ਭੋਖੜੇ ਦਾ ਦੈਂਤ ਹੀ ਸੰਸਾਰ ਵਿੱਚ ਖ਼ਾਨਾਜੰਗੀਆਂ ਦਾ ਰਾਹ ਪੱਧਰਾ ਕਰਦਾ ਹੈ- ਜੋਗਿੰਦਰ ਬਾਠ ਹੌਲੈਂਡ
Posted on:- 18-09-2012
17 ਦਸੰਬਰ, 1910 ਨੂੰ ਟੂਨੇਸ਼ੀਆ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਮੁਹੰਮਦ ਬਾਓਜੀਜੀ ਅਲ ਓਰਾਉਸ ਨੇ ਅਪਣੇ ਆਪ ’ਤੇ ਪੈਟਰੋਲ ਛਿੜਕ ਕੇ ਸਰੇ ਬਾਜ਼ਾਰ ਆਪਣੇ ਸਰੀਰ ਨੂੰ ਅੱਗ ਦੇ ਭਾਂਬੜਾ ਦੇ ਹਵਾਲੇ ਕਰ ਦਿੱਤਾ। ਉਸ ਮੱਚਦੇ ਬੰਦੇ ਦੀਆਂ ਚੀਕਾਂ ਨੇ ਪੂਰੇ ਅਰਬ ਦੇ ਡਿਕਟੇਟਰਾਂ ਦੇ ਮਹਿਲਾਂ ਦੇ ਥੱਮਲੇ ਹਿਲਾ ਕੇ ਰੱਖ ਦਿੱਤੇ। ਆਖਿਰ ਕਾਰਨ ਕੀ ਸਨ, ਇੱਕ ਪੜ੍ਹੇ ਲਿਖੇ ਮੁਹੰਮਦ ਬਾਓਜੀਜੀ ਦੇ ਇਸ ਤਰ੍ਹਾਂ ਆਪਣੀ ਸਰਕਾਰ ਦੇ ਸਿਰ ਚ੍ਹੜ ਕੇ ਸੜ ਮੱਚਣ ਦੇ ?ਬਾਓਜੀਜੀ ਯੂਨੀਵਰਸਿਟੀ ਪਾਸ ਸੀ। ਏਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ, ਉਸ ਨੂੰ ਉਸ ਦੀ ਤਾਲੀਮ ਮੁਤਾਬਕ ਕੋਈ ਇੱਜ਼ਤਦਾਰ ਨੌਕਰੀ ਨਸ਼ੀਬ ਨਾ ਹੋਈ ਜੋ ਉਸ ਦੇ ਟੱਬਰ ਦੇ ਢਿੱਡ ਨੂੰ ਝੁਲਕਾ ਦੇ ਸਕਦੀ।
ਬੇਰੁਜ਼ਗਾਰੀ ਤੇ ਭੁੱਖ ਤੋਂ ਤੰਗ ਆ ਕੇ ਉਸ ਨੇ ਘਰ ਦਾ ਲੂਣ ਤੇਲ ਤੋਰਨ ਲਈ ਬਗੈਰ ਸਰਕਾਰੀ ਲਾਇਸੈਂਸ ਦੇ ਬਜ਼ਾਰ ਵਿੱਚ ਸਬਜ਼ੀ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ ਪਰੰਤੂ ਪੁਲੀਸ ਨੇ ਉਸ ਨੂੰ ਇਸ ਜ਼ੁਰਮ ਵਿੱਚ ਭਰੇ ਬਜ਼ਾਰ ਬੈਂਤਾਂ ਨਾਲ ਝੰਬ ਸੁੱਟਿਆ। ਮੁਹੰਮਦ ਬਿਨ ਅਰਾਉਸ ਨੇ ਇਸ ਬੇਇੱਜ਼ਤੀ ਦੀ ਬਹੁਤ ਨਮੌਸ਼ੀ ਮੰਨੀ ਤੇ ਆਪਣਾ ਰੋਸ਼ ਜਾਹਰ ਕਰਨ ਲਈ ਆਪਣੇ ਤੇ ਮਿੱਟੀ ਦਾ ਤੇਲ ਛਿੜਕ ਕੇ ਅਪਣੇ ਆਪ ਨੁੰ ਭਰੇ ਬਜ਼ਾਰ ਅਗਨ-ਭੇਟ ਕਰ ਦਿੱਤਾ।
ਇਸ ਅੱਗ ਦੇ ਲਾਬੂੰਆਂ ਨੇ ਸਾਰੇ ਟੂਨੇਸ਼ੀਆਂ ਨੂੰ ਹੀ ਖਾਨਾਜੰਗੀ ਦੀ ਤੱਪਦੇ ਭੱਠ ਵਿੱਚ ਝੌਂਕ ਦਿੱਤਾ ਤੇ ਇਸੇ ਭੋਖੜੇ ਦੀ ਅੱਗ ਦੇ ਫਲੂਹੇ ਉੱਡ ਕੇ ਪੂਰੇ ਅਰਬ ਜਗਤ ਵਿੱਚ ਖਿੱਲ੍ਹਰ ਗਏ। ਟੂਨੇਸ਼ੀਆਂ ਤੋਂ ਬਾਦ ਇਸ ਭੁੱਖ ਦੀ ਅੱਗ ਨੇ ਈਜ਼ਿਪਟ, ਲੀਬੀਆਂ ਨੂੰ ਵੀ ਲੂਹ ਸੁੱਟਿਆ, ਬਹਿਰੀਨ ਸਾਉਦੀ ਅਰਬ ਤੋਂ ਹੁੰਦੀ ਹੋਈ ਇਹ ਹੁਣ ਸੀਰੀਆਂ ਵਿੱਚ ਪੂਰੇ ਜਾਹੋਜਲਾਲ ਵਿੱਚ ਮੱਘ ਰਹੀ ਹੈ। ਪੱਛਮੀ ਰੱਜ਼ੇ ਸੰਸਾਰ ਲਈ ਹਾਲ ਦੀ ਘੜੀ ਤਾ ਇਹ ਬਸੰਤਰ ਮੇਲਾ ਹੀ ਹੈ।
ਪਿਛਲੀ ਹਿੰਦੁਸਤਾਨ ਦੀ ਫੇਰੀ ਸਮੇਂ ਦਿੱਲੀ ਤੋਂ ਪੰਜਾਬ ਆਉਣ ਲੱਗਿਆ ਮੇਰੇ ਨਾਲ ਇੱਕ ਦਿੱਲੀ ਦੇ ਕਿਸੇ ਸਰਕਾਰੀ ਸਕੂਲ ਦੀ ਮੁੱਖ-ਅਧਿਆਪਕਾ ਆ ਬੈਠੀ ਜਿਸ ਦੇ ਪੇਕੇ ਫਿਰੋਜ਼ਪੁਰ ਸਨ। ਲੰਬੇ ਸਫਰ ਨੂੰ ਛੋਟਾ ਕਰਨ ਲਈ ਅਸੀਂ ਗੱਲੀਂ ਰੁੱਝ ਪਏ ਉਸ ਦੀਆਂ ਗੱਲਾਂ ਸੁਣ ਕੇ ਮੇਰੇ ਡਰ ਨਾਲ ਰੌਂਗਟੇ ਖੜ੍ਹੇ ਹੋ ਗਏ ਉਸ ਦੇ ਦੱਸਣ ਮੁਤਾਬਕ ਦਿੱਲੀ ਵਿੱਚ ਗ਼ਰੀਬੀ ਅਤੇ ਭੁੱਖਮਰੀ ਦਾ ਇਹ ਆਲਮ ਹੈ ਕਿ ਮਾਪੇ ਅਪਣੇ ਬੱਚਿਆਂ ਨੂੰ ਸਵੇਰੇ ਬਗੈਰ ਕੁਝ ਖਵਾਏ ਤੋਂ ਭੁੱਖਣ-ਭਾਣੇ ਹੀ ਸਕੂਲਾਂ ਨੂੰ ਤੋਰ ਦਿੰਦੇ ਹਨ।
ਬਹੁਤ ਸਾਰੇ ਬੱਚੇ ਭੁੱਖ ਨਾਲ ਮਧੋਲੇ ਕਲਾਸਾਂ ਵਿੱਚ ਗੱਛ ਖਾ ਕੇ ਡਿੱਗ ਪੈਂਦੇ ਹਨ। ਅਸੀਂ ਬਹੁਤ ਵਾਰ ਮਾਪਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਕੁਝ ਖਵਾ ਕੇ ਸਕੂਲ ਭੇਜਣ ਦੀ ਤਾਕੀਦ ਕੀਤੀ ਹੈ ਪਰੰਤੂ ਬੇ-ਵਸ ਮਾਪਿਆਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਖੁਰਾਕ ਦੀ ਮਹਿਗਾਈ ਹੀ ਐਨੀ ਹੈ ਕਿ ਉਹ ਚਾਹੁੰਦੇ ਹੋਏ ਵੀ ਇਨ੍ਹਾਂ ਮਾਸੂਮਾਂ ਨੂੰ ਸਵੇਰੇ ਕੁਝ ਨਹੀਂ ਖਵਾ ਸਕਦੇ। ਸਾਨੂੰ ਬੱਚਿਆ ਨੂੰ ਸਕੂਲ ਵੱਲੋਂ ਢਿੱਡ ਝੁੱਲਕਣ ਲਈ ਕੁਝ ਨਾ ਕੁਝ ਖਾਣ ਲਈ ਦੇਣਾਂ ਪੈਂਦਾ ਹੈ। ਬਹੁਤੀ ਵਾਰ ਟੀਚਰ ਆਪਣੀ ਜੇਬ ਵਿੱਚੋ ਹੀ ਇਹ ਬੰਦੋਬਸਤ ਕਰਦੇ ਹਨ। ਗਰੀਬੀ ਦਾ ਹਾਲ ਇਹ ਹੈ ਕਿ ਬਹੁਤ ਸਾਰੇ ਮਾਂਪੇ ਸਰਕਾਰੀ ਸਕੂਲ ਦੀ ਮਾਮੂਲੀ ਫ਼ੀਸ ਵੀ ਨਹੀਂ ਦੇ ਸਕਦੇ ਤੇ ਬਹੁਤ ਕਾਬਲ ਅਤੇ ਹੁਸ਼ਿਆਰ ਬੱਚਿਆਂ ਨੂੰ ਫੀਸ ਦੇ ਦੁੱਖੋ ਸਕੂਲੋਂ ਹਟਾ ਕੇ ਕਿਤੇ ਭੀਖ ਮੰਗਣ, ਦਿਹਾੜੀ ਕਰਨ ਜਾਂ ਪਲਾਸਟਿਕ ਦੇ ਲਿਫਾਫੇ ਇੱਕਠੇ ਕਰਨ ਲਈ ਭੇਜ ਦਿੰਦੇ ਹਨ। ਬਾਉਜੀਜੀ ਬਨਾਮ, ਦਿੱਲੀ ਬਨਾਮ ਪੂਰਾ ਹਿੰਦੁਸਤਾਨ।
ਚੀਨ ਦੀ ਹੁਣ ਸਾਰੀ ਸਿਆਸਤ ਹੀ ਤੇਲ ਤੋਂ ਬਾਅਦ ਖੁਰਾਕ ਦੀ ਜ਼ਖੀਰੇਬਾਜ਼ੀ ਕਰਨ ਦੁਵਾਲੇ ਘੁੱਮ ਰਹੀ ਹੈ। ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਚੀਨੀ ਆਰਥਿਕਤਾ ਨੇ ਪਿੰਡਾਂ ਵਿੱਚ ਵੱਸਦੇ ਚੀਨੀਆਂ ਨੂੰ ਵੱਡੇ ਵੱਡੇ ਸ਼ਹਿਰਾਂ ਵਿੱਚ ਲਿਆ ਇੱਕਠਾ ਕੀਤਾ ਹੈ। ਹਰ ਸਾਲ ਚੀਨ ਦੇ ਸ਼ਹਿਰਾਂ ਨੂੰ ਦਸ ਮੀਲੀਅਨ ( ਇੱਕ ਕਰੋੜ) ਪੇਂਡੂ ਲੋਕ ਭਾਗ ਲਾ ਰਹੇ ਹਨ। ਕਿਉਂਕਿ ਸ਼ਹਿਰਾਂ ਵਿੱਚ ਕੰਮ ਦੀ ਬਹੁਤਾਤ ਹੈ ਇਸ ਲਈ ਕਾਂਮਿਆਂ ਦੀ ਵੀ ਲੋੜ ਹੈ। ਪਿੱਛਲੀ ਸਦੀ ਵਿੱਚ ਚੀਨ ਦੀ ਪੰਜਵਾ ਹਿੱਸਾ ਅਬਾਦੀ ਸ਼ਹਿਰਾਂ ਵਿੱਚ ਰਹਿੰਦੀ ਸੀ ਤੇ ਹੁਣ ਚੀਨ ਦੀ ਅੱਧੀ ਅਬਾਦੀ ਮਹਾਂਨਗਰਾਂ ਵਿੱਚ ਰਹਿਣ ਲੱਗ ਪਈ ਹੈ। ਸ਼ਹਿਰਾਂ ਵਿੱਚ ਫ਼ਸਲਾਂ ਤਾ ਹੁੰਦੀਆ ਨਹੀਂ, ਕੋਈ ਕੁੱਕੜੀ, ਬੱਤਖ, ਮੱਝ ਗਾਂ ਵੀ ਨਹੀਂ ਰੱਖ ਸਕਦਾ ਇਸ ਦਾ ਮਤਲਬ ਪੂਰਾ ਸ਼ਹਿਰ ਬਾਹਰੀ ਅਤੇ ਮੁੱਲ ਦੀ ਖ਼ੁਰਾਕ ਦਾ ਮੁਹਤਾਜ਼ ਹੁੰਦਾ ਹੈ ਇਸੇ ਕਰਕੇ ਚੀਨ ਨੇ ਖੁਰਾਕ ਦੀ ਕਿੱਲਤ ਨੂੰ ਤੇਲ ਤੋਂ ਵੀ ਪਹਿਲਾ ਅਪਣਾ ਪਹਿਲਾ ਸਿਆਸੀ ਏਜੰਡਾ ਮੰਨਿਆ ਹੈ।
ਚੀਨ ਦੇਸ਼ ਅਬਾਦੀ ਪੱਖੋ ਪੂਰੀ ਦੁਨੀਆਂ ਦੇ ਬਾਸ਼ਿਦਿਆਂ ਦਾ 22 ਪਰਸ਼ੈਂਟ ਬਣਦਾ ਹੈ ਯਾਨਿ ਕਿ ਦੁਨੀਆਂ ਦਾ ਤਕਰੀਬਨ ਹਰ ਚੌਥਾਂ ਪ੍ਰਾਣੀ ਚੀਨੀ ਹੈ ਤੇ ਏਨੀ ਖਲਕਤ ਦਾ ਢਿੱਡ ਭਰਨ ਲਈ ਖੇਤੀ ਯੋਗ ਜ਼ਰਖੇਜ਼ ਉਪਜਾਉ ਜ਼ਮੀਨ ਹੈ ਪੂਰੇ ਚੀਨ ਵਿੱਚ ਸਿਰਫ ਸੱਤ ਪਰਸ਼ੈਟ। ਹੁਣ ਦੇ ਹਾਲਾਤ ਮੁਤਾਬਕ ਚੀਨੀ ਢਿੱਡਾਂ ਨੂੰ ਭਰਨ ਵਾਸਤੇ ਚੀਨ ਨੂੰ ਇੱਕ ਕੌਮਾ ਦੋ ਮੀਲੀਅਨ ਚੌਰਸ ( ਇੱਕ ਕਰੌੜ ਦੋ ਲੱਖ) ਕਿਲੋਮੀਟਰ ਉਪਜਾਉ ਜ਼ਮੀਨ ਚਾਹੀਦੀ ਹੈ। ਜੋ ਚੀਨ ਕੋਲ ਹੈ ਨਹੀਂ। ਏਸੇ ਕਰਕੇ ਚੀਨ ਨੇ ਅਫਰੀਕਾਂ ਅਤੇ ਪਾਕਿਸਤਾਨ ਦੇ ਗਿਲਗਿਤ ਇਲਾਕੇ ਵਿੱਚ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਖੇਤੀ ਲਈ ਖ਼ਰੀਦੀ ਹੈ। ਇਕੱਲਾ ਚੀਨ ਹੀ ਨਹੀਂ ਸਾਉਦੀ ਅਰਬ, ਸਾਉਥ ਕੋਰੀਆ ਅਤੇ ਹੋਰ ਅਮੀਰ ਦੇਸ਼ ਵੀ ਏਸੇ ਰਾਹ ਪਏ ਹੋਏ ਹਨ। ਇਕੱਲੇ 2010 ਵਿੱਚ ਸੰਸਾਰ ਬੈਂਕ ਦੇ ਇੱਕ ਸਰਵੇ ਮੁਤਾਬਕ ਗ਼ਰੀਬ ਦੇਸ਼ ਅੱਸੀ ਮੀਲੀਅਨ ਹੈਕਟਰ ਉਪਜਾਉ ਧਰਤੀ ਨਵੇਂ ਮਾਲਕਾਂ ਕੋਲ ਵੇਚ ਚੁੱਕੇ ਹਨ। ਇਸ ਵੇਚ ਵਚੱਈਏ ਨੇ ਹੁਣ ਤੱਕ ਇੱਕ ਕਰੋੜ ਪੰਜਾਹ ਲੱਖ ਲੋਕਾਂ ਨੂੰ ਗ਼ਰੀਬੀ ਅਤੇ ਭੋਖੜੇ ਦੀ ਅੰਨੀ ਗੁਫਾ ਵਿੱਚ ਧੱਕ ਦਿੱਤਾ ਹੈ।
ਸੰਸਾਰ ਬੈਂਕ ਦੇ ਹੀ ਦਸਤਾਵੇਜ਼ਾਂ ਮੁਤਾਬਕ ਹੁਣ ਗ਼ਰੀਬੀ ਭੁੱਖ ਦੇ ਸਤਾਏ ਤੇਤੀ ਦੇਸਾਂ ਦੇ ਲੋਕ ਖਾਨਾਂਜੰਗੀ ਦੀਆ ਬਰੂਹਾਂ ਤੇ ਖੜ੍ਹੇ ਹਨ। ਇਥੋਪੀਆਂ,ਸੁਡਾਨ, ਵਰਗੇ ਦੇਸ਼ ਜਿੱਥੇ ਲੋਕ ਦਾਣੇ ਚਾਣੇ ਨੂੰ ਤਰਸੀ ਜਾਂਦੇ ਹਨ ਜਿੰਨ੍ਹਾਂ ਨੂੰ ਅਪਣੀ ਉਪਜਾਉ ਧਰਤੀ ਬਹੁਤ ਹੀ ਜਰੂਰੀ ਹੈ ਤੇ ਜਿੰਨ੍ਹਾਂ ਦਾ ਵੱਡਾ ਹਿੱਸਾ ਲੋਕ ਯੂ ਐਨ ਦੀ ਖੁਰਾਕੀ ਮੱਦਤ ਦੇ ਆਸਰੇ ਅੱਧੇ ਭੁੱਖੇ ਭੋਖੜੇ ਮਾਰੇ ਸ਼ਰਨਾਰਥੀ ਕੈਂਪਾ ਵਿੱਚ ਜੂਨ ਕੱਟਣ ਲਈ ਮਜ਼ਬੂਰ ਹੋਏ ਪਏ ਹਨ। ਇਹ ਦੇਸ਼ ਵੀ ਆਪਣੀ ਉਪਜਾਉ ਜ਼ਮੀਨ ਦੇ ਵੱਡੇ ਟੋਟੇ ਚੀਨ ਆਦਿ ਦੇਸ਼ਾਂ ਨੂੰ ਵੇਚੀ ਬੈਠੇ ਹਨ। ਅਫਰੀਕਾ ਵਿੱਚ ਤਾਂ ਪਹਿਲਾਂ ਹੀ ਭੋਖੜੇ ਦਾ ਦੈਂਤ ਆਦਮ ਬੋ ਆਦਮ ਬੋ ਕਰਦਾ ਫਿਰਦਾ ਹੈ। ਮਾਰਚ 2011 ਵਿੱਚ ਐਫ ਏ A ( ਫੂਡ ਐਡ ਐਗਰੀਕਲਚਰ ਔਰਗਾਨਾਈਜੇਸ਼ਨ) ਨੇ ਖਾਧ ਪਦਾਰਥਾਂ ਦੀ ਮਹਿੰਗਾਈ ਬਾਰੇ ਅਪਣੀ ਰੀਪੋਰਟ ਪੇਸ਼ ਕੀਤੀ ਹੈ। ਸਿਰਫ ਪਿੱਛਲੇ ਦੋ ਸਾਲਾਂ ਵਿੱਚ ਹੀ ਖੰਡ ਆਟੇ ਅਤੇ ਚੌਲਾਂ ਦੇ ਭਾਅ ਕਈ ਮੁਲਕਾਂ ਵਿੱਚ ਦੁੱਗਣੇ, ਚੌਗਣੇ ਹੋ ਗਏ ਹਨ। ਜੇ ਆਟਾ, ਖੰਡ, ਚੌਲ, ਤੇਲ, ਮਹਿੰਗੇ ਹੋਣਗੇ ਤਾਂ ਇਨ੍ਹਾ ਤੋਂ ਤਿਆਰ ਹੋਣ ਵਾਲੇ ਦੂਸਰੇ ਸਾਰੇ ਹੀ ਪਦਾਰਥ ਕੁੱਦਰਤੀ ਹੀ ਮਹਿੰਗੇ ਹੋ ਜਾਣਗੇ। ਆਖਿਰ ਕਾਰਨ ਹਨ ਕੀ ਇਸ ਖੁਰਾਕੀ ਮਹਿੰਗਾਈ ਦੇ?
ਇਸ ਅਣ-ਕਿਆਸੀ ਮਹਿੰਗਾਈ ਦੇ ਕਈ ਕਾਰਨ ਹਨ। 2011 ਵਿੱਚ ਈਥੋਪੀਆਂ ਅਤੇ ਕੀਨੀਆਂ ਮੀਂਹ ਨਾ ਪੈਣ ਕਾਰਨ ਔੜ ਨੇ ਮਾਰ ਲਏ। 1951 ਤੋਂ ਬਾਦ ਐਨੀ ਭਿਆਨਕ ਔੜ ਕਦੀ ਵੀ ਇਸ ਖਿੱਤੇ ਵਿੱਚ ਨਹੀਂ ਲੱਗੀ ਸੀ। ਇਸ ਔੜ ਨੇ ਬੰਦੇ ਤਾਂ ਕੀ ਪਸ਼ੂ ਪਰਿੰਦੇ ਵੀ ਭੁੱਖ ਨਾਲ ਮਧੋਲ ਕੇ ਮਾਰ ਦਿੱਤੇ ਤੇ ਸਾਰੀ ਬਨਸਪਤੀ ਹੀ ਟੁੰਡ ਮਰੁੰਡ ਕਰ ਕੇ ਰੱਖ ਦਿੱਤੀ। ਕੈਨੇਡਾ ਵਿੱਚ ਮੋਹਲੇਧਾਰ ਲਗਾਤਾਰ ਪੈਂਦੀਆਂ ਬਾਰਸ਼ਾ ਨੇ ਫਸਲਾਂ ਦਾ ਨੁਕਸਾਨ ਕੀਤਾ। ਰਸ਼ੀਆ,ਯੂਕਰੇਨ ਤੇ ਕਜ਼ਾਕਸਤਾਨ ਵੀ ਸੋਕੇ ਦੀ ਮਾਰ ਥੱਲੇ ਆ ਗਏ। ਚੀਨ ਵਿੱਚ ਹਨੇਰੀਆਂ ਤੁਫਾਨ ਫਸਲਾਂ ਦੇ ਤੀਲੇ ਤੱਕ ਉਡਾ ਕੇ ਲੈ ਗਏ। ਅਮਰੀਕਾਂ ਨੂੰ ਲੰਬਾਂ ਸਮਾਂ ਪਈ ਸਨੋ ਨੇ ਬਰਫ ਵਿੱਚ ਲਾ ਦਿੱਤਾ। ਮਹੀਨਿਆਂ ਤੱਕ ਚੱਲੇ ਇਸ ਠੰਢੇ ਯੱਖ ਮੌਸ਼ਮ ਨੇ ਫਸਲਾਂ ਤਾ ਕੀ ਘਾਹ ਵੀ ਖੇਤਾਂ ਵਿੱਚ ਨਹੀਂ ਪੁੰਗਰਨ ਦਿੱਤਾ ਤੇ ਪਾਕਿਸਤਾਨ ਨੂੰ ਬੰਬ ਧਮਾਕਿਆ ਤੇ ਹੜ੍ਹਾਂ ਨੇ ਧੋ ਕੇ ਰੱਖ ਦਿੱਤਾ।
ਡੋਬੇ ਸੋਕੇ ਅਤੇ ਕੁਦਰਤੀ ਆਫਤਾਂ ਤੋਂ ਬਗੈਰ ਵੱਧ ਰਹੇ ਕੱਚੇ ਤੇਲ ਦੇ ਭਾਵਾਂ ਨੇ ਵੀ ਖਾਧ-ਖੁਰਾਕ ਨੂੰ ਅੱਗ ਲਾਈ। ਬਾਇਓ ਤੇਲ ਦੀ ਵਧ ਰਹੀ ਮੰਗ ਨੇ ਵੀ ਖੇਤਾਂ ਵਿੱਚ ਕਣਕ ਮੱਕੀ ਚਾਵਲ ਦੀ ਥਾ ਤੇ ਤੋਰੀਏ, ਸਰੋਂ ਦੇ ਪੀਲੇ ਫੁੱਲ ਖਿੜਾ ਰੱਖੇ ਹਨ। ਮਹਿੰਗੀ ਢੋਆ ਢੁਆਈ ਤੇ ਵੱਧ ਰਹੀਆਂ ਊਰਜਾ ਦੀਆਂ ਕੀਮਤਾਂ ਵੀ ਅਸਰ-ਅੰਦਾਜ਼ ਹਨ। ਉਤੋਂ ਦੁਨੀਆਂ ਦੀ ਲਗਾਤਾਰ ਵਧ ਰਹੀ ਅਬਾਦੀ ਵੀ ਇਸ ਦੀ ਜੁੰਮੇਵਾਰ ਹੈ ਹਰ ਸਾਲ ਅੱਸੀ ਮੀਲੀਅਨ ਮੂੰਹ ਹੋਰ ਪੈਦਾ ਹੋ ਰਹੇ ਹਨ ਖਾਣ ਵਾਲੇ। ਧਰਤੀ ਦੇ ਵਿਗੜ ਰਹੇ ਮੌਸਮੀ ਚੱਕਰ ਦਾ ਵੀ ਇਸ ਮਹਿਗਾਈ ਦੇ ਡਾਇਨਾਸੌਰ ਨੁੰ ਹੋਰ ਵਿਰਾਟ ਕਰਨ ਵਿੱਚ ਖਾਸ ਰੋਲ ਹੈ। ਆਫਰੀਕਾ,ਮਿਡਲ ਈਸਟ, ਤੁਰਕਮਾਨੀਸਤਾਨ, ਅਫਗਾਨਸਤਾਨ, ਪਾਕਿਸਤਾਨ, ਤੇ ਹਿੰਦੋਸਤਾਨ ਇਸ ਵਿਗੜੇ ਮੌਸ਼ਮੀ ਚੱਕਰ ਦੀ ਮਾਰ ਹੇਠ ਹਨ। ਰੇਤਾਂ ਵਿੱਚ ਝੋਨਾ ਲਾਉਣ ਵਾਲੇ ਪੰਜਾਬੀਆਂ ਨੇ ਵੀ ਧਰਤੀ ਹੇਠਲਾ ਪਾਣੀ ਬੋਰਾਂ ਰਾਹੀ ਸੂਤ ਲਿਆ ਹੈ ਤੇ ਹਜ਼ਾਰਾਂ ਹੀ ਕਿੱਲੇ ਉਪਜਾਉ ਜ਼ਮੀਨ ਵਿੱਚ ਲੈਂਡ ਮਾਫੀਆਂ ਰਿਹਾਇਸ਼ੀ ਕਲੋਨੀਆਂ ਕੱਟੀ ਬੈਠਾਂ ਹੈ। ਹੁਣ ਉਥੇ ਘਾਹ ਵੀ ਨਹੀਂ ਉੱਗਦਾ। ਇਨ੍ਹਾ ਹਜ਼ਾਰਾਂ ਹੀ ਕਿੱਲਿਆ ਵਿੱਚ ਲੱਖਾ ਮਣ ਅਨਾਜ਼ ਉੱਗਦਾ ਸੀ ਚਿੱੜੀ ਜਨੌਰ, ਪੱਸ਼ੂ ਡੰਗਰ ਰੱਜਦਾ ਸੀ ਤੇ ਗਰੀਬ ਗੁਰਬਾ ਵੀ ਚਾਰ ਦਾਣੇ ਹਾੜੀ ਸਾਉਣੀ ਘਰ ਲੈ ਜਾਂਦਾ ਸੀ। ਹੁਣ ਇਹ ਸ਼ਹਿਰਾਂ ਦੁਵਾਲੇ ਲੱਖਾਂ ਦੀ ਗਿਣਤੀ ਵਿੱਚ ਕੱਟੇ ਪਲਾਟ ਧੰਦਾ ਕਰਨ ਵਾਲੀਆਂ ਵੇਸਵਾਵਾਂ ਵਾਂਗ ਗਾਹਕ ਉਡੀਕਦੇ ਖੰਡਰਾ ਦੇ ਰੂਪ ਵਿੱਚ ਦਿੱਸਦੇ ਹਨ। ਇਸ ਤੋਂ ਵੱਡਾ ਪੰਜ਼ਾਬ ਦੀ ਜਰਖੇਜ਼ ਜ਼ਮੀਨ ਨਾਲ ਹੋਰ ਕੀ ਮਜ਼ਾਕ ਹੋ ਸਕਦਾ ਹੈ।
ਉੱਪਰ ਗਿਣਾਏ ਗਏ ਦੇਸ਼ਾਂ (ਛੁੱਟ ਅਮਰੀਕਾ ,ਕੈਨੇਡਾ) ਵਿੱਚ ਪਹਿਲਾਂ ਹੀ ਮਾਰਧਾੜ ਅਤੇ ਖਾਨਾਜੰਗੀਆਂ ਦੇ ਬੱਦਲ ਛਾਏ ਹੋਏ ਹਨ। ਧਰਮੀ ਮੂਲਵਾਦ ਦੇ ਪ੍ਰੇਤ ਇਥੇ ਭੁੱਖ ਨਾਲ ਸਤਾਏ ਬੇਬਸ ਲੋਕਾਂ ਦੇ ਬੰਬ ਧਮਾਕਿਆ ਨਾਲ ਪਰਖਚੇਂ ਉਡਾਈ ਜਾਂਦੇ ਹਨ ਤੇ ਰੋਟੀ ਲਈ ਉੱਠੇ ਹੱਥਾਂ ਦੀਆਂ ਬਾਹਾਂ ਕ੍ਰਿਪਾਨਾਂ ਨਾਲ ਟੁੰਡੀਆਂ ਕਰੀ ਜਾਦੇਂ ਹਨ। ਇਨ੍ਹਾਂ ਦੇਸ਼ਾਂ ਦੀਆਂ ਹਕੂਮਤਾਂ ਪਹਿਲਾਂ ਹੀ ਲੜਖੜਾ ਰਹੀਆਂ ਹਨ ਇਹ ਤੌਖਲਾਂ ਬਣਿਆ ਹੀ ਰੀਹੰਦਾ ਹੈ ਪਤਾ ਨਹੀਂ ਕਦੋ ਕਿੱਥੇ ਰਾਜਪਲਟੇ ਹੋ ਜਾਣ ਤੇ ਖਾਨਾਜੰਗੀ ਸ਼ੁਰੂ ਹੋ ਜਾਵੇ।
ਯੂਰਪ ਦੀ ਸਿਆਣੀ ਪਰੈਸ ਇਸ ਮਸਲੇ ਨੂੰ ਬੜੀ ਗੰਭੀਰਤਾਂ ਨਾਲ ਲੈ ਰਹੀ ਹੈ। ਇਸ ਨੂੰ ਉਹ ਆਲਮੀ ਫੂਡ ਕਰਾਈਸਸ ਦਾ ਨਾ ਦੇ ਰਹੀ ਹੈ ਤੇ ਬਰੂਸਲ ਨੂੰ ਸਮਾਂ ਰਹਿੰਦੇ ਕੁੱਸ਼ ਕਰਨ ਲਈ ਨੇਕ ਸਲਾਹਾ ਵੀ ਦੇ ਰਹੀ। ਸਿਆਣੇ ਪੱਤਰਕਾਰ ਪੰਜਾਬੀ ਦੀ ਇਸ ਕਹਾਵਤ ਨੂੰ ਉਲਟਾ ਕਰਕੇ ਵੀ ਸਮਝਾ ਰਹੇ ਹਨ "ਖੇੜੇ ਸੁੱਖ ਵਿਹੜੇ ਸੁੱਖ" ਅਰਥਾਤ ਜੇ ਸੰਸਾਰ ਵਿੱਚ ਸ਼ਾਤੀ ਹੋਵੇਗੇ ਤਦੇ ਹੀ ਘਰ ਵਿੱਚ ਸ਼ਾਤੀ ਹੋਵੇਗੀ। ਉਹ ਕਹਿੰਦੇ ਹਨ ਇਹ ਭੋਖੜੇ ਦਾ ਮਸਲਾਂ ਪੂਰੇ ਸੰਸਾਰ ਦਾ ਹੈ ਜੇ ਸਮਾਂ ਰਹਿੰਦਿਆ ਕੁੱਸ ਨਾ ਕੀਤਾ ਗਿਆ ਤਾ ਭੁੱਖ ਦੇ ਸਤਾਏ ਲੋਕਾਂ ਦੇ ਹੌਕੇ ਯੋਰਪ ਨੂੰ ਵੀ ਰੱਜ ਕੇ ਨਹੀ ਖਾਣ ਹੰਢਾਉਣ ਦੇਣਗੇ। ਭੋਖੜੇ ਖਾਤਰ ਹੋਈਆਂ ਖਾਨਾਜੰਗੀਆਂ ਕਰੋੜਾ ਲੋਕਾਂ ਨੂੰ ਸ੍ਰਨਾਰਥੀ ਬਣਾ ਕੇ ਯੋਰਪ ਦੇ ਬੂਹੇ ਅੱਗੇ ਲਿਆ ਬਿਠਾਉਣਗੀਆਂ। ਐਸ ਵਕਤ 10 ਕਰੋੜ ਲੋਕ ਭੋਖੜੇ ਦੀ ਮਾਰ ਥੱਲੇ ਹਨ ਜਿੰਨ੍ਹਾਂ ਵਿੱਚ ਢਾਈ ਕਰੋੜ ਮਸੂਮ ਬੱਚੇ ਹਨ। ਇਸ ਨੀਲੀ ਧਰਤੀ ਦਾ ਹਰ ਸੱਤਵਾਂ ਬਾਸ਼ਿਦਾਂ ਭੋਖੜੇ ਦੀ ਮਾਰ ਥੱਲੇ ਹੈ। ਦੁਨੀਆਂ ਵਿੱਚ ਕੁਦਰਤੀ ਆਫਤਾਂ ਤੋਂ ਛੁੱਟ ਬਾਇਓ ਈਧਨ ਹੀ ਆਲਮੀ ਖਾਧ ਪਦਾਰਥਾਂ ਦੀ ਮਹਿਗਾਈ ਦਾ ਵੱਡਾ ਕਾਰਨ ਹੈ। ਇਸ ਦੀ ਵਡੀ ਮਿਸਾਲ ਹੈ ਯੂ ਐਸ ਏ ਜੋ ਦੁਨੀਆਂ ਦਾ ਸਭ ਤੋਂ ਵਡਾ ਕਣਕ ਉਤਪਾਦਕ ਹੈ। ਇਸ ਦੇਸ਼ ਵਿੱਚ ਪੈਦਾ ਹੋਈ 40 ਪਰਸ਼ੈਟ ਕਣਕ ਇਨਸਾਨਾਂ ਦੇ ਢਿੱਡ ਵਿੱਚ ਜਾਣ ਦੀ ਬਜਾਏ ਕਾਰਾਂ ਟਰੱਕਾਂ ਦੇ ਵੱਡੇ ਢਿੱਡਾਂ ਵਿੱਚ ਬਾਇਓ ਈਧਨ ਦੇ ਰੂਪ ਵਿੱਚ ਜਾ ਰਹੀ ਹੈ। ਇਹ ਸਾਧਨ ਰਹਿਤ ਮਨੁੱਖਤਾਂ ਦੇ ਖਿਲਾਫ ਇੱਕ ਵੱਡਾ ਘਿਨਾਉਣਾ ਅਪਰਾਧ ਹੈ।
ਹੁਣ ਤਾਂ ਬਾਬੇ ਫ਼ਰੀਦ ਦਾ ਇਹ ਦੋਹਾ ਵੱਡਿਆਂ ਵੀਹਾ ( ਜੀ 20) ਦੀ ਅਗਲੀ ਮੀਟਿੰਗ ਵਾਲੇ ਹਾਲ ਵਿੱਚ ਅੰਗਰੇ ਦੇ ਵੱਡੇ ਅੱਖਰਾ ਵਿੱਚ ਤਰਜ਼ਮਾ ਕਰਾਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਜੰਥੇਬੰਦੀਆਂ ਨੂੰ ਟੰਗਣਾ ਤੇ ਵੰਡਣਾਂ ਪੈਣਾ ਹੈ ਤੇ ਨਾਲ "ਵਿਹੜੇ ਸੁੱਖ ਖੇੜੇ ਸੁੱਖ" ਦੇ ਅਖਾਣ ਨੂੰ ਪੁੱਠਾ ਕਰਕੇ ਕੇ ਇਨ੍ਹਾਂ ਵੱਡਿਆਂ 20 ਨਾਢੂਖਾਨਾਂ ਦੇ ਖਾਨੇ ਵੀ ਪਾਉਣਾ ਪੈਣਾ ਹੈ ਨਹੀ ਤਾਂ ਇਸ ਬਸੰਤਰ ਮੇਲੇ ਦਾ ਸੇਕ ਵਾਸਿੰਗਟਨ, ਮਾਸਕੋ, ਬੀਜਿੰਗ, ਲੰਡਨ, ਪੈਰਿਸ, ਇਥੋਂ ਤੱਕ ਦਿੱਲੀ ਨੂੰ ਵੀ ਲੱਗ ਸਕਦਾ ਹੈ।
ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਨ ਮੇਰੀ ਭੁੱਖ
ਜ੍ਹਿਨਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ।
Avtar Gill
ਅਖਾਂ ਖੋਲਣ ਵਾਲਾ ਲੇ ਹੈ ਜਰੂਰ ਪੜ੍ਹੋ ਜੀ