲਈ ਮਜਬੂਰ ਹੈ, ਦੇਸ਼ ਦੀ ਪੜ੍ਹੀ-ਲਿਖੀ ਜੁਆਨੀ ਹਨ੍ਹੇਰੇ ਭਵਿੱਖ ਦਾ ਸ਼ਿਕਾਰ ਹੈ, ਲੜਕੀਆਂ ਦਾ ਜੰਮਣਾ ਤੇ ਆਪਣੀ ਮਰਜ਼ੀ ਨਾਲ ਪਹਿਨਣਾ-ਪੱਚਰਣਾ ਵਿਵਰਜ਼ਿਤ ; ਬੁਢਾਪਾ ਬੀਤੇ ’ਤੇ ਝੂਰਨ ਲਈ ਸੰਤਾਪਿਆ ਗਿਆ ਹੈ।
21ਵੀਂ ਸਦੀ ਦੇ ਵਿਗਿਆਨ, ਤਕਨੀਕ ਤੇ ਆਧੁਨਿਕਤਾ ਦੇ ਯੁੱਗ ਵਿੱਚ ਵੀ ਸਾਡੇ ਦੇਸ਼ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਜਿੱਥੇ ਇੱਕ ਪਾਸੇ ਅੰਧ-ਵਿਸ਼ਵਾਸੀ, ਮੱਧ-ਯੁੱਗੀ, ਜਾਤੀਵਾਦੀ, ਔਰਤ ਵਿਰੋਧੀ ਪਿਛਾਂਹ ਖਿੱਚੂ ਕਦਰਾਂ-ਕੀਮਤਾਂ ਦਾ ਗ੍ਰਹਿਣ ਲੱਗਿਆ ਹੋਇਆ ਹੈ, ਉੱਥੇ ਦੂਜੇ ਪਾਸੇ ਨਿੱਘਰੇ ਸਾਮਰਾਜਵਾਦੀ ਤੇ ਖੱਪਤਵਾਦੀ ‘ਖਾਓ-ਪੀਓ, ਐਸ਼ ਕਰੋ’ ਦੇ ਸੱਭਿਆਚਾਰਕ ਹਮਲੇ ਨੇ ਘੇਰਾ ਘੱਤ ਲਿਆ ।
ਕੁੱਲ ਮਿਲਾ ਕੇ ਕਹੀਏ ਤਾਂ ਸਾਡਾ ਮੁਲਕ ਹਨ੍ਹੇਰ ਗਰਦੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਕਦਰਾਂ-ਕੀਮਤਾਂ, ਕਾਇਦੇ-ਕਾਨੂੰਨਾਂ, ਅਮਨ-ਅਮਾਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲੱਗਿਆ ਪਿਆ ਹੈ। ਦੋ ਨੰਬਰੀ ਕਿਰਦਾਰ, ਦੋ ਨੰਬਰੀ ਮਾਇਆ ਤੇ ਦੋ ਨੰਬਰੀ ਬੰਦੇ ਸਮਾਜ ’ਚ ਪ੍ਰਧਾਨਤਾ ਹਾਸਲ ਕਰੀ ਬੈਠੇ ਹਨ। ਜਿੱਧਰ ਵੀ ਨਜ਼ਰ ਮਾਰੋ ਹਨ੍ਹੇਰ ਪਿਆ ਤੇ ਅਰਾਜਕਤਾ ਛਾਈ ਦਿਖਾਈ ਦਿੰਦੀ ਹੈ। ਇਸ ਹਨ੍ਹੇਰਗਰਦੀ ਤੇ ਅਰਾਜਕਤਾ ਵਿੱਚੋਂ ਹਾਲਤਾਂ ਫਾਸ਼ੀਵਾਦ ਤੇ ਤਾਨਾਸ਼ਾਹੀ ਦੇ ਝਲਕਾਰੇ ਜ਼ੋਰ-ਸ਼ੋਰ ਨਾਲ ਵੱਜਣ ਵੱਲ ਵੱਧ ਰਹੇ ਹਨ। ਨਰੇਂਦਰ ਮੋਦੀ ਤੇ ਭਾਜਪਾ ਖੁੱਲ੍ਹੇਆਮ ਹਿੰਦੂਤਵੀ ਫਾਸ਼ੀਵਾਦ ਤੇ ਕਾਰਪੋਰੇਟ ਹਿੱਤਾਂ ਦੇ ਝੰਡਾ-ਬਰਦਾਰ ਹਨ। ਮੋਦੀ ਵਜ਼ਾਰਤ ਇਕ ਪਾਸੇ ਹਿੰਦੂਤਵੀ ਫਾਸ਼ੀ ਤਾਕਤਾਂ ਦੀ ਪਿਛਾਖੜੀ ਵਿਚਾਰਧਾਰਾ ਨੂੰ ਸਿੱਖਿਆ, ਸਾਹਿਤ, ਇਤਿਹਾਸ ਵਰਗੇ ਖੇਤਰਾਂ ’ਚ ਘੁਸਪੈਠ ਕਰਨ ਦੀਆਂ ਖੁੱਲ੍ਹਾਂ ਦੇ ਰਹੀ ਹੈ। ਉਹ ਦੇਸ਼ ਦੀਆਂ ਕੌਮੀ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ, ਧਾਰਮਿਕ ਫਿਰਕੂ ਪ੍ਰਚਾਰ ਕਰਨ ਤੇ ਸੰਘ ਦੇ ਹਿੰਦੂਤਵੀ ਰਾਸ਼ਟਰਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੈ। ਇਸ ਤਰ੍ਹਾਂ ਫਿਰਕਾਪ੍ਰਸਤੀ, ਨਸਲਵਾਦ, ਜਾਤੀਪਾਤੀ ਭੇਦਭਾਵ ਤੇ ਕੌਮੀ ਸ਼ਾਵਨਵਾਦੀ ਭਾਵਨਾਵਾਂ ਨੂੰ ਉਕਸਾਇਆ ਜਾ ਰਿਹਾ ਹੈ। ਲੋਕਪੱਖੀ ਸ਼ਕਤੀਆਂ ਦੀ ਜਾਬਰ ਕਾਲੇ ਕਾਨੂੰਨਾਂ ਤੇ ਆਪਣੇ ਸੰਘੀ ਗੁੰਡਿਆਂ ਦੀ ਮਦਦ ਨਾਲ ਜ਼ੁਬਾਨਬੰਦੀ ਕਰਨ ਵੱਲ ਨੂੰ ਵਧਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਹਕੂਮਤ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅੱਗੇ ਦੇਸ਼ ਦੇ ਬੇਸ਼ਕੀਮਤੀ ਜਲ-ਜੰਗਲ-ਜਮੀਨ, ਕਿਰਤ ਸ਼ਕਤੀ ਤੇ ਖਣਿਜ ਪਦਾਰਥਾਂ ਨੂੰ ਕੌਡੀਆਂ ਦੇ ਭਾਅ ਪਰੋਸ ਰਹੀ ਹੈ। ਮੋਦੀ ਹਕੂਮਤ ਨੇ ਸੱਤਾ ’ਚ ਆਉਣ ਤੋਂ ਬਾਅਦ ਤੇਜ਼ੀ ਨਾਲ ਕਾਰਪੋਰੇਟ ਵਿਕਾਸ ਮਾਡਲ ਅਮਲ ’ਚ ਲਿਆਉਣਾ ਸ਼ੁਰੂ ਕੀਤਾ ਹੋਇਆ ਹੈ। ਉਸਨੇ ਲੋਕ ਵਿਰੋਧੀ ਭੂਮੀ ਗ੍ਰਹਿਣ ਆਰਡੀਨੈਂਸ ਲਿਆਉਣ, ਕਿਰਤ ਤੇ ਫੈਕਟਰੀ ਕਾਨੂੰਨਾਂ ’ਚ ਸੋਧਾਂ ਕਰਨ, ‘ਮੇਕ ਇਨ ਇੰਡੀਆ’ ‘ਸਵੱਛ ਭਾਰਤ’ ਹੁਣ ਲਾਲ ਕਿਲੇ ਤੋਂ ‘ਸਟੈਂਡ ਅੱਪ ਅਤੇ ‘ਸਟਾਰਟ ਅੱਪ’ ਇੰਡੀਆ ਦੇ ਨਾਅਰੇ ਹੇਠ ਵਿਦੇਸ਼ੀ ਨਿਵੇਸਕਾਂ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦੇ ਦਰਵਾਜੇ ਖੋਲ੍ਹਣ, ਮਾਰੂ ਹਾਈਡਰੋ ਪ੍ਰੋਜੈਕਟਾਂ ਨੂੰ ਮਨਜੂਰੀ ਦੇਣ ਤੇ ਜੰਗਲ ਸੁਰੱਖਿਆ ਕਾਨੂੰਨਾਂ ਨੂੰ ਸੋਧਣ ਵਰਗੇ ਕਦਮ ਚੁੱਕਣੇ ਸ਼ੁਰੂ ਕੀਤੇ ਹੋਏ ਹਨ। ਇਨ੍ਹਾਂ ਹਮਲਿਆਂ ਖ਼ਿਲਾਫ਼ ਇਕਜੁੱਟ ਮਜ਼ਬੂਤ ਸੰਘਰਸ਼ ਦੀ ਲੋੜ ਹੈ।
ਸਾਡੇ ਸਮਿਆਂ ਵਿੱਚ ਗ਼ਦਰ ਪਾਰਟੀ, ਉਸਦੀ ਵਿਚਾਰਧਾਰਾ ਤੇ ਮਹਾਨ ਵਿਰਾਸਤ ਦੀ ਮਹੱਤਤਾ ਪਹਿਲਾਂ ਦੇ ਸਾਰੇ ਸਮਿਆਂ ਨਾਲੋਂ ਵੱਧ ਗਈ ਹੈ। ਅਸੀਂ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਦੋਂ ਸਮੁੱਚਾ ਸਾਮਰਾਜਵਾਦੀ ਪ੍ਰਬੰਧ ਅਤੇ ਉਸਦੇ ਅੰਗ ਵਜੋਂ ਭਾਰਤੀ ਰਾਜ ਪ੍ਰਬੰਧ, ਡੂੰਘੇ ਆਰਥਿਕ ਤੇ ਸਿਆਸੀ ਸੰਕਟਾਂ ’ਚ ਫਸਿਆ ਹੋਇਆ ਅਤੇ ਆਪਣੇ ਵਜੂਦ ਸਮੋਏ ਸੰਕਟਾਂ ਦਾ ਭਾਰ ਮਿਹਨਤਕਸ਼ ਲੋਕਾਂ ਅਤੇ ਕਮਜ਼ੋਰ ਮੁਲਕਾਂ ਦੀਆਂ ਪਿੱਠਾਂ ’ਤੇ ਲੱਦਣ ਲਈ ਵਧੇਰੇ ਖੂੰਖਾਰ ਰੂਪ ਅਖਤਿਆਰ ਕਰ ਰਿਹਾ ਹੈ। ਪਿਛਲੇ ਕੁੱਝ ਸਾਲਾਂ ਅੰਦਰ ਹੀ ਅਮਰੀਕਨ ਸਾਮਰਾਜਵਾਦ ਉਸਦੇ ਜੋਟੀਦਾਰਾਂ ਨੇ ਇਰਾਕ, ਅਫ਼ਗ਼ਾਨਿਸਤਾਨ, ਫ਼ਲਸਤੀਨ ਤੇ ਲਿਬੀਆ ਵਰਗੇ ਮੁਲਕਾਂ ’ਤੇ ਜੰਗੀ ਹਮਲੇ ਬੋਲ ਕੇ ਤਬਾਹ ਕਰ ਸੁੱਟਿਆ ਹੈ। ‘ਅੱਤਵਾਦ ਵਿਰੁੱਧ ਜੰਗ’ ਦੇ ਨਾਂ ’ਤੇ ਡਰੋਨ ਹਮਲੇ ਅਤੇ ਸੰਚਾਰ ਸਾਧਨਾਂ ਦੀ ਜਾਸੂਸੀ ਕਰਕੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਲੋਕਾਂ ਦੀ ਨਿੱਜਤਾ ਦੇ ਸਿਧਾਂਤਾਂ ਨੂੰ ਮਿੱਟੀ ਵਿੱਚ ਮਿਲਾ ਕੇ ਨੰਗੀ ਚਿੱਟੀ ਧੌਂਸਗਿਰੀ ਦਿਖਾਈ ਹੈ। ‘ਦੇਸ਼ ਦੀ ਪ੍ਰਭੂਸੱਤਾ ਤੇ ਖ਼ੁਦਮੁਖ਼ਤਿਆਰੀ’ ਦਾ ਢੰਡੋਰਾ ਪਿੱਟਣ ਵਾਲੇ ਸਾਡੇ ਦੇਸ਼ ਦੇ ਹਾਕਮਾਂ ਨੇ ਸ਼ਰਮ ਦੀ ਲੋਈ ਲਾਹ ਕੇ ਅਮਰੀਕਨ ਸਾਮਰਾਜ ਨੂੰ ਆਪਣਾ ‘ਯੁੱਧਨੀਤਕ ਸੰਗੀ’ ਮੰਨ ਕੇ ਉਸਦੇ ਕੁਕਰਮਾਂ ’ਤੇ ਪਰਦਾਪੋਸ਼ੀ ਕਰਨ ਦਾ ਧੰਦਾ ਫੜ ਲਿਆ ਹੈ।
ਸੌ ਸਾਲ ਪਹਿਲਾਂ ਗ਼ਦਰ ਪਾਰਟੀ ਨੇ ਸਾਮਰਾਜਵਾਦੀ ਦਾਬੇ ਤੋਂ ਮੁਕਤ ਅਤੇ ਆਜ਼ਾਦੀ-ਬਰਾਬਰੀ-ਭਾਈਚਾਰੇ ਨੂੰ ਪ੍ਰਣਾਏ ਇੱਕ ਨਵੇਂ ਭਾਰਤ ਦਾ ਸੁਪਨਾ ਲਿਆ ਸੀ ਤੇ ਉਸ ਸੁਪਨੇ ਨੂੰ ਹਥਿਆਰਬੰਦ ਇਨਕਲਾਬ (ਗ਼ਦਰ) ਦੇ ਜ਼ਰੀਏ ਸਾਕਾਰ ਕਰਨ ਲਈ ਬੇਅੰਤ ਘਾਲਣਾਵਾਂ ਘਾਲੀਆਂ ਸਨ। ਉਹ ਗ਼ਦਰ, ਉਹ ਇਨਕਲਾਬ, ਉਹ ਬਗ਼ਾਵਤ ਇੱਕ ਵਾਰ ਫਿਰ ਭਾਰਤੀ ਲੋਕਾਂ ਦੀ ਅਣਸਰਦੀ ਲੋੜ ਬਣ ਗਈ ।
ਇੱਕ ਨਵੇਂ ਗ਼ਦਰ, ਨਵੇਂ ਇਨਕਲਾਬ ਤੇ ਹਿੰਦ ਦਾ ਨਵਾਂ ਰੂਪ ਰਚਣ ਲਈ ਗ਼ਦਰ ਪਾਰਟੀ ਦੀ ਅਮੀਰ ਵਿਰਾਸਤ ਸਾਡੇ ਲਈ ਰਾਹ ਦਰਸਾਵੇ ਦਾ ਕੰਮ ਕਰਦੀ ਹੈ। ਸੱਚਮੁੱਚ ਗ਼ਦਰ ਪਾਰਟੀ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਇਨਕਲਾਬੀ, ਗ਼ੈਰ-ਮਜ੍ਹਬੀ, ਜਮਹੂਰੀ ਤੇ ਅਗਾਂਹਵਧੂ ਸਿਆਸਤ ਨੂੰ ਪ੍ਰਣਾਈ ਪਾਰਟੀ ਸੀ।
ਨੌਜਵਾਨ, ਕਿਰਤੀ ਕਿਸਾਨੋ-ਮਜਦੂਰੋ, ਜ਼ਿੰਦਗੀ ਦੇ ਵਾਰਸੋ, ਉਠੋ ! ਜਾਗੋ !! ਅਤੇ ਸਾਡੇ ਅਮਰ ਸ਼ਹੀਦਾਂ ਦੇ ਮਹਾਨ ਵਿਰਸੇ ਨੂੰ, ਉਨ੍ਹਾਂ ਦੀ ਵਿਚਾਰਧਾਰਾ ਨੂੰ, ਜਜ਼ਬਿਆਂ-ਕੁਰਬਾਨੀਆਂ ਨੂੰ ਆਪਣੇ ਮਨਾਂ ਅੰਦਰ ਆਤਮਸਾਤ ਕਰਦੇ ਹੋਏ, ਅੱਜ ਦੀਆਂ ਵਿਕਰਾਲ ਚੁਣੌਤੀਆਂ ਨਾਲ ਦੋ-ਚਾਰ ਹੋਈਏ। ਲੋਕ ਮੁਕਤੀ ਦੀ ਜੱਦੋਜਹਿਦ ਨੂੰ ਹੋਰ ਵੱਧ ਮਜ਼ਬੂਤ ਤੇ ਤੇਜ਼ ਕਰੀਏ। ਲਹਿਰ ਅੰਦਰ ਨਵਾਂ ਖੂਨ ਤੇ ਗਰਮਜੋਸ਼ੀ ਪੈਦਾ ਕਰਨ ਦੇ ਯਤਨ ਕਰੀਏ। ਅੱਜ ਸਾਡੇ ਲਈ ਉਨ੍ਹਾਂ ਅਮਰ ਸ਼ਹੀਦਾਂ ਨੂੰ ਯਾਦ ਕਰਨ ਦੇ ਮਾਇਨੇ ਉਨ੍ਹਾਂ ਦੇ ਸ਼ਾਨਾਮੱਤੇ ਵਿਰਸੇ ਨੂੰ ਹੋਰ ਵੱਧ ਅੱਗੇ ਲਿਜਾਣਾ ਹੈ।
raman
Lok ekta zindabad,bohat important jankari h.