>> ਹਿੰਦੋਸਤਾਨ ਟਾਈਮਜ਼ : ਹਿੰਦੂ ਆਬਾਦੀ ਦਾ ਹਿੱਸਾ 80% ਤੋਂ ਘਟਿਆ
>> ਇੰਡੀਅਨ ਐਕਸਪ੍ਰੈੱਸ : ਕੁਲ ਆਬਾਦੀ ਵਿੱਚ ਹਿੰਦੂ 80% ਤੋਂ ਘੱਟ ਹੋਏ, ਮੁਸਲਮਾਨਾਂ ਦਾ ਹਿੱਸਾ ਵਧਿਆ, ਹਿੰਦੂਆਂ ਦਾ ਘਟਿਆ-- ਜਨਗਣਨਾ ਦਾ ਤੱਥ : ਹਿੰਦੂਆਂ ਦੀ ਆਬਾਦੀ ਕੁਲ ਆਬਾਦੀ ਵਿੱਚ 2001 ਵਿੱਚ 80.45% ਸੀ, 2011 ਵਿੱਚ 79.80% ਹੈ| ਮੁਸਲਮਾਨਾਂ ਦਾ ਹਿੱਸਾ 13.4% ਤੋਂ ਵਧਕੇ 14.23% ਹੋਇਆ ਹੈ, ਭਾਵ ਕਿ ਅੱਜ ਵੀ ਮੋਟੇ ਤੌਰ ’ਤੇ ਹਰ ਪੰਜ ਭਾਰਤੀਆਂ ਵਿੱਚੋਂ ਚਾਰ ਹਿੰਦੂ ਹੀ ਹਨ| ਦੋਵਾਂ ਅਖਬਾਰਾਂ ਨੇ ਬੜੇ ਹੋਛੇ ਤਰੀਕੇ ਨਾਲ ਸਨਸਨੀ ਪੈਦਾ ਕਰਕੇ ਆਮ ਲੋਕਾਂ ਦੇ ਮਨਾਂ ਵਿੱਚ ਤੁਆਸੱਬ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ| ਇਸਨੂੰ ਹੀ ਕਹਿੰਦੇ ‘ਪੀਲੀ ਪੱਤਰਕਾਰੀ|’>> ਦ ਹਿੰਦੂ : ਮੁਸਲਮਾਨਾਂ ਦੀ ਆਬਾਦੀ ਦੀ ਵਾਧਾ ਦਰ ਘਟੀ -- ਸਿਰਫ਼ ਇਸ ਅਖਬਾਰ ਨੇ ਸਹੀ ਪੇਸ਼ਕਾਰੀ ਕੀਤੀ ਹੈ, ਮੁਸਲਮਾਨ ਆਬਾਦੀ ਦੀ ਵਾਧਾ ਦਰ ਸਾਰੇ ਧਰਮਾਂ ਨਾਲੋਂ ਵੱਧ ਘਟੀ ਹੈ ਭਾਵੇਂ ਕਿ ਇਹ ਅਜੇ ਵੀ ਬਾਕੀ ਧਰਮਾਂ ਦੇ ਮੁਕਾਬਲੇ ਵੱਧ ਹੈ| 2001-2011 ਦੇ ਅਰਸੇ ਵਿੱਚ ਮੁਸਲਮਾਨਾਂ ਦੀ ਵਾਧਾ ਦਰ ਵਿੱਚ 5% (29.5% ਤੋ ਘਟਕੇ 24.6%) ਦੀ ਕਮੀ ਆਈ ਹੈ ਜਦਕਿ ਹਿੰਦੂਆਂ ਦੀ ਵਾਧਾ ਦਰ ਵਿੱਚ 3.16% (19.92% ਤੋਂ ਘਟਕੇ 16.76%) ਦੀ ਕਮੀ ਆਈ ਹੈ|
ਪੰਜਾਬੀ ਅਖਬਾਰਾਂ ਵਿੱਚ ਸਭ ਤੋਂ ਬੁਰਾ ਹਾਲ “ਜੱਗਬਾਣੀ” ਦਾ ਹੈ|
>> ਜੱਗਬਾਣੀ : ਹਿੰਦੂਆਂ ਦੀ ਆਬਾਦੀ ਦਰ ਘਟੀ, ਮੁਸਲਮਾਨਾਂ ਦੀ ਵਧੀ-- ਇਸ ਅਖਬਾਰ ਨੇ ਤਾਂ ਝੂਠ ਬੋਲਣ ਦੀ ਹੱਦ ਕਰ ਦਿੱਤੀ ਹੈ| ਇਸਨੇ ਤਾਂ ਝੂਠ ਬੋਲਣ ਲਈ ਨਵਾਂ ਵਾਕਅੰਸ਼ “ਆਬਾਦੀ ਦਰ” ਤੱਕ ਲੱਭ ਲਿਆ ਹੈ| “ਆਬਾਦੀ ਦੀ ਵਾਧਾ ਦਰ” ਅਤੇ “ਅਨੁਪਾਤਕ ਆਬਾਦੀ” ਤਾਂ ਕੋਈ ਚੀਜ਼ ਹੋਈ, ਇਹ “ਆਬਾਦੀ ਦਰ” ਕੀ ਚੀਜ਼ ਹੈ, ਇਹ ਜੱਗਬਾਣੀ ਦੇ ਮਹਾਂਗਿਆਨੀ ਹੀ ਜਾਣਨ!! ਆਬਾਦੀ ਦੀ ਵਾਧਾ ਦਰ ਦੋਵਾਂ ਧਰਮਾਂ ਦੀ ਘਟੀ ਹੈ, ਮੁਸਲਮਾਨਾਂ ਦੀ ਵਾਧਾ ਦਰ ਸਭ ਧਰਮਾਂ ਨਾਲੋਂ ਤੇਜ਼ੀ ਨਾਲ ਘਟੀ ਹੈ| ਅਨੁਪਾਤਕ ਆਬਾਦੀ ਵਿੱਚ ਕੋਈ ਗਿਣਨਯੋਗ ਫ਼ਰਕ ਨਹੀਂ ਪਿਆ|
>> ਪੰਜਾਬੀ ਟ੍ਰਿਬਿਊਨ : ਦੇਸ਼ ’ਚ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਘਟੀ, ਮੁਸਲਿਮ ਵਸੋਂ ’ਚ ਵਾਧੇ ਦੀ ਦਰ ਸਭ ਤੋਂ ਵੱਧ-- ਭਾਵ ਕਿ ਨਿਰਪੱਖਤਾ ਦੇ ਅਲੰਬਰਦਾਰ ਇਸ ਅਖਬਾਰ ਦੀ ਹਾਲਤ ਜੱਗਬਾਣੀ ਤੋਂ ਬਹੁਤੀ ਅਲੱਗ ਨਹੀਂ| ਇਸ ਅਖਬਾਰ ਨੇ ਖਬਰ ਦੇ ਅੰਦਰ ਜ਼ਰੂਰ ‘ਅਨੁਪਾਤਕ ਆਬਾਦੀ” ਲਿਖਿਆ ਹੈ, ਪਰ ਇਸਨੇ ਵੀ ਮੁੱਖ ਪੰਨੇ ਉੱਤੇ ਕਿਤੇ ਨਹੀਂ ਲਿਖਿਆ ਕਿ ਮੁਸਲਮਾਨਾਂ ਦੀ ਆਬਾਦੀ ਦੀ ਵਾਧਾ ਦਰ ਸਭ ਤੋਂ ਤੇਜ਼ੀ ਨਾਲ ਘਟੀ ਹੈ, ਹਾਂ ਇਹ ਜ਼ਰੂਰ ਲਿਖਿਆ ਹੈ ਕਿ “ਮੁਸਲਮਾਨ ਭਾਈਚਾਰੇ ਦੀ ਆਬਾਦੀ ਨਾ ਸਿਰਫ਼ ਅਨੁਪਾਤਕ ਤੌਰ ’ਤੇ ਵਧੀ ਹੈ ਸਗੋਂ ਇਸਦੀ ਵਿਕਾਸ ਦਰ ਵੀ ਬਾਕੀ ਭਾਈਚਾਰਿਆਂ ਤੋਂ ਵੱਧ ਦਰਜ ਕੀਤੀ ਗਈ ਹੈ|” ਇਹ ਹੈ ਨਿਰਪੱਖ ਪੱਤਰਕਾਰੀ ਦਾ ਉੱਤਮ ਨਮੂਨਾ|( ਡਾ. ਅੰਮ੍ਰਿਤ ਪਾਲ ਦੀ ਫੇਸਬੁੱਕ ਦੀ ਕੰਧ ਤੋਂ )