8 ਮਾਰਚ ਦੇ ਦਿਨ, ਕੁਝ ਨਮੋਸ਼ੀ ਅਤੇ ਕੁਝ ਖਿਝ ਨਾਲ-ਸੁਕੀਰਤ
Posted on:- 08-03-2015
ਦੁਨੀਆ ਭਰ ਦੇ ਕਰੋੜਾਂ, ਅਤੇ ਭਾਰਤ ਵਿਚ ਰਹਿੰਦੇ ਲੱਖਾਂ ਲੋਕਾਂ ਵਾਂਗ ਮੈਂ ਵੀ ਲੈਜ਼ਲੀ ਅਡਵਿਨ ਦੀ ਦਸਤਾਵੇਜ਼ੀ ਫਿਲਮ ‘ਭਾਰਤ ਦੀ ਧੀ’ ਇੰਟਰਨੈਟ ਤੋਂ ਲੱਭ ਕੇ ਦੇਖ ਲਈ ਹੈ। ਇਹ ਫਿਲਮ ਜੋ ਬੀਬੀਸੀ ਅਤੇ ਐਨ ਡੀ ਟੀ ਵੀ ਤੋਂ 8 ਮਾਰਚ ਨੂੰ ਪੇਸ਼ ਕੀਤੀ ਜਾਣ ਵਾਲੀ ਸੀ, ਬੀਬੀਸੀ ਨੇ ਭਾਰਤੀ ਸਰਕਾਰ ਦੀਆਂ ਇਸਦੇ ਪ੍ਰਸਾਰਣ ਨੂੰ ਰੋਕ ਦੀਆਂ ਧਮਕੀਆਂ ਕਾਰਨ ਬੁੱਧਵਾਰ, 4 ਮਾਰਚ ਦੀ ਰਾਤ ਨੂੰ ਹੀ ਆਪਣੇ ਚੈਨਲ 4 ਉੱਤੇ ਦਿਖਾ ਦਿੱਤੀ, ਅਤੇ ਉਸਤੋਂ ਛੇਤੀ ਬਾਅਦ ਹੀ ਇੰਟਰਨੈਟ ਉਤੇ ਵੀ ਆ ਗਈ। ਸ਼ੁੱਕਰਵਾਰ, ਦੁਪਹਿਰ ਤਕ ਇਸਨੂੰ ਭਾਰਤ ਵਿਚ ਵੀ ਯੁਟਿਊਬ ਉਤੇ ਦੇਖਿਆ ਜਾ ਸਕਦਾ ਸੀ, ਪਰ ਹੁਣ ਅਦਾਲਤੀ ਹੁਕਮ ਤਹਿਤ ਭਾਰਤੀ ਸਰਵਰਾਂ ਤੋਂ ਹਟਾ ਦਿਤਾ ਗਿਆ ਹੈ ।
ਜੇ ਇਸ ਫਿਲਮ ਉਤੇ ਰੋਕ ਨਾ ਲਾ ਗਈ ਹੁੰਦੀ, ਜੇ
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਜਟ ਦੇ ਅਹਿਮ ਪਾਰਲੀਮਾਨੀ ਸੈਸ਼ਨ ਦੌਰਾਨ ਇਸ ਫਿਲਮ ਦੇ
ਮਸਲੇ ਨੂੰ ਨਾ ਚੁੱਕਿਆ ਹੁੰਦਾ, ਜੇ ਭਾਰਤ ਸਰਕਾਰ ਨੇ ਬੀਬੀਸੀ ਉਤੇ ਮੁਕੱਦਮੇ ਕਰਨ ਦੀਆਂ
ਧਮਕੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਦੁਨੀਆਂ ( ਅਤੇ ਸਾਡੇ ਦੇਸ ਦੇ) ਲੱਖਾਂ ਲੋਕਾਂ
ਵਾਂਗ ਮੈਂ ਵੀ ਖਾਸ ਤਰੱਦਦ ਕਰ ਕੇ ਇਸ ਫਿਲਮ ਨੂੰ ਲੱਭਣ-ਦੇਖਣ ਦਾ ਉਪਰਾਲਾ ਨਾ ਕਰਦਾ। ਪਰ
ਸਾਡੀ ਸਰਕਾਰ ਨੂੰ ਏਨੀ ਤੜਫਣੀ ਲਾਉਣ ਵਾਲੀ ਫਿਲਮ ਨੂੰ ਦੇਖਣਾ ਹੁਣ ਜ਼ਰੂਰੀ ਹੋ ਗਿਆ
ਜਾਪਿਆ...
ਆਖਰ ਕੀ ਹੈ ਇਸ ਫ਼ਿਲਮ ਵਿਚ? ਫਿਲਮ ਦੇਖਣ ਤੋਂ ਪਹਿਲਾਂ ਸਰਕਾਰੀ ਬਿਆਨਾਂ ਤੋਂ ਪਰਭਾਵ ਇਹ ਪੈ ਰਿਹਾ ਸੀ, ਜਿਵੇਂ ਇਹ ਦਸੰਬਰ, 2012 ਵਿਚ ‘ਨਿਰਭੈਅ’ ਦੇ ਦਿੱਲੀ ਬਲਾਤਕਾਰ ਕਾਂਡ ਦੇ ਇਕ ਮੁਜਿਰਮ ਨਾਲ ਮੁਲਾਕਾਤ ਉਤੇ ਅਧਾਰਤ ਫ਼ਿਲਮ ਹੋਵੇ। ਜਿਵੇਂ ਉਸ ਮੁਜਰਿਮ ਨੂੰ ਆਪਣਾ ਪੱਖ ਰਖਣ ਦੀ ਸਾਜ਼ਿਸ਼ ਦਾ ਉਪਰਾਲਾ ਹੋਵੇ। ਸਰਕਾਰੀ ਬਿਆਨਾਂ ਤੋਂ ਕਈ ਕਿਸਮ ਦੇ ਖਤਰਿਆਂ ਅਤੇ ਰੋਹ ਦਾ ਇਜ਼ਹਾਰ ਲਭਦਾ ਸੀ। ਇਸ ਮੁਜਰਿਮ ਨਾਲ ਮੁਲਕਾਤ ਦੀ ਇਜਾਜ਼ਤ ਕਿਸਨੇ ਦਿੱਤੀ, ਜਿਸਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ? ਇਹੋ ਜਿਹੀ ਫਿਲਮ ਦੇਖਣ ਨਾਲ ਭਾਰਤ ਵਿਚ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘਟੇਗੀ। ਇਹ ਭਾਰਤ ਦੇ ਸਭਿਆਚਾਰ ਉਤੇ ਹਮਲਾ ਹੈ। ਇਹ ਫਿਲਮ ‘ਨਿਰਭੈਅ’ ਦਾ ਅਸਲੀ ਨਾਂਅ ਨਸ਼ਰ ਕਰਦੀ ਹੈ, ਅਤੇ ਉਸਦੇ ਮਾਪਿਆਂ ਦੀ ਇਜ਼ਤ ਅਤੇ ਨਿਜਤਾ ਉੱਤੇ ਹਮਲਾ ਹੈ। ਇਹੋ ਜਿਹੀ ਫਿਲਮ ਦਿਖਾਣ ਨਾਲ ਦੇਸ ਵਿਚ ਦੰਗੇ ਹੋਣ ਦੀ ਸੰਭਾਵਨਾ ਹੈ।
ਪਰ ਹੁਣ, ਫਿਲਮ ਦੇਖਣ ਤੋਂ ਬਾਅਦ ਪਰਭਾਵ ਇਹ ਹੈ ਕਿ ਇਹੋ ਜਿਹੇ ਫਜ਼ੂਲ, ਇਹੋ ਜਿਹੇ ਬੇਸਿਰਪੈਰ ਬਿਆਨ ਏਨੇ ਹਾਸੋਹੀਣੇ ਹਨ ਕਿ ਜੇ ਹੋਰ ਕਿਸੇ ਦਾ ਨਹੀਂ ਤਾਂ ਬਤੌਰ ਭਾਰਤੀ ਆਪਣਾ ਹੀ ਸਿਰ ਫੜਨ, ਆਪਣੇ ਹੀ ਵਾਲ ਪੁੱਟਣ ਤੇ ਜੀਅ ਕਰਦਾ ਹੈ। ਛਿੱਥਾ ਪਿਆ ਮਜਬੂਰ ਬੰਦਾ ਹੋਰ ਕਰ ਵੀ ਕੀ ਸਕਦਾ ਹੈ!
ਆਖਰ ਕੀ ਹੈ ਇਸ ਦਸਤਾਵੇਜ਼ੀ ਫਿਲਮ ਵਿਚ? 58 ਮਿਨਟ ਦੀ ਇਹ ਫਿਲਮ ‘ਨਿਰਭੈਅ’ ਦੇ ਮਾਪਿਆਂ ਨੂੰ ਸਮਰਪਤ ਹੈ, ਜੋ ਇਸ ਫਿਲਮ ਵਿਚਲੀਆਂ ਮੁਲਾਕਾਤਾਂ ਦਾ ਵੱਡਾ ਹਿਸਾ ਹਨ। ਇਸਤੋਂ ਇਲਾਵਾ ਫਿਲਮ ਵਿਚ ਉਸਦੇ ਜਾਣੂੰ-ਅਧਿਆਪਕ, ਸਫ਼ਦਰਜੰਗ ਹਸਪਤਾਲ ਦੀ ਡਾਕਟਰ ਜਿਸ ਕੋਲ ਉਸ ਨੂੰ ਨਿਹਾਇਤ ਜ਼ਖਮੀ ਹਾਲਤ ਵਿਚ ਲਿਆਂਦਾ ਗਿਆ, ਪੜਤਾਲੀਆ ਟੀਮ ਦੇ ਪੁਲਸ ਅਧਿਕਾਰੀਆਂ, ਜੇਲ੍ਹ ਵਿਚ ਕੈਦੀਆਂ ਲਈ ਤੈਨਾਤ ਮਨੋਵਿਗਿਆਨੀ, ਜਸਟਿਸ ਲੀਲਾ ਸੇਠ, ਦਿੱਲੀ ਦੀ ਵੇਲੇ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਦਿੱਲੀ ਦੀ ਇਕ ਮੱਧ-ਵਰਗੀ ਮਾਂ-ਧੀ ਜੋੜੀ ਜੋ ਇਸ ਕਾਂਡ ਤੋਂ ਬਾਅਦ ਸ਼ਹਿਰੀਆਂ ਦੇ ਆਪ-ਮੁਹਾਰੇ ਰੋਹ ਜਲੂਸ ਵਿਚ ਸ਼ਾਮਲ ਹੋਈਆਂ, ਦੋਸ਼ੀਆਂ ਦੇ ਮਾਪਿਆਂ ਅਤੇ ਪਤਨੀ ਅਤੇ ਦੋਸ਼ੀਆਂ ਦੇ ਵਕੀਲਾਂ ਨਾਲ ਮੁਲਾਕਾਤਾਂ ਸ਼ਾਮਲ ਹਨ। ਇਨ੍ਹਾਂ ਮੁਲਕਾਤਾਂ ਵਿਚ ਸਵਾਲ ਕਰਤਾ ਗੈਰ-ਹਾਜ਼ਰ ਹੈ, ਕੈਮਰਾ ਸਿਰਫ਼ ਆਪਣੇ ਸਾਹਮਣੇ ਬੈਠੇ ਨੂੰ ਰਿਕਾਰਡ ਕਰ ਰਿਹਾ ਹੈ। ਤਸਵੀਰ ਦੇ ਹਰ ਰੁਖ, ਹਰ ਵਿਰੋਧੀ ਦਲੀਲ ਨੂੰ ਪੇਸ਼ ਕਰਨ ਦੇ ਮਕਸਦ ਨਾਲ ਇਹ ਮੁਲਕਾਤਾਂ ਵਾਰੋ-ਵਾਰ ਦਰਜ ਨਹੀਂ, ਟੋਟਿਆਂ ਵਿਚ ਹਨ। ਵਕੀਲ-ਸਫ਼ਾਈ ਦੇ ਬਿਆਨ ਦੇ ਨਾਲ ਹੀ ਦਿੱਲੀ ਦੀ ਮੱਧ-ਵਰਗੀ ਮਾਂ-ਬੇਟੀ ਦਾ ਰੋਹ ਵੀ ਦਰਜ ਹੈ।‘ਨਿਰਭੈਅ’ ਦੀ ਮਾਂ ਦੇ ਕਥਨ ਨੂੰ ਦਰਜ ਕਰਨ ਤੋਂ ਬਾਅਦ ਕੈਮਰਾ ਇਕ ਵਾਰ ਫੇਰ ਦੋਸ਼ੀ ਦੇ ਪਿੰਡ ਬੈਠੇ ਮਾਪਿਆਂ ਦੀ ਗਲ-ਬਾਤ ਵੱਲ ਘੁੰਮਦਾ ਹੈ । ਇਸ ਜੁਗਤ ਰਾਹੀਂ ਫਿਲਮ ਨਿਰਦੇਸ਼ਕ ਲੈਜ਼ਲੀ ਅਡਵਿਨ ਤੁਹਾਡੇ ਸਾਹਮਣੇ ਇਸ ਸ਼ਰਮਨਾਕ ਹਾਦਸੇ ਨੂੰ ਤਾਂ ਹਰ ਕੋਣ ਤੋਂ ਪੇਸ਼ ਤਾਂ ਕਰਦੀ ਹੀ ਹੈ, ਇਸਦੀਆਂ ਜੜ੍ਹਾਂ ਤਕ ਜਾਣ ਦਾ ਜਤਨ ਵੀ ਕਰਦੀ ਹੈ। ਇਹੋ ਗੱਲ ਇਸ ਫਿਲਮ ਦੀ ਪ੍ਰਾਪਤੀ ਹੈ, ਅਤੇ ਇਸ ਵਿਚਲੀ ਚੋਭ ਵੀ। ਕਿਉਂਕਿ ਫਿਲਮ ਦਾ ਸਮੁਚਾ ਪਰਭਾਵ ਸਾਰੇ ਦਾ ਸਾਰਾ ਦੋਸ਼ ਨਿਰੋਲ ਬਲਾਤਕਾਰੀਆਂ ਦੇ ਸਿਰ ਮੜ੍ਹ ਕੇ ਦਰਸ਼ਕ ਨੂੰ ਸੁਖਾਲਾ ਮਹਿਸੂਸ ਕਰਾਉਣ ਦੀ ਥਾਂ, ਸਾਡੀ ਸਮੁਚੀ ਮਾਨਸਕਤਾ ਅਤੇ ਸਮਾਜਕ ਵਿਵਸਥਾ ਵਿਚਲੇ ਖੋਟ ਨੂੰ ਦਿਖਾ ਕੇ ਬੇਚੈਨ ਕਰਨ ਵਾਲਾ ਹੈ।
ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ ਦੇ ਮਾਪੇ, ਸ਼ਰਮ ਨਹੀਂ ਬਹਾਦਰੀ ਨਾਲ ਕੈਮਰੇ ਸਾਂਹਵੇਂ ਇਹ ਗੱਲ ਦਸਦੇ ਹਨ ਕਿ ਉਨ੍ਹਾਂ ਦੀ ਧੀ , ਜਿਸਨੂੰ ਅਖਬਾਰਾਂ ਨੇ ਕਦੇ ‘ਨਿਰਭੈਅ’ ਅਤੇ ਕਦੇ ‘ਦਾਮਿਨੀ’ ਵਰਗੇ ਫਰਜ਼ੀ ਨਾਂਅ ਦਿੱਤੇ ਸਨ, ਦਾ ਅਸਲੀ ਨਾਂਅ ਜਿਓਤੀ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਨਾਂਅ ਦੱਸਣ ਵਿਚ ਕੋਈ ਸ਼ਰਮਸਾਰੀ ਨਹੀਂ ਕਿਉਂਕਿ ਸ਼ਰਮਸਾਰ ਬਲਾਤਕਾਰੀਆਂ ਨੂੰ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀ ਧੀ ਨੂੰ । ਅਤੇ ਨਾ ਹੀ ਬਲਾਤਕਾਰ ਦੀ ਕਿਸੇ ਵੀ ਹੋਰ ਪੀੜਤਾ ਨੂੰ। ਉਹ ਨਿਆਂ ਹੀ ਨਹੀਂ ਮੰਗਦੇ, ਇਹ ਵੀ ਦਸਦੇ ਹਨ ਕਿ ਕਈ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਹਾਡੀ ਧੀ ਰਾਤ ਨੂੰ ਸਿਨਮਾ ਦੇਖਣ ਬਾਹਰ ਗਈ ਹੀ ਕਿਉਂ ਸੀ। ਤੇ ਪੁਛਦੇ ਹਨ ਕਿ ਕੀ ਕੁੜੀਆਂ ਦੇ ਸ਼ਾਮ ਨੂੰ ਘਰ ਵੜ ਬਹਿਣ ਨਾਲ ਬਲਾਤਕਾਰ ਰੁਕ ਜਾਂਦੇ ਹਨ। ਕੀ ਸਕੂਲਾਂ ਦੀਆਂ ਬੱਚੀਆਂ, ਦਫ਼ਤਰ ਆ-ਜਾ ਰਹੀਆਂ ਅੋਰਤਾਂ, ਘਰਾਂ ਵਿਚ ਨੌਕਰਾਣੀਆਂ ਦੇ ਬਲਾਤਕਾਰ ਨਹੀਂ ਹੁੰਦੇ?
ਜੇਲ੍ਹ ਬੈਠਾ ਦੋਸ਼ੀ ਮੁਕੇਸ਼ (58 ਮਿਨਟ ਦੀ ਫਿਲਮ ਵਿਚ ਉਸਦੇ ਹਿੱਸੇ ਵੀ 5-7 ਮਿਨਟ ਆਉਂਦੇ ਹਨ) ਆਪਣੇ ਆਪ ਨੂੰ ਦੋਸ਼ ਮੁਕਤ ਸਾਬਤ ਕਰਨ ਲਈ ਸਿਰਫ਼ ਇਹ ਹੀ ਨਹੀਂ ਕਹਿੰਦਾ ਕਿ ਉਹ ਤਾਂ ਸਿਰਫ਼ ਗੱਡੀ ਚਾਲਕ ਸੀ, ਬਲਾਤਕਾਰੀ ਹੋਰ ਲੋਕ ਸਨ, ਸਗੋਂ ਇਹ ਵੀ ਕਹਿੰਦਾ ਹੈ ਕਿ ਕੁੜੀਆਂ ਨੂੰ ਇਕ ਤਾਂ ਘਰੋਂ ਬਾਹਰ ਨਿਕਲਣਾ ਨਹੀਂ ਚਾਹੀਦਾ, ਤੇ ਫੇਰ ਜੇ ਅਜਿਹੀਆਂ ਕੁੜੀਆਂ ਨੂੰ ਸਬਕ ਸਿਖਾਉਣ ਲਈ ਕੋਈ ਉਨ੍ਹਾਂ ਦਾ ਬਲਾਤਕਾਰ ਕਰਦਾ ਹੈ ਤਾਂ ਉਨ੍ਹਾਂ ਨੂੰ ਚੁਪਚਾਪ ਜਰ ਲੈਣਾ ਚਾਹੀਦਾ ਹੈ।
ਸਫ਼ਦਰਜੰਗ ਹਸਪਤਾਲ ਦੀ ਡਾਕਟਰ, ਜਿਸ ਕੋਲ ਜਿਓਤੀ ਨੂੰ ਨਿਹਾਇਤ ਜ਼ਖਮੀ ਹਾਲਤ ਵਿਚ ਲਿਆਂਦਾ ਗਿਆ ਦਸਦੀ ਹੈ ਕਿ ਉਸਨੇ ਕਦੇ ਵੀ ਏਨਾ ਦਰਿੰਦਗੀ ਭਰਪੂਰ ਕੇਸ ਨਹੀਂ ਸੀ ਦੇਖਿਆ ਕਿ ਪੀੜਤਾ ਦੀਆਂ ਆਦਰਾਂ ਤਕ ਬਾਹਰ ਖਿੱਚ ਦਿੱਤੀਆਂ ਗਈਆਂ ਹੋਣ।
ਜਸਟਿਸ ਲੀਲਾ ਸੇਠ ਕਹਿੰਦੇ ਹਨ ਕਿ ਲੋੜ ਇਹ ਦੇਖਣ ਦੀ ਵੀ ਹੈ ਕਿ ਕਿਨ੍ਹਾਂ ਹਾਲਤਾਂ ਅਤੇ ਕਿਸ ਮਾਹੌਲ ਵਿਚ ਇਹੋ ਜਿਹੀ ਮਾਨਸਕਤਾ ਪੈਦਾ ਹੁੰਦੀ ਹੈ। ਜਦੋਂ ਪੈੜ-ਪੈੜ ਉੱਤੇ ਔਰਤਾਂ ਨਾਲ ਹਿੰਸਾ ਹੁੰਦੀ ਲਭਦੀ ਹੋਵੇ, ਤਾਂ ਬੀਮਾਰ ਮਨ ਸਿਰਫ਼ ਕਾਮ ਪੂਰਤੀ ਹੀ ਨਹੀਂ ਹਿੰਸਾ ਤੋਂ ਵੀ ਉਕਸਾਹਟ ਲੱਭਣ ਲਗ ਪੈਂਦੀ ਹੈ।
ਇਕ ਦੋਸ਼ੀ ਦੀ ਪਤਨੀ ਕਹਿੰਦੀ ਹੈ ਕਿ ਅੱਵਲ ਤਾਂ ਉਸਦੇ ਪਤੀ ਨੇ ਇਹੋ ਜਿਹਾ ਕਾਰਾ ਕੀਤਾ ਹੀ ਨਹੀਂ , ਅਤੇ ਹੁਣ ਜੇ ਉਸਨੂੰ ਸਜ਼ਾ ਹੋ ਗਈ ਤਾਂ ਫੇਰ ਉਸਦਾ ਕੀ ਬਣੇਗਾ ਕਿਉਂਕਿ ਔਰਤ ਦਾ ਰੱਖਿਅਕ ਤਾਂ ਉਸਦਾ ਪਤੀ ਹੀ ਹੁੰਦਾ ਹੈ।
ਜੇਲ੍ਹ ਦਾ ਮਨੋਵਿਗਿਆਨੀ ਦਸਦਾ ਹੈ ਕਿ ਕਈ ਕੈਦੀਆਂ ਨੇ ਆਪ ਮੰਨਿਆ ਹੈ ਕਿ ਉਨ੍ਹਾਂ ਨੇ 200 ਤਕ ਔਰਤਾਂ ਨਾਲ ਬਲਾਤਕਾਰ ਕੀਤਾ, ਪਰ ਫੜੇ ਨਹੀਂ ਗਏ ਕਿਉਂਕੇ ਸ਼ਰਮ ਦੀਆਂ ਮਾਰੀਆਂ ਔਰਤਾਂ ਸ਼ਿਕਾਇਤ ਹੀ ਦਰਜ ਨਹੀਂ ਕਰਾਉਂਦੀਆਂ। ਫੜੇ ਉਹ ਉਦੋਂ ਹੀ ਗਏ ਜਦੋਂ ਕਿਸੇ ਨੇ ਸ਼ਰਮ ਲਾਂਭੇ ਰੱਖ ਕੇ ਉਨ੍ਹਾਂ ਉਤੇ ਉਂਗਲੀ ਧਰਨ ਦੀ ਜੁਰਅਤ ਕੀਤੀ।
ਸ਼ੀਲਾ ਦੀਕਸ਼ਿਤ ਕਹਿੰਦੇ ਹਨ ਕਿ ਬਲਾਤਕਾਰੀ ਮਾਨਸਿਕਤਾ ਦੀਆਂ ਜੜ੍ਹਾਂ ਔਰਤ/ਧੀ/ਭੈਣ ਨਾਲ ਵਿਤਕਰੇ ਵਿਚੋਂ ਲਭਣੀਆਂ ਚਾਹੀਦੀਆਂ ਹਨ। ਧੀ ਨੂੰ ਅੱਧਾ, ਅਤੇ ਪੁੱਤਰ ਨੂੰ ਪੂਰਾ ਗਿਲਾਸ ਦੁੱਧ ਪਿਆਉਣ ਵਾਲੀ ਮਾਂ ਵਿਤਕਰੇ ਅਤੇ ਵਿਕਾਰ ਵਾਲੀ ਮਰਦਾਨਾ ਮਾਨਸਕਤਾ ਦੇ ਬੀਅ ਬੀਜ ਰਹੀ ਹੁੰਦੀ ਹੈ।
ਵਕੀਲ-ਸਫ਼ਾਈ ਸ਼ਰਮਾ ਕਹਿੰਦਾ ਹੈ ਕਿ ਔਰਤ ਤਾਂ ਇਕ ਹੀਰੇ ਵਰਗੀ ਹੁੰਦੀ ਹੈ, ਉਸਨੂੰ ਮੁੱਠੀ ਵਿਚ ਬੰਦ ਕਰਕੇ ਰੱਖੋ ਤਾਂ ਉਹ ਤੁਹਾਡੀ ਹੈ , ਸੜਕ ਤੇ ਰੱਖ ਦਿਉਗੇ ਤਾਂ ਕੁੱਤਾ ਚੁੱਕ ਖੜੇਗਾ। ਭਾਰਤੀ ਸੰਸਕ੍ਰਿਤੀ ਸਭ ਤੋਂ ਵਧੀਆ ਹੈ। ਉਸ ਵਿਚ ਔਰਤ (ਦੇ ਬਾਹਰ ਫਿਰਦੇ ਰਹਿਣ) ਲਈ ਕੋਈ ਥਾਂ ਨਹੀਂ। ( ਨੋਟ: ਬਰੈਕਟਾਂ ਵਿਚਲੇ ਚਾਰੇ ਸ਼ਬਦ ਮੇਰੇ ਹਨ, ਸ਼ਾਇਦ ਵਕੀਲ-ਸਫ਼ਾਈ ਇਹ ਹੀ ਕਹਿਣਾ ਚਾਹੁੰਦਾ ਹੋਵੇ। ਨਹੀਂ ਤਾਂ ਸਮਝ ਹੀ ਨਹੀਂ ਪੈਂਦੀ ਕਿ ਜਿਸ ਸੰਸਕ੍ਰਿਤੀ ਵਿਚ ਔਰਤ ਲਈ ਕੋਈ ਥਾਂ ਵੀ ਨਾ ਹੋਵੇ , ਉਹ ਸਭ ਤੋਂ ਵਧੀਆ ਕਿਵੇਂ ਹੋ ਸਕਦੀ ਹੈ?)
ਰੋਹ ਮੁਜ਼ਾਹਰੇ ਵਿਚ ਹਿਸਾ ਲੈਣ ਆਈ ਮਾਂਵਾਂ-ਧੀਆਂ ਦੀ ਜੋੜੀ ਵਿਚੋਂ ਮਾਂ ਕਹਿੰਦੀ ਹੈ ਕਿ ਜੋ ਕੁਝ ਹੋਇਆ ਹੈ ਉਸਨੇ ਹਰ ਔਰਤ ਅੰਦਰਲੀ ਪੀੜ ਨੂੰ ਜਗਾਇਆ ਹੈ, ਇਸਲਈ ਉਹ ਏਥੇ ਆਈ ਹੈ। ਧੀ ਕਹਿੰਦੀ ਹੈ ਕਿ ਮੈਂ ਇਹ ਦੱਸਣ ਆਈ ਹਾਂ ਕਿ ਇਹ ਸ਼ਹਿਰ ਸਿਰਫ਼ੳਮਪ; ਮਰਦਾਂ ਦੇ ਵਿਚਰਣ ਲਈ ਨਹੀਂ, ਸਾਡਾ ਔਰਤਾਂ ਦਾ ਵੀ ਹੈ।
ਦੂਜਾ ਵਕੀਲ ਸਫ਼ਾਈ ਏ ਕੇ ਸਿੰਘ ਕਹਿੰਦਾ ਹੈ ਕਿ ਜੇ ਕਿਸੇ ਕੁੜੀ/ਔਰਤ ਨੇ ਸ਼ਾਮ ਨੂੰ ਘਰੋਂ ਬਾਹਰ ਨਿਕਲਣਾ ਹੋਵੇ ਤਾਂ ਉਹ ਆਪਣੇ ਪਿਤਾ, ਪਤੀ, ਭਰਾ ਜਾਂ ਦਾਦੇ ਨਾਲ ਹੀ ਬਾਹਰ ਨਿਕਲੇ। ਕਿਸੇ ਅਜਨਬੀ ਨਾਲ ਬਾਹਰ ਨਿਕਲਣ ਦਾ ਉਸਨੂੰ ਕੋਈ ਹਕ ਨਹੀਂ। ਪਾਂਡੇ ਤੈਸ਼ ਵਿਚ ਆਇਆ ਇਹ ਵੀ ਕਹਿੰਦਾ ਹੈ ਕਿ ਜੇ ਮੇਰੀ ਧੀ ਵਿਆਹ ਤੋਂ ਪਹਿਲਾਂ ਕਿਸੇ ਅਜਨਬੀ ਨੂੰ ਮਿਲਦੀ ਹੈ ਤਾਂ ਮੈਂ ਹਿੰਮਤ ਰਖਦਾ ਹਾ ਕਿ ਆਪਣੇ ਫ਼ਾਰਮਹਾਊਸ ਤੇ ਲਿਜਾ ਕੇ , ਆਪਣੇ ਪਰਵਾਰ ਦੇ ਸਾਹਮਣੇ ਉਸਨੂੰ ਪਟਰੋਲ ਪਾਕੇ ਸਾੜ ਦਿਆਂਗਾ।
ਇਨ੍ਹਾਂ ਸਾਰੇ ਅੱਗੜ ਪਿੱਛੜ ਬਿਆਨਾਂ ਨਾਲ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ। ਵੱਖੋ-ਵੱਖ ਲੋਕਾਂ ਨਾਲ ਕੀਤੀਆਂ ਮੁਲਾਕਾਤਾਂ ਹੀ ਬੋਲਦੀਆਂ ਹਨ । ਲੈਜ਼ਲੀ ਅਡਵਿਨ ਸਾਰੀ ਗੱਲ ਦਰਸ਼ਕ ਉਤੇ ਛੱਡ ਦੇਂਦੀ ਹੈ ਕਿ ਉਹ ਕਿਸ ਧਿਰ ਨਾਲ ਖੜਾ ਹੈ ਜਾਂ ਕਿਸਦੀ ਦਲੀਲ ਉਸਨੂੰ ਪੋਂਹਦੀ ਹੈ।
ਸੋ ਸਾਡੀ ਸਰਕਾਰ ਨੂੰ ਏਡੀ ਤੜਫਣੀ ਕਾਹਦੀ ਲੱਗੀ ਹੋਈ ਹੈ?
ਸਰਕਾਰ ਦੀ ਬੁਲਾਰਾ ਅਤੇ ਭਾਜਪਾ ਨੇਤਾ ਸ਼ਾਇਨਾ ਐਨ ਸੀ ਦਾ ਇਤਰਾਜ਼ ਹੈ ਕਿ ਇਸ ਫਿਲਮ ਨਾਲ ‘ਨਿਰਭੈਅ’ ਦੇ ਮਾਪਿਆਂ ਨੂੰ ਚੋਟ ਪੁੱਜਦੀ ਹੈ। ਜੇ ਇਹ ਬਿਆਨ ਦੇਣ ਤੋਂ ਪਹਿਲਾਂ ਉਸਨੇ ਫਿਲਮ ਦੇਖ ਲਈ ਹੁੰਦੀ ਤਾਂ ਸ਼ਾਇਦ ਉਸਨੂੰ ਪਤਾ ਹੁੰਦਾ ਕਿ ਨਾ ਸਿਰਫ਼ ਇਹ ਫਿਲਮ ‘ਨਿਰਭੈਅ’ ਦੇ ਮਾਪਿਆਂ ਨੂੰ ਸਮਰਪਤ ਹੈ, ਸਗੋਂ ਇਸ ਫਿਲਮ ਰਾਹੀਂ ਉਹ ਹੀ ਮਾਣ ਨਾਲ ਜ਼ਾਹਰ ਕਰਦੇ ਹਨ ਕਿ ਸਾਡੀ ਸੁਘੜ, ਸਿਆਣੀ, ਡਾਕਟਰ ਬਣਨ ਜਾ ਰਹੀ ਧੀ ਦਾ ਅਸਲੀ ਨਾਂਅ ਜਿਓਤੀ ਸੀ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਰੋਹ ਇਸ ਗਲ ਦਾ ਹੈ ਕਿ ਜੇਲ੍ਹ ਵਿਚਲੇ ਕੈਦੀ ਨਾਲ ਮੁਲਾਕਾਤ ਦੀ ਇਜਾਜ਼ਤ ਦੇ ਕਿਵੇਂ ਦਿੱਤੀ ਗਈ? ਬਿਹਤਰ ਹੋਵੇ ਕਿ ਜੇ ਉਹ ਆਪਣਾ ਧਿਆਨ ਇਸ ਗਲ ਵਲ ਕੇਂਦਰਤ ਕਰਨ ਕਿ ‘ਨਿਰਭੈਅ’ ਵਰਗੇ ਕਾਂਡ ਦੇ ਵਾਪਰਨ ਦੇ ਬਾਵਜੂਦ ਜਿਸਦੀ ਚਰਚਾ ਦੇਸ ਹੀ ਨਹੀਂ ਸਾਰੀ ਦੁਨੀਆ ਵਿਚ ਹੋਈ, ਅਤੇ ਟੀਵੀ ਚੈਨਲਾਂ ਉਤੇ ਦਿੱਲੀ ਨੂੰ ‘ਰੇਪ-ਰਾਜਧਾਨੀ’ ਗਰਦਾਨਿਆ ਗਿਆ- ਅਜ ਵੀ ਗੈਂਗ-ਰੇਪ ਦੀਆਂ ਘਟਨਾਵਾਂ ਵਾਪਰਨੀਆਂ ਜਾਰੀ ਹਨ, ਅਤੇ ਇਨ੍ਹਾਂ ਨੂੰ ‘ਅੱਛੇ’ ਦਿਨਾਂ ਵਾਲੀ ‘ਮਜ਼ਬੂਤ’ ਸਰਕਾਰ ਨੇ ਰੋਕਣਾ ਕਿਵੇਂ ਹੈ।
ਗ੍ਰਹਿ ਮੰਤਰੀ ਦੇ ਅਧਿਕਾਰ ਹੇਠਲੀ ਦਿੱਲੀ ਪੁਲਸ ਨੇ ਫਿਲਮ ਰੋਕਣ ਦੀ ਅਦਾਲਤੀ ਅਰਜ਼ੀ ਇਸ ਆਧਾਰ ਉੱਤੇ ਦਿਤੀ ਕਿ ਕੈਦੀ ਮੁਕੇਸ਼ ਦੇ ਬਿਆਨ ਔਰਤ-ਵਿਰੋਧੀ ਹਨ ਅਤੇ ਫਿਲਮ ਦਿਖਾਉਣ ਨਾਲ ਦੰਗੇ ਭੜਕਣ ਦਾ ਖਤਰਾ ਹੈ। ਦੰਗੇ? ਕਿਨ੍ਹਾਂ ਧਿਰਾਂ ਵਿਚਕਾਰ? ਕੀ ਦਿੱਲੀ ਪੁਲਸ ਦਾ ਖਿਆਲ ਹੈ ਕਿ ਇਹ ਫਿਲਮ ਦੇਖਣ ਤੋਂ ਬਾਅਦ ਦਿੱਲੀ ਦੀਆਂ ਅੋਰਤਾਂ ਮਰਦਾਂ ਕੋਲੋਂ ਬਦਲਾ ਲੈਣ ਲਈ ਸੜਕਾਂ ਉਤੇ ਉਤਰ ਆਣਗੀਆਂ ਅਤੇ ਸੰਸਾਰ ਦੇ ਇਤਿਹਾਸ ਦੇ ਪਹਿਲੇ ਔਰਤ-ਮਰਦ ਦੰਗੇ ਸ਼ੁਰੂ ਹੋ ਜਾਣਗੇ?
ਅਤੇ ਸਰਕਾਰ ਦੀ ਦੂਜੀ ਬੁਲਾਰਾ ਮੀਨਾਕਸ਼ੀ ਲੇਖੀ ਦੀ ਦਲੀਲ ਇਹ ਹੈ ਕਿ ਇਹੋ ਜਿਹੀ ਫਿਲਮ ਦਿਖਾਉਣ ਨਾਲ ਭਾਰਤ ਵਿਚ ਸੈਲਾਨੀ-ਸਨਅਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਾਹਰਲੇ ਲੋਕ ਇਹੋ ਜਿਹੀ ਫਿਲਮ ਦੇਖਣ ਤੋਂ ਬਾਅਦ ਭਾਰਤ ਆਉਣ ਤੋਂ ਕਤਰਾਉਣਗੇ। ਇਹ ਦਲੀਲ ਏਨੀ ਘਟੀਆ ਹੈ ਕਿ ਕਿਸੇ ਵੀ ਟਿਪਣੀ ਦੀ ਮੁਹਤਾਜ ਨਹੀਂ। ( ਅੱਡਰੀ ਗੱਲ ਕਿ ਸਾਡੀ ਸਰਕਾਰ ਦੀ ਏਨੀ ਹਾਲ-ਪਾਹਰਿਆ ਕਾਰਨ ਹੁਣ ਇਹ ਫਿਲਮ ਉਹ ਲੋਕ ਵੀ ਦੇਖਣਗੇ ਜੋ ਸ਼ਾਇਦ 24 ਘੰਟੇ ਬੀਬੀਸੀ ਹੀ ਨਹੀਂ ਵਾਚਦੇ ਰਹਿੰਦੇ। ਸੋ ‘ਸਿਆਣੀ’ ਸਰਕਾਰ ਦੀ ਇਸ ਦੁਹਾਈ, ਅਤੇ ਬੀਬੀਸੀ ਉਤੇ ਮੁਕੱਦਮਾ ਕਰਨ ਦੀਆਂ ਧਮਕੀਆਂ ਨੇ ਸਗੋਂ ਫਿਲਮ ਨੂੰ ਅੰਤਰ-ਰਾਸ਼ਟਰੀ ਮਸ਼ਹੂਰੀ ਹੀ ਬਖਸ਼ੀ ਹੈ।)
ਦੇਰ-ਸਵੇਰ , ਕਿਸੇ ਹੋਰ ਨਾਂਅ ਹੇਠ, ਇਹ ਦਸਤਾਵੇਜ਼ੀ ਫਿਲਮ ਇੰਟਰਨੈਟ ਰਾਹੀਂ ਮੁੜ ਦੇਖੀ ਜਾ ਸਕੇਗੀ। ਜਿਹੜਾ ਵੀ ਦੇਖ ਸਕੇ, ਜ਼ਰੂਰ ਦੇਖੇ। ਇਸਨੂੰ ਦੇਖ ਕੇ ਆਪਣੀ ਸਰਕਾਰ ਦੀ ਸਮਝ ਦੇ ਦੀਵਾਲੀਏਪਣ ਦੀ ਸੋਝੀ ਤਾਂ ਹੁੰਦੀ ਹੀ ਹੈ, ਆਪਣੇ ਗਿਰੇਬਾਨ ਵਿਚ ਝਾਕਣ, ਆਪਣੀ ਮਾਨਸਕਤਾ ਨੂੰ ਪੜਚੋਲਣ ਲਈ ਹਲੂਣਾ ਵੀ ਮਿਲਦਾ ਹੈ।
Malvinder singh Mali
bilkul sahi gall hai ji tuhadi...assi tan sare parivar ne do var vekhi ji