Wed, 30 October 2024
Your Visitor Number :-   7238304
SuhisaverSuhisaver Suhisaver

‘ਇਨਕਲਾਬੀ ਦਰਸ਼ਨ’ ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ - ਬਲਕਰਨ ਮੋਗਾ

Posted on:- 23-06-2015

ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ (5 ਮਈ, 2018) ਨੂੰ ਸਮਰਪਿਤ ਕਾਮਰੇਡ ਜਗਰੂਪ ਦੀ ਲਿਖੀ ਪੁਸਤਕ ‘ਇਨਕਲਾਬੀ ਦਰਸ਼ਨ’ 5 ਮਈ, 2013 ਨੂੰ ਕਾਰਲ ਮਾਰਕਸ ਦੇ ਜਨਮ ਦਿਨ’ਤੇ ਪ੍ਰਕਾਸ਼ਤ ਹੋਈ ਹੈ। ਇਸ ਪੁਸਤਕ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਸਮੀਖਿਆਕਾਰਾਂ ਨੇ ਵੱਖ-ਵੱਖ ਅਖਬਾਰਾਂ ਵਿੱਚ ਲਿਖਿਆ ਹੈ। ਇਨ੍ਹਾਂ ਸਮੀਖਿਆਕਾਰਾਂ ਵੱਲੋਂ ਖੜ੍ਹੇ ਕੀਤੇ ਸਵਾਲਾਂ ਦੇ ਜਵਾਬ ਵਿੱਚ ਕਾਮਰੇਡ ਜਗਰੂਪ ਵੱਲੋਂ ਇੱਕ ਲੇਖ ‘ਨਵਾਂ ਜ਼ਮਾਨਾ’ ਦੇ 12 ਜਨਵਰੀ, 2014 ਦੇ ਅੰਕ ਵਿੱਚ ਵੀ ਛਪਿਆ ਹੈ। ਕਾਮਰੇਡ ਜਗਰੂਪ ਅਨੁਸਾਰ ਉਨ੍ਹਾਂ ਇਸ ਪੁਸਤਕ ਨੂੰ ਅੱਗੇਵਧੂ ਚਿੰਤਕਾਂ ਅਤੇ ਮਾਰਕਸਵਾਦੀ ਹਲਕਿਆ ਲਈ ਲਿਖਿਆ ਹੈ। ਉਨ੍ਹਾਂ ਪਾਠਕਾਂ/ ਵਿਦਵਾਨਾਂ ਨੂੰ ਬਹਿਸ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਉਪਰੰਤ ਸੀ.ਪੀ.ਆਈ.(ਐਮ) ਦੇ ਪੰਜਾਬ ਇਕਾਈ ਦੇ ਸਕੱਤਰ ਚਰਨ ਸਿੰਘ ਵਿਰਦੀ ਦੁਆਰਾ 15 ਨਵੰਬਰ, 2014 ਦੇ ‘ਦੇਸ਼ ਸੇਵਕ’ ਵਿੱਚ ਲਿਖਿਆ ਹੈ। ਆਪਣੇ ਇਸ ਦੂਜੇ ਲੇਖ ਵਿੱਚ ਉਨ੍ਹਾਂ ਨੇ ਆਪਣੇ ਵੱਲੋਂ ਉਠਾਏ ਸਵਾਲਾਂ ਅਤੇ ਸਮੁੱਚੀ ਬਹਿਸ ਬਾਰੇ ਸਹੀ ਜਾਂ ਗਲਤ ਦਾ ਨਿਰਣਾ ਕਰਨ ਲਈ ਪਾਠਕਾਂ ਦਾ ਮੱਤ ਇਕੱਤਰ ਕਰਨ ਦਾ ਸੱਦਾ ਦਿੱਤਾ ਹੈ।

ਉਪਰੋਕਤ ਦੀ ਪਿੱਠਭੂਮੀ ਵਿੱਚ ਦੀ ਗੁਜ਼ਰਦਿਆ ਮਾਰਕਸੀ ਫਲਸਫ਼ੇ ਸਬੰਧੀ ਜਿਹੜੀ ਗੱਲ ਸਭ ਤੋਂ ਵੱਧ ਸਾਕਾਰਾਤਮਕ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਮਾਰਕਸੀ ਫਲਸਫ਼ੇ ’ਤੇ ਬਹਿਸ ਜਾਰੀ ਹੈ। ਇਸਦੀ ਲਗਾਤਾਰਤਾ ਨੇ ਮੈਨੂੰ ਵੀ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਮੌਕਾ ਉਪਲੱਬਧ ਕਰਵਾਇਆ ਹੈ।
    

ਮਾਰਕਸਵਾਦ’ ਸਮੁੱਚੀ ਹੋਂਦ ਨੂੰ ਉਸਦੀ ਗਤੀ ਅਤੇ ਗੁਣਾਤਮਕ ਤਬਦੀਲੀ ਵਿੱਚ ਪਛਾਣਨ ਦੀ ਵਿਗਿਆਨਕ ਵਿਧੀ ਦਾ ਨਾਮ ਹੈ। ਮਾਰਕਸਵਾਦ ਕੋਈ ਰਟਣ-ਮੰਤਰ ਨਹੀਂ, ਸਗੋਂ ਅਮਲ ਦਾ ਜਿਉਂਦਾ-ਜਾਗਦਾ ਗਾਈਡ ਹੈ। ਇਸ ਲਈ ਮਾਰਕਸਵਾਦ ਅਤੇ ਕੱਟੜਤਾ ਦਾ ਕੋਈ ਮੇਲ ਨਹੀਂ। ਕੱਟੜਪੱਖੀ ਅਮਲ ਕਿਤਾਬਾਂ ਦੇ ਰਟਣ ਤੱਕ ਰੁਕ ਜਾਂਦਾ ਹੈ। ਉਹ ਅਸਲੀਅਤ ਦੀ ਬਾਹਰਮੁਖਤਾ ਨੂੰ ਦੇਖਣ ਵਿੱਚ ਅਸਮਰੱਥ ਹੁੰਦਾ ਹੈ। ਪਰ ਸੱਚਾ ਮਾਰਕਸਵਾਦੀ ਜੀਵਨ ਅਮਲ ਵਿੱਚੋਂ ਸਦਾ ਹੀ ਉਸ ਵੱਲ ਤੱਕਦਾ ਹੈ ਜੋ ਫਲਸਫ਼ੇ ਵਿੱਚ ਤੇ ਰੋਜ਼ਾਨਾ ਅਮਲੀ ਸਰਗਰਮੀ ਵਿੱਚ ਨਵਾਂ, ਰਚਨੇਈ ਤੇ ਅੱਗੇ ਵਧੂ ਖਾਸੇ ਵਾਲਾ ਹੁੰਦਾ ਹੈ। ਫਲਸਫ਼ਾ ਹੋਂਦ, ਕੁਦਰਤ, ਪੁਲਾੜ, ਸਮਾਂ, ਸੋਚ, ਵਿਚਾਰ, ਚੇਤਨਾ, ਰੂਹ, ਆਤਮਾ ਆਦਿ ਦੇ ਅਤਿ ਆਮ ਨਿਯਮਾਂ ਦਾ ਅਧਿਅਨ ਕਰਦਾ ਹੈ।ਕਾਮਰੇਡ ਜਗਰੂਪ ਦਾ ‘ਇਨਕਲਾਬੀ ਦਰਸ਼ਨ’ ਦਾ ਕਿਤਾਬਚਾ ਫਲਸਫ਼ੇ ਦੇ ਖੇਤਰ ਵਿੱਚ ਕੁਝ ਨਵੀਆਂ ਧਾਰਨਾਵਾਂ ਤੇ ਪਰਿਭਾਸ਼ਾਵਾਂ ਨਾਲ ਚਰਚਾ ਵਿੱਚ ਹੈ। ਜਦ ਕੁੱਝ ਨਵੇਂ ਦੀ ਗੱਲ ਹੁੰਦੀ ਹੈ ਤਾਂ ਕੱਟੜਵਾਦੀਆਂ ਨੂੰ ਇਹ ਗੱਲ ਸੌਖਿਆਂ ਹਜ਼ਮ ਨਹੀਂ ਆਉਂਦੀ। ਕਿਉਂਕਿ ਉਹ ਅਸਲੀਅਤ ਦੀ ਬਾਹਰਮੁਖਤਾ ਦੀ ਪਹਿਚਾਣ ਕਰਨ ਵਿੱਚ ਅਸਮਰੱਥ ਹੁੰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਜਦ ਪਦਾਰਥ, ਉਸ ਦਾ ਹਰ ਵਰਤਾਰਾ ਗਤੀ ਅਤੇ ਬਦਲਾਉ ਵਿੱਚ ਹੈ ਤਾਂ ਸੱਚ ਵੀ ਲਗਾਤਾਰ ਬਦਲਾਓ ਵਿੱਚ ਹੈ, ਵਿਕਾਸ ਵਿੱਚ ਹੈ।

ਜਿਹੜਾ ਕੱਟੜ ਵਿਰੋਧ ਚਰਨ ਸਿੰਘ ਵਿਰਦੀ ਜੀ ਦਾ ‘ਇਨਕਲਾਬੀ ਦਰਸ਼ਨ’ ਬਾਰੇ ਹੈ, ਉਸਦਾ ਕੇਂਦਰੀ ਨੁਕਤਾ ਇਸ ਧਾਰਨਾ ਨਾਲ ਹੈ ਕਿ ਮਾਰਕਸਵਾਦੀ ਫਲਸਫ਼ੇ ਨੂੰ ਵਿਰੋਧ-ਵਿਕਾਸੀ ਪਦਾਰਥਵਾਦ ਲਿਖਿਆ ਜਾਵੇ ਅਤੇ ਪਦਾਰਥਵਾਦੀ ਵਿਰੋਧ-ਵਿਕਾਸ ਨੂੰ ਗਿਆਨ ਸਿਧਾਂਤ ਮੰਨਿਆ ਜਾਵੇ। ਪਾਠਕ ਧਿਆਨ ਦੇਣ ਕਿ ਵਿਰਦੀ ਜੀ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਕਿਵੇਂ ਹਲਕੇ ਪੱਧਰ’ਤੇ ਪਹੁੰਚ ਜਾਂਦੇ ਹਨ। ਉਹ ਆਪਣੇ ਕਹੇ ਸ਼ਬਦ ਕਾਮਰੇਡ ਜਗਰੂਪ ਦੀ ਲਿਖਤ ਵਿੱਚ ਘਸੋੜਨ ਤੋਂ ਵੀ ਗੁਰੇਜ਼ ਤੱਕ ਨਹੀਂ ਕਰਦੇ। ਮਿਸਾਲ ਦੇ ਤੌਰ’ਤੇ ਉਹ ਬਲਵੀਰ ਪਰਵਾਨਾ ਜੀ ਵੱਲੋਂ ਸੰਪਾਦਤ ਪੁਸਤਕ ‘ਪੰਜਾਬ ਦੀ ਕਮਿਊਨਿਸਟ ਲਹਿਰ ਦਾ ਭਵਿੱਖ’ ਦਾ ਜ਼ਿਕਰ ਕਰਦਿਆਂ, ਉਸ ਵਿੱਚੋਂ ਕਾਮਰੇਡ ਜਗਰੂਪ ਦੇ ਲੇਖ ਦਾ ਹਵਾਲਾ ਦਿੰਦਿਆ ਇਹ ਗੱਲ ਮਨਾਉਂਦੇ ਨਜ਼ਰ ਆਉਂਦੇ ਹਨ ਕਿ “ਜਗਰੂਪ ਖੁਦ ਮਾਰਕਸਵਾਦੀ ਫਲਸਫ਼ੇ ਨੂੰ ਵਿਰੋਧ-ਵਿਕਾਸੀ ਪਦਾਰਥਵਾਦ ਲਿਖ ਰਿਹਾ ਹੈ। “ਮੈਂ ਇਸ ਲੇਖ ਨੂੰ ਧਿਆਨ ਨਾਲ ਪੜ੍ਹਿਆ ਹੈ। ਇਸ ਲੇਖ ਵਿੱਚ ਜਿੱਥੇ ਕਿਤੇ ਵੀ ਫਲਸਫ਼ੇ ਦਾ ਜ਼ਿਕਰ ਆਉਂਦਾ ਹੈ ਉਸ ਲਈ ਸ਼ਬਦ ਪਦਾਰਥਵਾਦੀ ਵਿਰੋਧ-ਵਿਕਾਸ ਹੀ ਵਰਤਿਆ ਗਿਆ ਹੈ। ਅਧਿਐਨਕਰਤਾ ਖੁਦ ਇਸ ਲੇਖ ਨੂੰ ਪੜ੍ਹਨ ਤੇ ਵਿਰਦੀ ਜੀ ਦੀ ‘ਸੁਹਿਰਦ ਆਲੋਚਨਾ’ ਦਾ ਸੱਚ ਜਾਣਨ।

ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਸਗੋਂ ਵਿਰਦੀ ਜੀ ਲਈ ਲਾਹੇਵੰਦ ਹੀ ਹੋਵੇਗਾ ਕਿ ਕਾਮਰੇਡ ਜਗਰੂਪ ਦੀਆਂ ਲਗਭਗ 9-10 ਵਰ੍ਹੇ ਪਹਿਲਾਂ ਦੀਆਂ ਲਿਖਤਾਂ ਵਿੱਚਉਹ ਖੁਦ ਮਾਰਕਸੀ ਫਲਸਫ਼ੇ ਨੂੰ ਵਿਰੋਧ-ਵਿਕਾਸੀ ਪਦਾਰਥਵਾਦ ਹੀ ਮੰਨਦੇ ਸਨ। ਪਰ ਉਹ ਆਪਣੀ ਅਧਿਐਨ ਦੀ ਚੇਟਕ ਨੂੰ ਵਿਰਦੀ ਜੀ ਵਾਂਗ ਬੰਨ੍ਹ ਮਾਰ ਕੇ, ਨਹੀਂ ਰੁਕੇ। ਉਨ੍ਹਾਂ ਦੀ ਰਚਨੇਈ ਭਾਲ ਨੇ ਇਹ ਜਾਣਿਆ ਕਿ ਮਾਰਕਸ ਦੇ ਇਨਕਲਾਬੀ ਦਰਸ਼ਨ ਪਦਾਰਥਵਾਦੀ ਵਿਰੋਧ-ਵਿਕਾਸ ਦੀ ਦੋਹਰੀ ਖੂਬੀ ਸੰਸਾਰ ਦ੍ਰਿਸ਼ਟੀਕੋਣ ਅਤੇ ਬਦਲਾਉ ਦਾ ਸਿਧਾਂਤ ਹੈ। ਇਥੇ ਮਾਰਕਸਵਾਦੀ ਦ੍ਰਿਸਟੀਕੋਣ ਅਤੇ ਸਿਧਾਂਤ ਦੋਨਾਂ ਨੂੰ ਪਦਾਰਥਵਾਦੀ ਵਿਰੋਧ-ਵਿਕਾਸ ਵਿੱਚ ਸਮਲਿਤ ਕਰ, ਪਰਿਭਾਸ਼ਤ ਕੀਤਾ ਗਿਆ ਹੈ। ਪਰ ਵਿਰਦੀ ਜੀ ਨੇ ਆਪਣੀ ਹਿੰਡ ਨੂੰ ਬਰਕਰਾਰ ਰੱਖਦਿਆਂ ਅਵਤਾਰ ਸਿੰਘ ਮਲਹੋਤਰਾ ਦੀ ਮਕਬੂਲ ਪੁਸਤਕ ਦਾ ਵੀ ਹਵਾਲਾ ਦਿੱਤਾ ਹੈ। ਅਧਿਐਨਕਰਤਾ ਫਲਸਫ਼ੇ ’ਤੇ ਲਿਖੀ ਇਸ ਪੁਸਤਕ ਦਾ ਵੀ ਗੰਭੀਰ ਅਧਿਐਨ ਕਰਨ ਤੇ ਜਾਣਨ ਕਿ ਵਿਰਦੀ ਜੀ ਨੂੰ ਹਰ ਗੱਲ ਕਿਵੇਂ ਉਲਟੀ ਨਜ਼ਰ ਆਉਂਦੀ ਹੈ। ਮਲਹੋਤਰਾ ਜੀ ਦੀ ਇਸ ਪੁਸਤਕ ਦੇ ਪੇਜ਼ ਨੰ; 54’ਤੇ ਮਾਰਕਸ ਤੇ ਏਂਗਲਜ਼ ਦੇ ਹਵਾਲੇ ਨਾਲ ਬੜਾ ਸਪੱਸ਼ਟ ਲਿਖਿਆ ਹੈ ਕਿ “........ ਹੀਗ਼ਲ ਦੇ ਵਿਚਾਰਵਾਦੀ ਵਿਰੋਧ-ਵਿਕਾਸ ਦੀ ਥਾਂ ਉਹਨਾਂ ਦਾ ਪਦਾਰਥਵਾਦੀ ਵਿਰੋਧ-ਵਿਕਾਸ ਮਨੁੱਖੀ ਸੋਚ ਨੂੰ ਨਹੀਂ ਪ੍ਰਕਿਰਤੀ ਤੇ ਮਨੁੱਖੀ ਸਮਾਜ ਨੂੰ ਸਮਝਣ ਤੇ ਬਦਲਣ ਦਾ ਇੱਕ ਮਹਾਨ ਹਥਿਆਰ ਬਣ ਜਾਂਦਾ ਹੈ।“

ਵਿਰਦੀ ਜੀ ਦਲੀਲ ਨਾਲ ਜਿੱਤ ਲੈਣ ਦੀ ਬਜਾਏ ਹਰਾਉਣ ਦੀ ਪ੍ਰਵਿਰਤੀ ਰੱਖਦੇ ਹੋਏ ਲਿਖਦੇ ਹਨ। ਇਸ ਲਈ ਉਹ ਆਪਣੇ ਸ਼ਬਦਾਂ ਨੂੰ ਕਾਮਰੇਡ ਜਗਰੂਪ ਦੀ ਲਿਖਤ ਵਿੱਚ ਪਾ ਕੇ ਕਹਿੰਦੇ ਹਨ ਕਿ, “ਉਨ੍ਹਾਂ (ਕਾਮਰੇਡ ਜਗਰੂਪ ) ਵੱਲੋਂ ਕੀਤੀ ਨਵੀਂ ਦੇਣ ਹੈ, ਨਵਾਂ ਵਾਧਾ ਹੈ, ਜਿਹੜੇ ਲੈਨਿਨ ਸਮੇਤ ਹੋਰ ਮਾਰਕਸਵਾਦੀ ਨਹੀਂ ਕਰ ਸਕੇ ਸਨ”। ਇਹ ਵਿਰਦੀ ਦੇ ਕੂੜ ਪ੍ਰਚਾਰ ਦੀ ਸਿਖ਼ਰ ਹੈ। ਉਹ ਝੂਠ ਵੀ ਅਜਿਹਾ ਲਿਖਦੇ ਹਨ ਜਿਹੜਾ ਅਧਿਐਨਕਰਤਾ ਦੁਆਰਾ ਸੌਖਾ ਹੀ ਪਕੜਿਆ ਜਾਣਾ ਹੈ। ਉਨ੍ਹਾਂ ਦੀ ਲਿਖਤ ਨੂੰ ਪੜ੍ਹ ਕੇ ਜਾਪਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਵਿਚਾਰਾਂ ਦੀ ਉਗੜ-ਦੁੱਗੜੀ ਭੀੜ ਜਮ੍ਹਾਂ ਹੈ। ਉਹ ਆਪਣੀ ਉਲਝਣ ਨੂੰ ਆਪ ਹੀ ਸੁਲਝਾਉਣ ਤਾਂ ਬੇਹਤਰ ਰਹੇਗਾ। ਇਹ ਕਾਮਰੇਡ ਜਗਰੂਪ ਦੀ ਫਰਾਖ਼ਦਿਲੀ ਜਾਂ ਉਨ੍ਹਾਂ ਦੀ ਮਾਰਕਸਵਾਦ ਨੂੰ ਸਮਰਪਨ ਦੀ ਭਾਵਨਾ ਦਾ ਨਤੀਜਾ ਕਹੀਏ ਕਿ ਉਨ੍ਹਾਂ ਆਪਣੇ ਵੱਲੋਂ ਮਾਰਕਸਵਾਦ ਵਿੱਚ ਕੀਤੇ ਵਾਧੇ ਦਾ ਕਦੀ ਦਾਅਵਾ ਨਹੀਂ ਕੀਤਾ। ਜਿਵੇਂ ਕਿ ਵਿਰਦੀ ਜੀ ਉਨ੍ਹਾਂ ਕੋਲੋਂ ਅਖਵਾਉਣਾ ਚਾਹੁੰਦੇ ਹਨ। ਪਰ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਕਾਮਰੇਡ ਜਗਰੂਪ ਨੇ ‘ਇਨਕਲਾਬੀ ਦਰਸ਼ਨ’ ਰਾਹੀਂ ਫਲਸਫ਼ੇ ਦੇ ਖੇਤਰ ਵਿੱਚ ਕੁੱਝ ਨਵੀਆਂ ਦਾਰਸ਼ਨਿਕ ਧਾਰਨਾਵਾਂ ਤੇ ਪਰਿਭਾਸ਼ਾਵਾਂ ਨੂੰ ਅਧਿਐਨਕਰਤਾ ਸਾਹਮਣੇ ਰੱਖਿਆ ਹੈ। ਜਿਸਦਾ ਮੈਂ ਅੱਗੇ ਜਾ ਕੇ ਜ਼ਿਕਰ ਵੀ ਕਰਾਂਗਾ।

ਹਰ ਵਸਤੂ ਵਰਤਾਰਾ ਇੱਕ ਦੂਜੇ ਨਾਲ ਅਨਿੱਖੜਵੇਂ ਰੂਪ ਵਿੱਚ ਜੁੜਿਆ ਹੋਇਆ ਹੈ। ਸਭ ਦਾ ਅਧਾਰ ਪਦਾਰਥਕ ਹੈ। ਜਿਸਦੀ ਵੀ ਹੋਂਦ ਹੈ ਉਹ ਪਦਾਰਥਕ ਹੈ। ਪਦਾਰਥ ਮੁੱਢਲਾ ਹੈ। ਵਿਚਾਰ ਵੀ ਪਦਾਰਥ ਵਿੱਚ ਨਹਿਤ ਹੈ। ਪਦਾਰਥਕ ਹੋਂਦ ਰੱਖਦਾ ਹੈ। ਪਦਾਰਥ ਦੀ ਰੂਪ ਬਦਲੀ ਦਾ ਨਤੀਜਾ ਹੈ। ਮਾਰਕਸ ਦੇ ਪਦਾਰਥਵਾਦੀ ਦਵੰਦਵਾਦ ਫਲਸਫ਼ੇ ਅਨੁਸਾਰ ਪਦਾਰਥਵਾਦ ਤੇ ਦਵੰਧਵਾਦ ਅਨਿੱਖੜਵੇਂ ਢੰਗ ਨਾਲ ਜੁੜੇ ਹੋਏ ਹਨ। ਫਲਸਫ਼ੇ ਵਿੱਚ ਪਦਾਰਥ ਨੂੰ ਦੂਜੇ ਦਰਜ਼ੇ ਤੇ ਰੱਖ ਕੇ ਵਿਚਾਰਨਾ ਵਿਚਾਰਵਾਦ ਹੈ। ਵਿਰਦੀ ਜੀ ਸੁਚੇਤ ਜਾਂ ਅਚੇਤ ਰੂਪ ਵਿੱਚ ਵਿਚਾਰਵਾਦ ਦੇ ਹੱਕ ਵਿੱਚ ਭੁਗਤਣ ਦੀ ਬੱਜ਼ਰ ਗਲਤੀ ਕਰ ਰਹੇ ਹਨ। ਮੈਂ ਫਲਸਫ਼ੇ ਦੀ ਪਦਾਰਥਵਾਦੀ ਵਿਰੋਧ-ਵਿਕਾਸੀ ਧਾਰਨਾ ਨਾਲ ਸਹਿਮਤ ਹਾਂ।

ਕਾਮਰੇਡ ਜਗਰੂਪ ਨੇ ਚਰਨ ਸਿੰਘ ਵਿਰਦੀ ਦੇ ਪਹਿਲੇ ਲੇਖ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ 12 ਜਨਵਰੀ 2014 ਦੇ ‘ਨਵਾਂ ਜ਼ਮਾਨਾ’ ਦੇ ਐਤਵਾਰਤਾ ਵਿੱਚ ਸ਼ਾਨਦਾਰ ਲੇਖ ਲਿਖਿਆ ਹੈ। ਲੇਖ ਵਿੱਚ ਦਾਰਸ਼ਨਿਕ ਧਾਰਨਾਵਾਂ ਦੀ ਮੁੱਲਵਾਨ ਵਿਆਖਿਆ ਦੇ ਬਾਵਜੂਦ ਪਦਾਰਥ ਦੀ ਰੂਪ ਬਦਲੀ ਦੀ ਧਾਰਨਾ ਸਬੰਧੀ ਆਪਣੀ ਖੁਦ ਦੀ ਪੁਸਤਕ ‘ਇਨਕਲਾਬੀ ਦਰਸ਼ਨ’ ਦੀਆਂ ਧਾਰਨਾਵਾਂ ਨਾਲ ਆਪਾ ਵਿਰੋਧ ਬਣਾ ਜਾਂਦੇ ਹਨ। ਉਨ੍ਹਾਂ ਆਪਣੇ ਇਸ ਲੇਖ ਵਿੱਚ ਮਾਰਕਸੀ ਫਲਸਫ਼ੇ ਰਾਹੀਂ ਪਦਾਰਥ ਅਤੇ ਵਿਚਾਰ ਦੇ ਸਬੰਧ ਵਿੱਚ ਸੂਤਰ ਸਮਝਾਉਂਦਿਆਂ ਪਦਾਰਥ ਦੀ ਰੂਪ ਬਦਲੀ ਦਾ ਵੀ ਇਤਿਹਾਸ ਮਿਥ ਦਿੱਤਾ। ਇਤਿਹਾਸ ਸਿਰਫ਼ੳਮਪ; ਉਸਦਾ ਹੁੰਦਾ ਹੈ, ਜਿਸਦਾ ਆਦਿ ਤੇ ਅੰਤ ਹੈ। ਪਦਾਰਥ ਦੀ ਰੂਪ ਬਦਲੀ ਦੀ ਨਾ ਸ਼ੁਰੂਆਤ ਹੈ ਨਾ ਅੰਤ ਹੈ। ਪਦਾਰਥ ਦੀ ਰੂਪ ਬਦਲੀ ਸਦਾ ਤੋਂ ਸਦੀਵੀ ਹੈ। ਇਸਦੀ ਸਿਰਫ਼ੳਮਪ; ਇੱਕੋ ਦਿਸ਼ਾ ਬੀਤੇ ਤੋਂ ਵਰਤਮਾਨ ਤੇ ਭਵਿੱਖ ਵੱਲ ਸੇਧਤ ਹੈ। ਇਤਿਹਾਸਕ ਮਨੁੱਖੀ ਸਮਾਜ ਸਮੁੱਚੇ ਪਦਾਰਥਕ ਫੈਲਾਅ ਦਾ ਮਹਿਜ਼ ਇੱਕ ਮਾਮੂਲੀ ਕਿਣਕਾ ਮਾਤਰ ਹੈ। ਪਦਾਰਥਕ ਫੈਲਾਅ ਦਾ ਇੱਕ ਵਰਤਾਰਾ ਹੈ। ਜੇਕਰ ਕਾਮਰੇਡ ਜਗਰੂਪ ਦੇ ਇਸ ਲੇਖ ਦੀ ਉੱਪਰ ਜ਼ਿਕਰ ਕੀਤੀ ਧਾਰਨਾ ਦੀ ਵੀ ਉਨ੍ਹਾਂ ਦੀ ਪੁਸਤਕ ‘ਇਨਕਲਾਬੀ ਦਰਸ਼ਨ’ ਮੁਤਾਬਕ ਦਰੁੱਸਤੀ ਕਰ ਲਈ ਜਾਵੇ ਤਾਂ ਉਨ੍ਹਾਂ ਦੀਆਂ ਦੋਨੋ ਲਿਖਤਾਂ’ਤੇ ਕਿਧਰੇ ਕਿੰਤੂ ਲਈ ਥਾਂ ਨਹੀਂ ਬਚਦੀ।

‘ਇਨਕਲਾਬੀ ਦਰਸ਼ਨ’ ਪੁਸਤਕ ਦਾਰਸ਼ਨਿਕ ਧਾਰਨਾਵਾਂ ਅਤੇ ਪਰਿਭਾਸ਼ਾਵਾਂ ਦਾ ਬਹੁਤ ਗਾੜ੍ਹਾ ਸੁਮੇਲ ਹੈ। ਫਲਸਫ਼ੇ ਦੇ ਮੁੱਖ ਸਵਾਲ ਪਦਾਰਥ, ਪੁਲਾੜ, ਸਮਾਂ, ਗਤੀ, ਸੋਚ, ਵਿਚਾਰ, ਚੇਤਨਾ, ਯਾਦ, ਬੋਧ, ਮਨ, ਰੂਹ, ਆਤਮਾ ਆਦਿ ਨੂੰ ਛੋਟੇ ਜਿਹੇ ਕਿਤਾਬਚੇ ਵਿੱਚ ਡਾਇਗ੍ਰਾਮਾਂ ਸਹਿਤ ਕਲਮਬੰਦ ਕਰ, ਇਕੱਠਿਆਂ ਪੇਸ਼ ਕਰਨਾ ਭਾਰੀਮੁਸ਼ੱਕਤ ਤੇ ਦਲੇਰੀ ਵਾਲਾ ਕੰਮ ਹੈ। ਇਸ ਉੱਦਮ ਲਈ ਉਹ ਪ੍ਰਸੰਸਾ ਦੇ ਹੱਕਦਾਰ ਹਨ। ਇਹ ਕਿਤਾਬ ਫਲਸਫ਼ੇ ਦੇ ਅਧਿਆਪਕ ਲਈ ਨੋਟਿਸ ਦਾ ਕੰਮ ਦਿੰਦੀ ਹੈ।

ਪੁਸਤਕ ਦੀ ਪਹਿਲੀ ਵਾਰਤਾ ਵਿੱਚ ਜਿੱਥੇ ਦਰਸ਼ਨ ਦੀਆਂ ਵੱਖ-ਵੱਖ ਪਰਪਾਟੀਆਂ ਦਾ ਜ਼ਿਕਰ ਹੈ, ਉਥੇ ਮੁੱਢਲੀ ਧਾਰਨਾ ਤੋਂ ਦਰਸ਼ਨ ਕੋਟੀ ਧਾਰਨਾਵਾਂ ਤੱਕ ਦਾ ਸਫ਼ਰ ਪਾਠਕ ਨੂੰ ਕਰਵਾਇਆ ਗਿਆ ਹੈ। ਇਸੇ ਵਾਰਤਾ ਵਿੱਚ ਸਰਲ ਸ਼ਬਦਾਂ ਵਿੱਚ ਪਦਾਰਥ ਦੇ ਗੁਣ, ਗਤੀ ਦੇ ਗੁਣ, ਤੇ ਰੂਪ ਦੀ ਵਿਆਖਿਆ ਸਮਲਿਤ ਹੈ। ਇਨ੍ਹਾਂ ਧਾਰਨਾਵਾਂ ਸਬੰਧੀ ਲੇਖਕ ਦਾ ਨਿਭਾਅ ਸਫ਼ਲ ਕਾਰਜ ਸਿੱਧ ਹੋ ਨਿੱਬੜਿਆ ਹੈ।

ਦੂਜੀ ਵਾਰਤਾ ਵਿੱਚ ਪੁਲਾੜ ਤੇ ਸਮੇਂ ਦੀ ਦਰਸ਼ਨ ਕੋਟੀ ਧਾਰਨਾਵਾਂ ਦੀ ਪਰਿਭਾਸ਼ਾ ਸਹਿਤ ਵਿਆਖਿਆ ਹੈ। ਸਥਾਨ ਤੇ ਸਮਾਂ ਪਦਾਰਥ ਦੀ ਸਦੀਵੀ ਹੋਂਦ ਦੇ ਸਰਵ-ਵਿਆਪਕ ਦਾਰਸ਼ਨਿਕ ਸਬੂਤ ਹਨ। ਵਿਚਾਰਵਾਦੀਆਂ ਲਈ ਇਸ, ਨਾ ਹੱਲ ਹੋ ਸਕਣ ਵਾਲੀ ਵਿਰੋਧਤਾਈ ਪ੍ਰਤੀ ਉਨ੍ਹਾਂ ਦੀ ਪਹੁੰਚ ਸਦਾ ਨਾਕਾਰਾਤਮਕ ਰਹੀ ਹੈ। ਉਹ ਵਿਗਿਆਨ ਦੇ ਨਾਮ’ਤੇ ਗ਼ੈਰ-ਵਿਗਿਆਨ ਪ੍ਰਚਾਰਦੇ ਆਏ ਹਨ। ਉਨ੍ਹਾਂ ਦੀ ਕੋਸ਼ਿਸ਼ ਭੌਤਿਕ ਵਿਗਿਆਨ ਦਾ ਸਹਾਰਾ ਲੈ ਕੇ ਇਨ੍ਹਾਂ ਧਾਰਨਾਵਾਂ ਨੂੰ ਤੋੜਨ-ਮਰੋੜਨ ਦੀ ਰਹੀ ਹੈ। ਇਸ ਲਈ ਉਹ ਬ੍ਰਹਿਮੰਡ ਨੂੰ ਵੀ ਪੁਲਾੜ ਨਾਲ ਰਲਗੱਡ ਕਰਦਿਆਂ ਉਸਦੀਆਂ ਹੱਦਾਂ ਮਿਥਦੇ ਹਨ। ਸਮੇਂ ਨੂੰ ਦੋ-ਦਿਸ਼ਾਵੀ ਕਰਾਰ ਦਿੰਦਿਆਂ ਇਸ ਨੂੰ ਇਤਿਹਾਸਕ ਕਰਾਰ ਦਿੰਦੇ ਹਨ। ਵਿਚਾਰਵਾਦ ਦੇ ਪੇਟੇ ਪੈਣ ਵਾਲੇ ਵਿਗਿਆਨੀ ਮਹਾਂਧਮਾਕੇ ਰਾਹੀਂ ਉਤਪਤੀ ਦਾ ਸਿਧਾਂਤ ਘੜਦੇ ਹਨ। ਉਨ੍ਹਾਂ ਦੇ ਇਸ ਗ਼ੈਰ-ਵਿਗਿਆਨ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਪਾਠਪੁਸਤਕਾਂ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਅਤੇ ਮਾਸੂਮਾਂ ਦੀ ਮਾਨਸਿਕਤਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹ ਯੂਨੀਵਰਸ ਨੂੰ ਪੁਲਾੜ ਵਿੱਚ ਸੀਮਿਤ ਦਿਖਾਉਣ ਦੀ ਬਜਾਏ ਇਸ ਨੂੰ ਸਮੇਂ ਨਾਲ ਇਕ ਅਣਹੋਂਦ ਨੁਮਾ ਬਿੰਦੂ ਵਿੱਚ ਸਮਲਿਤ ਕਰਦਿਆਂ, ਸਮੇਂ ਦਾ ਸੰਖੇਪ ਇਤਿਹਾਸ ਰਚਦੇ ਹਨ। ਪਰ ਉਨ੍ਹਾਂ ਕੋਲ ‘ਇਨਕਲਾਬੀ ਦਰਸ਼ਨ’ ਦੇ ਇਸ ਸਵਾਲ ਦਾ ਜਵਾਬ ਨਹੀਂ ਕਿ ਇਹ ਬਿੰਦੂ ਕਿੱਥੇ ਸੀ? ਪਦਾਰਥਵਾਦ ਜਵਾਬ ਦਿੰਦਾ ਹੈ ਕਿ ਇਹ ਪੁਲਾੜ ਵਿੱਚ ਸੀ। ਇਹ ਪਦਾਰਥ ਹੈ ਇਸ ਲਈ ਇਹ ਥਾਂ ਘੇਰਦਾ ਹੈ। ਜਦੋਂ ਅਣਹੋਂਦ ਨੁਮਾ ਬਿੰਦੂ ਦੇ ਹੋਂਦ ਦੇ ਵਜ਼ੂਦ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਚਕਰਾ ਜਾਂਦੇ ਹਨ। ਇਨਕਲਾਬੀਆਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟਦੇ ਹਨ। ਦਾਰਸ਼ਨਿਕ ਧਾਰਨਾਵਾਂ ਦੇ ਵਿਗਾੜ ਸਬੰਧੀ ਜੇਕਰ ਪਦਾਰਥਵਾਦੀ ਚੁੱਪੀ ਧਾਰਦੇ ਹਨ ਤਾਂ ਇਤਿਹਾਸ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਲਾਏਗਾ। ਪੁਲਾੜ ਤੇ ਸਮੇਂ ਦੀਆ ਪਦਾਰਥਵਾਦੀ ਧਾਰਨਾਵਾਂ ਦੀਆਂ ਪ੍ਰੀਭਾਸ਼ਾਵਾਂ ਵਿਚਾਰਵਾਦੀਆਂ ਲਈ ਮੁੱਖ ਚੁਣੌਤੀ ਹਨ।

ਮਹਾਨ ਵਿਗਿਆਨੀ ਆਈਨਸਟਾਈਨ ਦੁਆਰਾ ਪੁਲਾੜ ਤੇ ਸਮੇਂ ਨੂੰ ਹੋਂਦ ਦੇ ਸਦੀਵੀ ਸਬੂਤ ਵਜ਼ੋਂ ਇਕੱਠਿਆਂ ਪਰਿਭਾਸ਼ਿਤ ਕੀਤਾ ਹੋਇਆ ਹੈ। ਉਹ ਇਸ ਨੂੰ ਚਾਰ ਦਿਸ਼ਾਵੀ (ਤਿੰਨ ਦਿਸ਼ਾਵੀ ਪੁਲਾੜ + ਇੱਕ ਦਿਸ਼ਾ ਸਮਾਂ) ਲਿਖਦੇ ਹਨ। ਪੁਲਾੜ ਤੇ ਸਮਾਂ ਅਨਿੱਖੜਵੇਂ ਤੌਰ’ਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ‘ਇਨਕਲਾਬੀ ਦਰਸ਼ਨ’ ਪਦਾਰਥਕ ਗਤੀ ਦੇ ਦੋਹਰੇ ਖਾਸੇ- ਥਾਂ ਬਦਲੀ ਅਤੇ ਰੂਪ ਬਦਲੀ ਰਾਹੀਂ ਪ੍ਰੀਭਾਸ਼ਿਤ ਕਰਦਾ ਹੈ। ਕਿਉਂਕਿ ਥਾਂ ਬਦਲੀ ਪੁਲਾੜ ਬਿਨਾਂ ਨਹੀਂ ਹੋ ਸਕਦੀ। ਥਾਂ ਬਦਲੀ ਪੁਲਾੜ ਨਿਰਧਾਰਤ ਕਰਦੀ ਹੈ ਅਤੇ ਪਦਾਰਥ ਦੀ ਰੂਪ ਬਦਲੀ ਸਮੇਂ ਨੂੰ ਨਿਰਧਾਰਤ ਕਰਦੀ ਹੈ। ਪਦਾਰਥ ਦੀ ਹਰਕਤ ਸਮੇਂ ਬਿਨਾਂ ਸੰਭਵ ਹੀ ਨਹੀਂ। ਹੁਣ ਤੱਕ ਪਦਾਰਥ ਗਤੀ ਵਿੱਚ ਅਤੇ ਪਦਾਰਥ ਦੀ ਗਤੀ ਨੂੰ ਇਕੋ ਸਮਝਿਆ ਜਾਂਦਾ ਰਿਹਾ ਹੈ। ਇਨਕਲਾਬੀ ਦਰਸ਼ਨ ਦਾਰਸ਼ਨਿਕ ਧਾਰਨਾਵਾਂ ਦੀਆਂ ਪਰਿਭਾਸ਼ਾਵਾਂ ਨਾਲ ਅਧਿਐਨਕਰਤਾ ਨੂੰ ਲਾਜਵਾਬ ਕਰਦਾ ਹੈ। ਜਿਵੇਂ ਕਿ ਪੁਲਾੜ ਅਮੁੱਕ, ਅਪਾਰ, ਤਿੰਨ ਦਿਸ਼ਾਵੀ, ਸਵੈ-ਸਮਰੱਥ, ਪਦਾਰਥਕ ਫੈਲਾਅ ਹੈ ਅਤੇ ਸਮਾਂ ਸਦੀਵੀ ਅਤੇ ਇੱਕ ਦਿਸ਼ਾਵੀ (ਬੀਤੇ ਤੋਂ ਭਵਿੱਖ ਵੱਲ) ਹੈ”। ਯੂਨੀਵਰਸ ਪੁਲਾੜ’ਚ ਸੀਮਿਤ ਹੈ। ਸਮਾਂ ਸਾਪੇਖਕ ਹੈ ਤੇ ਇਹਦਾ ਨਿਰਭਰ ਗਤੀ ਦੀ ਰਫ਼ਤਾਰ’ਤੇ ਹੈ। ਰਫ਼ਤਾਰ ਦੇ ਵਧਣ ਨਾਲ ਸਮੇਂ ਦੀ ਗਤੀ ਮੱਧਮ ਪੈ ਜਾਂਦੀ ਹੈ। ਸਥਾਨ ਤੇ ਸਮੇਂ ਦੀ ਸਿਫ਼ਤ ਉਨ੍ਹਾਂ ਦੀ ਬਾਹਰਮੁਖਤਾ ਹੈ। ਸਾਪੇਖਤਾ ਦਾ ਸਿਧਾਂਤ ਵਸਤੂਆਂ ਦੇ ਸਥਾਨ ਅਤੇ ਸਮੇਂ ਬਾਰੇ ਗੁਣਾਂ ਦਾ ਉਹਨਾਂ ਦੀ ਹਰਕਤ ਦੀ ਰਫ਼ਤਾਰ ਉੱਤੇ ਨਿਰਭਰ ਹੋਣਾ ਦਰਸਾਉਂਦਾ ਹੈ।

ਵਾਰਤਾ ਤੀਜੀ ਵਿੱਚ ਰੂਹ, ਆਤਮਾ ਦੇ ਅਤਿ ਨਾਜ਼ੁਕ ਸਵਾਲ ਦੇ ਨਾਲ-ਨਾਲ ਉਨ੍ਹਾਂ ਦਾਰਸ਼ਨਿਕ ਧਾਰਨਾਵਾਂ ਬਾਰੇ ਵੀ ਨਵਾਂਪਣ ਹੈ ਜਿਨ੍ਹਾਂ ਨੂੰ ਹੁਣ ਤੱਕ ਵਿਚਾਰਵਾਦੀ ਕੈਂਪ ਵਿੱਚ ਹੀ ਸਮਝਿਆ ਜਾਂਦਾ ਰਿਹਾ ਹੈ। ਫਲਸਫ਼ੇ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਪਦਾਰਥ ਮੁੱਢਲਾ/ ਪਹਿਲਾ ਹੈ ਜਾਂ ਵਿਚਾਰ। ਪਰ ਇਨਕਲਾਬੀ ਦਰਸ਼ਨ ਪਦਾਰਥ ਨੂੰ ਮੁੱਢਲਾ ਸਵੀਕਾਰਦਿਆਂ ਵਿਚਾਰ ਨੂੰ ਵੀ ਪਦਾਰਥਕ ਮੰਨਦਾ ਹੈ। ਵਿਚਾਰ ਇਤਿਹਾਸਕ ਹੈ। ਕਿਉਂਕਿ ਰੂਹ, ਆਤਮਾ, ਚੇਤਨਾ, ਸੋਚ, ਵਿਚਾਰ ਜੀਵ ਦੇ ਗੁਣ ਹਨ ਇਸ ਲਈ ਇਨ੍ਹਾਂ ਦਾ ਇਤਿਹਾਸ ਹੈ। ਹੁਣ ਤੱਕ ਪਦਾਰਥਵਾਦੀਆ ਦੁਆਰਾ ਸੋਚ/ ਵਿਚਾਰ ਨੂੰ ਪਦਾਰਥ ਦੀ ਉਪਜ ਮੰਨਿਆ ਜਾਂਦਾ ਰਿਹਾ ਹੈ। ਹੁਣ ਜਦੋਂ ਇਸ ਨੂੰ ਪਦਾਰਥਕ ਖੇਮੇ ਵਿੱਚ ਰੱਖਿਆ ਗਿਆ ਹੈ ਤਾਂ ਜਾਹਿਰ ਹੈ ਕਿ ਸਭ ਨੂੰ ਹੈਰਾਨੀ ਹੋਵੇ। ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਵੇਂ ਪੁਰਾਣੇਚਿੰਤਕਾਂ ਦੀ ਕਹੀ ਇੱਕ ਕਹਾਵਤ ਹੈ ਕਿ ਹੈਰਾਨੀ ਚਿੰਤਨ ਦੀ ਮਾਂ ਹੈ।

ਸੱਚਾਈ ਉਹ ਨਹੀਂ ਜੋ ਸੋਚੀ ਗਈ ਹੈ, ਸਗੋਂ ਉਹ ਹੈ, ਜੋ ਕੇਵਲ ਸੋਚੀ ਹੀ ਨਹੀਂ ਗਈ, ਸਗੋਂ ਵੇਖੀ, ਸੁਣੀ ਗਈ ਤੇ ਗਿਆਨ ਇੰਦਰੀਆ ਰਾਹੀਂ ਅਨੁਭਵ ਕੀਤੀ ਗਈ ਹੈ। ਪਦਾਰਥ ਕੇਵਲ ਅਨੁਭਵ ਕੀਤੀ ਚੀਜ਼ ਹੀ ਨਹੀਂ, ਸਗੋਂ ਅਨੁਭਵ ਦਾ ਅਧਾਰ ਹੈ। ਪਦਾਰਥ ਮਨੁੱਖ ਤੋਂ ਸੁਤੰਤਰ ਨਾ ਕੋਈ ਚਿੰਤਨ ਹੈ ਤੇ ਨਾ ਹੀ ਹੋ ਸਕਦਾ ਹੈ। ਮਨੁੱਖ ਤੇ ਉਸਦੇ ਸਭ ਗੁਣ ਰੂਹ, ਆਤਮਾ, ਸੋਚ/ਵਿਚਾਰ, ਮਨ/ਚੇਤਨਾ ਆਦਿ ਪਦਾਰਥ ਦੀ ਰੂਪ ਬਦਲੀ ਦਾ ਹੀ ਨਤੀਜ਼ਾ ਹਨ। ਰੂਹ (ਸ਼ਪਰਿਟਿ), ਆਤਮਾ (ਸ਼ੋੁਲ) ਨੂੰ ਚੇਤਨਾ ਨਾਲ ਰਲਗਡ ਕਰਨਾ ਕੱਚਘਰੜਪੁਣਾ ਹੈ। ਮਨ ਦੀ ਕਿਰਿਆ ਦਾ ਪ੍ਰਗਟਾਵਾ ਚੇਤਨਾ ਹੈ।

ਆਤਮਾ ਸ਼ਬਦ ਆਤਮ ਤੋਂ ਹੈ ਭਾਵ ਸਵੈ (ਮੈਂ) “ਮੈਂ” ਦੂਜੇ ਲਈ “ਤੂੰ” ਵੀ ਹੈ। “ਮੈਂ” ਆਤਮ ਹੈ। ਹੋਂਦ ਰੱਖਦਾ ਹੈ। ਸਮੁੱਚੀ ਹੋਂਦ ਨਹੀਂ ਸੋਚਦੀ। ਸਗੋਂ ਹੋਂਦ ਦੀ ਹਰਕਤ ਰੂਪ ਬਦਲੀ ਰਾਹੀਂ ਆਪਣੇ ਨਵੇਂ ਉਚੇਰੇ ਗੁਣ ਮਨੁੱਖੀ ਸਰੀਰ ਦਾ ਦਿਮਾਗ ਸੋਚਦਾ ਵਿਚਾਰਦਾ ਹੈ। ਮੈਂ ਕੇਵਲ ਇਕ ਸੁਚੇਤ ਹੋਂਦ ਵਜ਼ੋਂ ਹੀ ਮੈਂ ਹਾਂ। ਪਦਾਰਥਵਾਦੀ ਵਿਰੋਧ-ਵਿਕਾਸੀ ਫਲਸਫ਼ਾ ਰੂਹ/ ਆਤਮਾ ਚੇਤਨਾ ਨੂੰ ਜੀਵਤ ਪਦਾਰਥ ਦਾ ਗੁਣ ਮੰਨਦਾ ਹੈ। ਪਦਾਰਥ ਜਜ਼ਬ ਕਰਨ ਤੇ ਪ੍ਰਵਰਤਿਤ ਕਰਨ ਦਾ ਦੋਹਰਾ ਗੁਣ ਰੱਖਦਾ ਹੈ। ਜਿੰਨਾ ਜਜ਼ਬ ਵਧੇਰੇ ਕਰਦਾ ਹੈ ਉਨੀ ਹੀ ਰੂਪ ਬਦਲੀ ਨੂੰ ਤੇਜ਼ ਕਰਦਾ ਹੈ। ਜਿੰਨਾ ਘੱਟ ਜਜ਼ਬ ਕਰਦਾ ਹੈ, ਉਨਾ ਵਧੇਰੇ ਪ੍ਰਵਰਤਿਤਕਰਦਾ ਹੈ। ਰੂਪ ਬਦਲੀ ਮੱਠੀ ਹੁੰਦੀ ਹੈ। ਫਲਸਫ਼ੇ ਦੇ ਇਤਿਹਾਸ ਵਿੱਚ ਪਹਿਲੇ ਪਦਾਰਥ ਦੇ ਸਿਰਫ਼ ਇਕ ਦੂਜੇ ਨੂੰ ਪ੍ਰਵਰਤਿਤ ਕਰਨ ਦੇ ਗੁਣ ਬਾਰੇ ਹੀ ਜ਼ਿਕਰ ਮਿਲਦਾ ਹੈ। ‘ਇਨਕਲਾਬੀ ਦਰਸ਼ਨ’ ਸਾਡੇ ਸਾਹਮਣੇ ਪਦਾਰਥ ਦਾ ਦੋਹਰਾ ਗੁਣ ਜਜ਼ਬ ਕਰਨਾ ਤੇ ਪ੍ਰਵਰਤਿਤ ਕਰਨਾ ਰੱਖਦਾ ਹੈ। ਜੀਵ ਦਾ ਦੋਹਰਾ ਗੁਣ ਰੂਹ ਤੇ ਆਤਮਾ ਜਜ਼ਬ ਅਤੇ ਪ੍ਰਵਰਤਿਤ ਕਰਨ ਦੇ ਵਿਕਾਸ ਵਿੱਚ ਨਵਾਂ ਉਚੇਰਾ ਸਿਫ਼ਤੀ ਗੁਣ ਹੈ। ਇਨਕਲਾਬੀ ਦਰਸ਼ਨ ਰੂਹ ਆਤਮਾ ਨੂੰ ਇੰਜ ਪਰਿਭਾਸ਼ਿਤ ਕਰਦਾ ਹੈ, “ ਜੀਵ ਦੀ ਆਤਮ ਸਲਾਮਤੀ ਦੀ ਸਰਗਰਮੀ ਦਾ ਪ੍ਰਗਟਾਉ ਗੁਣ: ਆਤਮਾ ਹੈ। ਜੀਵ ਦਾ ਸਵੈ-ਵਾਧੇ ਦੀ ਜ਼ਰੂਰਤ ਪੂਰਤੀ ਦੇ ਮਿਣਤੀ ਮਿਆਰ ਦਾ ਨਿਰਣਾਇਕ ਗੁਣ ‘ਰੂਹ’ ਹੈ।

ਵਾਰਤਾ ਚੌਥੀ ਵਿਚ ਪਦਾਰਥਵਾਦੀ ਵਿਰੋਧ-ਵਿਕਾਸੀ ਫਲਸਫ਼ੇ ਦੇ ਬੁਨਿਆਦੀ ਨਿਯਮਾਂ ਨੂੰ ਬੜੇ ਹੀ ਸਰਲ, ਸੁਝਾਉ ਲਹਿਜ਼ੇ ਸਮੇਤ ਨਵੀਆਂ ਉਦਾਹਰਣਾਂ ਨਾਲ ਪੇਸ਼ ਕੀਤਾ ਗਿਆ । ਉਦਾਹਰਣਾਂ ਪਾਠਕ ਨੂੰ ਨਾਲ ਤੋਰਨ ਵਿੱਚ ਸਫ਼ਲ ਹਨ।

ਵਾਰਤਾ ਪੰਜਵੀਂ ਸੁਤੰਤਰ ਸਮੇਂ ਦਾ ਸਿਧਾਂਤ, ਪਦਾਰਥਵਾਦੀ ਵਿਰੋਧ-ਵਿਕਾਸੀ ਫਲਸਫ਼ੇ ਦੀ ਰੋਸ਼ਨੀ ਵਿੱਚ ਰਾਜਨੀਤਕ ਆਰਥਿਕਤਾ ਵਿੱਚ ਇਨਕਲਾਬ ਦਾ ਢੰਗ ਦਰਸਾਉਂਦੀ ਹੈ। ਕਾਰਲ ਮਾਰਕਸ ਇਨਕਲਾਬੀ ਸੀ। ਉਸਦੇ ਪਰਮ ਮਿੱਤਰ ਫਰੈਡਰਿਕ ਏਂਗਲਜ਼ ਨੇ, ਉਸਦੀ ਯਾਦ ਵਿੱਚ ਕਿਹਾ ਸੀ, “ਇੱਕ ਦਾਰਸ਼ਨਿਕ, ਅਰਥਸ਼ਾਸਤਰੀ, ਇਤਿਹਾਸਕਾਰ ਅਤੇ ਹੋਰ ਬਹੁਤ ਕੁੱਝ ਵੀ ........ ਇੱਕ ਵਿਗਿਆਨੀ ........... ਇਹ ਸਭ ਉਸ ਦਾ ਅੱਧ ਵੀ ਨਹੀਂ ......... ਇਸ ਸਾਰੇ ਤੋਂ ਹੋਰ ਵੀ, ਉਹ ਇਨਕਲਾਬੀ ਸੀ”। ਮਾਰਕਸ ਨੇ ਦਰਸ਼ਨ ਅਰਥ ਸ਼ਾਸਤਰ ਅਤੇ ਇਤਿਹਾਸ ਦੀ ਸਮਝਦਾਰੀ ਵਿੱਚ ਇਨਕਲਾਬ ਕੀਤਾ ਅਤੇ ਇਹਨਾਂ ਵਿਸ਼ਿਆਂ ਦੀ ਸਮਝਦਾਰੀ ਨੂੰ ਇਨਕਲਾਬੀ ਬਣਾਇਆ। ਮਾਰਕਸ ਨੇ ਫਲਸਫ਼ੇ ਦਾ ਅਧਿਐਨ ਕਰਦਿਆਂ ਖੋਜਿਆ ਕਿ, “ਦਾਰਸ਼ਨਿਕਾਂ ਨੇ ਕੇਵਲ ਵੱਖ-ਵੱਖ ਢੰਗਾਂ ਨਾਲ ਦੁਨੀਆਂ ਦੀ ਵਿਆਖਿਆ ਕੀਤੀ ਹੈ, ਪਰ ਅਸਲ ਨੁਕਤਾ ਇਸ ਨੂੰ ਤਬਦੀਲ ਕਰਨਾ ਹੈ”। ਮਾਰਕਸ ਦਾ ਪਦਾਰਥਵਾਦੀ ਵਿਰੋਧ-ਵਿਕਾਸ ਦੁਨੀਆਂ ਨੂੰ ਤਬਦੀਲ ਕਰਨ ਦਾ ਫਲਸਫ਼ਾ ਹੈ। ਉਸਦਾ ਫਲਸਫ਼ਾ ਸਰਮਾਏ ਦੇ ਜਨਮ, ਵਿਕਾਸ ਤੇ ਪਤਨ ਦਾ ਅਧਿਐਨ ਕਰਦਾ ਹੈ। ਉਤਪਾਦਕਤਾ ਤੇ ਜ਼ਰੂਰੀ ਕਿਰਤ ਸਮੇਂ ਦੇ ਅਧਿਐਨ ਵਿੱਚੋਂ ਸੁਤੰਤਰ ਸਮਾਂ ਸਿਧਾਂਤ ਖੋਜਦਾ ਹੈ।

ਸਾਨੂੰ ਇਹ ਬੁਨਿਆਦੀ ਤੱਥ ਧਿਆਨ ਹਿਤ ਰੱਖਦਿਆਂ ਅਧਿਐਨ ਕਰਨਾ ਚਾਹੀਦਾ ਹੈ ਕਿ ਮਨੁੱਖ ਕੰਮ ਕਰਨ ਲਈ ਨਹੀਂ ਜਿਉਂਦਾ ਬਲਕਿ ਇਸ ਦੇ ਐਨ੍ਹ ਉਲਟ ਜ਼ਿੰਦਾ ਰਹਿਣ ਲਈ ਆਪਣੀ ਜ਼ਿੰਦਗੀ ਦੀ ਬਿਹਤਰੀ ਲਈ ਕੰਮ ਕਰਦਾ ਹੈ। ਅਸਲ ਜ਼ਿੰਦਗੀ ਕੰਮ ਦਾ ਸਮਾਂ ਖਤਮ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜਦੋਂ ਮਨੁੱਖ ਆਪਣੀ ਕਿਰਤ ਦੁਆਰਾ ਪੈਦਾ ਕੀਤੀ ਸਮਾਜਕ ਪੈਦਾਵਾਰ, ਸੁਹਜ-ਸੁਆਦ, ਅਨੰਦਿਤ ਪਲਾਂ ਨੂੰ ਕੁਦਰਤ ਅਧੀਨ ਪੂਰਨ ਸਮਾਜਿਕ ਹਿਤਾਂ ਦੀ ਆਜ਼ਾਦੀ, ਬਰਾਬਰੀ ਤੇ ਸਮਾਜਿਕ ਨਿਆਂ’ਤੇ ਅਧਾਰਤ ਮਾਣਦਾ ਹੈ। ਤਦ ‘ਤੇਰੇ’, ‘ਮੇਰੇ’ ਸ਼ਬਦਾਂ ਦੀ ਹੋਂਦ ਨਾਂ-ਮਾਤਰ ਰਹਿ ਜਾਂਦੀ ਹੈ।

ਮਾਰਕਸਵਾਦੀ ਅਧਿਐਨ ਦਰਸਾਉਂਦਾ ਹੈ ਕਿ ਮਨੁੱਖੀ ਸਮਾਜ ਦਾ ਵਿਕਾਸ ਵੀ ਪਦਾਰਥਕ ਸ਼ਕਤੀਆਂ, ਉਤਪਾਦਕ ਸ਼ਕਤੀਆਂ ਦੇ ਵਿਕਾਸ ਦੇ ਵਿਕਾਸ ਦੁਆਰਾ ਨਿਸ਼ਚਿਤ ਹੁੰਦਾ ਹੈ। ਉਤਪਾਦਕ ਸ਼ਕਤੀਆਂ ਦੇ ਵਿਕਾਸ’ਤੇ ਹੀ ਉਤਪਾਦਨ ਦੇ ਸਬੰਧਾਂ ਦੀ ਨਿਰਭਰਤਾ ਹੈ। ਇਨ੍ਹਾਂ ਸਬੰਧਾਂ ਵਿੱਚੋਂ ਹੀ ਸਮਾਜੀ ਜੀਵਨ ਦੇ ਸਭਨਾਂ ਵਰਤਾਰਿਆਂ, ਮਨੁੱਖੀ ਆਸਾਂ ਉਮੰਗਾਂ, ਵਿਚਾਰਾਂ ਤੇ ਨੇਮਾਂ ਦਾ ਸਪੱਸ਼ਟੀਕਰਨ ਮਿਲਦਾ ਹੈ। ਇਸ ਲਈ ਸੰਸਾਰ ਸਮਾਜ ਲਈ ਕੁੱਲ ਸਮਾਜਕ ਪੈਦਾਵਾਰ’ਤੇ ਖਰਚ ਹੁੰਦੇ ਕੁੱਲ ਕਿਰਤ ਸਮੇਂ ਵਿੱਚ, ਜ਼ਰੂਰੀ ਮਨੁੱਖੀ ਕਿਰਤ ਸਮੇਂ ਦਾ ਘਟਣਾ, ਸੁਤੰਤਰ ਸਮੇਂ ਦਾ ਵਧਣਾ ਹੈ। ਸਰਮਾਏਦਾਰਾਨਾ ਪੈਦਾਵਾਰੀ ਢੰਗ, ਨਿੱਜੀ ਜਾਇਦਾਦ’ਤੇ ਅਧਾਰਿਤ ਹੈ। ਇਸ ਲਈ ਉੱਚੀਆਂ ਪੈਦਾਵਾਰ ਤਾਕਤਾਂ ਦੇ ਹੁੰਦਿਆਂ ਵੀ ਸੁਤੰਤਰ ਸਮੇਂ ਦੇ ਭੰਡਾਰ ਦਾ ਆਨੰਦ ਮਨੁੱਖ ਨੂੰ ਨਹੀਂ ਲੈਣ ਦਿੰਦਾ। ਸੁਤੰਤਰ ਸਮੇਂ ਦੀ ਵਾਰਤਾ ਰਾਜਨੀਤਿਕ ਆਰਥਿਕਤਾ ਦੇ ਵਿਰੋਧ-ਵਿਕਾਸ ਵਿੱਚੋਂ ਇਸ ਨਤੀਜੇ’ਤੇ ਪੁੱਜਦੀ ਹੈ ਕਿ ਸਰਮਾਇਆ ਵਿਕਾਸ ਦੇ ਸਿਖ਼ਰ ਵੱਲ ਪੁੱਜਦਿਆਂ ਅੰਤ ਸਰਮਾਇਆ ਆਪਣੇ ਵਾਧੇ ਦਾ ਗੁਣ ਗੁਆ ਲੈਂਦਾ ਹੈ। ਸਰਮਾਇਆ, ਸਰਮਾਇਆ ਹੀ ਨਹੀਂ ਰਹਿੰਦਾ। ‘ਇਨਕਲਾਬੀ ਦਰਸ਼ਨ’ ਪਾਠਕਾਂ ਨੂੰ ਡੂੰਘੇ ਅਧਿਐਨ ਲਈ ਜਗਿਆਸਾ ਪ੍ਰਦਾਨ ਕਰਦਾ ਹੈ। ਕਾਮਰੇਡ ਜਗਰੂਪ ਇਸ ਉੱਦਮ ਲਈ ਅਮੁੱਕ ਮੁਬਾਰਕਾਂ ਦੇ ਹੱਕਦਾਰ ਹਨ। ਅੰਤ ਵਿੱਚ ਅਧਿਐਨਕਰਤਾ ਲਈ ਕਹਿਣਾ ਚਾਹਾਂਗਾ ਕਿ ‘ਤੱਥ’ ਹੱਠੀ ਚੀਜ਼ ਹੁੰਦੇ ਹਨ। ਇਨ੍ਹਾਂ ਦੀ ਚੋਣ ਤੇ ਅਧਿਐਨ ਪੂਰੇ ਧਿਆਨ ਨਾਲ ਕੀਤਾ ਜਾਵੇ ਤਾਂ ਇਹ ਸਬੂਤ ਦਿੰਦੇ ਹਨ। ਪਰ ਜੇ ਤੱਥਾਂ ਨੂੰ ਆਪਹੁਦਰੇ ਤਰ੍ਹਾਂ ਲਿਆ ਜਾਂਦਾ ਹੈ ਤਾਂ ਉਹ ਜਿਵੇਂ ਲੈਨਿਨ ਕਹਿੰਦੇ ਹਨ:

“ਬਸ ਇਕ ਖਿਲੌਣਾ ਜਾਂ ਇਸ ਤੋਂ ਵੀ ਮਾੜੀ ਚੀਜ਼ ਹੁੰਦੇ ਹਨ”।

ਸੰਪਰਕ: +91 94174 25153

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ