ਸੁਸ਼ਮਾ ਸਵਰਾਜ ਦੀ ‘ਮਾਨਵਤਾ’ ਦੇ ਬਹਾਨੇ ਭਾਜਪਾ ਦੇ ਸਿਧਾਂਤ ਦੀ ਗੱਲ - ਰਣਜੀਤ ਲਹਿਰਾ
Posted on:- 23-07-2015
ਬੀਬੀ ਸੁਸ਼ਮਾ ਸਵਰਾਜ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਦੀ ਵਿਦੇਸ਼ ਮੰਤਰੀ ਹੀ ਨਹੀਂ ਸਗੋਂ ਜਨਤਾ ਪਾਰਟੀ ਦੇ ਸੱਭ ਤੋਂ ਘਾਗ ਅਤੇ ਸੀਨੀਅਰ ਲੀਡਰਾਂ ਵਿੱਚੋਂ ਇੱਕ ਹੈ ਅਤੇ ਸੰਨ 2014 ਦੀਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਦਿਨਾਂ ਤੱਕ ਭਾਜਪਾ ਦੇ ਉਗਲਾਂ ’ਤੇ ਗਿਣੇ ਜਾਣ ਵਾਲੇ ‘ਪੀ-ਐਮ. ਇੰਨ ਵੇਟਿੰਗ ਦੇ ਦਾਅਵੇਦਾਰਾਂ ਵਿੱਚ ਸ਼ੁਮਾਰ ਰਹੀ ਹੈ। ਉਸਨੂੰ ਭਾਜਪਾ ਦੀ ਫਾਇਰ ਬਰਾਂਡ ਆਗੂ ਵੀ ਕਿਹਾ ਜਾਂਦਾ ਹੈ। ਵਿਰੋਧੀ ਪਾਰਟੀਆਂ ਤੇ ਉਨ੍ਹਾਂ ਦੇ ਵੱਡੇ ਵੱਡੇ ਲੀਡਰਾਂ ਦੇ ਪੋਤੜੇ ਫਰੋਲਣ, ਕੰਨ ਕੁਤਰਣ ਅਤੇ ਟੁਣਕਦੀ ਆਵਾਜ਼ ਵਿੱਚ ਕੰਨਾਂ ਦੇ ਕੀੜੇ ਕੱਢਣ ਦੀ ਸਮਰੱਥਾ ਕਾਰਨ ਉਹ ਪਿਛਲੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਅਹੁਦੇ ’ਤੇ ਵੀ ਬਿਰਾਜ਼ਮਾਨ ਰਹੀ ਹੈ। ਪਰ ਹੁਣ ਇਹ ਬੀਬੀ ਖ਼ੁਦ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਹੈ ਅਤੇ ਨਾ ਸਿਰਫ਼ ਇਸ ਨੂੰ ਆਪਣੇ ਬਚਾ ਲਈ ਕੋਈ ਦਲੀਲ ਨਹੀਂ ਲੱਭ ਰਹੀ ਹੈ ਸਗੋਂ ਭਾਜਪਾ ਦੀ ਹਾਲਤ ਵੀ ‘ਚੋਰ ਦੀ ਮਾਂ ਆਲੇ ’ਚ ਮੂੰਹ ਵਾਲੀ’ ਬਣੀ ਪਈ ਹੈ।
ਲੰਡਨ ਤੋਂ ਛਪਦੇ ‘ਸੰਡੇ ਟਾਈਮਜ਼’ ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼ਸ਼ਮਾ ਸਵਰਾਜ ਵੱਲੋਂ ਕ੍ਰਿਕਟ ਦੀ ‘ਇੰਡੀਆ ਪ੍ਰੀਮੀਅਰ ਲੀਗ’ (ਆਈ. ਪੀ. ਐਲ) ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਕਾਨੂੰਨੋਂ ਬਾਹਰੀ ਮੱਦਦ ਕਰਨ ਬਾਰੇ ਛਾਪੀਆਂ ਚਾਰ ਲਾਈਨਾਂ ਨੇ ਨਾ ਸਿਰਫ਼ ਭਾਰਤ ਦੀ ਸਿਆਸਤ ਵਿੱਚ ਭੁਚਾਲ ਲਿਆਂਦਾ ਹੈ ਸਗੋਂ ‘ਛਪੰਜਾਂ ਇੰਚ ਸੀਨੇ’ ਵਾਲੇ ਪ੍ਰਧਾਨ ਮੰਤਰੀ ਮੋਦੀ ਤੱਕ ਦੀ ਬੋਲਤੀ ਬੰਦ ਕਰ ਦਿੱਤੀ ਹੈ। ਖ਼ਬਰ ਨਸ਼ਰ ਹੋਈ ਨੂੰ ਅਤੇ ਲਲਿਤ ਮੋਦੀ-ਸੁਸ਼ਮਾ ਸਵਰਾਜ ਦੇ ਸਬੰਧਾਂ ਦੀ ਖਿੱਦੋ ਦੀਆਂ ਲੀਰਾਂ ਨੂੰ ਹੋਰ ਤੋਂ ਹੋਰ ਉਧੜਦੀਆਂ ਨੂੰ ਦੋ ਹਫ਼ਤੇ ਹੋ ਚੱਲੇ ਹਨ। ਪਰ ਪ੍ਰਧਾਨ ਮੰਤਰੀ ਦਾ ਮੋਨ ਨਹੀਂ ਟੁੱਟਿਆ ਉਹ ਡੁੰਨ ਵੱਟਾ ਬਣਿਆ ਬੈਠਾ ਹੈ।
‘ਸੰਡੇ ਟਾਈਮਜ਼’ ਅਨੁਸਾਰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀ ਕਾਨੂੰਨ ਅਤੇ ਸਰਕਾਰ ਦੀਆਂ ਨਜ਼ਰਾਂ ਇੱਕ ਘੁਟਾਲੇਬਾਜ਼ ਅਤੇ ਭਗੌੜੇ ਮੁਜ਼ਰਿਮ ਲਲਿਤ ਮੋਦੀ ਨੂੰ (ਜਿਹੜਾ ਲੰਡਨ ਵਿੱਚ ਸ਼ਰਨ ਲਈ ਬੈਠਾ ਹੈ) ਪੁਰਤਗਾਲ ਜਾਣ ਲਈ ਪਾਸਪੋਰਟ ਦਿਵਾਉਣ ਵਿੱਚ ਕਾਨੂੰਨੋਂ ਬਾਹਰੀ ਮੱਦਦ ਕੀਤੀ ਹੈ। ਸੁਸ਼ਮਾ ਸਵਰਾਜ ਨੇ ਬਰਤਾਨਵੀ ਅਧਿਕਾਰੀਆਂ ਨੂੰ ਲਲਿਤ ਮੋਦੀ ਦੀ ਮੱਦਦ ਦੀ ਸਿਫ਼ਾਰਸ਼ ਕੀਤੀ ਸੀ। ਇਹ ਉਹੋ ਲਲਿਤ ਮੋਦੀ ਹੈ ਜਿਹੜਾ ਕਿਸੇ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਪ੍ਰਬੰਧਕਾਂ ਵਿੱਚ ਧਰੂ ਤਾਰੇ ਵਾਂਗ ਚਮਕਦਾ ਸੀ ਤੇ ਜਿਸਨੇ 2007 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਬਣਾਕੇ ਕਰੋੜਾਂ ਤੋਂ ਖ਼ਰਬਾਂ ਰੁਪਏ ਦੀ ਸੋਨੇ ਦੀ ਖਾਣ ਬਣਾ ਕੇ ‘ਮਾਣ’ ਖੱਟਿਆ ਸੀ। ਮੁੜ ਗਲੈਮਰ, ਲਾਲਸਾ ਅਤੇ ਪੈਸੇ ਦੀ ਖੇਡ ’ਚ ਘਪਲਾ ਤੇ ਘਪਲਾ ਕਰਦਿਆਂ ਆਪਣੇ ਹੱਥੀਂ ਆਪਣਾ ‘ਮੂੰਹ ਕਾਲਾ’ ਕੀਤਾ ਸੀ। ਲਲਿਤ ਮੋਦੀ ਦੀ ਅਗਵਾਈ ’ਚ ਆਈ.ਪੀ.ਐਲ. ਪਹਿਲੇ ਦਿਨ ਤੋਂ ਹੀ ਵਿਵਾਦਾਂ ਦੇ ਘੇਰੇ ’ਚ ਘਿਰਦੀ ਗਈ, ਕਦੇ ‘ਚੀਅਰ ਲੀਡਰਜ਼’ ਦੇ ਅੱਧ-ਨੰਗੇ ਨਾਚ ਕਾਰਨ, ਕਦੇ ਖਿਡਾਰੀਆਂ ਦੇ ਵੇਚ-ਵੱਟ ਕਾਰਨ, ਕਦੇ ਫਰੈਂਚਾਈਜ਼ ਨੂੰ ਉੱਪਰ ਥੱਲੇ ਕਰ ਕੇ ਲਾਭ ਦੇਣ ਲਈ, ਕਦੇ ਮੈਚ-ਵੈਟ ਫਿਕਸਿੰਗ ਕਰਨਾ। ਸੋਹਰਤ, ਸਿਆਸਤ ਤੇ ਪੈਸੇ ਦੀ ਖੇਡ ਵਿੱਚ ਲਲਿਤ ਮੋਦੀ ਨੂੰ ‘ਨਾਇਕ’ ਤੋਂ ‘ਖ਼ਲਨਾਇਕ’ ਬਣਦਿਆਂ ਦੇਰ ਨਾ ਲੱਗੀ ਅਤੇ ਉਹ ਸੈਂਕੜੇ ਕਰੋੜਾਂ ਦੇ ਘਪਲੇ ਮਾਰ ਕੇ ਕਾਨੂੰਨੀ ਜਾਂਚ ਤੇ ਕਾਰਵਾਈ ਦਾ ਸਾਹਮਣਾ ਕਰਨ ਦੀ ਥਾਂ, ਲੰਡਨ ਉਡਾਰੀ ਮਾਰ ਗਿਆ। ਇਸ ਘਪਲੇਬਾਜ਼ ਤੇ ਭਗੌੜੇ ਨੂੰ ਆਪਣੀ ਪਤਨੀ ਦੇ ਇਲਾਜ ਕਰਵਾਉਣ ਲਈ ਪੁਰਤਗਾਲ ਜਾਣ ਵਾਸਤੇ ਪਾਸਪੋਰਟ ਦਿਵਾਉਣ ਵਿੱਚ ਸੁਸ਼ਮਾ ਸਵਰਾਜ ਨੇ ਬਰਤਾਨਵੀ ਅਧਿਕਾਰੀਆਂ ਨੂੰ ਸਿਫ਼ਾਰਸ਼ ਕੀਤੀ ਸੀ।
‘ਸੰਡੇ ਟਾਈਮਜ਼’ ਦੀ ਇਹ ਖ਼ਬਰ ਛਪੀ ਲੰਡਨ ਵਿੱਚ ਤੇ ਬੰਬ ਬਣ ਕੇ ਫਟੀ ਦਿੱਲੀ ਵਿੱਚ। ਭਵੰਤਰੀ ਹੋਈ ਬੀਬੀ ਸੁਸ਼ਮਾ ਨੇ ਕਿਹਾ ਕਿ ਉਸਨੇ ਤਾਂ ਇਹ ਮੱਦਦ ‘ਮਾਨਵਤਾ’ ਦੇ ਆਧਾਰ ’ਤੇ ਕੀਤੀ ਸੀ ਕਿਉਕਿ ਲਲਿਤ ਮੋਦੀ ਦੀ ਕੈਂਸਰ ਤੋਂ ਪੀੜਤ ਪਤਨੀ ਦੇ ਇਲਾਜ ਲਈ ਹੀ ਮੋਦੀ ਨੇ ਲੰਡਨ ਤੋਂ ਪੁਰਤਗਾਲ ਜਾਣਾ ਸੀ। ਉਸ ਨੇ ਕਿਹਾ ਕਿ ਇੰਨੀ ਕੁ ਗੱਲ ’ਤੇ ਵਿਰੋਧੀ ਬਾਤ ਦਾ ਬਤੰਗੜ ਬਣਾ ਰਹੇ ਹਨ। ਪਰ ਗੱਲ ਤਾਂ ਇੰਨੀ ਕੁ ਨਹੀਂ ਸੀ ਤੇ ਨਾ ਹੀ ‘ਮਾਨਵਤਾ’ ਦੀ ਸੀ। ਇਹ ਤਾਂ ਬਹੁਤ ਵਧਕੇ ਸੀ ਅਤੇ ਇਸ ਦੀਆਂ ਪਰਤਾਂ ਅਜੇ ਵੀ ਖੁੱਲ੍ਹੀ ਜਾ ਰਹੀਆਂ ਹਨ। ਗੱਲ ਬਰਤਾਨਵੀ ਅਧਿਕਾਰੀਆਂ ਦੇ ਕੰਨ ’ਚ ਫੂਕ ਮਾਰਨ ਤੱਕ ਸੀਮਤ ਨਹੀਂ ਸੀ ਸਗੋਂ ਆਪਣੇ ਵਿਦੇਸ਼ ਦੇ ਸਰਕਾਰੀ ਦੌਰੇ ਦੌਰਾਨ ਬੀਬੀ ਸਵਰਾਜ ਨੇ ਉਸ ਕਾਨੂੰਨ ਦੇ ਭਗੋੜੇ ਤੇ ਘਪਲੇਬਾਜ਼ ਲਲਿਤ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ। ਗੱਲ ‘ਮਾਨਵਤਾ’ ਦੀ ਹੀ ਨਹੀਂ ਸੀ। ਗੱਲ ਪਰਿਵਾਰਕ ਹਿਤ ਪਾਲਣ ਦੀ ਵੀ ਸੀ। ਸੁਸ਼ਮਾ ਸਵਰਾਜ ਦਾ ਪਤੀ ਸਵਰਾਜ ਕੌਸਲ ਪਿਛਲੇ 23 ਸਾਲਾਂ ਤੋਂ ਲਲਿਤ ਮੋਦੀ ਦਾ ਵਕੀਲ ਹੈ। ਉਸ ਦੇ ਹਰ ਪੁੱਠੇ-ਸਿੱਧੇ ਕੰਮ ਲਈ ਕਾਨੂੰਨੀ ਚਾਰਾਜੋਈ ਕਰਦਾ ਆ ਰਿਹਾ ਹੈ ਤੇ ਬਦਲੇ ’ਚ ਮੋਟੀਆਂ ਰਕਮਾਂ ਲੈਂਦਾ ਆਇਆ ਹੈ। ਇਸ ਤੋਂ ਵੀ ਵਧਕੇ ਗੱਲ ਤਾਂ ਇੱਥੋਂ ਤੱਕ ਵੀ ਹੈ ਕਿ ਜਿਨ੍ਹਾਂ ਘਪਲਿਆਂ ਕਰ ਕੇ ਲਲਿਤ ਮੋਦੀ ਦੇਸੋਂ ਭੱਜਿਆ ਹੈ, ਉਨ੍ਹਾਂ ਘਪਲਿਆਂ ’ਚ ਕਾਨੂੰਨੀ ਚਾਰਾਜੋਈ ਕਰਨ ਵਾਲੀ ਵਕੀਲਾਂ ਦੀ ਟੀਮ ਵਿੱਚ ਸੁਸ਼ਮਾ ਸਵਰਾਜ ਦੀ ਬੇਟੀ ਬੰਸਰੀ ਸਵਰਾਜ ਵੀ ਸ਼ਾਮਲ ਹੈ। ਸ਼ਇਦ ਸੁਸ਼ਮਾ ਸਵਰਾਜ ਦਾ ਪਤੀ ਤੇ ਬੇਟੀ ਵੀ ਲਲਿਤ ਮੋਦੀ ਦੀ ਮੱਦਦ ‘ਮਾਨਵਤਾ’ ਦੇ ਆਧਾਰ ’ਤੇ ਕਰ ਰਹੇ ਹੋਣ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਕਤ ਵਿਰੋਧੀ ਧਿਰ ਦੀ ਲੀਡਰ ਹੁੰਦਿਆਂ ਬੀਬੀ ਸਵਰਾਜ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ’ਤੇ ਲਲਿਤ ਮੋਦੀ ਪ੍ਰਤੀ ਨਰਮਾਈ ਦੇ ਦੋਸ਼ ਥੱਪ ਰਹੀ ਹੁੰਦੀ ਸੀ ਉਸੇ ਵਕਤ ਉਸ ਦੀ ਬੇਟੀ ਮੋਦੀ ਦੇ ਬਚਾਓ ਵਿੱਚ ਜੁਟੀ ਹੁੰਦੀ ਸੀ। ਪਰ ਭਾਰਤੀ ਕਾਨੂੰਨ ’ਤੇ ਸਰਕਾਰ ਦੇ ਭਗੌੜੇ ਲਲਿਤ ਮੋਦੀ ਦੀ ਮੱਦਦ ਤੇ ਸਬੰਧਾਂ ਦੀ ਗੱਲ ਹੁਣ ਸੁਸ਼ਮਾ ਸਵਰਾਜ ਤੱਕ ਹੀ ਨਹੀਂ ਰਹੀ ਇਸ ਨੇ ਰਾਜਸਥਾਨ ਦੀ ਮੁੱਖ ਮੰਤਰਾ ਵਸੁੰਧਰਾ ਰਾਜੇ ਸਿੰਧੀਆਂ ਤੇ ਉਸਦੇ ਭਾਜਪਾ ਐਪ.ਪੀ. ਪੁੱਤਰ ਦੁਸ਼ਯੰਤ ਨੂੰ ਵੀ ਆਪਣੇ ਲਪੇਟੇ ’ਚ ਲੈ ਲਿਆ ਹੈ। ਬੀਬੀ ਵਸੁੰਧਰਾਂ ਨੇ ਤਾਂ ਚੋਰੀ ਚੋਰੀ ਲਿਖਤੀ ਰੂਪ ’ਚ ਲਲਿਤ ਮੋਦੀ ਦੀ ਭਲੇਮਾਨਸੀ ਦੀ ਗਰੰਟੀ ਵੀ ਲੈ ਲਈ ਤੇ ਨਾਲੇ ਕਹਿ ਦਿੱਤਾ ਗੱਲ ਭਾਰਤ ਤੱਕ ਨਾ ਪੁੱਜੇ। ਇਹ ਕੰਮ ਵਸੁੰਧਰਾ ਨੇ ‘ਮਾਨਵਤਾ’ ਦੇ ਆਧਾਰ ’ਤੇ ਹੀ ਕੀਤਾ ਹੋਣੈ? ਇਹ ਗੱਲ ਵੱਖਰੀ ਹੈ ਕਿ ਵਸੁੰਧਰਾ ਦੇ ਬੇਟੇ ਦੁਸ਼ਯੰਤ ਦੀ ਕੰਪਨੀ ਦੇ ਸਸਤੇ ਸ਼ੇਅਰ ਨੌ ਦਸ ਗੁਣਾ ਮਹਿੰਗੇ ਖ਼ਰੀਦ ਕੇ ਕੰਪਨੀ ਵਿੱਚੋਂ 11 ਕਰੋੜ ਤੋਂ ਵੱਧ ਦੀ ਪੂੰਜੀ ਲਾ ਕੇ ‘ਸੇਵਾ ਨੂੰ ਮੇਵਾ’ ਪ੍ਰਦਾਨ ਕੀਤਾ। ਹੋਰ ਤਾਂ ਹੋਰ ਪੁਰਤਗਾਲ ਦਾ ਉਹ ਹਸਪਤਾਲ ਰਾਜਸਥਾਨ ਵਿੱਚ ਵੱਡਾ ਪ੍ਰਾਜੈਕਟ ਲੈ ਗਿਆ ਜਿਸਨੇ ਲਲਿਤ ਮੋਦੀ ਦੀ ਪਤਨੀ ਦਾ ਇਲਾਜ ਕੀਤਾ ਸੀ।
ਚਲੋ ਬੀਬੀ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ ਤੇ ਉਸ ਦੇ ਮੈਂਬਰ ਪਾਰਲੀਮੈਂਟ ਪੁੱਤਰ ਦੁਸ਼ਯੰਤ ਨੂੰ ਉਨ੍ਹਾਂ ਦੇ ਹੀ ਹਾਲ ’ਤੇ ਛੱਡਦੇ ਹਾਂ। ਉਹ ਵੀ ਸਾਡੇ ਵਰਗੇ ‘ਮਨੁੱਖੀ ਜੀਵ’ ਹਨ ਜਿਹੜੇ ਗ਼ਲਤੀਆਂ ਕਰਦੇ ਹਨ, ਗੁਨਾਹ ਵੀ ਕਰ ਸਕਦੇ ਹਨ ਤੇ ਗੁਨਾਹਗਾਰਾਂ ਦੀ ‘ਮਾਨਵੀ’ ਆਧਾਰ ’ਤੇ ਮੱਦਦ ਵੀ ਕਰ ਸਕਦੇ ਹਨ। ਆਪਾਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਸਿਧਾਂਤਾਂ ਦੀ ਤੇ ਨੈਤਿਕਤਾ ਵਾਲੀ ਸਿਆਸਤ ਦੀ। ਸਿਧਾਂਤ ਤੇ ਨੈਤਿਕਤਾ ਜਿਨ੍ਹਾਂ ਦਾ ਢੰਡੋਰਾ ਭਾਜਪਾ ਆਪਣੇ ਜਨਮ ਤੋਂ ਲੈ ਕੇ ਪਿੱਟਦੀ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਬੀਬੀ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ ਤੇ ਉਸ ਦੇ ਪੁੱਤਰ ਨੂੰ ਇਸ ਸਾਰੇ ਮਾਮਲੇ ਵਿੱਚ ‘ਕਲੀਨ ਚਿੱਟ’ ਦਿੰਦਿਆਂ ਉਲਟਾ ਵਿਰੋਧੀ ਪਾਰਟੀਆਂ ਨੂੰ ਇਸ ਸਾਰੇ ਮਾਮਲੇ ’ਤੇ ਸਿਆਸਤ ਨਾ ਕਰਨ ਦੀ ਨੇਕ ਰਾਏ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ‘ਕਲੀਨ ਚਿੱਟ’ ਦਿੰਦਿਆਂ ਕੋਈ ਬਾਹਰੀ ਜਾਂਚ ਦੀ ਗੱਲ ਛੱਡੋ, ‘ਲੋਕ ਲੱਜੋਂ’ ਪਾਰਟੀ ਪੱਧਰ ’ਤੇ ਕੋਈ ਜਾਂਚ ਕਰਨ/ਕਰਾਉਣ ਦਾ ਢਕਵੰਜ਼ ਵੀ ਨਹੀ ਕੀਤਾ। ਸਿੱਧਾ ਹੀ ਸਭਨਾਂ ਨੂੰ ਦੁੱਧ ਧੋਤੇ ਹੋਣ ਦਾ ਸਰਟੀਫ਼ੀਕੇਟ ਦੇ ਦਿੱਤਾ। ਭਲਾ ਇਹ ਕਿਹੜੀ ਨੈਤਿਕਤਾ ਹੈ ਅਤੇ ਕਿਹੜਾ ਸਿਧਾਂਤ?
ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਰਾਸ਼ਟਰਵਾਦੀ ਤੇ ਦੇਸ਼ ਭਗਤ ਪਾਰਟੀ ਅਖਵਾਉਦੀ ਹੈ। ਅਜਿਹੇ ਵਿੱਚ ਕੀ ਭਾਜਪਾ ਲੋਕਾਂ ਨੂੰ ਦੱਸੇਗੀ ਕਿ ਉਸਦੀ ਵਿਦੇਸ਼ ਮੰਤਰੀ ਤੇ ਇੱਕ ਸੂਬੇ ਦੀ ਮੁੱਖ ਮੰਤਰੀ ਨੇ ਦੇਸ਼ ਦੇ ਕਾਨੂੰਨ ਦੀਆਂ ਨਜ਼ਰਾਂ ’ਚ ਘਪਲੇਬਾਜ਼ ’ਤੇ ਭਗੌੜੇ ਮੁਜ਼ਰਿਮ ਦੀ ਮੱਦਦ ਕਰ ਕੇ ਕਿਹੋ ਜਿਹੇ ‘ਰਾਸ਼ਟਰਵਾਦ’ ਅਤੇ ‘ਦੇਸ਼ ਭਗਤੀ’ ਦੀ ਮਿਸਾਲ ਕਾਇਮ ਕੀਤੀ ਹੈ? ਕੀ ਭਾਜਪਾ ਘਪਲੇਬਾਜਾਂ ਨੂੰ ਦੇਸ਼ ਧਰੋਹੀ ਨਹੀਂ ਸਮਝਦੀ?
ਭਾਰਤੀ ਜਨਤਾ ਪਾਰਟੀ ਖ਼ੁਦ ਨੂੰ ਭਾਈ ਭਤੀਜਾਬਾਦ ਅਤੇ ਕੋੜਮਾ-ਪ੍ਰਸਤੀ ਦੋਂ ਮੁਕਤ, ਸਾਫ਼ ਸੁਥਰੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ। ਕੀ ਉਹ ਦੱਸਣ ਦਾ ਯਤਨ ਕਰੇਗੀ ਕਿ ਬੀਬੀ ਸੁਸ਼ਮਾ ਸਵਰਾਜ ਨੇ ਆਪਣੇ ਪਤੀ ਤੇ ਬੇਟੀ ਦੇ ਵਕਾਲਤ ਦੇ ਹਿਤਾਂ ਲਈ ਤੇ ਵਸੁੰਧਰਾ ਰਾਜੇ ਨੇ ਆਪਣੇ ਪੁੱਤਰ ਦੇ ਕਾਰੋਬਾਰੀ ਹਿਤਾਂ ਲਈ ਇੱਕ ਭਗੌੜੇ ਤੇ ਮੁਜਰਿਮ ਦੀ ਮੱਦਦ ਕਰ ਕੇ ਆਪਣੇ ਕੋੜਮੇਂ ਦੇ ਹਿਤਾਂ ਲਈ ਦੇਸ਼ ਦੇ ਹਿਤਾਂ ਅਤੇ ਇੱਜ਼ਤ ਨੂੰ ਦਾਅ ’ਤੇ ਨਹੀਂ ਲਾਇਆ? ਕੀ ਉਨਾਂ ਅਹੁਦਿਆਂ ਦੀ ਦੁਰਵਰਤੋਂ ਤੇ ਭਿ੍ਰਸ਼ਟ ਵਿਵਹਾਰ ਨਹੀਂ ਕੀਤਾ?
ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਨਰਿੰਦਰ ਮੋਦੀ ਹਿੱਕ ਠੋਕ ਕੇ ਕਹਿੰਦਾ ਰਿਹਾ ਸੀ, ‘‘ਨਾ ਖਾਉਗਾ ਨਾ ਖਾਨੇ ਦੂੰਗਾ’’। ਖਾਣ ਵਾਲੇ ਸਣੇ ਮਲਾਈਆਂ ਖਾਈ ਜਾ ਰਹੇ ਹਨ ਤੇ ‘56 ਇੰਚ ਸੀਨੇ’ ਵਾਲਾ ਪ੍ਰਧਾਨ ਮੰਤਰੀ ਮੋਨ ਧਾਰੀ ਬੈਠਾ ਹੈ। ਸ਼ਾਇਦ ਇਹੀ ਭਾਜਪਾ ਦਾ ਅਸਲੀ ਚਿਹਰਾ ਹੈ, ਜਿਸਦਾ ਨਕਾਬ ਲਹਿ ਰਿਹਾ ਹੈ ।