ਸੰਪਾਦਕਾਂ ਦੇ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ - ਗੁਰਚਰਨ ਸਿੰਘ ਪੱਖੋਕਲਾਂ
Posted on:- 14-06-2015
ਦੁਨੀਆਂ ਦੇ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦਾ ਇੱਕ ਧਰਮ ਹੁੰਦਾ ਹੈ। ਕੀਤੇ ਜਾਣ ਵਾਲੇ ਹਰ ਕੰਮ ਦਾ ਜੇ ਧਰਮ ਨਾ ਨਿਭਾਇਆ ਜਾਵੇ ਤਦ ਹਰ ਕੰਮ ਹੀ ਗਲਤ ਹੋ ਜਾਂਦਾ ਹੈ। ਸੰਪਾਦਕੀ ਦੁਨੀਆਂ ਦੇ ਮਹਾਨ ਜ਼ੁੰਮੇਵਾਰੀ ਵਾਲਾ ਕੰਮ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਦ ਵੀ ਡੂੰਘੀ ਨੀਝ ਨਾਲ ਨਿਗਾਹ ਮਾਰਦੇ ਹਾਂ ਤਾਂ ਬਹੁਤ ਘੱਟ ਸੰਪਾਦਕ ਨਜ਼ਰੀਂ ਪੈਂਦੇ ਹਨ, ਜਿਨ੍ਹਾਂ ਸੰਪਾਦਕੀ ਦਾ ਧਰਮ ਨਿਭਾਇਆ ਹੈ। ਹਰ ਸੰਪਾਦਕ ਆਪੋ ਆਪਣੇ ਹਿੱਤਾਂ ਅਨੁਸਾਰ ਨੀਤੀ ਉੱਪਰ ਚਲਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋ ਇਹੋ ਜਿਹੇ ਸੰਪਾਦਕ ਹੋਏ ਹਨ, ਜਿਨ੍ਹਾਂ ਸੰਪਾਦਕੀ ਨੀਤੀ ਦਾ ਇਹੋ ਜਿਹਾ ਮੀਲ ਪੱਥਰ ਗੱਡਿਆ ਹੈ, ਜੋ ਸਦਾ ਦੁਨੀਆਂ ਲਈ ਅਤੇ ਸੰਪਾਦਕਾਂ ਲਈ ਚਾਨਣ ਮੁਨਾਰਾ ਰਹੇਗਾ।
ਜਦ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਸਾਹਿਬ ਤਿਆਰ ਕੀਤਾ ਤਦ ਉਹਨਾਂ ਨੇ ਸੰਪਾਦਕੀ ਦਾ ਉਹ ਵਧੀਆ ਆਦਰਸ਼ ਪੇਸ਼ ਕੀਤਾ, ਜੋ ਅੱਜ ਵੀ ਮਿਸਾਲ ਹੈ। ਜਦ ਉਸ ਸਮੇਂ ਦੇ ਲਿਖਾਰੀਆਂ ਅਤੇ ਰਾਜਸੱਤਾ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਗੱਦੀ ਨਸ਼ੀਨ ਗੁਰੂ ਅਰਜਨ ਦੇਵ ਜੀ ਇੱਕ ਗਰੰਥ ਤਿਆਰ ਕਰ ਰਹੇ ਹਨ, ਤਦ ਉਹਨਾਂ ਨੇ ਆਪੋ ਆਪਣੀਆਂ ਪਸੰਦੀਦਾ ਲਿਖਤਾਂ ਸ਼ਾਮਲ ਕਰਵਾਉਣੀਆਂ ਚਾਹੀਆਂ। ਉਸ ਸਮੇਂ ਦੇ ਮਸ਼ਹੂਰ ਤਿੰਨ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਸ਼ਾਮਲ ਕਰਵਾਉਣ ਲਈ ਗੁਰੂ ਜੀ ਕੋਲ ਪਹੁੰਚੇ, ਤਦ ਗੁਰੂ ਜੀ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਇਹ ਰਚਨਾਵਾਂ ਗੁਰਬਾਣੀ ਦੇ ਬਰਾਬਰ ਦੀਆਂ ਨਹੀਂ ਸਨ।
ਗੁਰੂ ਜੀ ਜੋ ਗਰੰਥ ਤਿਆਰ ਕਰ ਰਹੇ ਸਨ, ਉਹ ਅਧਿਆਤਮਵਾਦ ਦੀ ਸਿਖਰਲੀ ਸੱਚਾਈ ਨੂੰ ਵਰਣਨ ਕਰਨ ਵਾਲਾ ਸੀ, ਪਰ ਪੀਲੂ , ਕਾਨਾ ਆਦਿ ਤਿੰਨ ਲਿਖਾਰੀਆਂ ਦੀਆਂ ਲਿਖਤਾਂ ਸਿਰਫ ਦੁਨਿਆਵੀ ਸੱਚ ਦੀ ਗੱਲ ਕਰਦੀਆਂ ਸਨ। ਇੱਕ ਲੇਖਕ ਨੇ ਤਾਂ ਇਸਤਰੀ ਜਾਤੀ ਦਾ ਵਰਨਣ ਕਰਨ ਵਾਸਤੇ ਬਹੁਤ ਛੋਟੀ ਸੋਚ ਦਾ ਵਿਖਾਵਾ ਕੀਤਾ ਹੋਇਆ ਸੀ, ਕਿਉਂਕਿ ਕੁਝ ਇਸਤਰੀਆਂ ਜਾਂ ਬੰਦਿਆ ਦੇ ਕਸੂਰਵਾਰ ਹੋ ਜਾਣ ਨਾਲ ਜਾਂ ਗਲਤੀਆਂ ਨਾਲ ਸਮੁੱਚੀ ਜਾਤ ਕਦੀ ਵੀ ਮਾੜੀ ਨਹੀਂ ਹੋ ਜਾਂਦੀ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਪਹਿਲੇ ਚਾਰਾਂ ਗੁਰੂਆਂ ਦੀ ਵੀ ਸਾਰੀ ਬਾਣੀ ਸ਼ਾਮਲ ਨਹੀਂ ਕੀਤੀ ਗਈ। ਗੁਰੂ ਅਰਜਨ ਦੇਵ ਜੀ ਹੀ ਜਾਣਦੇ ਸਨ ਆਪਣੇ ਮਕਸਦ ਨੂੰ ਜਿਸ ਲਈ ਉਹਨਾਂ ਨੇ ਆਪਣੀ ਸੰਪਾਦਕੀ ਨੀਤੀ ਨੂੰ ਡੋਲਣ ਨਹੀਂ ਦਿੱਤਾ। ਅੱਜ ਜਦ ਵੀ ਦੁਨੀਆਂ ਦਾ ਕੋਈ ਮਹਾਨ ਮਨੁੱਖ ਗੁਰੂ ਗਰੰਥ ਨੂੰ ਪੜਦਾ ਹੈ, ਤਦ ਜਿੱਥੇ ਗਿਆਨ ਹਾਸਲ ਕਰਦਾ ਹੈ, ਉੱਥੇ ਗੁਰੂ ਜੀ ਦੀ ਸੰਪਾਦਕੀ ਨੀਤੀ ਦੀ ਪਰਸ਼ੰਸਾ ਕਰੇ ਬਿਨਾ ਨਹੀਂ ਰਹਿ ਸਕਦਾ। ਦੂਸਰੀ ਮਿਸਾਲ ਗੁਰੂ ਗੋਬਿੰਦ ਸਿੰਘ ਨੇ ਕਾਇਮ ਕੀਤੀ, ਜਦ ਉਹਨਾਂ ਨੇ ਗਰੰਥ ਸਾਹਿਬ ਨੂੰ ਗੁਰੂ ਬਣਾਉਣ ਦੀ ਸੋਚੀ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸਾਰੇ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਬਾਣੀ ਨੂੰ ਗਰੰਥ ਸਾਹਿਬ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ, ਪਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਸ਼ਾਮਲ ਨਹੀਂ ਕੀਤਾ। ਆਪਣੀ ਬਾਣੀ ਸ਼ਾਮਲ ਨਾ ਕਰਨ ਦਾ ਭਾਵੇਂ ਗੁਰੂ ਜੀ ਦਾ ਕੋਈ ਵੀ ਕਾਰਨ ਹੋਵੇ, ਜਿਸ ਬਾਰੇ ਲਿਖਣਾ ਗੁਨਾਹ ਹੋਵੇਗਾ, ਪਰ ਸੰਪਾਦਕੀ ਨੀਤੀ ਦਾ ਇਹ ਉੱਚਤਮ ਉਦਾਹਰਣ ਹੈ। ਕੋਈ ਏਡਾ ਮਹਾਨ ਗਰੰਥ ਤਿਆਰ ਕੀਤਾ ਗਿਆ ਹੋਵੇ ਅਤੇ ਉਸਨੂੰ ਰਹਿੰਦੀ ਦੁਨੀਆਂ ਤੱਕ ਲਈ ਗੁਰੂ ਦੇ ਤੌਰ ਤੇ ਸਥਾਪਨ ਕਰਨਾ ਹੋਵੇ ਅਤੇ ਆਪਣੀ ਬਾਣੀ ਨਾ ਸ਼ਾਮਲ ਕੀਤੀ ਹੋਵੇ, ਸ਼ਾਇਦ ਹੀ ਦੁਨੀਆਂ ਉੱਪਰ ਕੋਈ ਉਦਾਹਰਣ ਮਿਲੇ। ਅੱਜ ਜਦ ਵੀ ਅਸੀਂ ਗੁਰੂ ਗਰੰਥ ਦੀ ਬਾਣੀ ਪੜਦੇ ਹਾਂ ਤਦ ਉਸ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਣ ਨਹੀਂ ਦੇ ਸਕਦੇ ਜੋ ਅਧਿਆਤਮਵਾਦ ਅਤੇ ਸਮਾਜ ਨੂੰ ਸਹੀ ਸੇਧ ਨਾ ਦਿੰਦੀ ਹੋਵੇ। ਸਮੇਂ ਅਤੇ ਹਾਲਤਾਂ ਦੇ ਬਦਲ ਜਾਣ ਕਾਰਨ ਬਹੁਤ ਸਾਰੇ ਵਿਚਾਰਾਂ ਸ਼ਲੋਕਾਂ ਨਾਲ ਵਰਤਮਾਨ ਲੋਕ ਅਸਹਿਮਤ ਹੋ ਸਕਦੇ ਹਨ, ਪਰ ਗੁਰੂ ਗਰੰਥ ਸਾਹਿਬ ਦੀ ਮੂਲ ਭਾਵਨਾ ਸਮਾਜ ਅਤੇ ਮਨੁੱਖ ਉੱਚਤਮ ਗਿਆਨ ਦਾ ਰਾਹ ਦਿਖਾਉਂਦੀ ਹੋਈ ਉਸਦਾ ਭਲਾ ਲੋੜਦੀ ਹੈ। ਅੱਜ ਦੇ ਸਮੇਂ ਵਿੱਚ ਦੁਨੀਆਂ ਉੱਪਰ ਪਰਚਾਰ ਮੀਡੀਏ ਦਾ ਕਬਜ਼ਾ ਹੋ ਚੁੱਕਿਆ ਹੈ । ਅੱਜ ਦਾ ਮਨੁੱਖ ਗਿਆਨ ਹਾਸਲ ਕਰਨ ਲਈ ਤਿਆਗੀ ਵਿਦਵਾਨ ਗਿਆਨ ਵਾਨ ਲੋਕਾਂ ਕੋਲ ਨਹੀਂ ਜਾਂਦਾ, ਸਗੋਂ ਤਨਖਾਹਦਾਰ ਲੋਕਾਂ ਦਾ ਗੁਲਾਮ ਹੋਣ ਨੂੰ ਪਹਿਲ ਦਿੰਦਾ ਹੈ, ਜੋ ਅੱਗੇ ਵਰਤਮਾਨ ਸਿਸਟਮ ਦੇ ਗੁਲਾਮ ਹਨ । ਗੁਲਾਮ ਗੁਲਾਮਾਂ ਨੂੰ ਹੋਰ ਵੱਡੇ ਗੁਲਾਮ ਹੋਣ ਦੀ ਸਿੱਖਿਆ ਦਿੰਦੇ ਹਨ। ਪਰਚਾਰ ਮੀਡੀਏ ਦੇ ਵੱਡੇ ਥੰਮ੍ਹ ਅਖਬਾਰ, ਕਿਤਾਬਾਂ, ਅਤੇ ਇਲੈਕਟਰੋਨਿਕ ਸਾਧਨ ਬਣ ਗਏ ਹਨ, ਜਿਹਨਾਂ ਉੱਪਰ ਅਨੇਕਾਂ ਕਿਸਮਾਂ ਦੇ ਸੰਪਾਦਕ ਬਿਠਾਏ ਹੋਏ ਹਨ। ਵਰਤਮਾਨ ਵਪਾਰਕ ਯੁੱਗ ਦੇ ਸੰਪਾਦਕ ਤਨਖਾਹਾਂ ਲਈ ਆਪਣੀਆਂ ਜ਼ਮੀਰਾਂ ਵੇਚਕੇ ਹੋਰ ਵੱਡੇ ਗੁਨਾਹ ਕਰਨ ਲੱਗ ਜਾਂਦੇ ਹਨ। ਵਰਤਮਾਨ ਵੱਡੇ ਪੰਜਾਬੀ ਅਖਬਾਰਾਂ ਨੇ ਆਪਣੇ ਸੰਪਾਦਕਾਂ ਰਾਹੀਂ ਲੋਕਾਂ ਨੂੰ ਲੁੱਟਣ ਅਤੇ ਲੁਟਾਉਣ ਲਈ ਵਿਸ਼ੇਸ਼ ਧੜਿਆਂ, ਧਰਮਾਂ, ਰਿਸ਼ਤੇਦਾਰਾਂ, ਚਮਚੇ ਅਤੇ ਗੁਲਾਮ ਲੇਖਕਾਂ ਦੀ ਝੰਡੇ ਉੱਚੇ ਕਰਨ ਲਈ ਜ਼ਮੀਰਾਂ ਦੀ ਮੌਤ ਕੀਤੀ ਹੋਈ ਹੈ। ਇਹੋ ਜਿਹੇ ਸੰਪਾਦਕ ਨਾ ਆਪਣੀ ਜ਼ਮੀਰ ਮੂਹਰੇ ਜਿਉਂਦੇ ਹਨ ਅਤੇ ਨਾ ਹੀ ਇਤਿਹਾਸ ਵਿੱਚ ਇਹਨਾਂ ਦਾ ਕੋਈ ਨਾ ਹੋਵੇਗਾ। ਦੂਸਰੇ ਪਾਸੇ ਹਜ਼ਾਰਾਂ ਸਾਲ ਪਹਿਲਾਂ ਲਿਖੀ ਹੋਈ, ਗੀਤਾ, ਕੁਰਾਨ, ਬਾਈਬਲ ਨੇ ਆਪਣੇ ਸਮੇਂ ਦਾ ਉਸ ਸਮੇਂ ਅਨੁਸਾਰ ਸੱਚ ਬੋਲਿਆ ਹੈ। ਗੁਰੂ ਗਰੰਥ ਦਾ ਸੱਚ ਬਹੁਤ ਆਧੁਨਿਕ ਹੈ ਅਤੇ ਇਸ ਤਰ੍ਹਾਂ ਦੇ ਸਾਰੇ ਸੱਚੇ ਗਰੰਥ ਅਤੇ ਕਿਤਾਬਾਂ ਦੇ ਸੰਪਾਦਕ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ। ਪਰ ਵਰਤਮਾਨ ਸਮੇਂ ਦੇ ਸਵਾਰਥ ਸੰਪਾਦਕ ਸਿਵਿਆਂ ਦੀ ਸਵਾਹ ਵਿੱਚ ਆਪਣੇ ਮਰੇ ਹੋਏ ਵਿਚਾਰਾਂ ਅਤੇ ਝੂਠ ਨਾਲ ਦਫਨ ਜਾਂ ਸਵਾਹ ਹੋ ਜਾਣਗੇ। ਸੰਪਾਦਕੀ ਦਾ ਸੱਚਾ ਧਰਮ ਨਿਭਾਉਣ ਵਾਲੇ ਛੋਟੇ ਘੇਰੇ ਦੇ ਸੰਪਾਦਕ ਜੋ ਲੋਕ ਪੱਖੀ ਸਮਾਜ ਪੱਖੀ ਲਿਖਤਾਂ ਦੀ ਪੁਸਤ ਪਨਾਹੀ ਕਰਦੇ ਹਨ ਲੰਬਾਂ ਸਮਾਂ ਯਾਦ ਕੀਤੇ ਜਾਂਦੇ ਹਨ। ਇੱਕ ਆਮ ਸੱਥ ਵਿੱਚ ਸੱਚੀ ਗੱਲ ਕਹਿਣ ਵਾਲਾ ਸੰਪਾਦਕ ਵਰਗਾ ਕੋਈ ਪਾਟੇ ਕੱਪੜਿਆਂ ਵਾਲਾ ਵੀ ਲੰਬਾ ਸਮਾਂ ਲੋਕਾਂ ਦੀ ਜ਼ਬਾਨ ਤੇ ਰਹਿ ਜਾਂਦਾ ਹੈ। ਰਾਜਸੱਤਾ ਅਤੇ ਲੁਟੇਰੀ ਜਮਾਤ ਦੇ ਦਲਾਲ ਜਦ ਅਸੀਂ ਅੱਜ ਦੇ ਬਹੁਤੇ ਸੰਪਾਦਕਾਂ ਦੀ ਮਹਾਨਤਾ ਬਾਰੇ ਜਦ ਸੁਣਦੇ ਹਾਂ ਅਤੇ ਜਦ ਉਹਨਾਂ ਦੀ ਪੜਚੋਲ ਕਰਦੇ ਹਾਂ ਤਦ ਪਤਾ ਲੱਗਦਾ ਹੈ ਕਿ ਕੋਈ ਵਿਰਲਾ ਸੰਪਾਦਕ ਹੀ ਹੈ, ਜਿਸਨੇ ਲਿਖਤਾਂ ਨੂੰ ਪਹਿਲ ਦਿੱਤੀ ਹੋਵੇ। ਅੱਜ ਕੱਲ ਦੇ ਬਹੁਤੇ ਸੰਪਾਦਕ ਲਿਖਤਾਂ ਦੀ ਥਾਂ ਲੇਖਕ ਨੂੰ ਛਾਪਦੇ ਹਨ। ਜਿਸ ਲੇਖਕ ਦਾ ਨਾ ਹੋਵੇ ਉਸਦੀ ਬੇਕਾਰ ਲਿਖਤ ਵੀ ਛਾਪ ਦਿੱਤੀ ਜਾਂਦੀ ਹੈ, ਪਰ ਜੇ ਲੇਖਕ ਨਵਾਂ ਹੋਵੇ ਜਾਂ ਪਛਾਣ ਰਹਿਤ ਹੋਵੇ ਉਸਦੀ ਲਿਖਤ ਵਧੀਆ ਵੀ ਹੋਵੇ ਨੂੰ ਥਾਂ ਨਾ ਦੇਕੇ ਸੰਪਾਦਕੀ ਧਰਮ ਦੀ ਉਲੰਘਣਾ ਕਰਦੇ ਹਨ। ਪੰਜਾਬ ਨੂੰ ਅਧਾਰ ਬਣਾਕਿ ਹੀ ਜੇ ਵਿਸ਼ਲੇਸ਼ਣ ਕਰੀਏ ਤਦ ਇਹੋ ਜਿਹੇ ਸੰਪਾਦਕ ਵੀ ਮਿਲ ਜਾਂਦੇ ਹਨ, ਜੋ ਇੱਕ ਦੋ ਲਿਖਤ ਛਾਪਣ ਤੋਂ ਬਾਅਦ ਲੇਖਕ ਤੋਂ ਹੀ ਪਾਰਟੀ ਜਾਂ ਪੈਸੇ ਤੱਕ ਦੀ ਵੀ ਆਸ ਕਰਦੇ ਹਨ। ਕਈ ਵਾਰ ਨਵੇਂ ਲੇਖਕ ਦੀ ਲਿਖਤਾਂ ਵਧੀਆ ਹੁੰਦੀਆਂ ਹਨ ਅਤੇ ਪਾਠਕ ਵੀ ਮੰਗ ਕਰਦੇ ਹਨ, ਪਰ ਸੰਪਾਦਕ ਸਾਹਿਬ ਬਲੈਕ ਮੇਲਿੰਗ ਤੋਂ ਬਾਜ਼ ਨਹੀਂ ਆਉਂਦੇ । ਕੁਝ ਵੱਡੇ ਅਖਬਾਰਾਂ ਦੇ ਸੰਪਾਦਕ ਜੋ ਆਮ ਤੌਰ ’ਤੇ ਸਾਝੀ ਮਾਲਕੀ ਵਾਲੇ ਟਰੱਸਟਾਂ ਦੁਆਰਾ ਚਲਾਏ ਜਾਂਦੇ ਹਨ । ਅਖਬਾਰ ਵਿੱਚ ਆਪਣੇ ਵਿਸ਼ੇਸ਼ ਮਿੱਤਰ ਘੇਰੇ ਵਾਲੇ ਲੇਖਕਾਂ ਨੂੰ ਛਾਪਣਾ ਹੀ ਸੰਪਾਦਕੀ ਧਰਮ ਸਮਝਦੇ ਹਨ। ਇਹੋ ਜਿਹੀਆਂ ਨੀਤੀਆਂ ਨੇ ਪੰਜਾਬੀ ਅਖਬਾਰਾਂ ਨੂੰ ਪਿੱਛੇ ਧੱਕ ਰੱਖਿਆ ਹੈ। ਜਿਸ ਦਿਨ ਪੰਜਾਬੀ ਅਖਬਾਰ ਲੇਖਕ ਦੀ ਥਾਂ ਵਧੀਆ ਲਿਖਤਾਂ ਨੂੰ ਪਹਿਲ ਦੇਣ ਲੱਗ ਪਏ, ਪੰਜਾਬੀ ਅਖਬਾਰਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਅੱਜ ਦੇ ਹਰ ਸੰਪਾਦਕ ਲਈ ਗੁਰੂਆਂ ਦੀ ਨੀਤੀ ਚਾਨਣ ਮੁਨਾਰਾ ਹੈ। ਜਦ ਵੀ ਕੋਈ ਗੁਰੂਆਂ ਦੀ ਨੀਤੀ ਵਾਲੀ ਸੰਪਾਦਕੀ ਕਰੇਗਾ ਕਦੀ ਵੀ ਅਸਫਲ ਨਹੀਂ ਹੋ ਸਕਦਾ। ਸੰਪਾਦਕ ਦੀ ਪਦਵੀ ਬਹੁਤ ਉੱਚੀ ਅਤੇ ਜ਼ੁੰਮੇਵਾਰੀ ਵਾਲੀ ਹੁੰਦੀ ਹੈ, ਜੋ ਸੰਪਾਦਕ ਇਸ ਗੱਲ ਨੂੰ ਸਮਝ ਜਾਂਦਾ ਹੈ, ਉਹ ਹੀ ਅਸਲ ਸੰਪਾਦਕ ਕਹਾਉਣ ਦਾ ਹੱਕਦਾਰ ਹੈ, ਨਹੀਂ ਤਾਂ ਗੁਲਾਮਾਂ ਦੀ ਮੰਡੀ ਦੇ ਵਿੱਚ ਮਰੀਆਂ ਜ਼ਮੀਰਾਂ ਦੀ ਕੋਈ ਕਮੀ ਨਹੀਂ ਹੈ। ਸੰਪਰਕ: +91 94177 27245