ਕਿਸਾਨ ਮਜ਼ਦੂਰ ਆਤਮ ਹੱਤਿਆ ਨਾ ਕਰਨ, ਸਰਕਾਰ ਨੂੰ ਫ਼ੜ੍ਹਨ -ਡਾ ਅਮਰਜੀਤ ਟਾਂਡਾ
Posted on:- 23-07-2015
ਪੰਜਾਬ ਜਿਸ ਦਾ ਨਾਂ ਕਦੇ ਦੁਨੀਆਂ ਚ ਫਖ਼ਰ ਨਾਲ ਲਿਆ ਜਾਂਦਾ ਸੀ, ਹੁਣ ਆਪਣੇ ਹੀ ਇਸ ਦਾ ਨਾਂ ਲੈਣਾ ਚੰਗਾ ਨਹੀਂ ਸਮਝਦੇ ਕਿਉਂਕਿ ਇਸ ਧਰਤੀ ਤੇ ਪਿਛਲੇ 20 ਕੁ ਸਾਲਾਂ ਦੌਰਾਨ 10 ਤੋਂ 15 ਹਜ਼ਾਰ ਦੇ ਕਰੀਬ ਕਿਸਾਨ ਅਤੇ ਪੰਜ ਤੋਂ ਸੱਤ ਹਜ਼ਾਰ ਦੇ ਕਰੀਬ ਖੇਤ ਮਜ਼ਦੂਰ ਆਤਮ-ਹੱਤਿਆ ਕਰ ਚੁੱਕੇ ਹਨ। ਇਹ ਆਤਮ ਹੱਤਿਆਵਾਂ ਉਨ੍ਹਾਂ ਦੇ ਅਣਖੀ ਮਿਹਨਤੀ ਸੁਭਾਅ, ਕਿੱਤੇ ਅਤੇ ਵਰਤਾਰੇ ਨਾਲ ਮੇਲ ਨਹੀਂ ਖਾਂਦੀਆਂ।ਹਰੇਕ ਬੰਦੇ ਮਨੁੱਖ ਵਿਚ ਵਧੀਆ ਜਿਊਣ ਦੀ ਖਾਹਿਸ਼ ਅਤੇ ਚਾਅ ਹੁੰਦਾ ਹੈ। ਕਿਸਾਨ ਅਤੇ ਮਜ਼ਦੂਰ ਨੂੰ ਹਰ ਰੋਜ਼ ਕਈ ਮੁਸ਼ਕਲਾਂ ਆਉਂਦੀਆਂ ਹਨ, ਪਰ ਕੀ ਉਹ ਖੁਦਕੁਸ਼ੀਆਂ ਦੇ ਰਾਹ ਪੈ ਜਾਵੇ? ਇਹੋ ਜੇਹੇ ਵੇਲੇ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆ ਕੇ ਉਹਨਾਂ ਦੀ ਸਾਰ ਲਵੇ ਨਾ ਕਿ ਚੰਗੀਗੜ੍ਹ ਜਾਂ ਦਿੱਲੀ ਬੈਠੀ ਰਹੇ।
ਆਤਮ ਹੱਤਿਆਵਾਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਲਈ ਹੀ ਅੱਤਘਾਤਕ ਨਹੀਂ ਸਗੋਂ ਸਮਾਜ ਅਤੇ ਦੇਸ਼ ਦੀ ਅੰਨ-ਉਪਜ ਤੇ ਸੁਰੱਖਿਆ ਲਈ ਵੱਡਾ ਖਤਰਾ ਹੈ। ਜੇ ਘਰੋਂ ਖੇਤ ਜਾਂ ਕਮਾਉਣ ਗਿਆ ਹੀ ਵਾਪਿਸ ਨਾ ਘਰ ਪਰਤੇ ਤਾਂ ਘਰ ਕਿੰਝ ਟੁਰਨਗੇ। ਪੰਜਾਬ ਦਾ ਹੀ ਸਦਾ ਕੇਂਦਰੀ ਅੰਨ-ਭੰਡਾਰ ਵਿਚ ਬਹੁਤ ਵੱਡਾ ਅੰਨ-ਉਪਜ ਯੋਗਦਾਨ ਰਿਹਾ ਹੈ। ਸ਼ਿੱਦਤ ਅਤੇ ਸੰਜੀਦਗੀ ਨਾਲ ਅੱਜ ਜੇ ਅਸੀਂ ਨਾ ਵਿਚਾਰਿਆ ਤਾਂ ਅਤੇ ਪੁਖ਼ਤਾ ਉਪਾਓ ਨਾ ਕੀਤੇ ਤਾਂ ਉਹ ਦਿਨ ਆ ਜਾਣਗੇ ਕਿ ਸਰਕਾਰਾਂ ਦੇ ਘਰ ਜਾ ਕੇ ਮਾਵਾਂ ਵੈਣ ਪਾਉਣਗੀਆਂ ਤੇ ਜਲ ਮਰ ਜਾਣਗੀਆਂ।
ਇਹ ਸਮੇਂ ਦੀ ਸਰਕਾਰ ਨੂੰ ਅਜੇ ਅਰਜ਼ ਹੈ ਕਿ ਉਹ ਫ਼ਰਜ਼ ਸਮਝੇ ਨਹੀਂ ਤਾਂ ਸਾਨੂੰ ਨਹੀਂ ਜਰੂਰਤ ਇਹੋ ਜੇਹੇ ਨਿਜ਼ਾਮ ਦੀ-ਅਸੀਂ ਕੀ ਕਰਨੇ ਤੁਹਾਡੇ ਫ਼ਲਦੇ ਸਾਡੇ ਭੁੱਖੇ ਪੇਟਾਂ ਤੇ ਵਿਉਪਾਰ। ਭੁੱਖੇ ਕਿਸਾਨ ਅਤੇ ਖੇਤ-ਮਜ਼ਦੂਰ ਸਾੜ੍ਹ ਦੇਣਗੇ ਤੇਰੀਆਂ ਬਾਦਸ਼ਾਹੀਆਂ, ਤੇ ਚੱਲਦੇ ਕਾਰੋਬਾਰ। ਸਮਝ ਜਾ ਸਰਕਾਰੇ-ਸਦਾਮ ਹੁਸੈਨ ਨਾ ਬਣ, ਨਾ ਬਣ ਗਦਾਫ਼ੀ? ਕਲਮਾਂ ਨੇ ਤਾਂ ਦੱਸਣਾਂ ਹੀ ਹੁੰਦਾ ਹੈ-ਕਦੇ ਸੋਚ ਬੈਠ ਕੇ-ਖਬਰੇ ਤੈਨੂੰ ਆਪਣੇ ਪੰਜਾਬ ਦੇ ਭੁੱਖੇ ਨਿਆਣੇ ਦੇਖ ਕੇ ਕਿੰਝ ਨੀਂਦ ਆਉਂਦੀ ਹੈ?ਕਣਕ ਅਤੇ ਝੋਨੇ ਦੇ ਪ੍ਰਤੀ ਏਕੜ ਝਾੜ ਵਿੱਚ ਖੜੋਤ ਆ ਰਹੀ ਹੈ। ਖੇਤੀ ਖਰਚਾ, ਝਾੜ ਵਿੱਚ ਹੋਣ ਵਾਲੇ ਵਾਧੇ ਤੋਂ ਬਹੁਤ ਜ਼ਿਆਦਾ ਹੈ। ਵਧ ਰਹੀ ਉਤਪਾਦਨ ਲਾਗਤ ਕਾਰਨ ਕਿਸਾਨ ਦੀ ਪ੍ਰਤੀ ਏਕੜ ਸ਼ੁੱਧ ਆਮਦਨ ਲਗਾਤਾਰ ਘਟ ਰਹੀ ਹੈ। ਪ੍ਰਤੀ ਵਾਹੀਕਾਰ ਜ਼ਮੀਨ ਘਟੀ ਜਾ ਰਹੀ ਹੈ। ਖੇਤੀ ਉਪਰ ਵਾਹੀਕਾਰਾਂ ਦੀ ਲੋੜ ਤੋਂ ਜ਼ਿਆਦਾ ਗਿਣਤੀ ਅਤੇ ਖੇਤੀ ਦੇ ਨਾਲ ਹੋਰ ਕੋਈ ਸਹਾਇਕ ਵਿਕਲਪ ਨਹੀਂ ਮਿਲਦਾ। ਹਰ ਸਾਲ ਖੇਤੀ ਹੇਠੋਂ ਜ਼ਮੀਨ ਨਿਕਲਕੇ ਗੈਰ-ਖੇਤੀ ਉਪਯੋਗ ਹੇਠ ਜਾ ਰਹੀ ਹੈ। ਫੋਕੀ ਸ਼ੋਹਰਤ, ਮਹਿੰਗਾਈ, ਬੇਰੁਜ਼ਗਾਰੀ, ਵਿਖਾਵਾ, ਫ਼ਜ਼ੂਲਖ਼ਰਚੀ, ਐਸ਼ੋ-ਆਰਾਮ ਦੇ ਕੀਮਤੀ ਸਾਧਨ ਅਤੇ ਮਿਹਨਤ ਨਾ ਕਰਨ ਦੀ ਪ੍ਰਵਿਰਤੀ ਨੇ ਮਨੁੱਖਤਾ ਨੂੰ ਮਾਯੂਸੀ ਦੇ ਆਲਮ ਵਿੱਚ ਧੱਕ ਦਿੱਤਾ ਹੈ। ਕਿਸਾਨਾਂ ਦਾ ਕਚੂਮਰ ਕੱਢ ਦਿੱਤਾ ਹੈ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਖੇਤੀ ਨਾਲ ਸਬੰਧਤ ਔਜ਼ਾਰਾਂ, ਟਰੈਕਟਰਾਂ, ਟਰਾਲੀਆਂ ਦੀਆਂ ਕੀਮਤਾਂ ਵਿੱਚ ਵਾਧੇ ਨੇ। ਫ਼ਸਲਾਂ ਦਾ ਸਹੀ ਮੰਡੀਕਰਨ ਨਾ ਹੋਣਾ ਅਤੇ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਸਰਕਾਰਾਂ ਦੀ ਖੇਤੀ ਖੇਤਰ ਪ੍ਰਤੀ ਬੇਰੁਖ਼ੀ ਅਤੇ ਸਰਕਾਰੀ ਨਿਵੇਸ਼ ਦਾ ਲਗਾਤਾਰ ਘਟਣਾ ਹੀ ਇਹਦੇ ਕਾਰਣ ਬਣੀ ਜਾ ਰਹੇ ਹਨ। ਖੇਤੀ ਖੇਤਰ ਦੇ ਸੰਕਟ ਦਾ ਹੱਲ ਕੇਵਲ ਖੇਤੀ ਵਿੱਚੋਂ ਹੀ ਨਹੀਂ ਲੱਭਿਆ ਜਾ ਸਕਦਾ। ਨਾ ਹੱਲ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਨਾਲ ਹੋ ਸਕਦਾ ਹੈ। ਕਿਸਾਨਾਂ ਨੂੰ ਉਪਜ ਦੀ ਵਾਜ਼ਬ ਕੀਮਤ ਮਿਲਣੀ ਚਾਹੀਦੀ ਹੈ। ਸਰਵਜਨਕ ਨਿਵੇਸ਼ ਅਤੇ ਉਸਦਾ ਨਿਰੰਤਰ ਜਾਰੀ ਰਹਿਣਾ ਵੀ ਜ਼ਰੂਰੀ ਹੈ। ਖੇਤੀ ਦੇ ਧੰਦੇ ਸਬੰਧੀ ਪ੍ਰਬੀਨਤਾ ਨਾਲ ਯੋਜਨਾਬੰਦੀ ਕੀਤੀ ਜਾਵੇ। ਸਰਕਾਰ ਲਈ ਇਹ ਵੀ ਜ਼ਰੂਰੀ ਹੋ ਗਿਆ ਹੈ ਕਿ ਉਹ ਹਰ ਹੀਲੇ ਇਸ ਧੰਦੇ ਨੂੰ ਲਾਹੇਵੰਦ ਬਣਾਉਣ ਦੀਆਂ ਯੋਜਨਾਵਾਂ ਨੂੰ ਤਰਜੀਹੀ ਤੌਰ 'ਤੇ ਅਮਲ 'ਚ ਲਿਆਵੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖ਼ੁਦਕੁਸ਼ੀਆਂ ਪੰਜਾਬ ਦੇ ਖੇਤੀ ਸੰਕਟ ਦਾ ਮਹੱਤਵਪੂਰਨ ਭੱਦਾ ਸੰਕੇਤ ਹਨ। ਇਹ ਵੱਡਾ ਸੁਧਾਰ ਮੰਗਦਾ ਹੈ।ਆਤਮ ਹੱਤਿਆਵਾਂ ਦੇ ਨਿੱਤ ਦੇ ਰੁਝਾਨ ਨੂੰ ਰੋਕਣ ਲਈ ਸਰਕਾਰਾਂ ਹੀ ਠੋਸ ਕਦਮ ਚੁੱਕ ਸਕਦੀਆਂ ਨੇ। ਬਾਬਾ ਜੇ ਆਪਣੀ ਕਮਾਈ ਚੋਂ ਤੂੰ ਜੇ ਇੱਕ ਮਹੀਨੇ ਦਾ ਕੱਲਾ ਹੀ ਸਾਰਾ ਲਾਭ ਦੇ ਦੇਵੇਂ ਤਾਂ ਸਾਰਿਆਂ ਦੇ ਕਰਜ਼ੇ ਲੱਥ ਜਾਣਗੇ। ਜਿੰਨਾ ਤੇਰੇ ਘਰ ਅੰਨ ਅਜਾਂਈਂ ਖਰਾਬ ਹੁੰਦਾ ਜਾਂ ਜਾਂਦਾ ਹੈ ਲੋਕਾਂ ਚ ਵੰਡ ਦੇਵੇਂ ਤੈਨੂੰ ਫਿਰ ਕਹਿਣਗੇ ਲੋਕ ਰਣਜੀਤ ਸਿੰਘ-ਤੈਨੂੰ ਅਸੀਸਾਂ ਦਿੰਦੇ ਨਹੀਂ ਥੱਕਣਗੇ ਭਰੇ ਪੇਟ। ਓਦਣ ਖੱਪਣ ਨੂੰ ਤਾਂ ਕਿਸੇ ਦੇ ਜੇਬ ਵੀ ਨਹੀਂ ਹੁੰਦੀ ਕਿ ਆਪਾਂ ਨਾਲ ਲੈ ਜਾਵਾਂਗੇ ਕੋਲ-ਤੇਰਾ ਭਲਾ ਕਰਨ ਤੇ ਨੇਕੀ ਖੱਟਣ ਦਾ ਵੇਲਾ ਹੈ-ਖੱਟ ਲੈ ਨੇਕੀ, ਨਾ ਕਰਾ ਲੋਕਾਂ ਤੋਂ ਤੋਏ ਤੋਏ । ਆਪਾਂ ਤਾਂ ਸੁਆਹ ਹੋ ਜਾਣਾ ਹੈ, ਢਾਈ ਗਜ਼ ਵੀ ਨਹੀ ਮਿਲਣੀ ਜ਼ਮੀਨ ਫਿਰ ਕਾਸ਼ ਦੇ ਦਾਅਵੇ ਤੇ ਕਿਹੜੀਆਂ ਇਹ ਵਡਿਆਈਆਂ। ਰਾਜੇ ਹੀ ਫਿਕਰ ਕਰਦੇ ਨੇ ਸਦਾ ਪਰਜਾ ਦੀ। ਚੱਲ ਜੇ ਤੇਰੇ ਕੋਲ ਕੱਖ ਨਹੀਂ -ਪਹਿਲਾਂ ਮੰਨ ਤੇ ਅਸੀ ਸਾਰੇ ਆਪਣੀ ਮਿਹਨਤ ਚੋਂ ਕਿਸਾਨਾਂ ਦੇ ਕਰਜ਼ੇ ਲਾਹਵਾਂਗੇ ਤੇ ਮਜ਼ਦੂਰਾਂ ਦੇ ਭੜੋਲੇ ਭਰਾਂਗੇ। ਚੱਲ ਰਲ ਕੇ ਸਾਰ ਲਈਏ ਇਹਨਾਂ ਦੀ।
ਯਾਰ ਤੁਸੀਂ ਤਾਂ ਮੇਰੇ ਨਾਨਕ ਮੂਹਰੇ ਗੋਲਕਾਂ ਰੱਖ ਰੱਖ ਉਹਨੂੰ ਵੀ ਭਿਖਾਰੀ ਬਣਾ ਦਿਤਾ ਹੈ ਤੇ ਮਾਇਆ ਭੇਟ 'ਕੱਠੀ ਕਰ ਰਲਮਿਲ ਖਾ ਜਾਂਦੇ ਹੋ-ਇਹ ਕਿਹੜੀ ਭਰੀ ਨੀਅਤ ਦੀ ਨਿਸ਼ਾਨੀ ਹੋਈ-ਇਹ ਤਾਂ ਮੰਗਤਿਆਂ ਤੋਂ ਵੀ ਵੱਧ ਹੀਣੀ ਹਰਕਤ ਹੈ। ਕਦੇ ਯਾਰ ਤੁਸੀਂ ਮੇਰੇ ਗੋਬਿੰਦ ਦਾ ਨਾਂ ਲੈ ਓਹਦੇ ਸ਼ਸਤਰ ਲੈ ਤੁਰਦੇ ਹੋ,ਖਬਰੇ ਓਹਦੇ ਹਨ ਕਿ ਨਹੀਂ ਪਰ ਓਹਦਾ ਨਾਂ ਲੈ ਲੈ ਮਾਇਆ ਭੇਟ ਕੱਠੀ ਕਰ ਲੈਂਦੇ ਹੋ। ਏਡੇ ਉੱਚੇ ਖੰਡੇ ਨਾਲ ਕੀ ਮੇਰੇ ਗੋਬਿੰਦ ਦਾ ਨਾਂ ਨੀਵਾਂ ਰਹਿ ਜਾਣਾ ਸੀ? ਇਹ ਸਾਰੀ ਭੇਟ ਕਿਉਂ ਨਹੀਂ ਲੋੜਮੰਦਾਂ ਦੇ ਘਰੀਂ ਜਾ ਸਕਦੀ? ਕਿਹਦਾ ਹੁਕਮ ਚਾਹੀਦਾ ਹੈ ਇਸ ਲਈ? ਜੇ ਇੰਝ ਕਰ ਦਿਓਗੇ ਤਾਂ ਕਿਉਂ ਮਰਨਗੇ ਲੋਕ। ਹਾਂ ਸੱਚ ਤੈਨੂੰ ਕਿੰਨੇ ਕੁ ਹੁਣ ਏਸ ਉਮਰ ਚ ਪੈਸੇ ਦੀ ਲੋੜ ਹੈ-ਤੇਰੀਆਂ ਬੱਸਾਂ ਨੂੰ ਮੁਫ਼ਤ ਸਵਾਰੀਆਂ ਢੋਹਣੀਆਂ ਚਾਹੀਦੀਆਂ ਹਨ। ਕਿਹੜਾ ਘਾਟਾ ਹੈ ਤੈਨੂੰ ਤੇ ਤੇਰੇ ਬੇਟੇ ਨੂੰ-ਯਾਰ ਇਹੋ ਜੇਹੀ ਨੀਅਤ ਤਾਂ ਇੱਕ ਮਾੜਾ ਬੰਦਾ ਵੀ ਨਹੀਂ ਵਿਖਾਉਂਦਾ ਜਿੰਨੀ ਨੀਵੀਂ ਸੋਚ ਲੈ ਤੁਸੀਂ ਟੁਰ ਪਏ ਹੋ! ਇਸਦੇ ਨਾਲ ਹੀ ਮੰਡੀ ਬੋਰਡ ਦੀ ਸਾਰੀ ਅਥਾਹ ਰਾਸ਼ੀ ਵੀ ਇਸ ਨੇਕ ਕਾਰਜ ਲਈ ਵਰਤੀ ਜਾ ਸਕਦੀ ਹੈ। ਯਾਰ ਡਰਦੇ ਕਿਉਂ ਹੋ -ਲ਼ੋਕ ਕੁਝ ਨਹੀਂ ਤੁਹਾਨੂੰ ਕਹਿੰਦੇ-ਛੱਡ ਦਿਓ ਏਨੀਆਂ ਕਾਰਾਂ ਦੀਆਂ ਕਤਾਰਾਂ ਤੇ ਸੁਰੱਖਿਆ ਦੇ ਖਰਚੇ-ਇਹ ਵਰਤੋ ਲੋਕਾਂ ਤੇ ਉਹਨਾਂ ਕੀ ਕਰਨੀ ਤੁਹਾਡੀ ਜਾਨ-ਤੁਸੀਂ ਤਾਂ ਵਹਿਮ ਚ ਹੀ ਜੈੱਡ ਸੁਰੱਖਿਆ ਦੇ ਤਹਿਤ ਤੁਰੇ ਫਿਰਦੇ ਹੋ। ਲੋਕਾਂ ਚ ਆਵੋ-ਦੇਖੋ ਦੁਨੀਆਂ ਕਿੱਥੇ ਕਿੱਥੇ ਪਹੁੰਚ ਗਈ ਹੈ। ਲੋਕ ਸੰਗਤ ਚ ਗੱਲਵਕੜੀਆਂ ਚ ਲਓ ਲੋਕਾਂ ਨੂੰ-ਉਹ ਤਾਂ ਬਾਹਾਂ ਖਿਲਾਰੀ ਖੜ੍ਹੇ ਨੇ, ਪਰ ਤੁਸੀਂ ਸਾਨੂੰ ਮੈਟਲ ਡੀਟੈਕਟਰਾਂ ਚੋਂ ਲੰਘਾਉਂਦੇ ਹੀ ਨਹੀਂ ਥੱਕਦੇ। ਮੰਨ ਲਓ ਮੇਰੀਆਂ ਇੱਕ ਦੋ ਅਰਜ਼ਾਂ ਤੇ ਆਪਾਂ ਸਾਰੇ ਫਿਰ ਰਲ ਮਿਲ ਗੁਆਚੀਆਂ ਖੁਸ਼ੀਆਂ ਖੇੜੇ ਫਿਰ ਤੋਂ ਗਿੱਧੇ ਭੰਗੜੇ ਮੋੜ ਕੇ ਵਿਹੜਿਆਂ 'ਚ ਲਿਆਈਏ। ਕਿਸਾਨ ਮਜ਼ਦੂਰ ਆਤਮ ਹੱਤਿਆ ਨਾ ਕਰਨ ਸਰਕਾਰ ਨੂੰ ਫ਼ੜ੍ਹਨ-ਚਾਰ ਚੁਫ਼ੇਰੇ ਦੇਖ ਹਨੇਰਾ ਚੁੱਪ ਕਰ ਕਿੱਥੇ ਜੀਅ ਸਕਦੇ ਹਾਂ
ਇੱਕ ਦੋ ਤਾਰੇ ਸੀ ਲਏ ਜੇ ਅੰਬਰ ਵੀ ਸਾਰਾ ਸੀਅ ਸਕਦੇ ਹਾਂ...