ਚਾਰ ਜਵਾਕ ਸ੍ਰੀਨਗਰ ਵਿਚ ਵੱਡੀ ਮਸਜਿਦ ਲਾਗੇ ਖੜ੍ਹੇ ਹਨ। ਤਿੱਖੇ; ਕੁੱਦ ਪੈਣ, ਛੂਟ ਵੱਟਣ ਅਤੇ ਭਿੜਨ ਲਈ ਤਿਆਰ-ਬਰ-ਤਿਆਰ, ਲੋੜ ਪੈਣ ’ਤੇ ਭੱਜ ਜਾਣ ਅਤੇ ਪਿੱਛੇ ਹਟ ਜਾਣ ਲਈ ਤਿਆਰ। ਇਹ ਸਭ ਹਾਲਾਤ ’ਤੇ ਮੁਨੱਸਰ ਹੈ।
‘‘ਉਹ ਸਾਡੀਆਂ ਮਾਵਾਂ-ਭੈਣਾਂ ਨਾਲ ਜਬਰ-ਜਨਾਹ ਕਰ ਰਹੇ ਨੇ!’’ ਇਕ ਮੁੰਡਾ ਚੀਕਦਾ ਹੈ। ਉਹ ਮੈਨੂੰ ਅੱਥਰੂ ਗੈਸ ਦੇ ਖਾਲੀ ਗੋਲੇ ਦਿਖਾਉਦੇ ਹਨ, ਜੋ ਆਲਮ ਵਿਚ ਕਈ ਹੋਰ ਥਾਈਂ ਵਿਖਾਵਾਕਾਰੀਆਂ ਨੂੰ ਤਿੱਤਰ-ਬਿਤਰ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਗੋਲਿਆਂ ਵਰਗੇ ਹਨ। ਆਮ ਤੌਰ ’ਤੇ ਇਹ ਹਵਾ ਵਿਚ ਸੁੱਟੇ ਜਾਂਦੇ ਹਨ। ਇਥੇ ਸੁਰੱਖਿਆ ਤਾਕਤਾਂ ਇਹ ਸਿੱਧੇ ਅਵਾਮ ਦੇ ਸਿਰਾਂ ’ਤੇ ਸੁੱਟਦੀਆਂ ਹਨ - ਹੱਤਿਆ ਕਰਨ ਦੀ ਮਨਸ਼ਾ ਨਾਲ।
ਕਸ਼ਮੀਰੀ ਇੰਤੀਫਾਦਾ ਵਿਚ, ਬਗ਼ਾਵਤ ਨੂੰ ਕੁਚਲਣ ਲਈ ਪੁਲਿਸ, ਫ਼ੌਜ ਅਤੇ ਨੀਮ-ਫ਼ੌਜੀ ਦਸਤੇ ਗੁਲੇਲਾਂ, ਬੰਦੂਕਾਂ, ਅੱਥਰੂ ਗੈਸ ਦੇ ਗੋਲੇ, ਜੋ ਵੀ ਕੋਲ ਹੈ, ਇਸਤੇਮਾਲ ਕਰ ਰਹੇ ਹਨ।
ਵੀਡੀਓ ਕੈਮਰੇ ਵੀ ਇਸਤੇਮਾਲ ਕੀਤੇ ਜਾਂਦੇ ਹਨ; ਪਥਰਾਓ ਕਰਨ ਵਾਲੇ ਵਿਖਾਵਾਕਾਰੀਆਂ ਦੀ ਫਿਲਮ ਬਣਾ ਲਈ ਜਾਂਦੀ ਹੈ, ਫਿਰ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ‘‘ਲਾਪਤਾ’’ ਕਰ ਦਿੱਤਾ ਜਾਂਦਾ ਹੈ, ਤੇ ਕਦੇ ਉਨ੍ਹਾਂ ਨੂੰ ਝੁਕਾਉਣ ਲਈ ਵਹਿਸ਼ੀ ਤਸੀਹਿਆਂ ਦੇ ਢੰਗ ਅਜ਼ਮਾਏ ਜਾਂਦੇ ਹਨ।
ਇਸ ਮੁਹੱਲੇ ਦੇ ਮੁੰਡਿਆਂ ਨੂੰ ਆਮ ਹੀ ਫੜ੍ਹਿਆ ਜਾਂਦਾ ਹੈ, ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਘੱਟੋਘੱਟ ਇਕ ਵਾਰ ਤਾਂ ਜ਼ਰੂਰ ਹੀ ਤਸ਼ੱਦਦ ਦਾ ਸ਼ਿਕਾਰ ਹੋਏ ਹਨ।
ਮੈਂ ਉਨ੍ਹਾਂ ਦੇ ਹੱਥਾਂ ਵਿਚ ਫੜ੍ਹੇ ਗੋਲਿਆਂ ਦੀਆਂ ਤਸਵੀਰਾਂ ਲੈ ਰਿਹਾ ਹਾਂ, ਹਮੇਸ਼ਾ ਕੈਮਰੇ ਨੂੰ ਉਨ੍ਹਾਂ ਦੇ ਚਿਹਰਿਆਂ ਤੋਂ ਦੂਰ ਰੱਖਕੇ। ਪਰ ਦਰ ਅਸਲ ਜਵਾਕ ਤਾਂ ਤਸਵੀਰ ਖਿਚਵਾਉਣੀ ਚਾਹੁੰਦੇ ਹਨ: ਉਨ੍ਹਾਂ ਨੂੰ ਹੁਣ ਭੈਅ ਨਹੀਂ ਹੈ।
ਇਹ ਵਿਅੰਗ ਹੀ ਹੈ, ਕਿ ਅੱਜ 26 ਜਨਵਰੀ ਹੈ, ਹਿੰਦੁਸਤਾਨੀ ਗਣਤੰਤਰ ਦਿਹਾੜਾ।
‘‘ਬਾਦ ਵਿਚ ਅਸੀਂ ਉਥੇ ਜਾਵਾਂਗੇ! ਉਨ੍ਹਾਂ ਨਾਲ ਦੋ ਹੱਥ ਕਰਨ! ਸਾਡੇ ਨਾਲ ਚੱਲਿਓ!’’
ਉਹ ਅਰਬੀ ਲਫ਼ਜ਼ ਬੋਲਦੇ ਹਨ! ਆਪਣੀਆਂ ਉਗਲੀਆਂ ਉਪਰ ਆਸਮਾਨ ਵੱਲ ਕਰਕੇ। ਚਿਹਰਿਆਂ ’ਤੇ ਮੁਸਕਾਨ ਲਿਆਕੇ, ਉਹ ਬਹਾਦਰ ਤੇ ਮਰਨ, ਸ਼ਹੀਦ ਹੋਣ ਲਈ ਤਿਆਰ ਹੋਣ ਦਾ ਵਿਖਾਵਾ ਕਰਦੇ ਹਨ। ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਅੰਦਰ ਸਹਿਮ ਹੈ। ਬਹੁਤ ਸਾਲਾਂ ਤੋਂ ਮੇਰੀ ਇਹੀ ਹਾਲਤ ਚਲੀ ਆ ਰਹੀ ਹੈ.... ਮੈਂ ਭਾਂਪ ਸਕਦਾ ਹਾਂ ਕਿ ਉਹ ਕਿੰਨਾ ਸਹਿਮੇ ਹੋਏ ਹਨ।
ਉਹ ਚੰਗੇ ਬੱਚੇ ਹਨ। ਮਾਯੂਸ, ਸੰਕਟਗ੍ਰਸਤ ਪਰ ਚੰਗੇ।
ਮੈਂ ਉਨ੍ਹਾਂ ਨਾਲ ਇਕਰਾਰ ਕਰਦਾ ਹਾਂ। ਮੈਂ ਆਵਾਂਗਾ। ਬਾਦ ਵਿਚ: ਹਮੇਸ਼ਾ ਦੀ ਤਰ੍ਹਾਂ, ਮੈਂ ਇਕਰਾਰ ਪੂਰਾ ਕਰਦਾ ਹਾਂ।
ਕੁਝ ਦਿਨ ਬਾਦ ਨਵੀਂ ਦਿੱਲੀ ਵਿਚ ਆਪਣੇ ਸੁਖਾਵੇਂ, ਪੁਰਾਣੀ ਤਰਜ਼ ਦੇ ਘਰ ਵਿਚ, ਮਹਾਨ ਹਿੰਦੁਸਤਾਨੀ-ਕਸ਼ਮੀਰੀ ਆਜ਼ਾਦ ਦਸਤਾਵੇਜ਼ੀ ਫਿਲਮਸਾਜ਼ ਸੰਜੇ ਕਾਕ, ਕਸ਼ਮੀਰ ਅਤੇ ਉਤਰ-ਪੂਰਬ ਦੋਵਾਂ ਵਿਚ ਹਿੰਦੁਸਤਾਨੀ ਬਸਤੀਵਾਦ ਬਾਰੇ ਚਰਚਾ ਕਰਦਾ ਹੈ।
ਅਸੀਂ ਦੋਵੇਂ ਸਹਿਮਤ ਹਾਂ ਕਿ ਕੁਲ ਆਲਮ ਨੂੰ, ਕਸ਼ਮੀਰ ਦੇ ਕਬਜ਼ੇ ਦੇ ਖ਼ੌਫ਼ ਬਾਰੇ ਬਹੁਤ ਘੱਟ ਇਲਮ ਹੈ, ਉਤਰ-ਪੂਰਬ ਬਾਰੇ ਤਾਂ ਬਿਲਕੁਲ ਹੀ ਜਾਣਕਾਰੀ ਨਹੀਂ ਹੈ। ਹਿੰਦੁਸਤਾਨ ਅਤੇ ਪੱਛਮ ਦਾ ਜਨਤਕ ਮੀਡੀਆ ਇਸ ਦਾਬੇ, ਕਤਲੋਗ਼ਾਰਤ, ਤਸੀਹਿਆਂ ਅਤੇ ਜਬਰ-ਜਨਾਹਾਂ ਦੇ ਅਸਲ ਸੁਭਾਅ ਬਾਰੇ ਜਾਣਕਾਰੀ ਨੂੰ ਦਬਾਉਣ ਬਾਰੇ ਇਕਸੁਰ ਹੈ।
ਵਜਾ੍ਹ ਇਹ ਹੈ ਕਿ ਬਰਿੱਕਸ ਨਾਲ ਦਗ਼ਾ ਕਰਕੇ ਹਿੰਦੁਸਤਾਨ ਫ਼ੌਜੀ ਸੰਧੀਆਂ ’ਤੇ ਸਹੀ ਪਾਉਦੇ ਹੋਏ ਜਦਕਿ ਖੁੱਲ੍ਹੀ ਮੰਡੀ ਦਾ ਜਾਪ ਕਰਦੇ ਹੋਏ ਅਮਰੀਕੀ ਸਲਤਨਤ ਤੇ ਪੱਛਮ ਦੇ ਹੋਰ ਨੇੜੇ ਸਰਕਦਾ ਗਿਆ ਹੈ। ਹੁਣ ਇਹ ‘ਖ਼ਾਸ ਰੁਤਬੇ’ ਉਪਰ ਮਾਣ ਕਰ ਸਕਦਾ ਹੈ, ਇੰਡੋਨੇਸ਼ੀਆ ਦੀ ਤਰ੍ਹਾਂ। ਇਸ ਦੀ ਹਕੀਕਤ ਕੁਝ ਵੀ ਹੋਵੇ, ਇਹ ਸਹਿਜੇ ਹੀ ਇਸ ਨੂੰ ਹਜ਼ਮ ਹੋ ਜਾਵੇਗਾ!
ਸ਼੍ਰੀਮਾਨ ਕਾਕ ਇਹ ਵੀ ਕਹਿੰਦਾ ਹੈ ਕਿ ਅੱਜਕੱਲ੍ਹ ‘‘ਦੁੱਖਾਂ ਦੀ ਆਲਮੀ ਮੰਡੀ ਵਿਚ ਮੁਕਾਬਲਾ ਸਖ਼ਤ ਹੋ ਗਿਆ ਹੈ।’’
ਮੇਰੇ ਵਲੋਂ ਕਸ਼ਮੀਰ ਵਿਚ ਹਿੰਦੁਸਤਾਨ ਦੀਆਂ ਫ਼ੌਜੀ ਮੁਹਿੰਮਾਂ, ਅਤੇ ਇਸ ਦੇ ਨਾਲ ਹੀ ਹਿੰਦੁਸਤਾਨੀ ਪੁਲਿਸ ਤੇ ਕਸ਼ਮੀਰ ਵਿਚ ਲਗਾਏ ਫ਼ੌਜੀ ਅਫ਼ਸਰਾਂ ਨੂੰ ਸਿਖਲਾਈ ਦੇਣ ਵਿਚ ਅਮਰੀਕਾ ਤੇ ਇਸਰਾਇਲ ਦੇ ਸ਼ਾਮਲ ਹੋਣ ਦਾ ਜ਼ਿਕਰ ਕਰਨ ’ਤੇ ਸੰਜੇ ਕਾਕ ਜਵਾਬ ਦਿੰਦਾ ਹੈ:
‘‘ਜਿੱਥੋਂ ਤਾਈਂ ਵਹਿਸ਼ਤ ਦਾ ਸਵਾਲ ਹੈ, ਇਸ ਪੱਖੋਂ ਤਾਂ ਦਰ ਅਸਲ ਹਿੰਦੁਸਤਾਨੀ ਪੁਲਿਸ-ਫ਼ੌਜ ਇਸਰਾਇਲ ਤੇ ਅਮਰੀਕਾ ਦੋਵਾਂ ਨੂੰ ਕਈ ਚੀਜ਼ਾਂ ਸਿਖਾ ਸਕਦੀ ਹੈ।’’
ਸੰਜੇ ਕਾਕ ਦੀ ਮਿੱਤਰ, ਲੇਖਕਾ ਤੇ ਕਾਰਕੁੰਨ ਅਰੁੰਧਤੀ ਰਾਏ ਨੇ ਮਾਰਚ 2013 ’ਚ ‘‘ਡੈਮੋਕਰੇਸੀ ਨਾਓ’’ ਉਪਰ ਚਰਚਾ ਵਿਚ ਖ਼ੁਲਾਸਾ ਕੀਤਾ ਸੀ:
‘‘ਅੱਜ ਕਸ਼ਮੀਰ ਦੁਨੀਆ ਵਿਚ ਸਭ ਤੋਂ ਵੱਧ ਫ਼ੌਜੀ ਤਾਇਨਾਤੀ ਵਾਲਾ ਖੇਤਰ ਹੈ। ਹਿੰਦੁਸਤਾਨ ਨੇ ਇਥੇ 7 ਲੱਖ ਤੋਂ ਉਪਰ ਸੁਰੱਖਿਆ ਤਾਕਤਾਂ ਲਗਾ ਰੱਖੀਆਂ ਹਨ। ਅਤੇ 90ਵਿਆਂ ਦੇ ਸ਼ੁਰੂ ’ਚ ਲੜਾਈ ਹਥਿਆਰਬੰਦ ਸੰਘਰਸ਼ ਵਿਚ ਬਦਲ ਗਈ, ਤੇ ਓਦੋਂ ਤੋਂ ਲੈ ਕੇ 70 ਹਜ਼ਾਰ ਤੋਂ ਉਪਰ ਲੋਕ ਮਾਰੇ ਗਏ, ਸ਼ਾਇਦ ਇਕ ਲੱਖ ਤੋਂ ਵੱਧ ਨੂੰ ਤਸੀਹੇ ਦਿੱਤੇ ਗਏ, 8 ਹਜ਼ਾਰ ਤੋਂ ਉਪਰ ਲਾਪਤਾ ਕਰ ਦਿੱਤੇ ਗਏ। ਮੇਰੇ ਕਹਿਣ ਦਾ ਭਾਵ, ਅਸੀਂ ਚਿੱਲੀ, ਪਿਨੋਚੇ ਬਾਰੇ ਤਾਂ ਬਥੇਰੀ ਚਰਚਾ ਕਰਦੇ ਹਾਂ, ਪਰ ਇਥੇ ਤਾਦਾਦ ਉਸ ਤੋਂ ਕਿਤੇ ਵਧੇਰੇ ਹੈ।’’
ਖ਼ੁਦ ਕਸ਼ਮੀਰ ਵਿਚ ਮੈਂ ‘‘ਜੰਮੂ ਐਂਡ ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ’’ ਨਾਲ ਮਿਲਕੇ ਕੰਮ ਕਰ ਰਿਹਾ ਹਾਂ -ਇਸ ਦੇ ਪ੍ਰਧਾਨ ਪਰਵੇਜ਼ ਇਮਰੋਜ਼ ਤੇ ਮਨੁੱਖੀ ਅਧਿਕਾਰਾਂ ਬਾਰੇ ਇਕ ਖੋਜਕਾਰ ਪਰਵੇਜ਼ ਮਾਟਾ ਨਾਲ ਮਿਲਕੇ। ਦੋਵੇਂ ਮੇਰੇ ਵਧੀਆ ਮਿੱਤਰ ਬਣ ਗਏ ਹਨ।
ਦਰ ਅਸਲ ਜੇ.ਕੇ.ਸੀ.ਸੀ.ਐੱਸ. ਦਾ ਮੰਨਣਾ ਹੈ ਕਿ 90ਵਿਆਂ ਤੋਂ ਲੈ ਕੇ ਕਸ਼ਮੀਰ ਵਿਚ 70 ਹਜ਼ਾਰ ਤੋਂ ਉਪਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜ਼ਿਆਦਾਤਰ ਆਮ ਸ਼ਹਿਰੀਆਂ ਦੀਆਂ। ਜੋ ਕਸ਼ਮੀਰ ਵਿਚ ਹੋ ਰਿਹਾ ਹੈ ਉਸ ਨੂੰ ਇਹ ਸੰਸਥਾ ਸ਼ਰੇਆਮ ਨਸਲਕੁਸ਼ੀ ਕਰਾਰ ਦਿੰਦੀ ਹੈ।
ਸ਼੍ਰੀਮਾਨ ਪਰਵੇਜ਼ ਇਮਰੋਜ਼ ਨੇ ਇਸ ਲੇਖ ਲਈ ਲਿਖਿਆ:
‘‘1989 ਤੋਂ ਹੀ ਫ਼ੌਜ ਜੰਗੀ ਜੁਰਮ ਕਰਦੀ ਆ ਰਹੀ ਹੈ ਕਿਉਕਿ ਉਨ੍ਹਾਂ ਨੂੰ ਕਾਨੂੰਨੀ ਖੁੱਲ੍ਹ-ਖੇਡ ਦਿੱਤੀ ਗਈ ਹੈ ਅਤੇ ਸ਼ਾਇਦ ਹੀ ਕਦੇ ਕਿਸੇ ਫ਼ੌਜੀ ਨੂੰ ਇਨਸਾਨੀਅਤ ਦੇ ਖ਼ਿਲਾਫ਼ ਜੁਰਮਾਂ ਬਦਲੇ ਸਜ਼ਾ ਮਿਲੀ ਹੋਵੇ। ਜੰਮੂ-ਕਸ਼ਮੀਰ ਦੇ ਫ਼ੌਜੀਕਰਨ ਨੇ ਜ਼ਿੰਦਗੀ ਦੇ ਹਰ ਪਹਿਲੂ ’ਤੇ ਅਸਰ ਪਾਇਆ ਹੈ ਅਤੇ ਮੰਦੇ ਭਾਗਾਂ ਨੂੰ ਕੁਝ ਮਿਸਾਲਾਂ ਨੂੰ ਛੱਡਕੇ, ਹਿੰਦੁਸਤਾਨੀ ਮੀਡੀਆ ਅਤੇ ਨਾਗਰਿਕ ਸਮਾਜ ਵੀ ਫ਼ੌਜ ਨੂੰ ਸਿਆਸੀ ਤੇ ਇਖ਼ਲਾਕੀ ਖੁੱਲ੍ਹ-ਖੇਡ ਦਿੰਦਾ ਆ ਰਿਹਾ ਹੈ ਜਿਸ ਬਾਰੇ ਇਨ੍ਹਾਂ ਦਾ ਵਿਸ਼ਵਾਸ ਹੈ ਕਿ ਫ਼ੌਜ ਸਰਹੱਦ ਪਾਰਲੇ ਦਹਿਸ਼ਤਵਾਦ ਨਾਲ ਲੜ ਰਹੀ ਹੈ। ਹਿੰਦੁਸਤਾਨੀ ਤੇ ਕੌਮਾਂਤਰੀ ਮੀਡੀਆ ਗਿਣ-ਮਿਥਕੇ ਲਾਪਤਾ ਕਰ ਦੇਣ ਦੇ ਮਾਮਲਿਆਂ, ਵਸੀਹ ਪੈਮਾਨੇ ’ਤੇ ਕਬਰਾਂ, ਤਸੀਹਿਆਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਦਾ ਆ ਰਿਹਾ ਹੈ।’’
‘‘ਜੰਮੂ-ਕਸ਼ਮੀਰ ਦੇ ਆਜ਼ਾਦੀ ਦੇ ਸੰਘਰਸ਼ ਨੂੰ ਕੁਚਲਣ ਲਈ, ਹਿੰਦੁਸਤਾਨੀ ਹਕੂਮਤ ਨੇ ਗਿਣੇ-ਮਿੱਥੇ ਅਤੇ ਸੰਸਥਾਗਤ ਦਮਨ ਦਾ ਢੰਗ ਅਖ਼ਤਿਆਰ ਕੀਤਾ ਹੈ। ਹਥਿਆਰਬੰਦ ਸੰਘਰਸ਼ ਨੂੰ ਬੇਅਸਰ ਬਣਾਉਣ ਅਤੇ ਜੰਮੂ-ਕਸ਼ਮੀਰ ਦੇ ਅਵਾਮ ਨੂੰ ਕਾਬੂ ਕਰਨ ਲਈ 7 ਲੱਖ ਤੋਂ ਉਪਰ ਹਥਿਆਰਬੰਦ ਤਾਕਤਾਂ ਲਗਾਈਆਂ ਹੋਈਆਂ ਹਨ। ਇਹ ਅਵਾਮ ਉਹ ਸਵੈਨਿਰਣਾ ਚਾਹੁੰਦੇ ਹਨ ਜਿਸ ਦਾ ਵਾਅਦਾ ਹਿੰਦੁਸਤਾਨੀ ਹਕੂਮਤ ਨੇ 1948 ਅਤੇ 1949 ਦੇ ਮਤਿਆਂ ਵਿਚ ਸੰਯੁਕਤ ਰਾਸ਼ਟਰ ਵਿਚ ਕੀਤਾ ਸੀ। ਹਿੰਦੁਸਤਾਨੀ ਰਾਜ ਵਲੋਂ ਜਬਰ ਬਾਕਾਇਦਾ ਨੀਤੀ ਦਾ ਹਿੱਸਾ ਹੈ। ਇਥੇ ਹੀ ਜੁਰਮ ਮੌਜੂਦ ਹੈ, ਇੱਥੋਂ ਤਕ ਕਿ ਨਿਆਂ-ਪ੍ਰਬੰਧ ਵੀ ਰਾਜ ਦੇ ਅੰਗ ਵਜੋਂ ਹਕੂਮਤ ਦੇ ਮੁਫ਼ਾਦਾਂ ਲਈ ਕੰਮ ਕਰਦਾ ਆ ਰਿਹਾ ਹੈ ਨਾ ਕਿ ਜੰਮੂ-ਕਸ਼ਮੀਰ ਦੇ ਅਵਾਮ ਦੇ ਹਿੱਤ ਲਈ।
‘‘ ਕੌਮਾਂਤਰੀ ਸੰਸਥਾਵਾਂ ਅਤੇ ਖ਼ਾਸ ਕਰਕੇ ਪੱਛਮੀ ਨਾਗਰਿਕ ਸਮਾਜ ਤੇ ਹਕੂਮਤਾਂ 11 ਸਤੰਬਰ ਤੋਂ ਪਿੱਛੋਂ ਅਤੇ ਇਸਲਾਮ-ਹੳੂਏ ਤੇ ਹੋਰ ਹਿੱਤਾਂ ਕਾਰਨ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਅੱਖੋਂ-ਪਰੋਖੇ ਕਰਦੇ ਆ ਰਹੇ ਹਨ।’’
ਕਸ਼ਮੀਰ ਵਿਚ, ਮੈਂ ਜਿਥੇ ਵੀ ਗਿਆ, ਜਿੱਧਰ ਨੂੰ ਵੀ ਸਫ਼ਰ ਕੀਤਾ, ਹਰ ਪਾਸੇ ਕਬਜ਼ੇ ਦੀਆਂ ਲਗਾਤਾਰ, ਜ਼ਬਰਦਸਤ ਨਿਸ਼ਾਨੀਆਂ ਨਜ਼ਰ ਆਉਦੀਆਂ ਰਹੀਆਂ: ਤਕਰੀਬਨ ਹਰ ਥਾਂ ਹੀ ਫ਼ੌਜ, ਪੁਲਿਸ ਅਤੇ ਨੀਮ-ਫ਼ੌਜੀ ਤਾਕਤਾਂ ਦੀ ਅਜੀਬ ਮੌਜੂਦਗੀ ਤੋਂ ਲੈ ਕੇ ਵਿਆਪਕ ਕਬਰਾਂ ਤਕ। ਹਰ ਵੱਡੀ ਸੜਕ ਦੇ ਨਾਲ-ਨਾਲ ਫ਼ੌਜ ਦੀਆਂ ਬੈਰਕਾਂ ਦੀਆਂ ਕਤਾਰਾਂ ਹਨ। ਸਾਰੀਆਂ ਹੀ ਵੱਡੀਆਂ ਅਤੇ ਨਿੱਕੀਆਂ ਸੜਕਾਂ ਉਪਰ ਫ਼ੌਜ ਤੇ ਪੁਲਿਸ ਦੇ ਟਰੱਕ ਦਗੜ-ਦਗੜ ਕਰਦੇ ਫਿਰਦੇ ਹਨ। ਥਾਂ-ਥਾਂ ਬੇਸ਼ੁਮਾਰ ਨਾਕੇ ਅਤੇ ਤਲਾਸ਼ੀ ਕੇਂਦਰ ਬਣੇ ਹੋਏ ਹਨ।
ਨਿਰੀ ਸਿੱਧੀ ਤੇ ਵਹਿਸ਼ੀ ਤਾਕਤ ਹੀ ਕਸ਼ਮੀਰ ਵਿਚ ਖ਼ੂਨ-ਖ਼ਰਾਬਾ ਅਤੇ ਤਬਾਹੀ ਨਹੀਂ ਕਰ ਰਹੀ। ਪਰਵੇਜ਼ ਮਾਟਾ ਖ਼ੁਲਾਸਾ ਕਰਦਾ ਹੈ ਕਿ ਇਹ ਬੇਅਥਾਹ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਮੁਕਾਮੀ ਸਮਾਜ ’ਚ ਘੁਸਪੈਠ ਕਰਨ ਤੇ ਪਾਟਕ ਪਾਉਣ ’ਚ ਕਾਮਯਾਬ ਹੋ ਗਈਆਂ ਹਨ। ਜਾਸੂਸਾਂ ਤੇ ਮੁਖ਼ਬਰਾਂ ਨੇ ਘੁਸਪੈਠ ਕਰ ਲਈ ਹੈ। ਜੰਗਜੂ ਯੋਧਿਆਂ ਨੂੰ ਮੁਖ਼ਬਰ ਕਹਿਕੇ ਬਦਨਾਮ ਕੀਤਾ ਗਿਆ। ਟਾਕਰਾ ਤਹਿਰੀਕ ਖੇਰੂੰ-ਖੇਰੂੰ, ਤੇ ਫੁੱਟ ਦਾ ਸ਼ਿਕਾਰ ਹੋ ਗਈ ਹੈ, ਇਵੇਂ ਹੀ ਸਥਾਨਕ ਭਾਈਚਾਰਿਆਂ ਤੇ ਪਰਿਵਾਰਾਂ ਵਿਚ ਹੋਇਆ।
ਘੋਰ ਅਸੁਰੱਖਿਆ ਦਾ ਬੋਲਬਾਲਾ ਹੈ। ਪਹਿਲਾਂ ਜਿਨ੍ਹਾਂ ਅਖਾਉਤੀ ਖਾੜਕੂਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਫ਼ੋਨ ਕਰਕੇ ਤਫ਼ਤੀਸ਼ੀ ਅਧਿਕਾਰੀ
ਧਮਕਾਉਦੇ ਹਨ: ‘‘ਛੇਤੀ ਹੀ ਅਸੀਂ ਤੇਰੀ ਭੈਣ ਨੂੰ ਚੁੱਕਾਂਗੇ।’’
ਇਥੇ ਤਸੀਹਿਆਂ ਦੀ ਵਹਿਸ਼ਤ ਕਿਸੇ ਹਿਸਾਬ ਨਾਲ ਵੀ ਕਲਪਨਾ ਤੋਂ ਬਾਹਰੀ ਹੈ। ਮੈਂ ਕੁਲ ਆਲਮ ਵਿਚ ਬੇਸ਼ੁਮਾਰ ਯੁੱਧ ਖੇਤਰਾਂ ਦੀ ਪਤਾ ਨਹੀਂ ਕਿੰਨੀ ਵਾਰ ਛਾਣ-ਬੀਣ ਤੇ ਰਿਪੋਰਟ ਕੀਤੀ ਹੈ, ਮੇਰਾ ਵਾਹ ਲੂੰ-ਕੰਡੇ ਖੜ੍ਹੇ ਕਰਨ ਵਾਲੀ ਵਹਿਸ਼ਤ ਨਾਲ ਪੈਂਦਾ ਰਿਹਾ ਹੈ। ਪਰ, ਕਸ਼ਮੀਰ ਵਿਚ ਮੈਨੂੰ ਜੋ ਪਤਾ ਚੱਲਿਆ ਉਸ ਭਿਆਨਕ ਤੋਂ ਭਿਆਨਕ ਵਹਿਸ਼ਤ ਨੂੰ ਵੀ ਮਾਤ ਦੇ ਦਿੰਦਾ ਹੈ।
ਆਧੁਨਿਕ ਇਤਿਹਾਸ ਵਿਚ, ਕਸ਼ਮੀਰ ਅੰਦਰ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਦੀ ਬੇਰਹਿਮੀ ਦਾ ਮੁਕਾਬਲਾ ਸਿਰਫ਼ 1965 ਵਿਚ ਇੰਡੋਨੇਸ਼ੀਆ ਵਿਚ ਢਾਹੇ ਜ਼ੁਲਮਾਂ ਅਤੇ ਪੂਰਬੀ ਤਿਮੋਰ ਵਿਚ ਇਸ ਵਲੋਂ ਕੀਤੀ ਨਸਲਕੁਸ਼ੀ, ਇਸੇ ਤਰ੍ਹਾਂ ਪਾਪੂਆ ਵਿਚ ਨਸਲਕੁਸ਼ੀ ਜਾਂ ਕਾਂਗੋ ਦੇ ਜਮਹੂਰੀ ਗਣਰਾਜ ਵਿਚ ਰਵਾਂਡਾ ਅਤੇ ਯੁਗਾਂਡਾ ਦੀਆਂ ਤਾਕਤਾਂ ਦੀ ਵਹਿਸ਼ਤ ਨਾਲ ਕੀਤਾ ਜਾ ਸਕਦਾ ਹੈ। ਜਾਂ ਫਿਰ ਖ਼ੁਦ ਅਮਰੀਕੀ ਸਲਤਨਤ ਵਲੋਂ ਹਿੰਦ-ਚੀਨ ਵਿਚ ਸਿੱਧੀ ਕਤਲੋਗ਼ਾਰਤ ਨਾਲ।
ਇਹ ਹੈਰਤਅੰਗੇਜ਼ ਨਹੀਂ ਕਿ ਹਿੰਦੁਸਤਾਨ ਅਤੇ ਇੰਡੋਨੇਸ਼ੀਆ ਦੋਵੇਂ ਪੱਛਮ ਦੇ ਗਾਹਕ ਰਾਜ ਹਨ, ਜਿਨ੍ਹਾਂ ਨੂੰ ‘ਜਮਹੂਰੀਅਤ’ ਅਤੇ ‘ਸਹਿਣਸ਼ੀਲਤਾ’ ਦੀਆਂ ਮਿਸਾਲਾਂ ਦੱਸਿਆ ਜਾਂਦਾ ਹੈ।
‘‘ਹਿੰਦੁਸਤਾਨ ਅੰਨਾ, ਧੌਂਸਬਾਜ਼ ਅਤੇ ਦਰਿੰਦਾ ਹੈ’’, ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪਰਵੇਜ਼ ਇਮਰੋਜ਼ ਦੇ ਘਰ ਮੈਨੂੰ ਦੱਸਿਆ ਜਾਂਦਾ ਹੈ।
ਪੂਰੀ ਤਰ੍ਹਾਂ ਰਵਾਇਤੀ ਕਸ਼ਮੀਰੀ ਰਿਵਾਜ ਮੁਤਾਬਕ ਬਹੁਤ ਸਾਰੇ ਲੋਕ ਫੈਰਨ ਹੇਠ ਪੁਰਾਣੇ ਜ਼ਮਾਨੇ ਦੀਆਂ ਨਿੱਘ ਦੇਣ ਵਾਲੀਆਂ ਕਾਂਗੜੀਆਂ ਟਿਕਾਈ ਭੁੰਜੇ ਲੱਤਾਂ ਪਸਾਰੀ ਬੈਠੇ ਹਨ। ਅਸੀਂ ਚਾਹ ਪੀ ਰਹੇ ਹਾਂ। ਜਿੱਥੋਂ ਤਾਈਂ ਇਸ ਬੈਠਕ ਦਾ ਸਵਾਲ ਹੈ, ਮੈਂ ਮਹਿਜ਼ ਇਸ ਲੇਖ ਵਿਚ ਜ਼ਿਕਰ ਕੀਤੇ ਜੇ.ਕੇ.ਸੀ.ਸੀ.ਐੱਸ. ਦੇ ਦੋ ਜਣਿਆਂ ਨੂੰ ਹੀ ਅਸਲ ਨਾਂਵਾਂ ਤੋਂ ਜਾਣਦਾ ਹਾਂ। ਬਾਕੀ ਦੇ ਇਸ ਲਤਾੜੀ ਹੋਈ ਧਰਤੀ ਦੀ ਤਰਫ਼ੋਂ ਕੰਮ ਕਰ ਰਹੇ ਹਨ, ਪਰ ਜੇ ਉਹ ਸ਼ਰੇਆਮ ਆਪਣੀ ਪਛਾਣ ਨਸ਼ਰ ਕਰਦੇ ਸਨ ਤਾਂ ਕੌਮਾਂਤਰੀ ਸੰਸਥਾਵਾਂ ਅਤੇ ਪ੍ਰੈੱਸ ਏਜੰਸੀਆਂ ਵਿਚ ਉਨ੍ਹਾਂ ਨੂੰ ਆਪਣੀਆਂ ਪੁਜੀਸ਼ਨਾਂ ਨਾਲ ਸਮਝੌਤਾ ਕਰਨਾ ਪੈਣਾ ਸੀ।
ਉਨ੍ਹਾਂ ਸਾਰਿਆਂ ਨੇ, ਰਾਹਨੁਮਾਈ ਕਰਕੇ, ਹਾਲਾਤ ਬਿਆਨਕੇ, ਸੰਪਰਕ ਤੇ ਜਾਣਕਾਰੀ ਦੇ ਕੇ ਮੇਰੀ ਮਦਦ ਕੀਤੀ। ਉਹ ਆਪਣੀ ਪਛਾਣ ਨਾ ਦੱਸੇ ਜਾਣ ਦੀ ਸ਼ਰਤ ’ਤੇ ਗੱਲ ਕਰਨ ਦੇ ਚਾਹਵਾਨ ਸਨ, ਅਤੇ ਇਹ ਸਾਫ਼ ਸੀ ਕਿ ਉਨ੍ਹਾਂ ਦੇ ਦਿਲ ਤੇ ਵਫ਼ਾਦਾਰੀਆਂ ਕਿਸ ਧਿਰ ਨਾਲ ਸਨ:
‘‘ਜਦੋਂ ਫ਼ਲਸਤੀਨ ਦਾ ਸਵਾਲ ਆਉਦਾ ਹੈ ਤਾਂ ਹਿੰਦੁਸਤਾਨੀ ਬਹੁਤ ਇਖ਼ਲਾਕਪ੍ਰੇਮੀ ਹੁੰਦੇ ਹਨ.... ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੇ ਹਿੰਦੁਸਤਾਨ ਨੂੰ ਪੱਛਮ ਦੇ ਵਧੇਰੇ ਤੋਂ ਵਧੇਰੇ ਨੇੜੇ ਲੈ ਜਾਣ ਨਾਲ ਇਹ ਵੀ ਬਦਲ ਰਿਹਾ ਹੈ। ਅਮਰੀਕਾ ਅਤੇ ਇਸਰਾਇਲ ਇਥੇ ‘‘ਦਹਿਸ਼ਤਵਾਦ ਵਿਰੋਧੀ ਸਿਖਲਾਈ’’ ਵਿਚ ਡੂੰਘੇ ਤੌਰ ’ਤੇ ਸ਼ਾਮਲ ਹਨ। ਬੇਸ਼ੁਮਾਰ ਫ਼ੌਜੀ ਤੇ ਪੁਲਿਸ ਅਫ਼ਸਰ ਅਮਰੀਕਾ, ਯੂਰਪੀ ਯੂਨੀਅਨ ਅਤੇ ਇਸਰਾਇਲ ਵਿਚ ਸਿਖਲਾਈ ਲੈ ਰਹੇ ਹਨ। ਪੁਲਿਸ ਅਧਿਕਾਰੀ ਹਵਾਈ ਉਡਾਣਾਂ ਫੜ੍ਹਕੇ ਬਦੇਸ਼ਾਂ ਨੂੰ ਜਾ ਰਹੇ ਹਨ। ਹਿੰਦੁਸਤਾਨੀ ਫ਼ੌਜ, ਅਮਰੀਕੀ ਅਤੇ ਇਸਰਾਇਲੀ ਤਾਕਤਾਂ ਮਿਲਕੇ ਬਾਕਾਇਦਾ ਜੰਗੀ ਅਭਿਆਸ ਕਰ ਰਹੀਆਂ ਹਨ, ਮੁੱਖ ਤੌਰ ’ਤੇ ਪਾਕਿਸਤਾਨ ਲਾਗੇ ਲੱਦਾਖ਼ ਦੇ ਇਲਾਕੇ ਵਿਚ।’’
‘‘ਦਰ ਅਸਲ ਲੱਦਾਖ਼ ਇਸਰਾਇਲੀਆਂ ਵਿਚ ਬਹੁਤ ਹੀ ਹਰਮਨਪਿਆਰਾ ਹੈ। ਹਰ ਸਾਲ 20 ਤੋਂ 30 ਹਜ਼ਾਰ ਇਸਰਾਇਲੀ ਸੈਲਾਨੀਆਂ ਵਜੋਂ, ਜਾਂ ਹੋਰ ਦੂਹਰੀ ਹੈਸੀਅਤ ਵਿਚ ਇਥੇ ਆਉਦੇ ਹਨ।’’
‘‘ਇਸਰਾਇਲੀ ਬਸਤੀਆਂ ਦੇ ਖ਼ਿਆਲ ਤੇ ਢੰਗ ਇਥੇ ਵਸੀਹ ਪੈਮਾਨੇ ’ਤੇ ਇਸਤੇਮਾਲ ਕੀਤੇ ਜਾਂਦੇ ਹਨ। ਪਰ ਇਥੇ ਉਨ੍ਹਾਂ ਨੂੰ ‘‘ਹੋਰ ਮਾਂਜਿਆ-ਸੰਵਾਰਿਆ’’ ਜਾਂਦਾ ਹੈ। ਹਿੰਦੁਸਤਾਨੀ ਰਾਜ ‘‘ਨਸਲੀ ਭੇਦਭਾਵ ਦੀਆਂ ਇਸਰਾਇਲੀ ਨੀਤੀਆਂ ਨੂੰ ਚਾਰ-ਚੰਨ ਲਾ ਰਿਹਾ ਹੈ।’’
ਇਥੇ ਹਰ ਕੋਈ ਸਹਿਮਤ ਹੈ ਕਿ ਕਸ਼ਮੀਰ ਵਿਚ ਵਹਿਸ਼ਤ ਫ਼ਲਸਤੀਨ ਤੋਂ ਕਿਤੇ ਜ਼ਿਆਦਾ ਹੈ:
‘‘ਇਸਰਾਇਲੀ ਤਾਕਤਾਂ ਦੀ ਵਹਿਸ਼ਤ ਲੁਕੀ-ਛਿਪੀ ਨਹੀਂ: ਪੂਰੀ ਤਰ੍ਹਾਂ ਸ਼ਰੇਆਮ ਹੈ। ਫ਼ਲਸਤੀਨੀ ਅਵਾਮ ਦੇ ਖ਼ਿਲਾਫ਼ ਹਰ ਕਾਰਵਾਈ ਲਿਖਤੀ ਰਿਕਾਰਡ ’ਚ ਦਰਜ ਹੁੰਦੀ ਹੈ। ਬਦੇਸ਼ਾਂ ’ਚੋਂ, ਤੇ ਮੁਲਕ ਦੇ ਅੰਦਰੋਂ ਵੀ ਇਸਰਾਇਲੀ ਕਾਰਵਾਈਆਂ ਦੀ ਲਗਾਤਾਰ ਨੁਕਤਾਚੀਨੀ ਹੁੰਦੀ ਰਹਿੰਦੀ ਹੈ। ਮੁਲਕਾਂ ਦੇ ਵੱਡੇ ਗੁੱਟ, ਇੱਥੋਂ ਤਕ ਕਿ ਯੂਰਪੀ ਯੂਨੀਅਨ ਵੀ, ਫ਼ਲਸਤੀਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ; ਕਸ਼ਮੀਰ ਦਾ ਮਾਮਲਾ ਵੱਖਰੀ ਤਰ੍ਹਾਂ ਦਾ ਹੈ: ਸਾਡੀ ਇੰਤੀਫਾਦਾ ਦੀ ਬਾਕੀ ਆਲਮ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਡੇ ਘੱਟੋਘੱਟ 80000 ਹਜ਼ਾਰ ਲੋਕ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਲੱਖਾਂ ਦੇ ਹਿਸਾਬ ਲੋਕਾਂ ਨੂੰ ਤਸੀਹੇ ਦਿੱਤੇ ਗਏ ਹਨ। ਪਰ ਇਸ ਬਾਰੇ ਬਦੇਸ਼ਾਂ ਨੇ ਤਕਰੀਬਨ ਮੁਕੰਮਲ ਖ਼ਾਮੋਸ਼ੀ ਧਾਰੀ ਹੋਈ ਹੈ।’’
ਫ਼ਲਸਤੀਨ ਅਤੇ ਕਸ਼ਮੀਰੀ ਟਾਕਰੇ ਅਤੇ ਉਨ੍ਹਾਂ ਦੇ ਆਜ਼ਾਦੀ ਤੇ ਵੱਖਰੀ ਰਿਆਸਤ ਦੇ ਨਿਸ਼ਾਨੇ ਦਰਮਿਆਨ ਉਘੜਵੀਂਆਂ ਸਮਾਨਤਾਵਾਂ ਹਨ। ਨਵੀਂ ਦਿੱਲੀ ਤੋਂ ਮੇਰੇ ਮਿੱਤਰ ਸੰਜੇ ਕਾਕ ਵਲੋਂ ਬਣਾਈਆਂ ਬਹੁਤ ਹੀ ਮਸ਼ਹੂਰ ਫਿਲਮਾਂ ਵਿੱਚੋਂ ਇਕ ਦਾ ਨਾਂ ਹੈ ‘‘ਜਸ਼ਨ-ਏ-ਆਜ਼ਾਦੀ - ਅਸੀਂ ਆਪਣੀ ਆਜ਼ਾਦੀ ਦੇ ਜਸ਼ਨ ਕਿਵੇਂ ਮਨਾਉਦੇ ਹਾਂ’’, ਅਤੇ ਇਹ ਐਨ ਵਿਸ਼ੇ ਦੇ ਮੁਤਾਬਿਕ ਹੈ। ਸੰਜੇ ਨੇ ਇਕ ਕਿਤਾਬ ਦਾ ਸੰਪਾਦਨ ਵੀ ਕੀਤਾ: ਜਦੋਂ ਤਕ ਮੈਨੂੰ ਮੇਰੀ ਆਜ਼ਾਦੀ ਨਹੀਂ ਮਿਲਦੀ - ਕਸ਼ਮੀਰ ਵਿਚ ਨਵਾਂ ਇੰਤੀਫਾਦਾ (2011)।
ਕੁਪਵਾੜਾ। ਪਹਾੜੀ ਉਪਰ ਵਿਆਪਕ ਕਬਰਾਂ ਨਜ਼ਰ ਆ ਰਹੀਆਂ ਹਨ।
ਜਿਸ ਵਕਤ ਅਸੀਂ ਇਥੇ ਪਹੁੰਚੇ, ਕਸਬਾ ਪੂਰੀ ਤਰ੍ਹਾਂ ਬੰਦ ਹੈ। ਹਿੰਦੁਸਤਾਨੀ ਤਾਕਤਾਂ ਵਲੋਂ ਸਥਾਨਕ ਅਵਾਮ ਦੀ ਕਤਲੋਗ਼ਾਰਤ ਦੀ 21ਵੀਂ ਬਰਸੀ ਹੈ। ਦੋ ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਜਦੋਂ ਅਵਾਮ ਨੇ ਹਿੰਦੁਸਤਾਨੀ ਕਬਜ਼ਾ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਤਾਂ 27 ਬੰਦਿਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
‘‘ਇਥੇ, ਬਹੁਤ ਸਾਰੇ ਲੋਕ ‘‘ਲਾਪਤਾ ਕਰ ਦਿੱਤੇ ਗਏ’’; ਉਨ੍ਹਾਂ ਨੂੰ ਅਖਾਉਤੀ ਮੁਕਾਬਲਿਆਂ ’ਚ ਮਾਰ ਦਿੱਤਾ ਗਿਆ ਸੀ। ਇਹ ਕਈ ਮੌਕਿਆਂ ’ਤੇ ਹੋਇਆ’’, ਪਰਵੇਜ਼ ਮਾਟਾ ਖ਼ੁਲਾਸਾ ਕਰਦਾ ਹੈ। ‘‘ਬੇਸ਼ੁਮਾਰ ਵੱਢੀਆਂ-ਟੁੱਕੀਆਂ ਲਾਸ਼ਾਂ ਮੁਕਾਮੀ ਹਸਪਤਾਲਾਂ ਵਿਚ ਆਉਦੀਆਂ ਰਹੀਆਂ; ਕਈਆਂ ਦੀਆਂ ਲੱਤਾਂ ਨਹੀਂ ਸਨ, ਇਹ ਤਸੀਹਿਆਂ ਦਾ ਜ਼ਾਹਰਾ ਨਤੀਜਾ ਸੀ।’’
ਇਕ ਰੁਖ਼ ਦੇ ਨਾਲ ਜੰਗਾਲ ਖਾਧੇ ਸਟੇਰਚਰ ਖੜ੍ਹੇ ਕੀਤੇ ਹੋਏ ਹਨ। ਮੈਨੂੰ ਦੱਸਿਆ ਗਿਆ ਕਿ ਇਹ ਹਸਪਤਾਲ ਤੋਂ ਉਨ੍ਹਾਂ ਵਿਆਪਕ ਕਬਰਾਂ ਤਕ ਲਾਸ਼ਾਂ ਢੋਣ ਲਈ ਇਸਤੇਮਾਲ ਕੀਤੇ ਜਾਂਦੇ ਸਨ। ਸੁਰੱਖਿਆ ਤਾਕਤਾਂ ਵਲੋਂ ਜੰਗਲ ਤੋਂ ਲਿਆਂਦੀਆਂ ਜਾਣ ਵਾਲੀਆਂ ਲਾਸ਼ਾਂ ਲਗਾਤਾਰ ਇਥੇ ਆਉਦੀਆਂ ਰਹੀਆਂ।
ਪੂਰੀ ਪਹਾੜੀ ਉਪਰ ਵਸੀਹ ਪੈਮਾਨੇ ’ਤੇ ਕਬਰਾਂ ਬਣੀਆਂ ਹੋਈਆਂ ਹਨ, ਕੁਝ ਤਾਂ ਐਨ ਸਕੂਲ ਦੇ ਨਾਲ ਹਨ, ਜੋ ਚੋਟੀ ’ਤੇ ਬਣਾਇਆ ਗਿਆ ਹੈ।
ਮੈਨੂੰ ਦੱਸਿਆ ਗਿਆ, ‘‘ਸੁਰੱਖਿਆ ਤਾਕਤਾਂ ਵਲੋਂ ਲਾਸ਼ਾਂ ਨੂੰ ‘ਬੇਪਛਾਣ ਬਦੇਸ਼ੀ ਦਹਿਸ਼ਤਗਰਦਾਂ’ ਦੀਆਂ ਲਾਸ਼ਾਂ ਕਰਾਰ ਦੇ ਦਿੱਤਾ ਜਾਂਦਾ ਸੀ। ਪਰ ‘ਬਦੇਸ਼ੀ’ ਤਾਂ ਪਹਿਲਾਂ ਹੀ ਸ਼ਨਾਖ਼ਤ ਦਾ ਇਕ ਰੂਪ ਹੈ, ਕੀ ਨਹੀਂ ਹੈ?’’ ਉਥੇ 7000 ਬੇਪਛਾਣ ਜਨਤਕ ਕਬਰਾਂ ਹਨ।
7 ਲੱਖ ਤਾਦਾਦ ’ਚ ਮਜ਼ਬੂਤ ਸੁਰੱਖਿਆ ਤਾਕਤਾਂ ਦੋ-ਤਿੰਨ ਸੌ ਸਰਗਰਮ ਮੁਜਾਹਿਦੀਨਾਂ, ਜੰਗਜੂਆਂ ਨਾਲ ਲੜ ਰਹੀਆਂ ਹਨ।
ਮੁੱਖ ਤੌਰ ’ਤੇ ਬੇਕਸੂਰ ਰਾਹਗੀਰਾਂ ਜਾਂ ਦੂਰ-ਦਰਾਜ ਇਲਾਕਿਆਂ ਵਿਚ ਪੇਂਡੂਆਂ ਦੇ ਕਤਲ ਹੀ ‘ਲੜਾਈ’ ਹਨ। ਫਿਰ ਇਨ੍ਹਾਂ ਲਾਸ਼ਾਂ ਨੂੰ ‘‘ਮੁਕਾਬਲੇ ਵਿਚ ਮਰੇ’’ ਮੁਜਾਹਿਦੀਨਾਂ ਦੀਆਂ ਲਾਸ਼ਾਂ ਕਹਿ ਦਿੱਤਾ ਜਾਂਦਾ ਹੈ। ਸਿੱਟਾ ਇਹ ਹੈ ਕਿ ਇਸ ਨਾਲ ਵਸੀਹ ਫ਼ੌਜੀ ਕਾਰਵਾਈਆਂ ਅਤੇ ਬਜਟ ਨੂੰ ‘‘ਵਾਜਬੀਅਤ’’ ਮਿਲ ਜਾਂਦੀ ਹੈ।
‘‘ਲੜਾਈ’’ ਵਿਚ ਕਿਸੇ ਨੂੰ ਵੀ ਤਸੀਹੇ ਦੇਣਾ ਸ਼ਾਮਲ ਹੈ ਜਿਸ ਬਾਰੇ ਮੁਜਾਹਿਦੀਨਾਂ ਹੋਣ ਦਾ ਸ਼ੱਕ ਹੋਵੇ ਜਾਂ ਉਸ ਉਪਰ ਮੁਜਾਹਿਦੀਨਾਂ ਨਾਲ ਸਬੰਧਤ ਜਾਂ ਉਨ੍ਹਾਂ ਦਾ ਹਮਾਇਤੀ ਹੋਣ ਦਾ ‘‘ਦੋਸ਼’’ ਹੋਵੇ; ਭਾਵ ਜਿਸ ਕਿਸੇ ਬਾਰੇ ਵੀ ਸੁਰੱਖਿਆ ਤਾਕਤਾਂ ਇਹ ਸ਼ਨਾਖ਼ਤ ਮਿੱਥ ਲੈਂਦੀਆਂ ਹਨ।
ਕੁਪਵਾੜਾ ਵਿਚ ‘‘ਦਸਖ਼ਤ’’ ਵਜੋਂ ਮਸ਼ਹੂਰ ਤਸੀਹਿਆਂ ਵਿਚ ਲੱਤਾਂ ਜਾਂ ਉਗਲਾਂ ਵੱਢ ਦੇਣਾ ਸ਼ਾਮਲ ਹੈ। ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਸ ਇਲਾਕੇ ਵਿਚ ਤਸੀਹੇ ਦੇਣ ਵਾਲੇ ਯੰਤਰ ਅਤੇ ਢੰਗ ਬਹੁਤ ਵਸੀਹ ਕਿਸਮ ਦੇ ਹਨ।
ਤਸੀਹਿਆਂ ਦੇ ਵੱਸ ਪੈਣ ਵਾਲਿਆਂ ਦੀਆਂ ਛਾਤੀਆਂ ਨੂੰ ਗਰਮ ਸਿੱਕਿਆਂ ਨਾਲ ਲੂਹਿਆ ਜਾਂਦਾ ਹੈ, ਅਤੇ ਗੁਪਤ ਅੰਗ ਨੂੰ ਬਿਜਲੀ ਦਾ ਕਰੰਟ ਲਗਾਇਆ ਜਾਂਦਾ ਹੈ। ਪਤਾਲੂ ਲੂਹ ਦਿੱਤੇ ਜਾਂਦੇ ਹਨ। ਛੱਤ ਨਾਲ ਪੁੱਠੇ ਲਟਕਾਕੇ ਗੁਦਾ ਵਿਚ ਸ਼ਰਾਬ ਦੀਆਂ ਬੋਤਲਾਂ ਧੱਕ ਦਿੱਤੀਆਂ ਜਾਂਦੀਆਂ ਹਨ। ਲੱਤਾਂ ਨਕਾਰਾ ਕਰਨ ਲਈ ਲੱਕੜ ਦੇ ਭਾਰੀ ਰੋਲਰ ਵਰਤੇ ਜਾਂਦੇ ਹਨ। ਬੰਦੀਆਂ ਦੇ ਪੈਰਾਂ ਵਿਚ ਕਿੱਲਾਂ ਠੋਕ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਦੇ ਜਿਸਮ ਉਪਰ ਅੱਧੇ ਚੰਨ ਖੁਣਵਾਏ ਗਏ ਹੋਣ, ਉਨ੍ਹਾਂ ਨੂੰ ਗਰਮ ਜੰਬੂਰਾਂ ਨਾਲ ਨੋਚਕੇ ਮਿਟਾਇਆ ਜਾਂਦਾ ਹੈ।
ਜੇ ਕੋਈ ਔਰਤ ਗਿ੍ਰਫ਼ਤਾਰ ਕੀਤੀ ਜਾਂਦੀ ਹੈ, ਇਹ ਲਗਭਗ ਤੈਅ ਹੈ ਕਿ ਉਸ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਵਿਚ ਸਮੂਹਕ ਜਬਰ-ਜਨਾਹ ਸ਼ਾਮਲ ਹੋਵੇਗਾ।
ਪੂਰੇ ਕਸ਼ਮੀਰ ਵਿਚ ਮਰਦ ਬੰਦੀਆਂ ਨਾਲ ਬਦਫੈਲੀ ਵੀ ਆਮ ਹੈ।
ਨਿਸ਼ਚੇ ਹੀ, ਇਹ ਸਾਰਾ ਕੁਛ ‘ਆਪਮੁਹਾਰਾ’ ਵਰਤਾਰਾ ਨਹੀਂ ਹੋ ਸਕਦਾ। ਸਾਫ਼ ਤੌਰ ’ਤੇ ਇਹ ਤੈਅਸ਼ੁਦਾ ਨਮੂਨੇ ਮੁਤਾਬਕ ਹੁੰਦਾ ਹੈ। ਸੁਰੱਖਿਆ ਤਾਕਤਾਂ ਜੋ ਕੁਛ ਕਰ ਰਹੀਆਂ ਹਨ ਉਨ੍ਹਾਂ ਨੂੰ ਇਹ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਰਾਜ ਵਲੋਂ ਇਕ ਨਵਾਂ, ਘੋਰ ਵਹਿਸ਼ੀ ਗਰੋਹ ਖੜ੍ਹਾ ਕੀਤਾ ਗਿਆ ਹੈ। ਇਸ ਨੂੰ ਐੱਸ.ਓ.ਜੀ. (ਸਪੈਸ਼ਲ ਓਪਰੇਸ਼ਨ ਗਰੁੱਪ) ਕਿਹਾ ਜਾਂਦਾ ਹੈ, ਇਹ ਮੁੱਖ ਤੌਰ ’ਤੇ ਮੁਜਾਹਿਦੀਨਾਂ ਨਾਲ ਟੱਕਰਾਂ ਵਿਚ ਮਾਰੇ ਗਏ ਪੁਲਸੀਆਂ ਅਤੇ ਫ਼ੌਜੀਆਂ ਦੇ ਟੱਬਰਾਂ ਦੇ ਬੱਚਿਆਂ ਨੂੰ ਲੈ ਕੇ ਬਣਾਇਆ ਜਾਂਦਾ ਹੈ। ਇਹ ਜਿਸ ਤਰ੍ਹਾਂ ਦੇ ਢੰਗ ਇਸਤੇਮਾਲ ਕਰਦੇ ਹਨ ਉਸ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ।
‘‘ਤਸੀਹਿਆਂ ਅਤੇ ਜਬਰ-ਜਨਾਹ ਦੇ ਜ਼ਿਆਦਾਤਰ ਮਾਮਲਿਆਂ ਨੂੰ ਕਿਤੇ ਦਰਜ ਹੀ ਨਹੀਂ ਕੀਤਾ ਜਾਂਦਾ’’, ਪਰਵੇਜ਼ ਨੇ ਖ਼ੁਲਾਸਾ ਕੀਤਾ। ‘‘ਪਰ ਇਕੱਲੀ ਮੇਰੀ ਜਥੇਬੰਦੀ ਨੇ ਪਹਿਲਾਂ ਹੀ ਤਸੀਹਿਆਂ ਦੇ 5000 ਦੇ ਕਰੀਬ ਮਾਮਲਿਆਂ ਨੂੰ ਲਿਖਤੀ ਰੂਪ ਦਿੱਤਾ ਹੈ। ਮਿਸਾਲ ਵਜੋਂ, ਇਕ ਬਾਪ ਦਾ ਸਿਰ ਉਸ ਦੇ ਖੌਫ਼ ਨਾਲ ਸਹਿਮੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਕਲਮ ਕਰ ਦਿੱਤਾ ਗਿਆ।’’
ਮੈਂ ਉਸ ਨੂੰ ਰੋਕ ਦਿੰਦਾ ਹਾਂ, ਘੱਟੋਘੱਟ ਕੁਝ ਪਲ ਲਈ। ਮੈਂ ਜੋ ਆਲੇ-ਦੁਆਲੇ ਦੇਖਿਆ ਹੈ, ਤੇ ਜੋ ਮੈਨੂੰ ਦੱਸਿਆ ਗਿਆ ਹੈ ਉਸ ਨੂੰ ਬਰਦਾਸ਼ਤ ਕਰਨ ਲਈ ਥੋੜ੍ਹਾ ਵਕਤ ਚਾਹੀਦਾ ਹੈ।
ਅਸੀਂ ਹੋਰ ਅੱਗੇ, ਪਾਕਿਸਤਾਨ ਦੀ ਸਰਹੱਦ ਵੱਲ ਜਾ ਰਹੇ ਹਾਂ। ਇਥੇ ਸੱਚੀਓਂ ਹੀ ਹਰਿਆਵਲ ਹੈ - ਹਰਿਆਵਲ ਅਤੇ ਲੋਹੜੇ ਦੀ ਖ਼ੂਬਸੂਰਤੀ। ਬਰਫ਼ ਨਾਲ ਕੱਜੇ ਲੰਮੇ-ਲੰਮੇ ਪਹਾੜ, ਨਿਛੋਹ ਝੀਲਾਂ ਤੇ ਗੁਫਾਵਾਂ। ਮੈਂ ਡਰਾਈਵਰ ਨੂੰ ਰੁਕਣ ਲਈ ਕਹਿੰਦਾ ਹਾਂ; ਮੈਨੂੰ ਕੁਝ ਤਾਜ਼ੀ ਹਵਾ ਦੀ ਲੋੜ ਹੈ। ਮੈਂ ਅੱਗੇ ਜਿਸ ਥਾਂ ਜਾਣ ਤੋਂ ਡਰਦਾ ਹਾਂ ਜਿਥੇ ਮੈਨੂੰ ਫਿਰ ਵੀ ਜਾਣਾ ਹੀ ਪੈਣਾ ਹੈ ਉਥੇ ਪਹੁੰਚਣ ਲਈ ਮੈਨੂੰ ਕੁਝ ਤਾਕਤ ਜੁਟਾਉਣ ਖ਼ਾਤਰ ਇਸ ਆਲੀਸ਼ਾਨ ਨਜ਼ਾਰੇ ਨੂੰ ਦੇਖਣ ਦੀ ਲੋੜ ਹੈ।
ਅਸੀਂ ਦੋ ਪਿੰਡਾਂ ਵੱਲ ਜਾ ਰਹੇ ਹਾਂ: ਕੁਨਨ ਤੇ ਪੌਸ਼ਪੁਰਾ
ਇਥੇ 23 ਫਰਵਰੀ 1991 ਨੂੰ ਹਿੰਦੁਸਤਾਨੀ ਫ਼ੌਜ ਨੇ ਕੁਨਨ ਨੂੰ ਘੇਰਾ ਪਾਇਆ, ਅਤੇ 13 ਸਾਲ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਨੂੰ ਗਿ੍ਰਫ਼ਤਾਰ ਕਰ ਲਿਆ। ਉਹ ਆਪਣੇ ਵਾਹਨਾਂ ਵਿਚ ਤਸੀਹੇ ਦੇਣ ਵਾਲੇ ਯੰਤਰ ਨਾਲ ਲੈ ਕੇ ਆਏ ਸਨ, ਅਤੇ ਜਿਹੜੇ ਤਸੀਹੇ ਉਨ੍ਹਾਂ ਨੇ ਦਿੱਤੇ ਉਹ ਭਿਆਨਕ ਸਨ।
ਅਸੀਂ ਗੱਡੀ ਇਕ ਪਾਸੇ ਲਗਾ ਲੈਂਦੇ ਹਾਂ ਅਤੇ ਮੈਨੂੰ ਇਕ ਘਰ ਦੇ ਅੰਦਰ ਲਿਜਾਇਆ ਜਾਂਦਾ ਹੈ।
ਇਹ ਇਕ ਰਵਾਇਤੀ, ਬਹੁਤ ਹੀ ਸਾਫ਼-ਸੁਥਰਾ ਘਰ ਹੈ। ਅਸੀਂ ਜੁੱਤੀਆਂ ਲਾਹ ਲੈਂਦੇ ਹਾਂ। ਬੈਠਕ ਵਿਚ ਦੋ ਬੰਦੇ ਪਹਿਲਾਂ ਹੀ ਕੰਧਾਂ ਨਾਲ ਢੋ ਲਗਾਈ ਨਰਮ ਸਿਰਹਾਣੇ ਲੈ ਕੇ ਬੈਠੇ ਹਨ। ਤੀਜਾ ਜਣਾ ਥੋੜ੍ਹਾ ਬਾਦ ਵਿਚ ਆਉਦਾ ਹੈ।
ਅਸੀਂ ਇਥੇ ਤਸੀਹਿਆਂ ਬਾਰੇ ਚਰਚਾ ਕਰਨ ਨਹੀਂ ਆਏ। ਇਹ ਸਮੂਹਕ ਜਬਰ-ਜਨਾਹ ਹੈ ਜਿਸ ਬਾਰੇ ਮੈਨੂੰ ਦੱਸਿਆ ਜਾਵੇਗਾ।
ਪਰ ਪਹਿਲਾਂ, ਉਹ ਬੰਦੇ ਆਪ ਬੀਤੀ ਛੋਹ ਲੈਂਦੇ ਹਨ। ਉਨ੍ਹਾਂ ਵਿੱਚੋਂ ਇਕ ਗੱਲ ਤੋਰਦਾ ਹੈ:
‘‘ਫਰਵਰੀ ਦਾ ਮਹੀਨਾ ਸੀ ਅਤੇ ਕਾਫ਼ੀ ਰਾਤ ਹੋ ਚੁੱਕੀ ਸੀ; ਬਾਹਰ ਕੜਾਕੇ ਦੀ ਠੰਡ ਸੀ। ਇਹ ਸਭ ਕੁਛ ਰਾਤ ਦੇ 11 ਵਜੇ ਸ਼ੁਰੂ ਹੋਇਆ ਅਤੇ ਤੜਕੇ ਚਾਰ ਵਜੇ ਤਕ ਵੀ ਬੰਦ ਨਹੀਂ ਹੋਇਆ। ਸਾਰੇ ਮਰਦਾਂ ਨੂੰ ਘਰਾਂ ਤੋਂ ਬਾਹਰ ਕੱਢਕੇ ਕੜਾਕੇ ਦੀ ਠੰਡ ਵਿਚ ਲਿਜਾਇਆ ਗਿਆ। ਸਾਨੂੰ ਸਾਰਿਆਂ ਨੂੰ ਅਲਫ਼-ਨੰਗੇ ਕਰਕੇ ਬਰਫ਼ੀਲੀ ਹਵਾ ਵਿਚ ਖੜ੍ਹੇ ਕਰ ਦਿੱਤਾ ਗਿਆ। ਚਾਰ-ਚੁਫੇਰੇ ਤਿੰਨ-ਤਿੰਨ ਫੁੱਟ ਉੱਚੀ ਬਰਫ਼ ਜੰਮੀ ਹੋਈ ਸੀ। ਉਨ੍ਹਾਂ ਨੇ ਸਾਡੇ ਵਿੱਚੋਂ ਸੌ ਜਣਿਆਂ ਨੂੰ ਤਸੀਹੇ ਦਿੱਤੇ; 40-50 ਨੂੰ ਤਾਂ ਬਹੁਤ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਬਿਜਲੀ ਦਾ ਕਰੰਟ ਲਾਇਆ, ਪਾਣੀ ਵਿਚ ਲਾਲ ਮਿਰਚਾਂ ਘੋਲਕੇ ਉਸ ਵਿਚ ਸਾਡੇ ਸਿਰ ਡੁਬੋ ਦਿੱਤੇ।’’
ਕਮਰੇ ਵਿਚ ਕੋਈ ਔਰਤ ਨਹੀਂ ਹੈ; ਨਾ ਹੀ ਘਰ ਦੇ ਲਾਗੇ-ਚਾਗੇ ਕੋਈ ਔਰਤ ਨਜ਼ਰ ਆਉਦੀ ਸੀ।
ਇਕ ਹੋਰ ਬਜ਼ੁਰਗ ਨੇ ਦੱਸਣਾ ਸ਼ੁਰੂ ਕੀਤਾ, ਤਾਂ ਮੈਂ ਅੱਖਾਂ ਫੇਰ ਲਈਆਂ। ਇਹ ਸਾਰਾ ਕੁਛ ਬਹੁਤ ਹੀ ਬੇਚੈਨ ਕਰਨ ਵਾਲਾ ਸੀ, ਅਤੇ ਮੈਨੂੰ ਪਤਾ ਸੀ ਕਿ ਤਕਰੀਬਨ ਪੰਝੀ ਸਾਲ ਪਹਿਲਾਂ ਦੀ ਉਹ ਖੌਫ਼ਨਾਕ ਰਾਤ ਬਿਆਨ ਕਰਨ ਲਈ ਇਨ੍ਹਾਂ ਬੰਦਿਆਂ ਨੂੰ ਕਿੰਨਾ ਜਿਗਰਾ ਅਤੇ ਮਨ ਕਰੜਾ ਕਰਨਾ ਪਿਆ ਹੋਵੇਗਾ।
‘‘ਘਰਾਂ ਵਿਚ ਔਰਤਾਂ ਅਤੇ ਕੁੜੀਆਂ ਨੂੰ ਹੀ ਛੱਡਿਆ ਗਿਆ ਸੀ। ਉਹ ਇਕੱਲੀਆਂ ਅਤੇ ਨਿਆਸਰੀਆਂ ਸਨ। ਫ਼ੌਜੀਆਂ ਵਿੱਚੋਂ 200 ਦੇ ਕਰੀਬ ਘਰਾਂ ਵਿਚ ਜਾ ਵੜੇ, ਘਰ ਪਰਤੀ 5 ਤੋਂ ਲੈ ਕੇ 10 ਤਕ। ਉਨ੍ਹਾਂ ਕੋਲ ਸ਼ਰਾਬ ਦੀਆਂ ਬੋਤਲਾਂ ਸਨ - ਉਹ ਸ਼ਰਾਬ ਨਾਲ ਡੱਕੇ ਹੋਏ ਸਨ। ਇਹ ਸਾਰਾ ਕੁਛ ਇੰਞ ਹੀ ਵਿਉਤਿਆ ਹੋਇਆ ਸੀ।’’
ਹੁਣ ਉਹ ਸਾਰੇ ਇਕ ਦੂਜੇ ਤੋਂ ਅੱਗੇ ਹੋ ਕੇ ਦੱਸਣ ਲੱਗੇ:
‘ਔਰਤਾਂ ਨਾਲ ਜਬਰ-ਜਨਾਹ ਕੀਤੇ ਗਏ। ਉਨ੍ਹਾਂ ਸਾਰੀਆਂ ਨਾਲ .... ਅਤੇ ਮਹਿਜ਼ ਔਰਤਾਂ ਨਾਲ ਹੀ ਨਹੀਂ, ਸਗੋਂ 6 ਤੋਂ ਲੈ ਕੇ 13 ਸਾਲ ਦੀਆਂ ਕੰਨਿਆਵਾਂ ਨਾਲ ਵੀ....ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ, ਉਨ੍ਹਾਂ ਨੂੰ ਅਪਮਾਨਿਤ, ਤੇ ਜ਼ਲੀਲ ਕਰਕੇ ਫਿਰ ਜਬਰ-ਜਨਾਹ ਕੀਤੇ ਗਏ।’’
ਫ਼ੌਜੀ ਔਰਤਾਂ ਉਪਰ ਚੀਕ ਰਹੇ ਸਨ: ‘ਹਰਾਮਜ਼ਾਦੀਓ ਤੁਸੀਂ ਖਾੜਕੂਆਂ ਦੀ ਮਦਦ ਕਰਦੀਆਂ ਹੋ, ਕਰਦੀਆਂ ਹੋ ਨਾ?’
ਇਹ ਹਿੰਦੁਸਤਾਨੀ ਫ਼ੌਜੀਆਂ ਵਲੋਂ ਕੀਤਾ ਗਿਆ, ਅਤੇ ਹਿੰਦੁਸਤਾਨ ਵਿਚ, ਇਹ ਆਮ ਹੀ ਹੁੰਦਾ ਹੈ; ਜਬਰ-ਜਨਾਹ ਇਸ ਕੁਕਰਮ ਨਾਲ ਖ਼ਤਮ ਨਹੀਂ ਹੋ ਜਾਂਦਾ। ਕੁਕਰਮ ਦੀ ਦਰਿੰਦਗੀ ਬਾਕਾਇਦਗੀ ਨਾਲ ਐਸੀ ਹੁੰਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ; ਇਸ ਵਿਚ ਤਿੱਖੀਆਂ ਚੀਜ਼ਾਂ, ਜੰਗਾਲੀਆਂ ਰਾਡਾਂ, ਕੁਝ ਵੀ ਧੱਕਣਾ ਸ਼ਾਮਲ ਹੈ।
‘‘ਸਾਡੀਆਂ ਬਹੁਤ ਸਾਰੀਆਂ ਔਰਤਾਂ ਬੁਰੀ ਤਰ੍ਹਾਂ ਲਹੂ-ਲੁਹਾਣ ਸਨ। ਕਈ ਤਾਂ 4-5 ਦਿਨ ਬੇਹੋਸ਼ ਰਹੀਆਂ,’’ ਇਹ ਮੈਨੂੰ ਉਨ੍ਹਾਂ ਤਿੰਨ ਪਤੀਆਂ ਨੇ ਦੱਸਿਆ ਜਿਨ੍ਹਾਂ ਦੀਆਂ ਘਰਵਾਲੀਆਂ ਉਸ ਭਿਆਨਕ ਰਾਤ ਦੇ ਕਹਿਰ ’ਚੋਂ ਗੁਜ਼ਰੀਆਂ ਸਨ।
‘‘ਉਨ੍ਹਾਂ ਵਿੱਚੋਂ ਇਕ ਔਰਤ ਦੇ ਚਾਰ ਦਿਨ ਪਹਿਲਾਂ ਹੀ ਬੱਚਾ ਹੋਇਆ ਸੀ। ਬੱਚਾ ਆਪਣੀ ਮਾਂ ਨੂੰ ਚਿੰਬੜਿਆ ਹੋਇਆ ਸੀ ਜਦੋਂ ਫ਼ੌਜੀ ਅੰਦਰ ਵੜੇ। ਪਹਿਲਾਂ ਉਨ੍ਹਾਂ ਨੇ ਬੱਚਾ ਉਸ ਤੋਂ ਖੋਹ ਕੇ ਮਾਰਿਆ, ਫਿਰ ਮਾਂ ਨਾਲ ਸਮੂਹਕ ਜਬਰ-ਜਨਾਹ ਕੀਤਾ....।’’
‘‘ਉਨ੍ਹਾਂ ਨੇ ਇਕ ਨਾਬਾਲਗ ਕੁੜੀ ਨੂੰ ਤਸੀਹੇ ਦਿੱਤੇ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਉਸ ਦੀ ਲੱਤ ਤੋੜ ਦਿੱਤੀ। ਬਾਦ ਵਿਚ ਉਹ ਮਰ ਗਈ..।’’
‘‘ਕੁਝ ਔਰਤਾਂ ਨੂੰ ਕਈ ਸਾਲ ਇਲਾਜ ਕਰਾਉਣਾ ਪਿਆ, ਕਿਉਕਿ ਉਨ੍ਹਾਂ ਦੀਆਂ ਗੁਦਾ ਬੁਰੀ ਤਰ੍ਹਾਂ ਫਟ ਗਈਆਂ ਸਨ।’’
ਉਸ ਰਾਤ ਜੋ ਕੁਛ ਹੋਇਆ ਉਸ ਦੇ ਸਿੱਟੇ ਵਜੋਂ 5 ਔਰਤਾਂ ਮਰ ਗਈਆਂ।
ਉਸ ਪਿੰਡ ਦੇ ਦੋ ਪੁਲਸੀਏ ਸਨ, ਜਿਨ੍ਹਾਂ ਨੇ ਫੱਟੜ ਔਰਤਾਂ ਨੂੰ ਸਹਾਰਾ ਦੇਣ ਦਾ ਯਤਨ ਕੀਤਾ। ਬਾਦ ਵਿਚ ਉਹ ਅੱਗੇ ਆ ਕੇ ਗਵਾਹੀ ਦੇਣ ਲਈ ਵੀ ਤਿਆਰ ਸਨ। ਉਨ੍ਹਾਂ ਵਿੱਚੋਂ ਇਕ ਨੂੰ ਗੋਲੀ ਮਾਰਕੇ ਮਾਰ ਦਿੱਤਾ ਗਿਆ - ਕਤਲ ਕਰ ਦਿੱਤਾ ਗਿਆ।
ਮੈਨੂੰ ਦੱਸਿਆ ਗਿਆ ਕਿ 40 ਔਰਤਾਂ ਅੱਗੇ ਆਈਆਂ ਅਤੇ ਗਵਾਹੀਆਂ ਦਿੱਤੀਆਂ। ਇਹ ਵਿਆਹੀਆਂ ਔਰਤਾਂ ਸਨ। ਨਾਬਾਲਗ, ਅਣਵਿਆਹੀਆਂ ਕੁੜੀਆਂ ਦੀ ਸ਼ਨਾਖ਼ਤ ਨਸ਼ਰ ਨਹੀਂ ਕੀਤੀ ਗਈ। ਪਰ ਫਿਰ ਵੀ, ਬਾਦ ਵਿਚ ਕੁਨਨ ਦੀ ਤਕਰੀਬਨ ਕਿਸੇ ਮੁਟਿਆਰ ਨੂੰ ਵਿਆਹਿਆ ਨਹੀਂ ਜਾ ਸਕਿਆ। ਕਲੰਕ ਬਹੁਤ ਵੱਡਾ ਸੀ ਅਤੇ ਇਲਾਕੇ ਦਾ ਕੋਈ ਵੀ ਪੇਂਡੂ ਜਬਰ-ਜਨਾਹ ਪੀੜਤ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਹੋਇਆ।
ਪਰਵੇਜ਼ ਨੇ ਖ਼ੁਲਾਸਾ ਕੀਤਾ ਕਿ ਦੂਰ-ਦਰਾਜ ਜ਼ਿਲ੍ਹਿਆਂ, ਸਰਹੱਦੀ ਇਲਾਕਿਆਂ ਵਿਚ ਜਬਰ-ਜਨਾਹ ਅਜੇ ਵੀ ਹੋ ਰਹੇ ਹਨ, ਜਿਥੇ ਅਵਾਮ ਫ਼ੌਜ ਦੇ ਰਹਿਮ-ਕਰਮ ’ਤੇ ਹੈ। ‘‘ਅਜੇ ਵੀ, ਜਬਰ-ਜਨਾਹ ਨੂੰ ਜੰਗ ਦੇ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ,’’ ਉਹ ਕਹਿੰਦਾ ਹੈ।
ਕੁਨਨ ਉਪਰ ਕਹਿਰ ਢਾਉਣ ਦੇ ਜੁਰਮ ’ਚ ਹੁਣ ਤਕ ਇਕ ਵੀ ਫ਼ੌਜੀ ਨੂੰ ਸਜ਼ਾ ਨਹੀਂ ਦਿੱਤੀ ਗਈ।
ਸਾਡੇ ਉੱਥੋਂ ਤੁਰਨ ਤੋਂ ਪਹਿਲਾਂ ਜਬਰ-ਜਨਾਹ ਪੀੜਤਾਂ ’ਚੋਂ ਇਕ ਦੇ ਪਤੀ ਨੇ ਖ਼ੁਲਾਸਾ ਕੀਤਾ:
‘‘ਇਹ ਸ਼ੁਰੂ ਦੀ ਗੱਲ ਹੈ.... ਫਿਰ ਬਹੁਤ ਸਾਰੇ ਹੋਰ ਖੌਫ਼ਨਾਕ ਵਾਕਿਆ ਹੋਏ। ਅਸੀਂ ਹਿੰਦੁਸਤਾਨੀ ਕਾਨੂੰਨ ਪ੍ਰਬੰਧ ਦਾ ਸਹਾਰਾ ਲੈ ਕੇ, ਕਾਇਦੇ ਅਨੁਸਾਰ ਚਾਰਾਜੋਈ ਕਰਨ ਦਾ ਯਤਨ ਕੀਤਾ। ਪਰ ਤਕਰੀਬਨ ਇਕ ਚੌਥਾਈ ਸਦੀ ਗੁਜ਼ਰ ਜਾਣ ਤੋਂ ਬਾਦ ਵੀ, ਕੋਈ ਨਿਆਂ ਨਹੀਂ ਹੋ ਰਿਹਾ। ਇਥੇ ਕਾਨੂੰਨ ਸਿਰਫ਼ ਕਸੂਰਵਾਰ ਨੂੰ ਬਚਾਉਦਾ ਹੈ। ਕਸ਼ਮੀਰ ਦੇ ਫ਼ੌਜੀਕਰਨ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ! ਹੁਣ ਤਾਂ ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਤਕਦੀਰ ਸਾਡੀ ਮੁਕਤੀ ਕਰਵਾ ਦੇਵੇ! ਸਾਡੇ ਲਈ ਇਹ ਸਭ ਇਕ ਖੌਫ਼ਨਾਕ ਸਦਮਾ ਸੀ। ਇੱਥੋਂ ਤਕ ਕਿ ਦੂਜੇ ਪਿੰਡਾਂ ਦੇ ਜਵਾਕ ਵੀ ਸਾਨੂੰ ਸਾਡੀਆਂ ਔਰਤਾਂ ਤੇ ਕੁੜੀਆਂ ਦੇ ਮਿਹਣੇ ਮਾਰਦੇ ਹਨ: ‘‘ਉਏ, ਤੁਸੀਂ ਉਸ ਪਿੰਡ ਦੇ ਹੋ ਜਿੱਥੋਂ ਦੀਆਂ ਸਾਰੀਆਂ ਔਰਤਾਂ ਨਾਲ ਜਬਰ-ਜਨਾਹ ਹੋਏ ਸਨ!’’
ਇਹ ਉਨ੍ਹਾਂ ਦਿ੍ਰੜ ਕਸ਼ਮੀਰੀਆਂ ਨੂੰ ਮਿਲਣ ਦਾ ਇਕ ਨਿਮਾਣਾ ਜਿਹਾ ਅਨੁਭਵ ਸੀ ਜਿਨ੍ਹਾਂ ਨੇ ਮੇਰੇ ਅੱਗੇ ਆਪਣੇ ਦਿਲ ਖੋਲ੍ਹ ਦੇਣ ਦਾ ਮਨ ਬਣਾ ਲਿਆ ਸੀ।
ਜਦੋਂ ਉਨ੍ਹਾਂ ਨੇ ਗੱਲ ਮੁਕਾਈ, ਤਾਂ ਅਸੀਂ ਕੁਨਨ ਤੋਂ ਪੌਸ਼ਪੁਰਾ ਨੂੰ ਚੱਲ ਪਏ। ਉਹ ਮੇਰੇ ਨਾਲ ਖੁੱਲ੍ਹ ਗਏ ਸਨ। ਉਨ੍ਹਾਂ ਨੇ ਮੈਨੂੰ ਪਿੰਡ ਦੇ ਮਰਦਾਂ ਤੇ ਔਰਤਾਂ ਦੀਆਂ ਤਸਵੀਰਾਂ ਲੈਣ ਦੀ ਇਜਾਜ਼ਤ ਦੇ ਦਿੱਤੀ। ਮੈਨੂੰ ਸਵੀਕਾਰ ਕਰ ਲਿਆ ਗਿਆ ਸੀ।
ਜਦੋਂ ਅਸੀਂ ਗੱਡੀ ਸ੍ਰੀਨਗਰ ਦੇ ਰਾਹ ਪਾ ਲਈ, ਤਾਂ ਕਾਰ ਵਿਚ ਲੰਮੀ ਖ਼ਾਮੋਸ਼ੀ ਛਾਈ ਹੋਈ ਸੀ। ਫਿਰ ਮੈਂ ਇਸ ਨੂੰ ਤੋੜਿਆ:
‘‘ਪਰਵੇਜ਼?’’
‘‘ਹੂੰ?’’
‘‘ਇਹ ਤੱਥ ਕਿ ਉਹ ਕੁੜੀਆਂ ਅਤੇ ਔਰਤਾਂ ਦਾ ਮਜ਼ਾਕ ਉਡਾਉਦੇ ਹਨ....’’ ਮੈਂ ਗੱਲ ਤੋਰੀ।
ਮੈਂ ਜਾਣਦਾ ਸੀ ਕਿ ਉਹ ਵੀ ਇਹੀ ਸੋਚ ਰਿਹਾ ਸੀ।
‘‘ਕੀ ਤੁਸੀਂ ਜਬਰ-ਜਨਾਹ ਦੀ ਪੀੜਤ ਨਾਲ ਵਿਆਹ ਕਰਾਓਗੇ?’’ ਉਸ ਨੇ ਪੁੱਛਿਆ।
‘‘ਜੇ ਮੈਂ ਉਸ ਨੂੰ ਮੁਹੱਬਤ ਕਰਦਾ ਹੋਵਾਂ, ਫਿਰ ਜ਼ਰੂਰ ਕਰਾਵਾਂਗਾ।’’
‘‘ਤੈਨੂੰ ਭਰੋਸਾ ਹੈ?’’
‘‘ਬਿਲਕੁਲ,’’ ਮੈਂ ਕਿਹਾ।
‘‘ਇਥੇ ਆ ਕੇ ਸਾਡਾ ਸੱਭਿਆਚਾਰ ਫੇਲ੍ਹ ਹੋਇਆ ਹੈ’’, ਉਹ ਬੋਲਿਆ। ਅਤੇ ਓਦੋਂ ਮੈਂ ਜਾਣਿਆ, ਕਿ ਉਸ ਨੇ ਵੀ ਇਹੀ ਕਰਨਾ ਸੀ।
ਮੈਂ ਉਸ ਨੂੰ ਪੂਰਬੀ ਤਿਮੋਰ ਦੇ ਇਰਮੇਰਾ ਸ਼ਹਿਰ ਵਿਚ ਜਨਤਕ ਜਬਰ-ਜਨਾਹ ਕਾਂਡ ਬਾਰੇ ਦੱਸਿਆ। ਇਹ ਇੰਡੋਨੇਸ਼ੀਆ ਦੀ ਫ਼ੌਜ ਨੇ ਕੀਤਾ ਸੀ - ਐਨ ਕਸ਼ਮੀਰੀ ਪਿੰਡ ਕੁਨਨ ਵਰਗਾ ਮੰਜਰ ਸੀ।
ਓਦੋਂ ਮੈਂ ਪੂਰਬੀ ਤਿਮੋਰ ਵਿਚ ਗ਼ੈਰਕਾਨੂੰਨੀ ਕੰਮ ਕਰ ਰਿਹਾ ਸੀ। ਮੈਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਤਸੀਹੇ ਦਿੱਤੇ ਗਏ। ਉਥੇ ਕਦੇ ਵੀ ਕਿਸੇ ਕਸੂਰਵਾਰ ਨੂੰ ਜਬਰ-ਜਨਾਹ ਜਾਂ ਕਤਲ ਕਰਨ ਦੀ ਸਜ਼ਾ ਨਹੀਂ ਮਿਲੀ। ਪੂਰਬੀ ਤਿਮੋਰ ਦੀ ਨਸਲਕੁਸ਼ੀ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਬਹੁਤ ਸਾਰੇ ਬੰਦੇ ਹੁਣ ਇੰਡੋਨੇਸ਼ੀਆ ਵਿਚ ਰਾਜ ਕਰ ਰਹੇ ਹਨ।
ਜਦੋਂ ਅਸੀਂ ਕੁਪਵਾੜਾ ਲੰਘ ਆਏ, ਕਾਰ ਵਿਚਲਾ ਮਿਜ਼ਾਜ ਵਿਲੱਖਣ ਤੌਰ ’ਤੇ ਬਦਲ ਗਿਆ।
‘‘ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਪਰ ਸੰਭਾਵਨਾਵਾਂ ਇਹ ਸਨ ਕਿ ਕੁਪਵਾੜਾ ਪਹੁੰਚਣ ਤੋਂ ਪਹਿਲਾਂ ਸਾਨੂੰ ਰੋਕਿਆ ਜਾ ਸਕਦਾ ਸੀ, ਪੁੱਛਗਿੱਛ ਹੋ ਸਕਦੀ ਸੀ ਅਤੇ ਫਿਰ ....’’
ਮੈਂ ਸਮਝ ਗਿਆ।
ਪਰ ਹੁਣ ‘‘ਸਭ ਠੀਕ ਠਾਕ ਸੀ’’।
ਕੁਪਵਾੜਾ ਤੋਂ ਜਿੰਨਾ ਦੂਰ ਅਸੀਂ ਨਿਕਲਦੇ ਜਾ ਰਹੇ ਸੀ, ਓਨਾ ਹੀ ਵਧੇਰੇ ਮਹਿਫੂਜ਼ ਹੁੰਦੇ ਜਾ ਰਹੇ ਸੀ; ਹੁਣ ਤਕ ਅਸੀਂ ਆਪਣੇ ਸਫ਼ਰ ਨੂੰ ਜਾਇਜ਼ ਠਹਿਰਾਉਣ ਲਈ ਬਹੁਤ ਸਾਰੀਆਂ ਦਲੀਲਾਂ ਘੜ ਲਈਆਂ ਸਨ। ਮੈਂ ਕਾਰ ਦੇ ਸ਼ੀਸ਼ੇ ਵਿੱਚੋਂ ਦੀ ਕੁਝ ਫ਼ੌਜੀ ਅਤੇ ਨੀਮ-ਫ਼ੌਜੀ ਕੈਂਪਾਂ ਦੀਆਂ ਤਸਵੀਰਾਂ ਖਿੱਚ ਲਈਆਂ।
ਫਿਰ ਮੈਂ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਮੈਂ ਪਿਸ਼ਾਬ ਕਰਨਾ ਸੀ। ਉਸ ਨੇ ਇਕ ਕਸ਼ਮੀਰੀ ਸੇਬ ਦੇ ਖ਼ੂਬਸੂਰਤ ਬਾਗ਼ ਦੇ ਲਾਗੇ ਬਰੇਕ ਲਗਾਈ।
ਮੈਂ ਕਾਰ ਵਿੱਚੋਂ ਉਤਰਿਆ ਅਤੇ ਪਹਿਲੇ ਰੁਖ਼ ਵੱਲ ਨੂੰ ਤੁਰ ਗਿਆ; ਤਾਜ਼ਾ ਹਵਾ ਅਤੇ ਖ਼ੂਬਸੂਰਤ ਪੇਂਡੂ ਇਲਾਕਾ, ਅਤੇ ਇਹ ਕੁਝ....। ਫਿਰ ਮੈਂ ਉਸ ਨੂੰ ਖੜ੍ਹਾ ਦੇਖ ਲਿਆ; ਅੱਧਾ ਕੁ ਓਹਲੇ ਲੁਕਿਆ ਇਕ ਫ਼ੌਜੀ, ਮਸ਼ੀਨਗੰਨ ਚੁੱਕੀ, ਤਿਆਰ-ਬਰ-ਤਿਆਰ। ਮੈਂ ਨਾਬਰੀ ਨਾਲ ਉਸ ਵੱਲ ਧਾਰ ਮਾਰੀ। ਫਿਰ ਮੈਂ ਉਸ ਦਾ ਮਜ਼ਾਕ ਉਡਾਉਦਿਆਂ ਸਲੂਟ ਠੋਕਿਆ। ਉਸ ਦੇ ਚਿਹਰੇ ’ਤੇ ਮੁਸਕਰਾਹਟ ਵੀ ਨਹੀਂ ਆਈ, ਬਸ ਸੇਬ ਦੇ ਰੁਖ਼ ਥੱਲੇ ਡੁੰਨ-ਬੱਟਾ ਬਣਿਆ ਝਾਕਦਾ ਰਿਹਾ।
ਮੈਂ ਸ਼ਸ਼ੋਪੰਜ ਵਿਚ ਸੀ ਕਿ ਕਸ਼ਮੀਰ ਵਿਚ ਹਿੰਦੁਸਤਾਨੀ ਫ਼ੌਜੀ ਜ਼ਿਆਦਾ ਹਨ, ਜਾਂ ਸੇਬ ਦੇ ਰੁਖ਼?
ਮੈਂ ਟੱਕਰ ਲੈਣ ਵਾਲੇ ਲੜਾਕਿਆਂ ਲਈ ਮਸ਼ਹੂਰ ਸੋਪੋਰ ਸ਼ਹਿਰ ਵਿਚ ਸ਼੍ਰੀਮਾਨ ਹਸਨ ਭੱਟ ਦੇ ਘਰ ਗਿਆ।
ਸ਼੍ਰੀ ਭੱਟ ਉਨ੍ਹਾਂ ਵਿੱਚੋਂ ਇਕ ਸੀ, ਪਰ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਬਹੁਤ ਵਾਰ ਵਹਿਸ਼ੀ ਤਸੀਹੇ ਦਿੱਤੇ ਗਏ, ਅਤੇ ਉਸ ਨੇ ਸਰਗਰਮੀ ਨੂੰ ਅਲਵਿਦਾ ਕਹਿ ਦਿੱਤੀ।
ਸੁਰੱਖਿਆ ਤਾਕਤਾਂ ਨੇ ਉਸ ਦੇ ਦੋਵੇਂ ਪੁੱਤ ਮਾਰ ਦਿੱਤੇ। ਐਨ ਉਸੇ ਤਰ੍ਹਾਂ, ਦੋਵੇਂ ਓਦੋਂ ਮਾਰੇ ਗਏ ਜਦੋਂ ਉਹ ਪੰਦਰਾਂ ਸਾਲ ਦੇ ਹੋਏ ਸਨ।
ਉਸ ਦਾ ਇਕ ਪੁੱਤ 2006 ’ਚ ਇਕ ਦੁਕਾਨ ਤੋਂ ਦੁੱਧ ਲੈਣ ਗਿਆ ਸੀ, ਇਕ ਸੁਰੱਖਿਆ ਮੁਲਾਜ਼ਮ ਨੇ ਆਪਣੀ ਭੱਜੀ ਜਾਂਦੀ ਕਾਰ ਵਿੱਚੋਂ ਉਸ ਨੂੰ ਛਾਤੀ ਵਿਚ ਗੋਲੀ ਮਾਰ ਕੇ ਢੇਰ ਕਰ ਦਿੱਤਾ। ਦੂਜਾ ਪੁੱਤ 2010 ’ਚ ਓਦੋਂ ਮਾਰਿਆ ਗਿਆ, ਜਦੋਂ ਕੁਝ ਜਵਾਕ ਪਥਰਾਓ ਨਾਲ ਟਾਕਰਾ ਕਰਨ ਲੱਗ ਗਏ, ਵੱਟੇ ਮਾਰਦਿਆਂ ਉਹ ਘਿਰ ਗਿਆ ਤੇ ਸਹਿਮਕੇ ਦਰਿਆ ਵਿਚ ਛਾਲ ਮਾਰ ਦਿੱਤੀ। ਪੁਲਿਸ ਨੇ ਜਿਹੜਾ ਵੀ ਕੋਈ ਪਾਣੀ ਵਿਚ ਦਿਸਿਆ ਉਸ ਉਪਰ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਕ ਉਸ ਦੇ ਸਿਰ ਵਿਚ ਜਾ ਲੱਗਿਆ, ਤੇ ਉਹ ਥਾਏਂ ਮੁੱਕ ਗਿਆ।
‘‘ਮੈਂ ਦੋਸ਼ੀਆਂ ਨੂੰ ਜਾਣਦਾ ਹਾਂ, ਮੈਂ ਜਾਣਦਾ ਹਾਂ ਕਿ ਇੰਚਾਰਜ ਅਫ਼ਸਰ ਕੌਣ ਸੀ,’’ ਸ਼੍ਰੀਮਾਨ ਭੱਟ ਕਹਿੰਦਾ ਹੈ। ਉਸ ਨੇ ਸ਼ਿਕਾਇਤ ਦਰਜ ਕਰਾਉਣੀ ਚਾਹੀ, ਪਰ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਨਾਂਹ ਕਰ ਦਿੱਤੀ।
‘‘ਇੰਚਾਰਜ ਅਫ਼ਸਰ ਯੂ.ਐੱਨ. ਸ਼ਾਂਤੀ ਸੈਨਾ ਵਿਚ ਸ਼ਾਮਲ ਹੋਣ ਜਾ ਰਿਹਾ ਸੀ’’, ਪਰਵੇਜ਼ ਕਹਿੰਦਾ ਹੈ। ‘‘ਹਿੰਦੁਸਤਾਨ ਅਕਸਰ ਉਨ੍ਹਾਂ ਲੋਕਾਂ ਨੂੰ ਯੂ.ਐੱਨ. ਵਿਚ ਭੇਜਦਾ ਹੈ ਜਿਹੜੇ ਕਸ਼ਮੀਰ ਵਿਚ ਲੜਦੇ ਹਨ। ਇਹ ਮੁਲਕ ਲਈ ਇਕ ਵੱਡੀ ਪੈਸਾ ਬਣਾਉਣ ਵਾਲੀ ਮਸ਼ੀਨ ਹੈ....ਮਰ ਮੇਰੀ ਜਥੇਬੰਦੀ ਨੇ ਉਸ ਦਾ ਪਤਾ ਲਾ ਲਿਆ, ਅਤੇ ਉਸਦੇ ਜੁਰਮਾਂ ਬਾਰੇ ਯੂ.ਐੱਨ. ਨੂੰ ਵਿਸਤਾਰਤ ਸਬੂਤ ਭੇਜ ਦਿੱਤੇ। ਉਸ ਪਿੱਛੋਂ, ਉਸ ਦੀ ਅਰਜੀ ਖਾਰਜ ਹੋ ਗਈ।’’
ਦਰਅਸਲ ਮੈਂ ਹਿੰਦੁਸਤਾਨੀ ਯੂ.ਐੱਨ. ‘‘ਸ਼ਾਂਤੀ-ਸੈਨਿਕਾਂ’’ ਨੂੰ ਕਾਂਗੋ ਜਮਹੂਰੀ ਗਣਰਾਜ ਵਿਚ ਗੋਮਾ ਅੰਦਰ ਕਾਰਵਾਈ ਦੌਰਾਨ ਦੇਖਿਆ ਸੀ, ਜਿਥੇ ਯੂ.ਐੱਨ. ਐੱਚ.ਸੀ.ਆਰ (ਸ਼ਰਨਾਰਥੀਆਂ ਲਈ ਯੂ.ਐੱਨ. ਹਾਈ ਕਮਿਸ਼ਨਰ) ਦੇ ਸਾਬਕਾ ਮੁਖੀ ਮਾਸਾਕੋ ਯੋਨੇਕਾਵਾ ਨੇ ਹਿੰਦੁਸਤਾਨੀ ‘ਸ਼ਾਂਤੀ-ਸੈਨਿਕ ਦਸਤੇ’’ ਵਲੋਂ ਕੀਤੀਆਂ ਬਹੁਤ ਸਾਰੀਆਂ ਗ਼ੈਰਕਾਨੂੰਨੀ ਕਾਰਵਾਈਆਂ ਮੇਰੇ ਧਿਆਨ ਵਿਚ ਲਿਆਂਦੀਆਂ ਸਨ।
ਫਿਰ ਸ਼ੀ੍ਰਮਾਨ ਭੱਟ ਤੇ ਮੈਂ ਜੇਹਲਮ ਦਰਿਆ ਦੇ ਕੰਢੇ ਜਾ ਖੜ੍ਹੇ।
‘‘ਇਹ ਬਹੁਤ ਦੂਰ ਪਾਕਿਸਤਾਨ ਤਕ ਜਾਂਦਾ ਹੈ,’’ ਉਸ ਨੇ ਹਾਓਕਾ ਲਿਆ।
ਜਿਸ ਭਿਆਨਕਤਾ ਵਿੱਚੋਂ ਸ਼ੀ੍ਰਮਾਨ ਭੱਟ ਗੁਜ਼ਰਿਆ ਹੈ ਉਸ ਦੇ ਬਾਵਜੂਦ ਉਹ ਦਿਆਲੂ, ਸੱਜਣ ਪੁਰਸ਼ ਹੈ।
ਮੈਂ ਉਸ ਨੂੰ ਪੁੱਛਿਆ ਕੀ ਉਹ ਸੋਚਦਾ ਹੈ ਕਿ ਕਿਸੇ ਵਕਤ ਕਸ਼ਮੀਰ ਆਜ਼ਾਦੀ ਹਾਸਲ ਕਰ ਲਵੇਗਾ।
‘‘80% ਕਸ਼ਮੀਰੀ ਅਵਾਮ ਆਜ਼ਾਦੀ ਚਾਹੁੰਦੇ ਹਨ’’, ਉਸ ਕਹਿੰਦਾ ਹੈ। 80 ਫ਼ੀਸਦੀ ਬਹੁਤ ਜ਼ਿਆਦਾ ਹੁੰਦੀ ਹੈ, ਹੈ ਕਿ ਨਹੀਂ?’’
ਮੈਨੂੰ ਉਹ ਜਗਾ੍ਹ ਦਿਖਾਈ ਜਾ ਰਹੀ ਹੈ ਜਿਥੇ 1993 ’ਚ ਬੀ.ਐੱਸ.ਐੱਫ. ਵਲੋਂ ਪੂਰਾ ਇਲਾਕਾ ਤਬਾਹ ਕਰ ਦਿੱਤਾ ਗਿਆ ਸੀ। ਓਦੋਂ 53 ਲੋਕ ਮਾਰੇ ਗਏ। ਸਨ।
ਬਾਦ ਵਿਚ, ਅਸੀਂ ਅੱਧੀ ਰਾਤ ਨੂੰ ਇਕ ਘਰ ਜਾਂਦੇ ਹਾਂ ਜਿਥੇ ਕੁਛ ਦਿਨ ਪਹਿਲਾਂ ਹੀ ਹਿੰਦੁਸਤਾਨੀ ਸੁਰੱਖਿਆ ਤਾਕਤਾਂ ਅਤੇ ਮੁਜਾਹਿਦੀਨਾਂ ਦਰਮਿਆਨ ਲੜਾਈ ਹੋਈ ਸੀ।
ਸੋਪੋਰ ਅਜੇ ਵੀ ਲੜ ਰਿਹਾ ਹੈ।
ਪਰ ਉਥੇ ਭੈਅ ਦਾ ਆਲਮ ਹੈ। ਠੰਢ ਹੈ; ਹਰ ਪਾਸੇ ਭੈਅ ਹੈ।
ਕਈਆਂ ਨੇ ਮੈਨੂੰ ਦੱਸਿਆ ਕਿ ਹੁਣ ਲੋਕ ਮੁੱਢਲੀਆਂ ਲੋੜਾਂ ਦੀ ਸਪਲਾਈ ਦੀ ਥੁੜ੍ਹ ਦੇ ਖ਼ਿਲਾਫ਼ ਰੋਸ ਪ੍ਰਗਟਾਉਣ ਤੋਂ ਵੀ ਤ੍ਰਹਿੰਦੇ ਹਨ। ਕਿਸੇ ਨੂੰ ਲਾਪਤਾ ਕਰ ਦੇਣਾ ਮਾਮੂਲੀ ਗੱਲ ਹੈ।
ਮੈਨੂੰ ਦੱਸਿਆ ਗਿਆ ਕਿ ਇਥੇ ਹਿੰਦੁਸਤਾਨੀ ਤਾਕਤਾਂ ਨੌਜਵਾਨਾਂ ਨੂੰ ਟਾਕਰੇ ਤੋਂ ਪਾਸੇ ਰੱਖਣ ਲਈ ਸ਼ਰਾਬ ਤੇ ਹੋਰ ਨਸ਼ਿਆਂ ’ਤੇ ਲਾਉਣ ਦੇ ਯਤਨ ਕਰ ਰਹੀਆਂ ਹਨ।
ਪਰ ਹੋਰ ਕਹਿੰਦੇ ਹਨ: ਇਸ ਸ਼ਹਿਰ, ਸੋਪੋਰ, ਵਿਚ ਅਵਾਮ ਦੇ ਇਰਾਦੇ ਦਿ੍ਰੜ ਹਨ। ਉਹ ਟੱਕਰ ਲੈਂਦੇ ਹਨ। ਇਥੇ ਉਹ ਸਰਗਰਮ ਹਨ। ਇਹ ਸ਼ਹਿਰ ਵੱਡੀਆਂ ਸ਼ਖਸੀਅਤਾਂ ਪੈਦਾ ਕਰਦਾ ਹੈ! ਲੋਕ ਜੋ ਗੋਡੇ ਨਹੀਂ ਟੇਕਦੇ! ਹਿੰਦੁਸਤਾਨੀ ਤਾਕਤਾਂ ਇਸ ਨੂੰ ‘‘ਨਿੱਕਾ ਪਾਕਿਸਤਾਨ’’ ਕਹਿੰਦੀਆਂ ਹਨ।
ਕੀ ਐਨੀ ਵੱਡੀ ਜਾਬਰ ਤਾਕਤ ਨੂੰ ਸੱਚੀਓਂ ਹੀ ਹਰਾਇਆ ਜਾ ਸਕਦਾ ਹੈ, ਜੇ ਹਾਂ ਤਾਂ ਕਿਵੇਂ?
ਇਹ ਓਦੋਂ ਹੈ, ਇੱਥੋਂ ਤਕ ਕਿ ਸੋਪੋਰ ਵਿਚ; ਇੱਥੋਂ ਤਕ ਕਿ ਅੱਧੀ ਰਾਤ ਨੂੰ, ਇਕ ਉਸ ਘਰ ਦੇ ਸਾਹਮਣੇ ਜਿਥੇ ਪਿੱਛੇ ਜਹੇ ਅਸਲੀ ਲੜਾਈ ਹੋ ਕੇ ਹਟੀ ਸੀ, ਹਰ ਕੋਈ ਹਕੀਕਤਵਾਦੀ ਹੋ ਜਾਂਦਾ ਹੈ:
‘‘ਸਿਰਫ਼ ਕੌਮਾਂਤਰੀ ਦਬਾਅ ਮਦਦ ਕਰ ਸਕਦਾ ਹੈ!’’
ਇਕ ਸਮੇਂ ਬੰਦਾ ਗ਼ੈਰਕਾਨੂੰਨੀ ਹੱਤਿਆਵਾਂ, ਲਾਪਤਾ ਕਰ ਦੇਣ, ਤਸੀਹਿਆਂ ਅਤੇ ਜਬਰ-ਜਨਾਹਾਂ ਦੇ ਵਿਸਤਾਰੀ ਅਤੇ ਦਸਤਾਵੇਜ਼ੀ ਵੇਰਵੇ ਸੁਣਕੇ ਅੱਕ ਜਾਂਦਾ ਹੈ, ਦਿਮਾਗ ਤਕਰੀਬਨ ਸੁੰਨ ਹੋ ਜਾਂਦਾ ਹੈ।
ਇਕ ਸਮੇਂ ’ਤੇ ਜਾਕੇ ਮੈਨੂੰ ਇਕ ਐਸੇ ਬੰਦੇ ਬਾਰੇ ਸਬੂਤਾਂ ਦੇ ਰੂ-ਬ-ਰੂ ਕਰਾਇਆ ਗਿਆ ਜਿਸ ਨੂੰ ਫੜ੍ਹ ਲਿਆ ਗਿਆ ਸੀ, ਤਫ਼ਤੀਸ਼ ਕੀਤੀ ਗਈ ਅਤੇ ਜਦੋਂ ਲੱਗਿਆ ਕਿ ਉਹ ਬਾਗ਼ੀ ਹੈ ਤਾਂ ਉਸ ਦੇ ਦੋਵੇਂ ਪੈਰ ਵੱਢ ਦਿੱਤੇ ਗਏ। ਉਸ ਨੇ ਇਹ ਵੀ ਸਹਿ ਲਿਆ। ਬਾਦ ਵਿਚ ਜਦੋਂ ਉਹ ਅਜੇ ਹਿਰਾਸਤ ਵਿਚ ਸੀ, ਸੁਰੱਖਿਆ ਤਾਕਤਾਂ ਨੇ ਉਸ ਦੇ ਜਿਸਮ ਦੇ ਵੱਖ-ਵੱਖ ਅੰਗਾਂ ਤੋਂ ਵਾਹਵਾ ਮਾਸ ਲਾਹ ਕੇ ਰਿੰਨ੍ਹ ਲਿਆ ਅਤੇ ਉਸ ਨੂੰ ਕਈ ਦਿਨ ਉਹ ਖਾਣ ਲਈ ਮਜਬੂਰ ਕਰਦੇ ਰਹੇ। ਉਸ ਨੇ ਇਹ ਵੀ ਸਹਿ ਲਿਆ....। ਮਾਮਲੇ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨਿਆਂ ਦੀ ਮੰਗ ਕਰ ਰਹੀਆਂ ਹਨ। ਸਜ਼ਾ ਕਿਸੇ ਨੂੰ ਨਹੀਂ ਹੋਈ।
ਇਥੇ ਨਸਲਕੁਸ਼ੀ ਹੋ ਰਹੀ ਹੈ: ਭਿਆਨਕ, ਕਹਿਰ ਭਰੀ ਅਤੇ ਹਿੰਦੁਸਤਾਨ ਤੇ ਪੱਛਮ ਦੋਵਾਂ ਦਾ ਬੁਜ਼ਦਿਲ ਮੀਡੀਆ ਅਤੇ ਬੁੱਧੀਜੀਵੀ ਇਸ ਦੀ ਚਰਚਾ ਨਹੀਂ ਕਰਦੇ।
ਜੋ ਕਸ਼ਮੀਰ ਦੀ ਇਸ ਹਾਲਤ ਬਾਰੇ ਬੋਲਦੇ ਅਤੇ ਲਿਖਦੇ ਹਨ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ, ਮੁਲਕ ਬਦਰ ਕਰ ਦਿੱਤਾ ਜਾਂਦਾ ਹੈ ਅਤੇ ਜਿਸਮਾਨੀ ਕੁੱਟਮਾਰ ਵੀ ਕੀਤੀ ਜਾਂਦੀ ਹੈ।
ਅਰੁੰਧਤੀ ਰਾਏ ਨੂੰ ਵਾਰ-ਵਾਰ ਦੇਸ਼-ਧੋ੍ਰਹੀ ਕਿਹਾ ਗਿਆ, ਮੁਕੱਦਮਾ ਚਲਾਉਣ ਅਤੇ ਉਮਰ ਕੈਦ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਹਰਮਨਪਿਆਰੇ ਰੇਡੀਓ ਹੋਸਟ ਡੇਵਿਡ ਬਰਸਾਮੀਆਂ (ਆਲਟ੍ਰਨੇਟਿਵ ਰੇਡੀਓ ਅਮੈਰਿਕਾ ਦੇ ਬਾਨੀ) ਨੂੰ ਹਿੰਦੁਸਤਾਨ ’ਚੋਂ ਕੱਢ ਦਿੱਤਾ ਗਿਆ, ਕੋਈ ਕਾਰਨ ਵੀ ਨਹੀਂ ਦੱਸਿਆ ਗਿਆ।
ਅਕਤੂਬਰ 2011 ’ਚ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਵਲੋਂ ਕਸ਼ਮੀਰ ਬਾਰੇ ਟਿੱਪਣੀਆਂ ਕੀਤੇ ਜਾਣ ’ਤੇ ਸੁਪਰੀਮ ਕੋਰਟ ਦੇ ਅੰਦਰ ਚੈਂਬਰ ਵਿਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸ਼੍ਰੀ ਭੂਸ਼ਨ ਨੇ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਅਤੇ ਫ਼ੌਜੀਕਰਨ ਦੀ ਗੱਲ ਕੀਤੀ ਸੀ।
ਕਸ਼ਮੀਰ ਵਿਚ ਮਹਿਜ਼ ਹਿੰਦੁਸਤਾਨੀ ਹੀ ਨਹੀਂ ਸਗੋਂ ਬਦੇਸ਼ੀ ਸੈਲਾਨੀ ਵੀ ਤੁਰੇ ਰਹਿੰਦੇ ਹਨ। ਉਹ ਗੁਲਮਾਰਗ ਵਿਚ ਬਰਫ਼ ’ਤੇ ਚਹਿਲਕਦਮੀਂ ਕਰਨ ਅਤੇ ਸਨੋਅ-ਬੋਰਡਿੰਗ ਕਰਨ ਜਾਂ ਲੱਦਾਖ਼ ਪਹਾੜਾਂ ’ਤੇ ਪੈਦਲ ਸਫ਼ਰ ਲਈ ਜਾਂਦੇ ਹਨ। ਇਥੇ ਯੂਰਪੀ ਤੇ ਇਸਰਾਇਲੀ, ਅਤੇ ਕੁਝ ਲਾਤੀਨੀ ਅਮਰੀਕੀ ਸੈਲਾਨੀ ਜਾਂਦੇ ਹਨ।
ਬਹੁਤ ਸਾਰੇ ਸਥਾਨਕ ਲੋਕ ਇਸ ਨੂੰ ‘‘ਬਲਾਤਕਾਰਸਤਾਨ ਦਾ ਭਿਆਨਕ ਸੈਰਸਪਾਟਾ’’ ਕਹਿੰਦੇ ਹਨ।
ਗੁਲਮਾਰਗ ਵਿਚ ਪਹਾੜਾਂ ਉਪਰ ਮੈਨੂੰ ਕਈ ਜੋੜੇ ਮਿਲੇ। ਬਹੁਤ ਉਚਾਈ ਉਪਰ ਬੇਹੱਦ ਤਾਜ਼ੀ ਹਵਾ ਨਾਲ ਲਾਲ ਸੂਹੀਆਂ ਗੱਲ੍ਹਾਂ ਵਾਲੇ। ਮੈਂ ਬਰਫ਼ ’ਤੇ ਚਹਿਲਕਦਮੀਂ ਕਰ ਰਹੇ ਇਕ ਬਰਤਾਨਵੀ ਜੋੜੇ, ਤੇ ਛੁੱਟੀਆਂ ਕੱਟਣ ਆਏ ਇਕ ਜਰਮਨ ਜੋੜੇ ਨਾਲ ਗੱਲ ਤੋਰੀ। ਕਸ਼ਮੀਰ ਵਿਚ ਜੋ ਹੋ ਰਿਹਾ ਸੀ ਉਸ ਬਾਰੇ ਉਨ੍ਹਾਂ ਨੂੰ ਕੁਛ ਪਤਾ ਨਹੀਂ ਸੀ। ਜਦੋਂ ਮੈਂ ਉਨ੍ਹਾਂ ਦੇ ਥੋੜ੍ਹਾ ਖਹਿੜੇ ਹੀ ਪੈ ਗਿਆ ਕਿ ‘‘ਤੁਸੀਂ ਫ਼ੌਜੀ ਬੰਕਰ, ਫ਼ੌਜ ਦੀ ਆਵਾਜਾਈ ਅਤੇ ਨਾਕੇ ਇਹ ਸਭ ਤਾਂ ਦੇਖਿਆ ਹੋਵੇਗਾ’’ ਤਾਂ ਉਨ੍ਹਾਂ ਦਾ ਸਿੱਧਾ ਜਿਹਾ ਜਵਾਬ ਸੀ: ‘‘ਹਾਂ... ਠੀਕ ਹੈ, ਹਿੰਦੁਸਤਾਨ ਨੂੰ ਦਹਿਸ਼ਤਵਾਦ ਦੇ ਮਸਲੇ ਲਈ ਕੁਝ ਤਾਂ ਕਰਨਾ ਹੀ ਪਵੇਗਾ, ਹੈ ਨਾ?’’
ਇਹ ਤੱਥ ਬਾਕਾਇਦਾ ਲਿਖਤਾਂ ’ਚ ਆ ਚੁੱਕਾ ਹੈ ਕਿ ਅਮਰੀਕੀ ਸਲਤਨਤ ਕੁਲ ਆਲਮ ਵਿਚ ਬਹੁਤ ਸਾਰੇ ਮੁਲਕਾਂ ਉਪਰ ਟੇਕ ਰੱਖਕੇ ਚੱਲ ਰਹੀ ਹੈ, ਇਸ ਦੇ ਹਿੱਤ ਲਈ ਉਹ ਆਪਣੇ ‘‘ਆਂਢ-ਗੁਆਂਢ’’ ਵਿਚ ਦਹਿਸ਼ਤ ਫੈਲਾਉਦੇ ਹਨ, ਇੱਥੋਂ ਤਕ ਕਿ ਆਮ ਹੀ ਆਪਣੇ ਹੀ ਲੋਕਾਂ ਨੂੰ ਤਸੀਹੇ ਦਿੰਦੇ ਹਨ। ਮਸਲਨ, ਇਹ ਮੁਲਕ ਅਫ਼ਰੀਕਾ ਵਿਚ ਰਵਾਂਡਾ, ਯੂਗਾਂਡਾ ਤੇ ਕੀਨੀਆ, ਲਾਤੀਨੀ ਅਮਰੀਕਾ ਵਿਚ ਹਾਂਡੂਰਸ ਅਤੇ ਕੋਲੰਬੀਆ, ਮੱਧ ਪੂਰਬ ਵਿਚ ਇਸਰਾਇਲ, ਸਾੳੂਦੀ ਅਰਬ ਅਤੇ ਕਤਰ, ਇੰਡੋਨੇਸ਼ੀਆ, ਥਾਈਲੈਂਡ ਅਤੇ ਹੁਣ ਦੱਖਣੀ ਏਸ਼ੀਆ ਵਿਚ ਹਿੰਦੁਸਤਾਨ ਹਨ।
ਜ਼ਿਆਦਾਤਰ ਵਹਿਸ਼ੀ ਝੋਲੀਚੁੱਕ ਰਾਜਾਂ ਨੂੰ ‘ਜਮਹੂਰੀਅਤਾਂ’, ਸਹਿਣਸ਼ੀਲ, ਅਗਵਾਈ ਦੇਣ ਦੇ ਯੋਗ ਮਿਸਾਲਾਂ ਦੱਸਿਆ ਜਾਂਦਾ ਹੈ।
ਇਨ੍ਹਾਂ ਮੁਲਕਾਂ ਨੂੰ ‘ਮੁਸਕਾਨ ਬਖੇਰਦੇ ਮੁਲਕ’, ਜਾਂ ‘ਅਹਿੰਸਕ ਸੰਸ�ਿਤੀਆਂ’’ ਵਜੋਂ ਵਡਿਆਇਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਹਾਸੋਹੀਣਾ ਹੈ, ਪਰ ਕਿਸੇ ਕਾਰਨ ਬਹੁਤੇ ਲੋਕਾਂ ਨੂੰ ਇਹ ਹਾਸੋਹੀਣਾ ਨਹੀਂ ਜਾਪਦਾ।
ਕਿਉਕਿ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੈ। ਕਿਉਕਿ ਵਹਿਸ਼ਤ ਅਤੇ ਸਨਕੀਪਣ ਅੱਜ ਵੀ ਮੁਨਾਫ਼ੇ ਦਾ ਸਾਧਨ ਹੈ।
ਅਤੇ ਇਹ ਪਹੁੰਚ ਬੰਦ ਹੋਣੀ ਚਾਹੀਦੀ ਹੈ! ਇਨਸਾਨੀਅਤ ਦੇ ਖ਼ਿਲਾਫ਼ ਵਹਿਸ਼ੀ ਜੁਰਮਾਂ ਨੂੰ ਨੰਗਾ ਕਰਨਾ ਹੋਵੇਗਾ। ਹਜ਼ਾਰਾਂ ਬੇਕਸੂਰ ਅਵਾਮ ਨੂੰ ਕਤਲ ਕਰ ਰਹੇ ਮੁਲਕਾਂ ਨੂੰ ਜਨਤਕ ਤੌਰ ’ਤੇ ਸ਼ਰਮਿੰਦਾ ਕਰਨਾ ਹੋਵੇਗਾ ਅਤੇ ਉਨ੍ਹਾਂ ਨਾਲ ਕੌਮਾਂਤਰੀ ਪੱੱਧਰ ’ਤੇ ਨਜਿੱਠਣਾ ਹੋਵੇਗਾ। ਇਹ ਕਹਿਣ ਦੀ ਲੋੜ ਨਹੀਂ ਕਿ ਅਮਰੀਕੀ ਸਲਤਨਤ ਦੇ ਤਾਬਿਆਦਾਰ ਅਤੇ ਆਜ਼ਾਦੀ ਲਈ ਤਾਂਘਦੇ ਲੋਕਾਂ ਨੂੰ ਤਸੀਹੇ ਦੇਣ ਵਾਲੇ ਤੇ ਉਨ੍ਹਾਂ ਨਾਲ ਜਬਰ-ਜਨਾਹ ਕਰਨ ਵਾਲੇ ਅਤੇ ਨਾਲ ਹੀ ਆਪਣੇ ਹੀ ਗ਼ਰੀਬ ਲੋਕਾਂ ਨੂੰ ਬੇਇੱਜ਼ਤ ਕਰਨ ਵਾਲੇ ਰਾਜ ਦੀ ਕਦੇ ਵੀ ਬਰਿੱਕਸ ਵਰਗੀਆਂ ਜਥੇਬੰਦੀਆਂ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ!
ਜਿਵੇਂ ਮੈਂ ਇਕਰਾਰ ਕੀਤਾ ਸੀ, 26 ਜਨਵਰੀ ਨੂੰ ਮੈਂ ਸ੍ਰੀਨਗਰ ਦੀ ਵੱਡੀ ਮਸਜਿਦ ਦੇ ਇਲਾਕੇ ’ਚ ਮੁੜ ਆਇਆ। ਮੈਂ ਮੁੰਡਿਆਂ ਦੇ ਪਿੱਛੇ ਤੁਰਦਾ ਰਿਹਾ। ਕੁਛ ਗਲੀਆਂ ਅੱਗੇ ਜਾ ਕੇ, ਦੁਪਹਿਰ ਦੇ ਦੋ ਵਜੇ ਲੜਾਈ ਸ਼ੁਰੂ ਹੋ ਗਈ।
ਇਹ ਅਨਾੜੀ ਅਤੇ ਸਖ਼ਤ ਸੀ, ਅਤੇ ਸਾਫ਼ ਤੌਰ ’ਤੇ ਇਹ ਫ਼ਲਸਤੀਨ ਵਰਗੀ ਸੀ।
ਇਕੋ-ਇਕ ਵੱਡਾ ਫ਼ਰਕ ਇਹ ਸੀ ਕਿ ਮੈਨੂੰ ਛੱਡਕੇ ਉਥੇ ਸਥਾਨਕ ਨੌਜਵਾਨਾਂ ਦੇ ਹੌਸਲੇ, ਤੇ ਨਾਲ ਹੀ ਹਿੰਦੁਸਤਾਨੀ ਰਾਜ ਵਲੋਂ ਕਸ਼ਮੀਰੀ ਅਵਾਮ ਦੇ ਦਮਨ ਨੂੰ ਬਿਆਨ ਕਰਨ ਵਾਲਾ ਕੋਈ ਗਵਾਹ ਨਹੀਂ ਸੀ।
ਦੋ ਦਿਨ ਬਾਦ ਮੈਂ ਗੁਲਮਾਰਗ ਵਿਚ ਏਸ਼ੀਆ ਦੀ ਸਭ ਤੋਂ ਲੰਮੀ ਕੇਬਲ ਕਾਰ ’ਤੇ ਸਵਾਰ ਹੋਇਆ। ਮੈਂ ਦੇਖਣਾ ਚਾਹੁੰਦਾ ਸੀ ਕਿ ‘ਉਥੇ ਪਹਾੜੀ ਉਪਰ ਕੀ ਸੀ’। ਨਿਸ਼ਚੇ ਹੀ ਉਥੇ ਇਕ ਫ਼ੌਜੀ ਅੱਡਾ ਹੈ!
ਹੇਠਾਂ ਉਤਰਦੇ ਵਕਤ, ਬਿਜਲੀ ਗੁੱਲ ਹੋ ਗਈ ਅਤੇ ਸਾਡਾ ਆਸਮਾਨੀ ਸ਼ਿਕਾਰਾ ਹਵਾ ’ਚ ਬੰਦ ਹੋਕੇ ਲਟਕ ਗਿਆ। ਬੂਹਾ ਬੰਦ ਨਹੀਂ ਹੁੰਦਾ, ਅਤੇ ਥਾਂ ਥਾਂ ਮੋਰੀਆਂ ਸਨ। ਆਖ਼ਿਰ, ਇਹ ਹਿੰਦੁਸਤਾਨ ਸੀ। ਜੇ ਕੁਛ ਮਿੰਟਾਂ ਬਾਦ ਇਹ ਬੇਕਾਰ ਚੀਜ਼ ਚੱਲਣੀ ਸ਼ੁਰੂ ਨਾ ਹੁੰਦੀ, ਉਥੇ ਹੀ ਕੁਲਫ਼ੀ ਜੰਮਕੇ ਮੈਂ ਅੱਲਾ ਨੂੰ ਪਿਆਰਾ ਹੋ ਜਾਣਾ ਸੀ।
ਹਿੰਦੁਸਤਾਨ ਇਸ ਧਰਤੀ ਉਪਰਲੀਆਂ ਕੁਛ ਸਭ ਤੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ: ਅਣਪੜ੍ਹਤਾ ਤੋਂ ਲੈ ਕੇ ਘੋਰ ਗ਼ਰੀਬੀ ਤਕ। ਵਿਹਾਰਕ ਤੌਰ ’ਤੇ ਗੱਲ ਕੀਤੀ ਜਾਵੇ, 7 ਲੱਖ ਸੁਰੱਖਿਆ ਤਾਕਤਾਂ ਦਾ ਸਾਲਾਨਾ ਲਾਗਤ ਖ਼ਰਚਾ ਅਰਬਾਂ ਡਾਲਰਾਂ ’ਚ ਹੈ। ਜੇ ਹਿੰਦੁਸਤਾਨੀ ਕੁਲੀਨ ਤਬਕੇ, ਹਕੂਮਤ ਅਤੇ ਫ਼ੌਜ ਨੂੰ ਕਸ਼ਮੀਰੀ ਅਵਾਮ ਅਤੇ ਉਨ੍ਹਾਂ ਦੇ ਬੁਰੇ ਹਾਲ ਦੀ ਪ੍ਰਵਾਹ ਨਹੀਂ, ਘੱਟੇਘੱਟ ਉਹ ਆਪਣੇ ਗ਼ਰੀਬਾਂ ਦੀ ਪ੍ਰਵਾਹ ਤਾਂ ਕਰਨ!
ਕਸ਼ਮੀਰ ਨੂੰ ਉਸ ਦੀ ਇੱਛਾ ਦੇ ਵਿਰੁੱਧ ਕਬਜ਼ੇ ’ਚ ਰੱਖਣ ਦਾ ਹਿੰਦੁਸਤਾਨ ਅਤੇ ਇਸ ਦੇ ਅਵਾਮ ਨੂੰ ਕੋਈ ਫ਼ਾਇਦਾ ਨਹੀਂ ਹੋਣ ਲੱਗਿਆ। ਨਿਸ਼ਚੇ ਹੀ ਇਹ ਗ਼ੈਰਜਮਹੂਰੀ ਅਤੇ ਵਹਿਸ਼ੀ ਹੈ....। ਅਤੇ ਉੱਕਾ ਹੀ ਗ਼ੈਰਜ਼ਰੂਰੀ ਹੈ!
ਕਸ਼ਮੀਰ ਵਿਚ ਤੁਹਾਡਾ ਸਵਾਗਤ ਹੈ! ਇਸ ਦੀ ਖ਼ੂਬਸੂਰਤੀ ਸੱਚੀਓਂ ਹੀ ਦੰਦ-ਕਥਾਵਾਂ ਵਾਲੀ ਹੈ। ਇਸ ਦੀਆਂ ਝੀਲਾਂ, ਪਰਬਤਮਾਲਾ, ਡੂੰਘੀਆਂ ਘਾਟੀਆਂ ਅਤੇ ਦਰਿਆ ਮਾਣਮੱਤੇ ਅਤੇ ਦਿਲ ਨੂੰ ਧੂਹ ਪਾਉਣ ਵਾਲੇ ਹਨ। ਲੋਕੀ ਮਿਲਣਸਾਰ, ਆਓ-ਭਗਤ ਕਰਨ ਵਾਲੇ, ਪਰ ਇਰਾਦੇ ਦੇ ਪੱਕੇ।
ਕਸ਼ਮੀਰ ਲਹੂ-ਲੁਹਾਣ ਹੈ। ਇਸ ਦੀਆਂ ਘਾਟੀਆਂ ਕੰਡੇਦਾਰ ਤਾਰਾਂ ਨੇ ਵੰਡ ਦਿੱਤੀਆਂ ਹਨ। ਇਸ ਦੀਆਂ ਔਰਤਾਂ ਨਾਲ ਜਬਰ-ਜਨਾਹ ਕੀਤੇ ਜਾਂਦੇ ਹਨ। ਇਸ ਦੇ ਮਰਦ ਤਸੀਹੇ ਅਤੇ ਜ਼ਲਾਲਤ ਝੱਲਦੇ ਹਨ। ਕਸ਼ਮੀਰੀ ਅਵਾਮ ਦੀਆਂ ਚੀਕਾਂ ਦਬਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੇ ਮੰਦੇ ਹਾਲ, ਉਨ੍ਹਾਂ ਦੀ ਪੀੜਾ ਬਾਰੇ ਦੁਨੀਆ ਕੁਝ ਨਹੀਂ ਜਾਣਦੀ।
7 ਲੱਖ ਸੁਰੱਖਿਆ ਤਾਕਤਾਂ 300 ਕੁ ਬੰਦਿਆਂ ਨਾਲ ਲੜ ਰਹੀਆਂ ਹਨ! ਅਤੇ ਉਹ ਜਿੱਤ ਨਹੀਂ ਸਕਦੀਆਂ। ਕਿਉ? ਜਵਾਬ ਸਿੱਧਾ ਜਿਹਾ ਹੈ। ਵਜਾ੍ਹ ਇਹ ਹੈ ਕਿ ਧਰਤੀ ਉਪਰ ਹੁਣ ਤਕ ਕੋਈ ਵੀ ਵਹਿਸ਼ੀ ਤਾਕਤ ਆਪਣੀ ਸਰਜ਼ਮੀਨ ਦੀ ਹੋਂਦ ਨੂੰ ਬਚਾਉਣ ਲਈ ਜੂਝਣ ਵਾਲਿਆਂ ਨੂੰ ਕਦੇ ਹਰਾ ਨਹੀਂ ਸਕੀ, ਜਿਨ੍ਹਾਂ ਨੂੰ ਉਹ ਐਨੀ ਪਿਆਰੀ ਹੈ! (8 ਫਰਵਰੀ 2015)
Jaswinder Kaur Dhillon
well written.