Wed, 30 October 2024
Your Visitor Number :-   7238304
SuhisaverSuhisaver Suhisaver

ਮੌਤ ਦੇ ਸੌਦਾਗਰ - ਨਰਾਇਣ ਦੱਤ

Posted on:- 17-06-2015

suhisaver

ਕਿਸੇ ਵਿਅਕਤੀ ਦੀ ਮੌਤ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਕਾਰਨ ਹੈ ਜੰਗਾਂ ਦੂਸਰਾ ਕਾਰਨ ਜਾਤੀ ਦੰਗੇ ਤੀਸਰਾ ਕਾਰਨ ਬਿਮਾਰੀਆਂ ਚੌਥਾ ਕਾਰਨ ਐਕਸੀਡੈਂਟ/ਹਾਦਸੇ। ਅੱਗੋਂ ਹਾਦਸਿਆਂ/ਐਕਸੀਡੈਂਟਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਹਵਾਈ ਹਾਦਸੇ,ਰੇਲ ਹਾਦਸੇ, ਸੜਕ ਦੁਰਘਨਾਵਾਂ, ਹੜ੍ਹ,ਤੂਫਾਨ,ਖੁਦਕਸ਼ੀਆਂ। ਇਨ੍ਹਾਂ ਬਾਰੇ ਅਕਸਰ ਹੀ ਪੜ੍ਹਨ ਸੁਨਣ ਨੂੰ ਮਿਲਦਾ ਹੈ ਜੋ ਸਾਡਾ ਧਿਆਨ ਆਪਣੇ ਵੱਲ ਖਿੱਚਦੇ ਹਨ। ਨੈਸ਼ਨਲ ਕਰਾਈਮ ਬਿਉਰੋ ਦੇ ਰਿਕਾਰਡ ਅਨੁਸਾਰ ਇਹ ਹਾਦਸੇ ਹਰ ਰੋਜ 1067 ਜ਼ਿੰਦਗੀਆਂ ਨੂੰ ਸਾਡੇ ਕੋਲੋਂ ਖੋਹ ਲੈਂਦੇ ਹਨ। ਇਨ੍ਹਾਂ ਹਾਦਸਿਆਂ ‘ਚ ਜਦੋਂ ਲੱਖਾਂ(ਸਾਲ 2013 ਵਿੱਚ ਹੀ 4,00,517) ਜ਼ਿੰਦਗੀਆਂ ਆਏ ਸਾਲ ਮੌਤ ਦੇ ਮੂੰਹ ਧੱਕ ਦਿੱਤੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਹਾਦਸਿਆਂ ਦੀ ਰੋਕਥਾਮ ਪ੍ਰਤੀ ਵੀ ਥੋੜੀ ਬਹੁਤ ਚਰਚਾ ਹੁੰਦੀ ਰਹਿੰਦੀ ਹੈ। ਕਦੇ ਇਨ੍ਹਾਂ ਹਾਦਸਿਆਂ ਖਾਸ ਕਰ ਜਦੋਂ ਕੋਈ ਵੱਡਾ ਹਾਦਸਾ 10-20 ਮੌਤਾਂ ਇੱਕੋ ਸਮੇਂ ਹੋ ਜਾਣ ਤਾਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਦਿਖਾਵੇ ਲਈ ਸੈਮੀਨਾਰ ਵਗੈਰਾ ਕਰਵਾਏ ਜਾਂਦੇ ਹਨ। ਪਰੰਤੂ ਕਦੇ ਵੀ ਤਹਿ ਤੱਕ ਜਾਕੇ ਇਨ੍ਹਾਂ ਕਤਲਾਂ ਨੂੰ ਰੋਕਣ ਲਈ ਗੰਭੀਰ ਯਤਨ ਨਹੀਂ ਕੀਤਾ ਜਾਂਦਾ।

ਗੰਭੀਰ ਯਤਨ ਕਿਉਂ ਨਹੀਂ ਕੀਤਾ ਜਾਂਦਾ, ਇਸ ਕਰਕੇ ਕਿ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਆਮ ਲੋਕ ਹੁੰਦੇ ਹਨ। ਪਰ ਜਦੋਂ ਕਦੇ ਕੋਈ ਵਿਸ਼ੇਸ਼ ਰੁਤਬੇ ਵਾਲਾ ਵਿਅਕਤੀ (ਮਿਸਾਲ ਵਜੋਂ ਸੰਜੇ ਗਾਂਧੀ ਗਿਆਨੀ ਜੈਲ ਸਿੰਘ ਕੈਪਟਨ ਕਮਲਜੀਤ ਸਿੰਘ ਗਵਰਨਰ ਸੁਰਿੰਦਰ ਕੁਮਾਰ)ਅਜਿਹੇ ਹਾਦਸੇ ਦਾ ਸ਼ਿਕਾਰ ਹੋ ਜਾਵੇ ਤਾਂ ਸਰਕਾਰ/ਪ੍ਰਸ਼ਾਸ਼ਨ ਵੱਲੋਂ ਵਿਸ਼ੈਸ਼ ਕਿਸਮ ਦੀ ਸਰਗਰਮੀ ਵੇਖਣ ਨੂੰ ਮਿਲਦੀ ਹੈ ਜਾਂਚ ਕਮਿਸ਼ਨ ਬਣਾ ਦਿੱਤੇ ਜਾਂਦਾ ਹੈ ਪਲਾਣਾ ਸੇਵਾ ਮੁਕਤ ਜੱਜ ਇਸ ਦੀ ਜਾਂਚ ਕਰੇਗਾ ਮਿਥੇ ਹੋਏ ਸਮੇਂ’ਚ ਰਿਪੋਰਟ ਜਾਰੀ ਕੀਤੀ ਜਾਵੇਗੀ। ਅਖਬਾਰਾਂ,ਟੀ.ਵੀ.ਚੈਨਲ਼ਾਂ ਉੱਪਰ ਸਰਕਾਰ ਦੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਪ੍ਰਤੀ ਗੰਭੀਰ ਹੋਣ ਦੇ ਬਿਆਨ ਮੋਟੀਆਂ ਸੁਰਖੀਆਂ ਵਟੋਰਨ’ਚ ਸਫਲ ਹੋ ਜਾਂਦੇ ਹਨ। ਪਰ ਇਨ੍ਹਾਂ ਕਮਿਸ਼ਨਾਂ ਦਾ ਅੱਜ ਤੱਕ ਕੀ ਹਸ਼ਰ ਹੋਇਆ ਸੱਭੇ ਕਮਿਸ਼ਨਾਂ ਦੀਆਂ ਰਿਪੋਰਟਾਂ ਧੂੜ ਚੱਟ ਰਹੀਆਂ ਹਨ। ਬਹੁਤ ਸਾਰੀਆਂ ਕਮਿਸ਼ਨ ਦੀਆਂ ਰਿਪੋਰਟਾਂ ਤਾਂ ਨਸ਼ਰ ਵੀ ਨਹੀਂ ਹੁੰਦੀਆਂ। ਇਸ ਤਰਾਂ ਅਸੀਂ ਵੇਖਦੇ ਹਾਂ ਕਿ ਅਮਲਦਾਰੀ ਪੱਖੋਂ ਕੁੱਝ ਵੀ ਨਹੀਂ ਹੁੰਦਾ ਜਿਸ ਦਾ ਸਿੱਟਾ ਹਰ ਆਏ ਦਿਨ ਵੱਡਾ ਹਾਦਸਾ ਵਾਪਰ ਕੇ ਆਏ ਸਾਲ ਹੋਣ ਵਾਲੀਆਂ ਮੌਤਾਂ(ਕਤਲ) ਵਿੱਚ ਵਾਧਾ ਹੋ ਰਿਹਾ ਹੈ।

    ਇੱਕ ਹੋਰ ਕਿਸਮ ਦੀਆਂ ਮੌਤਾਂ(ਕਤਲ) ਅੱਜ ਕੱਲ ਹੋ ਰਹੀਆ ਹਨ, ਜਿਹੜੀਆਂ ਆਮ ਲੋਕਾਈ ਦਾ ਧਿਆਨ ਸੁਤੇ ਸਿੱਧ ਆਪਣੇ ਵੱਲ ਖਿੱਚ ਰਹੀਆਂ ਹਨ ਉਹ ਹਨ ਬਿਜਲੀ ਦਾ ਕਰੰਟ ਲੱਗਣ ਨਾਲ ਹੋ ਰਹੀਆਂ ਮੌਤਾਂ(ਕਤਲ) । ਇਨ੍ਹਾਂ ਹਾਦਸਿਆਂ(ਕਤਲਾਂ) ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੋਰਨਾਂ ਹਾਦਸਿਆਂ ਵਾਂਗ ਕਦੇ ਕਦਾਈਂ ਇਨ੍ਹਾਂ ਹਾਦਸਿਆਂ ਪ੍ਰਤੀ ਵੀ ਚਰਚਾ ਸੁਨਣ ਨੂੰ ਮਿਲਦੀ ਹੈ। ਬਿਜਲੀ ਬੋਰਡ ਹੁਣ ਪਾਵਰਕੌਮ ਦੀ ਮਨੇਜਮੈਂਟ ਦੇ ਤਾਂ ਇਹ ਮੌਤਾਂ(ਕਤਲ) ਕਿਸੇ ਏਜੰਡੇ ਉੱਪਰ ਹੀ ਨਹੀਂ। ਪਰ ਇਹ ਮੌਤਾਂ ਪੰਜਾਬ ਅੰਦਰ ਵਿਛ ਰਹੇ ਸੱਥਰਾਂ ਕਾਰਨ ਜਵਾਨ ਅਵਸਥਾ ਵਿੱਚ ਵਿਧਵਾ ਹੋ ਰਹੀਆਂ ਔਰਤਾਂ,ਅਨਾਥ ਹੋ ਰਹੇ ਬੱਚਿਆਂ,ਭੈਣ-ਭਰਾਵਾਂ ਦੇ ਵੀਰ,ਬੁੱਢੇ ਮਾਂ-ਬਾਪ ਦੇ ਬੁਢਾਪੇ ਦੀ ਡੰਗੋਰੀ ਦੇ ਤੁਰ ਜਾਣ ਕਾਰਨ ਪੈ ਰਹੇ ਵੈਣਾਂ ਕਾਰਨ ਵਿਸ਼ਾਲ ਲੋਕਾਈ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਇਹ ਹਾਦਸੇ ਕਦੇ ਮਹਿਲਕਲਾਂ,ਕਦੇ ਖੁੱਡੀ ਕਲਾਂ, ਕਦੇ ਸੁਖਪੁਰਾ,ਕਦੇ ਲਹਿਰਾਗਾਗਾ,ਕਦੇ ਧਨੌਲਾ,ਕਦੇ ਗੁਰਦਾਸਪੁਰ,ਕਦੇ ਕੋਟਕਪੂਰਾ,ਕਦੇ ਗੋਨਿਆਣਾ,ਕਦੇ ਭਦੌੜ ਕਦੇ ਬਠਿੰਡਾ,ਕਦੇ ਪੰਜਾਬ ਦੇ ਕਿਸੇ ਹੋਰ ਕੋਨੇ ਵਿੱਚ ਮੌਤ ਦਾ ਤਾਂਡਵ ਨਾਚ ਨੱਚ ਰਹੇ ਹਨ। ਲੋਕਾਂ ਦਾ ਗੁੱਸਾ ਆਪਮੁਹਾਰੇ ਲੋਕਲ ਪੱਧਰੇ ਜੇਈ ਲਾਈਨਮੈਨ ਸਹਾਇਕ ਲਾਈਨਮੈਨ(ਛੋਟੇ ਮੁਲਾਜਮਾਂ) ਖਿਲਾਫ ਨਿੱਕਲ ਰਿਹਾ ਹੈ।ਲਾਸ਼ਾਂ ਨੂੰ ਸੜਕਾਂ/ਚੌਂਕਾਂ’ਚ ਰੱਖਕੇ ਕਤਲ ਦਾ ਪਰਚਾ ਦਰਜ ਕਰਨ/ਮੁਆਵਜਾ ਹਾਸਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰਚੇ ਦਰਜ ਹੋ ਹਨ।
    
ਸਭ ਤੋਂ ਪਹਿਲਾਂ ਜਾਨਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਹਾਦਸਿਆਂ(ਕਤਲਾਂ) ਦਾ ਸ਼ਿਕਾਰ ਹੋਣ ਵਾਲੇ ਕੌਣ ਲੋਕ ਹਨ?ਦੂਸਰਾ ਸੁਆਲ ਇਹ ਬਣਦਾ ਹੈ ਕਿ ਇਹ ਹਾਦਸੇ ਵਾਪਰਦੇ ਕਿਉਂ ਹਨ/ਕਾਰਨ ਕੀ ਹੈ? ਤੀਸਰਾ ਸੁਆਲ ਇਹ ਬਣਦਾ ਹੈ ਕਿ ਇਨ੍ਹਾਂ ਹਾਦਸਿਆਂ(ਕਤਲਾਂ) ਦਾ ਜਿੰਮੇਵਾਰ ਕੌਣ ਹੈ?
    
ਪਹਿਲੇ ਸਵਾਲ ਦਾ ਜਵਾਬ ਇਹ ਹੈ ਕਿ ਇਹ ਹਾਦਸੇ(ਕਤਲ) ਆਮ ਕਿਰਤੀ ਲੋਕਾਂ ਮਜਦੂਰਾਂ/ਛੋਟੇ ਕਿਸਾਨਾਂ ਦੇ ਮੁਕਾਬਲਤਨ ਘੱਟ ਪੜ੍ਹੇ ਲਿਖੇ ਨੌਜਵਾਨ ਪੁੱਤਾਂ ਦੇ ਹੋ ਰਹੇ ਹਨ। ਇਹ ਉਹ ਲੋਕ ਹਨ, ਜੋ ਵੀਹ ਕੁ ਸਾਲ ਪਹਿਲਾਂ ਬਿਜਲੀ ਬੋਰਡ ਹੁਣ ਪਾਵਰਕੌਮ ਵਿੱਚ ਵਰਕਚਾਰਜ/ਦਿਹਾੜੀਦਾਰ ਕਾਮੇ ਵਜੋਂ ਭਰਤੀ ਹੁੰਦੇ ਸਨ। ਪਰ ਹੁਣ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਇਸ ਅਦਾਰੇ ਅੰਦਰ ਲਾਗੂ ਕੀਤੀਆ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਸੰਸਾਰੀਕਰਨ,ਉਦਾਰੀਕਰਨ,ਨਿੱਜੀਕਰਨ ਦੀਆ ਨੀਤੀਆਂ ਕਾਰਨ ਇਸ ਅਦਾਰੇ ਅੰਦਰ ਪੱਕੀ/ਕੱਚੀ ਭਰਤੀ ਪੂਰਨ ਰੂਪ ’ਚ ਬੰਦ ਕਰਕੇ ਸਮੁੱਚਾ ਉਸਾਰੀ/ਰੱਖ ਰਖਾਅ ਦਾ ਕੰਮ ਆਊਟ ਸੋਰਸਿੰਗ ਦੀ ਨੀਤੀ ਲਾਗੂ ਕਰਦਿਆਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਠੇਕੇਦਾਰੀ ਪ੍ਰਬੰਧ ਅੰਦਰ ਸਿਆਸੀ ਅਸਰ ਰਸੂਖ ਸਮੇਤ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ‘ਏ ਟੂ ਜੈੱਡ ਤੋੰ ਲੈਕੇ ਗੋਦਰੇਜ ਲਾਰਸਨ ਐਂਡ ਟੂਬਰੋ’ ਤੱਕ ਸ਼ਾਮਲ ਹੋ ਚੱਕੀਆਂ ਹਨ। ਹੁਣ ਇਹ ਗਰੀਬ ਘਰਾਂ ਦੇ ਪੁੱਤ ਨਾਂ ਬਿਜਲੀ ਬੋਰਡ ਦੇ ਮੁਲਾਜ਼ਮ ਹਨ ਨਾਂ ਠੇਕੇਦਾਰ ਕਿਸੇ ਕਿਸਮ ਦੀ ਇਨ੍ਹਾਂ ਦੀ ਜਿੰਮੇਵਾਰੀ ਲੈਂਦਾ ਹੈ ਲੱਖਾਂ ਰੁ. ਕੇ ਕੰਮ ਕਰਵਾਕੇ ਧੜਾਧੜ ਵਸੂਲੀ ਜ਼ਰੂਰ ਕੀਤੀ ਜਾ ਰਹੀ ਹੈ। ਜ਼ਿੰਮੇਵਾਰੀ ਕੋਈ ਨਹੀਂ।

ਦੂਸਰੇ ਸਵਾਲ ਦਾ ਜਵਾਬ ਇਹ ਬਣਦਾ ਹੈ ਕਿ ਇਹ ਹਾਦਸੇ ਪਹਿਲਾਂ ਵੀ ਵਾਪਰਦੇ ਸਨ ਪਰ ਹੁਣ ਇਨ੍ਹਾਂ ਹਾਦਸਿਆਂ ਦੇ ਵਾਪਰਨ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਾਰਨ ਇਹ ਹੈ ਕਿ ਜਦ ਵੀਹ ਸਾਲ ਤੋਂ ਵੈ ਵੱਧ ਸਮੇਂ ਤੋਂ ਇੱਕ ਵੀ ਨਵਾਂ ਟੈਕਨੀਕਲ ਕਾਮਾ(ਕੱਚਾ ਪੱਕਾ) ਭਰਤੀ ਨਹੀਂ ਕੀਤਾ ਗਿਆ ਜਦ ਕਿ ਕੰਮ ਭਾਰ ਲਗਾਤਾਰ ਵਧ ਰਿਹਾ ਹੈ। ਧੜਾਧੜ ਨਵੇਂ ਕੁਨੈਕਸ਼ਨ ਹੋਰਹੇ ਹਨ, ਨਵੇਂ ਬਿਜਲੀਘਰ ਨਵੀਆਂ ਲਾਈਨਾਂ ਦੀ ਉਸਾਰੀ ਤੇਜ਼ੀ ਨਾਲ ਹੋ ਰਹੀ ਹੈ ਪਰ ਵੀਹ ਸਾਲ ਪਹਿਲਾਂ ਬਿਜਲੀ ਬੋਰਡ ਹੁਣ ਪਾਵਰਕੌਮ ਵਿੱਚ ਕੰਮ ਕਰ ਰਹੇ ਸਵਾ ਲੱਖ ਦੇ ਕਰੀਬ ਬਿਜਲੀ ਕਾਮਿਆਂ ਦੀ ਗਿਣਤੀ ਘੱਟਕੇ 42000 ਹਜਾਰ ਤੋਂ ਵੀ ਘੱਟ ਰਹਿ ਗਈ ਹੈ। ਜਦ ਬਿਜਲੀ ਬੋਰਡ ਹੁਣ ਪਾਵਰਕੌਮ ਵਿੱਚ ਕੱਚੇ ਪੱਕੇ ਕਾਮੇ ਉਸਾਰੀ ਦਾ ਕੰਮ ਕਰਦੇ ਸਨ ਤਾਂ ਉਸ ਸਮੇਂ ਉਨ੍ਹਾ ਦੀ ਕਿਰਤ ਵਿੱਚੋਂ ਰੱਤ ਨਿਚੋੜਨ ਵਾਲਾ ਠੇਕੇਦਾਰ ਨਹੀਂ ਹੁੰਦਾ ਸੀ ਕਾਮੇ ਪੂਰੀ ਮਿਹਨਤ ਨਾਲ ਕੰਮ ਕਰਦੇ ਸਨ। ਹੁਣ ਇਸ ਅਦਾਰੇ ਅੰਦਰ ਇੱਕ ਵੀ ਕੱਚਾ ਪੱਕਾ ਕਾਮਾ ਉਸਾਰੀ ਦੇ ਕੰਮਾਂ ਵਿੱਚ ਨਹੀਂ ਲੱਗਾ ਹੋਇਆ ਸਮੁੱਚਾ ਕੰਮ ਠੇਕੇਦਾਰੀ ਪ੍ਰਣਾਲੀ ਰਾਹੀਂ ਹੋ ਰਿਹਾ ਹੈ। ਜਿਸ ਦਾ ਕਦੇ ਵੀ ਸਮਾਜਿਕ ਸਰੋਕਾਰ ਨਾਲ ਲੈਣ ਦੇਣ ਨਹੀਂ ਹੁੰਦਾ ਸਗੋਂ ਮਕਸਦ ਕੰਮ ਹਾਸਲ ਕਰਕੇ ਕੰਮ ਦੇ ਮਿਆਰ ਨੂੰ ਉੱਚ ਚੁੱਕਣਾ ਨਹੀਂ ਸਗੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ।ਵੱਧ ਮੁਨਾਫਾ ਕਿਰਤੀ ਨੂੰ ਘੱਟ ਤੋਂ ਘੱਟ ਉਜਰਤ ਦੇਕੇ(ਰੱਤ ਨਿਚੋੜ ਕੇ) ਅਤੇ ਕੰਮ ਦੇ ਮਿਆਰ ਨੂੰ ਨੀਵਾਂ ਕਰਕੇ(ਘਟੀਆਂ ਕੰਮ ਕਰਵਾਕੇ) ਹੀ ਹਾਸਲ ਕੀਤਾ ਜਾ ਸਕਦਾ ਹੈ ਅਜਿਹਾ ਪਾਵਕੌੰਮ ਦੇ ਪਬੰਧਕਾਂ/ਅਧਿਕਾਰੀਆਂ ਦੇ ਨੱਕ ਥੱਲੇ ਸ਼ਰੇਆਮ ਹੋ ਰਿਹਾ ਹੈ।ਕੰਮ ਕਰਨ ਵਾਲੇ ਕਿਰਤੀ ਜੋ ਬਚੇ ਖੁਚੇ ਹਨ ਵੀ ਕੋਲ ਕੋਈ ਵੀ ਕੰਮ ਕਰਨ ਵਾਲੇ ਸੰਦ ਨਹੀਂ ਹਨ ਹਾਲਾਂਕਿ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਵਰਕ ਟੂ ਰੂਲ ਕਰਕੇ ਪਾਵਰਕੌਮ ਦੇ ਅਧਿਕਾਰੀਆਂ ਦੇ ਬੋਲੇ ਕੰਨਾਂ ਤੱਕ ਆਪਣੀ ਅਵਾਜ ਪਹੁੰਚਾ ਚੁੱਕੇ ਹਨ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
    ਤੀਸਰੇ ਸੁਆਲ ਦਾ ਜਵਾਬ ਇਹ ਹੈ ਕਿ ਜਿਵੇਂ ਅਸੀਂ ਉੱਪਰ ਚਰਚਾ ਕੀਤੀ ਹੈ ਕਿ ਜਦੋਂ ਕੰਮ ਦਾ ਬੋਝ ਵਧੇਗਾ ਤਾਂ ਹੱਥੀਂ ਕੰਮ ਕਰਨ ਵਾਲੇ ਕਿਰਤੀਆਂ ਦੀ ਲੋੜ ਵੀ ਵਧੇਗੀ।(ਸਾਰਣੀ)
ਲੜੀਨੰ. ਵੇਰਵਾ ਸਾਲ 06-07 13-14 7 ਸਾਲਾਂ’ਚ ਵਾਧਾ/ਘਾਟਾ ਪ੍ਰਤੀਸ਼ਤ ਵਾਧਾ/ਘਾਟਾ
1. ਕੁੱਲ ਕੁਨੈਕਸ਼ਨਾਂ ਦੀ ਗਿਣਤੀ 6231240 8112286 1881046 ਵਾਧਾ 30.18%
2.11 ਕੇ.ਵੀ.ਸਬ ਸਟੇਸ਼ਨਾਂ ਦੀ ਗਿਣਤੀ 252165 668205 416040 ਵਾਧਾ 169.48%
3.11 ਕੇ.ਵੀ ਲਾਈਨਾਂ ਦੀ ਲੰਬਾਈ 123332 203759 86427 ਵਾਧਾ 70%
4. ਮੁਲਾਜਮਾਂ ਦੀ ਗਿਣਤੀ 73432 46323 27109 ਘਾਟਾ 36.91%

ਉਪਰੋਕਤ ਸਾਰਣੀ/ਅੰਕੜੇ ਸਾਫ ਕਰਦੇ ਹਨ ਕਿ ਕੰਮ ਆਏ ਦਿਨ ਵਧ ਰਿਹਾ ਹੈ ਹੱਥੀਂ ਕੰਮ ਕਰਨ ਵਾਲੇ ਕਿਰਤੀ(ਟੈਕਨੀਕਲ ਕਾਮੇ) ਭਰਤੀ ਨਹੀਂ ਕੀਤੇ ਜਾ ਰਹੇ,ਕੰਮ ਕਰਨ ਵਾਲੇ ਕਿਰਤੀਆਂ ਦੀ ਕਿਰਤ ਸ਼ਕਤੀ ਦੀ ਠੇਕੇਦਾਰ ਵੱਲੋਂ ਲੁੱਟ ਤਿੱਖੀ ਕੀਤੀ ਜਾਵੇਗੀ,ਘੱਟ ਕਾਮਿਆਂ ਰਾਹੀਂ ਵੱਧ ਕੰਮ ਕਰਵਾਇਆ ਜਾਵੇਗਾ ਤਾਂ ਸਿੱਟਾ ਕੰਮ ਦਾ ਮਿਆਰ ਮਾੜਾ ਹੋਣ ਵਿੱਚ ਹੀ ਨਿੱਕਲੇਗਾ ਜੋ ਮੋੜਵੇਂ ਰੂਪ ਵਿੱਚ ਹੋਰ ਹਾਦਸਿਆਂ ਨੂੰ ਜਨਮ ਦੇਵੇਗਾ । ਕੰਮ ਕਰਨ ਵਾਲੇ ਕਿਰਤੀਆਂ ਲਈ ਲੋੜੀਂਦੇ ਔਜਾਰ ਹੋਣਾ ਵੀ ਮੁੱਢਲੀਆਂ ਸ਼ਰਤਾਂ ਵਿੱਚੋਂ ਇੱਕ ਹੈ। ਇਸ ਕਰਕੇ ਪੂਰੀ ਲੋੜੀਂਦੀ ਕਿਰਤ ਸ਼ਕਤੀ,ਲੋੜੀਂਦੇ ਔਜਾਰ ਹੋਣਾ,ਢੁੱਕਵੀਆਂ ਕੰਮ ਹਾਲਤਾਂ ਹੋਣਾ ਅਤਿ ਜਰੂਰੂੀ ਹੈ। ਇਹੀ ਕਾਰਨ ਹੈ ਕਿ ਬਿਜਲੀ ਲਾਈਨਾਂ ਨਾਲ ਹੋਣ ਵਾਲੇ ਹਾਦਸੇ ਲਗਾਤਾਰ ਵਧ ਰਹੇ ਹਨ । ਇਨ੍ਹਾਂ ਤਿੰਨਾਂ ਗੱਲਾਂ ਦੀ ਪੂਰਤੀ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਪ੍ਰਬੰਧਕਾਂ ਸਿਰ ਆਉਂਦੀ ਹੈ। ਇਸ ਕਰਕੇ ਸਾਡੇ ਗਰੀਬ ਕਿਰਤੀ ਪ੍ਰੀਵਾਰਾਂ ਦੇ ਨੌਜਵਾਨਾਂ ਦੀ ਮੌਤ(ਕਤਲ)ਦੇ ਜਿੰਮੇਵਾਰ ਇਹੀ ਬਣਦੇ ਹਨ ਇਨ੍ਹਾਂ ਦੀ ਹੀ ਜ਼ਿੰਮੇਵਾਰੀ ਤਹਿ ਕੀਤੀ ਜਾਣੀ ਚਾਹੀਦੀ ਹੈ।

ਪੰਜਾਬ ਦੇ ਨੌਜਵਾਨਾਂ ਕਿਰਤੀ ਕਿਸਾਨਾਂ ਪਾਵਰਕੌਮ ਅੰਦਰ ਕੰਮ ਕਰਦੀਆਂ ਸੁਹਿਰਦ ਸੰਘਰਸ਼ਸ਼ੀਲ ਜਥੇਬੰਦੀਆਂ ਸਮੇਤ ਸੱਭੇ ਹੋਰ ਤਬਕਿਆਂ ਨੂੰ ਵੱਡੀ ਵੰਗਾਰ ਸੰਸਾਰੀਕਰਨ,ਉਦਾਰੀਕਰਨ,ਨਿੱਜੀਕਰਨ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਦਿਆਂ ਬਿਜਲੀ ਬੋਰਡ ਹੁਣ ਪਾਵਰਕੌਮ ਅੰਦਰ ਆਊਟਸੋਰਸਿੰਗ/ਠੇਕੇਦਾਰੀ ਦੇ ਪ੍ਰਬੰਧ ਨੂੰ ਮੁਕੰਮਲ ਰੂਪ’ਚ ਬੰਦ ਕਰਕੇ ਪੱਕੀ ਰੈਗੂਲਰ ਭਰਤੀ ਦੀ ਮੰਗ ਲਈ ਜ਼ੋਰਦਾਰ ਸੰਘਰਸ਼ ਕਰਨਾ ਚਾਹੀਦਾ ਹੈ ।

ਸੰਪਰਕ: +91 84275 11770

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ