ਬਿਹਾਰ ਵਿਧਾਨ ਸਭਾ ਚੋਣਾ ਦੇ ਮਾਮਲੇ ਵਿਚ ਭਾਜਪਾ ਦੀ ਸਥਿਤੀ - ਹਰਜਿੰਦਰ ਸਿੰਘ ਗੁਲਪੁਰ
Posted on:- 30-05-2015
ਚਾਣਕੀਆ ਨੀਤੀ ਅਨੁਸਾਰ ਰਾਜਨੀਤੀ ਵਿੱਚ ਜੋ ਕਿਹਾ ਜਾਂਦਾ ਹੈ, ਉਹ ਕੀਤਾ ਨਹੀਂ ਜਾਂਦਾ ਤੇ ਜੋ ਕੀਤਾ ਜਾਂਦਾ ਹੈ, ਉਹ ਕਿਹਾ ਨਹੀਂ ਜਾਂਦਾ।ਇਸੇ ਨੀਤੀ 'ਤੇ ਚਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇੱਕ ਸਾਲ ਦੀਆਂ ਆਪਣੀਆਂ ਪ੍ਰਾਪਤੀਆਂ ਦੇਸ਼ ਸਾਹਮਣੇ ਪੇਸ਼ ਕਰਨ ਲਈ ਕੀਤੀਆਂ ਜਾ ਰਹੀਆਂ 200 ਰੈਲੀਆਂ ਅਤੇ 500 ਜਨਸਭਾਵਾਂ ਦੀ ਆੜ ਹੇਠ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਆਰੰਭ ਕੀਤੀ ਜਾ ਰਹੀ ਹੈ, ਕਿਉਂਕਿ ਇਸ ਚੋਣ ਦੀ ਜਿੱਤ ਹਾਰ ਉੱਤੇ ਭਾਜਪਾ ਦਾ ਰੌਸ਼ਨ ਭਵਿੱਖ ਨਿਰਭਰ ਕਰਦਾ ਹੈ ।ਜਿਥੇ ਇੱਕ ਪਾਸੇ ਬਿਹਾਰ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਜਪਾ ਅੰਦਰ ਗਹਿਰ ਗੰਭੀਰ ਚਿੰਤਨ ਮੰਥਨ ਚੱਲ ਰਿਹਾ ਹੈ, ਉਥੇ ਦੂਜੀ ਤਰਫ਼ ਉਹ ਉਸੇ ਆਮ ਆਦਮੀ ਪਾਰਟੀ ਨਾਲ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਉਲਝਦੀ ਜਾ ਰਹੀ ਹੈ, ਜਿਸ ਨੇ ਉਸ ਦਾ ਦੇਸ਼ ਭਰ ਵਿਚ ਇੱਕ ਛਤਰ ਰਾਜ ਕਰਨ ਦਾ ਸੁਪਨਾ ਚਕਨਾ ਚੂਰ ਕਰ ਦਿੱਤਾ ਸੀ।
ਮੌਜੂਦਾ ਵਿਵਾਦ ਦੇ ਚਲਦਿਆਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਇੱਕ ਵਾਰ ਫੇਰ ਬੈਕ ਫੁੱਟ ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ।ਦਿੱਲੀ ਵਿਧਾਨ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਭਾਜਪਾ ਉਸ ਸਮੇਂ ਬਿਹਾਰ ਵਿਧਾਨ ਸਭਾ ਦੀ ਚੋਣ ਲੜਨ ਜਾ ਰਹੀ ਹੈ, ਜਦੋਂ ਅਛੇ ਦਿਨ ਆਉਣ ਵਾਲੇ ਨਾਅਰੇ ਦੀ ਕਲਈ ਪੂਰੀ ਤਰ੍ਹਾਂ ਲਹਿ ਚੁੱਕੀ ਹੈ।ਜੇਕਰ ਭਾਜਪਾ ਨੂੰ ਬਿਹਾਰ ਚੋਣਾਂ ਅੰਦਰ ਬਹੁਮਤ ਨਹੀਂ ਮਿਲਦਾ ਤਾਂ ਇਸ ਦਾ ਸਿਧਾ ਅਸਰ ਮੋਦੀ ਦੇ ਵਿਅਕਤੀਗਤ ਅਕਸ ਉੱਤੇ ਪਵੇਗਾ, ਜਿਸ ਵਾਰੇ ਭਾਜਪਾ ਪੂਰੀ ਤਰ੍ਹਾਂ ਸੁਚੇਤ ਹੈ।ਇਹੀ ਕਾਰਨ ਹੈ ਕਿ ਇਸ ਚੋਣ ਦੀ ਕਮਾਨ ਸੰਘ ਦੇ ਦੱਤਾ ਤਰੇਅ ਵਰਗੇ ਸੀਨੀਅਰ ਕਾਰਜਕਰਤਾਵਾਂ ਵੱਲੋਂ ਸੰਭਾਲੀ ਜਾ ਰਹੀ ਹੈ ।
ਇਹਨਾਂ ਚੋਣਾਂ ਵਿਚ ਜਿੱਤ ਦਰਜ ਕਰਾਉਣ ਲਈ ਭਾਜਪਾ ਅੱਗੇ ਅਨੇਕ ਰੁਕਾਵਟਾਂ ਹਨ,ਜਿਹਨਾਂ ਨੂੰ ਪਾਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ।ਜਿਥੇ ਭਾਜਪਾ ਨੂੰ ਸਭ ਤੋਂ ਵੱਡੀ ਘਾਟ ਚੋਣ ਪ੍ਰਚਾਰ ਦੌਰਾਨ ਪਾਰਟੀ ਨੂੰ ਅਗਵਾਈ ਦੇਣ ਵਾਲੇ ਆਗੂ ਦੀ ਰੜਕਦੀ ਹੈ, ਉਥੇ ਉਸ ਵਾਸਤੇ ਸਮਾਜਿਕ ਅਤੇ ਜਾਤੀਗਤ ਸਮੀਕਰਨਾਂ ਨੂੰ ਤਹਿ ਕਰਨਾ ਵੀ ਆਸਾਨ ਕੰਮ ਨਹੀਂ ਹੈ।ਦਿੱਲੀ ਅੰਦਰ ਮੋਦੀ ਸਰਕਾਰ ਵਲੋਂ ਆਮ ਆਦਮੀ ਪਾਰਟੀ ਨਾਲ ਜਾਣ ਬੁਝ ਕੇ ਸ਼ੁਰੂ ਕੀਤੇ ਗਏ ਵਿਵਾਦ ਨੇ ਬਿਹਾਰ ਚੋਣਾਂ ਦੇ ਭਵਸਾਗਰ ਨੂੰ ਪਾਰ ਕਰਨਾ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ।ਜਨ ਸਤਾ ਦੇ ਸੰਪਾਦਕ ਓਮ ਥਾਨਵੀ ਦਾ ਕਹਿਣਾ ਹੈ ਕਿ ਭਾਜਪਾ ਵਲੋਂ ਦਿੱਲੀ ਸਰਕਾਰ ਪ੍ਰਤੀ ਅਪਨਾਏ ਵਤੀਰੇ ਤੋਂ ਲਗਦਾ ਹੈ ਕਿ ਉਹ ਭਵਿੱਖ ਵਿਚ ਦਿੱਲੀ ਦੀ ਚੋਣ ਲੜਨ ਦਾ ਇਰਾਦਾ ਨਹੀਂ ਰਖਦੀ।ਇਸੇ ਤਰ੍ਹਾਂ ਪ੍ਰਸਿੱਧ ਪੱਤਰਕਾਰਰ ਅਭੈ ਦੂਬੇ ਨੇ ਐਨਡੀਟੀਵੀ ਨਾਲ ਗੱਲ ਕਰਦਿਆਂ ਭਾਜਪਾ ਨੂੰ ਆਗਾਹ ਕੀਤਾ ਹੈ ਕਿ ਰਾਜਾਂ ਨੂੰ ਵਧ ਅਧਿਕਾਰਾਂ ਦੇ ਮਾਮਲੇ ਤੇ ਭਾਜਪਾ ਖਿਲਾਫ਼ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਗੋਲ ਬੰਦੀ ਹੋ ਸਕਦੀ ਹੈ।ਇਸ ਸਮੇਂ ਭਾਜਪਾ ਰਾਜ ਅਤੇ ਕੇਂਦਰ ਵਿਚ ਅੰਦਰੂਨੀ ਕਸ਼ਮਕਸ਼ ਦਾ ਸ਼ਿਕਾਰ ਹੈ, ਜਿਸ ਦੇ ਅੱਗੇ ਜਾ ਕੇ ਹੋਰ ਵਧਣ ਦੇ ਅਸਾਰ ਹਨ। ਇਸੇ ਅੰਦਰੂਨੀ ਖਿਚੋਤਾਣ ਸਦਕਾ ਉਸ ਨੂੰ ਆਗਾਮੀ ਚੋਣ ਮੁਹਿੰਮ ਦੀ ਅਗਵਾਈ ਕਰਨ ਦੇ ਮਾਮਲੇ ਵਿਚ ਦਿੱਕਤ ਹੋ ਰਹੀ ਹੈ ।ਹਾਲ ਹੀ ਵਿਚ ਬਿਹਾਰ ਦੇ ਵਰਤ ਇਕਹੇ ਹੋਈ ਭਾਜਪਾ ਰੈਲੀ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਚੋਣ ਮੁਹਿੰਮ ਦੀ ਅਗਵਾਈ ਦੇ ਮਾਮਲੇ ਚ ਕੋਈ ਸੰਕੇਤ ਨਹੀਂ ਦਿੱਤਾ ।ਬੱਸ ਜੈ ਜੈ ਬਿਹਾਰ ਭਾਜਪਾ ਸਰਕਾਰ ਦਾ ਨਾਅਰਾ ਕਾਰਜਕਰਤਾਵਾਂ ਤੋਂ ਲੁਆ ਕੇ ਵਾਪਸ ਪਰਤ ਗਏ ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਕਤ ਰਾਜ ਅੰਦਰ ਭਾਜਪਾ ਕੋਲ ਪਹਿਲੇ ਨੰਬਰ ਦਾ ਆਗੂ ਸੁਸੀਲ ਮੋਦੀ ਹੈ, ਪਰ ਉਸ ਦਾ ਕੱਦ ਬੁੱਤ ਅਜਿਹਾ ਨਹੀਂ ਹੈ ਕਿ ਉਹ ਭਾਜਪਾ ਦੀ ਪੱਕੀ ਵੋਟ ਤੋਂ ਇਲਾਵਾ ਵੱਖ ਵੱਖ ਵਰਗਾਂ ਦੀ ਵੋਟ ਨੂੰ ਪ੍ਰਭਾਵਿਤ ਕਰ ਸਕਦਾ ਹੋਵੇ।ਇਸ ਤੋਂ ਇਲਾਵਾ ਉਸ ਦਾ ਸਬੰਧ ਵੈਸ਼ ਸਮਾਜ ਨਾਲ ਹੈ।ਜਿਥੇ ਨਰਿੰਦਰ ਮੋਦੀ ਦਾ ਸਬੰਧ ਵੈਸ਼ ਸਮਜ ਨਾਲ ਹੈ ਉਥੇ ਬਿਹਾਰ ਦੇ ਗੁਅਂਢੀ ਰਾਜ ਝਾੜਖੰਡ ਦਾ ਮੁੱਖ ਮੰਤਰੀ ਰਘੂਦਰ ਦਸ ਵੀ ਇਸੇ ਸਮਾਜ ਵਿਚੋਂ ਹੈ। ਇਸ ਲਈ ਬਿਹਾਰ ਵਿਚ ਵੀ ਇਸੇ ਸਮਾਜ ਨਾਲ ਸਬੰਧਿਤ ਆਗੂ ਦੇ ਹਥ ਵਿਚ ਚੋਣ ਮੁਹਿੰਮ ਦੀ ਕਮਾਨ ਦੇਣ ਦਾ ਪ੍ਰਯੋਗ ਕਰਨਾ ਸੰਦੇਹ ਪੂਰਨ ਹੈ।ਇਸ ਤੋਂ ਇਲਾਵਾ ਸੁਸ਼ੀਲ ਮੋਦੀ ਨਾਲ ਨਤੀਸ਼ ਭਾਰਦਵਾਜ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਤੋਂ ਬੇਹਤਰ ਉਮੀਦਵਾਰ ਦਸਣ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ।ਭਾਜਪਾ ਦੇ ਹੀ ਅੰਦਰੂਨੀ ਸੂਤਰ੍ਹਾਂ ਅਨੁਸਾਰ ਸੁਸ਼ੀਲ ਮੋਦੀ ਨੂੰ ਅੱਗੇ ਕਰਨ ਨਾਲ ਰਾਜ ਇਕਾਈ ਅੰਦਰਲੇ ਦੋ ਖੇਮੇ ਖੁੱਲ ਕੇ ਉਸ ਦੇ ਖਿਲਾਫ਼ ਸਾਹਮਣੇ ਆ ਸਕਦੇ ਹਨ।ਇਹਨਾਂ ਚ ਪਹਿਲਾ ਖੇਮਾ ਅਸ਼ਵਨੀ ਚੌਬੇ ਅਤੇ ਗਿਰੀ ਰਾਜ ਜਿਹੇ ਨੇਤਾਵਾਂ ਦਾ ਹੈ ਅਤੇ ਦੂਸਰਾ ਖੇਮਾ ਹੈ ਰਾਜ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਨੰਦ ਕਿਸ਼ੋਰ ਯਾਦਵ ਦਾ। ਸੁਸ਼ੀਲ ਮੋਦੀ ਵਾਂਗ ਨੰਦ ਕਿਸ਼ੋਰ ਦੀਆਂ ਵੀ ਕੁਝ ਸੀਮਤਾਈਆਂ ਹਨ।ਉਸ ਦਾ ਅਕਸ ਵੀ ਰਾਜ ਪਧਰ ਤੇ ਅਪੀਲ ਕਰਨ ਵਾਲੇ ਨੇਤਾਵਾਂ ਵਾਲਾ ਨਹੀਂ ਹੈ।ਇਹਨਾਂ ਦੋ ਨੇਤਾਵਾਂ ਤੋਂ ਬਿਨਾਂ ਬਿਹਾਰ ਦੇ ਅਨੇਕਾਂ ਭਾਜਪਾਈ ਨੇਤਾ ਹਨ ਜਿਹਨਾ ਦੇ ਮਨ ਵਿਚ ਮੁਖ ਮੰਤਰੀ ਬਣਨ ਦਾ ਖਿਆਲ ਘਰ ਕਰੀ ਬੈਠਾ ਹੈ।ਇਹਨਾ ਵਿਚ ਸ਼ਾਹ ਨਵਾਜ ਖਾਨ।ਸ਼ਤਰੂਘਣ ਸਿਨਹਾ ਅਤੇ ਕੇਂਦਰੀ ਮੰਤਰੀ ਰਵੀ ਪ੍ਰਸ਼ਾਦ ਵਰਗੇ ਨੇਤਾ ਸ਼ਾਮਿਲ ਹਨ।ਇਸ ਵਰਤਾਰੇ ਦੀ ਰੌਸ਼ਨੀ ਵਿਚ ਜੇਕਰ ਸੁਸ਼ੀਲ ਮੋਦੀ ਜਾ ਨੰਦ ਕਿਸ਼ੋਰ ਵਿਚੋਂ ਕਿਸੇ ਇੱਕ ਆਗੂ ਨੂੰ ਅੱਗੇ ਕੀਤਾ ਜਾਂਦਾ ਹੈ ਤਾਂ ਖੁੱਲੇ ਆਮ ਲੜਾਈ ਦਾ ਹੋਣਾ ਤਹਿ ਹੈ ਇਸ ਹਾਲਤ ਵਿਚ ਲਗਣ ਵਾਲੇ ਅੰਦਰੂਨੀ ਖੋਰੇ ਨੂੰ ਕਿਸੇ ਹਾਲਤ ਵਿਚ ਵੀ ਰੋਕਿਆ ਨਹੀਂ ਜਾ ਸਕੇਗਾ।ਬਿਹਾਰ ਇਕਾਈ ਦੇ ਨੇਤਾਵਾਂ ਦੇ ਮਨ ਭੇਦ ਨੂੰ ਭਾਜਪਾ ਦਾ ਹਰ ਕਾਰਜ ਕਰਤਾ ਜਾਣਦਾ ਹੈ।ਚੋਣ ਮੁਹਿੰਮ ਦੀ ਅਗਵਾਈ ਕਰਨ ਦੇ ਮਾਮਲੇ ਵਿਚ ਇੱਕ ਮੱਤ ਨਾ ਹੋਣ ਕਾਰਨ ਭਾਜਪਾ ਦੇ ਇੱਕ ਮਹਤਵਪੂਰਣ ਗੁੱਟ ਦਾ ਮੰਨਣਾ ਹੈ ਕਿ ਬਿਹਾਰ ਵਿਧਾਨ ਸਭਾ ਦੀ ਚੋਣ ਮਹਾਂ ਰਾਸ਼ਟਰ ਅਤੇ ਹਰਿਆਣਾ ਦੀ ਤਰਜ ਤੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜੀ ਜਾਵੇ ਅਤੇ ਆਗੂ ਦਾ ਫੈਸਲਾ ਚੋਣ ਜਿੱਤਣ ਉਪਰੰਤ ਕਰ ਲਿਆ ਜਾਵੇ। ਬਿਹਾਰ ਦੇ ਪ੍ਰਸੰਗ ਵਿਚ ਇਹ ਪ੍ਰਯੋਗ ਅਸਾਨ ਨਹੀਂ ਹੋਵੇਗਾ ਕਿਓੰ ਕਿ ਲਾਲੂ ਪ੍ਰਸ਼ਾਦ ਯਾਦਵ ਅਤੇ ਨਤੀਸ਼ ਕੁਮਾਰ ਭਾਰਦਵਾਜ ਦੇ ਇੱਕ ਸਾਥ ਆ ਜਾਣ ਨਾਲ ਇਹ ਤਹਿ ਹੈ ਕਿ ਇਹ ਚੋਣਾਂ ਜਾਤੀਗਤ ਅਧਾਰ ਤੇ ਲੜੀਆਂ ਜਾਣਗੀਆਂ ਭਾਵੇ ਮੁੱਦਾ ਸਮਾਜਿਕ ਨਿਆਂ ਅਤੇ ਰਾਜ ਦੇ ਵਿਕਾਸ ਦਾ ਹੀ ਅੱਗੇ ਰਖਿਆ ਜਾਵੇਗਾ।ਇਸ ਹਾਲਤ ਵਿਚ ਜਾਤੀਗਤ ਗੋਲਬੰਦੀ ਮਜਬੂਤ ਏਜੰਡੇ ਨਾਲ ਨਾਲ ਇੱਕ ਮਜਬੂਤ ਨੇਤਾ ਦੇ ਹਰ ਵਕਤ ਉਪਸਥਿਤ ਰਹਿਣ ਤੇ ਹੀ ਹੋਵੇਗੀ।ਹਾਲਾਂ ਕਿ ਪ੍ਰਸਿੱਧ ਪੱਤਰਕਾਰਰ ਅਜੈ ਕੁਮਾਰ ਦਾ ਕਹਿਣਾ ਹੈ ਕਿ ਲੜਾਈ ਏਜੰਡੇ ਤੇ ਹੋਵੇਗੀ, ਜਿਸ ਵਿਚ ਭਾਜਪਾ ਪਛੜ ਜਾਵੇਗੀ।ਇਸੇ ਤਰ੍ਹਾਂ ਰਾਜਨੀਤਕ ਵਿਸ਼ਲੇਸ਼ਕ ਪ੍ਰੇਮ ਕੁਮਾਰ ਮਣੀ ਦਾ ਕਹਿਣਾ ਹੈ ਕਿ ਭਾਜਪਾ ਦਾ ਗਰਾਫ਼ ਡਿਗਿਆ ਹੋਇਆ ਹੈ। ਲਾਲੂ ਅਤੇ ਨਤੀਸ਼ ਇੱਕ ਹੋ ਗਏ ਹਨ ਲੇਕਿਨ ਜੇਕਰ ਜੀਤਨ ਰਾਮ ਮਾੰਝੀ ਦੀ ਦੋਹਾਂ ਨੇਤਾਵਾਂ ਤੋਂ ਦੂਰੀ ਅਖੀਰ ਤੱਕ ਬਣੀ ਰਹਿੰਦੀ ਹੈ ਤਾਂ ਇਹ ਭਾਜਪਾ ਲਈ ਸ਼ੁਭ ਸ਼ਗਨ ਹੋ ਸਕਦਾ ਹੈ।ਭਾਜਪਾ ਦੀ ਰਣਨੀਤੀ ਹੈ ਕਿ ਲੜਾਈ ਤਿੰਨ ਧਰੁਵੀ ਬਣੇ।ਇੱਕ ਧਰੁਵ ਤੇ ਲਾਲੂ ਨਤੀਸ਼ ਗਠਜੋੜ, ਦੂਜੇ ਤੇ ਭਾਜਪਾ ਅਤੇ ਤੀਜੇ ਤੇ ਜੀਤਨ ਰਾਮ ਮਾੰਝੀ ਨਾਲ ਤਮਾਮ ਵਿਧਰੋਹੀਆਂ ਦਾ ਖੇਮਾ ਹੋਵੇ।ਇਹੀ ਕਾਰਨ ਹੈ ਕਿ ਜੀਤਨ ਰਾਮ ਮਾੰਝੀ ਵਲੋਂ ਭਾਜਪਾ ਦੇ ਪਖ ਵਿਚ ਖੜਨ ਦੇ ਐਲਾਨਾਂ ਦਾ ਭਾਜਪਾ ਕੋਈ ਹੁੰਗਾਰਾ ਨਹੀਂ ਭਰ ਰਹੀ।ਭਾਜਪਾ ਸਮਝਦੀ ਹੈ ਕਿ ਜੀਤਨ ਰਾਮ ਮਾੰਝੀ ਨਾਲ ਕੀਤਾ ਗਠਜੋੜ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਉਹ ਚਾਹੁੰਦੀ ਹੈ ਕਿ ਮਾਂਝੀ ਭਾਜਪਾ ਦੀ 'ਗੁਪਤ ਸਹਾਇਤਾ' ਨਾਲ ਵਖਰੇ ਤੌਰ ਤੇ ਚੋਣ ਲੜੇ।ਭਾਜਪਾ ਜਿਥੇ ਸਵਰਨ ਅਤੇ ਵੈਸ਼ ਸਮਾਜ ਦੀਆਂ ਵੋਟਾਂ ਨੂੰ ਆਪਣੀ ਝੋਲੀ ਵਿਚ ਸਮਝਦੀ ਹੈ, ਉਥੇ ਉਹ ਉਪੇਂਦਰ ਕੁਸ਼ਵਾਹਾ ਅਤੇ ਰਾਮ ਵਿਲਾਸ ਦੇ ਜਰੀਏ ਪਾਸਵਾਨ ਅਤੇ ਕੁਸ਼ਵਾਹਾ ਵੋਟਾਂ ਉੱਤੇ ਵੀ ਅਖ ਰਖ ਰਹੀ ਹੈ।ਇਹ ਵਖਰੀ ਗੱਲ ਹੈ ਕਿ ਉਪੇੰਦਰ ਕੁਸ਼ਵਾਹਾ ਦੀ ਪਾਰਟੀ 'ਰਾਲੋਸਪਾ'ਅਤੇ ਪਾਸਵਾਨ ਦੀ ਪਾਰਟੀ 'ਲੋਜਪਾ' ਵਲੋਂ ਕਰਮਵਾਰ ਉਪੇਂਦਰ ਕੁਸ਼ਵਾਹਾ ਅਤੇ ਚਿਰਾਗ ਪਾਸਵਾਨ ਨੂੰ ਭਾਵੀ ਮੁਖ ਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਵਧ ਸੀਟਾਂ ਦੇ ਰੂਪ ਵਿਚ ਵਧ ਕੀਮਤ ਵਸੂਲ ਕੀਤੀ ਜਾ ਸਕੇ। ।ਜਾਤੀਗਤ ਗੋਲਬੰਦੀ ਨੂੰ ਲੈ ਕੇ ਭਾਜਪਾ ਦੇ ਸਾਹਮਣੇ ਤਿੰਨ ਨਿਸ਼ਾਨੇ ਹਨ।ਪਹਿਲਾ ਮਹਾਂਦਲਿਤਾਂ ਦੇ ਵੋਟ ਬੈੰਕ ਨੂੰ ਨਤੀਸ਼ ਲਾਲੂ ਦੇ ਪਾਲੇ ਚ ਜਾਣ ਤੋਂ ਰੋਕਣਾ।ਦੂਜਾ ਮੁਸਲਮਾਨ ਵੋਟ ,ਜੋ ਇਸ ਵਾਰ ਇੱਕ ਪਾਸੜ ਤੌਰ ਤੇ ਲਾਲੂ ਨਤੀਸ਼ ਦੇ ਖਾਤੇ ਵਿਚ ਜਾਣ ਦੀ ਸੰਭਾਵਨਾ ਹੈ ਵਿਚ ਕਾਟ ਮਾਰਨੀ ,ਤੀਜਾ ਯਾਦਵ ਵੋਟਾਂ ਨੂੰ ਇੱਕ ਤਰਫ਼ ਜਾਣ ਤੋਂ ਰੋਕਣਾ।ਭਾਜਪਾ ਇਸ ਲਈ ਆਪਣੇ ਵਲੋਂ ਤਿਆਰੀ ਕਰ ਰਹੀ ਹੈ।ਮੁਸਲਮਾਨ ਵੋਟਾਂ ਵੰਡਣ ਲਈ ਉਹ ਸਾਬਰ ਅਲੀ ਜਿਹੇ ਨੇਤਾਵਾਂ ਨੂੰ ਅੱਗੇ ਕਰਕੇ ਇੱਕ ਨਵੀਂ ਪਾਰਟੀ ਬਣਾਉਣਾ ਚਾਹੁੰਦੀ ਹੈ।ਇਸੇ ਤਰ੍ਹਾਂ ਯਾਦਵ ਵੋਟਾਂ ਨੂੰ ਵੰਡਣ ਲਈ ਭਾਜਪਾ ਨੰਦ ਕਿਸ਼ੋਰ ਯਾਦਵ , ਰਾਮ ਕਿਰਪਾਲ ਯਾਦਵ ਅਤੇ ਪੱਪੂ ਯਾਦਵ ਵਿਚੋਂ ਸੰਭਾਵਨਾਵਾਂ ਤਲਾਸ਼ ਰਹੀ ਹੈ।ਮਹਾਂ ਦਲਿਤਾਂ ਦੀ ਵੋਟ ਸਾਂਭਣ ਲਈ ਉਸ ਦੀ ਟੇਕ ਜੀਤਨ ਰਾਮ ਮਾੰਝੀ ਤੇ ਹੈ।ਇਹਨਾਂ ਤਿੰਨਾਂ ਯੋਜਨਾਵਾਂ ਚੋ ਕੋਈ ਵੀ ਯੋਜਨਾ ਅਜਿਹੀ ਨਹੀਂ ਹੈ ਜਿਸ ਉੱਤੇ ਆਖਰੀ ਵਕਤ ਤੱਕ ਭਰੋਸਾ ਕੀਤਾ ਜਾ ਸਕ।ਜੀਤਨ ਰਾਮ ਮਾੰਝੀ ਇਹ ਅਖ ਕੇ ਭਾਜਪਾ ਦੀਆਂ ਧੜਕਨਾਂ ਤੇਜ ਕਰ ਦਿੰਦਾ ਹੈ ਕਿ ਜੇਕਰ ਉਸ ਦੀ ਅਗਵਾਈ ਕਬੂਲ ਕਰ ਲਈ ਜਾਵੇ ਤਾਂ ਉਹ ਲਾਲੂ ਯਾਦਵ ਨਾਲ ਵੀ ਜਾ ਸਕਦਾ ਹੈ।ਭਾਵੇਂ ਇਹ ਚੋਣ ਜਾਤੀਗਤ ਗੋਲਬੰਦੀ ਅਧਾਰਿਤ ਹੋਣੀ ਲਗਭਗ ਨਿਸਚਿਤ ਹੈ, ਪਰ ਫੇਰ ਵੀ ਸਮਾਜਿਕ ਨਿਆਂ ਅਤੇ ਵਿਕਾਸ ਦੇ ਮੁੱਦੇ ਵੀ ਨਾਲ ਦੀ ਨਾਲ ਭਾਰੂ ਰਹਿਣਗੇ।ਇਸ ਤੋਂ ਇਲਾਵਾ ਕੇਜਰੀਵਾਲ ਫੈਕਟਰ ਦੇ ਵੀ ਇਹਨਾਂ ਚੋਣਾਂ ਤੇ ਅਸਰ ਅੰਦਾਜ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।ਕੇਂਦਰ ਵਲੋਂ ਦਿੱਲੀ ਸਰਕਾਰ ਨੂੰ ਜਲੀਲ ਕੀਤੇ ਜਾਣ ਦਾ ਵਿਰੋਧ ਆਮ ਆਦਮੀ ਪਾਰਟੀ ਬਿਹਾਰ ਅੰਦਰ ਦਰਜ ਕਰਵਾ ਸਕਦੀ ਹੈ ਸਕਦੀ ਹੈ ਕਿਓਂ ਕਿ ਦੁਖਦੀ ਰਗ ਤੇ ਹਥ ਰਖਣ ਵਿਚ ਕੇਜਰੀਵਾਲ ਨੂੰ ਕਾਫੀ ਮੁਹਾਰਤ ਹੈ ।ਲਾਲੂ ਯਾਦਵ ਅਜਿਹਾ ਨੇਤਾ ਹੈ ਜਿਸ ਨੂੰ ਸਮਾਜਿਕ ਨਿਆਂ ਦੀ ਰਾਜਨੀਤੀ ਸ਼ੁਰੂ ਕਰਨ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ।ਨਤੀਸ਼ ਦੇ ਸਾਥ ਆ ਜਾਣ ਨਾਲ ਸਮਾਜਿਕ ਨਿਆਂ ਦੇ ਨਾਲ ਵਿਕਾਸ ਅਤੇ ਚੰਗੇ ਪ੍ਰਸਾਸ਼ਨ ਦੀ ਧਾਰਨਾ ਜੁੜ ਕੇ ਨਵੇਂ ਬਣੇ ਇਸ ਗਠਜੋੜ ਨੂੰ ਹੋਰ ਮਜਬੂਤ ਕਰਦੀ ਹੈ।ਇਸ ਲਈ ਜਾਤੀਗਤ ਅਤੇ ਮੁੱਦਾ ਅਧਾਰਿਤ ਰਾਜਨੀਤੀ ਦੇ ਮਾਮਲੇ ਵਿਚ ਭਾਜਪਾ ਲਈ ਦੋਹਾਂ ਨੇਤਾਵਾਂ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ।ਸੰਪਰਕ: 0061 469 976214