ਭਾਰਤ ’ਚ ਵੀਆਈਪੀ ਸੱਭਿਆਚਾਰ ਜਗੀਰੂ ਮਾਨਸਿਕਤਾ ਦੀ ਦੇਣ -ਨਰੇਂਦਰ ਦੇਵਾਂਗਨ
Posted on:- 26-07-2015
ਪਿਛਲੇ ਦਿਨਾਂ ’ਚ ਮੁੰਬਈ ਤੋਂ ਅਮਰੀਕਾ ਜਾਣ ਵਾਲੇ ਜਹਾਜ਼ ਅਤੇ ਲੇਹ ਤੋਂ ਉਡਣ ਵਾਲੇ ਜਹਾਜ਼ ਨੇ ਦੇਰੀ ਨਾਲ ਉਡਾਨ ਭਰੀ। ਲੇਹ ਤੋਂ ਉਡਾਨ ਭਰਨ ਵਾਲੇ ਜਹਾਜ਼ ਤੋਂ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਥਾਂ ਦੇਣ ਲਈ ਤਿੰਨ ਲੋਕਾਂ ਨੂੰ ਉਤਾਰਿਆ ਵੀ ਗਿਆ। ਅਮਰੀਕਾ ਜਾਣ ਵਾਲੇ ਜਹਾਜ਼ ਦੀ ਦੇਰੀ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜ਼ਿੰਮੇਵਾਰ ਮੰਨਿਆ ਗਿਆ, ਪਰ ਉਨ੍ਹਾਂ ਨੇ ਇਸ ਦੋਸ਼ ਤੋਂ ਸਾਫ਼ ਇਨਕਾਰ ਕੀਤਾ ਹੈ। ਰਿਜੀਜੂ ਨੇ ਇਸ ਘਟਨਾ ’ਤੇ ਅਫਸੋਸ ਕੀਤਾ ਅਤੇ ਲੋਕਾਂ ਨੂੰ ਉਤਾਰੇ ਜਾਣ ’ਤੇ ਆਪਣੀ ਅਣਜਾਣਤਾ ਪ੍ਰਗਟਾਈ ਹੈ। ਸਵਾਲ ਇਹ ਹੈ ਕਿ ਕੀ ਜਹਾਜ਼ ਦੀ ਉਡਾਨ ’ਚ ਦੇਰੀ ਲਈ ਸੱਤਾ ਦਾ ਮਾਣ ਜ਼ਿੰਮੇਵਾਰ ਹੈ?
ਸੱਤਾ ਪ੍ਰਾਪਤ ਕਰਨ ਤੋਂ ਬਾਅਦ ਵਿਅਕਤੀ ’ਚ ਹੰਕਾਰ ਆ ਜਾਂਦਾ ਹੈ। ਭਾਸ਼ਣਾਂ ’ਚ ਭਾਵੇਂ ਮੰਤਰੀ ਖੁਦ ਨੂੰ ਜਨਤਾ ਦਾ ਸੇਵਕ ਦੱਸਦੇ ਰਹਿਣ ਪਰ ਅਸਲ ’ਚ ਉਹ ਕੀ-ਕੀ ਕਰਦੇ ਹਨ, ਇਸ ਦੀਆਂ ਦੋ ਉਦਾਹਰਣਾਂ ਸਾਹਮਣੇ ਆਈਆਂ ਹਨ। ਏਅਰ ਇੰਡੀਆ ਦੀ ਕੌਮਾਂਤਰੀ ਉਡਾਨ ਰਾਹੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਮੁੰਬਈ ਤੋਂ ਅਮਰੀਕਾ ਜਾਣਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਨੇ ਵੀ ਯਾਤਰਾ ਕਰਨੀ ਸੀ। ਪ੍ਰਮੁੱਖ ਸਕੱਤਰ ਜਲਦਬਾਜ਼ੀ ’ਚ ਯਾਤਰਾ ਨਾਲ ਸਬੰਧਤ ਜ਼ਰੂਰੀ ਕਾਗਜ਼ਾਤ ਘਰ ਹੀ ਭੁੱਲ ਆਏ।
ਪ੍ਰਮੁੱਖ ਸਕੱਤਰ ਦੀ ਇਸ ਅਸਾਵਧਾਨੀ ਨਾਲ ਸਹਿਜੇ ’ਚ ਲੈਂਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਦੇ ਹੋਏ ਜਹਾਜ਼ ਨੂੰ ਇਕ ਘੰਟਾ ਪੰਜਾਹ ਮਿੰਟ ਤੋਂ ਵੀ ਵੱਧ ਸਮੇਂ ਤੱਕ ਰੋਕੀ ਰੱਖਿਆ। ਜਹਾਜ਼ ’ਚ ਬੈਠੇ 250 ਯਾਤਰੀ ਪ੍ਰੇਸ਼ਾਨ ਹੁੰਦੇ ਰਹੇ, ਪਰ ਮੁੱਖ ਮੰਤਰੀ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਜਦੋਂ ਪ੍ਰਮੁੱਖ ਸਕੱਤਰ ਯਾਤਰਾ ਨਾਲ ਸਬੰਧਤ ਕਾਗਜ਼ਾਤ ਲੈ ਕੇ ਹਵਾਈ ਅੱਡੇ ’ਤੇ ਪਹੁੰਚੇ ਤਾਂ ਉਸ ਤੋਂ ਬਾਅਦ ਜਹਾਜ਼ ਨੇ ਉਡਾਨ ਭਰੀ।
ਵੀਵੀਆਈਪੀ ਸਭਿਆਚਾਰ ਦੀ ਦੂਜੀ ਉਦਾਹਰਣ ਲੇਹ ਹਵਾਈ ਅੱਡੇ ’ਤੇ ਦੇਖਣ ਨੂੰ ਮਿਲੀ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਅਤੇ ਉਨ੍ਹਾਂ ਦੀ ਟੀਮ ਦੇ ਦੋ ਮੈਂਬਰਾਂ ਨੂੰ ਥਾਂ ਮੁਹੱਈਆ ਕਰਵਾਉਣ ਲਈ ਜਹਾਜ਼ ’ਚ ਬੈਠੇ ਭਾਰਤੀ ਹਵਾਈ ਫੌਜ ਦੇ ਅਧਿਕਾਰੀ, ਉਨ੍ਹਾਂ ਦੀ ਪਤਨੀ ਅਤੇ ਬੱਚੇ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਗਿਆ। ਇਹ ਜਹਾਜ਼ ਵੀ ਏਅਰ ਇੰਡੀਆ ਦਾ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੋਰਡਿੰਗ ਪਾਸ ਜਾਰੀ ਹੋ ਚੁੱਕਾ ਸੀ ਅਤੇ ਉਸ ਤੋਂ ਬਾਅਦ ਉਹ ਜਹਾਜ਼ ’ਚ ਬੇਠੇ ਸਨ। ਇਸ ਵਾਰ ਵੀ ਜਹਾਜ਼ ਪੰਜਾਹ ਮਿੰਟ ਤੋਂ ਵੱਧ ਸਮੇਂ ਤੱਕ ਰੋਕਿਆ ਗਿਆ।
ਮੰਤਰੀਆਂ ਵੱਲੋਂ ਆਪਣੇ ਬਚਾਅ ਲਈ ਭਾਵੇਂ ਕੁਝ ਵੀ ਤਰਕ ਦਿੱਤੇ ਜਾਣ ਪਰ ਜਿਸ ਤਰ੍ਹਾਂ ਦਾ ਮਾਣ ਇਨ੍ਹਾਂ ਦੋ ਆਗੂਆਂ ਦੁਆਰਾ ਦਿਖਾਇਆ ਗਿਆ, ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਸੇਵਕ ਦੀ ਰੀਤੀ-ਨੀਤੀ ਦਾ ਪਾਲਣ ਕਰ ਰਹੇ ਹਨ। ਅਜਿਹਾ ਤਾਂ ਅੰਗਰੇਜ਼ਾਂ ਦੇ ਸਮੇਂ ਹੁੰਦਾ ਸੀ। ਲੋਕਾਂ ਨੂੰ ਇਸ ਤੋਂ ਕੁਝ ਲੈਣਾ-ਦੇਣਾ ਨਹੀਂ ਕਿ ਕਿਹੜਾ ਮੰਤਰੀ ਸੱਤਾ ਦਾ ਆਨੰਦ ਮਾਣ ਰਿਹਾ ਹੈ ਅਤੇ ਕਿਹੜਾ ਸੱਤਾ ਦੇ ਨਸ਼ੇ ’ਚ ਚੂਰ ਹੈ। ਲੋਕ ਤਾਂ ਇਹ ਵੀ ਨਹੀਂ ਚਾਹੁੰਦੇ ਕਿ ਮੰਤਰੀ ਉਨ੍ਹਾਂ ਦੀ ਸੇਵਾ ਕਰਨ ਪਰ ਘੱਟੋ-ਘੱਟ ਸੱਤਾ ਦਾ ਆਨੰਦ ਲੈਂਦਿਆਂ ਉਹ ਅਜਿਹਾ ਕੰਮ ਨਾ ਕਰਨ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ। ਇਸ ਤਰ੍ਹਾਂ ਦਾ ਵੀਆਈਪੀ ਸਭਿਆਚਾਰ ਸਿਰਫ਼ ਭਾਰਤ ’ਚ ਹੀ ਹੈ, ਹੋਰ ਕਿਸੇ ਦੇਸ਼ ’ਚ ਨਹੀਂ। ਇਸ ਵੀਆਈਪੀ ਸਭਿਆਚਾਰ ਦੀ ਵਜ੍ਹਾ ਹੈ ਸਾਡੇ ਦੇਸ਼ ’ਚ ਜਗੀਰੂ ਮਾਨਸਿਕਤਾ ਦੀ ਜਕੜ ਦਾ ਹਾਲੇ ਵੀ ਮਜ਼ਬੂਤ ਹੋਣਾ। ਇਸ ਮਾਨਸਿਕਤਾ ਤੋਂ ਇਹ ਮੰਨ ਲਿਆ ਜਾਂਦਾ ਹੈ ਕਿ ਆਮ ਆਦਮੀ ਦੇ ਅਧਿਕਾਰਾਂ ਦਾ ਵੀਆਈਪੀ ਦੇ ਮੁਕਾਬਲੇ ਕੋਈ ਮੁੱਲ ਨਹੀਂ ਅਤੇ ਉਸ ਦੀ ਅਣਦੇਖੀ ਕੀਤੀ ਜਾ ਸਕਦੀ ਹੈ। ਦੁਨੀਆ ਦੇ ਦੂਜੇ ਹਿੱਸਿਆਂ ਵਿਚ ਅਜਿਹਾ ਕੀਤਾ ਜਾਣਾ ਸੰਭਵ ਨਹੀਂ ਹੈ। ਦੂਜੇ ਦੇਸ਼ਾਂ ਵਿਚ ਕਈ ਹਵਾਈ ਅੱਡਿਆਂ ’ਤੇ ਵਿਸ਼ੇਸ਼ ਸਹੂਲਤ ਲਈ ਲਾਊਂਜ਼ ਬਣਾ ਦਿੱਤੇ ਜਾਂਦੇ ਹਨ, ਜਿਸ ਨਾਲ ਤੁਸੀਂ ਭੁਗਤਾਨ ਕਰਕੇ ਉਸ ਸਹੂਲਤ ਦਾ ਲਾਭ ਸਕਦੇ ਹੋ।
ਅਜਿਹਾ ਵੀਆਈਪੀ ਸਭਿਆਚਾਰ ਭਾਰਤ ਨੂੰ ਅੱਗੇ ਨਹੀਂ ਵਧਣ ਦੇਵੇਗਾ। ਭਾਰਤ ’ਚ ਇਹ ਪਹਿਲੀ ਵਾਰ ਨਹੀਂ ਹੋਇਆ। ਕਈ ਵਾਰ ਸਿੱਧੇ ਤੌਰ ’ਤੇ ਵੀਆਈਪੀ ਨੂੰ ਪਹਿਲ ਦੇਣ ਲਈ ਜਹਾਜ਼ ਜਾਂ ਰੇਲ ਗੱਡੀਆਂ ਲੇਟ ਕੀਤੀਆਂ ਜਾਂਦੀਆਂ ਹਨ ਅਤੇ ਕਈ ਵਾਰ ਅਸਿੱਧੇ ਤੌਰ ’ਤੇ ਲੇਟ ਕੀਤੇ ਜਾਂਦੇ ਹਨ। ਥੋੜ੍ਹੀ ਜਿਹੀ ਯੋਜਨਾਬੰਦੀ, ਦੂਰਦਰਸ਼ੀ ਅਤੇ ਕੁਝ ਉਪਾਵਾਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਉਦਾਹਰਣ ਲਈ ਅਮਰੀਕਾ ’ਚ ਰਾਸ਼ਟਰਪਤੀ ਦੇ ਜਹਾਜ਼ ਲਈ ਵੱਖਰਾ ਹਵਾਈ ਅੱਡਾ ਬਣਾਇਆ ਗਿਆ ਹੈ। ਇਸ ਲਈ ਉਸ ਕਾਰਨ ਕਿਸੇ ਹੋਰ ਉਡਾਨ ’ਚ ਰੁਕਾਵਟ ਦਾ ਖ਼ਦਸ਼ਾ ਨਹੀਂ ਰਹਿੰਦਾ। ਇਸੇ ਤਰ੍ਹਾਂ ਜਹਾਜ਼ ’ਚ ਦੋ ਸੀਟਾਂ ਰਾਖਵੀਆਂ ਰੱਖੀਆਂ ਜਾ ਸਕਦੀਆਂ ਹਨ, ਜੋ ਕਿ ਆਖਰੀ ਸਮੇਂ ਰਿਲੀਜ਼ ਕੀਤੀਆਂ ਜਾਣ। ਇਸੇ ਤਰ੍ਹਾਂ ਦੇ ਕੁਝ ਹੋਰ ਉਪਾਅ ਸੋਚੇ ਜਾਣੇ ਚਾਹੀਦੇ ਹਨ। ਇਸ ਲਈ ਸਭ ਤੋਂ ਪਹਿਲਾ ਕਦਮ ਇਹ ਹੋਵੇਗਾ ਕਿ ਵੀਆਈਪੀਜ਼ ਸਭਿਆਚਾਰ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਨੀਤੀਗਤ ਸੰਕਲਪ ਲਿਆ ਜਾਵੇ। ਫਿਰ ਇਸ ਤੋਂ ਬਚਣ ਦੇ ਉਪਾਅ ਖੁਦ ਨਜ਼ਰ ਆਉਣ ਲੱਗਣਗੇ।
ਇਸ ਸਮੱਸਿਆ ਦੇ ਹੱਲ ਲਈ ਇਕ ਰਸਤਾ ਇਹ ਵੀ ਹੈ ਕਿ ਲੋਕਾਂ ’ਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਮੀਡੀਆ ਇਸ ਮੁੱਦੇ ਨੂੰ ਸਰਗਰਮੀ ਨਾਲ ਚੁੱਕੇ। ਇਸ ਦੇ ਖ਼ਿਲਾਫ਼ ਰਾਏਸ਼ੁਮਾਰੀ ਤਿਆਰ ਕਰੇ। ਲੋਕ ਖੁਸ਼ੀ ਨਾਲ ਕਿਸੇ ਸਨਮਾਨਿਤ ਦੇਸੀ ਜਾਂ ਵਿਦੇਸ਼ੀ ਵਿਅਕਤੀ ਲਈ ਖੁਦ ਜਗ੍ਹਾ ਦੇਣ, ਉਹ ਤਾਂ ਸਮਝਿਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਨਾਲ ਜ਼ੋਰ-ਜ਼ਬਰਦਸਤੀ ਕਰਨਾ ਤਾਂ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਅਤੇ ਲੋਕਤੰਤਰ ਦਾ ਮਜ਼ਾਕ ਉਡਾਉਣਾ ਹੈ।