Thu, 21 November 2024
Your Visitor Number :-   7256327
SuhisaverSuhisaver Suhisaver

ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ - ਬਿੰਦਰਪਾਲ ਫ਼ਤਿਹ

Posted on:- 01-07-2015

suhisaver

ਜਦੋਂ ਕੋਈ ਸੱਤ੍ਹਾ ਰੂੜੀਵਾਦੀ ਕਦਰਾਂ ਕੀਮਤਾਂ ਅਤੇ ਸ਼ੁੱਧਤਾ ਦੇ ਸਿਧਾਂਤ ਦੇ ਆਧਾਰ ਉੱਤੇ ਨਿਰੋਲ ਫਾਸ਼ੀਵਾਦੀ ਖਾਸਾ ਰੱਖਦੀ ਹੋਵੇ ਤਾਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਿ ਉਹ ਸੱਭਿਆਚਾਰਕ ਅਦਾਰਿਆਂ ਉੱਤੇ ਆਪਣਾ ਗਲਬਾ ਵਧਾਵੇਗੀ। ਇਸ ਗਲਬੇ ਨਾਲ ਹੀ ਉਹ ਇਨ੍ਹਾਂ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉਹ ਪੜ੍ਹਾਵੇਗੀ ਜੋ ਉਹ ਪੜ੍ਹਾਉਣਾ ਚਾਹੁੰਦੀ ਹੈ। ਕਾਫ਼ੀ ਦਿਨਾਂ ਤੋਂ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਦੇ ਚੇਅਰਮੈਨ ਦੀ ਨਿਯੁਕਤੀ ਉੱਥੋਂ ਦੇ ਵਿਦਿਆਰਥੀਆਂ ਨੂੰ ਰਾਸ ਨਹੀਂ ਆ ਰਹੀ। ਵਿਦਿਆਰਥੀਆਂ ਨੇ ਨਿਯੁਕਤੀ ਦੇ ਰੋਸ ਵਿੱਚ ਆਪਣੇ ਤਰੀਕੇ ਨਾਲ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਚੇਅਰਮੈਨ ਦੀ ਨਿਯੁਕਤੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਹਰ ਦਿਨ ਰੋਸ ਮੁਜ਼ਾਹਰਾ ਕਰ ਰਹੇ ਹਨ।

ਵਿਦਿਆਰਥੀ ਨਵੇਂ ਚੇਅਰਮੈਨ ਗਜਿੰਦਰ ਚੌਹਾਨ ਦੀ ਨਿਯੁਕਤੀ ਤੋਂ ਖੁਸ਼ ਨਹੀਂ ਕਿਉਂ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਿਯੁਕਤੀ ਰਾਜਨੀਤੀ ਤੋਂ ਅਸਰਅੰਦਾਜ਼ ਹੈ ਅਤੇ ਭਾਜਪਾ ਦੀਆਂ ਸੰਘੀ ਕਾਰਵਾਈਆਂ ਦਾ ਹੀ ਹਿੱਸਾ ਹੈ। ਮੁਲਕ ਭਰ ਦੇ ਬੁੱਧੀਜੀਵੀਆਂ ਅਤੇ ਫ਼ਿਲਮ ਹਦਾਇਤਕਾਰਾਂ ਦੀ ਹਮਾਇਤ ਵਿਦਿਆਰਥੀਆਂ ਦੇ ਨਾਲ ਹੈ।ਵਿਦਿਆਰਥੀ ਚੌਹਾਨ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ ਪਰ ਚੋਣਕਾਰ ਆਪਣੀ ਚੋਣ 'ਤੇ ਅੜੇ ਹੋਏ ਹਨ।

ਅਜਿਹੀਆਂ ਕਾਰਵਾਈਆਂ ਨਾਲ ਬੀਤੇ ਇੱਕ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਸੰਘ ਵਿਚਲਾ ਰਿਸ਼ਤਾ ਦਿਨ-ਬ-ਦਿਨ ਹੋਰ ਜੱਗ ਜ਼ਾਹਰ ਹੋਇਆ ਹੈ।ਸੰਘ ਦੀ ਵਿਚਾਰਧਾਰਾ ਅਤੇ ਕਦੇ ਸੰਘ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਇੱਕ ਸਾਲ ਦੌਰਾਨ ਕਾਫ਼ੀ ਫਾਇਦਾ ਪਹੁੰਚਾਇਆ ਗਿਆ ਹੈ।ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸੰਘ ਅਜਿਹੇ ਲੋਕਾਂ ਨੂੰ ਫਾਇਦਾ ਪਹੁੰਚਾ ਕੇ ਸੰਘ ਦੀ ਵਿਚਾਰਧਾਰਾ ਅਤੇ ਇੱਕ ਵੱਖਰਾ ਸੱਭਿਆਚਾਰ ਸਿਰਜਣ ਅਤੇ ਫਾਸ਼ੀਵਾਦ ਨੂੰ ਹੀ ਹੋਰ ਵਧਾ ਅਤੇ ਸੰਵਾਰ ਰਹੀ ਹੈ।ਭਾਜਪਾ ਦੀ ਸੇਵਾ ਕਰਨ ਵਾਲਿਆਂ ਨੂੰ ਅਜਿਹੇ ਅਹੁਦੇ ਦੇਣ ਦੀ ਰਵਾਇਤ ਹੁਣ ਗੂੜ੍ਹਾ ਰੰਗ ਅਖ਼ਤਿਆਰ ਕਰ ਰਹੀ ਹੈ। 26 ਅਕਤੂਬਰ 2014 ਨੂੰ ਹੀ ਬੀਤੇ 36 ਸਾਲਾਂ ਤੋਂ ਸੰਘ ਦੇ ਮੈਂਬਰ ਰਹੇ ਮਨੋਹਰ ਲਾਲ ਖੱਟਰ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਗਿਆ।

ਮਨੋਹਰ ਲਾਲ ਖੱਟਰ ਬਾਰੇ ਹੁਣ ਸਾਰੇ ਹੀ ਜਾਣਦੇ ਹਨ ਕਿ ਉਹ ਕਾਫ਼ੀ ਸਮਾਂ ਸੰਘ ਵਿੱਚ ਕੰਮ ਕਰਦਾ ਰਿਹਾ ਹੈ। ਖੱਟਰ ਸਰਕਾਰ ਨੇ ਪਹਿਲਾ ਕੰਮ ਹਰਿਆਣਾ ਵਿੱਚ ਇਹ ਕੀਤਾ ਕਿ ਸਾਰੇ ਸਕੂਲਾਂ ਵਿੱਚ ਗੀਤਾ ਦਾ ਪਾਠ ਜ਼ਰੂਰੀ ਕਰ ਦਿੱਤਾ। ਇਸ ਕਦਮ ਨੂੰ ਭਾਰਤ ਦੀ 'ਭੁੱਲੀ ਵਿੱਸਰੀ ਸੰਸਕ੍ਰਿਤੀ' ਦੇ 'ਮੁੜ ਸੁਰਜੀਤ' ਕਰਨ ਨਾਲ ਜੋੜਿਆ ਗਿਆ।ਇਸ ਦੌਰਾਨ ਹੀ ਭਾਜਪਾ ਦੀ ਮੋਦੀ ਸਰਕਾਰ ਦੁਆਰਾ ਸੰਘ ਦੀ ਹਿੰਦੂ ਵਿਚਾਰਧਾਰਾ ਨੂੰ ਮੁਲਕ 'ਤੇ ਥੋਪਣ ਲਈ ਸਿੱਖਿਆ ਦਾ ਭਗਵਾਂਕਰਨ ਕਰਨਾ ਸ਼ੁਰੂ ਕੀਤਾ ਗਿਆ ਅਤੇ ਦੀਨਾ ਨਾਥ ਬੱਤਰਾ ਜੋ ਕਿ ਸੰਘ ਦਾ ਮਾਨਤਾ ਪ੍ਰਾਪਤ 'ਇਤਿਹਾਸਕਾਰ' ਹੈ, ਨੇ ਹੋਇਆ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰੀਸਰਚ ਐਂਡ ਟਰੇਨਿੰਗ  ਦੀਆਂ ਕਿਤਾਬਾਂ ਨੂੰ ਬਦਲਣ ਦੀ ਹੀ ਸਲਾਹ ਦੇ ਦਿੱਤੀ।

ਦੀਨਾ ਨਾਥ ਬੱਤਰਾ ਦੀਆਂ ਵਾਹੀਯਾਤ ਕਿਤਾਬਾਂ ਗੁਜਰਾਤ ਦੇ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤੀਆਂ ਗਈਆਂ। ਅੰਗਰੇਜ਼ੀ ਅਖ਼ਬਾਰ 'ਦ ਹਿੰਦੂ' ਦੀ ਇੱਕ ਰਿਪੋਰਟ ਮੁਤਾਬਕ 30 ਜੂਨ 2014 ਨੂੰ ਮੋਦੀ ਸਰਕਾਰ ਦੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਗੁਜਰਾਤ ਸੂਬੇ ਦੇ ਲਗਭਗ 42,000 ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦੀਨਾ ਨਾਥ ਬੱਤਰਾ ਦੀਆਂ ਛੇ ਕਿਤਾਬਾਂ ਪੜ੍ਹਾਉਣ ਦਾ ਹੁਕਮ ਜਾਰੀ ਕੀਤਾ ਗਿਆ।ਇਸ ਤੋਂ ਬਾਅਦ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ 90 ਦੇ ਸੁਪਰ ਹੀਰੋ 'ਸ਼ਕਤੀਮਾਨ' ਦੇ ਰੂਪ ਵਿੱਚ ਜਾਣੇ ਜਾਂਦੇ ਮੁਕੇਸ਼ ਖੰਨਾ ਨੂੰ ਚਿਲਡਰਨ ਫ਼ਿਲਮ ਸੁਸਾਇਟੀ ਆਫ਼ ਇੰਡੀਆ ਦਾ ਚੇਅਰਮੈਨ ਥਾਪਿਆ ਗਿਆ। ਮੁਕੇਸ਼ ਖੰਨਾ ਵੀ ਚੌਹਾਨ ਵਾਂਗ ਭਾਜਪਾ ਦਾ ਸਰਗਰਮ ਮੈਂਬਰ ਹੈ ਅਤੇ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਉਮੇਸ਼ ਕੁਮਾਰ ਲਈ ਚੋਣ ਪ੍ਰਚਾਰ ਕਰ ਚੁੱਕਿਆ ਹੈ।

ਹੁਣ ਜੇ ਵੇਖੀਏ ਤਾਂ 90 ਦੇ ਬਹੁਚਰਚਿਤ ਸੀਰੀਅਲ 'ਮਹਾਭਾਰਤ' ਵਿੱਚ ਯੁਧਿਸ਼ਟਰ ਦਾ ਕਿਰਦਾਰ ਅਦਾ ਕਰਨ ਵਾਲੇ ਗਜਿੰਦਰ ਚੌਹਾਨ ਦੀ ਨਿਯੁਕਤੀ ਵੇਲੇ ਜੋ ਨਾਮ ਫਰਿਹਿਸਤ ਵਿੱਚ ਸਨ ਉਨ੍ਹਾਂ ਨਾਵਾਂ ਵਿੱਚੋਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਸ ਦਾ ਫ਼ਿਲਮ ਅਤੇ ਟੈੱਲੀਵਿਜ਼ਨ ਦੀ ਦੁਨੀਆਂ ਵਿੱਚ ਖਾਸ ਮੁਕਾਮ ਨਾ ਹੋਵੇ। ਇਨ੍ਹਾਂ ਨਾਵਾਂ ਵਿੱਚ ਗੀਤਕਾਰ ਅਤੇ ਫ਼ਿਲਮ ਹਦਾਇਤਕਾਰ ਗੁਲਜ਼ਾਰ, ਫ਼ਿਲਮ ਹਦਾਇਤਕਾਰ ਸ਼ਿਆਮ ਬੈਨੇਗਲ ਅਤੇ ਅਡੂਰ ਗੋਪਾਲਾਕ੍ਰਿਸ਼ਨਨ ਦਾ ਨਾਮ ਸ਼ਾਮਲ ਸੀ। ਇਨ੍ਹਾਂ ਹਸਤੀਆਂ ਸਾਹਮਣੇ ਗਜਿੰਦਰ ਚੌਹਾਨ ਦੀ ਫ਼ਿਲਮ ਸਨਅਤ ਵਿੱਚ ਇੱਕ ਹੀ ਪ੍ਰਾਪਤੀ ਹੈ ਕਿ ਉਹ ਭਾਜਪਾ ਦਾ ਮੈਂਬਰ ਹੈ ਅਤੇ ਉਸ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ ਸੀ।

ਇਨ੍ਹਾਂ ਸਾਰੀਆਂ ਗੱਲਾਂ ਦਰਮਿਆਨ ਹੀ ਇੱਕ ਗੱਲ ਉੱਤੇ ਧਿਆਨ ਦੇਣਾ ਪਏਗਾ ਕਿ ਲੰਘੇ ਇੱਕ ਸਾਲ ਦੌਰਾਨ ਬੁੱਧੀਜੀਵੀਆਂ ਅਤੇ ਲੋਕ ਪੱਖੀ ਕਾਰਕੁਨਾਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਜਰਮਨੀ ਦੇ ਚਾਂਸਲਰ ਅਤੇ ਸਾਬਕਾ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕੀਤੀ ਜਾਣ ਲੱਗੀ ਹੈ। ਰਿਚਰਡ ਸਟਰਾਅਸ 1933 ਵਿੱਚ ਐਡੋਲਫ਼ ਹਿਟਲਰ ਨੇ ਵੀ ਜਰਮਨੀ ਦੀ ਸੱਤ੍ਹਾ ਉੱਤੇ ਕਾਬਜ਼ ਹੋਣ ਤੋਂ ਬਾਅਦ ਸਾਹਿਤਕ ਅਤੇ ਸੱਭਿਆਚਾਰਕ ਅਦਾਰਿਆਂ ਵਿੱਚ ਵੱਡੀਆਂ ਸੋਧਾਂ ਕੀਤੀਆਂ। ਸਾਹਿਤਕ, ਫ਼ਿਲਮੀ, ਅਖ਼ਬਾਰੀ ਅਤੇ ਰੇਡੀਓ ਵਰਗੇ ਅਦਾਰਿਆਂ ਵਿੱਚ ਪ੍ਰਚਾਰ ਮਹਿਕਮੇ ਦੁਆਰਾ ਪੂਰੀ ਤਰ੍ਹਾਂ ਨਾਜ਼ੀ ਸੱਤ੍ਹਾ ਦਾ ਕੰਟਰੋਲ ਕਰਨ ਲਈ ਇੱਕ ਚੈਂਬਰ ਸਥਾਪਤ ਕੀਤਾ ਗਿਆ, ਜਿਸਨੂੰ ਰਾਈਕ ਚੈਂਬਰ ਆਫ਼ ਕਲਚਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।

ਇਸ ਸੰਸਥਾਂ ਵਿੱਚ ਨਾਜ਼ੀ ਸੱਤ੍ਹਾ ਦੁਆਰਾ ਸੱਤ੍ਹਾ ਦੇ ਚਹੇਤਿਆਂ ਨੂੰ ਅਹੁਦੇ ਦਿੱਤੇ ਗਏ। ਯਹੂਦੀਆਂ ਨੂੰ ਇਨ੍ਹਾਂ ਅਦਾਰਿਆਂ ਵਿੱਚ ਕੰਮ ਕਰਨ ਦੀ ਮਨਾਹੀ ਕਰ ਦਿੱਤੀ ਗਈ। ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲੇਜ਼ ਨੇ ਉਨ੍ਹਾਂ ਕਿਤਾਬਾਂ ਦੀ ਸਿਫ਼ਾਰਸ਼ ਕੀਤੀ, ਜੋ ਸਿਰਫ਼ ਜਰਮਨ ਦੇ ਮਿਥਿਹਾਸ ਅਤੇ ਸ਼ੁੱਧਤਾ ਦੇ ਸਿਧਾਂਤ 'ਤੇ ਸਹੀ ਪਾਉਂਦੀਆਂ ਸੀ।ਗੋਬਲੇਜ਼ ਨੇ ਸੰਗੀਤ ਦੀ ਦੁਨੀਆਂ ਵਿੱਚ ਢਲਦੀ ਉਮਰ ਦੇ ਸੰਗੀਤਕਾਰ ਰਿਚਰਡ ਸਟਰਾਅਸ ਦੀ ਨਿਯੁਕਤੀ ਰਾਈਕ ਮਿਊਜ਼ਿਕ ਚੈਂਬਰ ਦੇ ਪ੍ਰੈਜ਼ੀਡੈਂਟ ਦੇ ਤੌਰ ਉੱਤੇ ਕੀਤੀ।

ਰਿਚਰਡ ਅਜਿਹਾ ਸੰਗੀਤਕਾਰ ਸੀ ਜਿਸ ਦੇ ਸੰਗੀਤ ਨੂੰ ਹਿਟਲਰ ਨੇ 1907 ਵਿੱਚ ਪਸੰਦ ਕਰ ਲਿਆ ਸੀ ਅਤੇ ਸੱਤ੍ਹਾ ਵਿੱਚ ਆਉਂਦਿਆਂ ਹੀ ਜਰਮਨੀ 'ਸ਼ੁੱਧ ਸੰਗੀਤ' ਅਤੇ ਜਰਮਨੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਰਾਈਕ ਮਿਊਜ਼ਿਕ ਚੈਂਬਰ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਹੈਨਸ ਹਿੰਕਲ ਰਿਚਰਡ ਨੂੰ ਅਕਸਰ ਆਪਣੇ ਆਲੋਚਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ। 1933 ਵਿੱਚ ਹਿਟਲਰ ਦੀ ਸੱਤ੍ਹਾ ਵਿੱਚ ਉਸ ਨੂੰ ਰੁਤਬਾ ਦਿੱਤਾ ਗਿਆ ਤਾਂ ਉਸ ਨੇ ਕਿਹਾ ਕਿ ਹੁਣ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਕੱਟ ਸਕੇਗਾ। ਇੱਕ ਕਾਰਨ ਇਹ ਵੀ ਸੀ ਕਿ ਰਿਚਰਡ ਨੇ ਯਹੂਦੀ ਲੜਕੀ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਹਿਟਲਰ ਦੀ ਯਹੂਦੀ ਵਿਰੋਧੀ ਫਾਸ਼ੀਵਾਦੀ ਵਿਚਾਰਧਾਰਾ ਤੋਂ ਬਚਾਉਣਾ ਚਾਹੁੰਦਾ ਸੀ।ਇਸ ਬਾਬਤ ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲੇਜ਼ ਨੇ ਵੀ ਸਾਫ਼ ਕੀਤਾ ਸੀ ਕਿ ਨਾਜ਼ੀ ਜਰਮਨੀ ਨੂੰ ਉਦੋਂ ਤੱਕ ਰਿਚਰਡ ਦੀ ਜ਼ਰੂਰਤ ਹੈ ਜਦੋਂ ਤੱਕ ਉਹ ਆਪਣੇ ਸੰਗੀਤਕਾਰ ਪੈਦਾ ਨਹੀਂ ਕਰ ਲੈਦੇ।

ਹਿਟਲਰ ਨੇ ਰਿਚਰਡ ਤੋਂ ਇਲਾਵਾ ਇੱਕ ਪੱਤਰਕਾਰ ਅਤੇ ਜਰਮਨੀ ਦੀ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ ਦੇ ਮੈਂਬਰ ਰਹੇ ਹੈਨਸ ਹਿੰਕਲ ਨੂੰ ਰਾਈਕ ਚੈਂਬਰ ਆਫ਼ ਕਲਚਰ ਦਾ ਮੈਨੇਜਰ ਲਗਾਇਆ ਗਿਆ। ਹਿੰਕਲ 1930 ਤੋਂ 1932 ਤੱਕ ਪਾਰਟੀ ਦੇ ਅਖ਼ਬਾਰ ਵਿੱਚ ਵਲੰਟੀਅਰ ਦੇ ਤੌਰ 'ਤੇ ਐਡੀਡਰ ਦੀਆਂ ਸੇਵਾਵਾਂ ਵੀ ਨਿਭਾ ਚੁੱਕਿਆ ਸੀ।

ਇਸ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਭਾਜਪਾ ਦੇ ਨਰਿੰਦਰ ਮੋਦੀ ਦੀ ਸਰਕਾਰ ਹੁਣ ਹਿਟਲਰ ਦੀਆਂ ਲੀਹਾਂ ਉੱਤੇ ਹੀ ਚੱਲ ਰਹੀ ਹੈ। ਸਿਆਸੀ ਤਾਕਤ ਹੱਥ ਵਿੱਚ ਆਉਂਦਿਆਂ ਹੀ ਸੰਘ ਦੀ ਬਿੱਲੀ ਥੇਲੇ ਵਿੱਚੋਂ ਬਾਹਰ ਆ ਗਈ ਹੈ। ਹੁਣ ਮੋਦੀ ਸਰਕਾਰ ਰਾਹੀਂ ਸੰਘ ਉਨ੍ਹਾਂ ਸਾਰਿਆਂ ਅਦਾਰਿਆਂ ਉੱਤੇ ਆਪਣੇ ਚਹੇਤਿਆਂ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਚਹੇਤੇ ਸੰਘ ਦੀ ਹਿੰਦੂ ਰਾਜਨੀਤੀ ਅਤੇ ਸੰਘੀ ਕਦਰਾਂ-ਕੀਮਤਾਂ ਨੂੰ ਗੱਜ ਵੱਜ ਕੇ ਲਾਗੂ ਕਰਨਗੇ।ਫ਼ਿਲਮ ਇੰਸਟੀਚਿਊਟਾਂ ਉੱਤੇ ਚੌਹਾਨ ਅਤੇ ਮੁਕੇਸ਼ ਖੰਨਾ ਵਰਗੇ ਭਾਜਪਾਈਆਂ ਦੀਆਂ ਅਹੁਦੇਦਾਰੀਆਂ ਨੂੰ ਹਿਟਲਰੀ ਕਾਰਵਾਈਆਂ ਤੋਂ ਘੱਟ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ ਅਤੇ ਇਨ੍ਹਾਂ ਦਾ ਵਿਰੋਧ ਕਰਨਾ ਹਰ ਹਾਲ ਵਿੱਚ ਲਾਜ਼ਮੀ ਹੈ।

ਸੰਪਰਕ:  +91 94645 10678

Comments

nerd

ਉੱਤਰ ਪੂਰਬ ਦਾ ਇਤਿਹਾਸਕ ਪਿਛੋਕੜ ਅਤੇ ਅਫ਼ਸਪਾ ਦਾ ਲੋਕ ਵਿਰੋਧੀ ਖਾਸਾ - ਪ੍ਰਿਤਪਾਲ ਸਿੰਘ ਮੰਡੀਕਲਾਂ ਸੁਸ਼ਮਾ ਸਵਰਾਜ ਦੀ ‘ਮਾਨਵਤਾ’ ਦੇ ਬਹਾਨੇ ਭਾਜਪਾ ਦੇ ਸਿਧਾਂਤ ਦੀ ਗੱਲ - ਰਣਜੀਤ ਲਹਿਰਾ

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ