ਇਟਲੀ ਵਿੱਚ ਨੌਜਵਾਨਾਂ ਦੀਆਂ ਹੋ ਰਹੀਆਂ ਬਹੁਤੀਆਂ ਮੌਤਾਂ ਦਾ ਕਾਰਨ ਖੁਦਕੁਸ਼ੀ -ਬਲਵਿੰਦਰ ਸਿੰਘ ਢਿੱਲੋ
Posted on:- 05-04-2015
ਮਰਨਾ ਕੋਈ ਖੇਡ ਨਹੀਂ, ਨਾ ਹੀ ਕੋਈ ਮਰਨਾ ਚਾਹੁੰਦਾ ਹੈ, ਇਕ ਕੀੜੀ ਵੀ ਆਪਣੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹੈ | ਫਿਰ ਕਿਵੇਂ ਇਕ ਇਨਸਾਨ ਆਤਮਹੱਤਿਆ ਕਰ ਲੈਂਦਾ ਹੈ, ਜਦ ਕਿ ਇਨਸਾਨ ਇਸ ਧਰਤੀ ਦਾ ਸਭ ਤੋਂ ਵੱਧ ਦਿਮਾਗ ਵਾਲਾ ਅਤੇ ਸਮਝਦਾਰ ਪ੍ਰਾਣੀ ਹੈ |ਪਰ ਇਟਲੀ ਵਿਚ ਆਏ ਦਿਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਬਹੁਤ ਹੀ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ, ਬਹੁਤੀਆਂ ਮੌਤਾਂ ਦਾ ਕਾਰਨ ਆਪਣੇ ਹੱਥੀਂ ਖੁਦਕੁਸ਼ੀ ਕਰਨ ਦਾ ਆ ਰਿਹਾ ਹੈ, ਜੋ ਕਿ ਬਹੁਤ ਕੁਝ ਸੋਚਣ ਲਈ ਮਜ਼ਬੂਰ ਕਰਦਾ ਹੈ। ਕਿਉਂਕਿ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਦੀ ਅਣਗਹਿਲੀ ਕਰਕੇ ਕ੍ਰਿਸਾਨੀ ਬਹੁਤ ਹੀ ਮਹਿੰਗੀ ਹੋ ਗਈ ਹੈ, ਖਾਦਾਂ-ਬੀਜਾਂ ਦੇ ਮੁੱਲ ਅਸਮਾਨੀ ਚੜ੍ਹ ਗਏ ਹਨ, ਤੇਲ- ਬਿਜਲੀ ਅਤਿ ਦੀ ਮਹਿੰਗੀ ਹੋ ਗਈ ਹੈ, ਲੀਡਰ ਤੇ ਅਖੌਤੀ ਬਾਬਿਆਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ। ਪੰਜਾਬ ਦੇ ਹਲਾਤਾ ਤੋ ਬਚਣ ਲਈ ਨੋਜਵਾਨ ਪੈਸਾ ਖਰਚ ਕੇ ਵਿਦੇਸ਼ਾਂ ਨੂੰ ਆ ਰਹੇ ਹਨ, ਜਿਸ ਵਿੱਚ ਇਟਲੀ ਪਹਿਲੇ ਨੰਬਰ ਤੇ ਹੈ ਪਰ ਇਟਲੀ ਪਹੁੰਚ ਕੇ ਕਿਸੇ ਨੂੰ ਕੋਈ ਕੰਮ ਮਿਲ ਜਾਵੇ ਇਹ ਹਰੇਕ ਦੀ ਕਿਸਮਤ ਵਿਚ ਨਹੀਂ , ਅੱਜਕਲ੍ਹ ਪੂਰੀ ਦੁਨੀਆਂ ਦੇ ਮੁਲਕਾਂ ਦੇ ਹਾਲਾਤ ਐਸੇ ਬਣੇ ਹੋਏ ਹਨ ਕਿ ਕੰਮ ਦਾ ਬਹੁਤ ਹੀ ਮਾੜਾ ਹਾਲ ਹੋਇਆ ਹੈ, ਤੇ ਇਸ ਦੀ ਮਾਰ ਇਟਲੀ ਦੇ ਲੋਕ ਵੀ ਝੱਲ ਰਹੇ ਹਨ। ਮੰਦੇ ਦੇ ਕਾਰਨ ਕਈ ਫੈਕਟਰੀਆਂ 'ਚ ਕੰਮ ਘੱਟਣ ਕਰਕੇ ਲੋਕਾਂ ਨੂੰ ਕੰਮਾਂ ਤੋਂ ਛੁੱਟੀ ਕਰਵਾਈ ਜਾ ਰਹੀ ਹੈ, ਤੇ ਖੇਤੀ ਦਾ ਕੰਮ ਕਰਨ ਵਾਲਿਆਂ ਨੂੰ 3-4 ਯੂਰੋ ਘੰਟੇ ਜਾਂ ਪਬਲੀਸਿਟੀ ਵਾਲੇ 20 ਜਾਂ 25 ਯੂਰੋ ਤੇ ਕੰਮ ਕਰਨਾ ਪੈ ਰਿਹਾ ਹੈ।
ਪਰ ਇਟਲੀ ਸਰਕਾਰ ਹਰ ਸਾਲ ਪੇਪਰ ਤੇ ਪੇਪਰ ਖੋਲ੍ਹੀ ਜਾ ਰਹੀ ਹੈ, ਵਿਦੇਸ਼ੀਆਂ ਦੇ ਇਟਲੀ ਆਉਣ ਨਾਲ ਇਟਲੀ ਸਰਕਾਰ ਨੂੰ ਜਾਂ ਲੋਕਾਂ ਨੂੰ ਸ਼ਾਇਦ ਇੰਨਾ ਫਰਕ ਨਹੀਂ ਪੈਂਦਾ, ਪਰ ਜੋ ਵਿਦੇਸ਼ੀ ਪੈਸੇ ਲਾ ਕੇ ਆਉਦਾ ਹੈ, ਕੰਮ ਨਾ ਮਿਲਣ ਕਰਕੇ ਉਸ ਵਿਦੇਸ਼ੀ ਲਈ ਫਿਰ ਸੋਚਣ ਤੋਂ ਸਿਵਾ ਹੋਰ ਕੁਝ ਨਹੀਂ ਬਚਦਾ, ਇਸ ਲਈ ਉਹ ਫਿਰ ਕੰਮ ਦੀ ਭਾਲ ਵਿਚ ਇਧਰ ਉਧਰ ਭਟਕਣ ਲੱਗ ਜਾਂਦਾ ਹੈ, ਕਿਉਂਕਿ ਜੇਕਰ ਕੰਮ ਨਾ ਮਿਲੇਗਾ ਤੇ ਉਹ ਇਥੇ ਖਾਏਗਾ ਕੀ ਤੇ ਇਥੇ ਰਹਿਣ ਲਈ ਘੱਟੋ ਘੱਟ ਆਮ ਖਰਚ 200 ਯੂਰੋ ਮਹੀਨੇ ਦਾ ਆਉਂਦਾ ਹੈ ਉਹ ਕਿਥੋਂ ਲਿਆ ਕੇ ਖਰਚੇਗਾ, ਜਿਸ ਨੂੰ ਤਾਂ ਚੰਗੀ ਕਿਸਮਤ ਨਾਲ ਕੋਈ ਕੰਮ ਲੱਭ ਗਿਆ ਉਸ ਲਈ ਤਾਂ ਇਟਲੀ ਕੋਈ ਮਾੜੀ ਨਹੀਂ ਪਰ 100 'ਚ ਕੋਈ 10 ਹੀ ਹੋਣਗੇ ਐਸੇ, ਨਹੀਂ ਤਾਂ 90 ਪ੍ਰਤੀਸ਼ਤ ਲੋਕ ਇਸ ਟਾਇਮ ਮੰਦੇ ਦੀ ਮਾਰ ਝੱਲ ਰਹੇ ਹਨ।
ਅਜਿਹੇ ਹਾਲਾਤ ਵਿਚ ਅਗਰ ਇੰਡੀਆ ਤੋਂ ਕਿਸੇ ਰਿਸ਼ਤੇਦਾਰ ਜਾਂ ਪਰਿਵਾਰ ਦਾ ਫੋਨ ਆ ਜਾਵੇ ਕਿ ਸਰਦਾਰ ਜੀ ਬੜੇ ਦਿਨ ਹੋ ਗਏ ਹਨ ਇਟਲੀ ਆਇਆਂ ਨੂੰ ਕੋਈ ਪੈਸਾ ਟਕਾ ਘਰ ਵੀ ਭੇਜ ਦਿਓ, ਤੇ ਸਰਦਾਰ ਜੀ ਨੂੰ ਇੰਡੀਆ ਨਾ ਤੇ ਖਾਣ ਦੀ ਚਿੰਤਾ ਹੁੰਦੀ ਸੀ ਤੇ ਨਾ ਹੀ ਕਮਰੇ ਦਾ ਕਿਰਾਇਆ ਜਾਂ ਰੋਟੀ ਪਾਣੀ ਦਾ ਖਰਚ ਦੇਣ ਦੀ ਚਿੰਤਾ ਸੀ, ਪਰ ਇਥੇ ਮਹੀਨੇ 'ਚ ਮਸਾਂ ਦਸ ਦਿਨ ਕੰਮ 'ਤੇ ਲੱਗਦੇ ਨੇ, ਤੇ ਉਨ੍ਹਾਂ ਪੈਸਿਆਂ ਦਾ ਤੇ ਇੰਡੀਆ ਫੋਨ ਹੀ ਕਰ ਦਿੰਦਾ ਹੈ, ਜਿਹੜੇ ਰਿਸ਼ਤੇਦਾਰਾਂ ਕੋਲੋਂ ਪੈਸੇ ਫੜ੍ਹ ਕੇ ਏਜੰਟਾਂ ਨੂੰ ਦਿੱਤੇ ਸਨ ਅਜਿਹੀਆਂ ਸੋਚਾਂ ਤੇ ਬੰਦੇ ਨੂੰ ਪਾਗਲ ਵੀ ਕਰ ਸਕਦੀਆਂ ਨੇ, ਤੇ ਕਈ ਨੌਜਵਾਨ ਅਜਿਹੀ ਹਾਲਤ ਵਿਚ ਨਸ਼ਿਆਂ ਵੱਲ ਨੂੰ ਮੂੰਹ ਕਰ ਲੈਂਦੇ ਹਨ ਤੇ ਉਹ ਸੋਚਦੇ ਨੇ ਕਿ ਨਸ਼ੇ ਦੇ ਲੋਰ 'ਚ ਬੰਦੇ ਨੂੰ ਫਿਕਰ ਘੱਟ ਲਗਦੇ ਹਨ ਪਰ ਇਹ ਨਹੀਂ ਸੋਚਦੇ ਕਿ ਇਹ ਨਸ਼ਾ ਬੰਦੇ ਨੂੰ ਅੰਦਰੋਂ ਅੰਦਰ ਕਮਜੋਰ ਇੰਨਾ ਕੁ ਕਰ ਦਿੰਦਾ ਹੈ ਕਿ ਥੋੜੀ ਜਿਹੀ ਵੀ ਗੱਲ ਬਰਦਾਸ਼ਤ ਤੋਂ ਬਾਹਰ ਲੱਗਦੀ ਹੈ। ਉਹ ਨੌਜਵਾਨ ਜਾਂ ਤੇ ਫਿਰ ਨਸ਼ਾ ਹੀ ਏਨਾ ਕੁ ਪੀਣ ਲੱਗ ਜਾਂਦਾ ਹੈ ਜਿਸ ਨਾਲ ਉਸ ਨੂੰ ਕਈ ਬਿਮਾਰੀਆਂ ਆ ਚਿੰਬੜਦੀਆਂ ਹਨ ਤੇ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਏ, ਤੇ ਅਗਰ ਉਸ ਨੂੰ ਕੋਈ ਮਾੜੀ ਜਿਹੀ ਵੀ ਚੋਭ ਲੱਗ ਜਾਵੇ, ਘਰੋਂ ਕੋਈ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਕੋਈ ਨੌਜਵਾਨੀ ਪਿਆਰ ਦੇ ਭੁਲੇਖੇ ਨਾਲ ਕਿਸੇ ਦੇ ਨਾਲ ਗੁਜਾਰੇ ਚਾਰ ਪਲਾਂ ਦੀ ਯਾਦ ਵਿਚ ਉਸ ਨੂੰ ਕੋਈ ਅਜਿਹੀ ਗੱਲ ਕਹਿ ਦੇਵੇ ਤਾਂ ਉਹ ਫਿਰ ਮਰਨ ਤੋਂ ਥੱਲੇ ਕੁਝ ਨਹੀਂ ਸੋਚਦਾ ਤੇ ਉਹ ਫਿਰ ਜਾਂ ਤੇ ਗੱਲ ਵਿਚ ਫਾਹਾ ਪਾ ਕੇ, ਜਾਂ ਚੱਲਦੀ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ, ਜਾਂ ਨਹਿਰ 'ਚ ਛਾਲ ਮਾਰ ਕੇ ਮਰਨ ਤੋਂ ਵੀ ਨਹੀਂ ਚੁਕਦਾ। ਕਈ ਵਾਰ ਦਿਲ ਦਿਮਾਗ ਤੇ ਕੋਈ ਅਜਿਹੀ ਸੱਟ ਜਾਂ ਪ੍ਰੇਸ਼ਾਨੀ ਵਧਣ ਕਰਕੇ ਵੀ ਦਿਲ ਦਿਮਾਗ 'ਤੇ ਏਨਾ ਬੋਝ ਪਾ ਲੈਂਦੇ ਹਨ ਕਿ ਉਹਨਾਂ ਨੂੰ ਮਰਨ ਤੋਂ ਇਲਾਵਾ ਹੋਰ ਕੋਈ ਰਸਤਾ ਸ਼ਾਇਦ ਸੁੱਝਦਾ ਹੀ ਨਹੀਂ, ਤੇ ਇਸੇ ਕਾਰਨ ਹੀ ਇਟਲੀ ਵਿਚ ਅਜਿਹੀਆਂ ਮੌਤਾਂ ਦੀ ਤਾਦਾਦ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ ਜੋ ਕਿ ਬਹੁਤ ਹੀ ਮਾੜਾ ਰੁਝਾਨ ਹੈ।
ਇਟਲੀ ਦੇ ਕਈ ਇਲਾਕਿਆਂ 'ਚ ਹੋਈਆਂ ਮੌਤਾਂ ਦਾ ਅਸਲ ਕਾਰਨ ਆਤਮ ਹੱਤਿਆ ਹੀ ਸਾਹਮਣੇ ਆਇਆ ਹੈ, ਮੇਰੀ ਉਨ੍ਹਾਂ ਨੌਜਵਾਨਾਂ ਨੂੰ ਬੇਨਤੀ ਹੈ ਮੌਤ ਕਿਸੇ ਵੀ ਮੁਸੀਬਤ ਦਾ ਹੱਲ ਨਹੀਂ ਹੈ, ਜੇਕਰ ਕੋਈ ਸਰੀਰਕ ਪ੍ਰੇਸ਼ਾਨੀ ਹੈ ਤਾਂ ਡਾਕਟਰ ਨੂੰ ਮਿਲੋ, ਤੇ ਜੇਕਰ ਕੰਮ ਨਾ ਮਿਲਣ ਦੀ ਵਜ੍ਹਾ ਹੈ ਤਾਂ ਗੁਰੂ ਮਹਾਰਾਜ ਅੱਗੇ ਦੋਵੇਂ ਵਕਤ ਅਰਦਾਸ ਕਰਿਆ ਕਰੋ, ਤੇ ਮਾਪਿਆਂ ਦੇ ਸਿਰ 'ਤੇ ਉਡਾਈ ਮੌਜ ਵਾਲੇ ਦਿਨ ਨਾ ਚੇਤੇ ਕਰਕੇ ਅੱਗੇ ਵਾਸਤੇ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਨਸ਼ਿਆਂ ਵਾਲੇ ਰਸਤੇ 'ਤੇ ਜਾਣ ਤੋਂ ਬਚੋ, ਕਿਉਂਕਿ ਜਦੋਂ ਨਸ਼ੇ ਦੇ ਲੋਰ 'ਚ ਹੁੰਦੇ ਹਾਂ ਤੇ ਫਿਰ ਚੰਗੇ-ਮੰਦੇ ਦੀ ਪਹਿਚਾਣ ਹੀ ਨਹੀਂ ਰਹਿੰਦੀ ਤੇ ਐਸੀਆਂ ਗੱਲਾਂ ਮਨਾਂ ਵਿਚ ਆਉਂਦੀਆਂ ਹਨ, ਇਟਲੀ 'ਚ ਕੰਮ ਨਹੀਂ ਮਿਲਦਾ ਤੇ ਇੰਡੀਆ ਜਾ ਸਕਦੇ ਹਾਂ। ਆਪਣਾ ਨਹੀਂ ਤੇ ਆਪਣੇ ਬਜ਼ੁਰਗ ਮਾਪਿਆਂ ਦਾ ਤੇ ਆਪਣੀ ਜੁਆਨ ਹੋ ਰਹੀ ਔਲਾਦ ਦਾ ਸੋਚੀਏ ਕਿ ਸਾਡੇ ਤੋਂ ਬਾਅਦ ਉਨ੍ਹਾਂ ਦਾ ਕੀ ਹੋਏਗਾ, ਪਰ ਯਾਦ ਰੱਖੀਏ ਕਿ ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।