ਨਰਿੰਦਰ ਮੋਦੀ ਦੀ ਭਾਸ਼ਣਬਾਜ਼ੀ ਯਥਾਰਥ ਤੋਂ ਕੋਹਾਂ ਦੂਰ - ਹਰਜਿੰਦਰ ਸਿੰਘ ਗੁਲਪੁਰ
Posted on:- 24-08-2015
ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆਂ ਦੂਜਾ ਸਾਲ ਕਦੋਂ ਦਾ ਸ਼ੁਰੂ ਹੋ ਚੁੱਕਾ ਹੈ ਪ੍ਰੰਤੂ ਉਸ ਨੇ ਹੁਣ ਤੱਕ ਗੱਲਾਂ ਦਾ ਕੜਾਹ ਬਣਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ । ਪਿਛਲੇ ਸਾਲ ਦੀ ਪੰਦਰਾਂ ਅਗਸਤ ਨੂੰ ਲਾਲ ਕਿਲੇ ਤੋਂ ਦਿੱਤੇ ਭਾਸ਼ਣ ਦੌਰਾਨ ਉਸ ਨੇ ਕਿਹਾ ਸੀ ਕਿ ਸਾਨੂੰ ਹੁਣ ਕੁਝ ਸਾਲਾਂ ਵਾਸਤੇ ਸੰਪਰ ਦਾਇਕਤਾ ਨੂੰ ਭੁੱਲ ਕੇ ਦੇਸ਼ ਦੇ ਵਿਕਾਸ ਵਲ ਧਿਆਨ ਦੇਣਾ ਚਾਹੀਦਾ ਹੈ।ਪੂਰਾ ਇੱਕ ਸਾਲ ਦੇਸ਼ ਵਾਸੀਆਂ ਨੇ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹਰ ਛੋਟੇ ਵੱਡੇ ਨੇਤਾ ਵਲੋਂ ਦੇਸ਼ ਦੇ ਇੱਕ ਘੱਟ ਗਿਣਤੀ ਫਿਰਕੇ ਪ੍ਰਤੀ ਅਤਿ ਜ਼ਹਿਰੀਲੀ ਬਿਆਨਬਾਜ਼ੀ ਬੇ-ਰੋਕਟੋਕ ਹੁੰਦੀ ਰਹੀ।ਮੋਦੀ ਭਗਤਾਂ ਨੂੰ ਛੱਡ ਕੇ ਆਮ ਦੇਸ਼ ਵਾਸੀਆਂ ਦੇ ਮਨਾਂ ਵਿਚ ਇਹ ਪ੍ਰਭਾਵ ਗਿਆ ਕਿ ਜਿਵੇਂ ਇਸ ਤਰਾਂ ਦੀ ਗੈਰ ਜ਼ੁੰਮੇਵਾਰਾਨਾ ਬਿਆਨਬਾਜ਼ੀ ਨੂੰ ਪ੍ਰਧਾਨ ਮੰਤਰੀ ਦੀ ਮੂਕ ਸਹਿਮਤੀ ਹਾਸਲ ਹੈ।
ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਉੱਤੇ ਟਿਪਣੀ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਅਰੁਣ ਸ਼ੋਰੀ ਨੇ ਕੁਝ ਮਹੀਨੇ ਪਹਿਲਾਂ ਬੜੇ ਹੀ ਵਿਅੰਗਮਈ ਅੰਦਾਜ਼ ਵਿਚ ਕਿਹਾ ਸੀ ਕਿ ਬਰਤਣ ਤਾਂ ਖੂਬ ਖੜਕ ਰਹੇ ਹਨ ਪ੍ਰੰਤੂ ਖਾਣਾ ਨਹੀਂ ਪਰੋਸਿਆ ਜਾ ਰਿਹਾ। ਇਸ ਵਾਰ ਪੰਦਰਾਂ ਅਗਸਤ ਨੂੰ ਦਿੱਤੇ ਗਏ ਭਾਸ਼ਣ ਦੌਰਾਨ ਪਿਛਲੇ ਕਾਰਜਾਂ ਦੀ ਜਵਾਬ ਦੇਹੀ ਦੇਣ ਦੀ ਥਾਂ ਮੋਦੀ ਜੀ ਨੇ ਨਵਾਂ ਹੀ ਸੱਪ ਕਢ ਮਾਰਿਆ ਕਿ ਉਸ ਦੇ ਹੁਣ ਤੱਕ ਦੇ ਕਾਰਜ ਕਾਲ ਦੌਰਾਨ ਕੋਈ ਵੀ ਘੁਟਾਲਾ ਨਹੀਂ ਹੋਇਆ ।
ਮੌਜੂਦਾ ਲੋਕ ਸਭਾ ਲਈ ਕੀਤੇ ਜਾ ਰਹੇ ਪਰਚਾਰ ਦੌਰਾਨ ਪ੍ਰਸਿੱਧ ਪੱਤਰਕਾਰ ਅਭੈ ਦੁੱਬੇ ਨੇ ndtv ਦੇ ਇੱਕ ਪ੍ਰੋਗਰਾਮ ਸਮੇਂ ਇਹ ਦਾਅਵਾ ਕੀਤਾ ਸੀ ਕਿ ਜਿੰਨਾ ਖਰਚਾ ਭਾਜਪਾ ਚੋਣ ਪ੍ਰਚਾਰ ਤੇ ਕਰ ਰਹੀ ਹੈ ਉਸ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜੇਕਰ ਭਾਜਪਾ ਸਰਕਾਰ ਹੋਂਦ ਵਿਚ ਆ ਗਈ ਤਾਂ ਇਹ ਸਰਕਾਰ ਪਿਛਲੀਆਂ ਸਰਕਾਰਾਂ ਦੌਰਾਨ ਹੋਏ ਸਭ ਘੁਟਾਲਿਆਂ ਨੂੰ ਮਾਤ ਪਾ ਦੇਵੇਗੀ।ਘੁਟਾਲੇ ਉਜਾਗਰ ਕਰਨ ਵਾਲੀਆਂ ਸੰਸਥਾਵਾਂ ਦੇ ਸਾਹ ਭਾਵੇਂ ਮੋਦੀ ਸਰਕਾਰ ਨੇ ਬੰਦ ਕੀਤੇ ਹੋਏ ਹਨ ਫੇਰ ਵੀ ਵਖ ਵਖ ਸਰੋਤਾਂ ਦੇ ਜਰੀਏ ਜੋ ਕੁਝ ਸਾਹਮਣੇ ਆ ਰਿਹਾ ਹੈ ਉਹ ਰਾਜਸੀ ਪੰਡਤਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਕੀਤੀ ਗਈ ਭਵਿਖ ਬਾਣੀ ਦੀ ਪੁਸ਼ਟੀ ਕਰਨ ਲਈ ਕਾਫੀ ਹੈ।ਹਾਲ ਹੀ ਵਿਚ ਹੋਇਆ ਮੌਨਸੂਨ ਸੈਸ਼ਨ ਬਿਨਾਂ ਕੋਈ ਕੰਮ ਕਾਜ ਨਿਪਟਾਇਆਂ ਉਠ ਗਿਆ ਹੈ।ਲਲਿਤ ਮੋਦੀ ਬਨਾਮ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਅਤੇ ਵਸੁੰਦਰਾ ਰਾਜੇ ਸਿੰਧੀਆ ਮੁੱਖ ਮੰਤਰੀ ਰਾਜਸਥਾਨ ਦਾ ਮਾਮਲਾ ਕਿਸੇ ਤਣ ਪਤਣ ਨਹੀ ਲੱਗਾ।ਸਰਕਾਰ ਦੀ ਜਵਾਬ ਦੇਹੀ ਦੇ ਪਖੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਮੋਨੀ ਬਾਬਾ -2 ਸਾਬਤ ਹੋਏ ਹਨ।ਦੇਸ਼ ਅਤੇ ਵਿਦੇਸ਼ ਦੀਆਂ ਜਨ ਸਭਾਵਾਂ ਵਿਚ ਉਹ ਇਸ ਤਰਾਂ ਬੋਲਦੇ ਹਨ,ਜਿਵੇਂ ਉਹ ਕਿਸੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ ਪਰੰਤੂ ਸੰਸਦ ਅੰਦਰ ਮੂਕ ਦਰਸ਼ਕ ਬਣੇ ਰਹਿੰਦੇ ਹਨ।ਭਾਵੇਂ ਨਰਿੰਦਰ ਮੋਦੀ ਦੇਸ਼ ਅੰਦਰ ਚੱਲ ਰਹੇ ਭ੍ਰਿਸ਼ਟਾ ਚਾਰ ਵਲੋਂ ਅਖਾਂ ਬੰਦ ਕਰਨ ਦੇ ਲਖ ਯਤਨ ਕਰਨ ਪਰ ਘੁਟਾਲਿਆਂ ਦੇ ਜੱਗ ਜਾਹਰ ਹੋਣ ਦਾ ਵਕਤ ਆ ਗਿਆ ਹੈ।ਸੀ ਬੀ ਆਈ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦੇ ਕੇ ਕਿਹਾ ਹੈ ਕਿ ਮਧ ਪ੍ਰਦੇਸ਼ ਵਿਚ ਵਿਆਪਮ ਘੋਟਾਲੇ ਦੇ ਬਾਅਦ ਇਸ ਤੋਂ ਵੀ ਵੱਡਾ ਮਹਾਂ ਘੋਟਾਲਾ ਮਧ ਪ੍ਰਦੇਸ਼ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿਚ ਦਾਖਲੇ ਲਈ ਹੋਣ ਵਾਲੀ ਪਰੀਖਿਆ ਡੀਮੇਟ (ਡੈਂਟਲ ਐਂਡ ਮੈਡੀਕਲ ਐਡਮਿਸ਼ਨ ਟੈਸਟ)ਘੋਟਾਲਾ ਹੈ।ਫਰਜੀ ਡਾਕਟਰ ਬਣਾਉਣ ਵਾਲੇ ਮਧ ਪ੍ਰਦੇਸ਼ ਡੀਮੇਟ ਦੇ ਮਾਮਲੇ ਨੂੰ ਦੇਖਦਿਆਂ ਦੇਸ਼ ਦੀ ਸਭ ਤੋਂ ਤਾਕਤਵਰ ਅਤੇ ਤੇਜ ਤਰਾਰ ਜਾਂਚ ਏਜੰਸੀ ਸੀ ਬੀ ਆਈ ਵੀ ਹੈਰਾਨ ਪਰੇਸ਼ਾਨ ਹੈ।ਉਸ ਦੀ ਸਮਝ ਚ ਨਹੀਂ ਆ ਰਿਹਾ ਕਿ ਉਹ ਇਸ ਘੋਟਾਲੇ ਦੀ ਜਾਂਚ ਕਰੇ ਤਾਂ ਕਿਸ ਤਰਾਂ ਕਰੇ ।ਇਸੇ ਲਈ ਉਸ ਨੇ ਹਫਤਾ ਕੁ ਪਹਿਲਾਂ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦੇ ਕੇ ਕਿਹਾ ਹੈ ਕਿ ਇਸ ਨਵੀਂ ਆਫਤ ਦੀ ਜਾਂਚ ਪੜਤਾਲ ਕਰਨ ਵਾਸਤੇ ਨਾ ਤਾਂ ਉਸ ਕੋਲ ਇੰਨੇ ਸਾਧਨ ਹਨ ਅਤੇ ਨਾ ਹੀ ਇੰਨੀ ਮੈਨ ਪਾਵਰ ਹੈ।ਦਸ ਹਜਾਰ ਕਰੋੜ ਰੁਪਏ ਦਾ ਇਹ ਘੁਟਾਲਾ ਹੈ ਅਤੇ 'ਡੀਮੇਟ' ਰਾਹੀਂ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਮੈਡੀਕਲ ਅਤੇ ਡੈਂਟਲ ਕਾਲਜ ਵਿਚ ਦਾਖਲ ਕਰਾਉਣ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਦੀ ਲਿਸਟ ਬਹੁਤ ਲੰਬੀ ਹੈ।ਪੀ ਐਮ ਦੇ ਇਹਨਾਂ ਫਰਜੀ ਵਾੜਿਆਂ ਵਲੋਂ ਅਖਾਂ ਬੰਦ ਕਰਨ ਦਾ ਅਰਥ ਇਹਨਾਂ ਘੋਟਾਲਿਆਂ ਦੀ ਪੁਸ਼ਤ ਪਨਾਹੀ ਕਰਨਾ ਹੈ,ਨਹੀਂ ਤਾਂ ਹੁਣ ਤੱਕ ਮਧ ਪ੍ਰਦੇਸ਼ ਦੇ ਮੁਖ ਮੰਤਰੀ ਸ਼ਿਵ ਰਾਜ ਚੌਹਾਨ ਦਾ ਅਸਤੀਫਾ ਲੈ ਲਿਆ ਹੁੰਦਾ।ਹੋਰ ਤਾਂ ਹੋਰ ਸਦਾ ਸਵਛਤਾ, ਨੈਤਿਕਤਾ,ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਮਸਨੂਈ ਦੁਹਾਈ ਦੇਣ ਵਾਲਾ ਸੰਸਕ੍ਰਿਤਕ ਸੰਗਠਨ ਵੀ ਅਸਾਧਾਰਨ ਰੂਪ ਨਾਲ ਇਹਨਾਂ ਮਾਮਲਿਆਂ ਬਾਰੇ ਚੁੱਪ ਵੱਟੀ ਬੈਠਾ ਹੈ।ਇਸ ਤੋਂ ਉਲਟ ਸੰਘ ਪਰਿਵਾਰ ਅਤੇ ਸਰਕਾਰ ਦਾ ਸਾਰਾ ਜੋਰ ਦੇਸ਼ ਦੀ ਫਿਰਕੂ ਇੱਕ ਸੁਰਤਾ ਨੂੰ ਭੰਗ ਕਰਨ ਤੇ ਲੱਗਾ ਹੋਇਆ ਹੈ।ਜੋ ਦੇਸ਼ ਹਿਤ ਵਿਚ ਕਦਾਚਿਤ ਨਹੀਂ ਹੈ।ਦਿਨ-ਬ-ਦਿਨ ਉਹਨਾਂ ਭਾਜਪਾਈ ਚਿਹਰਿਆਂ ਉੱਤੇ ਜਿਆਦਾ ਕਾਲਖ ਨਜਰ ਆਉਣ ਲੱਗ ਪਈ ਹੈ ਜਿਹਾਂ ਨੇ ਆਪਣੇ ਚਿਹਰਿਆਂ ਉੱਤੇ ਸ਼ਰਾਫਤ ਦਾ ਨਕਾਬ ਪਹਿਨਿਆ ਹੋਇਆ ਸੀ।ਯੂ ਪੀ ਏ -2 ਦੀ ਸਰਕਾਰ ਨੇ ਇੰਨੀ ਢੀਠਤਾਈ ਨਹੀਂ ਦਿਖਾਈ ਸੀ ਜਿੰਨੀ ਵਰਤਮਾਨ ਸਤਾਧਾਰੀ ਦਲ ਦਿਖਾ ਰਿਹਾ ਹੈ।ਭਾਰਤ ਤਾਂ ਇੱਕ ਪਾਸੇ ਵਿਸ਼ਵ ਦੇ ਕਿਸੇ ਵੀ ਦੇਸ਼ ਦਾ ਮੁਖੀ ਵਿਦੇਸ਼ੀ ਧਰਤੀ ਉੱਤੇ ਆਪਣੇ ਹਮਵਤਨੀ ਸਿਆਸੀ ਵਿਰੋਧੀਆਂ ਖਿਲਾਫ਼ ਨਹੀਂ ਬੋਲਦਾ ਪ੍ਰੰਤੂ ਨਰਿੰਦਰ ਮੋਦੀ ਨੇ ਇਸ ਮਾਮਲੇ ਵਿਚ ਸਾਰੇ ਰਵਾਇਤੀ ਬੰਧਨ ਤੋੜ ਕੇ ਸੰਕੇਤ ਦਿੱਤਾ ਹੈ ਕਿ ਭਾਰਤੀ ਸਿਆਸੀ ਪਾਰਟੀਆਂ ਆਪਸ ਵਿਚ ਖਖੜੀਆਂ ਕਰੇਲੇ ਹਨ।ਇਸ ਤਰਾਂ ਕਰਕੇ ਮੌਜੂਦਾ ਪੀ ਐਮ ਨੇ ਆਪਣਾ ਢਿੱਡ ਆਪ ਨੰਗਾ ਕਰਕੇ ਆਪਣੇ ਅਹੁਦੇ ਦੀ ਸ਼ਾਨ ਨੂੰ ਘਟਾਇਆ ਹੀ ਹੈ।ਮੇਕ ਇਨ ਇੰਡੀਆ ਦੇ ਨਾਮ ਹੇਠ ਭੂਟਾਨ,ਬਰਾਜੀਲ,ਨੇਪਾਲ,ਜਪਾਨ,ਅਮਰੀਕਾ,ਮਿਆਮਾਰ,ਬੰਗਲਾ ਦੇਸ਼,ਸ੍ਰੀ ਲੰਕਾ,ਮਾਰਸ਼ਿਸ਼,ਜਰਮਨ,ਫਰਾਂਸ,ਕਨੇਡਾ, ਚੀਨ,ਮੰਗੋਲੀਆ, ਦਖਣੀ ਕੋਰੀਆ ਯੂ ਏ ਈ ਅਤੇ ਰੂਸ ਆਦਿ ਦੇਸ਼ਾਂ ਵਿਚ ਇਹ ਨਾਹਰਾ ਲੱਗ ਚੁੱਕਾ ਹੈ ਕਿ ਭਾਰਤ ਵਿਚ ਮਜਦੂਰੀ ਬੇਹੱਦ ਸਸਤੀ ਹੈ।ਇਸ ਤੋਂ ਇਲਾਵਾ ਜਲ ਜੰਗਲ ਜ਼ਮੀਨ ਵੀ ਸਸਤੇ ਭਾਅ ਸਰਕਾਰ ਬਹੁ ਕੌਮੀ ਕੰਪਨੀਆਂ ਨੂੰ ਦੇਣ ਲਈ ਤਿਆਰ ਹੈ।ਇਸ ਨਿਸ਼ਾਨੇ ਨੂੰ ਅਮਲੀ ਰੂਪ ਦੇਣ ਲਈ ਮਜ਼ਦੂਰ ਜਥੇਬੰਦੀਆਂ ਵਲੋਂ ਪਿਛਲੇ 68 ਸਾਲਾਂ ਦੇ ਜਾਨ ਹੂਲਵੇਂ ਸੰਘਰਸ਼ਾਂ ਦੁਆਰਾ ਪ੍ਰਾਪਤ ਕੀਤੇ ਹੱਕਾਂ ਨੂੰ ਕਿਰਤ ਕਨੂਨਾਂ ਵਿਚ ਸੋਧ ਦੀ ਆੜ ਹੇਠ ਇੱਕੋ ਝਟਕੇ ਨਾਲ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਸਰਕਾਰ ਦੇ ਇਹਨਾਂ ਯਤਨਾਂ ਖਿਲਾਫ਼ 2 ਸਤੰਬਰ ਨੂੰ ਭਾਰਤ ਦਾ ਸਮੁਚਾ ਮਜ਼ਦੂਰ ਵਰਗ 15 ਸੂਤਰੀ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਿਹਾ ਹੈ।ਦਿਲਚਸਪ ਗੱਲ ਇਹ ਹੈ ਕਿ ਸਰਕਾਰ ਅਤੇ ਸੰਘ ਪਰਿਵਾਰ ਨਾਲ ਜੁੜੇ ਭਾਰਤੀ ਮਜ਼ਦੂਰ ਸੰਘ ਨਾਲ ਸਬੰਧਿਤ ਮਜ਼ਦੂਰ ਜਥੇਬੰਦੀਆਂ ਵੀ ਹੜਤਾਲ ਵਿਚ ਸ਼ਿਰਕਤ ਕਰ ਰਹੀਆਂ ਹਨ।ਜਿਥੋਂ ਤੱਕ ਵਿਦੇਸ਼ੀ ਨਿਵੇਸ਼ ਦਾ ਸਵਾਲ ਹੈ ਇਸ ਨਾਲ ਰੁਜਗਾਰ ਤਾਂ ਪ੍ਰਾਪਤ ਹੋ ਸਕਦਾ ਹੈ ਪ੍ਰੰਤੂ ਮਜ਼ਦੂਰ ਵਰਗ ਨੂੰ ਸਨਮਾਨ ਜਨਕ ਜੀਵਨ ਪ੍ਰਦਾਨ ਨਹੀਂ ਕੀਤਾ ਜਾ ਸਕਦਾ।ਮੌਜੂਦਾ ਸਰਕਾਰ ਮਜ਼ਦੂਰ ਜਮਾਤ ਨੂੰ ਨਰਕ ਵਿਚ ਕੈਦ ਕਰਨ ਵਾਸਤੇ ਰੱਸੇ ਪੈਦੇ ਵੱਟਣ ਲਈ ਗੰਭੀਰਤਾ ਨਾਲ ਮਸ਼ਰੂਫ ਹੈ।ਇਸ ਤੋਂ ਇਲਾਵਾ ਕਿਸਾਨਾ ਤੋਂ ਸੌਖੇ ਢੰਗ ਨਾਲ ਸਸਤੇ ਭਾਅ ਜਬਰੀ ਜ਼ਮੀਨ ਹਾਸਲ ਕਰਨ ਲਈ ਕਨੂੰਨੀ ਰਾਹ ਪਧਰਾ ਕਰਨ ਵਿਚ ਕਾਹਲ ਕੀਤੀ ਜਾ ਰਹੀ ਹੈ।ਜਾਗਰੂਕ ਲੋਕਾਂ ਨੂੰ ਤਾਂ ਪਹਿਲਾਂ ਵੀ ਮੋਦੀ ਦੀ ਕਹਿਣੀ ਅਤੇ ਕਥਨੀ ਵਿਚਕਾਰਲੇ ਅੰਤਰ ਸਬੰਧੀ ਕੋਈ ਸ਼ੱਕ ਸੁਭਾਅ ਨਹੀਂ ਸੀ ਪ੍ਰੰਤੂ ਹੁਣ ਆਮ ਲੋਕ ਵੀ ਜਾਨਣ ਤੇ ਸਮਝਣ ਲੱਗ ਪਏ ਹਨ ਕਿ ਮੋਦੀ ਵਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ ਦਾ ਯਥਾਰਥ ਨਾਲ ਕੋਈ ਰਿਸ਼ਤਾ ਨਹੀਂ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੀ ਐਮ ਵਲੋਂ ਹਾਲ ਹੀ ਵਿਚ ਕੀਤੇ ਆਪਣੇ ਯੂ ਏ ਈ ਦੇ ਦੌਰੇ ਦੌਰਾਨ ਜਿਸ ਮੰਦਰ ਵਾਸਤੇ ਉਥੋਂ ਦੀ ਸਰਕਾਰ ਕੋਲੋਂ ਜ਼ਮੀਨ ਹਾਸਲ ਕਰਨ ਨੂੰ ਇਤਿਹਾਸਕ ਘਟਨਾ ਦਸਦਿਆਂ ਉਥੇ ਪਹਿਲਾ ਮੰਦਰ ਸਥਾਪਤ ਕਰਨ ਦਾ ਪ੍ਰਚਾਰ ਕਰਕੇ ਧਾਰਮਿਕ ਉਨਮਾਦ ਫੈਲਾਇਆ ਜਾ ਰਿਹਾ ਹੈ ਉਸ ਮੰਦਰ ਲਈ ਜ਼ਮੀਨ ਤਾਂ ਸੰਨ 2013 ਦੌਰਾਨ ਇੱਕ ਅਰਬ ਸ਼ੇਖ ਨੇ ਪਹਿਲਾਂ ਹੀ ਦਾਨ ਦੇ ਦਿੱਤੀ ਸੀ।ਟਾਈਮਜ ਆਫ ਇੰਡੀਆ ਦੀ 9 ਜੁਲਾਈ ,2013 ਦੀ ਇੱਕ ਖਬਰ ਦੇ ਅਨੁਸਾਰ ਇੱਕ ਨਿਵੇਸ਼ ਕੰਪਨੀ ਦੇ ਮੁਖ ਕਾਰਜਕਾਰੀ ਅਧਿਕਾਰੀ ਨਾਜਮ-ਅਲ-ਕੁਦਸੀ ਦੇ ਸਦੇ ਉੱਤੇ ਸਵਾਮੀ ਨਰਾਇਣ ਸੰਪਰਦਾਇ ਮੰਦਰ ਦੇ ਅਧਿਕਾਰੀਆਂ ਨੇ ਆਬੂ ਧਾਬੀ ਦਾ ਦੌਰਾ ਵੀ ਕੀਤਾ ਸੀ।ਦੁਬਈ ਵਿਚ ਇਹ ਕੋਈ ਪਹਿਲਾ ਮੰਦਰ ਨਹੀ ਬਣਨ ਲੱਗਾ ਜਿਹਾ ਕਿ ਦੱਸਿਆ ਜਾ ਰਿਹਾ ਹੈ ਸਗੋਂ ਉਥੇ ਸ਼ਿਵ ਅਤੇ ਕ੍ਰਿਸ਼ਨ ਦੇ ਮੰਦਰ ਤੋਂ ਇਲਾਵਾ ਅਕਸ਼ਰਧਾਮ ਦੀ ਸਵਾਮੀ ਨਰਾਇਣ ਸੰਸਥਾ ਦਾ ਸਤਿਸੰਗ ਭਵਨ ,ਗੁਰਦਵਾਰਾ ਅਤੇ ਗਿਰਜਾ ਘਰ ਵੀ ਹੈ।ਦੁਬਈ ਵਿਚ ਪਹਿਲਾ ਮੰਦਰ 1958 ਦੌਰਾਨ ਬਣਾਇਆ ਗਿਆ ਸੀ ਜੋ ਇੱਕ ਮਸਜਿਦ ਦੇ ਨਜ਼ਦੀਕ ਹੈ।ਚੋਣ ਦੌਰਾਨ ਜੁਮਲੇਬਾਜੀ ਤੋਂ ਬਾਅਦ ਦੇਸ਼ ਵਿਦੇਸ਼ ਵਿਚ ਝੂਠ ਬੋਲ ਕੇ ਮੋਦੀ ਜੀ ਕੀ ਸਾਬਤ ਕਰਨਾ ਚਾਹੁੰਦੇ ਹਨ ਸਮਝ ਤੋਂ ਬਾਹਰ ਦੀ ਗੱਲ ਹੈ।ਇਸ ਤਰਾਂ ਦੀ ਕਾਰਜ ਸ਼ੈਲੀ ਨਾਲ ਦੇਸ਼ ਵਾਸੀਆਂ ਨੂੰ ਲੰਬੇ ਸਮੇਂ ਲਈ ਮੂਰਖ ਨਹੀਂ ਬਣਾਇਆ ਜਾ ਸਕਦਾ ਕਿਓਂ ਕੀ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ।ਦੁਬਈ ਵਿਚ ਮੰਦਰ ਜ਼ਮੀਨ ਨੂੰ ਲੈ ਕੇ ਸੋਸ਼ਿਲ ਮੀਡੀਆ ਅੰਦਰ ਮੋਦੀ ਭਗਤਾਂ ਵਲੋਂ ਤਰਾਂ ਤਰਾਂ ਦੀਆਂ ਮਨ ਘੜਤ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ ਜਦੋਂ ਕਿ ਸਚਾਈ ਇਸ ਤੋਂ ਵਿਪਰੀਤ ਹੈ।ਅਜ਼ਾਦੀ ਦਿਵਸ ਤੇ 'ਇੱਕ ਰੈੰਕ ਇੱਕ ਪੈਨਸ਼ਨ' ਦੀ ਵਾਜਬ ਮੰਗ ਮੰਗਦੇ ਦੇਸ਼ ਦੀ ਖਾਤਰ ਜਾਨ ਤਲੀ ਤੇ ਰਖਣ ਵਾਲੇ ਸਾਬਕਾ ਸੈਨਿਕਾਂ ਨੂੰ ਮੋਦੀ ਦੀ ਦਿੱਲੀ ਪੁਲਿਸ ਨੇ ਲਹੂ ਲੁਹਾਣ ਕਰ ਕੇ ਰੱਖ ਦਿੱਤਾ।ਸਾਬਕਾ ਸੈਨਿਕਾਂ ਦੀ ਇਸ ਮੰਗ ਨੂੰ ਮਨਣ ਨਾਲ ਕੇਂਦਰੀ ਖਜਾਨੇ ਉੱਤੇ 8 ਹਜ਼ਾਰ ਕਰੋੜ ਰੁਪਏ ਦਾ ਬੋਝ ਪੈਣ ਦਾ ਅਨੁਮਾਨ ਹੈ।ਇਸ ਦੀ ਥਾਂ ਪੀ ਐਮ ਵਲੋਂ ਬਿਹਾਰ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਲਈ ਪਤਾ ਖੇਡਦਿਆਂ ਬਿਹਾਰ ਨੂੰ ਸਵਾ ਲਖ ਕਰੋੜ ਦੇ ਵਿਸ਼ੇਸ਼ ਪੈਕਜ ਦੇਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।ਜਨਤਾ ਦਲ ਯੂ ਦੇ ਨੇਤਾ ਕੇ ਸੀ ਤਿਆਗੀ ਦਾ ਕਹਿਣਾ ਹੈ ਕਿ ਇਸ ਹਵਾ ਹਵਾਈ ਪੈਕਜ ਨੂੰ ਕਿਥੇ ਤੇ ਕਿਸ ਤਰਾਂ ਖਰਚਣਾ ਹੈ ਬਾਰੇ ਕੋਈ ਪਲੈਨ ਅਜੇ ਤੱਕ ਭਾਰਤ ਸਰਕਾਰ ਕੋਲ ਨਹੀਂ ਹੈ।ਸੰਘ ਕਾਰਜਕਰਤਾਵਾਂ ਨਾਲ ਵਾਹ ਵਾਸਤਾ ਰਖਣ ਵਾਲੇ ਚਿੰਤਕਾ ਦਾ ਮਨਣਾ ਹੈ ਕਿ ਨਰਿੰਦਰ ਮੋਦੀ ਬਚਪਨ ਤੋਂ ਹੀ ਸੰਘ ਦੇ ਦਾਇਰੇ ਚ ਰਹਿ ਕੇ ਪ੍ਰਵਾਨ ਚੜਿਆ ਹੈ ਇਸ ਲਈ ਉਸ ਤੋਂ ਇਹ ਆਸ ਕਰਨਾ ਕਿ ਉਹ ਇੱਕ ਸੰਘ ਕਾਰਜਕਰਤਾ ਦੀ ਥਾਂ ਬਤੌਰ ਪੀ ਐਮ ਗਤੀਸ਼ੀਲ ਹੋਵੇਗਾ ਨਾ ਮੁਮਕਿਨ ਹੈ।ਕਦੇ ਕਦੇ ਤਾਂ ਅਜਿਹਾ ਲਗਦਾ ਹੈ ਕਿ ਸਪਸ਼ਟ ਬਹੁਮਤ ਦੇ ਬਾਵਜੂਦ ਉਸ ਨੂੰ ਆਪਣੀ ਸਰਕਾਰ ਦੀ ਸਥਿਰਤਾ ਉੱਤੇ ਭਰੋਸਾ ਨਹੀਂ ਹੈ।ਇਹੀ ਕਾਰਨ ਹੈ ਕਿ ਉਹ ਆਪਣੀ ਪਾਰਟੀ ਅਤੇ ਸਰਕਾਰ ਉੱਤੇ ਇੱਕ ਮਜਬੂਤ ਪਕੜ ਬਣਾਉਣ ਵਿਚ ਸਫਲ ਨਹੀਂ ਹੋ ਸਕਿਆ। ਸੰਪਰਕ: 0061 469 976214
Manoj Kumar Bhattoa
ਸ਼ੋਰੀ ਨੇ ਸਹੀ ਕਿਹਾ ਕੀ ;" ਬਰਤਣ ਤਾਂ ਖੂਬ ਖੜਕ ਰਹੇ ਹਨ ਪ੍ਰੰਤੂ ਖਾਣਾ ਨਹੀਂ ਪਰੋਸਿਆ ਜਾ ਰਿਹਾ। 2019 ਚ ਜਨਤਾ ਇਹ੍ਹਨਾ ਨੂੰ ਕਰਾਰਾ ਜਵਾਬ ਦੇਵੇਗੀ