ਹੁਣ ਤੱਕ ਹੀ ਦਹਾਕੇ ਪਹਿਲਾਂ, ਬੁਰਜੁਆਜ਼ੀ ਨਾਲ਼ ਸਾਂਝਾ ਮੋਰਚਾ ਬਣਾਉਣ ਦੀ ਇਸ ਬੋਗਸ ਨੀਤੀ ਨੇ, ਚੀਨੀ ਇਨਕਲਾਬ ਦੀ ਸੰਘੀ ਘੁੱਟ ਦਿੱਤੀ ਸੀ। ''ਸਰਮਾਏਦਾਰ ਜਮਾਤ ਅਤੇ ਮਜ਼ਦੂਰ ਜਮਾਤ ਦਰਮਿਆਨ ਗਠਜੋੜ ਹੋ ਸਕਦਾ ਹੈ'', 'ਪਾਪੁਲਰ ਫਰੰਟ' ਦੀ ਇਹ ਪ੍ਰਸਥਾਪਨਾ ਮੇਨਸ਼ਵਿਕਾਂ ਦੀ ਸੀ ਜਿਸਦਾ ਲੈਨਿਨ ਅਤੇ ਤਰਾਤਸਕੀ ਨੇ ਰੂਸੀ ਇਨਕਲਾਬ 'ਚ ਸ਼ੁਰੂ ਤੋਂ ਅੰਤ ਤੱਕ ਵਿਰੋਧ ਕੀਤਾ ਸੀ। ਸਤਾਲਿਨ ਅਤੇ ਦੂਜੇ ਬਾਲਸ਼ਵਿਕ ਆਗੂਆਂ ਨੇ ਫਰਵਰੀ 1917 'ਚ ਇਸ ਮੇਨਸ਼ਵਿਕ ਫਾਰਮੂਲੇ 'ਤੇ ਅਮਲ ਕਰਦੇ, ਪੂੰਜੀਵਾਦੀ ਅਸਥਾਈ ਸਰਕਾਰ ਦੀ ਹਿਮਾਇਤ ਕੀਤੀ। ਲੈਨਿਨ ਨੇ ਇਸਦੀ ਕੜੀ ਅਲੋਚਨਾ ਕੀਤੀ। ਲੈਨਿਨ ਦੀ ਮੌਤ ਮਗਰੋਂ, ਸਤਾਲਿਨ ਨੇ ਇਸਨੂੰ ਚੀਨੀ ਇਨਕਲਾਬ 'ਤੇ ਜ਼ਬਰੀ ਥੋਪਦੇ ਹੋਏ ਬੁਰਜੁਆ ਕੌਮਿਨਤਾਂਗ ਨੂੰ 'ਲੋਕਮੋਰਚਾ' ਦੱਸਿਆ। ਨਤੀਜਾ ਸੀ- ਸਰਵਨਾਸ਼। ਇਸ ਨੀਤੀ ਨੇ ਬ੍ਰਿਟੇਨ 'ਚ 1926 ਦੀ ਆਮ ਹੜਤਾਲ ਨੂੰ ਪ੍ਰੋਲੇਤਾਰੀ ਇਨਕਲਾਬ 'ਚ ਬਦਲਣ ਤੋਂ ਰੋਕ ਦਿੱਤਾ। ਚਾਰੇ ਪਾਸਿਉਂ ਪਿੱਟ ਕੇ, ਸਤਾਲਿਨ ਵਾਪਸ ਘੁੰਮਿਆ ਅਤੇ 1928 'ਚ ਐਲਾਨ ਕੀਤਾ ਕਿ ਸੰਸਾਰ ਇਨਕਲਾਬੀ ਯੁੱਗ 'ਚ ਦਾਖਿਲ ਹੋ ਚੁੱਕਿਆ ਹੈ। 'ਤੀਜੇ ਦੌਰ' ਦੀ ਇਸ ਕਾਲਪਨਿਕ ਨੀਤੀ ਦੇ ਚਲਦੇ ਪਹਿਲਾਂ ਸਤਾਲਿਨ ਨੇ ਜਰਮਨੀ 'ਚ ਫਾਸਿਸਟਾਂ ਵਿਰੁੱਧ ਸ਼ੋਸ਼ਲ-ਡੈਮੋਕਰੇਟਾਂ ਨਾਲ਼ ਸਾਂਝਾ ਮੋਰਚਾ ਬਣਾਉਣ ਤੋਂ ਇਨਕਾਰ ਕਰ ਦਿੱਤਾ, ਫਿਰ 'ਰੈਡ-ਰੈਫੇਂਡਮ' 'ਚ ਸਿੱਧੇ ਉਹਨਾਂ (ਫਾਸੀਵਾਦੀਆਂ) ਦੀ ਹਿਮਾਇਤ ਕੀਤੀ. ਇਸ ਨਾਲ਼ 'ਪਾਪੁਲਰ ਫਰੰਟਿਜ਼ਮ' ਨੂੰ ਦੁਬਾਰਾ ਲਾਗੁ ਕਰਦੇ 1935 'ਚ ਫਿਰ ਬੁਰਜੁਆ ਪਾਰਟੀਆਂ ਨਾਲ਼ ਮੋਰਚਾ ਬਣਾਇਆ ਜਿਸਨੇ ਬਚੀ-ਖੁਚੀ ਕਸਰ ਪੂਰੀ ਕਰ ਦਿੱਤੀ। ਇਸੇ ਦੋਚਿੱਤੀ ਦਰਮਿਆਨ ਪਹਿਲਾਂ ਬ੍ਰਿਟੇਨ-ਫਰਾਂਸ ਨਾਲ਼, ਫਿਰ ਹਿਟਲਰ ਨਾਲ਼ ਅਤੇ ਫਿਰ ਮੁੜ ਬ੍ਰਿਟੇਨ-ਫਰਾਂਸ ਨਾਲ਼ ਮੋਰਚਾ ਕਾਇਮ ਕੀਤਾ ਗਿਆ। ਨਤੀਜਾ ਸੀ ਦੂਜੀ ਸੰਸਾਰ ਜੰਗ ਅਤੇ ਸੰਸਾਰ-ਪੂਜੀਵਾਦ ਦੀ ਮੁੜ-ਬਹਾਲੀ। ਜਿਸਦਾ ਨਤੀਜਾ ਪੂਰਾ ਸੰਸਾਰ ਅੱਜ ਤੱਕ ਭੁਗਤ ਰਿਹਾ ਹੈ। ਜੁਲਾਈ 1939 ਦੀ ਤਰਾਤਸਕੀ ਦਾ ਇਹ ਖ਼ਤ ਇਤਿਹਾਸਕ ਘਟਨਾਕ੍ਰਮ ਦੇ ਇਸ ਵਾਵਰੋਲੇ ਦਰਮਿਆਨ ਲਿਖਿਆ ਗਿਆ। ਜਿਸ 'ਚ ਤਰਾਤਸਕੀ ਨੇ, ਭਾਰਤੀ ਮਜ਼ਦੁਰਾਂ ਨੂੰ, ਸਤਾਲਿਨਵਾਦੀ ਕਮਿਉਨਿਸਟ ਪਾਰਟੀ ਦੀ ਬੋਗਸ ਨੀਤੀ ਨੂੰ ਨਕਾਰਦੇ ਹੋਏ, ਬ੍ਰਿਟਿਸ਼ ਸੱਤਾ ਦਾ ਤਖ਼ਤਾ ਉਲਟਾਉਣ ਦੀ ਮੰਗ ਕੀਤੀ। ਇਸ ਚਿੱਠੀ 'ਚ ਤਰਾਤਸਕੀ ਨੇ ਦਿਖਾਇਆ ਕਿ ਫਾਸਿਜ਼ਮ ਵਿਰੁੱਧ ਸਾਮਰਾਜਵਾਦੀ ਬ੍ਰਿਟੇਨ ਦੀ ਨੀਤੀ ਝੂਠੀ ਹੈ ਅਤੇ ਉਹ ਉਸ ਦੇ ਲੁਕੇ ਸਵਾਰਥਾਂ 'ਤੇ ਅਧਾਰਿਤ ਹੈ। ਤਰਾਤਸਕੀ ਨੇ ਦਾਅਵਾ ਕੀਤਾ ਕਿ ਫਾਸਿਜ਼ਮ, ਸਾਮਰਾਜਵਾਦ ਦਾ ਅਭਿੰਨ ਅੰਗ ਹੈ ਅਤੇ ਸਿਰਫ ਮਜ਼ਦੂਰ ਜਮਾਤ ਹੀ ਉਸਦੀ ਇੱਕੋ-ਇੱਕ ਵਿਰੋਧੀ ਹੈ। ਤਰਾਤਸਕੀ ਨੇ, ਸਾਮਰਾਜਵਾਦ ਦੇ ਸਾਰੇ ਸੰਬੰਧ ਤੋੜਨ ਦੀ ਮੰਗ ਕਰਦੇ ਹੋਏ, ਸਾਮਰਾਜਵਾਦ ਵਿਰੁੱਧ ਮਜ਼ਦੂਰ-ਕਿਸਾਨ ਮੋਰਚੇ ਦੀ ਵਕਾਲਤ ਕੀਤੀ। ਅਲਜੀਰੀਆ ਤੋਂ ਵੀਅਤਨਾਮ ਤੱਕ ਵੱਖ-ਵੱਖ ਦੇਸ਼ਾਂ ਵਿੱਚ ਸਤਾਲਿਨਵਾਦੀਆਂ ਦੀ ਗੱਦਾਰੀ ਨੂੰ ਨੰਗਾ ਕਰਦੇ ਹੋਏ ਤਰਾਤਸਕੀ ਇੰਟਰਨੈਸ਼ਨਲ ਨੂੰ ਇਨਕਲਾਬੀ ਤਾਕਤਾਂ ਦਾ ਕੇਂਦਰਕ ਬਣਾਉਣ ਦਾ ਹੋਕਾ ਦਿੱਤਾ। ਤਰਾਤਸਕੀ ਨੇ ਸੱਪਸ਼ਟ ਕੀਤਾ ਕਿ ਸਤਾਲਿਨ ਅਤੇ ਉਸਦੀ ਲੀਡਰਸ਼ੀਪ 'ਚ ਕੋਮਿੰਨਟਰਨ ਦਾ ਪੂਰਾ ਪ੍ਰੋਗਰਾਮ, ਕੌਮਾਂਤਰੀ ਮਜ਼ਦੂਰ ਜਮਾਤ ਤੋਂ ਨਹੀਂ ਸਗੋਂ ਕ੍ਰੇਮਲਿਨ ਬਿਉਰੋਕ੍ਰੇਸੀ ਦੇ ਸੀਮਤ, ਲੁਕੇ, ਤੰਗ ਅਤੇ ਕੌਮੀ ਹਿਤਾਂ ਤੋਂ ਪ੍ਰੇਰਿਤ ਹੈ। ਗਾਂਧੀ ਨੂੰ ਝੂਠਾ ਆਗੂ ਅਤੇ ਪ੍ਰਚਾਰਕ ਦੱਸਦੇ ਹੋਏ ਤਰਾਤਸਕੀ ਨੇ ਦਾਅਵਾ ਕੀਤਾ ਕਿ ਭਾਰਤੀ ਬੁਰਜੁਆਜੀ ਪ੍ਰਤੀਕਿਰਿਆਵਾਦੀ ਹੈ ਅਤੇ ਉਹ ਬਸਤੀਵਾਦ ਵਿਰੁੱਧ ਸੰਘਰਸ਼ ਨਹੀਂ, ਸਮਝੌਤਾ ਕਰੇਗੀ, ਇਤਿਹਾਸ ਨੇ ਇਸਨੂੰ ਬਿਲਕੁਲ ਸਹੀ ਸਾਬਿਤ ਕੀਤਾ। - ਰਾਜੇਸ਼ ਤਿਆਗੀ
ਪ੍ਰਬਲ ਅਤੇ ਭਿਆਨਕ ਘਟਨਾਵਾਂ ਨਿਰਦਈ ਤਾਕਤ ਨਾਲ਼ ਦਸਤਕ ਦੇ ਰਹੀਆਂ ਹਨ। ਮਨੁੱਖਤਾ ਅੱਜ ਇੱਕ ਭਿਅੰਕਰ ਜੰਗ ਦੀ ਸੰਭਾਵਨਾ ਦੇ ਖਦਸ਼ੇ 'ਚ ਹੈ ਅਤੇ ਇਸ ਉਥਲ-ਪੁੱਥਲ ਦੀ ਧੁਰੀ 'ਚ ਬਸਤੀਵਾਦੀ ਮੁਲਕਾਂ ਨੂੰ ਵੀ ਸਮੇਟਿਆ ਜਾ ਚੁੱਕਾ ਹੈ, ਜੋ ਉਹਨਾਂ ਦੀ ਕਿਸਮਤ ਨੂੰ ਤੈਅ ਵੀ ਕਰੇਗੀ। ਬ੍ਰਿਟਿਸ਼ ਸਰਕਾਰ ਦੇ ਦਲਾਲ ਅਜਿਹਾ ਪ੍ਰਚਾਰ ਕਰ ਰਹੇ ਹਨ ਕਿ ਇਹ ਲੜਾਈ ਜਮਹੂਰੀਅਤ ਦੇ ਸਿਧਾਂਤਾਂ ਲਈ ਲੜੀ ਜਾ ਰਹੀ ਹੈ ਅਤੇ ਫਾਸਿਜ਼ਮ ਤੋਂ 'ਜਮਹੂਰੀਅਤ' ਦੀ ਰੱਖਿਆ ਕਰਨਾ ਹੀ ਉਹਨਾਂ ਦਾ ਸਭ ਤੋਂ ਵੱਡਾ ਉਦੇਸ਼ ਹੈ। ਬਹੁਤ ਜ਼ੋਰ ਸ਼ੋਰ ਨਾਲ਼ ਇਹ ਕਹਿ ਰਹੇ ਹਨ ਕਿ ਸੰਸਾਰ ਦੇ ਸਾਰੇ ਲੋਕਾਂ ਅਤੇ ਜਮਾਤਾਂ ਨੂੰ ਸ਼ਾਂਤੀਪ੍ਰੇਮੀ 'ਜਮਹੂਰੀ' ਸਰਕਾਰਾਂ ਪਿੱਛੇ ਕਮਰ ਕੱਸ ਕੇ ਖੜਾ ਹੋ ਜਾਣਾ ਚਾਹੀਦਾ ਹੈ ਤਾਂ ਕਿ ਫਾਸਿਸਟ ਹਮਲਾਵਰ ਨੂੰ ਖਦੇੜਿਆ ਜਾ ਸਕੇ। ਅਜਿਹਾ ਕਰਨਾ ਨਾਲ਼ ਹੀ 'ਜਮਹੂਰੀਅਤ' ਦੀ ਰੱਖਿਆ ਹੋ ਸਕੇਗੀ ਅਤੇ 'ਸ਼ਾਂਤੀ' ਦੀਆਂ ਤਾਕਤਾਂ ਨੂੰ ਸਥਾਪਿਤ ਕੀਤਾ ਜਾ ਸਕੇਗਾ।
ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ 'ਸ਼ਾਂਤੀ' ਅਤੇ 'ਜਮਹੂਰੀਅਤ' ਦਾ ਇਹ ਉਪਦੇਸ਼ ਇੱਕ ਬਹੁਤ ਵੱਡਾ ਢੰਕਵਜ ਹੈ। ਜੇਕਰ ਬ੍ਰਿਟਿਸ਼ ਸਰਕਾਰ ਨੂੰ ਜਮਹੂਰੀਅਤ ਨਾਲ਼ ਸੱਚਮੁੱਚ ਕੋਈ ਪਿਆਰ ਹੁੰਦਾ, ਤਾਂ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਪੂਰੀ ਅਜ਼ਾਦੀ ਦੇ ਦਿੰਦੀ, ਕਿਉਂਕਿ ਕੌਮੀ ਅਜ਼ਾਦੀ ਜਮਹੂਰੀਅਤ ਦਾ ਬੁਨਿਆਦੀ ਹੱਕ ਹੈ। ਪਰ ਅਸਲੀਅਤ ਇਹ ਹੈ ਕਿ ਲੰਦਨ ਦੀ ਸਰਕਾਰ ਆਪਣੀਆਂ ਬਸਤੀਆਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੀ ਰੱਖ ਕੇ ਸਾਰੇ ਸੰਸਾਰ ਦੀ ਜਮਹੂਰੀਅਤ ਦੀ ਸੰਘੀ ਘੁੱਟਣਾ ਚਾਹੁੰਦੀ ਹੈ।
ਜੇਕਰ ਭਾਰਤ ਦੇ ਲੋਕ ਅਨੰਤ ਕਾਲ ਤੱਕ ਗੁਲਾਮ ਨਹੀਂ ਰਹਿਣਾ ਚਾਹੁੰਦੇ, ਤਾਂ ਉਸਨੂੰ ਉਹਨਾਂ ਸਾਰੇ ਲੋਕਾਂ ਦੇ ਉਪਦੇਸ਼ਾਂ ਦਾ ਭਾਂਡਾ ਭੰਨਣਾ ਚਾਹੀਦਾ ਹੈ, ਜੋ ਇਹ ਕਹਿੰਦੇ ਹਨ ਕਿ ਫਾਸਿਜ਼ਮ ਹੀ ਜਮਹੂਰੀਅਤ ਦਾ ਇੱਕੋ ਇੱਕ ਦੁਸ਼ਮਣ ਹੈ। ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਹਿਟਲਰ ਅਤੇ ਮੁਸੋਲਿਨੀ ਸੰਸਾਰ ਦੇ ਕਿਰਤੀ ਅਤੇ ਪੀੜੀਤ ਲੋਕਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਸਾਰੇ ਸੋਸ਼ਿਤਾਂ ਨੂੰ ਇਹਨਾਂ ਲਹੂ ਪੀਣ ਵਾਲਿਆਂ ਨਾਲ਼ ਡੂੰਘੀ ਨਫ਼ਰਤ ਕਰਨੀ ਚਾਹੀਦੀ ਹੈ। ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਇਹ ਦੋਨੋਂ ਸਭ ਤੋਂ ਪਹਿਲਾਂ ਜਰਮਨੀ ਅਤੇ ਇਟਲੀ ਦੇ ਕਿਰਤੀ ਲੋਕਾਂ ਦੇ ਦੁਸ਼ਮਣ ਹਨ। ਮਾਰਕਸ, ਏਂਗਲਜ਼, ਲੈਨਿਨ ਅਤੇ ਲਿਬਕਨੇਖਤ ਨੇ ਸਾਨੂੰ ਜੋ ਕੁਝ ਸਿਖਾਇਆ ਹੈ, ਉਸਦਾ ਇੱਕ ਮੁੱਖ ਸਬਕ ਇਹ ਹੈ ਕਿ ਹਰ ਦੇਸ਼ ਦੇ ਸੋਸ਼ਿਤਾਂ ਅਤੇ ਪੀੜੀਤਾਂ ਦੇ ਸਭ ਤੋਂ ਪਹਿਲਾਂ ਆਪਣੇ ਘਰ 'ਚ ਆਪਣੇ ਸਿੱਧੇ ਜਾਬਰਾਂ ਅਤੇ ਲੁਟੋਆਂ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ। ਭਾਰਤ 'ਚ ਇਹ ਪ੍ਰਤੱਖ ਦੁਸ਼ਮਣ ਹੈ-ਬ੍ਰਿਟਿਸ਼ ਸਾਮਰਾਜਵਾਦ। ਬ੍ਰਿਟਿਸ਼ ਸਾਮਰਾਜਵਾਦ ਨੂੰ ਉਖਾੜ ਸੁੱਟਣ ਦਾ ਮਤਲਬ ਹੈ ਸੰਸਾਰ ਦੀ ਲੋਟੂ ਜਮਾਤ 'ਤੇ ਇੱਕ ਜਬਰਦਸਤ ਹਮਲਾ ਕਰਨਾ। ਇਹ ਹਮਲਾ ਫਾਸਿਸਟ ਤਾਨਾਸ਼ਾਹੀ 'ਤੇ ਵੀ ਹੋਵੇਗਾ। ਬ੍ਰਿਟਿਸ਼ ਅਤੇ ਜਰਮਨ ਸਾਮਰਾਜਵਾਦ 'ਚ ਜੋ ਫ਼ਰਕ ਹੈ, ਉਹ ਸਿਰਫ਼ ਬਾਹਰੀ ਹੈ। ਜਰਮਨ ਸਾਮਰਾਜਵਾਦ ਤੋਂ ਕਿਉਂ ਕਿ ਉਸਦੀਆਂ ਬਸਤੀਆਂ ਖੋਹੀਆਂ ਲਈਆਂ ਗਈਆਂ ਹਨ, ਇਸ ਲਈ ਇਹ ਫਾਸਿਜ਼ਮ ਦੇ ਰੂਪ 'ਚ ਸਾਡੇ ਮੂਹਰੇ ਆਇਆ ਹੈ। ਬ੍ਰਿਟਿਸ਼ ਸਾਮਰਾਜਵਾਦ ਕੋਲ਼ ਕਿਉਂਕਿ ਗੁਲਾਮ ਬਸਤੀਆਂ ਦੀ ਇੱਕ ਲੰਮੀ ਲਾਈਨ ਲੱਗੀ ਹੋਈ ਹੈ, ਇਸ ਲਈ ਉਸਨੇ ਆਪਣੇ ਖਤਰਨਾਕ ਜ਼ਹਰੀਲੇ ਦੰਦਾਂ ਨੂੰ 'ਜਮਹੂਰੀਅਤ' ਦੇ ਖ਼ੂਬਸੂਰਤ ਮੁਖੌਟੇ 'ਚ ਲੁਕਾ ਲਿਆ ਹੈ। ਪਰ ਇਹ 'ਜਮਹੂਰੀਅਤ' ਹੈ ਕਿਸ ਲਈ? ਬ੍ਰਿਟਿਸ਼ ਸਰਮਾਏਦਾਰਾਂ ਦੇ 4.5 ਕਰੋੜ ਹੁਕਮਰਾਨਾਂ ਲਈ। ਭਾਰਤ 'ਚ ਨਾ ਸਿਰਫ਼ ਜਮਹੂਰੀਅਤ ਨੂੰ ਠੁਕਰਾ ਦਿੱਤਾ ਗਿਆ ਹੈ, ਸਗੋਂ ਉਸਦੀ ਕੌਮੀ ਅਜ਼ਾਦੀ ਦੀ ਬੁਨਿਆਦੀ ਮੰਗ ਨੂੰ ਵੀ ਠੋਕਰ ਮਾਰ ਦਿੱਤੀ ਗਈ ਹੈ। ਇਸ ਲਈ ਇਹ ਸਾਮਰਾਜਵਾਦੀ 'ਜਮਹੂਰੀਅਤ' ਗੁਲਾਮ ਬਸਤੀਆਂ ਦਾ ਲਹੂ ਪੀ ਕੇ ਪਲਣ ਵਾਲ਼ੀ ਗੁਲਾਮਾਂ ਦੇ ਮਾਲਕਾਂ ਦੀ 'ਜਮਹੂਰੀਅਤ' ਹੈ। ਪਰ ਭਾਰਤ ਨੂੰ ਇਹਨਾਂ ਮਾਲਕਾਂ ਦਾ ਗੁਲਾਮ ਰਹਿਣਾ ਪਸੰਦ ਨਹੀਂ ਹੈ ਅਤੇ ਉਹ ਆਪਣੀ ਅਜ਼ਾਦੀ ਲਈ ਲੜ ਰਿਹਾ ਹੈ।
ਜੋ ਲੋਕ ਫਾਸੀਵਾਦ, ਪ੍ਰਤੀਕਿਰਿਆਵਾਦ ਅਤੇ ਹਰ ਤਰ੍ਹਾਂ ਦੇ ਦਾਬੇ ਅਤੇ ਲੁੱਟ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਸਾਮਰਾਜਵਾਦ ਨੂੰ ਉਖਾੜ ਸੁੱਟਣਾ ਚਾਹੀਦਾ ਹੈ। ਕੋਈ ਹੋਰ ਰਾਹ ਉਹਨਾਂ ਮੂਹਰੇ ਨਹੀਂ ਹੈ। ਪਰ ਇਹ ਕੰਮ ਸ਼ਾਂਤੀਪੂਰਨ ਐਲਾਨਾਂ, ਵਾਰਤਾਵਾਂ ਅਤੇ ਸਹੁੰਆਂ ਚੁੱਕਣ ਨਾਲ਼ ਪੂਰਾ ਨਹੀਂ ਹੋ ਸਕਦਾ। ਇਤਿਹਾਸ ਗਵਾਹ ਹੈ ਕਿ ਗੁਲਾਮਾਂ ਦੇ ਮਾਲਕਾਂ ਨੇ ਗੁਲਾਮਾਂ ਨੂੰ ਕਦੇ ਵੀ ਆਪਣੀ ਮਰਜ਼ੀ ਨਾਲ਼ ਅਜ਼ਾਦ ਨਹੀਂ ਕੀਤਾ। ਭਾਰਤ ਦੀ ਅਜ਼ਾਦੀ ਦਾ ਸਿਰਫ਼ ਇੱਕ ਹੀ ਰਾਹ ਹੈ, ਕਿ ਭਾਰਤ ਦੇ ਲੋਕ ਆਪਣੀ ਆਰਥਿਕ ਅਤੇ ਸਿਆਸੀ ਮੁਕਤੀ ਲਈ ਕਮਰ ਕੱਸ ਕੇ ਬਹਾਦਰੀ ਅਤੇ ਦ੍ਰਿੜਤਾ ਨਾਲ਼ ਲੜਨ।
ਪਰ ਭਾਰਤ ਦੀ ਸਰਮਾਏਦਾਰ ਜਮਾਤ ਇਸ ਕਾਬਿਲ ਨਹੀਂ ਹੈ ਕਿ ਅਜ਼ਾਦੀ ਦੀ ਲੜਾਈ ਦੀ ਅਗਵਾਈ ਕਰ ਸਕੇ। ਭਾਰਤ ਦੇ ਸਰਮਾਏਦਾਰ ਬ੍ਰਿਟੇਨ ਦੇ ਸਰਮਾਏਦਾਰਾਂ ਨਾਲ਼ ਜੁੜੇ ਹੋਏ ਹਨ ਅਤੇ ਉਸ 'ਤੇ ਨਿਰਭਰ ਹਨ। ਉਸਨੂੰ ਆਪਣੀ ਸੰਪਤੀ ਦੀ ਰੱਖਿਆ ਦੀ ਫ਼ਿਕਰ ਪਈ ਹੋਈ ਹੈ। ਆਮ ਲੋਕਾਂ ਤੋਂ ਉਸਨੂੰ ਡਰ ਲੱਗਦਾ ਹੈ। ਕਿਸੇ ਵੀ ਕੀਮਤ 'ਤੇ ਇਹ ਬ੍ਰਿਟਿਸ਼ ਸਾਮਰਾਜਵਾਦ ਨਾਲ਼ ਹੱਥ ਮਿਲਾਉਣਾ ਚਾਹੁੰਦਾ ਹੈ। ਉਹ ਉੱਪਰੀ ਤੌਰ 'ਤੇ ਸੁਧਾਰਾਂ ਦਾ ਲਾਲਚ ਦੇ ਕੇ ਭਾਰਤੀ ਲੋਕਾਂ ਨੂੰ ਭਰਮ 'ਚ ਰੱਖਣਾ ਚਾਹੁੰਦਾ ਹੈ। ਗਾਂਧੀ ਇਹਨਾਂ ਸਰਮਾਏਦਾਰਾਂ ਦਾ ਆਗੂ ਅਤੇ ਮਸੀਹਾ ਹੈ। ਇੱਕ ਝੂਠਾ ਆਗੂ ਅਤੇ ਝੂਠ ਦਾ ਮਸੀਹਾ। ਗਾਂਧੀ ਅਤੇ ਗਾਂਧੀਵਾਦੀਆਂ ਨੇ ਇਸ ਸਿਧਾਂਤ ਦਾ ਵਿਕਾਸ ਕੀਤਾ ਹੈ ਕਿ ਸ਼ਾਂਤੀਪੂਰਨ ਸੁਧਾਰਾਂ ਰਾਹੀਂ ਭਾਰਤ ਹੌਲ਼ੀ ਹੌਲ਼ੀ ਡੋਮੀਨਿਅਨ ਦਾ ਦਰਜਾ ਪਾ ਲਏਗਾ, ਉਸਦੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਹੌਲ਼ੀ-ਹੌਲ਼ੀ ਉਸਦੀ ਅਜ਼ਾਦੀ ਦਾ ਵਿਕਾਸ ਹੋਵੇਗਾ। ਮਗਰੋਂ ਉਸਨੂੰ ਪੂਰੀ ਆਜ਼ਾਦੀ ਵੀ ਮਿਲ ਸਕਦੀ ਹੈ। ਪਰ ਇਹ ਸਾਰਾ ਨਜ਼ਰੀਆ ਗਲਤ ਅਤੇ ਝੂਠਾ ਹੈ। ਸਾਮਰਾਜਵਾਦੀ ਆਪਣੇ ਗੁਲਾਮ ਲੋਕਾਂ ਨੂੰ ਅਤੇ ਆਪਣੇ ਦੇਸ਼ ਦੇ ਮਜ਼ਦੂਰਾਂ ਨੂੰ ਤਦ ਤੱਕ ਰਿਆਇਤਾਂ ਦਿੰਦੇ ਰਹਿੰਦੇ ਹਨ, ਜਦੋਂ ਤੱਕ ਸਰਮਾਏਦਾਰੀ ਦੇ ਵਿਕਾਸ 'ਚ ਰੁਕਾਵਟ ਨਹੀਂ ਪੈਂਦੀ ਅਤੇ ਸਰਮਾਏਦਾਰਾਂ ਦੇ ਦੂਗਣੇ ਅਤੇ ਰਾਤ ਚੌਗਣੇ ਵੱਧਦੇ ਹੋਏ ਮੁਨਾਫ਼ਿਆਂ 'ਚ ਕੋਈ ਰੁਕਾਵਟ ਨਹੀਂ ਆਉਂਦੀ। ਅੱਜ ਕੱਲ ਦੀ ਹਾਲਤ 'ਚ ਅਜਿਹੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਸੰਸਾਰ ਦਾ ਸਾਮਰਾਜਵਾਦ ਹੁਣ ਪਤਨ ਵੱਲ ਵੱਧ ਰਿਹਾ ਹੈ। ਸਾਮਰਾਜਾਵਾਦੀ ਮੁਲਕਾਂ ਦੇ ਆਪਣੇ ਮੁਕਾਬਲੇ ਜਿਵੇਂ-ਜਿਵੇਂ ਤੀਬਰ ਹੋ ਰਹੇ ਹਨ, ਉਹਨਾਂ ਦੀ ਹਾਲਤ ਵੀ ਉਂਝ-ਉਂਝ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਅਸਲੇ ਨਾਲ਼ ਲੈਸ ਹੋਣ ਦਾ ਇੱਕ ਜ਼ਬਰਦਸਤ ਮੁਕਾਬਲਾ ਇਹਨਾਂ ਰਾਸ਼ਟਰਾਂ ਦਰਮਿਆਨ ਚੱਲ ਰਿਹਾ ਹੈ ਅਤੇ ਕੌਮੀ ਆਮਦਨ ਦਾ ਇੱਕ ਜ਼ਬਰਦਸਤ ਹਿੱਸਾ ਉਸ 'ਤੇ ਖਰਚ ਕੀਤਾ ਜਾ ਰਿਹਾ ਹੈ। ਇਸਦਾ ਮਤਲਬ ਇਹ ਹੋਇਆ ਕਿ ਸਾਮਰਾਜਵਾਦੀ ਨਾ ਤਾਂ ਆਪਣੇ ਦੇਸ਼ ਦੇ ਕਿਰਤੀ ਲੋਕਾਂ ਨੂੰ ਸਹੂਲੀਅਤਾਂ ਦੇ ਸਕਦੇ ਹਨ ਅਤੇ ਨਾ ਹੀ ਬਸਤੀਆਂ ਦੇ ਲੋਕਾਂ ਨੂੰ। ਉਹਨਾਂ ਮੂਹਰੇ ਤਾਂ ਹੁਣ ਇਸ ਦੇ ਸਿਵਾਏ ਕੋਈ ਚਾਰਾ ਨਹੀਂ ਹੈ ਕਿ ਉਹ ਕਿਰਤੀ ਲੋਕਾਂ ਦੀ ਹੋਰ ਵੀ ਵੱਧ ਪਾਸ਼ਵਿਕ ਲੁੱਟ ਕਰਨ। ਇੱਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਰਮਾਏਦਾਰੀ ਅੱਜ ਆਪਣੀ ਮੌਤ ਦੇ ਬਿਸਤਰ 'ਤੇ ਛਟਪਟਾ ਰਹੀ ਹੈ। ਲੰਦਨ ਦੀ ਸਰਕਾਰ ਅੱਜ ਇਸ ਗੱਲ ਲਈ ਤਿਆਰ ਹੈ ਕਿ ਆਪਣੀਆਂ ਬਸਤੀਆਂ, ਆਪਣੀਆਂ ਮੰਡੀਆਂ ਅਤੇ ਸੁਵਿਧਾਵਾਂ ਨੂੰ ਬਣਾਏ ਰੱਖਣ ਲਈ ਹੋਰ ਜਰਮਨੀ, ਇਟਲੀ ਅਤੇ ਜਪਾਨ ਨਾਲ਼ ਉਹਨਾਂ ਦੀ ਰੱਖਿਆ ਕਰਨ ਲਈ ਲੱਖਾਂ ਕਰੌੜਾਂ ਲੋਕਾਂ ਦੀ ਕੁਰਬਾਨੀ ਦੇ ਦੇਣ। ਅੱਜ ਕਿਹੜਾ ਹੈ ਜੋ ਹੋਸ਼-ਹਵਾਸ ਨੂੰ ਦਰੁਸਤ ਰੱਖਦੇ ਹੋਏ ਇਹ ਕਹਿ ਸਕਦਾ ਹੈ ਕਿ ਵਹਿਸ਼ੀ, ਲਾਲਚੀ ਅਤੇ ਧਨ ਦੇ ਲਾਲਚੀ ਹਾਕਮ ਆਪਣੀ ਮਰਜ਼ੀ ਨਾਲ਼ ਭਾਰਤ ਨੂੰ ਅਜ਼ਾਦ ਕਰ ਦੇਣਗੇ?
ਇਹ ਹੋ ਸਕਦਾ ਹੈ ਕਿ ਟੋਰੀ ਪਾਰਟੀ ਦੀ ਸਰਕਾਰ ਦੀ ਜਗ੍ਹਾ ਲੇਬਰ ਪਾਰਟੀ ਆਪਣੀ ਸਰਕਾਰ ਬਣਾ ਲਏ। ਇਸ ਨਾਲ਼ ਕੋਈ ਫ਼ਰਕ ਨਹੀਂ ਪਏਗਾ। ਲੇਬਰ ਪਾਰਟੀ ਦੇ ਪਿਛਲੇ ਅਤੇ ਅੱਜ ਦੇ ਸਾਰੇ ਪ੍ਰੋਗਰਾਮ ਨੂੰ ਜੇਕਰ ਦੇਖਿਆ ਜਾਏ, ਤਾਂ ਪਤਾ ਲੱਗੇਗਾ ਕਿ ਬਸਤੀਆਂ ਦੇ ਸਵਾਲ 'ਤੇ ਉਸ 'ਚ ਅਤੇ ਟੋਰੀ ਪਾਰਟੀ 'ਚ ਕੋਈ ਫ਼ਰਕ ਨਹੀੰ ਹੈ। ਅਸਲੀਅਤ ਤਾਂ ਇਹ ਹੈ ਕਿ ਲੇਬਰ ਪਾਰਟੀ ਬ੍ਰਿਟੇਨ ਦੀ ਮਜ਼ਦੂਰ ਜਮਾਤ ਦੇ ਹਿੱਤਾਂ ਦਾ ਨਹੀਂ, ਸਗੋਂ ਉੱਥੋਂ ਦੇ ਕੁਝ ਥੋੜੇ ਜਿਹੀ ਮਜ਼ਦੂਰ ਨੌਕਰਸ਼ਾਹੀ ਅਤੇ ਕੁਲੀਨ ਜਮਾਤ ਦੇ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ। ਬ੍ਰਿਟੇਨ ਦੇ ਸਰਮਾਏਦਾਰ ਭਾਰਤ ਵਰਗੀਆਂ ਬਸਤੀਆਂ ਦੀ ਕਠੋਰ ਲੁੱਟ ਦੇ ਪੈਸੇ ਨਾਲ਼ ਰੋਟੀ ਦੇ ਕੁਝ ਟੁਕੜੇ ਲੇਬਰ ਪਾਰਟੀ ਦੀ ਇਸੇ ਨੌਕਰਸ਼ਾਹੀ ਵੱਲ ਸੁੱਟਦੇ ਰਹਿੰਦੇ ਹਨ। ਇਸ ਲਈ ਬ੍ਰਿਟੇਨ ਦੀ ਲੇਬਰ ਪਾਰਟੀ, ਜਿਸ 'ਚ ਮਜ਼ਦੂਰਾਂ ਨਾਲ਼ ਸਬੰਧਿਤ ਸਰਕਾਰੀ ਨੌਕਰ ਅਤੇ ਕੁਝ ਟਰੈਡ ਯੂਨੀਅਨ ਕਾਰਕੁੰਨ ਸ਼ਾਮਲ ਹਨ, ਇਹ ਚਾਹੁੰਦੇ ਹਨ ਕਿ ਬਸਤੀਆਂ ਦੀ ਵੱਧ ਤੋਂ ਵੱਧ ਲੁੱਟ ਕੀਤੀ ਜਾਏ। ਭਾਰਤ ਦੀ ਅਜ਼ਾਦੀ ਦੀ ਗੱਲ ਇਸਦੇ ਦਿਮਾਗ 'ਚ ਜ਼ਰਾ ਵੀ ਨਹੀਂ ਹੈ। ਏਟਲੀ, ਸਿਟਰਾਇਨ ਐਂਡ ਕੰਪਨੀ ਇਸ ਲਈ ਕਿਸੇ ਵੀ ਸਮੇਂ ਇਹ ਕਹਿਣ ਨੂੰ ਤਿਆਰ ਹਨ ਕਿ ਭਾਰਤ ਦੇ ਲੋਕਾਂ ਦੀ ਅਜ਼ਾਦੀ ਦੀ ਇਨਕਲਾਬੀ ਲੜਾਈ ਹਿਟਲਰ ਅਤੇ ਮੁਸੋਲਿਨੀ ਦੀ ਮਦਦ ਲਈ ਕੀਤੀ ਗਈ 'ਗੱਦਾਰੀ' ਹੈ ਅਤੇ ਫੌਜ਼ ਦੀ ਮਦਦ ਨਾਲ਼ ਉਸਨੂੰ ਕਿਸੇ ਵੀ ਤਰਾਂ ਕੁਚਲ ਦੇਣਾ ਚਾਹੀਦਾ ਹੈ।
ਅੱਜ ਦੀ ਕਮਿਉਨਿਸਟ ਇੰਟਰਨੈਸ਼ਨਲ ਦੀ ਨੀਤੀ ਕੁਝ ਇਸ ਤੋਂ ਬਿਹਤਰ ਨਹੀਂ ਹੈ। ਨਿਸ਼ਚਿਤ ਤੌਰ 'ਤੇ, ਵੀਹ ਸਾਲ ਪਹਿਲਾਂ ਇਸ ਇੰਟਰਨੈਸ਼ਨਲ ਦੀ ਸਥਾਪਨਾ ਇੱਕ ਸੱਚੀ ਇਨਕਲਾਬੀ ਜੱਥੇਬੰਦੀ ਦੇ ਰੂਪ 'ਚ ਕੀਤੀ ਗਈ ਸੀ। ਬਸਤੀਆਂ ਦੇ ਲੋਕਾਂ ਦੀ ਅਜ਼ਾਦੀ ਦਾ ਕੰਮ ਉਸਦੇ ਸਭ ਤੋਂ ਮਹੱਤਵਪੂਰਨ ਕੰਮਾਂ 'ਚੋਂ ਇੱਕ ਸੀ। ਪਰ ਅੱਜ ਇਸ ਪ੍ਰੋਗ੍ਰਾਮ ਦੀ ਸਿਰਫ਼ ਯਾਦ ਭਰ ਬਾਕਿ ਹੈ। ਕਮਿਉਨਿਸਟ ਇੰਟਰਨੈਸ਼ਨਲ ਦੇ ਸਾਰੇ ਆਗੂ ਅੱਜ ਸਿਰਫ਼ ਮਾਸਕੋ ਦੀ ਨੌਕਰਸ਼ਾਹੀ ਦੇ ਖਿਡੋਣੇ ਭਰ ਰਹਿ ਗਏ ਹਨ। ਇਹ ਨੌਕਰਸ਼ਾਹੀ ਇਸ 'ਚ ਸ਼ੱਕ ਨਹੀਂ ਕਿ ਸੰਸਾਰ ਦੀਆਂ ਕਮਿਉਨਿਸਟ ਪਾਰਟੀਆਂ ਦੇ, ਜਿਸ 'ਚ ਭਾਰਤ ਵੀ ਸ਼ਾਮਲ ਹੈ, ਕਾਰਕੁੰਨਾਂ 'ਚ ਬਹੁਤ ਸਾਰੇ ਕਾਰਕੁੰਨ ਸੱਚੇ ਅਤੇ ਇਮਾਨਦਾਰ ਹਨ। ਪਰ ਕਮਿਉਨਿਸਟ ਇੰਟਰਨੈਸ਼ਨਲ ਦੀਆਂ ਨੀਤੀਆਂ ਨੂੰ ਤੈਅ ਕਰਨ 'ਚ ਉਹਨਾਂ ਦਾ ਕੋਈ ਮਤ ਨਹੀਂ ਹੁੰਦਾ ਹੈ। ਇੰਟਰਨੈਸ਼ਨਲ ਦੀਆਂ ਸਾਰੀਆਂ ਨੀਤੀਆਂ ਦਾ ਫੈਸਲਾ ਕ੍ਰੇਮਲਿਨ ਰਾਹੀਂ ਹੁੰਦਾ ਹੈ, ਜਿੱਥੇ ਹਾਕਮਾਂ ਦੀ ਇੱਕ ਨਵੀਂ ਕੁਲੀਨ ਜਮਾਤ ਤਿਆਰ ਹੋ ਗਈ ਹੈ, ਜਿਸ ਮੂਹਰੇ ਮਜ਼ਦੂਰ ਜਮਾਤ ਦੇ ਹਿਤਾਂ ਦਾ ਕੋਈ ਮਹੱਤਵ ਨਹੀਂ ਹੈ।
ਸਤਾਲਿਨ ਅਤੇ ਉਸਦੀ ਜੁੰਡਲੀ ਨੇ ਸਾਮਰਾਜਵਾਦੀ ਸਰਕਾਰਾਂ ਦੀ ਦੋਸਤੀ ਹਾਸਲ ਕਰਨ ਲਈ ਬਸਤੀਆਂ ਦੀ ਅਜ਼ਾਦੀ ਦੇ ਇਨਕਲਾਬੀ ਪ੍ਰੋਗਰਾਮ ਨੂੰ ਬਿਲਕੁਲ ਛੱਡ ਦਿੱਤਾ ਹੈ। ਮਾਸਕੋ 'ਚ ਸਤਾਲਿਨ ਦੀ ਪਾਰਟੀ ਦੀ ਜੋ ਪਿਛਲੀ ਕਾਂਗਰਸ ਇਸ ਸਾਲ 'ਚ ਮਾਰਚ ਮਹੀਨੇ 'ਚ ਹੋਈ ਸੀ, ਉਸ 'ਚ ਕਮਿਉਨਿਸਟ ਇੰਟਰਨੈਸ਼ਨਲ ਦੇ ਇੱਕ ਆਗੁ ਮਾਨੁਇਲਿਸਕੀ ਨੇ ਐਲਾਨ ਕੀਤਾ ਸੀ, ''ਕਮਿਉਨਿਸਟ ਸਭ ਤੋਂ ਅੱਗੇ ਇਸ ਮੰਗ ਨੂੰ ਰੱਖਦੇ ਹਨ ਕਿ ਫਾਸਿਸਟ ਸਰਕਾਰਾਂ ਦੁਆਰਾ ਗੁਲਾਮ ਬਣਾਏ ਗਏ ਰਾਸ਼ਟਰਾਂ ਨੂੰ ਸਵੈਨਿਰਣੇ ਦਾ ਹੱਕ ਦਿੱਤਾ ਜਾਏ। ਉਹ ਮੰਗ ਕਰਦੇ ਹਨ ਕਿ ਆਸਟਰੀਆ, ਸਵੀਡਨ, ਕੋਰੀਆ, ਫਾਰਮੋਸਾ, ਅਬੀਸੀਨੀਆ, ... .. ਨੂੰ ਅਜਾਦਾਨਾ ਰੂਪ ਨਾਲ਼ ਸਵੈਨਿਰਣੇ ਦਾ ਹੱਕ ਦਿੱਤਾ ਜਾਏ...।'' ਪਰ ਭਾਰਤ, ਇੰਡੋ-ਚਾਈਨਾ, ਅਲਜੀਰੀਆ ਅਤੇ ਬ੍ਰਿਟੇਨ ਅਤੇ ਫਰਾਂਸ ਦੀਆਂ ਦੂਜੀਆਂ ਬਸਤੀਆਂ ਦਾ ਕੀ ਹੋਵੇਗਾ?
ਕਮਿਉਨਿਸਟ ਇੰਟਰਨੈਸ਼ਨਲ ਅਤੇ ਬ੍ਰਿਟੇਨ ਅਤੇ ਫਰਾਂਸ ਦੀਆਂ ਦੂਜੀਆਂ ਬਸਤੀਆਂ ਦਾ ਕੀ ਹੋਵੇਗਾ? ਕਮਿਉਨਿਸਟ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਕੋਲ਼ ਇਸਦਾ ਇਹ ਜਵਾਬ ਹੈ, ''ਕਮਿਉਨਿਸਟ ਅਖੌਤੀ ਬੁਰਜੁਆ ਜਮਹੂਰੀ ਰਾਜਾਂ ਦੀਆਂ ਸਾਮਰਾਜਵਾਦੀ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਉਹ ਬਸਤੀਆਂ ਨੂੰ ਵਿਆਪਕ ਜਮਹੂਰੀ ਹੱਕ ਅਤੇ ਛੋਟਾਂ ਦੇਣ।'' (ਪ੍ਰਾਵਦਾ, ਅੰਕ 70, ਮਾਰਚ 12- 1939)। ਦੂਜੇ ਸ਼ਬਦਾਂ 'ਚ ਜਿੱਥੋਂ ਤੱਕ ਇੰਗਲੈਂਡ ਅਤੇ ਫਰਾਂਸ ਦੀਆਂ ਬਸਤੀਆਂ ਦਾ ਸਵਾਲ ਹੈ, ਕਮਿਉਨਿਸਟ ਇੰਟਰਨੈਸ਼ਨਲ ਦੀ ਵੀ ਇਹੀ ਨੀਤੀ ਹੈ ਜੋ ਗਾਂਧੀ ਦੀ ਜਾਂ ਆਮ ਤੌਰ 'ਤੇ ਬਸਤੀਆਂ ਦੀ ਸਮਝੌਤਾਵਾਦੀ ਬੁਰਜੁਆਜੀ ਦੀ ਹੈ। ਕਮਿਉਨਿਸਟ ਇੰਟਰਨੈਸ਼ਨਲ ਨੇ ਭਾਰਤ ਦੀ ਅਜ਼ਾਦੀ ਦੇ ਇਨਕਲਾਬੀ ਸੰਘਰਸ਼ ਨੂੰ ਪੂਰੀ ਤਰਾਂ ਤਿਲਾਂਜਲੀ ਦੇ ਦਿੱਤੀ ਹੈ। ਇਸ ਲਈ ਇੰਟਰਨੈਸ਼ਲ (ਗੋਡਿਆਂ ਦੇ ਭਾਰ ਸਿਰ ਝੁਕਾ ਕੇ) ਬ੍ਰਿਟਿਸ਼ ਸਾਮਰਾਜਵਾਦ ਤੋਂ ਭਾਰਤ ਨੂੰ 'ਜਮਹੂਰੀ' ਸਹੁਲਿਅਤਾਂ 'ਦੇਣ' ਦੀ 'ਮੰਗ' ਕਰਦਾ ਹੈ। ਇਹ ਸ਼ਬਦ, ਕਿ 'ਬਸਤੀਆਂ ਦੇ ਕਿਰਤੀ ਲੋਕਾਂ ਦੇ ਰਹਿਣ-ਸਹਿਣ ਦੇ ਦਰਜੇ 'ਚ ਤੁਰੰਤ ਜਬਰਦਸਤ ਸੁਧਾਰ ਕੀਤਾ ਜਾਏ' ਬਿਲਕੁਲ ਝੁਠੀ ਅਤੇ ਸਵਾਰਥੀ ਅਵਾਜ ਹੈ। ਅੱਜ ਦਾ ਨਿੱਘਰ ਰਿਹਾ, ਸੰੜ੍ਹਾਦ ਮਾਰਦਾ, ਟੁੱਟਦਾ ਹੋਇਆ ਪੂੰਜੀਵਾਦ ਇਸ ਗੱਲ ਲਈ ਮਜ਼ਬੂਰ ਹੈ ਕਿ ਉਹ ਸਾਮਰਾਜਵਾਦੀਆਂ ਦੇ ਸੱਤਾ-ਕੇਂਦਰਾਂ (ਇੰਗਲੈਂਡ, ਫਰਾਂਸ ਆਦਿ) ਦੇ ਮਜ਼ਦੂਰਾਂ ਦੀ ਹੋਰ ਵੱਧ ਲੁੱਟ ਕਰਨ ਅਤੇ ਉਹਨਾਂ ਦੀ ਸਥਿਤੀ ਨੂੰ ਹੋਰ ਵੱਧ ਖਰਾਬ ਕਰ ਦੇਵੇ। ਇਹੀ ਪੂੰਜੀਵਾਦ ਤਦ ਆਪਣੀਆਂ ਬਸਤੀਆਂ ਦੇ ਕਿਰਤੀ ਲੋਕਾਂ ਦੀ ਹਾਲਤ 'ਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ, ਜਦੋਂ ਕਿ ਉਹ ਇਹਨਾਂ ਹੀ ਬਸਤੀਆਂ ਦਾ ਲਹੂ ਚੂਸ ਕੇ ਖੁਦ ਨੂੰ ਜਿਉਂਦਾ ਰੱਖ ਰਿਹਾ ਹੈ। ਬਸਤੀਆਂ ਦੇ ਕਿਰਤੀ ਲੋਕਾਂ ਦੀ ਹਾਲਤ 'ਚ ਸੁਧਾਰ ਸਿਰਫ਼ ਤਦ ਹੋ ਸਕਦਾ ਹੈ। ਜਦੋਂ ਸਾਮਰਾਜਵਾਦ ਨੂੰ ਪੂਰੀ ਤਰਾਂ ਉਖਾੜ ਸੁੱਟਿਆ ਜਾਵੇ।
ਪਰ ਕਮਿਉਨਿਸਟ ਇੰਟਰਨੈਸ਼ਨਲ ਦੀ ਗੱਦਾਰੀ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ ਹੈ, ਉਹ ਇਸ ਤੋਂ ਅੱਗੇ ਵਧਦੇ ਹਨ, ਮਨੁਇਲਿਸਕੀ ਅਨੁਸਾਰ ''ਕਮਿਉਨਿਸਟ ਫਾਸੀਵਾਦ ਨੂੰ ਹਰਾਉਣ ਲਈ (ਬਸਤੀਆਂ ਦੇ) ਵੱਖ ਹੋਣ ਦੇ ਹੱਕ ਨੂੰ ਅਧੀਨ ਰੱਖਦੇ ਹਾਂ।'' ਦੂਜੇ ਸ਼ਬਦਾਂ ਵਿੱਚ ਇਹ ਕਿ ਹਰ ਹਾਲਤ 'ਚ ਭਾਰਤ ਦੇ ਲੋਕਾਂ ਨੂੰ ਆਪਣੇ ਬ੍ਰਿਟਿਸ਼ ਸਾਮਰਾਜਵਾਦੀ ਮਾਲਕਾਂ ਨੂੰ ਪੂਰੀ ਮਦਦ ਦੇਣੀ ਚਾਹੀਦੀ ਹੈ। ਇਸਦਾ ਮਤਲਬ ਇਹ ਹੋਇਆ ਕਿ ਭਾਰਤ ਦੇ ਲੋਕ ਆਪਣੀ ਅਜ਼ਾਦੀ ਲਈ ਆਪਣਾ ਲਹੂ ਨਾ ਵਹਾ ਕੇ ਇਸ ਵਹਾਉਣ ਕਿ ਭਾਰਤ 'ਤੇ 'ਲੰਦਨ' ਦੀ ਹਕੂਮਤ ਕਾਇਮ ਰਹੇ। ਕਮਿਉਨਿਸਟ ਇੰਟਰਨੈਸ਼ਨਲ ਦੇ ਵਿਕਣ ਵਾਲ਼ੇ ਇਹ ਨੀਚ ਆਪਣੀ ਗੱਦਾਰੀ ਦੀ ਹਿਮਾਇਤ 'ਚ ਮਾਰਕਸ ਅਤੇ ਲੈਨਿਨ ਦਾ ਨਾਂ ਲੈਣ ਦੀ ਜੁਰਅਤ ਕਰਦੇ ਹਨ। ਪਰ ਅਸਲੀਅਤ ਇਹ ਹੈ ਕਿ ਉਹਨਾਂ ਦਾ ਸਿਖਿਅਕ ਅਤੇ ਆਗੂ ਕੋਈ ਹੋਰ ਨਹੀਂ ਸਗੋਂ ਨਵੀਂ ਨੌਕਰਸ਼ਾਹੀ ਅਤੇ ਕੁਲੀਨ ਜਮਾਤ ਦਾ ਮੁਖੀਆ, ਬਾਲਸ਼ਵਿਕ ਪਾਰਟੀ ਦਾ ਕਾਤਲ, ਮਜ਼ਦੂਰਾਂ ਅਤੇ ਕਿਸਾਨਾਂ ਦਾ ਦਮ ਘੋਟਣ ਵਾਲ਼ਾ-ਸਤਾਲਿਨ ਹੈ।
ਇਹ ਸਤਾਲਿਨਵਾਦੀ ਬ੍ਰਿਟੇਨ ਫਰਾਂਸ ਅਤੇ ਅਮਰੀਕਾ ਦੀ ਅਧੀਨਤਾ ਦੀਆਂ ਆਪਣੀਆਂ ਨੀਤੀਆਂ ਨੂੰ 'ਲੋਕ ਮੋਰਚੇ' ਦੇ ਫਾਰਮੂਲੇ 'ਚ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਲੋਕਾਂ ਦਾ ਇਸ ਤੋਂ ਵੱਡਾ ਮਜਾਕ ਕੀ ਹੋ ਸਕਦਾ ਹੈ। 'ਲੋਕ ਮੋਰਚਾ' ਜਮਾਤੀ-ਸਾਂਝਭਿਆਲੀ ਜਾਂ ਪ੍ਰੋਲੇਤਾਰੀ ਅਤੇ ਬੁਰਜੁਆਜੀ ਦੇ ਮਿਲਾਪ ਦੀ ਪੁਰਾਣੀ ਨੀਤੀ ਦਾ ਨਵਾਂ ਨਾਮਕਰਣ ਹੈ, ਜਿਸਦਾ ਸਾਰਤੱਤ ਜਮਾਤੀ ਸਾਂਝ ਭਿਆਲੀ ਹੈ। ਪ੍ਰੋਲੇਤਾਰੀ ਅਤੇ ਬੁਰਜੁਆਜੀ ਜਿੱਥੇ ਕਿਤੇ ਵੀ ਹੱਥ ਮਿਲਾਉਂਦੇ ਹਨ, ਲੀਡਰਸ਼ੀਪ ਦੱਖਣਪੰਥੀਆਂ ਅਰਥਾਤ ਸੰਪਤੀ ਵਾਲ਼ੀਆਂ ਜਮਾਤਾਂ ਦੇ ਹੱਥਾਂ 'ਚ ਚਲੀ ਜਾਂਦੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਭਾਰਤੀ ਬੁਰਜੁਆਜੀ ਬ੍ਰਿਟੇਨ ਦੇ ਸਾਮਰਾਜਵਾਦ ਨਾਲ਼ ਸੰਘਰਸ਼ ਨਹੀਂ, ਸਗੋਂ ਉਸ ਨਾਲ਼ ਸ਼ਾਂਤੀਪੂਰਨ ਸੌਦੇਬਾਜ਼ੀ ਕਰਨਾ ਚਾਹੁੰਦੀ ਹੈ। ਜਦੋਂ ਵੀ ਪ੍ਰੋਲੇਤਾਰੀਆ ਬੁਰਜੁਆਜੀ ਨਾਲ਼ ਹੱਥ ਮਿਲਾਉਂਦਾ ਹੈ ਤਾਂ ਉਸਨੂੰ ਸਾਮਰਾਜਵਾਦ ਵਿਰੁੱਧ ਆਪਣਾ ਇਨਕਲਾਬੀ ਸੰਘਰਸ਼ ਰੋਕਣਾ ਪੈਂਦਾ ਹੈ। ਇਸ ਲਈ ਪ੍ਰੋਲੇਤਾਰੀ ਅਤੇ ਬੁਰਜੁਆਜੀ ਨਾਲ਼ ਹੱਥ ਮਿਲਾਉਣ ਦਾ ਨਤੀਜਾ ਇਹ ਹੁੰਦਾ ਹੈ ਕਿ ਥੋੜਾ ਸਮਾਂ ਗੁਜ਼ਰਦਾ ਹੈ। ਝੂਠੀਆਂ ਉਮੀਦਾਂ ਬੰਨਾਈਆਂ ਜਾਂਦੀਆਂ ਹਨ ਅਤੇ ਖੋਖਲੀ ਪੈਂਤਰੇਬਾਜੀਆਂ ਕੀਤੀਆਂ ਜਾਂਦੀਆਂ ਹਨ। ਇਸ ਨੀਤੀ ਦਾ ਹੋਰ ਅੱਗੇ ਨਤੀਜਾ ਇਹ ਹੁੰਦਾ ਹੈ ਕਿ ਇੱਕ ਪਾਸੇ ਤਾਂ ਮਜ਼ਦੂਰ ਜਮਾਤ ਇਕਦਮ ਭਰਮਾਂ ਅਤੇ ਉਲਝਣਾਂ ਦਾ ਸ਼ਿਕਾਰ ਹੋ ਜਾਂਦੀ ਹੈ, ਅਤੇ ਦੂਜੇ ਪਾਸੇ ਕਿਸਾਨ ਲੋਕ ਮਜ਼ਦੂਰ ਜਮਾਤ ਤੋਂ ਮੁੰਹ ਮੋੜ ਲੈਂਦੇ ਹਨ ਅਤੇ ਉਦਾਸੀਨ ਹੋ ਜਾਂਦੇ ਹਨ। ਜਰਮਨੀ ਦਾ ਇਨਕਲਾਬ, ਆਸਟਰੀਆ ਦਾ ਇਨਕਲਾਬ ਅਤੇ ਚੀਨ ਦਾ ਇਨਕਲਾਬ, ਸਪੇਨ ਦਾ ਇਨਕਲਾਬ, ਇਸ ਸਾਰੇ ਇਨਕਲਾਬ ਜਮਾਤੀ ਸਾਂਝਭਿਆਲੀ ਦੀ ਇਸ ਨੀਤੀ ਦਾ ਸ਼ਿਕਾਰ ਹੋ ਗਏ ਹਨ। ਭਾਰਤ ਦੇ ਇਨਕਲਾਬ ਦੇ ਸਿਰ 'ਤੇ ਵੀ ਇਹੀ ਖਤਰਾ ਮੰਡਰਾ ਰਿਹਾ ਹੈ, ਕਿਉਂਕਿ ਇੱਥੇ ਵੀ ਸਤਾਲਿਨਵਾਦੀ 'ਲੋਕਮੋਰਚੇ' ਦੀ ਨੀਤੀ ਦੇ ਰੂਪ 'ਚ ਮਜ਼ਦੂਰਾਂ ਨੂੰ ਸਰਮਾਏਦਾਰਾਂ ਦੇ ਅਧੀਨ ਬਣਾਉਣ ਦੀ ਨੀਤੀ ਦੀ ਪੈਰਵੀ ਕਰ ਰਹੀ ਹੈ। ਇਸੇ ਨੀਤੀ ਦੀ ਅਸਲੀਅਤ ਹੈ- ਇੱਕ ਇਨਕਲਾਬੀ ਕਿਸਾਨ ਪ੍ਰੋਗਰਾਮ ਨੂੰ ਠੁਕਰਾ ਦੇਣਾ, ਮਜ਼ਦੂਰਾਂ ਨੂੰ ਹਥਿਆਰ ਚੁੱਕਣ ਤੋਂ ਰੋਕ ਦੇਣਾ, ਸੱਤਾ ਹਾਸਲ ਕਰਨ ਤੋਂ ਇਨਕਾਰ ਕਰ ਦੇਣਾ, ਯਾਣਿ ਇੱਕ ਪੂਰੇ ਇਨਕਲਾਬ ਨੂੰ ਠੋਕਰ ਮਾਰ ਦੇਣੀ।
ਭਾਰਤ ਦੀ ਬੁਰਜੁਆਜੀ ਜੇਕਰ ਬ੍ਰਿਟੇਨ ਦੀ ਅਧੀਨਤਾ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਕੋਈ ਛੋਟਾ ਜਿਹਾ ਵੀ ਕਦਮ ਚੁੱਕਦੀ ਹੈ, ਤਾਂ ਇਹ ਸੁਭਾਵਿਕ ਹੈ ਕਿ ਭਾਰਤ ਦੀ ਮਜ਼ਦੂਰ ਜਮਾਤ ਇਸ ਕਦਮ ਦੀ ਹਿਮਾਇਤ ਕਰੇਗੀ। ਪਰ ਇਹ ਹਿਮਾਇਤ ਉਸਦੇ ਆਪਣੇ ਤਰੀਕਿਆਂ ਨਾਲ਼ ਹੋਵੇਗੀ। ਹਾਲਤਾਂ ਅਤੇ ਤਾਕਤ ਦੇ ਮੁਤਾਬਿਕ ਵੱਡੀਆਂ-ਵੱਡੀਆਂ ਸਭਾਵਾਂ, ਨਾਰਿਆਂ, ਹੜਤਾਲਾਂ, ਮੁਜਾਹਰਿਆਂ ਅਤੇ ਫੈਸਲਾਕੁੰਨ ਲੜਾਕੂ ਕਾਰਜਾਂ ਨਾਲ਼ ਕੀਤਾ ਜਾ ਸਕਦਾ ਹੈ, ਨਿਸ਼ਚਿਤ ਰੂਪ ਨਾਲ਼ ਕਿਹਾ ਜਾਏ ਤਾਂ ਅਜਿਹਾ ਕਰਨ ਲਈ ਮਜ਼ਦੂਰ ਜਮਾਤ ਨੂੰ ਮੁਕਤ ਰਹਿਣਾ ਚਾਹੀਦਾ ਹੈ।
ਭਾਰਤ ਦੀ ਮਜ਼ਦੂਰ ਜਮਾਤ ਦਾ ਬੁਰਜੁਆਜੀ ਨਾਲ਼ ਸਬੰਧ ਪੂਰੀ ਤਰਾਂ ਮੁਕਤ ਰਹਿਣਾ ਲਾਜ਼ਮੀ ਹੈ, ਅਤੇ ਇਸ ਲਈ ਹੋਰ ਵੀ ਜ਼ਰੂਰੀ ਹੈ ਕਿ ਉਹ ਕਿਸਾਨਾਂ 'ਤੇ ਆਪਣੇ ਪ੍ਰਭਾਅ ਦੀ ਵਰਤੋਂ ਕਰ ਸਕੇ, ਜੋ ਕਿ ਭਾਰਤ ਮੁਖ ਵਸੋਂ ਦਾ ਹਿਸਾ ਹਨ। ਇੱਕ ਬੁਲੰਦ ਇਨਕਲਾਬੀ ਖੇਤੀ ਪ੍ਰੋਗਰਾਮ ਨੂੰ ਲੈ ਕੇ ਚਲਣ ਦੀ ਸਮਰਥਾ ਸਿਰਫ਼ ਮਜ਼ਦੂਰ ਜਮਾਤ 'ਚ ਹੈ। ਲੱਖਾਂ ਕਰੋੜਾਂ ਕਿਸਾਨਾਂ ਨੂੰ ਜਾਗਰਿਤ ਅਤੇ ਜਥੇਬੰਦ ਕਰਕੇ ਦੇਸ਼ੀ ਅਤੇ ਬ੍ਰਿਟਿਸ਼ ਸਾਮਰਾਜਵਾਦੀਆਂ ਵਿਰੁੱਧ ਇੱਕ ਇਨਕਲਾਬੀ ਸੰਘਰਸ਼ ਦੀ ਅਗਵਾਈ ਦੀ ਸਮਰਥਾ ਵੀ ਸਿਰਫ਼ ਮਜ਼ਦੂਰ ਜਮਾਤ 'ਚ ਹੈ। ਭਾਰਤ 'ਚ ਇਨਕਲਾਬ ਦੀ ਜਿੱਤ ਦਾ ਇੱਕ ਹੀ ਰਾਹ ਹੈ ਕਿ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਦੀ ਇੱਕ ਸੱਚੀ ਅਤੇ ਭਰੋਸੇਯੋਗ ਦੋਸਤੀ ਦੀ ਉਸਾਰੀ ਕੀਤੀ ਜਾਏ।
ਸ਼ਾਂਤੀ ਦੇ ਦੌਰ ਦੇ ਸਾਰੇ ਸਵਾਲ ਜੰਗ ਦੇ ਦੌਰ ਵਿੱਚ ਵੀ ਪੂਰੀ ਤਾਕਤ ਨਾਲ਼ ਪ੍ਰਗਟ ਹੋਣਗੇ, ਸਗੋਂ ਹੋਰ ਵੀ ਵੱਧ ਤੀਬਰਤਾ ਨਾਲ਼ ਪ੍ਰਗਟ ਹੋਣਗੇ। ਮਹਾਨਗਰੀ ਕੇਂਦਰ (ਲੰਦਨ) ਨਾ ਕੇਵਲ ਬਸਤੀਆਂ 'ਚ ਖਾਦ ਪਦਾਰਥ ਅਤੇ ਕੱਚੇ ਮਾਲਾਂ ਨੂੰ ਭਰੇਗਾ, ਨਾਲ਼ ਉਹ ਬਸਤੀਵਾਦੀ ਗੁਲਾਮਾਂ ਨੂੰ ਵੀ ਇੱਕਠਾ ਕਰੇਗਾ ਜੋ ਜੰਗ ਭੂਮੀ ਵਿੱਚ ਆਪਣੇ ਮਾਲਕਾਂ ਲਈ ਜਾਨ ਦੇ ਸਕਣ। ਇਸ ਦਰਮਿਆਨ ਬਸਤੀਵਾਦੀ ਬੁਰਜੁਆਜੀ ਇਸ ਯੁੱਧ ਵਿਵਸਥਾ 'ਚ ਡੂੰਘਾਈ ਤੱਕ ਡੁੱਬੀ ਹੋਵੇਗੀ ਅਤੇ ਦੇਸ਼ਭਗਤੀ ਅਤੇ ਮੁਨਾਫ਼ੇ ਦੇ ਨਾਂ 'ਤੇ ਵਿਰੋਧ ਕਰਨਗੇ। ਗਾਂਧੀ ਇਸ ਨੀਤੀ ਦੀ ਭੂਮੀ ਤਿਆਰ ਕਰ ਰਿਹਾ ਹੈ। ਇਹ ਸੱਜਣ ਢਿੰਢੋਰਾ ਪਿੱਟਣਗੇ, ''ਸਾਨੂੰ ਜ਼ਰੂਰੀ ਧੀਰਜਪੂਰਵਕ ਜੰਗ ਸਮਾਪਤੀ ਦਾ ਇੰਤਜਾਰ ਕਰਨਾ ਚਾਹੀਦਾ ਹੈ- ਅਤੇ ਅਸੀਂ ਜੋ ਸਹਿਯੋਗ ਦਿੱਤਾ, ਲੰਦਨ ਉਸ ਲਈ ਇਨਾਮ ਦੇਵੇਗਾ।'' ਜਦੋਂ ਕਿ ਅਸਲੀਅਤ ਤਾਂ ਇਹ ਹੈ ਕਿ ਸਾਮਰਾਜਵਾਦੀ ਆਪਣੇ ਦੇਸ਼ ਲਈ ਖਾਸ ਕਰਕੇ ਬਸਤੀਆਂ ਦੀ ਲੁੱਟ ਦੁੱਗਣੀ-ਤਿੱਗਣੀ ਵਧਾਉਣਗੇ ਤਾਂਕਿ ਜੰਗ ਦੀ ਬਰਬਾਦੀ ਅਤੇ ਵਿਨਾਸ਼ ਨੂੰ ਮੁੜ-ਸਥਾਪਿਤ ਕਰ ਸਕਣ। ਇਹਨਾਂ ਹਾਲਤਾਂ 'ਚ ਨਵੇਂ ਸੁਧਾਰਾਂ ਦੀ ਗੱਲ ਵੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਬਸਤੀਆਂ ਨੂੰ ਅਜ਼ਾਦੀ ਪ੍ਰਦਾਨ ਕਰਨ ਦੀ ਗੱਲ ਕੀਤੀ ਜਾ ਸਕਦੀ ਹੈ। ਜੇਕਰ ਭਾਰਤ ਦੇ ਲੋਕ ਗਾਂਧੀ, ਸਤਾਲਿਨਵਾਦੀਆਂ ਅਤੇ ਉਸਦੇ ਦੋਸਤਾਂ ਦੀ ਪੈਰਵੀ ਕਰਦੇ ਹਨ ਤਾਂ ਇਸ ਜੰਗ ਦਾ ਨਤੀਜਾ ਹੋਵੇਗਾ- ਅਟੱਲ ਰੂਪ ਨਾਲ਼ ਗੁਲਾਮੀ ਦੇ ਦੋਹਰੇ ਚੰਗੁਲ 'ਚ ਫੱਸਣਾ।
ਜੇਕਰ ਇਹ ਜੰਗ ਭਾਰਤ ਅਤੇ ਹੋਰ ਬਸਤੀਆਂ ਦੀ ਗੁਲਾਮੀ ਨੂੰ ਦੁੱਗਣਾ ਕਰ ਸਕਦੀ ਹੈ ਇਸਦੇ ਉਲਟ ਮੁੰਕਮਲ ਅਜ਼ਾਦੀ ਵੀ ਆ ਸਕਦੀ ਹੈ ਬਸ਼ਰਤੇ ਇੱਕ ਸਹੀ ਇਨਕਲਾਬੀ ਨੀਤੀ ਹੋਵੇ। ਭਾਰਤ ਦੇ ਲੋਕਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਪੂਰੀ ਤਰਾਂ ਨਾਲ਼ ਸਬੰਧ ਤੋੜ ਲੈਣਾ ਚਾਹੀਦਾ ਹੈ। ਲੋਟੂ ਅਤੇ ਲੁੱਟ ਜਾ ਰਹੇ ਦੋਨੋਂ ਇੱਕ ਖਾਈ ਦੇ ਦੋ ਕਿਨਾਰੇ 'ਤੇ ਸਥਿਤ ਹਨ। ਗੁਲਾਮਾਂ ਦੇ ਮਾਲਕਾਂ ਨੂੰ ਕੋਈ ਵੀ ਮਦਦ ਨਹੀਂ। ਸਗੋਂ ਜੰਗ ਦੇ ਕਾਰਨ ਉਤਪੰਨ ਵੱਖ-ਵੱਖ ਮੁਸ਼ਕਲਾਂ ਦਾ ਮੌਕਾ ਲੈ ਕੇ ਲੋਟੂ ਜਮਾਤ ਨੂੰ ਉਖਾੜ ਸੁੱਟਣਾ ਹੀ ਸਾਡੀ ਜਿੰਮੇਵਾਰੀ ਹੈ। ਇਸ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਕਿ ਸਾਮਰਾਜਵਾਦੀ, ਜਮਹੂਰੀ ਮੁਖੌਟਾ ਪਾਉਂਦੇ ਹਨ ਜਾਂ ਫਾਸੀਵਾਦੀ, ਸਾਰੇ ਦੇਸ਼ਾਂ ਦੀਆਂ ਲੁੱਟੀਆਂ ਜਾ ਰਹੀਆਂ ਜਮਾਤਾਂ ਨੂਂ ਇਹੀ ਕਰਨਾ ਚਾਹੀਦਾ ਹੈ।
ਇਹ ਨੀਤੀ ਕੇਵਲ ਇਨਕਲਾਬੀ ਪਾਰਟੀ ਹੀ ਪੇਸ਼ ਕਰ ਸਕਦੀ ਹੈ ਜੋ ਪ੍ਰੋਲੇਤਾਰੀ ਦੇ ਆਗੂ ਦਸਤੇ 'ਤੇ ਅਧਾਰਿਤ ਹੋਵੇ। ਭਾਰਤ 'ਚ ਅਜਿਹੀ ਪਾਰਟੀ ਮੌਜੂਦ ਨਹੀਂ ਹੈ। ਚੌਥਾ ਇੰਟਰਨੈਸ਼ਨਲ ਅਜਿਹੀ ਪਾਰਟੀ ਨੂੰ ਆਪਣਾ ਪ੍ਰੋਗਰਾਮ, ਆਪਣਾ ਅਨੁਭਵ, ਆਪਣਾ ਸਹਿਯੋਗ ਪੇਸ਼ ਕਰਦਾ ਹੈ। ਇਸ ਪਾਰਟੀ ਦੇ ਗਠਨ ਲਈ ਬੁਨਿਆਦੀ ਸ਼ਰਤ ਹੈ: ਸਾਮਰਾਜਵਾਦੀ ਜਮਹੂਰੀਅਤ ਤੋਂ ਮੁੰਕਮਲ ਤੋੜ-ਵਿਛੋੜਾ, ਦੂਜੀ ਅਤੇ ਤੀਜੀ ਇੰਟਰਨੈਸ਼ਨਲ ਤੋਂ ਮੁੰਕਮਲ ਤੋੜ-ਵਿਛੋੜਾ, ਅਤੇ ਭਾਰਤੀ ਬੁਰਜੁਆਜੀ ਤੋਂ ਨਾਤਾ ਤੋੜਨਾ।
ਚੌਥਾ ਇੰਟਰਨੈਸ਼ਨਲ ਕਈ ਬਸਤੀਵਾਦੀ ਅਤੇ ਅਰਧ ਬਸਤੀਵਾਦੀ ਦੇਸ਼ਾਂ 'ਚ ਸਫਲਤਾਪੂਰਵਕ ਅੱਗੇ ਵੱਧ ਰਿਹਾ ਹੈ। ਬੇਸ਼ਕ ਇਹਨਾਂ 'ਚੋਂ ਸਭ ਤੋਂ ਅੱਗੇ ਵਧੀ ਹੋਈ ਸਾਡੀ ਫਰੈਂਚ ਇੰਡੋ-ਚਾਈਨਾ ਸ਼ਾਖਾ ਹੈ ਜੋ ਫਰਾਂਸਿਸੀ ਸਾਮਰਾਜਵਾਦ ਅਤੇ ''ਲੋਕ ਮੋਰਚਾ' ਦੇ ਮਿਥ ਵਿਰੁੱਧ ਸਮਝੌਤਾ ਰਹਿਤ ਸੰਘਰਸ਼ ਦੀ ਅਗਵਾਈ ਕਰ ਰਹੀ ਹੈ। ਸੈਗੋਨ ਵਰਕਰਜ਼ ਦੇ ਅਖ਼ਬਾਰ (ਦੀ ਸਟਰਗਲ-ਲਾ ਲੁਟੇ) ਨੇ 7 ਅਪ੍ਰੈਲ 1939 'ਚ ਲਿਖਿਆ'' ਸਤਾਲਿਨਵਾਦੀ ਆਗੂਆਂ ਨੇ ਵਿਸਾਹਘਾਤ ਦਾ ਨਵਾਂ ਕਦਮ ਵੀ ਵਧਾਇਆ। ਆਪਣੇ ਇਨਕਲਾਬੀ ਨਕਾਬ ਨੂੰ ਹਟਾਉਂਦੇ ਹੋਏ ਉਹ ਸਾਮਰਾਜਵਾਦ ਦੇ ਹਿਮਾਇਤੀ ਬਣ ਬੈਠੇ ਅਤੇ ਖੁੱਲੇ ਰੂਪ ਨਾਲ਼ ਲੁੱਟੀਆਂ ਜਾ ਰਹੀਆਂ ਬਸਤੀਆਂ ਦੇ ਲੋਕਾਂ ਦੀ ਮੁਕਤੀ ਦਾ ਖੁੱਲਮ-ਖੁੱਲਾ ਵਿਰੋਧ ਕਰ ਰਹੇ ਹਨ।'' ਸੈਗੋਨ ਪ੍ਰੋਲੇਤਾਰੀ ਦੀ ਨਿਡਰ ਇਨਕਲਾਬੀ ਸਿਆਸਤ ਨਾਲ਼ ਚੌਥੇ ਇੰਟਰਨੈਸ਼ਨਲ ਦੇ ਮੈਂਬਰਾਂ ਨੇ 4 ਅਪ੍ਰੈਲ 'ਚ ਹੁਕਮਰਾਨ ਪਾਰਟੀ ਅਤੇ ਸਤਾਲਿਨਵਾਦੀ ਖੇਮੇਂ 'ਚ ਸ਼ਾਨਦਾਰ ਜਿੱਤ ਹਾਸਿਲ ਕੀਤੀ।
ਭਾਰਤ ਦੇ ਮਜ਼ਦੂਰਾਂ ਨੂੰ ਇਹੀ ਨੀਤੀ ਅਪਣਾਉਣੀ ਹੋਵੇਗੀ। ਸਾਨੂੰ ਝੂਠੀਆਂ ਉਮੀਦਾਂ ਅਤੇ ਮਿੱਤਰਾਂ ਤੋਂ ਦੂਰ ਰਹਿਣਾ ਹੋਵੇਗਾ। ਸਾਨੂੰ ਆਪਣੀ ਇਨਕਲਾਬੀ ਤਾਕਤਾਂ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਕੌਮੀ ਅਜ਼ਾਦੀ ਲਈ ਸੰਘਰਸ਼, ਅਜਾਦ ਭਾਰਤੀ ਗਣਤੰਤਰ ਲਈ ਸੰਘਰਸ਼, ਖੇਤੀ ਇਨਕਲਾਬ, ਬੈਂਕਾਂ ਅਤੇ ਟਰਸਟਾਂ ਦੇ ਕੌਮੀਕਰਨ ਅਤੇ ਅਜਿਹੇ ਅਨੇਕ ਆਰਥਿਕ ਅਦਾਰਿਆਂ ਨਾਲ਼ ਜੁੜਿਆ ਹੋਇਆ ਹੈ, ਜਿਨ੍ਹਾਂ ਦਾ ਉਦੇਸ਼ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਕਿਰਤੀ ਲੋਕਾਂ ਨੂੰ ਉਸਦੀ ਹੋਣੀ ਦੇ ਮਾਲਕ ਖੁਦ ਬਣਾਉਣਾ ਹੈ। ਸਿਰਫ਼ ਮਜ਼ਦੂਰ ਜਮਾਤ ਅਤੇ ਕਿਸਾਨੀ ਦੇ ਨਾਲ਼ ਮੋਰਚੇ ਨਾਲ਼ ਹੀ ਇਸ ਸਭ ਨੂੰ ਅੰਜਾਮ ਦੇਣਾ ਸੰਭਵ ਹੈ।
ਬੇਸ਼ਕ, ਸ਼ੁਰੂਆਤੀ ਦੌਰ 'ਚ ਇਹ ਇਨਕਲਾਬੀ ਪਾਰਟੀ ਬਹੁਤ ਹੀ ਛੋਟੀ ਹੋਵੇਗੀ। ਪਰ ਹੋਰ ਪਾਰਟੀਆਂ ਮੁਕਾਬਲੇ ਇਹ ਸਾਰੀਆਂ ਹਾਲਤਾਂ ਦਾ ਸਹੀ ਮੁਲਾਂਕਣ ਕਰੇਗਾ ਅਤੇ ਨਿਡਰ ਹੋ ਕੇ ਆਪਣੇ ਟੀਚੇ 'ਤੇ ਚੱਲੇਗੀ। ਹਰੇਕ ਸਨਅਤੀ ਕੇਂਦਰ 'ਤੇ ਅਤੇ ਸ਼ਹਿਰਾਂ 'ਚ ਮਜ਼ਦੂਰਾਂ ਨੂੰ ਚੌਥੇ ਇੰਟਰਨੈਸ਼ਨਲ ਦੇ ਝੰਡੇ ਹੇਠ ਜਥੇਬੰਦ ਕਰਨਾ ਬਹੁਤ ਜ਼ਰੂਰੀ ਹੋਵੇਗਾ। ਇਸ ਜਥੇਬੰਦੀ 'ਚ ਕੇਵਲ ਅਜਿਹੇ ਬੁਧੀਜੀਵੀਆਂ ਨੂੰ ਪ੍ਰਵੇਸ਼ ਦੀ ਇਜਾਜਤ ਹੋਵੇਗੀ ਜਿਹਨਾਂ ਨੇ ਪ੍ਰੋਲੇਤਾਰੀ ਸਿਧਾਂਤ ਨੂੰ ਅਪਣਾ ਲਿਆ ਹੈ। ਜੜਸੂਤਰਵਾਦੀਆਂ (ਸੰਕੀਰਰਣਤਾਵਾਦੀਆਂ) ਦੇ ਉਲਟ, ਇਨਕਲਾਬੀ ਕਾਰਕੁੰਨਾਂ-ਮਾਰਕਸਵਾਦੀਆਂ ਨੂੰ ਟਰੇਡ-ਯੂਨੀਅਨਾਂ, ਸਿੱਖਿਆ ਸਭਾਵਾਂ, ਕਾਂਗਰਸ ਸੋਸ਼ਲਿਸਟ ਪਾਰਟੀਆਂ, ਅਤੇ ਆਮ ਤੌਰ 'ਤੇ ਸਾਰੀਆਂ ਜਨਤਕ ਜਥੇਬੰਦੀਆਂ 'ਚ ਸਰਗਰਮ ਰੂਪ ਨਾਲ਼ ਕਾਰਜ ਕਰਨਾ ਹੋਵੇਗਾ। ਸਾਰੀਆਂ ਥਾਵਾਂ 'ਤੇ ਉਹ ਰੈਡੀਕਲ ਖੱਬੇਪੱਖ ਦੀ ਤੌਰ 'ਤੇ ਮੌਜੂਦ ਹੋਣਗੇ ਅਤੇ ਸਰਗਰਮੀਆਂ 'ਚ ਆਪਣੇ ਸਾਹਸ ਦੀ ਮਿਸਾਲ ਪੇਸ਼ ਕਰਨਗੇ, ਸਾਰੀਆਂ ਥਾਵਾਂ 'ਤੇ ਉਹ ਧੀਰਜਪੂਰਵਕ ਅਤੇ ਸਾਥੀ ਦੇ ਤੌਰ 'ਤੇ ਮਜ਼ਦੂਰਾਂ, ਕਿਸਾਨਾਂ ਅਤੇ ਇਨਕਲਾਬੀ ਬੁੱਧੀਜੀਵੀਆਂ ਨੂੰ ਆਪਣਾ ਪ੍ਰੋਗਰਾਮ ਸਮਝਾਉਣਗੇ। ਫੌਰੀ ਘਟਨਾਕ੍ਰਮ ਭਾਰਤੀ ਬਾਲਸ਼ਵਿਕਾਂ-ਲੈਨਿਨਵਾਦੀਆਂ ਨੂੰ ਮਦਦ ਦੇਵੇਗਾ, ਲੋਕ ਹੌਲ਼ੀ-ਹੌਲ਼ੀ ਸਮਝ ਜਾਣਗੇ ਕਿ ਬਾਲਸ਼ਵਿਕ-ਲੈਨਿਨਵਾਦ ਹੀ ਇੱਕੋ-ਇੱਕ ਰਾਹ ਹੈ। ਜਦੋਂ ਪਾਰਟੀ ਤੇਜ਼ੀ ਨਾਲ਼ ਵਿਕਸਿਤ ਹੋਵੇਗੀ ਅਤੇ ਮਜ਼ਬੂਤ ਹੋਵੇਗੀ। ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਹਿੰਦੂਸਤਾਨ ਦੀ ਮੁਕਤੀ ਲਈ ਸੰਘਰਸ਼ ਚੌਥੇ ਇੰਟਰਨੈਸ਼ਨਲ ਦੇ ਝੰਡੇ ਹੇਠ ਲੜਿਆ ਜਾਏਗਾ।
ਕੋਇਕਾਨ, ਮੈਕਸਿਕੋ
25 ਜੁਲਾਈ, 1939
ਇਨਕਲਾਬੀ ਸਲਾਮ ਨਾਲ਼
ਲਿਆਂ ਤਰਾਤਸਕੀ
ਅਨੁਵਾਦਕ- ਰਜਿੰਦਰ, (ਇਹ ਨਯਾਂ ਅੰਤਰਾਸ਼ਟਰਿਆ ਪ੍ਰਕਾਸ਼ਨ, ਕਲਕੱਤਾ, ਪੱਛਮੀ ਬੰਗਾਲ ਦੁਆਰਾ ਛਾਪੇ ਇਸ ਲੇਖ ਦੇ ਹਿੰਦੀ ਰੂਪ ਦਾ ਪੰਜਾਬੀ ਅਨੁਵਾਦ ਹੈ)
Rajesh Tyagi
If Stalinism has produced anything its cartoons like the one above. They dont know even history of October revolution. They dont know that till 1923 Stalin was never known inside russia, what to say outside. Co-Architects of October were Lenin and Trotsky. It was Trotsky who chaired both the first Soviets in Petrograd in 1905 and 1917. Trotsky was sole mentor and visionary of Red Army. Foreign Commissar at the time of foreign aggression. The man who rebuilt railways. The leader who gave program for October.