Wed, 30 October 2024
Your Visitor Number :-   7238304
SuhisaverSuhisaver Suhisaver

ਮਿਆਂਮਾਰ ਵਿੱਚ ਮੁਸਲਿਮ ਕਤਲੇਆਮ -ਕੁਲਜੀਤ ਖੋਸਾ

Posted on:- 23-08-2015

suhisaver

ਮੈਂ ਸੰਨ 2006 ਵਿੱਚ ਰੋਜ਼ੀ ਰੋਟੀ ਦੀ ਖਾਤਿਰ ਮਲੇਸ਼ੀਆ ਆ ਗਿਆ ਸੀ । ਮਲੇਸ਼ੀਆ ਆਉਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਪੂਰੇ ਸੱਤ ਸਾਲ ਮਲੇਸ਼ੀਆ ਚ ਗੁਜ਼ਾਰੇ । ਆਪਣੀ ਇਸ ਬਾਹਰਲੀ ਜ਼ਿੰਦਗੀ ਦੌਰਾਨ ਕਈ ਤਰਾਂ ਦੇ ਉਤਾਰ ਚੜਾਅ ਵੇਖੇ । ਕੰਮਾਂਕਾਰਾਂ ਦੌਰਾਨ ਭਾਂਤ ਭਾਂਤ ਦੇ ਦੇਸ਼ਾਂ ਦੇ ਲੋਕਾਂ ਨਾਲ ਵਾਹ ਪੈਂਦਾ ਰਿਹਾ ਅਤੇ ਮੇਰੀ ਦੋਸਤ ਸੂਚੀ ਲੰਮੀ ਹੁੰਦੀ ਗਈ ।  ਮੇਰੀ ਬਾਹਰਲੇ ਦੇਸ਼ਾਂ ਦੀ ਦੋਸਤ ਸੂਚੀ , ਬੰਗਲਾਦੇਸ਼, ਸੀ੍ ਲੰਕਾ, ਮਿਆਂਮਾਰ (ਬਰਮਾ), ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਨਾਈਜੀਰੀਆ, ਸੁਡਾਨ ਅਤੇ ਈਰਾਨ ਦੇ ਦੋਸਤਾਂ ਨਾਲ ਭਰੀ ਪਈ ਹੈ । ਇਹਨਾਂ ਦੋਸਤਾਂ ਵਿੱਚੋਂ ਮਲੇਸ਼ੀਆ ਰਹਿੰਦੇ ਸਮੇਂ ਸਭ ਤੋਂ ਜਿਆਦਾ ਵਕਤ ਮਿਆਂਮਾਰ (ਬਰਮਾ) ਦੇ ਮੁਸਲਿਮ ਦੋਸਤਾਂ ਨਾਲ ਗੁਜਾਰਿਆ । ਮਿਆਂਮਾਰ ਚ ਬੁੱਧੀਸ਼ਾਂ ਵੱਲੋਂ ਹੋ ਰਹੇ ਉੱਥੇ ਦੇ ਮੁਸਲਿਮ ਭਾਈਚਾਰੇ ਤੇ ਅੱਤਿਆਚਾਰਾਂ ਦੇ ਸਤਾਏ ਹੋਏ ਆਪਣੇ ਇਹਨਾਂ ਦੋਸਤਾਂ ਦੇ ਅੰਦਰਲੇ ਦੁੱਖ ਨੂੰ ਬਹੁਤ ਕਰੀਬ ਤੋਂ ਵੇਖਿਆ ਹੈ ।

ਖਾਸ ਕਰਕੇ ਉਦੋਂ ਜਦੋਂ 2012 ਵਿਚ ਮਿਆਂਮਾਰ ਚ ਉੱਥੋਂ ਦੇ ਮੁਸਲਿਮ ਭਾਈਚਾਰੇ ਦਾ ਬੁੱਧੀਸ਼ਾਂ ਵੱਲੋਂ ਸ਼ਰੇਆਮ ਕਤਲੇਆਮ ਕੀਤਾ ਜਾ ਰਿਹਾ ਸੀ, ਮੁਸਲਿਮ ਔਰਤਾਂ ਦੀਆਂ ਇੱਜਤਾਂ ਲੁੱਟੀਆਂ ਜਾ ਰਹੀਆਂ ਸਨ , ਮੁਸਲਮਾਨਾਂ ਦੇ ਘਰ ਬਾਰ ਸਾੜੇ ਜਾ ਰਹੇ ਸਨ ਤੇ ਦੁਨੀਆਂ ਤੇ ਮੀਡੀਆ ਵਾਲੇ ਚੁੱਪਚਾਪ ਬੈਠੇ ਤਮਾਸ਼ਾ ਵੇਖ ਰਹੇ ਸਨ । ਆਖਿਰ ਕਿਉਂ..? 2012 ਵਿਚ ਮਿਆਂਮਾਰ ਚ ਹੋਏ ਮੁਸਲਿਮ ਕਤਲੇਆਮ ਦਾ ਮੁੱਦਾ ਇੰਟਰਨੈਸ਼ਨਲ ਪੱਧਰ ਤੇ ਕਿਉਂ ਨੀ ਚੁੱਕਿਆ ਗਿਆ..? ਮੁਸਲਿਮ ਕਤਲੇਆਮ ਦੀ ਵਜਾ ਤੇ ਇਸ ਪਿੱਛੇ ਲੁਕਿਆ ਹੋਇਆ ਸੱਚ ਕੀ ਸੀ..?



ਇਸ ਕਤਲੇਆਮ ਦੀ ਨਿਖੇਧੀ ਇੰਟਰਨੈਸ਼ਨਲ ਪੱਧਰ ਤੇ ਕਿਉਂ ਨਹੀਂ ਕੀਤੀ ਗਈ..? ਦੁਨੀਆਂ ਭਰ ਦਾ ਮੀਡੀਆ ਇਸ ਕਤਲੇਆਮ ਤੇ ਕਿਉਂ ਚੁੱਪ ਬੈਠਾ ਰਿਹਾ..? ਇਸ ਤੋਂ ਹਟਕੇ ਇਕ ਹੋਰ ਸਵਾਲ ਕਿ ਆਖਿਰ ਆਪਣੇ ਤੇ ਹੋ ਰਹੇ ਇਹਨਾਂ ਜੁਲਮਾਂ ਖਿਲਾਫ ਮਿਆਂਮਾਰ ਦਾ ਮੁਸਲਿਮ ਭਾਈਚਾਰਾ ਦੁਨੀਆਂ ਸਾਹਮਣੇ ਆਪਣਾ ਪੱਖ ਕਿਉਂ ਨੀ ਰੱਖ ਸਕਿਆ..? ਆਖਿਰ ਕਿਉਂ ਅੰਦਰੋ ਅੰਦਰ ਦਬ ਕੇ ਜ਼ਲਾਲਤ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਗਿਆ..? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਉੱਥੋਂ ਦੇ ਮੁਸਲਿਮ ਭਾਈਚਾਰੇ ਦੇ ਦਰਦ ਦਾ ਵਰਨਣ ਆਪਣੇ ਇਸ ਲੇਖ ਜ਼ਰੀਏ ਕਰ ਰਿਹਾ ਹਾਂ । ਇਹ ਗੱਲ ਯਾਦ ਰੱਖੀ ਜਾਵੇ ਕਿ 2012 ਵਿਚ ਮਿਆਂਮਾਰ ਚ ਸੁਰੂ ਹੋਇਆ ਮੁਸਲਿਮ ਕਤਲੇਆਮ ਅਜੇ ਤੱਕ ਜਾਰੀ ਹੈ ਜਿਸਦੀ ਅੱਗੇ ਜਾ ਕੇ ਆਪਣੇ ਇਸ ਲੇਖ ਵਿਚ ਗੱਲ ਕਰਾਂਗਾ । ਇਸ ਲੇਖ ਵਿਚਲੀ ਸਾਰੀ ਜਾਣਕਾਰੀ ਆਪਣੇ ਮਿਆਂਮਾਰ ਤੋਂ ਉੱਜੜ ਕੇ ਆਏ ਮੁਸਲਿਮ ਦੋਸਤਾਂ ਤੇ ਦੂਜੀ ਵਿਰੋਧੀ ਧਿਰ ਦੇ ਕੁਝ ਬੁੱਧੀਸ਼ਾ ਨੂੰ ਮਿਲ ਕੇ ਇਕੱਤਰ ਕਰਕੇ ਕਿਸੇ ਨਤੀਜੇ ਤੇ ਪਹੁੰਚਿਆ ਹਾਂ । ਮਿਆਂਮਾਰ ਦੇ ਕੁਝ ਬੁੱਧੀਸ਼ ਜਿਨਾਂ ਨੂੰ ਮਿਲ ਕੇ ਇਸ ਮਸਲੇ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ । ਬਾਕੀ ਸੱਚ ਕੀ ਹੈ ਇਸ ਲੇਖ ਨੂੰ ਪੜਨ ਸਾਰ ਤੁਸੀਂ ਖੁਦ ਜਾਣ ਜਾਵੋਗੇ । ਮੇਰਾ ਇਹ ਫਰਜ਼ ਸੀ ਕਿ ਮਿਆਂਮਾਰ ਦੇ ਮੁਸਲਮਾਨਾਂ ਦਾ ਦਰਦ ਤੁਹਾਡੇ ਨਾਲ ਸਾਂਝਾ ਕਰਾਂ ਕਿ ਸ਼ਾਇਦ ਤੁਹਾਡੇ ਜ਼ਰੀਏ ਹੀ ਉਹਨਾਂ ਦੀ ਆਵਾਜ਼ ਦੁਨੀਆਂ ਤੱਕ ਪਹੁੰਚ ਜਾਵੇ । ਮੰਨਦਾ ਹਾਂ ਕਿ ਸਾਡੀ ਕੌਮ ਦਾ ਦੁੱਖ ਵੀ ਘੱਟ ਨਹੀਂ, ਚੁਰਾਸੀ ਹੋਵੇ ਜਾਂ ਚੁਰਾਸੀ ਤੋਂ ਚੁਰਾਨਵੇਂ, ਇਸ ਸਮੇਂ ਦੌਰਾਨ ਸਾਡੇ ਨੌਜਵਾਨਾ ਦੇ ਖੂਨ ਨਾਲ ਪੰਜਾਬ ਦੀ ਧਰਤੀ ਦਾ ਰੰਗ ਲਾਲ ਹੀ ਰਿਹਾ ਹੈ । ਪਰ ਕਿਸੇ ਦੂਸਰੀ ਕੌਮ ਤੇ ਵੀ ਹੋ ਰਹੇ ਜ਼ੁਲਮ ਨੂੰ ਅਸੀਂ ਅੱਖੋਂ ਉਹਲੇ ਨਹੀਂ ਕਰ ਸਕਦੇ । ਜੇ ਅਸੀਂ ਚਾਹੁੰਨੇ ਆਂ ਕਿ ਕੋਈ ਸਾਡਾ ਦਰਦ ਵੀ ਵੰਡਾਵੇ, ਸਾਡੇ ਹੱਕਾਂ ਦੀ ਗੱਲ ਕਰੇ, ਤਾਂ ਆਉ ਦੂਸਰਿਆਂ ਦੇ ਹੱਕਾਂ ਲਈ ਮਿਲਕੇ ਆਵਾਜ਼ ਬੁਲੰਦ ਕਰੀਏ।

ਮਿਆਂਮਾਰ (ਬਰਮਾ) ਵਿਚ ਫੌਜ ਤੇ ਬੁੱਧੀਸ਼ ਲੋਕਾਂ ਵੱਲੋਂ ਮਿਲ ਕੇ ਕੀਤੇ ਜਾ ਰਹੇ ਮੁਸਲਮਾਨਾਂ ਦੇ ਕਤਲੇਆਮ ਤੇ ਗੱਲ ਕਰਨ ਤੋਂ ਪਹਿਲਾਂ ਆਉ ਇਸ ਦੇਸ਼ ਦੇ ਇਤਿਹਾਸ ਤੇ ਇਕ ਮੋਟੀ ਜੀ ਨਜ਼ਰ ਮਾਰ ਲਈਏ । ਮਿਆਮਾਂਰ - ਇੰਡੀਆ, ਚੀਨ, ਬੰਗਲਾਦੇਸ਼ ਅਤੇ ਥਾਈਲੈਂਡ ਦੀਆਂ ਸਰਹੱਦਾਂ ਦੇ ਨਾਲ ਵੱਸਿਆ ਹੋਇਆ ਇਕ ਛੋਟਾ ਜਿਹਾ ਦੇਸ਼ ਹੈ, ਜਿਸ ਵਿਚ 90 ਫੀਸਦ ਬੁੱਧੀਸ਼, 4 ਫੀਸਦ ਈਸਾਈ, 4 ਫੀਸਦ ਮੁਸਲਮਾਨ ਅਤੇ 2 ਫੀਸਦ ਹਿੰਦੂ ਤੇ ਹੋਰ ਧਰਮਾਂ ਦੇ ਲੋਕ ਵਸੇ ਹੋਏ ਹਨ । ਮਿਆਂਮਾਰ ਵੀ ਸਾਡੇ ਦੇਸ਼ਾਂ ਵਾਂਗ ਬਰਤਾਨੀਆ ਦੀ ਗੁਲਾਮੀ ਹੰਢਾਉਂਦਾ ਹੋਇਆ 4 ਜਨਵਰੀ 1948 ਨੂੰ ਆਜ਼ਾਦ ਹੋਇਆ ।4 ਮਾਰਚ 1962 ਨੂੰ ਮਿਆਂਮਾਰ ਚ ਬਗਾਵਤ ਹੋਈ ਤੇ ਦੇਸ਼ ਦਾ ਸਾਰਾ ਕੰਟਰੋਲ ਫੌਜ ਦੇ ਹੱਥ ਆ ਗਿਆ ਅਤੇ ਹੁਣ ਤੱਕ ਉੱਥੇ ਫੌਜ ਦੀ ਹਕੂਮਤ ਚੱਲੀ ਆ ਰਹੀ ਹੈ । ਸੰਨ 2008 ਵਿਚ ਫੌਜ ਵੱਲੋਂ ਚੋਣਾ ਕਰਵਾ ਕੇ ਦੇਸ਼ ਦੀ ਵਾਗਡੋਰ ਕਿਸੇ ਰਾਜਨੀਤਿਕ ਪਾਰਟੀ ਦੇ ਹੱਥ ਦੇਣ ਦਾ ਐਲਾਨ ਕੀਤਾ ਗਿਆ । ਸੰਨ 2010 ਵਿਚ ਵੋਟਿੰਗ ਹੋਈ ਅਤੇ ਦੇਸ਼ ਦੀ ਵਾਗਡੋਰ ਫੌਜ ਦੀ ਹਮਾਇਤ ਪਾ੍ਪਤ ਪਾਰਟੀ ਯਾਸਿਰਾ ਦੇ ਹੱਥ ਆ ਗਈ । ਦੇਸ਼ ਦੀ ਸੱਤਾ ਯਾਸਿਰਾ ਰਾਜਨੀਤਿਕ ਪਾਰਟੀ ਦੇ ਹੱਥ ਆਉਣਾ ਮਿਆਂਮਾਰ ਦੇ ਲੋਕਾਂ ਤੇ ਦੁਨੀਆਂ ਦੀਆਂ ਅੱਖਾਂ ਵਿਚ ਘੱਟਾ ਸੀ ਜਦਕਿ ਅਜੇ ਵੀ ਇਸ ਦੇਸ਼ ਦਾ ਕੰਟਰੋਲ ਪੂਰੀ ਤਰਾਂ ਨਾਲ ਫੌਜ ਦੇ ਹੱਥ ਵਿਚ ਹੈ ।

1962 ਚ ਹੀ ਮਿਆਂਮਾਰ ਚ ਮਿਲਟਰੀ ਰਾਜ ਆਉਣ ਤੇ ਹੀ ਮੁਸਲਮਾਨਾਂ ਨਾਲ ਨਸਲੀ ਵਿਤਕਰਾ ਸ਼ੁਰੂ ਹੋ ਗਿਆ ਸੀ । ਮੁਸਲਮਾਨਾਂ ਦਾ ਵਿੱਦਿਆ ਹਾਸਲ ਨਾ ਕਰਨਾ ਤੇ ਦੇਸ਼ ਵਿਚ ਨੌਕਰੀ ਨਾ ਕਰ ਸਕਣ ਵਰਗੀਆਂ ਪਾਬੰਦੀਆ 1962 ਤੋਂ ਸ਼ੁਰੂ ਹੋ ਗਈਆ ਸਨ ਜੋ 2012 ਤੋਂ ਬਾਅਦ ਖੁੱਲ ਕੇ ਸਾਹਮਣੇ ਆਈਆਂ ।ਚੰਗੀ ਵਿੱਦਿਆ ਨਾ ਹਾਸਿਲ ਕਰ ਸਕਣਾ ਤੇ ਨੌਕਰੀ ਨਾ ਕਰ ਸਕਣ ਦੀਆਂ ਪਾਬੰਦੀਆਂ ਤੇ ਚਲਦਿਆਂ ਉੱਥੋਂ ਦਾ ਮੁਸਲਿਮ ਭਾਈਚਾਰਾ ਰੰਗੂਨ ਤੇ ਅਰਾਕਾਨ ਰਾਜਾਂ ਵਿਚ ਸਮੁੰਦਰੀ ਕੰਢਿਆਂ ਤੇ ਵਸ ਕੇ ਜ਼ਿੰਦਗੀ ਬਸ਼ਰ ਕਰਨ ਲੱਗਾ । ਉੱਥੇ ਆਸ ਪਾਸ ਦੇ  ਬੰਜਰ ਥਾਵਾਂ ਤੇ ਮੁਸਲਿਮ ਭਾਈਚਾਰੇ ਨੇ ਕਰੜੀ ਮਿਹਨਤ ਕਰਕੇ ਜ਼ਮੀਨਾ ਬਣਾਈਆਂ ਅਤੇ ਥੋੜੀ ਬਹੁਤ ਖੇਤੀਬਾੜੀ ਕਰਕੇ ਆਪਣਾ ਪੇਟ ਪਾਲਣ ਲੱਗਾ । ਪਰ ਹੌਲੀ ਹੌਲੀ ਮਿਲਟਰੀ ਵੱਲੋਂ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਬੁੱਧੀਸ਼ਾਂ ਚ ਵੰਡੀਆਂ ਜਾਣ ਲੱਗੀਆ ।

ਪੜਨ ਲਿਖਣ ਦੀ ਪਾਬੰਦੀ ਤੇ ਚਲਦਿਆਂ ਉੱਥੋਂ ਦਾ ਮੁਸਲਿਮ ਭਾਈਚਾਰਾ ਆਪਣੇ ਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਨਹੀਂ ਕਰ ਸਕਿਆ ਤੇ ਸਮੁੰਦਰੀ ਕੰਢਿਆਂ ਤੇ ਕੀੜਿਆਂ ਮਕੌੜਿਆਂ ਵਰਗੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਗਿਆ ।

ਮੁਸਲਮਾਨਾਂ ਤੇ ਹੋ ਰਿਹਾ ਇਹ ਨਸਲੀ ਜੁਲਮ ਸਿਰਫ ਉੱਥੋਂ ਦੇ ਬੁੱਧ ਧਰਮ ਦੇ ਪੈਰੋਕਾਰਾਂ ਦੀ ਇਸਲਾਮ ਧਰਮ ਪ੍ ਤੀ ਨਫਰਤ ਦਾ ਨਤੀਜਾ ਸੀ ਜੋ ਸਹੀ ਰੂਪ ਚ 2012 ਚ ਜਾ ਕੇ ਸਾਹਮਣੇ ਆਇਆ । ਆਪਣੇ ਬੁੱਧੀਸ਼ ਪੈਰੋਕਾਰਾਂ ਦੇ ਹੁਕਮਾਂ ਨੂੰ ਮਿਲਟਰੀ ਸਿਰ ਮੱਥੇ ਪਰਵਾਨ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ ।

ਬੁੱਧੀਸ਼ ਪੈਰੋਕਾਰਾਂ ਤੇ ਮਿਲਟਰੀ ਦੀ ਦਰਿੰਦਗੀ 2012 ਚ ਜਾ ਕੇ ਆਪਣਾ ਅਸਲੀ ਰੂਪ ਧਾਰਨ ਕਰ ਗਈ । ਹੋਇਆ ਇਹ ਕਿ ਇਕ ਬੁੱਧੀਸ਼ ਕੁੜੀ ਇਕ ਮੁਸਲਮਾਨ ਲੜਕੇ ਨੂੰ ਪਿਆਰ ਕਰ ਬੈਠੀ ਤੇ ਇਕ ਦਿਨ ਉਸ ਲੜਕੇ ਨਾਲ ਲੁਕ ਛੁਪ ਕੇ ਮਸਜਿਦ ਵਿਚ ਜਾਂਦੀ ਨੂੰ ਕੁਝ ਬੁੱਧੀਸ਼ਾਂ ਨੇ ਵੇਖ ਲਿਆ । ਉਸ ਲੜਕੀ ਦੇ ਮਸਜਿਦ ਵਿਚ ਜਾਣ ਨੂੰ ਲੈ ਕੇ ਕੁਝ ਬੁੱਧੀਸ਼ਾਂ ਨੇ ਆਪਣੇ ਧਰਮ ਦੀ ਹੱਤਕ ਮਹਿਸੂਸ ਕਰਦਿਆ ਇਕ ਦਿਨ ਉਸ ਲੜਕੀ ਦਾ ਬਲਾਤਕਾਰ ਕਰਕੇ ਵਹਿਸ਼ੀਅਨਾ ਢੰਗ ਨਾਲ ਕਤਲ ਕਰ ਦਿੱਤਾ । ਕਤਲ ਕਰਨ ਤੋਂ ਬਾਅਦ ਮੀਡੀਆ ਜਰੀਏ ਦੇਸ਼ ਭਰ ਵਿਚ ਇਹ ਅਫਵਾਹ ਫਿਲਾ ਦਿੱਤੀ ਗਈ ਕਿ ਮੁਸਲਮਾਨਾਂ ਨੇ ਬੁੱਧੀਸ਼ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਹੈ । ਇਹ ਕਾਂਡ 28 ਮਈ 2012 ਨੂੰ ਵਾਪਰਿਆ । ਮੀਡੀਆ ਨੇ ਵੀ ਅੱਖਾਂ ਬੰਦ ਕਰਕੇ ਪੂਰੀ ਤਰਾਂ ਨਾਲ ਇਸ ਕਤਲ ਨੂੰ ਫਿਰਕੂ ਰੰਗਤ ਦੇਣ ਲਈ ਬੁੱਧੀਸ਼ਾਂ ਦਾ ਸਾਥ ਦਿੱਤਾ ।

ਇਸ ਕਤਲ ਤੋਂ ਬਾਅਦ 3 ਜੂਨ 2012 ਨੂੰ ਕੁਝ ਬੁੱਧੀਸ਼ ਪੈਰੋਕਾਰਾਂ ਨੇ ਆਪਣੇ ਚੇਲਿਆ ਨਾਲ ਮਿਲ ਕੇ ਬੱਸ ਚੋਂ 10 ਮੁਸਲਮਾਨਾਂ ਨੂੰ ਲਾਹ ਕੇ ਕਤਲ ਕਰ ਦਿੱਤਾ ਤੇ ਉਹਨਾਂ ਦੇ ਮੂੰਹ ਸਿਰ ਮੁੰਨ ਕੇ, ਬੁੱਧੀਸ਼ਾਂ ਵਾਲੇ ਕੱਪੜੇ ਪਵਾ ਕੇ ਫਿਰ ਮੀਡੀਆ ਜਰੀਏ ਫਰਜ਼ੀ ਨਾਮ ਅਤੇ ਤਸਵੀਰਾਂ ਜਾਰੀ ਕਰਕੇ ਦੇਸ਼ ਚ ਇਹ ਝੂਠੀ ਅਫਵਾਹ ਫਿਲਾ ਦਿੱਤੀ ਕਿ ਮੁਸਲਮਾਨਾਂ ਨੇ ਬੱਸ ਚ ਸਫਰ ਕਰ ਰਹੇ ਇਕ ਬੁੱਧੀਸ਼ ਪਰਚਾਰਕ ਸਮੇਤ ਉਸਦੇ 9 ਚੇਲਿਆ ਦਾ ਕਤਲ ਕਰ ਦਿੱਤਾ ਹੈ । ਇਸ ਝੂਠੀ ਅਫਵਾਹ ਤੋਂ ਬਾਅਦ ਮਿਆਂਮਾਰ ਚ ਫਿਰਕੂ ਦੰਗੇ ਭੜਕ ਉੱਠੇ ਅਤੇ ਪਹਿਲਾਂ ਤੋਂ ਹੀ ਜ਼ਲਾਲਤ ਭਰੀ ਜ਼ਿੰਦਗੀ ਜੀ ਰਹੇ ਹਜ਼ਾਰਾਂ ਮੁਸਲਮਾਨਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਵਹਿਸ਼ੀਅਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ । ਹਜ਼ਾਰਾਂ ਹੀ ਮੁਸਲਿਮ ਔਰਤਾਂ ਨੂੰ ਬੇਪਤ ਕੀਤਾ ਗਿਆ !


ਜਦ ਇਸ ਮੁਸਲਿਮ ਕਤਲੇਆਮ ਦੀ ਖਬਰ ਦੁਨੀਆਂ ਸਾਹਮਣੇ ਆਈ ਤਾਂ ਮਿਆਂਮਾਰ ਦੀ ਫੌਜ ਨੇ ਫਰਜ਼ੀ ਕਰਫਿਊ ਲਾ ਕੇ ਦੁਨੀਆ ਸਾਹਮਣੇ ਮਾਹੌਲ ਨੂੰ ਸ਼ਾਂਤਮਈ ਵਿਖਾ ਦਿੱਤਾ । ਪਰ 3 ਜੂਨ 2012 ਤੋਂ ਸੁਰੂ ਹੋਇਆ ਮੁਸਲਮਾਨਾਂ ਦਾ ਕਤਲੇਆਮ ਅਜੇ ਤੱਕ ਯਾਰੀ ਹੈ ।

ਮੇਰੇ ਕੁਝ ਮੁਸਲਮਾਨ ਦੋਸਤਾਂ ਦੇ ਦੱਸਣ ਮੁਤਾਬਿਕ ਉਹਨਾਂ ਦੀਆਂ ਔਰਤਾਂ ਤੇ ਬੱਚਿਆ ਨੂੰ ਹਥੌੜੇ, ਟਕੂਏ ਤੇ ਕਿਰਪਾਨਾਂ ਦੀ ਵਰਤੋਂ ਕਰਕੇ ਬੜੀ ਹੀ ਬੇਦਰਦੀ ਨਾਲ ਕਤਲ ਕੀਤਾ ਜਾਂਦਾ ਹੈ । ਇਸ ਕਤਲੇਆਮ ਤੋਂ ਬਾਅਦ ਆਪਣੀ ਜਾਨ ਬਚਾ ਕੇ ਭੱਜੇ ਹੋਏ ਹਜ਼ਾਰਾਂ ਮੁਸਲਮਾਨਾਂ ਨੇ ਥਾਈਲੈਂਡ, ਬੰਗਲਾਦੇਸ਼, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹੋਰ ਕਈ ਦੇਸ਼ਾਂ ਦੇ ਰਫਿਊਜ਼ੀ ਕੈਂਪਾਂ ਚ ਸ਼ਰਨ ਲੈ ਰੱਖੀ ਹੈ । ਤੇ ਜੋ ਵਿਚਾਰੇ ਬਚੇ ਹਨ ਉਹ ਜੰਗਲਾਂ ਵਿਚ ਲੁਕ ਛੁਪ ਕੇ ਜਾਂ ਮਿਲਟਰੀ ਦੀ ਗੁਲਾਮੀ ਕਰਕੇ ਦਿਨ ਕੱਟ ਰਹੇ ਹਨ ।

ਮਿਆਂਮਾਰ ਚ ਅੱਜ ਦੇ ਹਾਲਾਤਾਂ ਮੁਤਾਬਿਕ ਤੇਰਾਂ ਸਾਲ ਤੋਂ ਲੈ ਕੇ ਤੀਹ ਸਾਲ ਦੀ ਉਮਰ ਤੱਕ ਦੇ ਨੌਜਵਾਨਾ ਨੂੰ ਮਿਲਟਰੀ ਵੱਲੋਂ ਜਬਰਦਸਤੀ ਘਰੋਂ ਚੱਕ ਕੇ ਕੈਂਪਾਂ ਚ ਲਿਜਾ ਕੇ ਮਨਮਰਜ਼ੀ ਦਾ ਕੰਮ ਕਰਵਾਇਆ ਜਾਂਦਾ ਹੈ । ਅਗਰ ਕੋਈ ਨੌਜਵਾਨ ਜਾਣ ਤੋਂ ਮਨਾ ਕਰਦਾ ਹੈ ਤਾਂ ਉਸ ਨੌਜਵਾਨ ਸਮੇਤ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ । ਇਥੇ ਇਕ ਵਾਰ ਫਿਰ ਦੱਸਣਾ ਚਾਹਵਾਂਗਾ ਕਿ 1962 ਤੋਂ ਲੈ ਕੇ ਮੁਸਲਮਾਨਾਂ ਤੇ ਮਿਆਂਮਾਰ ਚ ਪੜਾਈ ਤੇ ਨੌਕਰੀ ਕਰਨ ਤੇ ਲੱਗੀ ਪਾਬੰਦੀ ਨੂੰ ਮੁੰਕਮਲ ਤੌਰ ਤੇ ਲਾਗੂ ਕਰ ਦਿੱਤਾ ਗਿਆ ਹੈ । ਏਥੋਂ ਤੱਕ ਕਿ ਮੁਸਲਮਾਨਾਂ ਦੇ ਬੱਸ ਵਿਚ ਸਫਰ ਕਰਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ ।

ਮਿਆਂਮਾਰ ਦਾ ਇਕ ਮੇਰਾ ਮੁਸਲਿਮ ਦੋਸਤ ਤੌਫੀਕ ਉਰ ਰਹਿਮਾਨ ਆਪਣੀ ਦੁੱਖਾਂ ਭਰੀ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਪਰਿਵਾਰਾਂ ਸਮੇਤ 2012 ਦੇ ਅਗਸਤ ਸਤੰਬਰ ਮਹੀਨੇ ਚ ਸਮੁੰਦਰੀ ਰਸਤੇ ਜਰੀਏ ਕਿਸ਼ਤੀਆਂ ਰਾਹੀਂ ਮਿਆਂਮਾਰ ਚੋਂ ਨਿਕਲਣ ਚ ਕਾਮਯਾਬ ਹੋ ਗਏ । ਜਦ ਬੰਗਲਾਦੇਸ਼ ਦੀ ਸਰਹੱਦ ਲਾਗੇ ਪਹੁੰਚੇ ਤਾਂ ਬੰਗਲਾਦੇਸ਼ ਦੀ ਨੇਵੀ ਨੇ  ਸਾਨੂੰ ਨੂੰ ਗਿ੍ਫਤਾਰ ਕਰ ਲਿਆ । ਗਿ੍ਫਤਾਰ ਕਰਨ ਤੋਂ ਬਾਅਦ ਨੇਵੀ ਵਾਲਿਆ ਨੇ ਸਾਡੀਆਂ ਅੱਖਾਂ ਸਾਹਮਣੇ ਸਾਡੀਆਂ ਮਾਵਾਂ ਭੈਣਾਂ ਦਾ ਬਲਾਤਕਾਰ ਕੀਤਾ । ਉਸ ਤੋਂ ਬਾਅਦ ਸਾਨੂੰ ਧਮਕੀ ਦੇ ਕੇ ਸਾਡੀ ਕਿਸ਼ਤੀ ਮਲੇਸ਼ੀਆ ਵੱਲ ਤੋਰ ਦਿੱਤੀ । ਅਸੀਂ ਲਾਚਾਰ ਤੇ ਬੇਬਸ ਕੁਝ ਨਹੀਂ ਕਰ ਸਕੇ । ਕਿਉਂਕਿ ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ । ਕੁਝ ਜਵਾਨ ਕੁੜੀਆਂ ਨੂੰ ਬੰਗਲਾਦੇਸ਼ ਨੇਵੀ ਨੇ ਬੰਦੀ ਬਣਾ ਕੇ ਕੋਲ ਰੱਖ ਲਿਆ ਜਿਨਾਂ ਚੋਂ ਤੌਫੀਕ ਉਰ ਰਹਿਮਾਨ ਦੀਆਂ ਵੀ ਦੋ ਸਕੀਆਂ ਭੈਣਾ ਸਨ । ਤੌਫੀਕ ਉਰ ਰਹਿਮਾਨ ਰੋਂਦਾ ਹੋਇਆ ਦੱਸਦਾ ਹੈ ਕਿ ਉਸਨੂੰ ਕੁਝ ਨਹੀਂ ਪਤਾ ਕਿ ਉਸਦੀਆਂ ਭੈਣਾਂ ਨਾਲ ਬਾਅਦ ਵਿਚ ਕੀ ਹੋਇਆ, ਉਹ ਜਿਉਂਦੀਆਂ ਵੀ ਨੇ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਪਤਾ ।

ਇਸੇ ਤਰਾਂ ਸਾਲ 2012 ਦੇ ਅਖੀਰ ਚ ਜਦ ਮਿਆਂਮਾਰ ਦੇ ਕੁਝ ਮੁਸਲਮਾਨ ਆਪਣੀ ਜਾਨ ਬਚਾਉਂਦੇ ਹੋਏ ਸਮੁੰਦਰੀ ਰਸਤੇ ਜਰੀਏ ਥਾਈਲੈਂਡ ਦੀ ਸਰਹੱਦ ਦੇ ਕਰੀਬ ਪਹੁੰਚੇ ਤਾਂ ਥਾਈਲੈਂਡ ਦੀ ਨੇਵੀ ਨੇ ਬਿਨਾ ਕੋਈ ਪੁੱਛ ਗਿੱਛ ਕੀਤੇ ਭੁੱਖਿਆਂ ਪਿਆਸਿਆਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ । ਜਿਸ ਕਾਰਨ ਕੁਝ ਮੁਸਲਮਾਨ ਥਾਂ ਤੇ ਹੀ ਮਾਰੇ ਗਏ ਅਤੇ ਕੁਝ ਕੁ ਨੇ ਡਰਦਿਆਂ ਹੋਇਆਂ ਸਮੁੰਦਰ ਚ ਛਾਲਾਂ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਇਕ ਵਾਰ ਫਿਰ ਇਹ ਕਾਂਡ ਮੁਸਲਮਾਨਾਂ ਦੀ ਲਾਚਾਰੀ ਤੇ ਬੇਬਸੀ ਕਾਰਨ ਅੰਦਰੋਂ ਅੰਦਰ ਦਮ ਤੋੜ ਗਿਆ । ਤੇ ਇਸਦੀ ਕਿਸੇ ਨੂੰ ਭਿਣਕ ਤੱਕ ਵੀ ਨਹੀਂ ਲੱਗੀ ।

ਇਸੇ ਸਾਲ ਮਈ ਮਹੀਨੇ ਇਕ ਹਜ਼ਾਰ ਤੋਂ ਉੱਪਰ ਮੁਸਲਮਾਨਾਂ ਨੂੰ ਬੰਦੀ ਬਣਾ ਕੇ ਸਮੁੰਦਰ ਕੰਢੇ ਲਿਜਾ ਕੇ ਮਿਆਂਮਾਰ ਦੀ ਮਿਲਟਰੀ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ । ਇਕ ਹੋਰ ਦਿਲ ਦਹਿਲਾ ਦੇਣ ਵਾਲੀ ਵੀਡੀਉ ਜੋ ਸਾਲ 2013 ਚ ਵਾਇਰਲ ਹੋਈ ਸੀ ਮੈਂ ਅੱਖੀ ਵੇਖੀ ਹੈ ਜਿਸ ਵਿਚ ਤਿੰਨ ਮੁਸਲਮਾਨ ਔਰਤਾਂ ਤੇ ਦੋ ਬੱਚਿਆਂ ਨੂੰ ਸੰਗਲਾਂ ਨਾਲ ਬੰਨਿਆ ਹੋਇਆ ਹੈ ਤੇ ਕੋਲ ਤਿੰਨ ਮਿਆਂਮਾਰ ਮਿਲਟਰੀ ਦੇ ਜਵਾਨ ਕੁਹਾੜੇ ਲੈ ਕੇ ਖੜੇ ਸਨ । ਵੇਖਦੇ ਹੀ ਵੇਖਦੇ ਉਹਨਾਂ ਨੇ ਤਿੰਨ ਮੁਸਲਿਮ ਔਰਤਾਂ ਤੇ ਦੋ ਬੱਚਿਆ ਦਾ ਕੁਹਾੜਿਆ ਨਾਲ ਅੰਗ ਅੰਗ ਵੱਡ ਸੁੱਟਿਆ । ਇਹ ਦੋ ਤਿੰਨ ਨਹੀਂ ਹੋਰ ਅਨੇਕਾਂ ਹੀ ਦਰਦਨਾਕ ਕਹਾਣੀਆਂ ਨੇ ਮਿਆਂਮਾਰ ਦੇ ਮੁਸਲਿਮ ਭਾਈਚਾਰੇ ਤੇ ਬੁੱਧੀਸ਼ਾ ਵੱਲੋਂ ਹੋ ਰਹੇ ਅੱਤਿਆਚਾਰਾਂ ਦੀਆਂ ।ਜਿਸ ਵਿਚ ਉਹਨਾਂ ਨੂੰ ਸਾੜਨ ਤੋਂ ਲੈ ਕੇ ਪੱਥਰਾਂ ਨਾਲ ਅਤੇ ਹੋਰ ਕਈ ਤਰਾਂ ਦੇ ਤਸੀਹੇ ਦੇ ਦੇ ਕੇ ਮਾਰਿਆ ਜਾ ਚੁੱਕਾ ਹੈ ਅਤੇ ਹੁਣ ਵੀ ਮਾਰਿਆ ਜਾ ਰਿਹਾ ਹੈ ।

ਆਖਿਰ ਇਹ ਸਭ ਕਿਉਂ..? ਜੇ ਇਕ ਪਲ ਲਈ ਇਹ ਮੰਨ ਵੀ ਲਿਆ ਜਾਵੇ ਕਿ ਉਸ ਬੁੱਧੀਸ਼ ਲੜਕੀ ਦਾ ਮੁਸਲਮਾਨਾਂ ਨੇ ਬਲਾਤਕਾਰ ਕਰਕੇ ਕਤਲ ਕੀਤਾ ਸੀ, ਫਿਰ ਇਸ ਬਲਾਤਕਾਰ ਤੇ ਹੱਤਿਆ ਕਾਂਡ ਨੂੰ ਫਿਰਕੂ ਰੰਗਤ ਕਿਉਂ ਦਿੱਤੀ ਗਈ ..? ਇਸ ਮਸਲੇ ਦੀ ਤਹਿਕੀਕਾਤ ਕਿਉਂ ਨੀ ਕੀਤੀ ਗਈ..? ਦੋਸ਼ੀਆਂ ਨੂੰ ਫੜ ਕੇ ਸਜ਼ਾ ਕਿਉ ਨੀ ਦਿੱਤੀ ..? ਕਿਉਂ ਇਸਦਾ ਨਿਸ਼ਾਨਾ ਸਾਰੇ ਮੁਸਲਮਾਨਾਂ ਨੂੰ ਬਣਾਇਆ ਗਿਆ..? ਜਦਕਿ ਅਜਿਹਾ ਕੁਝ ਵੀ ਨਹੀਂ ਸੀ ਇਹ ਸਿਰਫ ਬੁੱਧੀਸ਼ ਪੈਰੋਕਾਰਾਂ ਦੀ ਇਕ ਸੋਚੀ ਸਮਝੀ ਸ਼ਾਜਿਸ਼ ਦਾ ਨਤੀਜਾ ਸੀ  । ਬਿਲਕੁਲ ਉਵੇਂ ਜਿਵੇਂ ਚੁਰਾਸੀ ਚ ਦਿੱਲੀ ਅਤੇ ਹੋਰ ਸੂਬਿਆ ਚ ਸਿੱਖਾਂ ਦਾ ਕਤਲੇਆਮ ਹਿੰਦੋਸਤਾਨੀ ਸਰਕਾਰ ਦੀ ਸੋਚੀ ਸਮਝੀ ਸ਼ਾਜਿਸ਼ ਦਾ ਨਤੀਜਾ ਸੀ । ਇੰਦਰਾ ਗਾਂਧੀ ਦੇ ਕਤਲ ਦਾ ਤਾਂ ਸਿਰਫ ਬਹਾਨਾ ਬਣਾਇਆ ਗਿਆ ਸੀ । ਇਸੇ ਤਰਾਂ ਹੀ ਆਪਣੀ ਮੁਸਲਿਮ ਕਤਲੇਆਮ ਸ਼ਾਜਿਸ਼ ਨੂੰ ਸਿਰੇ ਚਾੜਨ ਲਈ ਉੱਥੋਂ ਦੇ ਬੁੱਧੀਸ਼ਾਂ ਪੈਰੋਕਾਰਾਂ ਨੇ ਬੁੱਧੀਸ਼ ਲੜਕੀ ਦੇ ਬਲਾਤਕਾਰ ਤੇ ਕਤਲ ਨੂੰ ਆਪਣੀ ਸ਼ਾਜਿਸ਼ ਦਾ ਮੁੱਖ ਹਿੱਸਾ ਬਣਾਇਆ !

ਇੱਥੇ ਇਕ ਹੋਰ ਮੁੱਦਾ ਉੱਠਦਾ ਹੈ ਉਹ ਇਹ ਕਿ ਮਿਆਂਮਾਰ ਚ ਹੋ ਰਹੇ ਮੁਸਲਮਾਨਾਂ ਦੇ ਕਤਲੇਆਮ ਤੇ ਦੁਨੀਆਂ ਭਰ ਦੇ ਮੀਡੀਏ ਦਾ ਖਾਮੋਸ਼ ਬੈਠਣਾ ।ਏਥੋਂ ਤੱਕ ਕਿ ਆਪਣੇ ਆਪ ਨੂੰ ਇਨਸਾਨੀਅਤ ਦੇ ਰਖਵਾਲੇ ਕਹਾਉਣ ਵਾਲੇ, ਅਮੇਰਿਕਾ , ਯੂਰਪ ਤੇ ਦੂਸਰਾ ਮੁਸਲਿਮ ਦੇਸ਼ਾਂ ਦਾ ਵੀ ਇਸ ਪਾਸੇ ਧਿਆਨ ਨਾ ਦੇਣਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ । ਆਜ਼ਾਦੀ ਤੇ ਇਨਸਾਨੀਅਤ ਦਾ ਢੰਡੋਰਾ ਪਿੱਟਣ ਵਾਲੇ ਦੇਸ਼ਾਂ ਤੇ ਇਹਨਾਂ ਦੇ ਆਜ਼ਾਦ ਮੀਡੀਏ ਦੀ ਮਿਆਂਮਾਰ ਚ ਮੁਸਲਮਾਨਾਂ ਤੇ ਹੋ ਰਹੇ ਕਤਲੇਆਮ ਤੇ ਧਾਰੀ ਹੋਈ ਖਾਮੋਸ਼ੀ ਬਾਰੇ ਜੇ ਥੋੜਾ ਜਾ ਸਹਿਜਤਾ ਨਾਲ ਸੋਚੀਏ ਤਾਂ ਸੱਚ ਸਾਹਮਣੇ ਆ ਜਾਂਦਾ ਹੈ । ਉਹ ਇਹ ਕਿ ਮਿਆਂਮਾਰ ਚ ਬੁੱਧੀਸ਼ ਲੋਕਾਂ ਦੀ ਹਕੂਮਤ ਤੇ ਬਹੁਗਿਣਤੀ ਕਾਰਨ ਚੀਨ ਵਰਗੇ ਦੇਸ਼ ਦਾ ਹੱਥ ਮਿਆਂਮਾਰ ਦੇ ਸਿਰ ਤੇ ਹੈ ਜਿਸ ਕਰਕੇ ਕੋਈ ਵੀ ਦੇਸ਼ ਏਥੋਂ ਦੇ ਮੁਸਲਮਾਨਾਂ ਦੇ ਮਸਲੇ ਵੱਲ ਧਿਆਨ ਤਾਂ ਕੀ ਵੇਖਦਾ ਤੱਕ ਵੀ ਨੀ । ਸ਼ਾਇਦ ਕੋਈ ਵੀ ਦੇਸ਼ ਮਿਆਂਮਾਰ ਚ ਮੁਸਲਮਾਨਾਂ ਦੇ ਹੱਕ ਚ ਬੋਲ ਕੇ ਚੀਨ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ ।

ਮੈਂ ਇਹ ਨਹੀਂ ਕਹਿੰਦਾ ਕਿ ਕੋਈ ਦੇਸ਼ ਉੱਥੇ ਜਾ ਕੇ ਮੁਸਲਮਾਨਾਂ ਲਈ ਬੁੱਧੀਸ਼ਾ ਨਾਲ ਜੰਗ ਲੜੇ, ਆਪਣੀ ਫੌਜ ਭੇਜੇ, ਪਰ ਇਨਸਾਨੀਅਤ ਦੇ ਨਾਮ ਤੇ ਮਿਆਂਮਾਰ ਦੀ ਫਰਜ਼ੀ ਸਰਕਾਰ ਨਾਲ ਇਸ ਮਸਲੇ ਤੇ ਗੱਲ ਤਾਂ ਕਰਨੀ ਚਾਹੀਦੀ ਹੈ । ਪਰ ਕੋਈ ਦੇਸ਼ ਇਸ ਮਸਲੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ, ਕਾਰਨ ਮੈਂ ਉੱਪਰ ਦੱਸ ਚੁੱਕਾ ਹਾਂ । ਇਸਦੇ ਉਲਟ ਇਰਾਕ, ਸੀਰੀਆ ਵਿਚ ਆਈ ਐਸ ਆਈ ਦੇ ਮਸਲੇ ਨੂੰ ਲੈ ਕੇ ਕੋਈ ਵੀ ਦੇਸ਼ ਬੋਲਣ ਦਾ ਮੌਕਾ ਹੱਥੋਂ ਨੀ ਜਾਣ ਦਿੰਦਾ । ਮੀਡੀਆ ਨੇ ਵੀ ਇਸ ਮਸਲੇ ਨੂੰ ਵਧਾ ਚੜਾ ਕੇ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁਚਾਉਣ ਦਾ ਪੂਰਾ ਹੱਕ ਅਦਾ ਕੀਤਾ ਹੈ । ਆਖਿਰਕਾਰ ਇਹ ਸਮੱਸਿਆਵਾਂ ਮੁਸਲਿਮ ਦੇਸ਼ਾਂ ਵਿਚ ਹੀ ਕਿਉਂ..? ਕੀ ਇਹ ਮੁਸਲਮਾਨਾਂ ਨੂੰ ਹੱਦੋਂ ਵੱਧ ਬਦਨਾਮ ਕਰਨ ਦੀ ਇਕ ਸ਼ਾਜਿਸ਼ ਨਹੀਂ । ਬਿਲਕੁਲ ਉਵੇਂ ਜਿਵੇਂ ਹਿੰਦੋਸਤਾਨੀ ਸਰਕਾਰ ਨੇ ਸਾਡੀ ਕੌਮ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਵੀ ਕਰ ਰਹੀ ਹੈ । ਅਸੀਂ ਹੋਰ ਨੂੰ ਦੋਸ਼ ਵੀ ਕੀ ਦੇ ਸਕਦੇ ਹਾਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਸਾਊਦੀ ਅਰਬ ਵਰਗੇ ਇਸਲਾਮਿਕ ਦੇਸ਼ ਦੇ ਆਪਣੀ ਕੌਮ ਦੇ ਮਸਲਿਆ ਨੂੰ ਲੈ ਕੇ ਚੁੱਪ ਧਾਰਨ ਕਰ ਲੈਣ ਦੀ ਹੈ ।

ਜਿਵੇਂ ਕਿ ਸਾਡੇ ਜਥੇਦਾਰ ਕੌਮ ਦੇ ਮਸਲਿਆਂ ਨੂੰ ਲੈ ਕੇ ਅੱਖਾਂ ਮੀਚੀ ਬੈਠੇ ਨੇ ਉਹੋ ਹਾਲ ਸਾਊਦੀ ਅਰਬ ਦਾ ਹੈ, ਕਿਉਂਕਿ ਸਾਊਦੀ ਅਰਬ ਹੀ ਇਕ ਐਸਾ ਇਸਲਾਮਿਕ ਦੇਸ਼ ਹੈ ਜਿਥੇ ਕੁੱਲ ਦੁਨੀਆਂ ਚ ਵਸਦੇ ਮੁਸਲਿਮ ਭਾਈਚਾਰੇ ਦੀਆਂ ਭਾਵਾਨਾਂਵਾ ਏਥੇ ਸਥਿਤ ਆਪਣੇ ਧਾਰਮਿਕ ਅਸਥਾਨ ਮੱਕੇ ਕਾਬੇ ਨਾਲ ਜੁੜੀਆ ਹੋਈਆਂ ਹਨ ਅਤੇ ਇੱਥੋਂ ਜਾਰੀ ਹੋਏ ਕਿਸੇ ਵੀ ਫੁਰਮਾਨ ਨੂੰ ਮੁਸਲਿਮ ਖਿੜੇ ਮੱਥੇ ਪਰਵਾਨ ਕਰਦੇ ਨੇ । ਪਰ ਅੱਜ ਤੱਕ ਇਸਲਾਮਿਕ ਦੇਸ਼ਾਂ ਚ ਸ਼ਾਂਤੀ ਬਹਾਲ ਕਰਵਾਉਣ ਲਈ ਸਾਊਦੀ ਅਰਬ ਵੱਲੋਂ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਅਤੇ ਨਾ ਹੀ ਆਪਣੀ ਕੌਮ ਦੇ ਮਸਲਿਆਂ ਨੂੰ ਲੈ ਕੇ ਕੋਈ ਫੁਰਮਾਨ ਜਾਰੀ ਹੋਇਆ ਹੈ । ਮੁੱਕਦੀ ਗੱਲ ਸਾਡੀ ਕੌਮ ਦੇ ਜਥੇਦਾਰਾਂ ਵਾਂਗ ਇਸਲਾਮ ਧਰਮ ਦੇ ਜਥੇਦਾਰ ਵੀ ਵਿਕ ਚੁੱਕੇ ਨੇ । ਪਰ ਅਜਿਹੇ ਮਸਲਿਆਂ ਤੇ ਸਾਊਦੀ ਅਰਬ ਦਾ ਚੁੱਪ ਰਹਿਣਾ ਹੋਰਾਂ ਮੁਸਲਿਮ ਦੇਸ਼ਾਂ ਤੇ ਪੂਰੀ ਦੁਨੀਆਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ । ਕਿਉਂਕਿ ਪਿੱਛੇ ਜੇ ਆਈ ਖਬਰ ਮੁਤਾਬਿਕ ਆਈ ਐਸ ਆਈ ਨੇ ਮਿਆਂਮਾਰ ਦੇ ਮੁਸਲਮਾਨਾਂ ਨੂੰ ਆਪਣੇ ਜਹਾਦ ਵਿਚ ਸ਼ਾਮਿਲ ਹੋਣ ਦੀ ਪੇਸ਼ਕਸ ਕੀਤੀ ਸੀ, ਫਿਲਹਾਲ ਇਸ ਪੇਸ਼ਕਸ਼ ਦਾ ਕੋਈ ਖਾਸ ਨਤੀਜਾ ਨੀ ਵੇਖਣ ਨੂੰ ਮਿਲਿਆ ਪਰ ਜੇ ਮਿਆਂਮਾਰ ਦੇ ਮੁਸਲਿਮ ਭਾਈਚਾਰੇ ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਧਿਆਨ ਨਾ ਦਿੱਤਾ ਗਿਆ ਤਾਂ ਉਹ ਛੇਤੀ ਆਈ ਐਸ ਆਈ ਦਾ ਸੱਦਾ ਪਰਵਾਨ ਕਰ ਸਕਦੇ ਨੇ । ਜੇ ਇਸ ਤਰਾਂ ਹੁੰਦਾ ਹੈ ਤਾਂ ਇਸਲਾਮਿਕ ਰਾਜਨੀਤਿਕ ਅੱਤਵਾਦ ਦਿਨ ਬ ਦਿਨ ਘਟਣ ਦੀ ਬਜਾਏ ਵਧਦਾ ਜਾਵੇਗਾ । ਮਾਸੂਮ ਮਰਦੇ ਰਹਿਣਗੇ ਤੇ ਦੁਨੀਆਂ ਤਮਾਸ਼ਾ ਵੇਖਦੀ ਰਹੇਗੀ ।

ਸੰਪਰਕ: +61 469 849572

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ