ਸੰਕਟ ’ਚ ਘਿਰ ਰਹੇ ਚੰਦਰ ਬਾਬੂ ਨਾਇਡੂ -ਐਨ ਐਸ ਅਰਜੁਨ
Posted on:- 29-07-2015
ਤੇਲੰਗਾਨਾ ਵਿਧਾਨ ਪ੍ਰੀਸ਼ਦ ਦੀਆਂ ਛੇ ਸੀਟਾਂ ਲਈ ਕੁਝ ਸਮਾਂ ਪਹਿਲਾਂ ਵਿਧਾਇਕਾਂ ਦੇ ਕੋਟੇ ਵਿਚੋਂ ਚੋਣ ਦਾ ਇਕ ਨੋਟੀਫਿਕੇਸ਼ਨ ਜਾਰੀ ਹੋਇਆ। ਇਸ ਕਰਕੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੋਵੇਂ ਰਾਜਾਂ ’ਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਸਨ। ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਆਪਣੀ ਤਾਕਤ ਨਾਲ 4 ਸੀਟਾਂ ਜਿੱਤ ਸਕਦੀ ਸੀ। ਤੇਲਗੂ ਦੇਸ਼ਮ ਪਾਰਟੀ ਅਤੇ ਭਾਜਪਾ ਗਠਜੋੜ ਦੇ ਇਨ੍ਹਾਂ ਚੋਣਾਂ ’ਚ ਆਪਣਾ ਉਮੀਦਵਾਰ ਉਤਾਰਨ ਕਰਕੇ ਟੀਆਰਐਸ ਨੇ ਵੀ ਆਪਣਾ ਪੰਜਵਾਂ ਉਮੀਦਵਾਰ ਚੋਣ ਮੈਦਾਨ ’ਚ ਉਤਾਰ ਦਿੱਤਾ। ਤੇਲਗੂ ਦੇਸ਼ਮ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਖਰੀਦੋ-ਫਰੋਖਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਤੇਲਗੂ ਦੇਸ਼ਮ ਦੇ ਵਿਧਾਇਕ ਰੇਵੰਤ ਰੈਡੀ ਨੇ ਐਂਗਲੋ ਇੰਡੀਅਨ ਨਾਮਜ਼ਦ ਵਿਧਾਇਕ ਸਟੀਫਨਸਨ ਨਾਲ ਤੇਲਗੂ ਦੇਸ਼ਮ ਦੇ ਉਮੀਦਵਾਰ ਦੇ ਪੱਖ ’ਚ ਵੋਟ ਕਰਨ ਲਈ ਰਾਬਤਾ ਕਾਇਮ ਕੀਤਾ। ਇਸ ਦੀ ਜਾਣਕਾਰੀ ਟੀਆਰਐਸ ਨੂੰ ਮਿਲਣ ’ਤੇ ਉੱਚ ਲਡੀਰਾਂ ਨੇ ਸਟੀਫਨਸਨ ਨੂੰ ਤਿਆਰ ਕਰ ਰੇਵੰਤ ਰੈਡੀ ਨੂੰ ਫਸਾਉਣ ਲਈ ਇਕ ਜਾਲ ਵਿਛਾਇਆ। ਜਦ 31 ਮਈ ਨੂੰ ਇਹ ਵਿਧਾਇਕ ਦੋ ਹੋਰ ਆਦਮੀਆਂ ਨਾਲ 50 ਲੱਖ ਰੁਪਏ ਇਕ ਬੈਗ ’ਚ ਭਰ ਕੇ ਸਟੀਫਨਸਨ ਦੇ ਘਰ ਪਹੁੰਚੇ, ਜਾਸੂਸੀ ਕੈਮਰੇ ਤੇ ਭਿ੍ਰਸ਼ਟਾਚਾਰੀ ਵਿਰੋਧੀ ਬਿਊਰੋ ਦੇ ਲੋਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ।
ਰੇਵੰਤ ਰੈਡੀ ਨੇ ਵਿਧਾਇਕ ਨਾਲ ਵਿਸਥਾਰ ’ਚ ਗੱਲਬਾਤ ਕੀਤੀ। ਉਸ ਦਾ ਕਹਿਣਾ ਸੀ ਕਿ ਉਹ ਆਪਣੇ ਬੌਸ ਦੀ ਜਾਣਕਾਰੀ ਅਤੇ ਅਸ਼ੀਰਵਾਦ ਨਾਲ ਆਏ ਹਨ। ਚੋਣਾਂ ਤੋਂ ਬਾਅਦ 4.5 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਵਾਅਦਾ ਕੀਤਾ ਗਿਆ। ਉਸ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਪਤਾ ਨਹੀਂ ਚੱਲੇਗਾ ਕਿ ਵੋਟ ਕਿਸ ਨੂੰ ਪਾਇਆ ਹੈ।
ਇਸ ਤੋਂ ਬਾਅਦ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਰੇਵੰਤ ਅਤੇ ਦੂਸਰੇ ਦੋ ਆਦਮੀਆਂ ਨੂੰ ਸਟੀਫਨਸਨ ਦੇ ਘਰੋਂ ਹੀ ਗਿ੍ਰਫ਼ਤਾਰ ਕਰ ਲਿਆ। ਇਸ ਮੁਲਾਕਾਤ ਦੇ ਵੀਡੀਓ ਟੇਪ ਉਸੇ ਰਾਤ ਨੂੰ ਸਾਰੇ ਟੀਵੀ ਚੈਨਲਾਂ ’ਤੇ ਦਿਖਾਏ ਜਾਣ ਲੱਗੇ। ਹਰ ਕੋਈ ਮੰਨ ਰਿਹਾ ਸੀ, ਜਿਸ ਬੌਸ ਦਾ ਜ਼ਿਕਰ ਕਰ ਰਹੇ ਸੀ, ਉਹ ਚੰਦਰ ਬਾਬੂ ਨਾਇਡੂ ਹੀ ਹੈ। ਚੰਦਰ ਬਾਬੂ ਨਾਇਡੂ ਸ਼ੱਕ ਦੇ ਘੇਰੇ ’ਚ ਆ ਗਏ ਹਨ। ਗਿ੍ਰਫ਼ਤਾਰ ਕੀਤੇ ਗਏ ਤਿੰਨ ਲੋਕਾਂ ਨੂੰ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਸੀਪੀਆਈ (ਐਮ) ਅਤੇ ਸੀਪੀਆਈ ਇਸ ਚੋਣ ਤੋਂ ਦੂਰ ਹੀ ਰਹੀਆਂ। ਕਿਉਂਕਿ ਕਿਸੇ ਵੀ ਉਮੀਦਵਾਰ ਦਾ ਸਮਰਥਨ ਨਹੀਂ ਕਰ ਰਹੀਆਂ ਸਨ। ਵਾਈਐਸਆਰ ਦੇ ਇਕੱਲੇ ਵਿਧਾਇਕ ਨੇ ਟੀਐਸਆਰ ਨੂੰ ਸਮਰਥਨ ਦਿੱਤਾ।
ਦੋਨਾਂ ਰਾਜਾਂ ’ਚ ‘ਵੋਟ ਲਈ ਨੋਟ’ ਦੇ ਇਸ ਘੁਟਾਲੇ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਆਪਣੇ 35 ਸਾਲ ਦੇ ਰਾਜਨੀਤਕ ਕਰੀਅਰ ’ਚ ਚੰਦਰ ਬਾਬੂ ਨਾਇਡੂ ਭਿ੍ਰਸ਼ਟਾਚਾਰ ’ਚ ਫਸ ਗਏ ਹਨ। ਉਨ੍ਹਾਂ ਇਸ ਘਟਨਾਕ੍ਰਮ ’ਤੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਦੇ ਸਹਿਯੋਗੀ ਇਸ ਨੂੰ ਟੀਆਰਐਸ ਦੀ ਤੇਲਗੂ ਦੇਸ਼ਮ ਨੂੰ ਬਦਨਾਮ ਕਰਨ ਦੀ ਸ਼ਰਾਰਤ ਕਹਿ ਰਹੇ ਹਨ।
ਇਸ ਦੇ ਇਕ ਹਫ਼ਤਾ ਬਾਅਦ ਤੇਲਗੂ ਦੇਸ਼ਮ ਸਰਕਾਰ ਦੇ ਇਕ ਸਾਲ ਪੂਰਾ ਹੋਣ ’ਤੇ ਇਸ ਵੱਲੋਂ ਜਸ਼ਨ ਮਨਾਏ ਜਾਣ ਅਤੇ ਇਕ ਸਭਾ ਬੁਲਾਏ ਜਾਣ ਤੋਂ ਇਕ ਦਿਨ ਪਹਿਲਾਂ ਸਟੀਫਨਸਨ ਨਾਲ ਚੰਦਰ ਬਾਬੂ ਨਾਇਡੂ ਦੀ ਗੱਲਬਾਤ ਦੇ ਆਡੀਓ ਟੇਪ ਟੀਵੀ ਚੈਨਲਾਂ ’ਤੇ ਚੱਲਣ ਲੱਗੇ।
ਇਹ ਸਾਫ਼ ਤੌਰ ’ਤੇ ਚੰਦਰ ਬਾਬੂ ਨਾਇਡੂ ਦੀ ਹੀ ਆਵਾਜ਼ ਸੀ, ਜੋ ਸਟੀਫਨਸਨ ਨੂੰ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਸੀ ਕਿ ‘‘ਮੈਨੂੰ ਇਸ ਬਾਰੇ ਮੇਰੇ ਲੋਕਾਂ ਨੇ ਦੱਸਿਆ ਸੀ ਹੈ। ਚਿੰਤਾ ਨਾ ਕਰਨੀ, ਮੈਂ ਤੁਹਾਡੇ ਨਾਲ ਹਾਂ। ਹਰ ਮਾਮਲੇ ’ਚ ਮੈਂ ਤੁਹਾਡੇ ਨਾਲ ਹਾਂ। ਉਨ੍ਹਾਂ ਨੇ ਜੋ ਕੁਝ ਵੀ ਕਿਹਾ ਹੈ ਅਸੀਂ ਜ਼ਰੂਰ ਕਰਾਂਗੇ। ਹੁਣ ਆਪਣੀ ਮਰਜ਼ੀ ਨਾਲ ਤੁਸੀਂ ਤੈਅ ਕਰ ਸਕਦੇ ਹੋ। ਇਹ ਸਾਡਾ ਵਚਨ ਹੈ ਅਤੇ ਇਸ ਨੂੰ ਪੂਰਾ ਕਰਾਂਗੇ।’’
ਟੀਆਰਐਸ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵ ਅਤੇ ਉਸ ਦੇ ਮੰਤਰੀ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਚੰਦਰ ਬਾਬੂ ਨਾਇਡੂ ਮੌਕੇ ’ਤੇ ਫੜੇ ਗਏ ਹਨ, ਉਨ੍ਹਾਂ ਨੂੰ ਜੇਲ੍ਹ ਜਾਣਾ ਹੋਵੇਗਾ। ਚੰਦਰ ਬਾਬੂ ਨਾਇਡੂ ਨੇ ਬਚਾਅ ’ਚ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਅਤੇ ਬਿਆਨ ਜਾਰੀ ਕਰ ਦਿੱਤਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ।
ਉਸ ਨੇ ਇਸ ਮਾਮਲੇ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦਰਮਿਆਨ ਦੇ ਮੁੱਦੇ ’ਚ ਤਬਦੀਲ ਕਰਕੇ ਇਸ ਸੰਕਟ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਅਤੇ ਦੂਜੇ ਮੰਤਰੀਆਂ ਦੇ ਵੀ ਟੈਲੀਫੋਨ ਟੇਪ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਜਨਤਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੋਲ ਵੀ ਪੁਲਿਸ ਅਤੇ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਹੈ। ਜੇਕਰ ਟੀਆਰਐਸ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ। ਚੰਦਰ ਸੇਖਰ ਰਾਵ ਨੇ ਵੀ ਬਹੁਤ ਸਖ਼ਤ ਭਾਸ਼ਾ ’ਚ ਜਵਾਬ ਦਿੱਤਾ ਹੈ ਅਤੇ ਆਪਣੀ ਜਨਤਾ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।
ਸੀਪੀਆਈ (ਐਮ) ਦੇ ਆਂਧਰਾ ਪ੍ਰਦੇਸ਼ ਸੂਬਾ ਸਕੱਤਰ ਨੇ ਦੋਨਾਂ ਮੁੱਖ ਮੰਤਰੀਆਂ ਵੱਲੋਂ ਆਪਣੇ ਮੁੱਦੇ ਨੂੰ ਜਨਤਾ ਦਾ ਮੁੱਦਾ ਬਣਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਚੰਦਰ ਸ਼ੇਖਰ ਰਾਓ ਦੀ ਸਰਕਾਰ ਵੀ ਵਿਧਾਇਕਾਂ ਦੇ ਖਰੀਦੋ-ਫਰੋਖਤ ਦੀ ਪੰਡ ’ਚ ਸ਼ਾਮਲ ਹੈ।
ਚੰਦਰ ਬਾਬੂ ਨਾਇਡੂ ਨੇ ਦਿੱਲੀ ਦਾ ਦੌਰ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਪੁਨਰਗਠਨ ਕਾਨੂੰਨ ਦੀ ਧਾਰਾ 8 ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਕਾਨੂੰਨ ਤਹਿਤ ਰਾਜਪਾਲ ਨੂੰ ਹੈਦਰਾਬਾਦ ’ਚ ਕਾਨੂੰਨ ਤੇ ਵਿਵਸਥਾ ਬਣਾਉਣ ਦੀ ਅਤੇ ਜ਼ਰੂਰੀ ਹੋਇਆ ਤਾਂ ਅਗਲੇ ਦਸ ਸਾਲਾਂ ਤੱਕ ਸਾਂਝੀ ਰਾਜਧਾਨੀ ਰਹੇਗੀ। ਦੋਨਾਂ ਰਾਜਾਂ ਦਾ ਰਾਜਪਾਲ ਵੀ ਦਿੱਲੀ ਗਿਆ ਹੈ ਅਤੇ ਉਸ ਨੇ ਸਾਰੀ ਘਟਨਾ ਦੀ ਕੇਂਦਰ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ। ਚੰਦਰ ਬਾਬੂ ਨਾਇਡੂ ਆਪਣੀ ਰਿਹਾਇਸ਼ ਤੇ ਕੈਂਪ ਦਫ਼ਤਰ ’ਚ ਲੱਗੀ ਤੇਲੰਗਾਨਾ ਪੁਲਿਸ ਨੂੰ ਹਟਾ ਕੇ ਆਂਧਰਾ ਪ੍ਰਦੇਸ਼ ਦੇ ਕਮਾਂਡੋ ਤੈਨਾਤ ਕਰ ਦਿੱਤੇ ਹਨ।
ਤੇਲਗੂ ਦੇਸ਼ਮ ਸਰਕਾਰ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਖ਼ਿਲਾਫ਼ ਆਂਧਰਾ ਪ੍ਰਦੇਸ਼ ’ਚ ਵੱਖ-ਵੱਖ ਥਾਵਾਂ ’ਤੇ 87 ਮਾਮਲੇ ਦਰਜ ਕਰਵਾਏ ਹਨ। ਇਕ ਐਸਆਈਟੀ ਦਾ ਗਠਨ ਕੀਤਾ ਹੈ। ਤਿਆਰੀ ਇਸ ਗੱਲ ਦੀ ਹੈ ਕਿ ਜੇਕਰ ਚੰਦਰ ਬਾਬੂ ਨਾਇਡੂ ਨੂੰ ਨੋਟਿਸ ਭੇਜਿਆ ਜਾਂਦਾ ਹੈ ਤਾਂ ਚੰਦਰ ਸ਼ੇਖਰ ਰਾਵ ਨੂੰ ਵੀ ਨੋਟਿਸ ਭੇਜਿਆ ਜਾਵੇਗਾ। ਚੋਣ ਕਮਿਸ਼ਨ ਨੇ ਵੀ ਤੇਲੰਗਾਨਾ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੂੰ ‘ਵੋਟ ਲਈ ਨੋਟ’ ਘੁਟਾਲੇ ਦੀ ਪੂਰੀ ਜਾਂਚ ਕਰਨ ਲਈ ਕਿਹਾ ਹੈ।
ਕੇਂਦਰ ਗ੍ਰਹਿ ਮੰਤਰਾਲੇ ਦੀ ਟੀਮ ਰਾਜਪਾਲ ਤੇ ਦੂਸਰੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਹੈਦਰਾਬਾਦ ਪਹੁੰਚੀ ਹੈ। ਕੇਂਦਰ ਸਰਾਕਰ ਕਿਉਂਕਿ ਪਹਿਲਾਂ ਹੀ ਸੁਸ਼ਮਾ ਸਵਰਾਜ ਕੇਸ ਵਿਚ ਫਸੀ ਹੋਈ ਹੈ, ਇਸ ਲਈ ਆਪਣੇ ਸਹਿਯੋਗੀ ਦੀ ਮਦਦ ਬਚ-ਬਚ ਕੇ ਕਰ ਰਹੀ ਹੈ। ਇਸ ਦੇ ਨਾਲ ਇਹ ਵੀ ਸੋਚਦੀ ਹੈ ਕਿ ਜੇਕਰ ਤੇਲਗੂ ਦੇਸ਼ਮ ਕਮਜ਼ੋਰ ਹੁੰਦੀ ਹੈ, ਉਸ ਦਾ ਫਾਇਦਾ ਭਾਜਪਾ ਨੂੰ ਹੀ ਮਿਲੇਗਾ। ਭਾਜਪਾ ਉਸ ਦੀ ਥਾਂ ਲੈ ਸਕਦੀ ਹੈ।
ਤੇਲੰਗਾਨਾ ’ਚ 900 ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਨ। ਆਂਧਰਾ ਪ੍ਰਦੇਸ਼ ’ਚ ਸੈਂਕੜੇ ਲੋਕ ਗਰਮੀ ਨਾਲ ਮਰ ਰਹੇ ਹਨ। ਆਮ ਚੋਣਾਂ ਸਮੇਂ ਇਨ੍ਹਾਂ ਪਾਰਟੀਆਂ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋ ਰਹੇ। ਇਹ ਸਰਕਾਰਾਂ ਅਜਿਹੇ ਰਸਤੇ ’ਤੇ ਅੱਗੇ ਵਧ ਰਹੀਆਂ ਹਨ, ਜੋ ਵਾਅਦਿਆਂ ਨੂੰ ਪੂਰਾ ਕਰਨ ਦੇ ਇਕਦਮ ਉਲਟ ਹੈ। ਸਿਰਫ ਖੱਬੀਆਂ ਪਾਰਟੀਆਂ ਹੀ ਹਨ, ਜੋ ਜਨਤਾ ਦੇ ਮੁੱਦਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀਆਂ ਹਨ।