ਦੇਸ਼ ਦੀ ਰਾਜਧਾਨੀ ਦਿੱਲੀ ਭੂਚਾਲ ਦੇ ਪਰਛਾਵੇਂ ਹੇਠ, ਹਾਕਮ ਬੇਖਬਰ - ਹਰਜਿੰਦਰ ਸਿੰਘ ਗੁਲਪੁਰ
Posted on:- 27-07-2015
ਕੁਝ ਸਮੇਂ ਤੋਂ ਰਾਜਨੀਤਕ ਭੂਚਾਲ ਦੇ ਝਟਕਿਆਂ ’ਚੋਂ ਗੁਜ਼ਰ ਰਹੀ ਦਿੱਲੀ ਉੱਤੇ ਸੱਚ ਮੁੱਚ ਦੇ ਭੂਚਾਲ ਦਾ ਪਰਛਾਵਾਂ ਵੀ ਬੁਰੀ ਤਰ੍ਹਾਂ ਮੰਡਰਾ ਰਿਹਾ ਹੈ ।ਜਦੋਂ ਵੀ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਦੂਰ ਭਾਰਤ ਦੇ ਅੰਦਰ ਜਾ ਕਿਸੇ ਗੁਆਂਢੀ ਦੇਸ਼ ਅੰਦਰ ਆਏ ਭੂਚਾਲ ਦੀ ਧਮਕ ਦਿੱਲੀ ਤੱਕ ਪਹੁੰਚਦੀ ਹੈ ਤਾਂ ਸਰਕਾਰ ਵਲੋਂ ਦਿੱਲੀ ਦੇ ਅਧਿਕਾਰੀਆਂ ਨੂੰ ਡੀ ਡੀ ਐਮ ਏ (delhi disaster management authority)ਦੀ ਸਮੀਖਿਆ ਕਰਨ ਅਤੇ ਇਸ ਦੇ ਕੰਮ ਕਾਜ ਨੂੰ ਅੱਪ ਡੇਟ ਕਰਨ ਦੇ ਆਹਰ ਲਾ ਦਿੱਤਾ ਜਾਂਦਾ ਹੈ।ਡੀ ਡੀ ਐਮ ਏ ਦਾ ਕੰਮ ਕਾਜ ਤਾਂ ਪਤਾ ਨਹੀਂ ਕਿੰਨਾ ਕੁ ਅੱਪ ਡੇਟ ਹੋਇਆ ਹੈ ਜਾ ਨਹੀਂ ਪਰ ਜੇਕਰ ਇਸ ਅਦਾਰੇ ਦੀ "ਹੈਜਰਡ ਐਂਡ ਰਿਸਕ ਅਸੈਸਮੈਂਟ" ਰੀਪੋਰਟ ਤੇ ਨਜਰ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਅਸੀਂ ਇੱਕ ਬਹੁਤ ਵੱਡੀ ਤਬਾਹੀ ਦਾ ਇੰਤਜ਼ਾਰ ਕਰ ਰਹੇ ਹਾਂ।ਇਸ ਰੀਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਰਾਸ਼ਟਰੀ ਰਾਜਧਾਨੀ ਨੂੰ ਭੂਚਾਲ ਦਾ ਇੱਕ ਜ਼ਬਰਦਸਤ ਝਟਕਾ ਲੱਗ ਸਕਦਾ ਹੈ, ਜਿਸ ਤੋਂ ਹੋਣ ਵਾਲਾ ਨੁਕਸਾਨ ਇੱਕ ਪਰਮਾਣੂ ਬੰਬ ਤੋਂ ਕਈ ਗੁਣਾ ਵਧ ਵਿਨਾਸ਼ਕਾਰੀ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਇਹ ਰਿਪੋਰਟ ਹਾਲ ਦੀ ਘੜੀ ਡੀ ਡੀ ਐਮ ਏ ਦੇ ਮੁਖੀ ਉਪ ਰਾਜਪਾਲ ਨਜੀਬ ਜੰਗ ਨੂੰ ਸੌੰਪ ਦਿੱਤੀ ਗਈ ਹੈ।ਰੀਪੋਰਟ ਅਨੁਸਾਰ ਰਾਸ਼ਟਰੀ ਰਾਜਧਾਨੀ ਖੇਤਰ (ਐਨ ਸੀ ਆਰ ਟੀ ) ਦੇ ਚੌਗਿਰਦੇ ਦਾ ਭੂਚਾਲ ਸਬੰਧੀ ਵਿਵਹਾਰ ਇਹਨੀ ਦਿਨੀਂ ਕੁਝ ਐਸਾ ਹੀ ਹੈ ਜਿਸ ਤਰ੍ਹਾਂ ਦਾ 2003 ਦੌਰਾਨ ਗੁਜਰਾਤ ਦਾ ਸੀ।ਧਰਤੀ ਦਾ ਅਧਿਐਨ ਕਰਨ ਲਈ ਤਿਬਤ ਸਥਿਤ ਚੀਨ ਦੇ ਕੇਂਦਰ ਅਤੇ ਦਖਣ ਪੂਰਬ ਤਿੱਬਤ ਸਥਿਤ ਤਿੱਬਤੀ ਨਿਗਰਾਨੀ ਕੇਂਦਰ ਨੇ ਵੀ ਆਪਣੇ ਅਧਿਐਨਾਂ ਰਾਹੀਂ ਕੁਝ ਅਜਿਹੀਆਂ ਹੀ ਤਬਦੀਲੀਆਂ ਦਾ ਪਤਾ ਲਗਾਇਆ ਹੈ ਜੋ ਦਿੱਲੀ ਖੇਤਰ ਅੰਦਰ ਸੰਭਾਵਿਤ ਭੂਚਾਲ ਵਲ ਇਸ਼ਾਰਾ ਕਰਦੀਆਂ ਹਨ।
ਇਸ ਦੇ ਬਾਵਜੂਦ ਸਬੰਧਿਤ ਅਧਿਕਾਰੀਆਂ ਵਲੋਂ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਚਣ ਵਾਲੀ ਕਹਾਵਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਬੰਧਿਤ ਪ੍ਰਸਾਸ਼ਨ ਅਜੇ ਵੀ ਅਸਲ ਮੁੱਦੇ ਨੂੰ ਹੱਥ ਪਾਉਣ ਦੀ ਥਾਂ ਇਧਰ ਉਧਰ ਹੱਥ ਪੈਰ ਮਾਰ ਰਿਹਾ ਹੈ ।ਇੱਕ ਮੀਡੀਆ ਰਿਪੋਰਟ ਅਨੁਸਾਰ ਜਦੋਂ ਇਸ ਸਬੰਧੀ ਡੀ ਡੀ ਐਮ ਏ ਦੇ ਸਕੱਤਰ ਅਸ਼ਿਵਨੀ ਕੁਮਾਰ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੀ ਚਿੰਤਾ ਕੁਝ ਹੋਰ ਹੀ ਨਜ਼ਰ ਆਈ।ਉਹਨਾਂ ਨੇ ਕਿਹਾ ,"ਭੂਚਾਲ ਦੀ ਘਟਨਾ ਤੋਂ ਬਾਅਦ ਸੰਚਾਰ ਸੇਵਾ ਠੱਪ ਨਾ ਹੋ ਜਾਏ ਅਤੇ ਬਚਾਉ ਕਾਰਜ ਪੂਰੀ ਤੇਜੀ ਨਾਲ ਚਾਲੂ ਰਖੇ ਜਾ ਸਕਣ,ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ।ਮੋਬਾਈਲ ਟਾਵਰਾਂ ਨੂੰ ਹੋਰ ਮਜ਼ਬੂਤ ਬਣਾਉਣ ਉਹਨਾਂ ਦੀ ਗਿਣਤੀ ਅਤੇ ਗੁਣਵਤਾ ਵਧਾਉਣ ਲਈ ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।ਉਹ ਇਹ ਦਸਣਾ ਵੀ ਨਹੀਂ ਭੁੱਲੇ ਕਿ ਅਜੇ ਰਾਜਧਾਨੀ ਦਿੱਲੀ ਵਿਚ 48 ਘੰਟੇ ਦੇ ਪਾਵਰ ਬੈਕ ਅੱਪ ਦੇ ਨਾਲ 7000 ਮੋਬਾਇਲ ਟਾਵਰ ਹਨ,ਜੋ ਲੋੜ ਮੁਤਾਬਿਕ ਘੱਟ ਹਨ ।'ਤਹਿਲਕਾ' ਅਨੁਸਾਰ ਜਦੋਂ ਸੰਕਟ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਨੁਕਸਾਨ ਨੂੰ ਘਟ ਤੋਂ ਘੱਟ ਕਰਨ ਲਈ ਡੀ ਡੀ ਐਮ ਏ ਕੀ ਸਾਵਧਾਨੀਆਂ ਵਰਤ ਰਹੀ ਹੈ ਬਾਰੇ ਪੁੱਛਣ ਲਈ ਵਿਭਾਗ ਦੀ ਵੈਬ ਸਾਇਟ ਉੱਤੇ ਦਿੱਤੇ ਅਲੱਗ ਅਲੱਗ ਅਧਿਕਾਰੀਆਂ ਦੇ ਅਲੱਗ ਅਲੱਗ ਨੰਬਰਾਂ ਤੇ ਸੰਪਰਕ ਕੀਤਾ ਗਿਆ ਤਾਂ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਯੂਦ ਕੋਈ ਵੀ ਅਧਿਕਾਰੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੋਇਆ ਸਗੋਂ ਟਾਲਮਟੋਲ ਕਰਦੇ ਰਹੇ।ਲੱਗ ਭੱਗ ਇਹੀ ਹਾਲ ਰਾਸ਼ਟਰੀ ਸੰਕਟ ਪ੍ਰਬੰਧਨ ਅਥਾਰਿਟੀ ਦਾ ਹੈ।ਵਾਤਾਵਰਣਿਕ ਮਾਹਿਰ ਹਿਮਾਂਸ਼ੂ ਠੱਕਰ ਦੱਸਦੇ ਹਨ ,"ਦਿੱਲੀ ਅੰਦਰ ਕੁਝ ਸਾਲ ਪਹਿਲਾਂ ਇਸ ਗੱਲ ਦੀ ਕੋਸ਼ਿਸ਼ ਇੱਕ ਵਾਰ ਕੀਤੀ ਗਈ ਸੀ ਕਿ ਇਥੇ ਕਿੰਨੇ ਮਕਾਨ ਭੂਚਾਲ ਦੇ ਝਟਕੇ ਬਰਦਾਸ਼ਤ ਕਰ ਸਕਦੇ ਹਨ।ਅਸਚਰਜ ਜਨਕ ਗੱਲ ਇਹ ਕਿ ਉਸ ਸਰਵੇਖਣ ਨੂੰ ਵੀ 10 ਫੀ ਸਦੀ ਤੋਂ ਘੱਟ ਮਕਾਨਾਂ ਤੱਕ ਸੀਮਤ ਰਖਿਆ ਗਿਆ ਅਤੇ ਕਦੇ ਦੁਬਾਰਾ ਉਸ ਦੀ ਮੋਨੀਟਰਿੰਗ ਨਹੀਂ ਕੀਤੀ ਗਈ।ਡੀ ਡੀ ਐਮ ਏ ਦਾ ਕੰਮ ਬਤੌਰ ਇਹਤਿਆਤ ਮਾੰਕ ਡਰਿੱਲ ਆਦਿ ਕਰਾਉਣਾ ਹੈ ਲੇਕਿਨ ਇਹ ਸਭ ਕੁਝ ਕਾਗਜ਼ਾਂ ਤੱਕ ਹੀ ਸੀਮਤ ਹੁੰਦਾ ਹੈ"।ਇਕ ਸਰਕਾਰੀ ਅੰਕੜੇ ਅਨੁਸਾਰ ਦਿੱਲੀ ਦੀਆਂ 31 ਲੱਖ ਇਮਾਰਤਾਂ ਭੂਚਾਲ ਦੇ ਝਟਕਿਆਂ ਨੂੰ ਪੂਰੀ ਤਰ੍ਹਾਂ ਸਹਿ ਸਕਣ ਦੇ ਸਮਰਥ ਨਹੀਂ ਹਨ।ਦੇਸ਼ ਨੂੰ ਭੂਚਾਲ ਦੀ ਸੰਵੇਦਨ ਸ਼ੀਲਤਾ ਦੇ ਲਿਹਾਜ ਨਾਲ ਚਾਰ ਵਖ ਵਖ ਖੇਤਰ੍ਹਾਂ(2,3,4ਅਤੇ 5) ਵਿਚ ਵੰਡਿਆ ਗਿਆ ਹੈ।ਦਿੱਲੀ ਭੂਚਾਲ ਖੇਤਰ-4 ਵਿਚ ਆਉਂਦੀ ਹੈ ਜੋ ਸੰਵੇਦਨ ਸ਼ੀਲਤਾ ਪਖੋਂ ਬੇ ਹੱਦ ਜੋਖਿਮ ਭਰਿਆ ਖੇਤਰ ਹੈ।ਦਿੱਲੀ ਸਰਕਾਰ ਨੇ ਲੱਗ ਭੱਗ ਇੱਕ ਦਹਾਕਾ ਪਹਿਲਾਂ ਸੰਕਟ ਮਈ ਹਾਲਤਾਂ ਨਾਲ ਨਿਪਟਣ ਦੀ ਦਿਸ਼ਾ ਵਿਚ ਮਹੱਤਵਪੂਰਨ ਇਮਾਰਤਾਂ ਨੂੰ ਝਟਕੇ ਬਰਦਾਸ਼ਤ ਕਰਨ ਦੇ ਦ੍ਰਿਸ਼ਟੀਕੋਣ ਤੋਂ ਤਿਆਰ ਕਰਨ ਦਾ ਨਿਰਣਾ ਲਿਆ ਸੀ।ਸੂਤਰਾਂ ਮੁਤਾਬਿਕ ਅਜੇ ਤੱਕ ਕੇਵਲ ਤਿੰਨ ਚਾਰ ਇਮਾਰਤਾਂ ਨੂੰ ਹੀ ਭੂਚਾਲ ਰੋਧਕ ਹੋਣ ਦੇ ਯੋਗ ਬਣਾਇਆ ਜਾ ਸਕਿਆ ਹੈ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡੀ ਡੀ ਐਮ ਏ ਦੀ ਮੌਜੂਦਾ ਰਿਪੋਰਟ ਕਿਹੋ ਜਿਹੇ ਅੰਕੜਿਆਂ ਨਾਲ ਭਰੀ ਹੋਵੇਗੀ।ਰਿਪੋਰਟ ਅਨੁਸਾਰ ਭੂਚਾਲ ਦਾ ਇੱਕ ਚੱਕਰ ਹੁੰਦਾ ਹੈ ।ਜੇਕਰ ਭਾਰਤ ਅੰਦਰਲੇ ਭੂਚਾਲ ਚੱਕਰਾਂ ਵਲ ਨਜਰ ਮਾਰੀਏ ਤਾਂ ਦਿੱਲੀ ਖੇਤਰ ਅੰਦਰ 1999 ਦੇ ਬਾਅਦ ਤੋਂ ਭੂਚਾਲ ਦਾ ਇੱਕ ਚੱਕਰ ਆਉਣਾ ਬਾਕੀ ਹੈ।ਇਹ ਆਗਾਮੀ 70 ਸਾਲ ਦੇ ਅਰਸੇ ਦੌਰਾਨ ਕਦੇ ਵੀ ਆ ਸਕਦਾ ਹੈ।ਛੋਟੇ ਝਟਕੇ ਸੰਕਟ ਨੂੰ ਟਾਲ ਰਹੇ ਹਨ ਖਤਮ ਨਹੀਂ ਕਰ ਰਹੇ।ਭੂਚਾਲ ਚੱਕਰ ਕੀ ਹੈ?ਹਿਮਾਂਸ਼ੂ ਠੱਕਰ ਦਾ ਇਸ ਸਬੰਧੀ ਕਹਿਣਾ ਹੈ ਕਿ,"ਜੇਕਰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਇਸ ਇਲਾਕੇ ਵਿਚ 7।8 ਮੈਗਨੀਚਿਉਡ ਤੀਬਰਤਾ ਦਾ ਭੂਚਾਲ ਆਉਣਾ ਹੈ ਅਤੇ ਇਸ ਦੀ ਥਾਂ 4 ਮੈਗਨੀਚਿਉਡ ਦੇ ਭੂਚਾਲੀ ਝਟਕੇ ਆ ਰਹੇ ਹਨ ਤਾਂ ਅਜਿਹੇ ਬਹੁਤ ਸਾਰੇ ਭੂਚਾਲ ਆਉਣੇ ਬਾਕੀ ਹਨ।ਇਸ ਵਰਤਾਰੇ ਨੂੰ ਨੇਪਾਲ ਵਿਚ ਆਏ ਭੂਚਾਲ ਦੇ ਸੰਧਰਭ ਵਿਚ ਰਖ ਕੇ ਸਮਝਿਆ ਜਾ ਸਕਦਾ ਹੈ।ਨੇਪਾਲ ਵਿਚ 8।5 ਮੈਗਨੀਚਿਉਡ ਦਾ ਭੂਚਾਲ ਆਉਣਾ ਸੀ ਜਦੋਂ ਕਿ ਉਥੇ ਇਸ ਸਾਲ ਅਪ੍ਰੈਲ ਮਹੀਨੇ 7।8 ਤੀਬਰਤਾ ਦਾ ਭੂਚਾਲ ਆਇਆ ਸੀ।ਇਸ ਦਾ ਮਤਲਬ ਇਹ ਹੈ ਕਿ ਉਥੇ ਧਰਤੀ ਦੇ ਹੇਠ ਬਣੇ ਹੋਏ ਦਬਾਅ ਨੂੰ ਬਾਹਰ ਨਿਕਲਣ ਲਈ ਅਜੇ 7।9 ਦੀ ਤੀਬਰਤਾ ਵਾਲੇ ਘੱਟੋ ਘੱਟ 10 ਭੂਚਾਲ ਆ ਸਕਦੇ ਹਨ।ਜੇਕਰ ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਛੋਟੇ ਭੂਚਾਲ ਦੇ ਝਟਕੇ ਵੱਡੇ ਭੂਚਾਲ ਦੇ ਝਟਕਿਆਂ ਨੂੰ ਸਥਾਨਤਰਿਤ ਨਹੀਂ ਕਰ ਸਕਦੇ।"ਭੂਚਾਲ ਦੇ ਮਾਮਲੇ ਵਿਚ ਦਿੱਲੀ ਹੀ ਨਹੀਂ ਭਾਰਤ ਦਾ ਜ਼ਿਆਦਾਤਰ ਹਿੱਸਾ ਅਤਿ ਸੰਵੇਦਨਸ਼ੀਲ ਹੈ।ਮਾਹਿਰਾਂ ਦਾ ਮਨਣਾ ਹੈ ਕਿ ਜੇਕਰ 6 ਮੈਗਨੀਚਿਉਡ ਤੀਬਰਤਾ ਦਾ ਭੂਚਾਲ ਆਉਂਦਾ ਹੈ ਤਾਂ ਭਾਰਤ ਦਾ 70 ਫੀਸਦੀ ਹਿੱਸਾ ਨੁਕਸਾਨ ਗ੍ਰਸਤ ਹੋ ਸਕਦਾ ਹੈ ਅਤੇ ਇਸੇ ਤੀਬਰਤਾ ਵਾਲੇ ਭੂਚਾਲ ਨਾਲ ਦਿੱਲੀ ਖੇਤਰ ਦੇ 80 ਲਖ ਲੋਕ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ।ਐਨ ਡੀ ਐਮ ਏ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਦੇ 24 ਮੈਟਰੋ ਸ਼ਹਿਰਾਂ ਚੋਂ 7 ਜਿਹਨਾਂ ਦੀ ਆਬਾਦੀ ਦੋ ਲਖ ਤੋਂ ਜ਼ਿਆਦਾ ਹੈ,ਭੂਚਾਲ ਖੇਤਰ -4 ਦੇ ਅੰਤਰਗਤ ਆਉਂਦੇ ਹਨ ਜਿਹਨਾਂ ਵਿਚ ਦਿੱਲੀ, ਪਟਨਾ, ਠਾਣੇ ,ਲੁਧਿਆਣਾ ,ਅਮ੍ਰਿਤਸਰ ,ਮੇਰਠ ਅਤੇ ਫਰੀਦਾਵਾਦ ਸ਼ਾਮਿਲ ਹਨ।ਖਾਸ ਕਰ ਕੇ ਦਿੱਲੀ ਦੇ ਟ੍ਰਾਂਸ-ਯਮੁਨਾ ਇਲਾਕੇ ਦੀ ਮਿੱਟੀ ਜਲੋੜ ਕਿਸਮ ਦੀ ਹੋਣ ਕਾਰਨ ਉਥੇ ਭੂਚਾਲੀ ਝਟਕੇ ਬਰਦਾਸ਼ਤ ਕਰਨ ਦੀ ਸ਼ਕਤੀ ਹੋਰ ਵੀ ਘਟ ਜਾਂਦੀ ਹੈ।ਇਸ ਤੋਂ ਵੀ ਖਤਰਨਾਕ ਹੈ ਇਸ ਇਲਾਕੇ ਦਾ ਬੇਹੱਦ ਸੰਘਣੀ ਆਬਾਦੀ ਵਾਲਾ ਹੋਣਾ।ਇਸ ਇਲਾਕੇ ਦੇ ਜ਼ਿਆਦਾਤਰ ਮਕਾਨ ਝਟਕੇ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਹਨ,ਜਿਸ ਕਰਕੇ ਇਥੇ ਜਾਨ ਮਾਲ ਦੀ ਹਾਨੀ ਜ਼ਿਆਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।ਸੁਪਰੀਮ ਕੋਰਟ ਦੇ ਇੱਕ ਆਦੇਸ਼ ਅਨੁਸਾਰ ਪੰਜ ਮੰਜ਼ਲਾਂ ਜਾ ਇਸ ਤੋਂ ਵਧ ਵਾਲੀਆਂ ਇਮਾਰਤਾਂ ਅਤੇ ਸੌ ਤੋਂ ਵੱਧ ਆਬਾਦੀ ਵਾਲੀ ਹਾਉਸਿੰਗ ਸੁਸਾਇਟੀ ਅੰਦਰ ਭੂਚਾਲ ਰੋਧਕ ਪਲੇਟ ਦਾ ਇਸਤੇਮਾਲ ਜ਼ਰੂਰੀ ਕਰਨ ਦੇ ਬਾਵਯੂਦ ਇਸ ਦੀ ਵਰਤੋ ਨਾ ਮਾਤਰ ਕੀਤੀ ਜਾਂਦੀ ਹੈ।ਸਾਡੇ ਦੇਸ਼ ਵਿਚ ਇਮਾਰਤਸਾਜ ਗੁਣਵਤਾ ਨਾਲੋਂ ਮੁਨਾਫ਼ੇ ਨੂੰ ਤਰਜੀਹ ਦਿੰਦੇ ਹਨ।ਇਮਾਰਤਾਂ ਦੇ ਕਚ ਪੱਕ ਤੋਂ ਇਲਾਵਾ ਭੂਚਾਲ ਵਰਗੇ ਸੰਕਟ ਨਾਲ ਨਿਪਟਣ ਵਾਲੇ ਸਿਖਲਾਈ ਯਾਫਤਾ ਲੋਕਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ।ਇਹਨਾਂ ਪ੍ਰਸਥਿਤੀਆਂ ਦੌਰਾਨ ਦੇਹਰਾਦੂਨ ਸਥਿਤ "ਵਾਡਿਆ ਇੰਸਟੀਚਿਉਡ ਆਫ ਹਿਮਾਚਲ ਜਿਆਲੋਜੀ"ਦਾ ਇਹ ਦਾਅਵਾ ਸੰਭਾਵੀ ਭੂਚਾਲਾਂ ਸਬੰਧੀ ਚਿੰਤਾ ਵਿਚ ਵਾਧਾ ਕਰਨ ਵਾਲਾ ਹੈ ਕਿ ਹਿਮਾਚਲ ਖੇਤਰ ਦੀ ਟੈਕਟਾਨਿਕ ਪਲੇਟ 1ਸੈਂਟੀ ਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਯੂਰੇਸ਼ਿਆਈ ਪਲੇਟ ਵਲ ਸਰਕ ਰਹੀ ਹੈ।ਹੈਰਾਨੀ ਅਤੇ ਦੁਖ ਦੀ ਗੱਲ ਹੈ ਕਿ ਦੇਸ਼ ਦੇ ਹਾਕਮ ਲੋਕਾ ਦੇ ਜਾਨ ਮਾਲ ਨਾਲ ਸਬੰਧਿਤ ਇਸ ਗੰਭੀਰ ਮਾਮਲੇ ਵੱਲੋਂ ਅੱਖਾਂ ਮੀਚੀ ਬੈਠੇ ਹਨ।ਯੂਰਪੀਆਈ ਦੇਸ਼ਾਂ ਸਮੇਤ ਅਮਰੀਕਾ ,ਜਪਾਨ,ਚੀਨ,ਰੂਸ,ਆਸਟਰੇਲੀਆ ਅਤੇ ਨਿਊਜੀਲੈਂਡ ਆਦਿ ਅਨੇਕਾਂ ਦੇਸ਼ ਹਨ ਜਿਥੋਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਦੇਸ਼ਾਂ ਅੰਦਰ ਇਹੋ ਜਿਹਾ ਅਧਾਰ ਢਾਂਚਾ ਵਿਕਸਤ ਕੀਤਾ ਹੋਇਆ ਹੈ ਜਿਸ ਦੀ ਵਜਾਹ ਨਾਲ ਹਰ ਪ੍ਰਕਾਰ ਦੀ ਕੁਦਰਤੀ ਅਤੇ ਗੈਰ ਕੁਦਰਤੀ ਆਫਤ ਸਮੇਂ ਘੱਟ ਤੋਂ ਘੱਟ ਜਾਨੀ ਅਤੇ ਮਾਲੀ ਨੁਕਸਾਨ ਹੋਵੇ।ਸਮਝ ਨਹੀਂ ਆਉਂਦੀ ਕਿ ਭਾਰਤੀ ਹਾਕਮ ਕਿਹੜੀਆਂ ਪ੍ਰਾਪਤੀਆ ਦੇ ਦਮ ਤੇ ਭਾਰਤ ਨੂੰ ਦੁਨੀਆਂ ਦੀਆਂ ਮਹਾਂ ਸ਼ਕਤੀਆਂ ਵਿਚ ਸ਼ਾਮਿਲ ਕਰਨ ਦੇ ਖੁਆਬ ਦੇਖ ਰਹੇ ਹਨ।ਜੇਕਰ ਇਹ ਕਹਿ ਲਿਆ ਜਾਵੇ ਕਿ ਸਾਡੇ ਦੇਸ਼ ਦੇ ਲੋਕ ਅਤੇ ਹਾਕਮ ਸੱਪ ਨਿਕਲਣ ਬਾਅਦ ਲਕੀਰਾਂ ਕੁੱਟਣ ਦੇ ਹਾਮੀ ਹਨ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੋਵੇਗੀ।ਸੰਪਰਕ: 0061 469 976214