Wed, 30 October 2024
Your Visitor Number :-   7238304
SuhisaverSuhisaver Suhisaver

ਛੱਤੀਸਗੜ੍ਹ ਵਿਚ ਹਕਮੂਤ ਦੇ ਜ਼ੁਲਮਾਂ ਵਿਰੁੱਧ ਆਦਿਵਾਸੀ ਰੋਹ ਸੜਕਾਂ ’ਤੇ ਆ ਨਿਕਲਿਆ -ਬੂਟਾ ਸਿੰਘ

Posted on:- 17-03-2015

suhisaver

ਹੁਕਮਰਾਨਾਂ ਵਲੋਂ ਮਾਓਵਾਦੀ ਅਗਵਾਈ ਹੇਠ ਇਨਕਲਾਬੀ ਅਵਾਮੀ ਲਹਿਰ ਨੂੰ ਕੁਚਲਣ ਲਈ ਚਲਾਏ ਜਾ ਰਹੇ ‘ਓਪਰੇਸ਼ਨ ਗ੍ਰੀਨ ਹੰਟ’ ਦਾ ਛੇਵਾਂ ਸਾਲ ਚੱਲ ਰਿਹਾ ਹੈ। ਇਸ ਦੌਰਾਨ ‘ਕੌਮੀ ਸੁਰੱਖਿਆ’ ਅਤੇ ‘ਵਿਕਾਸ’ ਦੇ ਨਾਂ ਹੇਠ ਆਦਿਵਾਸੀ ਅਵਾਮ ਦੀ ਬੇਸ਼ੁਮਾਰ ਜਾਨੀ ਤੇ ਮਾਲੀ ਤਬਾਹੀ ਕੀਤੀ ਗਈ ਹੈ। ਸੁਰੱਖਿਆ ਤੇ ਅਮਨ-ਕਾਨੂੰਨ ਦੇ ਨਾਂ ਹੇਠ ਬਣਾਇਆ ਵਹਿਸ਼ੀ ਰਾਜਤੰਤਰ ਮੁਲਕ ਦੇ ਨਾਗਰਿਕਾਂ ਦੀ ਨਸਲਕੁਸ਼ੀ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਮਨਮਾਨੀਆਂ ਗਿ੍ਰਫ਼ਤਾਰੀਆਂ, ਲੁੱਟਮਾਰ, ਜਬਰ-ਜਨਾਹ, ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖਕੇ ਤਸ਼ੱਦਦ, ਜੰਗਲ ਜਾਂ ਬਜ਼ਾਰ ਵਿਚ ਸਧਾਰਨ ਆਦਿਵਾਸੀ ਨੂੰ ਗੋਲੀ ਮਾਰਕੇ ਢੇਰ ਕਰ ਦੇਣਾ, ਫਰਜ਼ੀ ਮੁਕਾਬਲੇ ਆਮ ਗੱਲ ਹੈ। ਆਪਣੇ ਹੀ ਲੋਕਾਂ ਵਿਰੁੱਧ ਇਸ ਨੀਮ-ਫ਼ੌਜੀ ਜੰਗ ਨੂੰ ਮਹਿਜ਼ ‘ਪੁਲਿਸ ਕਾਰਵਾਈ’ ਦਾ ਨਾਂ ਦਿੱਤਾ ਹੋਣ ਕਾਰਨ ਤਾਨਾਸ਼ਾਹ ਰਾਜ ਜੰਗ ਹੇਠਲੇ ਇਲਾਕਿਆਂ ਉਪਰ ਲਾਗੂ ਹੁੰਦੇ ਕੌਮਾਂਤਰੀ ਕਾਇਦੇ-ਕਾਨੂੰਨਾਂ ਦਾ ਪਾਬੰਦ ਵੀ ਨਹੀਂ ਹੈ। ਭਾਵੇਂ ਮਾਓਵਾਦੀ ਲਹਿਰ ਦੇ ਜ਼ੋਰ ਵਾਲੇ ਇਲਾਕਿਆਂ ਦੀ ਮੁਕੰਮਲ ਘੇਰਾਬੰਦੀ ਕੀਤੀ ਹੋਈ ਹੈ ਫਿਰ ਵੀ ਜਿੰਨੀਆਂ ਕੁ ਸੀਮਤ ਰਿਪੋਰਟਾਂ ਜਿਵੇਂ-ਕਿਵੇਂ ਬਾਹਰ ਆ ਰਹੀਆਂ ਹਨ ਉਨ੍ਹਾਂ ਤੋਂ ਉਥੇ ਆਦਿਵਾਸੀਆਂ ਦੀ ਨਾਬਰੀ ਨੂੰ ਕੁਚਲਣ ਲਈ ਕੀਤੇ ਜਾ ਰਹੇ ਫਾਸ਼ੀਵਾਦੀ ਦਮਨ ਅਤੇ ਮਨੁੱਖੀ ਹੱਕਾਂ ਦੇ ਘਾਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

8 ਅਕਤੂਬਰ 2014 ਨੂੰ ਸੀ.ਆਰ.ਪੀ.ਐੱਫ., ਪੁਲਿਸ ਅਤੇ ਕੋਇਆ ਕਮਾਂਡੋਜ਼ ਵਲੋਂ ਪਿੰਡ ਪੋਟੇਨਾਰ (ਜ਼ਿਲ੍ਹਾ ਬੀਜਾਪੁਰ) ਵਿਚ ਸੀ.ਪੀ.ਆਈ. ਮਾਓਵਾਦੀ ਦੀ ਛਾਪਾਮਾਰ ਟੁਕੜੀ ਉਪਰ ਕੀਤੀ ਗੋਲੀਬਾਰੀ ਵਿਚ ਮੜਕਮ ਰੰਬਾਟੀ ਮਾਰੀ ਗਈ ਜਦੋਂਕਿ ਪੂਨਮ ਤੇ ਮੜਕਮ ਲਕਸ਼ਮੀ ਨੂੰ ਜ਼ਖ਼ਮੀ ਹਾਲਤ ’ਚ ਗਿ੍ਰਫ਼ਤਾਰ ਕਰ ਲਿਆ ਗਿਆ। ‘ਸੁਰੱਖਿਆ ਤਾਕਤਾਂ’ ਨੇ ਇਨ੍ਹਾਂ ਜ਼ਖ਼ਮੀ ਛਾਪਾਮਾਰਾਂ ਨਾਲ ਸਮੂਹਿਕ ਜਬਰ ਜਨਾਹ ਕਰਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ। ਪੂਨਮ ਦੇ ਅਲਫ਼ ਨੰਗੇ ਜਿਸਮ ਦੀਆਂ ਤਸਵੀਰਾਂ ਪੁਲਿਸ ਅਧਿਕਾਰੀਆਂ ਨੇ ਪ੍ਰੈੱਸ ਨੂੰ ਜਾਰੀ ਕੀਤੀਆਂ। ਜੋ ਪੱਤਰਕਾਰੀ ਦੇ ਅਸੂਲਾਂ ਦੀਆਂ ਧੱਜੀਆਂ ਉਡਾਕੇ ਇਕ ਸਥਾਨਕ ਹਿੰਦੀ ਰਸਾਲੇ ਨੇ ਬੇਹਯਾਈ ਨਾਲ ਛਾਪੀਆਂ। ਇਸ ਤੋਂ ਪਹਿਲਾਂ ਜੂਨ 2012 ਨੂੰ ਸੀ-60 ਕਮਾਂਡੋਜ਼ ਗੜ੍ਹਚਿਰੌਲੀ ਜ਼ਿਲ੍ਹੇ (ਮਹਾਂਰਾਸ਼ਟਰ) ਦੀ ਇਟਾਪੱਲੀ ਸਬ-ਡਿਵੀਜ਼ਨ ਦੇ ਮੇਦਰੀ ਪਿੰਡ ਨੇੜੇ ਮੁਕਾਬਲੇ ਵਿਚ ਗਿ੍ਰਫ਼ਤਾਰ ਕੀਤੀਆਂ ਛਾਪਾਮਾਰ ਔਰਤਾਂ ਨਾਲ ਵੀ ਸਰਕਾਰੀ ਹਥਿਆਰਬੰਦ ਤਾਕਤਾਂ ਨੇ ਇਸੇ ਤਰ੍ਹਾਂ ਦਾ ਵਹਿਸ਼ੀ ਸਲੂਕ ਕੀਤਾ ਸੀ। ਪਹਿਲਾਂ ਕਮਾਂਡੋਜ਼ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ, ਫਿਰ ਜਬਰ ਜਨਾਹ ਕੀਤੇ ਅਤੇ ਫਿਰ ਲਾਸ਼ਾਂ ਦੀ ਨਿਹਾਇਤ ਬੇਹੂਦਗੀ ਅਤੇ ਵਹਿਸ਼ਤ ਨਾਲ ਬੇਅਦਬੀ ਕੀਤੀ। ਜ਼ਮੀਰਫ਼ਰੋਸ਼ ਮੁੱਖਧਾਰਾ ਮੀਡੀਆ ਅਤੇ ਪ੍ਰੈੱਸ ਇੰਡਸਟਰੀ ਲਈ ਇਹ ਮਹਿਜ਼ ਵੇਚੀਆਂ ਜਾਣ ਵਾਲੀਆਂ ਖ਼ਬਰਾਂ ਹਨ। ਪੁਲਿਸ ਦੀ ਵਹਿਸ਼ਤ, ਮਨੁੱਖੀ ਹੱਕਾਂ ਦਾ ਘਾਣ, ਜੈਨੇਵਾ ਕਨਵੈਨਸ਼ਨ ਅਨੁਸਾਰ ਜੰਗੀ ਕੈਦੀਆਂ ਦੀ ਜ਼ਿੰਦਗੀ ਦੀ ਰਾਖੀ ਅਤੇ ਮਾਣ-ਸਨਮਾਨ ਉਨ੍ਹਾਂ ਲਈ ਕੋਈ ਮੁੱਦਾ ਹੀ ਨਹੀਂ ਹੈ। ਇਹ ਕਦੇ ਚਰਚਾ ਦਾ ਵਿਸ਼ਾ ਹੀ ਨਹੀਂ ਬਣਦਾ ਕਿ ਮਾਓਵਾਦੀ ਲਹਿਰ ਨੂੰ ‘ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਕਰਾਰ ਦੇ ਕੇ ਕੁਚਲਣ ਦੇ ਨਾਂ ਹੇਠ ਇਨ੍ਹਾਂ ਇਲਾਕਿਆਂ ਵਿਚ ਕਿੰਨੇ ਵਸੀਹ ਪੈਮਾਨੇ ’ਤੇ ਕਤਲੇਆਮ, ਜਬਰ-ਜਨਾਹ ਅਤੇ ਤਬਾਹੀ ਕੀਤੀ ਜਾ ਰਹੀ ਹੈ।

‘ਜਿਥੇ ਜ਼ੁਲਮ ਹੈ ਉਥੇ ਟੱਕਰ ਹੈ’ ਦੀ ਕਹਾਵਤ ਅਨੁਸਾਰ ਹੁਣ ਇਨ੍ਹਾਂ ਇਲਾਕਿਆਂ ਦੇ ਆਮ ਲੋਕਾਂ ਦਾ ਸਬਰ ਵੀ ਜਵਾਬ ਦੇ ਚੁੱਕਾ ਹੈ। ਉਹ ਹੁਣ ਹਕੂਮਤੀ ਦਹਿਸ਼ਤਗਰਦੀ ਦੇ ਲੋਹ-ਪਰਦੇ ਚੀਰਕੇ ਇਸ ਜ਼ੁਲਮ ਦੇ ਖ਼ਿਲਾਫ਼ ਖੁੱਲ੍ਹੇਆਮ ਆਵਾਜ਼ ਉਠਾਉਣ ਲੱਗੇ ਹਨ। ਪਿਛਲੇ ਮਹੀਨੇ ਦਾਂਤੇਵਾੜਾ ਜ਼ਿਲ੍ਹੇ ਦੇ ਕੂਆਕੌਂਡਾ ਬਲਾਕ ਵਿਚ ‘ਸੁਰੱਖਿਆ ਤਾਕਤਾਂ’ ਵਲੋਂ ਇਕ ਆਮ ਆਦਿਵਾਸੀ ਨੂੰ ਗੋਲੀ ਮਾਰ ਦੇਣ ਦੇ ਖ਼ਿਲਾਫ਼ 20 ਪਿੰਡਾਂ ਦੇ 5000 ਲੋਕ ਸੜਕਾਂ ’ਤੇ ਆ ਨਿੱਕਲੇ ਸਨ। ਇਹ ਹਕੂਮਤੀ ਜ਼ੁਲਮਾਂ ਵਿਰੁੱਧ ਖੌਲ਼ ਰਹੇ ਲੋਕ ਰੋਹ ਦੀ ਇਕ ਝਲਕ ਸੀ।

ਹੁਣ ਕੁਝ ਹਫ਼ਤਿਆਂ ’ਚ ਹੀ ਦੂਜੀ ਵਾਰ ਵੱਡੀ ਤਾਦਾਦ ’ਚ ਔਰਤਾਂ ਸਮੇਤ 1000 ਆਦਿਵਾਸੀਆਂ ਨੇ ਪੂਰੇ ਸਤਾਰਾਂ ਘੰਟੇ ਛੱਤੀਸਗੜ੍ਹ-ਆਂਧਰਾ ਪ੍ਰਦੇਸ਼ ਕੌਮੀ ਸ਼ਾਹ-ਮਾਰਗ ਜਾਮ ਰੱਖਿਆ। ਇਕ ਹਫ਼ਤੇ ਤੋਂ ਵੱਧ ਸਮਾਂ ਪੱਕਾ ਮੋਰਚਾ ਲਾਇਆ। ਗਿਆ ਮਾਮਲਾ ਸੁਕਮਾ ਜ਼ਿਲ੍ਹੇ ਦੇ ਹਮੀਰਗੜ੍ਹ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਕੁੱਕ ਵਜੋਂ ਨੌਕਰੀ ਕਰਦੇ ਮੁਚਕੀ ਹੜਮਾ ਦੀ ਗਿ੍ਰਫ਼ਤਾਰੀ ਦਾ ਹੈ। ਪਿੰਡ ਵਾਸੀਆਂ ਅਨੁਸਾਰ 15 ਫਰਵਰੀ ਰਾਤ ਨੂੰ ਪੁਲਿਸ ਨੇ ਕੋਲਾਕੌਂਟਾ ਬਸਤੀ ਉਪਰ ਧਾਵਾ ਬੋਲਕੇ ਆਦਿਵਾਸੀਆਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਲਿਆ। ਡੁਲਗੋ ਪਾਂਡੂ, ਹਿੜਮਾ ਪੋਡੀਅਮ, ਉਸ ਦੀ 27 ਸਾਲਾਂ ਪਤਨੀ ਮਾਡੋ ਪੜਿਆਮੀ ਅਤੇ ਉਨ੍ਹਾਂ ਦੀ ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਮਾਓਵਾਦੀਆਂ ਦੇ ਹਮਾਇਤੀ ਪਿੰਡ ਵਾਸੀਆਂ ਦੀ ਸੂਹ ਦੇਣ ਲਈ ਕਿਹਾ। ਪੁਲਿਸ ਨੇ ਉਨ੍ਹਾਂ ਦੇ ਘਰਾਂ ’ਚੋਂ ਕੀਮਤੀ ਸਮਾਨ ਅਤੇ ਨਗਦੀ ਲੁੱਟ ਲਈ। ਓੜਕ ਪੁਲਿਸ 11 ਆਦਿਵਾਸੀਆਂ ਨੂੰ ਗੱਡੀਆਂ ਵਿਚ ਸੁੱਟ ਕੇ ਟੌਂਗਪਾਲ ਥਾਣੇ ਲੈ ਗਈ। ਅਗਲੇ ਦਿਨ ਸਵੇਰੇ ਹੀ ਪਿੰਡ ਦੇ ਸਰਪੰਚ ਦੀ ਅਗਵਾਈ ਵਿਚ ਲੋਕਾਂ ਵਲੋਂ ਥਾਣੇ ਜਾ ਕੇ ਫੜ੍ਹੇ ਬੰਦਿਆਂ ਦੀ ਰਿਹਾਈ ਲਈ ਦਬਾਅ ਪਾਉਣ ’ਤੇ ਤਿ੍ਰਕਾਲਾਂ ਨੂੰ 10 ਬੰਦੇ ਤਾਂ ਛੱਡ ਦਿੱਤੇ ਪਰ ਮੁਚਕੀ ਹੜਮਾ ਨੂੰ ਪੁੱਛਗਿੱਛ ਪੂਰੀ ਕਰਕੇ ਛੱਡਣ ਦਾ ਵਾਇਦਾ ਕੀਤਾ। ਅਗਲੇ ਦਿਨ ਉਸ ਉਪਰ ਕਤਲ, ਫ਼ਸਾਦ, ਘਾਤਕ ਹਥਿਆਰਾਂ, ਗ਼ੈਰਕਾਨੂੰਨੀ ਮੀਟਿੰਗ ਕਰਨ ਦੇ ਸੰਗੀਨ ਇਲਜ਼ਾਮ ਲਾ ਕੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਪੇਸ਼ ਕਰ ਦਿੱਤਾ।


ਪੁਲਿਸ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਪੁਲਿਸ ਮੁਖ਼ਬਰ ਅਨਿਲ ਠਾਕੁਰ ਨੂੰ ਇਸ ਪਿੰਡ ਨੇੜੇ ਹਥਿਆਰਬੰਦ ਬੰਦਿਆਂ ਵਲੋਂ ਅਗਵਾ ਕਰਕੇ ਮਾਰ ਦੇਣ ਦੀ ਵਾਰਦਾਤ ਵਿਚ ਮੁਚਕੀ ਹੜਮਾ ਸ਼ਾਮਲ ਸੀ। ਪਿੰਡ ਦੇ ਬਾਸ਼ਿੰਦੇ ਅਨੁਸਾਰ ਇਹ ਹੈ। ਓਦੋਂ ਤੋਂ ਹੀ ਪੁਲਿਸ ਇਸ ਪਿੰਡ ਦੇ ਬਾਸ਼ਿੰਦਿਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਇਸੇ ਪਿੰਡ ਦੇ ਕਵਾਸੀ ਹਿੜਮਾ ਨੂੰ ਟੌਂਗਪਾਲ ਬਜ਼ਾਰ ਵਿੱਚੋਂ ਪੁਲਿਸ ਨੇ ਅਗਵਾ ਕਰਕੇ ਹਿਰਾਸਤ ਵਿਚ ਪੰਜ ਦਿਨ ਬੁਰੀ ਤਰ੍ਹਾਂ ਤਸੀਹੇ ਦਿੱਤੇ ਸਨ। ਰਿਹਾਅ ਹੋਣ ’ਤੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੋ ਕੇ ਉਸ ਨੇ ਚੁੱਪਚੁਪੀਤੇ ਇਲਾਜ ਕਰਵਾ ਲਿਆ ਸੀ ਤੇ ਤਸੀਹਿਆਂ ਤੇ ਜ਼ਲਾਲਤ ਦੀ ਪੀੜਾ ਅੰਦਰੋ-ਅੰਦਰੀ ਪੀ ਲਈ ਸੀ। ਇਸ ਨਿੱਤ ਦੀ ਜ਼ਲਾਲਤ ਅਤੇ ਜ਼ੁਲਮਾਂ ਦੇ ਸਤਾਏ 1000 ਆਦਿਵਾਸੀਆਂ ਨੇ ਆਪਮੁਹਾਰੇ ਹੀ ਕਾਫ਼ਲੇ ਬੰਨ੍ਹਕੇ 17 ਫਰਵਰੀ ਨੂੰ ਕੌਮੀ ਸ਼ਾਹ-ਰਾਹ ਜਾਮ ਕਰ ਦਿੱਤਾ। ਜਦੋਂ ਪੁਲਿਸ ਜਾਮ ਖੁੱਲਵਾਉਣ ’ਚ ਨਾਕਾਮ ਰਹੀ ਤਾਂ ਕਵਾਸੀ ਹਿੜਮਾ, ਬੁਦਰਾ ਅਤੇ ਮੰੜਾਵੀ ਰਾਮਜੀ ਨੂੰ ਗ਼ੈਰਕਾਨੂੰਨੀ ਤੌਰ ’ਤੇ ਇਕੱਠੇ ਹੋਣ ਦੇ ਇਲਜ਼ਾਮ ’ਚ ਚੁੱਕਕੇ ਲੈ ਗਈ। ਪੁਲਿਸ ਦੀ ਬਣਾਈ ਕਹਾਣੀ ਤਾਂ ਵੱਡੀਆਂ ਸੁਰਖ਼ੀਆਂ ਬਣਦੀ ਹੈ ਪਰ ਆਦਿਵਾਸੀ ਅਵਾਮ ਦੇ ਇਸ ਸਭ ਤੋਂ ਅਹਿਮ ਸਵਾਲ ਨੂੰ ਮੁੱਖਧਾਰਾ ਮੀਡੀਆ ਸੁਣਨ ਲਈ ਵੀ ਤਿਆਰ ਨਹੀਂ ਕਿ ‘ਸੁਰੱਖਿਆ ਤਾਕਤਾਂ’ ਵਲੋਂ ਔਰਤਾਂ ਨਾਲ ਜਬਰ-ਜਨਾਹ, ਬਿਨਾ ਵਾਰੰਟ ਗਿ੍ਰਫ਼ਤਾਰੀਆਂ, ਬਿਨਾ ਗਿ੍ਰਫ਼ਤਾਰੀ ਕਈ-ਕਈ ਦਿਨ ਹਿਰਾਸਤ ’ਚ ਤਸੀਹੇ ਕਿਸ ਸੰਵਿਧਾਨ ਅਨੁਸਾਰ ਕਾਨੂੰਨੀ ਅਤੇ ਜਾਇਜ਼ ਹਨ।

ਆਦਿਵਾਸੀਆਂ ਵਿਚ ਐਨਾ ਰੋਹ ਸੀ ਕਿ ਆਦਿਵਾਸੀ ਆਮ ਆਦਮੀ ਪਾਰਟੀ ਦੀ ਆਗੂ ਸੋਨੀ ਸੋਰੀ ਅਤੇ ਕਾਰਕੁੰਨ ਬੇਲਾ ਭਾਟੀਆ ਦੀ ਦਖ਼ਲਅੰਦਾਜ਼ੀ ਅਤੇ ਪ੍ਰੇਰਣਾ ਨਾਲ ਵੀ ਜਾਮ ਖੋਲ੍ਹਣਾ ਨਾ ਮੰਨੇ। ਉਨ੍ਹਾਂ ਦੀ ਮੰਗ ਸੀ ਕਿ ਭਾਵੇਂ ਮੁਚਕੀ ਹੜਮਾ ਦੇ ਮਾਮਲੇ ਵਿਚ ਹੁਣ ਕਾਨੂੰਨੀ ਚਾਰਾਜੋਈ ਦਾ ਸਹਾਰਾ ਲੈਣਾ ਪਵੇਗਾ ਪਰ ਤਿੰਨ ਮੁਜ਼ਾਹਰਾਕਾਰੀਆਂ ਦੀ ਰਿਹਾਈ ਤਕ ਉਹ ਉੱਥੋਂ ਨਹੀਂ ਜਾਣਗੇ। ਆਦਿਵਾਸੀਆਂ ਦੇ ਦਿ੍ਰੜ ਇਰਾਦੇ ਦੇਖਕੇ ਪੁਲਿਸ ਨੇ ਉਨ੍ਹਾਂ ਤਿੰਨਾਂ ਨੂੰ ਰਿਹਾਅ ਕਰ ਦਿੱਤਾ। ਪਰ ਜਦੋਂ ਉਹ ਪੁਲਿਸ ਹਿਰਾਸਤ ’ਚੋਂ ਬਾਹਰ ਆਏ ਤਾਂ ਉਨ੍ਹਾਂ ਉਪਰ ਕੀਤੇ ਵਹਿਸ਼ੀ ਤਸ਼ੱਦਦ ਨੂੰ ਦੇਖਕੇ ਆਦਿਵਾਸੀਆਂ ਦਾ ਰੋਹ ਹੋਰ ਭੜਕ ਉੱਠਿਆ। ਉਨ੍ਹਾਂ ਨੂੰ ਓਦੋਂ ਤਕ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟਿਆ ਗਿਆ ਸੀ ਜਦੋਂ ਤਕ ਉਹ ਬੇਹੋਸ਼ ਨਹੀਂ ਹੋ ਗਏ। ਉਨ੍ਹਾਂ ਦੇ ਸਿਰ ਪਾਣੀ ਦੀਆਂ ਭਰੀਆਂ ਬਾਲਟੀਆਂ ਵਿਚ ਵਾਰ-ਵਾਰ ਡੁਬੋਏ ਗਏ। ਫਿਰ ਪੁਲਿਸ ਨੇ ਮੁਕਾਮੀ ਸਰਕਾਰੀ ਡਾਕਟਰ ਕੋਲੋਂ ਟੀਕੇ ਲਗਵਾਕੇ ਉਨ੍ਹਾਂ ਨੂੰ ਐੱਸ.ਡੀ.ਐੱਮ. ਦੇ ਪੇਸ਼ ਕਰਕੇ ਦਾਂਤੇਵਾੜਾ ਜੇਲ੍ਹ ਵਿਚ ਬੰਦ ਰੱਖਿਆ ਸੀ। ਇਹ ਹਾਲ ਸੁਣਕੇ ਸੁਕਮਾ ਤੇ ਬਸਤਰ ਜ਼ਿਲ੍ਹਿਆਂ ਦੇ ਡਰਬਾ, ਕੂਆਕੌਂਡਾ, ਛਿੰਦਗੜ੍ਹ ਅਤੇ ਸੁਕਮਾ ਬਲਾਕਾਂ ਦੇ ਆਦਿਵਾਸੀ ਵਹੀਰਾਂ ਘੱਤਕੇ ਟੌਂਗਪਾਲ ਆ ਪਹੁੰਚੇ। ਇਕੱਠ ਵਧਦਾ-ਵਧਦਾ 5000 ਹੋ ਗਿਆ। ਫਿਰ ਉਨ੍ਹਾਂ ਨੇ ਕੌਮੀ ਸ਼ਾਹ-ਰਾਹ ਦਾ ਜਾਮ ਖ਼ਤਮ ਕਰਕੇ 22 ਫਰਵਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਟੌਂਗਪਾਲ ਦੇ ਖੁੱਲ੍ਹੇ ਮੈਦਾਨ ਵਿਚ ਧਰਨਾ ਲਾ ਦਿੱਤਾ।

ਐਨੇ ਵਸੀਹ ਲੋਕ ਵਿਰੋਧ ਦੇ ਬਾਵਜੂਦ ਘੋਰ ਲਾਕਾਨੂੰਨੀਆਂ ’ਚ ਗਲਤਾਨ ਪੁਲਿਸ ਐਨੀ ਬੇਖੌਫ਼ ਹੈ ਕਿ ਥਾਣਾ ਮੁਖੀ ਪੱਤਰਕਾਰਾਂ ਨੂੰ ਸ਼ਰੇਆਮ ਕਹਿ ਰਿਹਾ ਸੀ, ‘‘ਜੇ ਉਹ ਹੁਣ ਚੱਕਾ ਜਾਮ ਕਰਦੇ ਹਨ, ਫਿਰ ਅਸਲੀ ਕਾਰਵਾਈ ਹੋਵੇਗੀ।’’

21 ਫਰਵਰੀ ਨੂੰ ਆਦਿਵਾਸੀਆਂ ਨੇ ਤਿੰਨ ਕਿਲੋਮੀਟਰ ਲੰਮਾ ਮੌਨ ਜਲੂਸ ਕੱਢਕੇ ਹਕੂਮਤੀ ਜ਼ੁਲਮਾਂ ਨੂੰ ਲਾਹਣਤ ਪਾਈ। ਉਨ੍ਹਾਂ ਵਲੋਂ ਚੁੱਕੀਆਂ ਤਖ਼ਤੀਆਂ ਉਪਰ ਨਾਅਰੇ ਲਿਖੇ ਹੋਏ ਸਨ: ‘‘ਹਮ ਭੀ ਇਨਸਾਨ ਹੈ, ਹਮੇ ਭੀ ਜੀਨੇ ਦੋ,’’ ‘‘ਨਿਰਦੋਸ਼ ਆਦਿਵਾਸੀਓਂ ਪਰ ਪੁਲਿਸ ਅਪਨਾ ਦਮਨ ਬੰਦ ਕਰੇ।’’ ਹੜਮਾ ਮੁਚਕੀ ਦੀ ਰਿਹਾਈ ਦੇ ਨਾਲ-ਨਾਲ ਹੁਣ ਉਹ ਬਿਨਾ ਵਾਰੰਟ ਪੁਲਿਸ ਵਲੋਂ ਮਨਮਾਨੀਆਂ ਗਿ੍ਰਫ਼ਤਾਰੀਆਂ ਪੂਰੀ ਤਰ੍ਹਾਂ ਬੰਦ ਕਰਨ, ਔਰਤ ਪੁਲਿਸ ਮੁਲਾਜ਼ਮਾਂ ਵਲੋਂ ਹੀ ਘਰਾਂ ਦੀ ਤਲਾਸ਼ੀ ਅਤੇ ਔਰਤਾਂ ਤੋਂ ਪੁੱਛਗਿੱਛ ਕਰਨ ਦੀ ਮੰਗ ਕਰ ਰਹੇ ਹਨ। ਧਰਨਾਕਾਰੀ ਔਰਤਾਂ ਦੱਸਦੀਆਂ ਹਨ: ‘‘ਜਦੋਂ ਫੋਰਸ ਵਾਲਾ ਪਿੰਡ ਵਿਚ ਤਲਾਸ਼ੀਆਂ ਦੀ ਕਾਰਵਾਈ ਕਰਦੇ ਹਨ ਤਾਂ ਔਰਤਾਂ ਨੂੰ ਵੀ ਨਹੀਂ ਬਖ਼ਸ਼ਦੇ। ਜਦੋਂ ਅਸੀਂ ਇਕੱਲੀਆਂ ਹੁੰਦੀਆਂ ਹਾਂ ਤਾਂ ਮਰਦ ਘਰਾਂ ਵਿਚ ਆ ਘੁਸਦੇ ਹਨ।’’ ਇਸੇ ਬਲਾਕ ਦੇ ਪਿੰਡ ਪੇਂਦਲਨਾਰ ਦਾ ਸਰਪੰਚ ਮੁੜਾ ਕਵਾਸੀ ਕਹਿੰਦਾ ਹੈ: ‘‘ਪਿੰਡਾਂ ਵਿਚ ਆਪਣੇ ਘਰਾਂ ਵਿਚ ਸਹਿਜ ਜ਼ਿੰਦਗੀ ਜਿਉਣਾ ਅਤੇ ਹਾਟ-ਬਜ਼ਾਰ ਜਾਣਾ ਵੀ ਅਸੰਭਵ ਹੋ ਚੁੱਕਾ ਹੈ। ਕਿਸੇ ਨਾ ਕਿਸੇ ਪੁੱਛ-ਪੜਤਾਲ ਜਾਂ ਨਕਸਲਾਈਟ ਹੋਣ ਦੇ ਸ਼ੱਕ ’ਚ ਫੜ੍ਹ ਲੈਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ।’’ ਤਸ਼ੱਦਦ ਦਾ ਸੱਜਰਾ ਸ਼ਿਕਾਰ ਹੋਇਆ ਕਵਾਸੀ ਹਿੜਮਾ ਕਹਿੰਦਾ ਹੈ: ‘‘ਸੁਕਮਾ, ਡਰਬਾ ਅਤੇ ਕੂਆਕੌਂਡਾ ਦੇ ਗੁਆਂਢੀ ਬਲਾਕਾਂ ਦੇ ਪਿੰਡਾਂ ਦੀ ਵੀ ਇਹੋ ਕਹਾਣੀ ਹੈ। ਇਸੇ ਕਰਕੇ ਐਨੇ ਤਾਦਾਦ ’ਚ ਲੋਕ ਸਾਡੀ ਹਮਾਇਤ ’ਚ ਇਥੇ ਆ ਜੁੜੇ ਹਨ।’’

ਦੋਲੇਰਾਸ ਪਿੰਡ ਦਾ ਸਰਪੰਚ ਕਹਿੰਦਾ ਹੈ: ‘‘ਅਸੀਂ ਓਦੋਂ ਤਾਈਂ ਇਥੇ ਧਰਨੇ ’ਤੇ ਬੈਠੇ ਰਹਾਂਗੇ ਜਦੋਂ ਤਾਈਂ ਅਧਿਕਾਰੀਆਂ ਵਲੋਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ, ਚਾਹੇ ਮਹੀਨਾ ਲੱਗ ਜਾਵੇ।’’ ਸੋਨੀ ਸੋਰੀ ਕਹਿੰਦੀ ਹੈ: ‘‘ਇਸ ਵਾਰ ਲੋਕ ਦਿ੍ਰੜ ਜਾਪਦੇ ਹਨ। ਉਹ ਚਾਹੁੰਦੇ ਹਨ ਉਨ੍ਹਾਂ ਦੀ ਸੁਣਵਾਈ ਹੋਵੇ ਅਤੇ ਉਹ ਇਸ ਤਰ੍ਹਾਂ ਦੇ ਵਰਤਾਓ ਨੂੰ ਸਹਿਣ ਤੋਂ ਨਾਬਰ ਹਨ।’’

ਪੁਲਿਸ ਅਤੇ ਸੁਰੱਖਿਆ ਤਾਕਤਾਂ ਅਨੁਸਾਰ ਇਨ੍ਹਾਂ ਰੋਸ-ਵਿਖਾਵਿਆਂ ਦੀ ਅਸਲ ਅਗਵਾਈ ਕਰਨ ਵਾਲੇ ਹੋਰ ਹਨ। ਥਾਣਾ ਮੁਖੀ ਪੱਤਰਕਾਰ ਨੂੰ ਕਹਿੰਦਾ ਹੈ: ‘‘ਜਦੋਂ ਇਹ ਖ਼ਤਮ ਹੋ ਗਿਆ ਤਾਂ ਥਾਣੇ ਆਇਓ। ਮੈਂ ਤੁਹਾਨੂੰ ਸਾਡੇ ਹੱਥ ਲੱਗੀ ਗੱਲਬਾਤ ਦੀ ਰਿਕਾਰਡਿੰਗ ਸੁਣਾਵਾਂਗਾ ਕਿ ਇਸ ਇਕੱਠ ਨੂੰ ਅਗਵਾਈ-ਸੇਧ ਉਹ ਲੋਕ (ਮਾਓਵਾਦੀ) ਦੇ ਰਹੇ ਹਨ।’’

Comments

Simranjot Singh Makkar

ਤੁਸੀ ਇਕ ਪਾਸੜ ਗਲ ਕੀਤੀ ਹੈ। ਅਫਸਪਾ ਖਿਲਾਫ ਵੀ ਇਹ ਲਾਮਬੰਦੀ ਬਣਦੀ ਹੈ। ਪਰ ਮਾਓਵਾਦੀ ਤਾਕਤਾਂ ਨੂੰ ਲੋਕ ਲਹਿਰ ਦੀ ਪ੍ਰਵਾਨਗੀ ਤੁਹਾਡੀ ਨਿੱਜੀ ਵਿਚਾਰਧਾਰਾ ਹੈ, ਇਸ ਨੂੰ ਹੋਰਾਂ ਨੇ ਨਾ ਥੋਪਿਆ ਜਾਏ।ਦੂਜਾ ਕਸ਼ਮੀਰ 'ਚ ਵੀ ਅਜੇਹੇ ਮਾਹੌਲ 'ਤੇ ਲੇਖਕਾਂ ਦੀ ਚੁੱਪੀ ਕਿਉ: ਹੁੰਦੀ ਹੈ

ਬੂਟਾ ਸਿੰਘ

ਦਰ ਅਸਲ ਸਾਡੇ ਲੋਕਾਂ ਦੀ ਲੜਾਈ ਸੱਤਾਤੰਤਰ ਦੀਆਂ ਮਨਮਾਨੀਆਂ ਦੇ ਖਿ਼ਲਾਫ਼ ਹੈ। ਜਿਥੇ ਅਫ਼ਸਪਾ ਲਾਗੂ ਹੈ ਉਥੇ ਬਇੰਤਹਾ ਜਬਰ ਹੈ। ਜਿਥੇ ਅਜੇ ਅਫ਼ਸਪਾ ਲਾਗੂ ਨਹੀਂ ਉਥੇ ਵੀ ਜਬਰ-ਜ਼ੁਲਮ ਹੱਦਾਂ ਟੱਪ ਚੁੱਕਾ ਹੈ। ਮੈਂ ਆਪਣੇ ਲੇਖਾਂ ਰਾਹੀਂ ਅਫ਼ਸਪਾ ਦੇ ਖਿ਼ਲਾਫ਼ ਆਵਾਜ਼ ਉਠਾਉਂਦਾ ਆ ਰਿਹਾ ਹਾਂ। ਨਿਸ਼ਚੇ ਹੀ ਅਫ਼ਸਪਾ ਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਮਾਓਵਾਦੀ ਤਾਕਤਾਂ ਨੂੰ ਲੋਕ ਲਹਿਰ ਦੀ ਪ੍ਰਵਾਨਗੀ ਬਾਰੇ ਮੈਂ ਆਪਣੇ ਵਿਚਾਰ ਕਿਸੇ ਉਪਰ ਥੋਪੇ ਨਹੀਂ ਸਿਰਫ਼ ਆਪਣੀ ਲਿਖਤ ਰਾਹੀਂ ਪ੍ਰਗਟਾਏ ਹਨ। ਬਾਕੀ ਲੇਖਕਾਂ ਨੂੰ ਵੀ ਇਸ ਲਹਿਰ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦੀ ਪੂਰੀ ਆਜ਼ਾਦੀ ਹੈ। ਉਨ੍ਹਾਂ ਨੂੰ ਕਿਸੇ ਨੇ ਰੋਕਿਆ ਨਹੀਂ ਹੈ। ਜਿੱਥੋਂ ਤਾਈਂ ਕਸ਼ਮੀਰ ਦਾ ਸਵਾਲ ਹੈ, ਇਸ ਬਾਰੇ ਲੇਖਕ ਚੁੱਪ ਨਹੀਂ ਹਨ। ਈਮਾਨਦਾਰ ਲੇਖਕ ਲਗਾਤਾਰ ਲਿਖ ਰਹੇ ਹਨ। ਹਾਲ ਹੀ ਵਿਚ ਮੈਂ ਕਸ਼ਮੀਰ ਬਾਰੇ ਮੰਨੇ-ਪ੍ਰਮੰਨੇ ਪੱਤਰਕਾਰ ਤੇ ਨਾਵਲਕਾਰ ਆਂਦਰੇ ਵਲਚੇਕ ਦਾ ਲੰਮਾ ਲੇਖ ਅਨੁਵਾਦ ਕਰ ਰਿਹਾ ਹਾਂ। ਕਸ਼ਮੀਰ ਦੀ ਹਕੀਕੀ ਹਾਲਤ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਛੇਤੀ ਹੀ ਪਾਠਕਾਂ ਨਾਲ ਸਾਂਝਾ ਕਰਾਂਗਾ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ