ਵਿਆਪਮ ਘੁਟਾਲਾ : ਹਾਲੇ ਹੋਰ ਬਹੁਤ ਕੁਝ ਸਾਹਮਣੇ ਆਉਣਾ ਬਾਕੀ -ਬਲਰਾਜ ਸਿੰਘ ਸਿੱਧੂ
Posted on:- 20-07-2015
ਸ਼ਾਇਦ ਭਾਰਤ ਹੀ ਦੁਨੀਆਂ ਦਾ ਇੱਕੋ ਇੱਕ ਦੇਸ਼ ਹੈ ਜਿੱਥੇ ਮੈਡੀਕਲ ਤੇ ਹੋਰ ਪ੍ਰੋਫੈਸ਼ਨਲ ਕਾਲਜ ਮੈਨੇਜਮੈਂਟ ਕੋਟੇ ਅਧੀਨ ਸੀਟਾਂ ਵਿਕਦੀਆਂ ਹਨ। ਵਿਆਪਮ ਸ਼ਬਦ ਮੱਧ ਪ੍ਰਦੇਸ਼ ਦੇ ਭਰਤੀ ਬੋਰਡ, ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜਾਮੀਨੇਸ਼ਨ ਬੋਰਡ ਦੇ ਹਿੰਦੀ ਨਾਮ ਵਿਅਵਸਾਇਕ ਪ੍ਰੀਕਸ਼ਾ ਮੰਡਲ ਦਾ ਸੰਖੇਪ ਹੈ। ਵਿਆਪਮ ਇੱਕ ਖੁਦਮੁਖਤਿਆਰ ਸਰਕਾਰੀ ਅਦਾਰਾ ਹੈ ਜੋ ਮੱਧ ਪ੍ਰਦੇਸ਼ ਦੀਆਂ ਤਕਰੀਬਨ ਸਾਰੀਆਂ ਸਰਕਾਰੀ ਨੌਕਰੀਆਂ, ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਰਗੇ ਪ੍ਰੋਫੈਸ਼ਨਲ ਸਿੱਖਿਆ ਅਦਾਰਿਆਂ ਦੇ ਦਾਖਲਾ ਟੈੱਸਟ ਲੈਂਦਾ ਹੈ। ਇਸ ਦੇ ਕੰਮ ਕਾਰ ਵਿੱਚ ਭਾਰੀ ਗੜਬੜ ਦੀਆਂ ਸ਼ਿਕਾਇਤਾਂ 2004 ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸਨ। ਜਦੋਂ 2009 ਵਿੱਚ ਪੀ.ਐਮ.ਟੀ. ਦੇ ਟੈਸਟ ਵਿੱਚ ਭਾਰੀ ਬੇਨੇਮੀਆਂ ਬਾਰੇ ਹੋ ਹੱਲਾ ਮੱਚਿਆ ਤਾਂ ਸਰਕਾਰ ਨੇ ਪੜਤਾਲ ਕਰਨ ਲਈ ਇੱਕ ਕਮੇਟੀ ਬਣਾ ਦਿੱਤੀ। ਕਮੇਟੀ ਨੇ 2011 ਵਿੱਚ ਆਪਣੀ ਰਿਪੋਰਟ ਦਿੱਤੀ ਜਿਸ ਵਿੱਚ 200 ਤੋਂ ਵੱਧ ਵਿਅਕਤੀ ਦੋਸ਼ੀ ਪਾਏ ਗਏ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ 2012 ਵਿੱਚ ਸਪੈਸ਼ਲ ਟਾਸਕ ਫੋਰਸ ਬਣਾਈ ਗਈ। ਟਾਸਕ ਫੋਰਸ ਨੇ ਜੂਨ 2015 ਤੱਕ ਕਰੀਬ 2000 ਦੋਸ਼ੀ ਗਿ੍ਰਫਤਾਰ ਕੀਤੇ ਹਨ ਜਿਹਨਾਂ ਵਿੱਚ ਮੱਧ ਪ੍ਰਦੇਸ਼ ਦੇ ਸਾਬਕਾ ਸਿੱਖਿਆ ਮੰਤਰੀ ਲਕਸ਼ਮੀ ਕਾਂਤ ਸ਼ਰਮਾ ਸਮੇਤ ਵਿਆਪਮ ਦੇ ਅਨੇਕਾਂ ਅਧਿਕਾਰੀ, ਨੇਤਾ, ਉੱਚ ਅਫਸਰ, ਦਲਾਲ, ਵਿਦਿਆਰਥੀ ਅਤੇ ਮਾਪੇ ਸ਼ਾਮਲ ਹਨ।
ਇਹ ਘੁਟਾਲਾ ਬੜੇ ਢੰਗ ਨਾਲ ਚੱਲਦਾ ਸੀ। ਭਾਰੀ ਰਿਸ਼ਵਤ ਲੈ ਕੇ ਨਾਕਾਬਲ ਉਮੀਦਵਾਰਾਂ ਨੂੰ ਵੱਧ ਨੰਬਰ ਦੇ ਕੇ ਅੱਗੇ ਲਿਆਂਦਾ ਜਾਂਦਾ ਸੀ। ਇਸ ਕੰਮ ਲਈ ਤਿੰਨ ਤਰੀਕੇ ਵਰਤੇ ਜਾਂਦੇ ਸਨ। ਪਹਿਲੇ ਤਰੀਕੇ ਵਿੱਚ ਦਾਖਲਾ ਫਾਰਮ ’ਤੇ ਉਮੀਦਵਾਰ ਦੀ ਫੋਟੋ ਬਦਲ ਕੇ ਕਿਸੇ ਬਹੁਤ ਲਾਇਕ ਵਿਅਕਤੀ ਦੀ ਫੋਟੋ ਲਾ ਦਿੱਤੀ ਜਾਂਦੀ ਸੀ। ਉਹ ਨਾਲਾਇਕ ਦੀ ਜਗ੍ਹਾ ਬੈਠ ਕੇ ਪੇਪਰ ਹੱਲ ਕਰਦਾ ਸੀ, ਬਾਅਦ ਵਿੱਚ ਦੁਬਾਰਾ ਫੋਟੋ ਬਦਲ ਦਿੱਤੀ ਜਾਂਦੀ ਸੀ।
ਪੇਪਰ ਦੇਣ ਵਾਲੇ ਬਹੁਰੂਪੀਏ ਨੂੰ 5 ਤੋਂ 10 ਲੱਖ ਰੁਪਏ ਦਿੱਤੇ ਜਾਂਦੇ ਸਨ। ਦੂਸਰੇ ਤਰੀਕੇ ਵਿੱਚ ਰੋਲ ਨੰਬਰ ਵਿੱਚ ਹੇਰ ਫੇਰ ਕਰਕੇ ਹੁਸ਼ਿਆਰ ਵਿਅਕਤੀ ਦੇ ਅੱਗੇ ਅਤੇ ਪਿੱਛੇ ਦੋ ਨਾਲਾਇਕ ਬਿਠਾਏ ਜਾਂਦੇ ਸਨ। ਉਹ ਦੋਵਾਂ ਨੂੰ ਨਕਲ ਮਰਵਾ ਕੇ ਪਾਸ ਕਰਵਾ ਦਿੰਦਾ ਸੀ। ਤੀਸਰੇ ਤਰੀਕੇ ਵਿੱਚ ਉਮੀਦਵਾਰ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੀ ਉੱਤਰ ਕਾਪੀ ਖਾਲੀ ਛੱਡ ਆਵੇ। ਬਾਅਦ ਵਿੱਚ ਅਰਾਮ ਨਾਲ ਬੈਠ ਕੇ ਪੇਪਰ ਹੱਲ ਕਰ ਲਿਆ ਜਾਂਦਾ ਸੀ। ਵਿਆਪਮ ਨੇ ਖੁਦ ਹਾਈਕੋਰਟ ਵਿੱਚ ਮੰਨਿਆਂ ਕਿ 1020 ਦਾਖਲਾ ਫਾਰਮ ਗੁੰਮ ਹਨ ਤੇ ਹੁਣ ਤੱਕ 346 ਤੋਂ ਵੱਧ ਨਕਲੀ ਉਮੀਦਵਾਰ ਪੇਪਰ ਦੇ ਚੁੱਕੇ ਹਨ। ਜੁਲਾਈ 2011 ਵਿੱਚ ਵਿਆਪਮ ਨੇ ਜਦੋਂ ਪੀ.ਐਮ.ਟੀ. ਟੈੱਸਟ ਦੌਰਾਨ 145 ਸ਼ੱਕੀਆਂ ’ਤੇ ਨਿਗਾਹ ਰੱਖੀ ਤਾਂ ਬਹੁਤੇ ਪੇਪਰ ਦੇਣ ਹੀ ਨਾ ਆਏ ਤੇ 8 ਕਿਸੇ ਹੋਰ ਦੀ ਥਾਂ ਪੇਪਰ ਦਿੰਦੇ ਪਕੜੇ ਗਏ। ਸਾਲ 2010 ਦੇ 15 ਟਾਪਰ ਵੀ ਪਕੜੇ ਗਏ। ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਕਿ ਉਹ ਕਿਉਂ ਦੁਬਾਰਾ ਪੇਪਰ ਦੇਣ ਲਈ ਆਏ ਹਨ? ਸ਼ੱਕ ਹੈ ਕਿ ਉਹ ਕਿਸੇ ਦੀ ਮਦਦ ਲਈ ਆਏ ਸਨ। ਨਵੰਬਰ 2011 ਵਿੱਚ ਜਾਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਨੇ ਰਿਪੋਰਟ ਦਿੱਤੀ ਕਿ 100 ਤੋਂ ਵੱਧ ਉਮੀਦਵਾਰ ਧੋਖੇ ਨਾਲ ਪੀ.ਐਮ.ਟੀ. ਪਾਸ ਕਰ ਚੁੱਕੇ ਹਨ। ਦਸੰਬਰ 2011 ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਐਲਾਨ ਕੀਤਾ ਕਿ ਅਜਿਹੇ ਸਾਰੇ ਦੋਸ਼ੀ ਵਿਦਿਆਰਥੀ ਕੱਢ ਦਿੱਤੇ ਜਾਣਗੇ, ਕਈ ਤਾਂ ਕੋਰਸ ਖਤਮ ਕਰਕੇ ਡਿਗਰੀ ਲੈਣ ਦੇ ਕਰੀਬ ਪਹੁੰਚ ਚੁੱਕੇ ਸਨ।ਇਹ ਘੁਟਾਲਾ ਸਾਹਮਣੇ ਲਿਆਉਣ ਵਿੱਚ ਇੰਦੌਰ ਦੇ ਡਾ. ਆਨੰਦ ਰਾਏ ਤੇ ਗਵਾਲੀਅਰ ਦੇ ਸਮਾਜ ਸੇਵਕ ਅਸ਼ੀਸ਼ ਚਤੁਰਵੇਦੀ ਦਾ ਬਹੁਤ ਵੱਡਾ ਹੱਥ ਹੈ। ਚਤੁਰਵੇਦੀ ’ਤੇ ਹੁਣ ਤੱਕ ਤਿੰਨ ਜਾਨ ਲੇਵਾ ਹਮਲੇ ਹੋ ਚੁੱਕੇ ਹਨ ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵੀ ਹੋ ਚੁੱਕੀ ਹੈ। ਡਾ. ਆਨੰਦ ਰਾਏ ਦੇ ਅਨੁਸਾਰ ਪੀ.ਐਮ.ਟੀ ਘੁਟਾਲਾ 2004 ਤੋਂ ਹੀ ਚੱਲ ਰਿਹਾ ਹੈ, ਹੁਣ ਤੱਕ ਹਜ਼ਾਰਾਂ ਉਮੀਦਵਾਰ ਰਿਸ਼ਵਤ ਅਤੇ ਧੋਖੇਬਾਜ਼ੀ ਨਾਲ ਮੈਡੀਕਲ ਸੀਟਾਂ ਹਾਸਲ ਕਰ ਚੁੱਕੇ ਹਨ। 6-7 ਜੁਲਾਈ 2014 ਨੂੰ ਇੰਦੌਰ ਕਰਾਈਮ ਬ੍ਰਾਂਚ ਨੇ ਸ਼ਹਿਰ ਦੇ ਹੋਟਲਾਂ ਵਿੱਚੋਂ 20 ਅਜਿਹੇ ਵਿਅਕਤੀ ਪਕੜੇ ਜੋ ਕਿਸੇ ਹੋਰ ਦੀ ਥਾਂ ‘ਤੇ ਪੀ.ਐਮ.ਟੀ ਟੈਸਟ ਦੇਣ ਲਈ ਆਏ ਸਨ। ਉਹਨਾਂ ਦੀ ਨਿਸ਼ਾਨਦੇਹੀ ’ਤੇ 12 ਜੁਲਾਈ ਨੂੰ ਪੀ.ਐਮ.ਟੀ. ਕਾਊਂਸਲਿੰਗ ਤੋਂ 9 ਦਿਨ ਪਹਿਲਾਂ ਘੁਟਾਲੇ ਦੇ ਸਰਗਣੇ ਡਾ. ਜਗਦੀਸ਼ ਸਾਗਰ 317 ਉਮੀਦਵਾਰਾਂ ਦੀ ਲਿਸਟ ਸਮੇਤ ਮੰੁਬਈ ਦੇ ਇੱਕ ਹੋਟਲ ਤੋਂ ਗਿ੍ਰਫਤਾਰ ਕਰ ਲਿਆ ਗਿਆ। ਫਿਰ ਤਾਂ ਕੜੀ ਨਾਲ ਕੜੀ ਜੁੜਦੀ ਗਈ, ਇੱਕ ਤੋਂ ਬਾਅਦ ਇੱਕ ਧਨੰਤਰ ਪਕੜ ਵਿੱਚ ਆਉਂਦੇ ਗਏ। ਵਿਆਪਮ ਦਾ ਪ੍ਰੀਖਿਆ ਕੰਟੋਰਲਰ ਪੰਕਜ ਤਿ੍ਰਵੇਦੀ ਵੀ 28 ਸਤੰਬਰ 2014 ਨੂੰ ਕਾਬੂ ਆ ਗਿਆ। 29 ਅਪ੍ਰੈਲ 2014 ਨੂੰ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੇ 27 ਵਿਦਿਆਰਥੀਆਂ ਨੂੰ ਪੀ.ਐਮ.ਟੀ. 2012 ਟੈੱਸਟ ਰਾਹੀਂ ਧੋਖੇਬਾਜ਼ੀ ਨਾਲ ਦਾਖਲਾ ਹਾਸਲ ਕਰਨ ਦੇ ਇਲਜ਼ਾਮ ਹੇਠ ਕਾਲਜ ’ਚੋਂ ਕੱਢ ਦਿੱਤਾ ਗਿਆ। 100 ਤੋਂ ਵੱਧ ਵਿਦਿਆਰਥੀਆਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ।ਨਵੰਬਰ 2013 ਵਿੱਚ ਐਸ.ਟੀ.ਐਫ ਨੇ ਚੌਂਕਾਉਣ ਵਾਲਾ ਇੰਕਸ਼ਾਫ ਕੀਤਾ ਕਿ ਵਿਆਪਮ ਨੇ ਸਿਰਫ ਪੀ.ਐਮ.ਟੀ ਵਿੱਚ ਹੀ ਘੁਟਾਲੇ ਨਹੀਂ ਕੀਤੇ, ਸਗੋਂ ਪ੍ਰੀ ਪੀ.ਜੀ., ਫੂਡ ਇੰਸਪੈਕਟਰ, ਮਿਲਕ ਫੈਡਰੇਸ਼ਨ, ਬੈਂਕ ਪ੍ਰੋਬੇਸ਼ਨਰੀ ਅਫਸਰ, ਪੁਲਿਸ ਸਬ ਇੰਸਪੈਕਟਰ ਅਤੇ ਪੁਲਿਸ ਕਾਂਸਟੇਬਲਾਂ ਆਦਿ ਦੀ ਭਰਤੀ ਵਿੱਚ ਵੀ ਭਾਰੀ ਘਪਲਾ ਕੀਤਾ ਹੈ। ਇਸ ਕੇਸ ਵਿੱਚ ਮਾਈਨਿੰਗ ਕਿੰਗ ਸੁਧੀਰ ਸ਼ਰਮਾ ਸਮੇਤ 153 ਲੋਕਾਂ ’ਤੇ ਮੁਕੱਦਮਾ ਦਰਜ਼ ਕੀਤਾ ਗਿਆ। 5 ਨਵੰਬਰ 2014 ਨੂੰ ਹਾਈ ਕੋਰਟ ਨੇ ਤਫਤੀਸ਼ ਤੇ ਨਿਗਰਾਨੀ ਰੱਖਣ ਲਈ ਰਿਟਾਇਰਡ ਹਾਈ ਕੋਰਟ ਜੱਜ ਜਸਟਿਸ ਚੰਦਰ ਭੂਸ਼ਣ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਕਾਇਮ ਕਰ ਦਿੱਤੀ। ਹੁਣ ਸਾਰੀ ਤਫਤੀਸ਼ ਇਸ ਦੀ ਸਿੱਧੀ ਨਿਗਰਾਨੀ ਅਧੀਨ ਹੀ ਚੱਲ ਰਹੀ ਹੈ। ਵਿਆਪਮ ਘੁਟਾਲੇ ਵਿੱਚ ਹੁਣ ਤੱਕ 2000 ਤੋਂ ਵੱਧ ਦੋਸ਼ੀ ਗਿ੍ਰਫਤਾਰ ਕੀਤੇ ਗਏ ਹਨ ਤੇ 55 ਤੋਂ ਵੱਧ ਪੁਲਿਸ ਕੇਸ ਦਰਜ਼ ਕੀਤੇ ਜਾ ਚੁੱਕੇ ਹਨ। ਕਥਿਤ ਤੌਰ ’ਤੇ 10,000 ਕਰੋੜ ਤੋਂ ਵੱਧ ਦੇ ਇਸ ਘੁਟਾਲੇ ਨਾਲ ਸਬੰਧਿਤ ਹੁਣ ਤੱਕ 40 ਦੇ ਕਰੀਬ ਵਿਅਕਤੀ ਵੱਖ ਵੱਖ ਕਾਰਨਾਂ ਕਰਕੇ ਮਰ ਚੁੱਕੇ ਹਨ। ਮਰਨ ਵਾਲਿਆਂ ਵਿੱਚ ਮੱਧ ਪ੍ਰਦੇਸ਼ ਦੇ ਗਵਰਨਰ ਰਾਮ ਨਰੇਸ਼ ਯਾਦਵ ਦਾ ਬੇਟਾ ਸ਼ੈਲੇਸ਼ ਯਾਦਵ, ਆਜ ਤੱਕ ਚੈਨਲ ਦਾ ਰਿਪੋਰਟਰ ਅਕਸ਼ੈ ਸਿੰਘ, ਐਨ.ਐਸ.ਮੈਡੀਕਲ ਕਾਲਜ ਜੱਬਲਪੁਰ ਦਾ ਡੀਨ ਅਰੁਨ ਸ਼ਰਮਾ ਅਤੇ ਸਬ ਇੰਸਪੈਕਟਰ ਅਨਾਮਿਕਾ ਕੁਸ਼ਵਾਹਾ ਆਦਿ ਸ਼ਾਮਲ ਹਨ। ਗਿ੍ਰਫਤਾਰ ਕੀਤੇ ਪ੍ਰਮੁੱਖ ਵਿਅਕਤੀਆਂ ਵਿੱਚ ਸਾਬਕਾ ਸਿੱਖਿਆ ਮੰਤਰੀ ਲਕਸ਼ਮੀਕਾਂਤ ਸ਼ਰਮਾ, ਡਾ.ਵਿਨੋਦ ਭੰਡਾਰੀ, ਸਿੱਖਿਆ ਮੰਤਰੀ ਦਾ ਓ.ਐਸ.ਡੀ. ਓ.ਪੀ ਸ਼ੁਕਲਾ, ਵਿਆਪਮ ਦਾ ਪ੍ਰੀਖਿਆ ਕੰਟਰੋਲਰ ਪੰਕਜ ਤਿ੍ਰਵੇਦੀ, ਮਾਈਨਿੰਗ ਕਿੰਗ ਸੁਧੀਰ ਸ਼ਰਮਾ, ਵਿਆਪਮ ਅਧਿਕਾਰੀ ਸੀ.ਕੇ.ਮਿਸ਼ਰਾ, ਨਿਤਿਨ ਮਹਿੰਦਰਾ ਅਤੇ ਅਜੇ ਸੇਨ, ਆਈ ਪੀ.ਐਸ. ਅਧਿਕਾਰੀ ਆਰ.ਕੇ ਸ਼ਿਵਹਰੇ, ਜੁਆਇੰਟ ਕਮਿਸ਼ਨਰ ਰੈਵਿਨਿਊ ਰਵੀਕਾਂਤ ਦਿਵੇਦੀ, ਅਰਬਿੰਦੋ ਹਸਪਤਾਲ ਇੰਦੌਰ ਦਾ ਚੇਅਰਮੈਨ ਡਾ. ਜੀ.ਐਸ. ਖਨੂਜਾ ਆਦਿ ਸ਼ਾਮਲ ਹਨ। ਅਜੇ ਤਫਤੀਸ਼ ਜਾਰੀ ਹੈ, ਪਤਾ ਨਹੀਂ ਅਜੇ ਹੋਰ ਕੌਣ ਕੌਣ ਇਸ ਦੀ ਗਿ੍ਰਫਤ ਵਿੱਚ ਆਏਗਾ। ਸੰਪਰਕ :+91 98151 24449